ਕੁਦਰਤ ਕਿੰਨੀ ਕਮਾਲ ਦੀ ਹੈ ਇਹਦਾ ਅੰਦਾਜ਼ਾ ਲਾਉਣਾ ਬਹੁਤ ਔਖਾ ! ਸਕੂਲ ਬੰਦ ਹੋਣ ਕਰਕੇ ਅੱਜ ਪੋਤਰੇ ਪੋਤਰੀਆਂ ਕੱਠੇ ਖੇਡ ਰਹੇ ਸੀ ! ਸਾਰੇ ਮਟਰ-ਪਨੀਰ ਦੀ ਸਬਜ਼ੀ ਬਹੁਤ ਪਸੰਦ ਕਰਦੇ ਹਨ ! ਉਂਨਾਂ ਦੀ ਰੀਸੇ ਦੁਪਹਿਰੇ ਸਬਜ਼ੀ ਦੇਖ ਕੇ ਮੇਰੇ ਕੋਲੋਂ ਵੀ ਰਿਹਾ ਨਾ ਗਿਆ ਤੇ ਮੈ ਵੀ ਰੋਟੀ ਲੈ ਕੇ ਬਾਹਰ ਧੁੱਪੇ ਬਹਿ ਗਿਆ ! ਰੋਟੀ ਖਾਂਦੇ ਖਾਂਦੇ ਮੇਰੇ ਕੋਲੋਂ ਪਨੀਰ ਦਾ ਨਿੱਕਾ ਜਿਹਾ ਟੁੱਕੜਾ ਮੇਜ਼ ਥੱਲੇ ਡਿਗ ਪਿਆ ! ਮੇਰੇ ਮਨ ਚ ਆਇਆ ਕੇ ਦੇਖਾਂ ਕੀੜੀਆਂ ਖਾਂਦੀਆਂ ਕਿ ਨਹੀਂ ? ਕੀ ਉਂਨਾਂ ਨੂੰ ਮਹਿਕ ਆਊ ? ਮੈ ਦੋ ਕੁ ਘੰਟੇ ਬਾਅਦ ਮੁੜ ਕੇ ਦੇਖਣ ਗਿਆ ਤਾਂ ਕੀੜੀਆਂ ਦੀ ਫੌਜ ਪੂਰੀ ਹਰਕਤ ਚ ਆਈ ਹੋਈ ਸੀ ! ਉਂਨਾਂ ਉੱਥੇ ਹੀ ਧਰਤੀ ਚੋ ਖੁੱਡ ਕੱਢ ਲਈ ਸੀ ! ਅੱਧੀਆਂ ਕੁ ਖੁੱਡ ਚੋ ਰੇਤਾ ਬਾਹਰ ਕੱਢਰਹੀਆਂ ਸੀ ਤੇ ਅੱਧੀਆਂ ਕੁ ਪਨੀਰ ਨੂੰ ਭੋਰ ਭੋਰ ਕੇ ਲ਼ੈ ਕੇ ਜਾ ਰਹੀਆਂ ਸੀ ! ਫੇਰ ਮੈ ਨਵਾਂ ਤਜਰਬਾ ਕੀਤਾ ਤੇ ਇਕ ਪਤਲਾ ਜਿਹਾ ਡੱਕਾ ਲਿਆ ਤੇ ਉਹਦੇ ਚ ਪਨੀਰ ਨੂੰ ਖੁਭੋ ਕੇ ਉਹਦਾ ਇਕ ਪਾਸਾ ਧਰਤੀ ਚ ਗੱਡ ਦਿੱਤਾ ! ਹੁਣ ਪਨੀਰ ਦੋ ਇੰਚ ਉੱਪਰ ਟੰਗਿਆ ਹੋਇਆ ਸੀ ! ਮੈ ਬੈਠਾ ਦੇਖਦਾ ਰਿਹਾ ਕਿ ਹੁਣ ਇਹ ਕੀ ਸਕੀਮ ਲਾਉਣਗੀਆਂ ? ਪਹਿਲਾਂ ਉਂਨਾਂ ਡੱਕੇ ਦੇ ਦੁਆਲਿਉਂ ਪੁੱਟਣਾ ਸ਼ੁਰੂ ਕੀਤਾ ! ਸ਼ਾਇਦ ਉਹ ਥੱਲੇ ਸੁੱਟਣਾ ਚਾਹੁੰਦੀਆਂ ਸੀ ! ਜਦੋਂ ਉਹ ਗੱਲ ਨ ਬਣੀ ਤਾਂ ਫੇਰ ਉਹ ਉੱਪਰ ਚੜ ਗਈਆਂ ਤੇ ਉਹ ਨਿੱਕਾ ਨਿੱਕਾ ਕਰ ਭੋਰ ਭੋਰ ਕੇ ਥੱਲੇ ਸਿਟੀ ਗਈਆਂ ਜੋ ਦੇਖਣਾ ਵੀ ਸੰਭਵ ਨਹੀਂ ਸੀ ! ਬਾਕੀ ਸੱਭ ਢੋਅ ਢੁਆਈ ਤੇ ਲੱਗੀਆਂ ਰਹੀਆਂ ! ਕਮਾਲ ਦਾ ਏਕਾ ! ਕਮਾਲ ਦੀ ਮਿਹਨਤ ! ਨਾ ਅਕੇਵਾਂ ਨਾ ਥਕੇਵਾਂ ! ਇੱਕੋ ਲਗਨ ਕਿ ਕਲੋਨੀ ਬਚਾਉਣੀ ਹੈ ! ਜੇ ਕਲੋਨੀ ਬਚ ਗਈ ਨਸਲ ਬਚ ਗਈ ! ਕਾਸ਼ ਸਾਨੂੰ ਕੀੜੀਆਂ ਤੋਂ ਹੀ ਕੋਈ ਸੇਧ ਮਿਲ ਸਕੇ ਤੇ ਸਾਨੂੰ ਵੀ ਪੰਜਾਬ ਦੇਸ਼ ਇਕ ਕਲੋਨੀ ਵਾਂਗ ਦਿਸ ਆਵੇ ! ਜਿੱਥੇ ਹੋਰ ਕੌਮਾਂ ਆਪਣੀ ਆਪਣੀ ਕਲੋਨੀ ਬਣਾ ਕੇ ਸੁੱਖੀ ਵੱਸ ਰਹੀਆਂ ਉੱਥੇ ਅਸੀਂ ਵੀ ਲਗਾਤਾਰ ਆਪਣੀ ਹੋਂਦ ਲਈ ਦਿਨ-ਰਾਤ ਫਿਕਰਮੰਦ ਰਹੀਏ ! ਜੇ ਕਲੋਨੀ ਬਚ ਗਈ ਸਾਡੀ ਆਉਣ ਵਾਲੀ ਨਸਲ ਬਚ ਗਈ !
ਦੂਜਾ ਗੁਲਾਬ ਦਾ ਫੁੱਲ ਖਿੜਿਆ ਅੱਜ ਤੇ ਉਹਦੀ ਸੁੰਦਰਤਾ ਦੇਖ ਦੇਖ ਅਸਚਰਜ ਅਸਚਰਜ ਹੋ ਰਿਹਾ ਸੀ ਜਿਵੇਂ ਕਦੀ ਚੁਬਾਰੇ ਦੀ ਛੱਤ ਉੱਪਰ ਗਰਮੀਆਂ ਨੂੰ ਮੰਜਾ ਡਾਹ ਤਾਰਿਆਂ ਨਾਲ ਭਰਿਆ ਅਸਮਾਨ ਦੇਖ ਕੇ ਮਨ ਕਿਸੇ ਵਿਸਮਾਦ ਚ ਚੱਲੇ ਜਾਂਦਾ ਸੀ! ਪੁਰਾਣਾ ਪੰਜਾਬ ਯਾਦ ਆ ਗਿਆ !
ਸੁਰਜੀਤ ਸਿੰਘ ਜੀ ਦੀ ਵਾਲ ਤੋਂ।