ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਾਰੀ।
ਟਿੰਡਾਂ ਵਗਦੀਆਂ ਰਹਿਣ ਹਰ ਥਾਂ,
ਪਰ ਨੀ ਵਗਦੀ ਪਾਰੀ।
ਪਾਣੀ ਟਿੰਡਾਂ ਵਿੱਚੋਂ ਲੈਂਦੀ,
ਭਰਦੀ ਸਾਰੀ ਦੀ ਸਾਰੀ।
ਅੱਖੀਆਂ ‘ਚ ਪਾ ਰੱਖਦੀ……..,
ਕਾਲਾ ਦਿਓਰ, ਕੱਜਲੇ ਦੀ ਧਾਰੀ।
Deor Bharjayii
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਜੱਲੀ।
ਕੰਤ ਨੂੰ ਨਾ ਮਾਰ ਕਿਸੇ ਦੀ,
ਰਹਿੰਦਾ ਹਰ ਦਮ ਟੱਲੀ।
ਦਿਓਰ ਮੇਰਾ ਬੜਾ ਨਿਆਣਾ,
ਰੱਖੇ ਸਰਾਣਾ ਮੱਲੀ।
ਡੋਰੀਆ ਗੰਢੇ ਦੀ ਛਿੱਲ ਵਰਗਾ.
ਰੋਟੀ ਲੈ ਕੇ ਜੇਠ ਦੀ ਚੱਲੀ।
ਧਾਵੇ! ਧਾਵੇ! ਧਾਵੇ!
ਡੰਡੀਆਂ ਕਰਾ ਦੇ ਮਿੱਤਰਾ,
ਜੀਹਦੇ ਵਿੱਚ ਦੀ ਰੁਮਾਲ ਲੰਘ ਜਾਵੇ।
ਸੋਨੇ ਦਾ ਭਾਅ ਸੁਣਕੇ,
ਮੁੰਡਾ ਪੱਲਾ ਝਾੜਦਾ ਆਵੇ।
ਜੰਝ ਘੁਮਿਆਰਾਂ ਦੀ,
ਵਿਚ ਗਧਾ ਰੀਂਗਦਾ ਆਵੇ।
ਗਧੇ ਤੋਂ ਘੁਮਾਰੀ ਡਿੱਗ ਪਈ,
ਮੇਰਾ ਹਾਸਾ ਨਿੱਕਲਦਾ ਜਾਵੇ।
ਭਾਬੀ ਦਿਓਰ ਬਿਨਾਂ
ਫੁੱਲ ਵਾਂਗੂੰ ਕੁਮਲਾਵੇ।
ਦਿਉਰ ਮੇਰੇ ਦਾ ਪਵੇ ਚੁਬਾਰਾ
ਤਿੰਨ ਭਾਂਤ ਦੀ ਇੱਟ ਲੱਗ ਜਾਂਦੀ
ਚਹੁੰ ਭਾਤ ਦਾ ਗਾਰਾ
ਅੰਦਰੋਂ ਡਰ ਲੱਗਦਾ
ਬੁਰਛਾ ਦਿਉਰ ਕਮਾਰਾ।
ਜੇ ਦਿਉਰਾ ਤੇਰਾ ਵਿਆਹ ਨਹੀਂ ਹੁੰਦਾ
ਬਹਿ ਜਾ ਮੱਕੀ ਦਾ ਰੱਖਾ
ਸੋਹਣੀ ਦੇਖ ਕੇ ਹੱਥ ਨਾ ਪਾਈਏ
ਦਿਨ ਦਾ ਵੱਜ ਜੂ ਡਾਕਾ
ਬਾਰਾਂ ਵਰ੍ਹਿਆਂ ਦੀ ਕੈਦ ਬੋਲ ਜੂ
ਨਾਲੇ ਪਿਹਾਉਂਦੇ ਆਟਾ
ਮੈਂ ਤੈਨੂੰ ਵਰਜ ਰਹੀ
ਸੁਣ ਦਿਉਰਾ ਬਦਮਾਸ਼ਾ।
ਡੁੱਬੜੀ ਦੇ ਨੈਣ ਤਿੱਖੇ
ਕਰਕੇ ਛੱਡਣ ਸ਼ੁਦਾਈ
ਭਾਬੀ ਦਿਉਰ ਨੂੰ ਆਖਣ ਲੱਗੀ
ਮਗਰੇ ਨਾ ਤੁਰ ਜਾਈਂ
ਤੇਰੇ ਵਰਤਣ ਨੂੰ
ਫੁੱਲ ਵਰਗੀ ਭਰਜਾਈ।
ਝਾਵਾਂ! ਝਾਵਾਂ! ਝਾਵਾਂ!
ਦਿਉਰ ਜੁਆਨ ਹੋ ਗਿਆ
ਉਹਨੂੰ ਅੱਖੀਆਂ ਨਾਲ ਪਰਚਾਵਾਂ।
ਨੀਤ ਉਹਦੀ ਦਿਸੇ ਫਿੱਟਦੀ,
ਕਦੇ ਕੱਲੀ ਨਾ ਖੇਤ ਨੂੰ ਜਾਵਾਂ।
ਕਹਿੰਦਾ ਭਾਬੀ ਆਈਂ ਕੱਲ੍ਹ ਨੂੰ ,
ਹੋਲਾਂ ਭੁੰਨ ਕੇ ਤੈਨੂੰ ਖੁਆਵਾਂ।
ਨਿੱਕੀ ਭੈਣ ਵਿਆਹ ਦੇ ਨੀ,
ਤੈਨੂੰ ਨੱਤੀਆਂ ਸੋਨੇ ਦੀਆਂ ਪਾਵਾਂ।
ਮੈਨੂੰ ਲੈ ਜਾਵੇ ਤੈਨੂੰ
ਦਿਲ ਦਾ ਹਾਲ ਸੁਣਾਵਾਂ।
ਲੰਮੀ ਧੌਣ ਤੇ ਸਜੇ ਤਵੀਤੀ
ਮਧਰੀ ਧੌਣ ਤੇ ਵਾਲੇ
ਰੋਟੀ ਲੈ ਕੇ ਚੱਲ ਪਈ ਖੇਤ ਨੂੰ
ਦਿਉਰ ਮੱਝੀਆਂ ਚਾਰੇ
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ
ਜਾਂਦੀ ਨੂੰ ਅੱਖੀਆਂ ਮਾਰੇ
ਟੁੱਟ ਪੈਣਾ ਵਿਗੜ ਗਿਆ
ਬਿਨ ਮੁਕਲਾਈਆਂ ਭਾਲੇ।
ਕਾਨੀ-ਕਾਨੀ-ਕਾਨੀ
ਲੰਮਾ ਸਾਰਾ ਘੁੰਢ ਕੱਢਿਆ
ਤੇਰੀ ਨਖਰੋ ਦੀ ਰਮਜ਼ ਪਛਾਣੀ
ਭਾਬੀ ਤੇਰੀ ਤੋਰ ਵੇਖ ਕੇ
ਮੈਨੂੰ ਛੇੜਦੇ ਸੱਥਾਂ ਵਿੱਚ ਹਾਣੀ
ਮੈਂ ਨੀ ਤੇਰਾ ਮੁੱਖ ਵੇਖਿਆ
ਕੋਈ ਲੱਗਦੀ ਪੁੱਠੀ ਕਹਾਣੀ
ਲੋਕੋ ਵੀਰ ਠੱਗਿਆ ਗਿਆ
ਭਾਬੀ ਨਿਕਲ ਗਈ ਕਾਣੀ।
ਵਿਹੜੇ ਦੇ ਵਿੱਚ ਖੜ੍ਹੀ ਭਾਬੀਏ
ਮੈਂ ਤਾਂ ਨਿਗਾਹ ਟਿਕਾਈ
ਤੂੰ ਤਾਂ ਸਾਨੂੰ ਯਾਦ ਨੀ ਕਰਦੀ
ਮੈਂ ਨੀ ਦਿਲੋਂ ਭੁਲਾਈ .
ਤੇਰੇ ਨਖਰੇ ਨੇ
ਅੱਗ ਕਾਲਜੇ ਲਾਈ
ਜੇ ਭਾਬੀ ਮੇਰਾ ਖੂਹ ਨੀ ਜਾਣਦੀ
ਖੂਹ ਨੀ ਤੂਤਾਂ ਵਾਲਾ
ਜੇ ਭਾਬੀ ਮੇਰਾ ਨਾਂ ਨੀ ਜਾਣਦੀ
ਨਾਂ ਮੇਰਾ ਕਰਤਾਰਾ
ਬੋਤਲ ਪੀਂਦੇ ਦਾ
ਸੁਣ ਭਾਬੀ ਲਲਕਾਰਾ।
ਆ ਨੀ
ਆ ਨੀ ਭਾਬੀਏ ਹੱਸੀਏ ਖੇਡੀਏ
ਚੱਲੀਏ ਬਾਹਰਲੇ ਘਰ ਨੀ
ਤੂੰ ਤਾਂ ਪਕਾ ਲਈਂ ਮਿੱਠੀਆਂ ਰੋਟੀਆਂ
ਮੇਰਾ ਡੱਕਿਆ ਹਲ ਨੀ।
ਉਹਨਾਂ ਗੱਲਾਂ ਨੂੰ
ਯਾਦ ਭਾਬੀਏ ਕਰ ਨੀ।’