• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Dalip Kaur Tiwana

ਗ਼ਫੂਰ ਸੀ ਉਸਦਾ ਨਾਓਂ (ਨਾਵਲ)

by Sandeep Kaur March 24, 2020

ਹਰ ਵਾਰੀ ਛੁੱਟੀਆਂ ਵਿੱਚ ਸਾਡਾ ਪਰਿਵਾਰ ਪਿੰਡ ਮਾਂ ਜੀ ਅਤੇ ਬਾਬਾ ਜੀ ਕੋਲ ਜਾਂਦਾ ਤਾਂ ਗਿਆਰਾਂ-ਬਾਰਾਂ ਸਾਲਾਂ ਦੇ ਮਾੜੂਏ ਜਿਹੇ ਗ਼ਫੂਰ ਨੂੰ ਚਾਅ ਚੜ੍ਹ ਜਾਂਦਾ। ਨਿੱਕੇ-ਮੋਟੇ ਕੰਮਾਂ ਲਈ ਬਾਬਾ ਜੀ ਨੇ ਮੰਡੀਆਂ ਪਿੰਡ ਦੇ ਅਰਾਈਆਂ ਦੇ ਮੁੰਡੇ ਨੂੰ ਨੌਕਰ ਰੱਖ ਲਿਆ ਸੀ। ਉਂਜ ਤਾਂ ਸਾਈਂ ਨਾਂ ਦਾ ਇੱਕ ਬੁੱਢਾ ਪਹਿਲਾਂ ਹੀ ਘਰ ਦੇ ਕੰਮਾਂ ਲਈ ਰੱਖਿਆ ਹੋਇਆ ਸੀ। ਜ਼ਮੀਨ ਤਾਂ ਸਾਰੀ ਠੇਕੇ ’ਤੇ ਦਿੱਤੀ ਹੋਈ ਸੀ। ਇਸ ਲਈ ਘਰ ਦੇ ਕੰਮ ਮੱਝਾਂ ਜਾਂ ਘੋੜੀ ਲਈ ਪੱਠੇ ਲਿਆਉਣੇ, ਉਨ੍ਹਾਂ ਨੂੰ ਅੰਦਰ ਬਾਹਰ ਲੈ ਆਉਣਾ, ਉਨ੍ਹਾਂ ਲਈ ਹਰਾ ਚਾਰਾ ਅਤੇ ਤੂੜੀ ਪਾਉਣੀ, ਸੰਨ੍ਹੀ ਰਲਾਉਣੀ, ਉਨ੍ਹਾਂ ਹੇਠਲੇ ਗਿੱਲੇ ਸੁੱਕੇ ਥਾਂ ਦਾ ਖ਼ਿਆਲ ਕਰਨਾ ਸਾਈਂ ਦਾ ਕੰਮ ਸੀ। ਸਾਈਂ ਨੂੰ ਆਮ ਕਰਕੇ ਪਿੰਡ ਵਿੱਚ ਕੋਈ ਸੀਰੀ ਨਹੀਂ ਸੀ ਰਲਾਉਂਦਾ। ਇੱਕ ਤਾਂ ਉਹ ਬੁੱਢਾ ਹੋ ਗਿਆ ਸੀ ਤੇ ਦੂਜਾ ਹਰ ਕੰਮ ਲਈ ਜਿੱਲ੍ਹਾ ਸੀ। ਸਭ ਤੋਂ ਵੱਡੀ ਗੱਲ ਉਹ ਰੋਟੀ ਬਹੁਤ ਖਾਂਦਾ ਸੀ। ਵੀਹ ਰੋਟੀਆਂ, ਬਾਟਾ ਦਾਲ ਦਾ, ਡਲਾ ਗੁੜ ਦਾ ਤੇ ਡੋਲੂ ਲੱਸੀ ਦਾ ਉਹ ਆਰਾਮ ਨਾਲ ਖਾ-ਪੀ ਲੈਂਦਾ ਸੀ। ਮਾਂ ਜੀ ਉਸਨੂੰ ਆਖਦੇ ਕਿ ਸਾਈਂ ਰੋਟੀ ਲੈ ਲੈ ਤਾਂ ਉਹ ਆਖਦਾ ਕਿ ਟੱਬਰ ਟੀਹਰ ਨੂੰ ਖਾ ਲੈਣ ਦਿਓ ਮੈਂ ਕਿਹੜਾ ਭੱਜਿਆ ਜਾਂਦਾ। ਅਸਲ ਵਿੱਚ ਉਹਦਾ ਮਤਲਬ ਹੁੰਦਾ ਸੀ ਕਿ ਵੀਹ ਰੋਟੀਆਂ ਤਾਂ ਮੇਰੇ ਲਈ ਬਣੀਆਂ ਹੋਣਗੀਆਂ। ਜੇ ਇੱਕ ਦੋ ਟੱਬਰ ਦੇ ਖਾ ਜਾਣ ਮਗਰੋਂ ਵੀ ਬਚ ਗਈਆਂ ਤਾਂ ਉਹ ਵੀ ਖਾਣ ਨੂੰ ਮਿਲ ਜਾਣਗੀਆਂ।
ਇੱਕ ਵਾਰ ਮਾਂ ਜੀ ਨੇ ਕਿਹਾ, ‘‘ਵੇ ਸਾਈਂ ਤੇਰਾ ਢਿੱਡ ਐ ਕਿ ਟੋਆ। ਸੁਣਿਐ ਤੂੰ ਪੀਪਾ ਰਸ ਦਾ ਇੱਕੋ ਵਾਰੀ ਪੀ ਜਾਨੈਂ।’’ ਪਲ ਕੁ ਭਰ ਮਾਂ ਜੀ ਦੇ ਮੂੰਹ ਵੱਲ ਦੇਖ ਸਾਈਂ ਬੋਲਿਆ, ‘‘ਮਾਂ ਜੀ, ਮੈਂ ਤਾਂ ਜਿਵੇਂ ਜਨਮਾਂ ਜਨਮਾਂਤਰਾਂ ਦਾ ਭੁੱਖਾ ਹੋਵਾਂ।’’
ਇਹ ਸੁਣ ਕੇ ਮਾਂ ਜੀ ਨੂੰ ਉਸ ਉਪਰ ਤਰਸ ਆ ਗਿਆ। ਉਹ ਕਹਿਣ ਲੱਗੇ, ‘‘ਤੂੰ ਸਾਈਂ ਰੱਜ ਕੇ ਰੋਟੀ ਖਾ ਲਿਆ ਕਰ। ਖਬਰੇ ਰੱਬ ਕੀਹਦੇ ਭਾਗਾਂ ਦਾ ਦਿੰਦੈ।’’ ਨਿੱਕਾ ਜਿਹਾ ਗ਼ਫੂਰ ਕੋਠੇ ’ਤੇ ਰਾਤ ਵੇਲੇ ਉਸਦੀ ਮੰਜੀ ’ਤੇ ਬੈਠ ਕੇ ਪੁੱਛਦਾ, ‘‘ਸਾਈਂ, ਤੇਰਾ ਅੱਬਾ ਵੀ ਸੀਗਾ?’’ ਸਾਈਂ ਆਖਦਾ, ‘‘ਹੋਰ ਮੈਂ ਅਸਮਾਨੋਂ ਡਿੱਗਿਆ ਸੀ?’’ ‘‘ਹੁਣ ਤੇਰਾ ਅੱਬਾ ਕਿੱਥੇ ਐ?’’ ਗ਼ਫੂਰ ਪੁੱਛਦਾ। ਸਾਈਂ ਆਖਦਾ, ‘‘ਹੁਣ ਉਹ ਰੱਬ ਕੋਲ ਐ ਅਸਮਾਨ ’ਤੇ।’’
ਗ਼ਫੂਰ ਨੂੰ ਉਸ ਦੀ ਗੱਲ ਦੀ ਸਮਝ ਨਹੀਂ ਲੱਗੀ। ਉਹ ਪੁੱਛਦਾ, ‘‘ਫੇਰ ਉਹ ਤੈਨੂੰ ਮਿਲਣ ਕਿਉਂ ਨਹੀਂ ਆਉਂਦਾ?’’
ਸਾਈਂ ਨੇ ਕਿਹਾ, ‘‘ਹੁਣ ਤਾਂ ਮੈਂ ਹੀ ਉਹਦੇ ਕੋਲ ਜਾਊਂਗਾ।’’
ਗ਼ਫੂਰ ਨੇ ਹੈਰਾਨ ਹੋ ਕੇ ਪੁੱਛਿਆ, ‘‘ਤੂੰ ਅਸਮਾਨ ’ਤੇ ਜਾਏਂਗਾ ਕਿਵੇਂ? ਏਡੀ ਵੱਡੀ ਤਾਂ ਪੌੜੀ ਹੀ ਨਈਂ ਹੁੰਦੀ।’’
ਸਾਈਂ ਉਸਨੂੰ ਸਮਝਾਉਣ ਲੱਗਾ, ‘‘ਜਦੋਂ ਬੰਦਾ ਮਰ ਜਾਂਦਾ ਐ ਤਾਂ ਉਸ ਨੂੰ ਦੱਬ ਦਿੰਦੇ ਨੇ, ਪਰ ਉਸਦੇ ਅੰਦਰ ਜਿਹੜਾ ਹਵਾ ਦਾ ਬਣਿਆ ਬੰਦਾ ਹੁੰਦਾ ਐ ਉਹ ਬੰਦੇ ਦੇ ਮਰਦਿਆਂ ਸਾਰ ਹੀ ਨਿਕਲ ਕੇ ਰੱਬ ਵੱਲ ਅਸਮਾਨ ਵੱਲ ਉੱਡ ਜਾਂਦੈ ਤੇ ਦੂਜੀ ਦੁਨੀਆਂ ਵਿੱਚ ਜਾ ਕੇ ਆਪਣੇ ਘਰਦਿਆਂ ਨੂੰ ਲੱਭ ਲੈਂਦਾ ਐ।’’
ਸਾਈਂ ਦੀ ਇਹ ਗੱਲ ਗ਼ਫੂਰ ਨੂੰ ਸਮਝ ਨਾ ਲੱਗੀ। ਪਰ ਉਸ ਨੂੰ ਇਹ ਗੱਲ ਚੰਗੀ ਲੱਗੀ ਕਿ ਇੱਥੋਂ ਵਾਲੇ ਸਾਰੇ ਲੋਕ ਮਰਨ ਮਗਰੋਂ ਅਸਮਾਨ ਵਿੱਚ ਜਾ ਕੇ ਰਹਿੰਦੇ ਨੇ। ਉਸਨੂੰ ਖਿਆਲ ਆਇਆ ਕਿ ਮੇਰੀ ਨਿੱਕੀ ਭੈਣ ਆਇਸ਼ਾਂ ਮਰ ਗਈ ਸੀ ਉਹ ਵੀ ਉਪਰ ਅਸਮਾਨ ’ਤੇ ਰਹਿੰਦੀ ਹੋਊ। ਹੁਣ ਤਾਂ ਕਾਫ਼ੀ ਵੱਡੀ ਵੀ ਹੋ ਗਈ ਹੋਵੇਗੀ। ਹੋ ਸਕਦੈ ਉੱਤੇ ਬੈਠੀ ਮੈਨੂੰ ਦੇਖਦੀ ਵੀ ਹੋਵੇ। ਇਹ ਸੋਚਦਿਆਂ ਉਸ ਨੇ ਸਾਈਂ ਨੂੰ ਪੁੱਛਿਆ, ‘‘ਸਾਈਂ, ਜਦ ਤੂੰ ਮਰ ਕੇ ਅਸਮਾਨ ’ਤੇ ਚਲਿਆ ਗਿਆ ਤਾਂ ਸਾਨੂੰ ਮਿਲਣ ਤਾਂ ਆਇਆ ਕਰੇਂਗਾ ਨਾ?’’
ਸਾਈਂ ਨੇ ਕਿਹਾ, ‘‘ਜੇ ਮੈਂ ਆਵਾਂ ਵੀ ਤਾਂ ਵੀ ਤੂੰ ਮੈਨੂੰ ਹਵਾ ਦੇ ਬਣੇ ਨੂੰ ਸਿਆਣ ਹੀ ਨਹੀਂ ਸਕਣਾ।’’
ਇਹ ਸੁਣ ਕੇ ਗ਼ਫੂਰ ਚੁੱਪ ਕਰ ਗਿਆ।
ਸਾਡੇ ਪਿੰਡ ਗਿਆਂ ਤੋਂ ਗ਼ਫੂਰ ਬਹੁਤ ਹੀ ਖ਼ੁਸ਼ ਹੋ ਜਾਂਦਾ ਸੀ। ਖ਼ਾਸਕਰ ਬੀਰੇ ਸੁਖਜੀਤ ਨਾਲ ਖੇਡਣਾ ਉਸਨੂੰ ਚੰਗਾ ਲੱਗਦਾ। ਬੇਜੀ ਉਸ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਜਾਂਦੇ। ਕਦੇ ਕੋਈ ਤਸਵੀਰਾਂ ਵਾਲੀ ਕਿਤਾਬ, ਕਦੇ ਰੰਗ-ਬਿਰੰਗੇ ਬੰਟੇ, ਕਦੇ ਸਵੈਟਰ, ਖੰਡ ਖੇਲਣੇ ਹਰ ਵਾਰੀ ਉਹ ਲੈ ਕੇ ਜਾਂਦੇ ਸਨ। ਪਿੰਡ ਦੇ ਜੁਆਕਾਂ ਨੂੰ ਉਹ ਆਪਣੀਆਂ ਚੀਜ਼ਾਂ ਦਿਖਾ ਕੇ ਸ਼ਾਨ ਮਾਰਦਾ। ਦੇਖਣ ਵਾਲੀ ਗੱਲ ਤਾਂ ਉਦੋਂ ਹੁੰਦੀ ਜਦੋਂ ਉਹ ਜੁਆਕਾਂ ਨੂੰ ਘੂਰਦਾ ਤੇ ਉਨ੍ਹਾਂ ਨਾਲ ਲੜਦਾ ਕਿ ਸਾਡੀ ਕਾਰ ਨੂੰ ਹੱਥ ਲਾ ਲਾ ਕੇ ਕਿਉਂ ਵੇਖਦੇ ਓ। ਉਹ ਉਨ੍ਹਾਂ ਨੂੰ ਦੱਸਦਾ ਕਿ ਸਾਡੇ ਪਟਿਆਲੇ ਆਲਿਆਂ ਕੋਲ ਜਿਹੜੀ ਕਾਰ ਐ ਓਸ ਵਰਗੀ ਕਾਰ ਕਿਸੇ ਕੋਲ ਵੀ ਨਹੀਂ।
ਮਾਂ ਜੀ ਨੇ ਦੱਸਿਆ ਕਿ ਗ਼ਫੂਰ ਬੜੇ ਉਲਾਂਭੇ ਲਿਆਉਂਦੈ। ਮਜਾਲ ਐ ਕੋਈ ਬਾਬਾ ਜੀ ਨੂੰ ਬੁੜ੍ਹਾ ਆਖ ਦੇਵੇ ਗ਼ਫੂੁਰ ਦੇ ਸਾਹਮਣੇ। ਉਹ ਆਖਦਾ ਸੀ ਕਿ ਸਾਡਾ ਬਾਬਾ ਜੀ ਤਾਂ ਸਰਦਾਰ ਐ ਸਰਦਾਰ।
ਸਾਡੇ ਚੁਬਾਰਿਆਂ ਵਰਗੇ ਚੁਬਾਰੇ ਪਿੰਡ ਵਿੱਚ ਕਿਸੇ ਦੇ ਨਹੀਂ ਸਨ। ਚੁਬਾਰਿਆਂ ਤੇ ਦਰਵਾਜ਼ਿਆਂ ਉਪਰ ਰੰਗ-ਬਿਰੰਗੇ ਸ਼ੀਸ਼ਿਆਂ ਦੀਆਂ ਟੁਕੜੀਆਂ ਲੱਗੀਆਂ ਹੋਈਆਂ ਸਨ। ਚੁਬਾਰਿਆਂ ਵਿੱਚ ਟੋਕਰੇ ਜਿੱਡੇ ਜਿੱਡੇ ਬਲੌਰਾਂ ਦੇ ਛਾਬੇ ਲਟਕ ਰਹੇ ਸਨ। ਉੱਥੇ ਪਤਾ ਨਹੀਂ ਕੀਹਦੀਆਂ ਕੀਹਦੀਆਂ ਤਸਵੀਰਾਂ ਫਰੇਮ ਕਰਕੇ ਰੱਖੀਆਂ ਹੋਈਆਂ ਸਨ। ਉੱਥੇ ਇੱਕ ਚੁਬਾਰੇ ਵਿੱਚ ਧੂ-ਧੂ ਵਾਲੀ ਗਰਾਮੋਫੋਨ ਵੀ ਸੀ ਜਿਸ ਉਪਰ ਜਦੋਂ ਰਿਕਾਰਡ ਵੱਜਦਾ ਤਾਂ ਗ਼ਫੂਰ ਹੈਰਾਨ ਹੋ ਹੋ ਸੋਚਦਾ ਕਿ ਇਹ ਧੂ-ਧੂ ਅੰਦਰ ਕਿਵੇਂ ਚਲੀ ਗਈ ਜਿਹੜੀ ਗਾਉਂਦੀ ਵੀ ਐ। ਉਹ ਤੀਵੀਂ ਖ਼ਬਰੇ ਕਿਸੇ ਜਾਦੂਗਰਨੀ ਨੇ ਨਿੱਕੀ ਜਿਹੀ ਕੁੜੀ ਬਣਾ ਕੇ ਬਿਠਾ ਦਿੱਤੀ ਹੋਵੇ। ਕਦੇ ਕਦੇ ਉਹ ਜਦੋਂ ਚੁਬਾਰੇ ਵਿੱਚ ਇਕੱਲਾ ਹੁੰਦਾ ਤਾਂ ਉਹ ਧੂ-ਧੂ ਵਿੱਚ ਮੂੰਹ ਦੇ ਕੇ ਆਖਦਾ ਕਿ ਤੂੰ ਧੂ-ਧੂ ਵਿੱਚੋਂ ਬਾਹਰ ਨਿਕਲ ਆ, ਬਾਬਾ ਜੀ ਤੈਨੂੰ ਸੰਤਾਂ ਕੋਲ ਲੈ ਜਾਣਗੇ। ਉਹ ਇਹ ਵੀ ਆਖਦਾ ਕਿ ਬਾਬੇ ਦੇ ਡੇਰੇ ਨੂੰ ਜਾਂਦੇ ਰਾਹ ਉੱਤੇ ਇੱਕ ਫਨੀਅਰ ਆ ਬੈਠਾ ਸੀ। ਉਹ ਕਿਸੇ ਤੋਂ ਨਹੀਂ ਸੀ ਡਰਦਾ ਸਗੋਂ ਲੋਕ ਡਰਨ ਲੱਗੇ। ਕਿਸੇ ਨੇ ਬਾਬੇ ਨੂੰ ਦੱਸਿਆ ਤਾਂ ਬਾਬੇ ਨੇ ਪਿੰਡੋਂ ਚੱਪਣ ਵਾਲਾ ਘੜਾ ਮੰਗਵਾਇਆ ਤੇ ਘੜਾ ਲੈ ਕੇ ਕੁਝ ਵਿੱਥ ’ਤੇ ਇਸ ਨੂੰ ਰੱਖ ਕੇ ਸੱਪ ਨੂੰ ਆਖਣ ਲੱਗਿਆ ਕਿ ਏਥੇ ਤੈਨੂੰ ਕੋਈ ਜੱਟ ਮਾਰ ਦੇਊਗਾ। ਰਾਹ ਵਿੱਚ ਕਾਹਦੇ ਲਈ ਬੈਠੈਂ। ਅੰਦਰ ਝਿੜੀ ਵਿੱਚ ਚੱਲ। ਇਹ ਆਖ ਕੇ ਉਹਨੇ ਜਾ ਕੇ ਸੱਪ ਨੂੰ ਗਲੋਂ ਫੜਿਆ ਤੇ ਘੜੇ ਵਿੱਚ ਪਾ ਲਿਆ ਤੇ ਉਪਰੋਂ ਚੱਪਣ ਲਾ ਦਿੱਤਾ ਤੇ ਘੜਾ ਝਿੜੀ ’ਚ ਲੈ ਆਂਦਾ। ਉੱਥੇ ਲਿਆ ਕੇ ਬਾਬੇ ਨੇ ਝਾੜੀਆਂ ਕੋਲ ਲਿਜਾ ਕੇ ਘੜਾ ਰੱਖ ਦਿੱਤਾ। ਘੜੇ ਤੋਂ ਚੱਪਣ ਚੁੱਕ ਦਿੱਤਾ। ਆਰਾਮ ਨਾਲ ਘੜੇ ਵਿੱਚੋਂ ਬਾਹਰ ਨਿਕਲ ਕੇ ਸੱਪ ਝਿੜੀ ਵਿਚਲੇ ਟੋਭੇ ਵਿੱਚ ਚਲਿਆ ਗਿਆ। ਹੁਣ ਵੀ ਲੋਕ ਆਖਦੇ ਨੇ ਡੇਰੇ ਵਿੱਚ ਫਿਰਦਾ ਰਹਿੰਦੈ, ਪਰ ਆਖਦਾ ਕਿਸੇ ਨੂੰ ਕੁਝ ਵੀ ਨਈਂ। ਪਰ ਧੂ-ਧੂ ਵਿਚਲੀ ਕੁੜੀ ਉਸਦੀ ਗੱਲ ਦਾ ਜਵਾਬ ਨਹੀਂ ਸੀ ਦਿੰਦੀ।
ਇਸ ਵਾਰੀ ਜਦੋਂ ਅਸੀਂ ਪਟਿਆਲੇ ਨੂੰ ਆਉਣਾ ਸੀ ਤਾਂ ਉਹ ਕਹਿਣ ਲੱਗਾ ਕਿ ਬੀਬਾ ਜੀ ਐਂਤਕੀ ਜਦੋਂ ਆਓਗੇ ਤਾਂ ਪਟਿਆਲੇ ਤੋਂ ਮੇਰੇ ਲਈ ਖੇਡਣ ਵਾਲੇ ਅਖਰੋਟ ਵੀ ਲਿਆਉਣਾ। ਜਦੋਂ ਕਾਰ ਵਿੱਚ ਬੈਠ ਕੇ ਅਸੀਂ ਸਾਰੇ ਪਟਿਆਲੇ ਨੂੰ ਆਉਂਦੇ ਤਾਂ ਉੁਹ ਮਗਰ ਖੜ੍ਹਾ ਦੂਰ ਤਕ ਕਾਰ ਨੂੰ ਜਾਂਦਿਆਂ ਦੇਖਦਾ ਰਹਿੰਦਾ।
ਸਾਨੂੰ ਪਿੰਡੋਂ ਆਇਆਂ ਨੂੰ ਤਿੰਨ ਚਾਰ ਮਹੀਨੇ ਹੀ ਹੋਏ ਸਨ ਜਦੋਂ ਪਤਾ ਲੱਗਿਆ ਕਿ ਬਾਬਾ ਜੀ ਬਿਮਾਰ ਹੋ ਗਏ। ਅਸੀਂ ਅਗਲੇ ਹੀ ਦਿਨ ਪਿੰਡ ਜਾਣ ਦੀ ਤਿਆਰੀ ਕਰ ਲਈ। ਜਾਣ ਤੋਂ ਪਹਿਲਾਂ ਮੈਂ ਬੇਜੀ ਨਾਲ ਬਾਜ਼ਾਰ ਜਾ ਕੇ ਗ਼ਫੂਰ ਲਈ ਕਾਫ਼ੀ ਸਾਰੇ ਬੰਟੇ ਖਰੀਦੇ ਤੇ ਖੇਡਣ ਵਾਲੇ ਅਖਰੋਟ ਵੀ ਤੇ ਬਾਂਹ ’ਤੇ ਬੰਨ੍ਹਣ ਵਾਲੀ ਨਕਲੀ ਘੜੀ ਵੀ ਖਰੀਦੀ। ਹੋਰ ਤਾਂ ਮੈਨੂੰ ਪਤਾ ਨਹੀਂ ਸੀ ਲੱਗਿਆ ਉਸ ਲਈ ਹੋਰ ਕੀ ਲੈ ਕੇ ਜਾਵਾਂ। ਮੈਂ ਵੀ ਤਾਂ ਉਸ ਦੇ ਜਿੱਡੀ ਹੀ ਸੀ ਦਸ ਗਿਆਰਾਂ ਸਾਲ ਦੀ।
ਜਦ ਅਸੀਂ ਪਿੰਡ ਗਏ ਬਾਬਾ ਜੀ ਨੂੰ ਕਾਫ਼ੀ ਆਰਾਮ ਸੀ। ਸੰਤਾ ਨਾਈ ਜੋ ਨਾਈ ਦੇ ਕੰਮ ਦੇ ਨਾਲ ਨਾਲ ਦਵਾ-ਦਾਰੂ ਦਾ ਕੰਮ ਵੀ ਕਰਦਾ ਸੀ, ਮਾਲੇਰਕੋਟਲੇ ਜਾ ਕੇ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਪੁੱਛ ਕੇ ਦਵਾਈਆਂ ਲੈ ਆਇਆ ਸੀ। ਗ਼ਫੂਰ ਨੂੰ ਜਦੋਂ ਮੈਂ ਬੰਟੇ, ਅਖਰੋਟ ਤੇ ਘੜੀ ਲਿਆ ਕੇ ਦਿੱਤੇ ਉਸ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ। ਆਪਣੀ ਬਾਂਹ ’ਤੇ ਘੜੀ ਬੰਨ੍ਹ ਸਭ ਨੂੰ ਦਿਖਾਉਂਦਾ ਫਿਰਦਾ ਸੀ। ਆਥਣੇ ਉਹ ਅਖਰੋਟ ਤੇ ਬੰਟੇ ਵੀ ਮੁੰਡਿਆਂ ਨੂੰ ਦਿਖਾਉਣ ਚਲਿਆ ਗਿਆ।

ਆਥਣੇ ਮਾਂ ਜੀ ਨੇ ਕਿਹਾ ਕਿ ਚਾਬੀ ਲੈ ਜੋ। ਵੱਡਾ ਚੁਬਾਰਾ ਖੋਲ੍ਹ ਕੇ ਵਿੱਚੋਂ ਬੇਰ ਕੱਢ ਲਿਆਓ। ਬਾਹਰ ਤਾਂ ਚੁਬਾਰੇ ਨੂੰ ਜਿੰਦਰਾ ਲੱਗਾ ਹੋਇਆ ਸੀ, ਪਰ ਅੰਦਰੋਂ ਇੱਕ ਸੀਖਾਂ ਵਾਲੀ ਬਾਰੀ ਗ਼ਫੂਰ ਨੇ ਖੁੱਲ੍ਹੀ ਰੱਖ ਲਈ ਸੀ। ਬਾਹਰੋਂ ਗ਼ਫੂਰ ਜਦੋਂ ਬੇਰ ਲਿਆਉਂਦਾ ਤਾਂ ਮਿੱਠੇ ਮਿੱਠੇ ਬੇਰ ਕੱਢ ਕੇ ਬਾਰੀ ਵਿੱਚ ਦੀ ਅੰਦਰ ਚੁਬਾਰੇ ਵਿੱਚ ਸੁੱਟ ਆਉਂਦਾ। ਆਖਦਾ ਸੀ ਕਿ ਜਦੋਂ ਸਾਡੇ ਪਟਿਆਲੇ ਵਾਲੇ ਆਉਣਗੇ ਉਨ੍ਹਾਂ ਨੂੰ ਦਿਆਂਗਾ। ਰੁੜ੍ਹ ਜਾਣਾ ਉਲਾਂਭੇ ਵੀ ਬੜੇ ਲਿਆਉਂਦਾ। ਨਿਆਈਂ ਵਾਲੇ ਖੇਤ ਵਿੱਚੋਂ ਮਜਾਲ ਐ ਕੋਈ ਸਾਗ ਤੋੜ ਕੇ ਲੈ ਜਾਵੇ ਜਾਂ ਮਜਾਲ ਐ ਕੋਈ ਹਵੇਲੀ ਦੀਆਂ ਪੌੜੀਆਂ ’ਤੇ ਚੜ੍ਹ ਕੇ ਬੈਠ ਹੀ ਜਾਵੇ। ਘੋੜੀ ਨੂੰ ਜਦੋਂ ਪਾਣੀ ਪਿਆਉਣ ਲਈ ਲੈ ਕੇ ਜਾਣਾ ਤਾਂ ਉੱਥੇ ਜੇ ਕੋਈ ਤੀਵੀਂ ਕੱਪੜੇ ਧੋ ਰਹੀ ਹੁੰਦੀ ਤਾਂ ਆਖਦਾ ਕਿ ਬੀਬੀ ਸਾਡੀ ਘੋੜੀ ’ਤੇ ਮੈਲੇ ਛਿੱਟੇ ਨਾ ਪਾ। ਜੇ ਕੋਈ ਉਸਦਾ ਕਹਿਣਾ ਨਾ ਮੰਨਦੀ ਤਾਂ ਅਗਲੀ ਦਾ ਧੋਤਾ ਕੱਪੜਾ ਚੁੱਕ ਕੇ ਉਸੇ ਨਾਲ ਹੀ ਘੋੜੀ ਦਾ ਪਿੰਡਾ ਪੂੰਝਣ ਲੱਗ ਪੈਂਦਾ। ਅਗਲੀ ਬਥੇਰੀਆਂ ਗਾਲ੍ਹਾਂ ਦਿੰਦੀ।
ਸਵੇਰੇ ਸਵੇਰੇ ਜਦੋਂ ਮਾਂ ਜੀ ਦੁੱਧ ਰਿੜਕਦੇ ਤਾਂ ਲਾਗੀਆਂ ਤੱਥੀਆਂ ਦੇ ਜੁਆਕ ਆਪੋ ਆਪਣਾ ਭਾਂਡਾ ਲੈ ਕੇ ਲੱਸੀ ਲੈਣ ਆ ਜਾਂਦੇ। ਮਾਂ ਜੀ ਤੋਂ ਡੋਲੂ ਫੜ ਉਹ ਆਪ ਉਨ੍ਹਾਂ ਦੇ ਭਾਂਡਿਆਂ ਵਿੱਚ ਲੱਸੀ ਪਾਉਂਦਾ ਤੇ ਨਾਲ ਹੀ ਮੱਤਾਂ ਦੇਣ ਲੱਗ ਪੈਂਦਾ। ਕਿਸੇ ਨੂੰ ਆਖਦਾ ਕਿ ਕੱਲ੍ਹ ਜੇ ਸਾਡੇ ਘਰ ਲੱਸੀ ਨੂੰ ਆਉਣਾ ਐ ਤਾਂ ਮੈਲਾ ਝੱਗਾ ਪਾ ਕੇ ਨਾ ਆਈਂ। ਕਿਸੇ ਨੂੰ ਆਖਦਾ ਕਿ ਛੋਟਾ ਭਾਂਡਾ ਲਿਆਇਆ ਕਰ, ਸਾਰੀ ਲੱਸੀ ਤੈਨੂੰ ਤਾਂ ਨਹੀਂ ਦੇ ਦੇਣੀ।
ਇੱਕ ਦਿਨ ਮੈਂ ਗ਼ਫੂਰ ਨੂੰ ਪੁੱਛਿਆ, ‘‘ਗ਼ਫੂਰ, ਤੈਨੂੰ ਤੇਰੀ ਅੰਮੀ ਤੇ ਅੱਬਾ ਯਾਦ ਨਹੀਂ ਆਉਂਦੇ।’’ ਇਹ ਸੁਣ ਕੇ ਉਹ ਚੁੱਪ ਕਰ ਜਿਹਾ ਗਿਆ। ਫੇਰ ਆਖਣ ਲੱਗਿਆ, ‘‘ਮੇਰੀ ਇੱਕ ਛੋਟੀ ਭੈਣ ਵੀ ਸੀ। ਉਸਨੂੰ ਤਾਪ ਚੜ੍ਹ ਗਿਆ ਸੀ। ਦੋ ਵਾਰੀ ਅੱਬਾ ਕਿਸੇ ਤੋਂ ਪੈਸੇ ਮੰਗ ਕੇ ਮਲੇਰਕੋਟਲੇ ਤੋਂ ਦਵਾਈ ਲੈ ਆਇਆ। ਫਿਰ ਉਸਦੇ ਕੋਲ ਦਵਾਈ ਲਈ ਪੈਸੇ ਨਹੀਂ ਸਨ। ਫਿਰ ਇੱਕ ਦਿਨ ਉਹ ਮਰ ਗਈ। ਉਸਨੂੰ ਅੱਬਾ ਖੱਦਰ ਦੇ ਕੋਰੇ ਕੱਪੜੇ ’ਚ ਲਪੇਟ ਕੇ ਕਬਰਾਂ ਵਿੱਚ ਦਫ਼ਨਾ ਆਇਆ ਸੀ। ਅੰਮੀ ਬੜੀ ਰੋਂਦੀ ਹੁੰਦੀ ਸੀ। ਸਾਡੇ ਇੱਕ ਮੱਝ ਹੁੰਦੀ ਸੀ ਜੀਹਦਾ ਦੁੱਧ ਵੀ ਪੀਂਦੇ ਹੁੰਦੇ ਸੀ। ਦੁੱਧ ਵੇਚ ਕੇ ਅੰਮੀ ਹੱਟੀ ਤੋਂ ਸੌਦਾ ਲਿਆਉਂਦੀ ਹੁੰਦੀ ਸੀ। ਫਿਰ ਸਾਡੀ ਮੱਝ ਨੂੰ ਕਿਸੇ ਨੇ ਸੂਈ ਖੁਆ ਦਿੱਤੀ ਤਾਂ ਜੋ ਮੱਝ ਮਰ ਜਾਵੇ। ਅੱਬਾ ਲੈ ਕੇ ਵੀ ਗਿਆ ਦੂਰ ਪਿੰਡ ਵਿੱਚ ਜਿੱਥੇ ਦੀ ਇੱਕ ਬੁੜ੍ਹੀ ਪਸ਼ੂਆਂ ਦੇ ਅੰਦਰੋਂ ਸੂਈ ਕੱਢ ਦਿੰਦੀ ਹੁੰਦੀ ਸੀ। ਪਰ ਸਾਡੀ ਮੱਝ ਤਾਂ ਰਾਹ ਵਿੱਚ ਹੀ ਮਰ ਗਈ ਤਾਂ ਹੀ ਤਾਂ ਮੇਰਾ ਅੱਬਾ ਬਾਬਾ ਜੀ ਕੋਲ ਮੈਨੂੰ ਛੱਡ ਗਿਐ। ਆਖਦਾ ਸੀ ਕਿ ਤੂੰ ਰੱਜ ਕੇ ਰੋਟੀ ਤਾਂ ਖਾਏਂਗਾ।’’
ਇੱਕ ਦਿਨ ਗ਼ਫੂਰ ਨੇ ਛਪਾਰ ਦਾ ਮੇਲਾ ਦੇਖਣ ਜਾਣਾ ਸੀ। ਉਸ ਨੂੰ ਚਾਅ ਚੜ੍ਹਿਆ ਹੋਇਆ ਸੀ। ਉਸ ਨੇ ਧੋਤੀ ਹੋਈ ਨਿੱਕਰ ਤੇ ਕੁੜਤਾ ਪਾਇਆ ਹੋਇਆ ਸੀ। ਮੰਗੋ ਕੱਟੀ ਦੇ ਗਲ ’ਚ ਬਾਂਹ ਪਾ ਕੇ ਪੁੱਛਣ ਲੱਗਾ ਕਿ ਮੰਗੋ ਤੇਰੇ ਲਈ ਮੈਂ ਕੀ ਲਿਆਵਾਂ। ਮੰਗੋ ਉਸੇ ਤਰ੍ਹਾਂ ਬਿਟ ਬਿਟ ਝਾਕਦੀ ਰਹੀ। ਜਦੋਂ ਉਸ ਨੇ ਬਾਬਾ ਜੀ ਤੋਂ ਪੈਸੇ ਮੰਗੇ ਬਾਬਾ ਜੀ ਨੇ ਉਸਨੂੰ ਚਾਂਦੀ ਦਾ ਇੱਕ ਰੁਪਈਆ ਦਿੱਤਾ। ਫੇਰ ਪਤਾ ਨਹੀਂ ਕੀ ਸੋਚ ਕੇ ਅਠਿਆਨੀ ਹੋਰ ਦੇ ਦਿੱਤੀ। ਉਹ ਟਪੂਸੀਆਂ ਮਾਰਦਾ ਬਾਹਰ ਨਿਕਲ ਆਇਆ। ਮੁੱਠੀ ਵਿੱਚ ਪੈਸੇ ਦਿਖਾ ਕੇ ਆਖਣ ਲੱਗਿਆ ਕਿ ਮਾਂ ਜੀ ਮੈਨੂੰ ਇੱਕ ਵੱਡਾ ਸਾਰਾ ਝੋਲਾ ਦੇ ਦਿਓ, ਮੈਂ ਮੇਲੇ ਤੋਂ ਚੀਜ਼ਾਂ ਪਾ ਕੇ ਲਿਆਊਂਗਾ।
‘‘ਮੇਲੇ ਤੋਂ ਤੂੰ ਕੀ ਹਵਾਈ ਜਹਾਜ਼ ਲੈ ਕੇ ਆਏਂਗਾ। ਸੰਦੂਕ ਦੇ ਕੋਲ ਟੰਗੇ ਝੋਲਿਆਂ ਵਿੱਚ ਛੋਟਾ ਝੋਲਾ ਲੈ ਜਾ।’’ ਮਾਂ ਜੀ ਨੇ ਕਿਹਾ।
ਝੋਲਿਆਂ ਵਿੱਚੋਂ ਜਿਹੜਾ ਮੋਰਨੀਆਂ ਵਾਲਾ ਕੱਢਿਆ ਝੋਲਾ ਨਾਈਆਂ ਦੀ ਕੁੜੀ ਨੇ ਮਾਂ ਜੀ ਨੂੰ ਦਿੱਤਾ ਸੀ ਗ਼ਫੂਰ ਨੇ ਉਹੀ ਲੈ ਲਿਆ। ਡਿਓਢੀ ਵਿੱਚ ਆ ਕੇ ਆਪਣੇ ਮੌਜਿਆਂ ਨੂੰ ਤੇਲ ਦਾ ਫੰਬਾ ਲਾ ਕੇ ਚੋਪੜਣ ਲੱਗਾ।
ਮਾਂ ਜੀ ਉਸ ਵੱਲ ਝਾਕ ਕੇ ਬੋਲੀ, ‘‘ਰੁੜ੍ਹ ਜਾਣਿਆ, ਤੇਲ ਉੱਤੇ ਤਾਂ ਸਗੋਂ ਹੋਰ ਮਿੱਟੀ ਜੰਮ ਜਾਣੀ ਐਂ।’’ ਗ਼ਫੂਰ ਨੇ ਮੌਜੇ ਦਾ ਇੱਕ ਪੈਰ ਆਪਣੇ ਹੱਥ ਵਿੱਚ ਚੁੱਕ ਆਪਣੇ ਝੱਗੇ ਨਾਲ ਰਗੜ ਰਗੜ ਕੇ ਪੂੰਝਦਿਆਂ ਦੱਸਿਆ, ‘‘ਮਾਂ ਜੀ, ਤੇਲ ਨਾਲ ਤਾਂ ਮੈਂ ਆਪਣੇ ਮੌਜੇ ਲਿਸ਼ਕਾ ਰਿਹਾ ਆਂ।’’
ਬਾਬਾ ਜੀ ਦੇ ਦਿੱਤੇ ਪੈਸੇ ਉਸ ਨੇ ਲੀਰ ਵਿੱਚ ਬੰਨ੍ਹ ਕੇ ਗੀਝੇ ਵਿੱਚ ਪਾ ਲਏ। ਉਪਰ ਬਸਕੂਆ ਲਾ ਦਿੱੱਤਾ ਤੇ ਗੀਝਾ ਨਿੱਕਰ ਦੇ ਅੰਦਰ ਕਰ ਲਿਆ। ਨੱਚਦਾ ਟੱਪਦਾ ਉਹ ਮੇਲੇ ਜਾਣ ਵਾਲਿਆਂ ਵਿੱਚ ਜਾ ਰਲਿਆ। ਉਸ ਦੇ ਜਾਣ ਤੋਂ ਪਹਿਲਾਂ ਮਾਂ ਜੀ ਨੇ ਉਸ ਨੂੰ ਹਾਕ ਮਾਰ ਕੇ ਕਿਹਾ ਸੀ ਕਿ ਨ੍ਹੇਰਾ ਹੋਣ ਤੋਂ ਪਹਿਲਾਂ ਮੁੜ ਆਈਂ। ਕਿਧਰੇ ਰੁਲ ਨਾ ਜਾਈਂ। ਫਿਰ ਰੁਕ ਕੇ ਕਹਿਣ ਲੱਗੇ ਕਿ ਜੇ ਇਹ ਬਾਬਾ ਜੀ ਨੂੰ ਆਖਦਾ ਤਾਂ ਉਹ ਇਸ ਨੂੰ ਕਿਸੇ ਸਾਈਕਲ ਵਾਲੇ ਨਾਲ ਤੋਰ ਦਿੰਦੇ ਥੱਕ ਜੂਗਾ ਨਿਆਣਾ ਏਨੀ ਵਾਟ ਤੁਰਦਾ।
ਉਹ ਮੇਲੇ ਦੇ ਚਾਅ ਵਿੱਚ ਉੱਡਿਆ ਫਿਰਦਾ ਸੀ। ਮਾਂ ਜੀ ਨੇ ਆਪਣੇ ਹੱਥੀਂ ਗ਼ਫੂਰ ਲਈ ਮੱਕੀ ਦੀਆਂ ਰੋਟੀਆਂ ਲਾਹੀਆਂ, ਸਾਗ ਘੋਟਿਆ, ਥਾਲੀ ਵਿੱਚ ਰੋਟੀ ਪਾ ਕੇ ਰੋਟੀ ਉਪਰ ਸਾਗ ਪਾ ਕੇ ਉਨ੍ਹਾਂ ਨੇ ਕਿੰਨਾ ਸਾਰਾ ਮੱਖਣ ਸਾਗ ’ਤੇ ਧਰ ਕੇ ਚਮਚੇ ਨਾਲ ਮੱਖਣ ਸਾਗ ਵਿੱਚ ਰਲਾ ਦਿੱਤਾ। ਨਾਲ ਹੀ ਲੱਸੀ ਦਾ ਗਿਲਾਸ ਦਿੱਤਾ। ਬਾਕੀ ਟੱਬਰ ਦੇ ਜੀਆਂ ਨੂੰ ਵੀ ਉਨ੍ਹਾਂ ਨੇ ਆਪਣੇ ਕੋਲ ਬਿਠਾ ਰੋਟੀ ਖੁਆਈ। ਬਾਪੂ ਜੀ ਰੋਟੀ ਖਾਂਦੇ ਮੇਰੇ ਵੱਲ ਝਾਕ ਕੇ ਮਾਂ ਜੀ ਨੂੰ ਆਖਣ ਲੱਗੇ ਕਿ ਜੇ ਏਨਾ ਏਨਾ ਮੱਖਣ ਪਾ ਕੇ ਇਸਨੂੰ ਦਿਓਗੇ ਤਾਂ ਚਹੁੰ ਸਾਲਾਂ ਨੂੰ ਇਸ ਨੇ ਮੇਰੇ ਜਿੱਡੀ ਹੋ ਜਾਣੈ, ਫਿਰ ਤੁਸੀਂ ਕਹਿਣਾ ਵਿਆਹ ਦਿਓ ਇਸਨੂੰ ਵਿਆਹ ਜੋਗੀ ਹੋ ਗਈ ਐ। ਇਹ ਸੁਣ ਕੇ ਮੈਂ ਕਿਹਾ, ‘‘ਨਾ ਮਾਂ ਜੀ, ਮੈਂ ਨਹੀਂ ਆਖਦੀ ਵਿਆਹ ਕਰੋ ਮੇਰਾ। ਬਾਪੂ ਜੀ ਤਾਂ ਮੈਨੂੰ ਉਈ ਖਿਝਾਉਂਦੇ ਰਹਿੰਦੇ ਐ।’’
‘‘ਸਾਈਂ ਵੇ ਆ ਜਾ ਤੂੰ ਵੀ ਲੈ ਲੈ ਰੋਟੀ।’’ ਸਾਈਂ ਨੂੰ ’ਵਾਜਾਂ ਮਾਰੀਆਂ ਮਾਂ ਜੀ ਨੇ। ‘‘ਕੋਈ ਨੀ ਖਾਣ ਲੈਣ ਦਿਓ ਟੱਬਰ ਨੂੰ।’’ ਸਾਈਂ ਨੇ ਭੁੰਜੇ ਬੋਰੀ ’ਤੇ ਬੈਠਦਿਆਂ ਆਖਿਆ। ‘‘ਤੇਰੀ ਜੋਗੀਆਂ ਮੈਂ ਬਥੇਰੀਆਂ ਰੋਟੀਆਂ ਪਕਾ ਦਿੱਤੀਆਂ ਨੇ। ਹੋਰ ਜਿਹੜੀਆਂ ਬਚਣਗੀਆਂ ਉਹ ਵੀ ਲੈ ਲਈਂ ਫ਼ਿਕਰ ਨਾ ਕਰੀਂ।’’ ਮਾਂ ਜੀ ਨੇ ਕਿਹਾ।
ਫਿਰ ਬਾਪੂ ਜੀ ਵੱਲ ਝਾਕ ਕੇ ਮਾਂ ਜੀ ਕਹਿਣ ਲੱਗੇ, ‘‘ਮਾੜਕੂ ਜਿਹੇ ਦਾ ਢਿੱਡ ਐ ਕਿ ਟੋਆ। ਵੀਹ ਵੀਹ ਰੋਟੀਆਂ ਖਾ ਲੈਂਦਾ ਐ। ਖਬਰੇ ਤਾਹੀਂ ਇਸਦਾ ਵਿਆਹ ਨਹੀਂ ਹੋਇਆ। ਤੇਲੀ ਸੀ ਇਸ ਦੇ ਮਾਂ-ਪਿਓ। ਮਾਂ ਇਸ ਦੀ ਆਪਣੇ ਸਾਕ ਸਕੀਰੀਆਂ ਦੇ ਅੱਗੇ ਬਥੇਰੇ ਹਾੜੇ ਕੱਢਦੀ ਰਹੀ ਬਈ ਮੇਰੇ ਮੁੰਡੇ ਨੂੰ ਵੀ ਸਾਕ ਲਿਆ ਦਿਓ। ਅੱਗੇ ਤੇਲੀ ਰੂੰ ਪਿੰਜ ਕੇ ਰਜਾਈਆਂ ਗਦੈਲੇ ਭਰ ਕੇ ਗੁਜ਼ਾਰਾ ਕਰਦੇ ਸਨ ਤੇ ਬੁੜ੍ਹੀਆਂ ਕੁੜੀਆਂ ਰੂੰ ਪਿੰਜਾ ਕੇ ਕੱਤਣ ਲਈ ਪੂਣੀਆਂ ਵੱਟ ਕੇ ਲੈ ਜਾਂਦੀਆਂ ਤੇ ਨਾਲੇ ਤੇਲੀ ਕੋਲਹੂ ਜੋੜ ਕੇ ਸਰ੍ਹੋਂ ਵਿੱਚੋਂ ਤੇਲ ਕੱਢਦੇ ਹੁੰਦੇ। ਸਾਈਂ ਦਾ ਅੱਬਾ ਕਈ ਸਾਲ ਹੋਏ ਮਰ ਚੁੱਕਿਆ ਸੀ। ਸਾਈਂ ਤੇ ਉਹਦੀ ਮਾਂ ਪਿੰਡ ਵਿੱਚ ਨਿੱਕੇ ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰੀ ਜਾਂਦੇ ਸੀ, ਪਰ ਕੁਝ ਸਾਲਾਂ ਮਗਰੋਂ ਉਹਦੀ ਮਾਂ ਵੀ ਮਰ ਗਈ। ਮਾਂ ਦੇ ਮਰਨ ਤੋਂ ਬਾਅਦ ਰੋਟੀ ਲਈ ਸਾਈਂ ਕਦੇ ਗੁਰਦੁਆਰੇ ਜਾ ਬੈਠਦਾ, ਕਦੇ ਕਿਸੇ ਬੁੜ੍ਹੀ ਨਾਲ ਪੀਹਣ ਕਰ ਦਿੰਦਾ, ਕਦੇ ਮੰਜਾ ਬੁਣਨ, ਕਦੇ ਖੇਤ ਰੋਟੀ ਫੜਾਉਣ ਵਰਗੇ ਕੰਮ ਕਰਵਾ ਦਿੰਦਾ ਤੇ ਉੱਥੇ ਹੀ ਰੋਟੀ ਖਾ ਲੈਂਦਾ।
ਇੱਕ ਦਿਨ ਸਾਈਂ ਨੇ ਕਿਸੇ ਦੇ ਖੇਤ ਵਿੱਚੋਂ ਛੱਲੀਆਂ ਤੋੜ ਕੇ ਖੇਤ ਵਿੱਚ ਹੀ ਭੁੰਨ ਕੇ ਖਾ ਲਈਆਂ। ਖੂਹ ਉਪਰ ਬੈਠੇ ਜਿਸ ਬੁੜ੍ਹੇ ਦੇ ਹੁੱਕੇ ਵਿੱਚੋਂ ਅੱਗ ਲੈ ਕੇ ਉਸਨੇ ’ਕੱਠੇ ਕੀਤੇ ਡੱਕਿਆਂ ਨੂੰ ਅੱਗ ਲਾ ਕੇ ਛੱਲੀਆਂ ਭੁੰਨੀਆਂ ਸੀ ਉਸੇ ਬੁੜ੍ਹੇ ਨੇ ਖੇਤ ਦੇ ਮਾਲਕ ਨੂੰ ਦੱਸ ਦਿੱਤਾ। ਉਸ ਨੇ ਇਸ ਨੂੰ ਬੜਾ ਕੁੱਟਿਆ। ਬਾਬਾ ਜੀ ਕਿਤੇ ਉਧਰੋਂ ਲੰਘ ਰਹੇ ਸੀ। ਉਹ ਉਸ ਨੂੰ ਆਪਣੇ ਨਾਲ ਆਪਣੇ ਘਰ ਲਿਆਏ ਤੇ ਕਹਿਣ ਲੱਗੇ ਕਿ ਇਸ ਮਛੋਹਰ ਦਾ ਦੁਨੀਆਂ ਵਿੱਚ ਕੌਣ ਐ। ਮਾਂ ਪਿਓ ਮਰ ਗਏ ਨੇ। ਖਾਲੀ ਇੱਕ ਕੋਠੜੀ ਐ ਜਿੱਥੇ ਸੌਂ ਜਾਂਦੈ। ਗੁਰਦੁਆਰੇ ਵਾਲਾ ਭਾਈ ਵੀ ਹਰ ਰੋਜ਼ ਰੋਟੀ ਨਹੀਂ ਦਿੰਦਾ। ਬਾਬਾ ਜੀ ਆਖਣ ਲੱਗੇ ਕਿ ਸਾਡੇ ਇੱਥੇ ਰਹਿ ਕੇ ਥੋੜ੍ਹਾ ਬਹੁਤਾ ਕੰਮ ਕਰ ਲਿਆ ਕਰੇਗਾ ਤੇ ਰੋਟੀ ਖਾ ਲਿਆ ਕਰੇਗਾ।
‘‘ਕਿੰਨੇ ਵਰ੍ਹੇ ਹੋ ਗਏ ਸਨ ਸਾਈਂ ਨੂੰ ਸਾਡੇ ਘਰੇ ਰਹਿੰਦੇ। ਹੁਣ ਕੋਈ ਵੀ ਕੰਮ ਦੱਸਣਾ ਨਹੀਂ ਪੈਂਦਾ। ਘੋੜੀ ਨੂੰ ਪਾਣੀ ਪਿਲਾਉਣਾ ਜਾਂ ਮੱਝਾਂ ਨੂੰ ਸੰਨ੍ਹੀ ਰਲਾਉਣੀ ਹੋਵੇ ਜਾਂ ਮੀਂਹ-ਕਣੀ ਵੇਲੇ ਕੋਠੇ ’ਤੋਂ ਮੰਜੇ ਲਾਹੁਣੇ ਹੋਣ ਜਾਂ ਕਣਕ ਪਿਹਾ ਕੇ ਲਿਆਉਣੀ ਹੋਵੇ ਨਿੱਕੇ-ਮੋਟੇ ਸਾਰੇ ਕੰਮ ਕਰ ਦਿੰਦਾ। ਹੁਣ ਤਾਂ ਵਿਚਾਰਾ ਬੁੱਢਾ ਹੋ ਚੱਲਿਐ।’’ ਬੇਜੀ ਦੱਸ ਰਹੇ ਸਨ।
ਸਾਈਂ ਨੂੰ ਲੱਗਿਆ ਜਿਵੇਂ ਮਾਂ ਜੀ ਕਿਸੇ ਹੋਰ ਦੀ ਗੱਲ ਕਰ ਰਹੇ ਨੇ। ਉਸ ਦੇ ਨਾ ਕੋਈ ਅੱਬਾ ਸੀ ਨਾ ਅੰਮਾ ਸੀ, ਉਹ ਤਾਂ ਹਮੇਸ਼ਾ ਤੋਂ ਇੱਥੇ ਹੀ ਰਹਿ ਰਿਹਾ ਸੀ। ਇਉਂ ਹੀ ਰਹਿ ਰਿਹਾ ਸੀ। ਰੋਟੀ ਮਾਂ ਜੀ ਦੇ ਦਿੰਦੇ ਸਨ। ਹੋਰ ਉਸ ਦੀ ਕੋਈ ਲੋੜ ਹੀ ਨਹੀਂ ਸੀ।
ਰਾਤ ਹੋਣ ਤੋਂ ਪਹਿਲਾਂ ਗ਼ਫੂਰ ਮੇਲੇ ਤੋਂ ਮੁੜ ਆਇਆ। ਉਹ ਖ਼ੁਸ਼ ਸੀ। ਉਸ ਨੇ ਮਾਂ ਜੀ ਨੂੰ ਚੀਜ਼ਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਮੰਗੂ ਕੱਟੀ ਲਈ ਮਣਕਿਆਂ ਦੀ ਗਾਨੀ ਲੈ ਕੇ ਆਇਆ ਸੀ ਇੱਕ ਆਨੇ ਦੀ। ਚਾਰ ਆਨਿਆਂ ਦੇ ਪੰਜਾਹ ਬੰਟੇ। ਇੱਕ ਮਾਂ ਜੀ ਲਈ ਜੂੰਆਂ ਵਾਲੀ ਲੱਕੜ ਦੀ ਕੰਘੀ ਜਦੋਂ ਮਾਂ ਜੀ ਨੂੰ ਦੇਣ ਲੱਗਿਆ ਤਾਂ ਉਨ੍ਹਾਂ ਨੇ ਕਿਹਾ, ‘‘ਦੁਰ ਫਿੱਟੇ ਮੂੰਹ। ਮੇਰੇ ਜੂੰਆਂ ਕਦੋਂ ਪੈਂਦੀਆਂ ਨੇ।’’
‘‘ਪੈਂਦੀਆਂ ਤਾਂ ਨਹੀਂ। ਜੇ ਕਦੇ ਪੈ ਗਈਆਂ ਤਾਂ ਤੁਸੀਂ ਜੂੰਆਂ ਕਢਾਉਣ ਪਟਿਆਲੇ ਥੋੜ੍ਹਾ ਜਾਓਗੇ।’’ ਗ਼ਫੂਰ ਦੇ ਇਹ ਕਹਿਣ ’ਤੇ ਸਾਰੇ ਹੱਸ ਪਏ।
ਮਾਂ ਜੀ ਨੇ ਕੰਘੀ ਰੱਖ ਲਈ। ਫਿਰ ਉਸ ਨੇ ਰੰਗ-ਬਿਰੰਗਾ ਲੱਕੜ ਦਾ ਲਾਟੂ ਤੇ ਉਸ ਦੀ ਡੋਰ ਦਿਖਾਏ। ਮੇਰੇ ਲਈ ਉਹ ਨਿੱਕੀ ਜਿਹੀ ਗੁੱਡੀ ਲਿਆਇਆ ਸੀ ਜਿਸ ਨੇ ਕਾਲਾ ਘੱਗਰਾ ਤੇ ਲਾਲ ਕੁੜਤੀ ਪਾਈ ਹੋਈ ਸੀ। ਲੀਰਾਂ ਦੀ ਬਣੀ ਉਹ ਗੁੱਡੀ ਸੀ ਜਿਸ ਨੇ ਉਪਰ ਸਿਤਾਰਿਆਂ ਵਾਲੀ ਚੁੰਨੀ ਲਈ ਹੋਈ ਸੀ। ਮੋਤੀਆਂ ਦੇ ਗਹਿਣੇ ਪਾਏ ਹੋਏ ਸਨ। ਮੈਨੂੰ ਗੁੱਡੀ ਬੜੀ ਚੰਗੀ ਲੱਗੀ।
ਮੈਂ ਗ਼ਫੂਰ ਨੂੰ ਪੁੱਛਿਆ, ‘‘ਗ਼ਫੂਰ, ਇਹ ਕਿੰਨੇ ਦੀ ਆਈ ਐ?’’ ‘‘ਉਹ ਤਾਂ ਛੇ ਆਨੇ ਮੰਗਦਾ ਸੀ ਮਸਾਂ ਕਿਤੇ ਪੰਜ ਆਨਿਆਂ ’ਤੇ ਮੰਨਿਆ। ਉਹ ਆਪਣੇ ਛੀਂਬਿਆ ਦਾ ਬੁੜ੍ਹਾ ਸੀ। ਲੋਕਾਂ ਦੇ ਕੱਪੜਿਆਂ ਵਿੱਚੋਂ ਲੀਰਾਂ ਬਚਾ ਕੇ ਉਸਨੇ ਗੁੱਡੀਆਂ ਬਣਾ ਲਈਆਂ। ਮੈਨੂੰ ਆਖਦਾ ਸੀ ਕਿ ਚੌਧਰੀ ਨੂੰ ਨਾ ਦੱਸੀ ਨਹੀਂ ਤਾਂ ਕੱਲ੍ਹ ਹੀ ਸੱਦ ਕੇ ਆਖ ਦਊਗਾ ਬਈ ਮੇਰੀ ਪੋਤੀ ਲਈ ਦੋ ਗੁੱਡੀਆਂ ਬਣਾ ਦੇ। ਪੈਸੇ ਦੇਣ ਵੇਲੇ ਆਖੂਗਾ ਜਾਹ ਅੰਦਰੋਂ ਆਪਣੀ ਅੰਮਾ ਤੋਂ ਦੋ ਧੜੀਆਂ ਦਾਣੇ ਪਵਾ ਲੈ। ਗੁੱਡੀਆਂ ਕੋਈ ਦੋ ਧੜੀਆਂ ’ਚ ਬਣਦੀਆਂ ਨੇ ਭਲਾ। ਅੱਧਾ ਦਿਨ ਲੱਗ ਜਾਂਦੈ ਇੱਕ ਗੁੱਡੀ ਬਣਾਉਣ ਨੂੰ।’’
‘‘ਗ਼ਫੂਰ ਤੂੰ ਕੁਝ ਖਾਧਾ ਪੀਤਾ ਵੀ ਸੀ ਜਾਂ ਚੀਜ਼ਾਂ ਹੀ ਖਰੀਦਦਾ ਰਿਹਾ?’’ ਮਾਂ ਜੀ ਨੇ ਪੁੱਛਿਆ।
‘‘ਲੈ ਇੱਕ ਆਨੇ ਦੀਆਂ ਜਲੇਬੀਆਂ ਖਾਧੀਆਂ। ਇੱਕ ਆਨੇ ਵਿੱਚ ਮੈਂ ਝੂਲੇ ’ਚ ਝੂਟੇ ਲਏ। ਪੀੜ੍ਹੀ ਜਿਹੀ ’ਤੇ ਬਿਠਾ ਕੇ ਝੂਲਾ ਕਦੇ ਅਸਮਾਨ ਵੱਲ ਲੈ ਜਾਂਦਾ ਸੀ, ਕਦੇ ਹੇਠਾਂ ਆ ਜਾਂਦਾ ਸੀ। ਇੱਕ ਵਾਰੀ ਤਾਂ ਮੈਨੂੰ ਡਰ ਵੀ ਲੱਗਿਆ ਕਿ ਜੇ ਝੂਲਾ ਟੁੱਟ ਜਾਵੇ ਤਾਂ ਅਸੀਂ ਸਾਰੇ ਧੜਾਮ ਡਿੱਗ ਜਾਵਾਂਗੇ। ਇੱਕ ਆਨੇ ਦੀ ਮਲਾਈ ਵਾਲੀ ਬਰਫ਼ ਖਾਧੀ। ਦੋ ਪੈਸੇ ਰਿੱਛ ਦੇ ਤਮਾਸ਼ੇ ਦਿਖਾਉਣ ਵਾਲੇ ਨੂੰ ਦਿੱਤੇ। ਦੋ ਆਨੇ ਦੇ ਖੰਡ ਖੇਲਣੇ ਘਰ ਲਈ ਖਰੀਦੇ। ਇੱਕ ਆਨੇ ਦਾ ਛੋਟਾ ਜਿਹਾ ਸ਼ੀਸ਼ਾ। ਬਾਕੀ ਪੈਸੇ ਬਚ ਗਏ।’’
ਸਾਰੀਆਂ ਚੀਜ਼ਾਂ ਝੋਲੇ ਵਿੱਚੋਂ ਕੱਢ ਕੇ ਮਾਂ ਜੀ ਨੂੰ ਫੜਾਉਂਦਿਆਂ ਕਿਹਾ, ‘‘ਇਹ ਰੱਖ ਲੋ। ਬਾਬਾ ਜੀ ਨੂੰ ਨਾ ਦੱਸਿਓ। ਹੱਟੀਓ ਸੀਖਾਂ ਦੀ ਡੱਬੀ ਲਿਆਉਣ ਲਈ ਆਪਾਂ ਨੂੰ ਬਾਬਾ ਜੀ ਤੋਂ ਪੈਸੇ ਨਹੀਂ ਮੰਗਣੇ ਪੈਣਗੇ।’’
‘‘ਗ਼ਫੂਰ ਮੇਰਾ ਪੁੱਤ ਤਾਂ ਬੜਾ ਹੀ ਸਿਆਣਾ ਹੋ ਗਿਐ।’’ ਪੈਸੇ ਫੜਦਿਆਂ ਮਾਂ ਜੀ ਨੇ ਕਿਹਾ।
ਅਗਲੇ ਦਿਨ ਹਾਜਰੀ ਵੇਲੇ ਮਾਂ ਜੀ ਜਦੋਂ ਬੇਸਨੀ ਰੋਟੀ ਉਪਰ ਮੱਖਣੀ ਧਰ ਕੇ ਗ਼ਫੂਰ ਨੂੰ ਫੜਾਉਣ ਲੱਗੇ ਤਾਂ ਉਹ ਮਾਂ ਜੀ ਨੂੰ ਪੁੱਛਣ ਲੱਗਾ, ‘‘ਮਾਂ ਜੀ, ਪਟਿਆਲੇ ਆਲੇ ਵਾਪਸ ਕਦੋਂ ਜਾਣਗੇ?’’
‘‘ਵੇ ਫਿੱਟੇ ਮੂੰਹ ਤੇਰੇ। ਮਸਾਂ ਤਾਂ ਮੇਰੇ ਜੁਆਕ ਆਏ ਨੇ। ਤੈਨੂੰ ਅੱਜ ਜੇ ਮੱਖਣੀ ਭੋਰਾ ਘੱਟ ਪਾਤੀ ਤਾਂ ਤੂੰ ਪੁੱਛਣ ਲੱਗ ਪਿਆ ਕਿ ਇਹ ਕਦੋਂ ਜਾਣਗੇ।’’ ਮਾਂ ਜੀ ਨੇ ਕਿਹਾ।
ਇਹ ਸੁਣ ਕੇ ਗ਼ਫੂਰ ਚੁੱਪ ਕਰ ਗਿਆ ਜਿਵੇਂ ਉਸਦੀ ਚੋਰੀ ਫੜੀ ਗਈ ਹੋਵੇ।
ਦੂਰੋਂ ਦਰਵਾਜ਼ੇ ਵੱਲੋਂ ਸਾਈਂ ਨੂੰ ਆਉਂਦਾ ਦੇਖ ਕੇ ਗ਼ਫੂਰ ਬੋਲਿਆ, ‘‘ਆ ਗਿਐ ਮਣ ਰੋਟੀਆਂ ਖਾਣ।’’
‘‘ਚੁੱਪ ਕਰ ਜਾ ਹਰਾਮੀ। ਰੋਟੀਆਂ ਤੇਰੇ ਪਿਓ ਦੀਆਂ ਖਾਂਦਾ। ਗ਼ਰੀਬ ਬੰਦਾ ਢਿੱਡ ਵੀ ਨਾ ਭਰੇ।’’ ਸਾਈਂ ਨੇ ਕਿਹਾ।
‘‘ਕੀ ਦੱਸਾਂ ਮਾਂ ਜੀ, ਇੱਕ ਦਿਨ ਮੇਰੇ ਨਾਲ ਇਹ ਘੁਲਾੜੀ ’ਤੇ ਚਲਿਆ ਗਿਆ। ਭਗਤੂ ਚਾਚੇ ਨੇ ਹਾਕ ਮਾਰ ਲਈ ਕਿ ਵੇ ਆਜੋ ਤੱਤਾ ਗੁੜ ਖਾ ਲਵੋ। ਤੈਨੂੰ ਕੀ ਦੱਸਾਂ ਮਾਂ ਜੀ, ਮੰਡ ਗਿਆ ਗੁੜ ਖਾਣ। ਮੈਨੂੰ ਲੱਗਦੈ ਅੱਧੀ ਭੇਲੀ ਖਾ ਗਿਆ ਹੋਣੈ। ਉਹ ਤਾਂ ਭਗਤੂ ਚਾਚੇ ਨੇ ਕਿਹਾ ਕਿ ਸਾਈਂ ਰਸ ਵੀ ਪੀ ਲੈ। ਫੇਰ ਲੱਗ ਪਿਆ ਰਸ ਪੀਣ। ਬਾਟੇ ’ਚ ਪਾ ਪਾ ਅੱਧਾ ਪੀਪਾ ਰਸ ਦਾ ਪੀ ਗਿਆ। ਮੈਨੂੰ ਸੰਗ ਲੱਗੀ ਜਾਵੇ ਬਈ ਭਗਤੂ ਚਾਚਾ ਆਖੂਗਾ ਬਈ ਇਨ੍ਹਾਂ ਨੇ ਕਦੇ ਗੁੜ ਨੀ ਦੇਖਿਆ, ਰਸ ਨੀ ਦੇਖਿਆ।’’ ਗ਼ਫੂਰ ਨੇ ਕਿਹਾ।
ਫਿਰ ਗ਼ਫੂਰ ਨੇ ਮੰਗੋ ਕੱਟੀ ਲਈ ਲਿਆਂਦੀ ਗਾਨੀ ਸਾਈਂ ਨੂੰ ਦਿਖਾਈ। ਸਾਈਂ ਨੇ ਉਹ ਕੱਟੀ ਦੇ ਗਲ ਪਾ ਦਿੱਤੀ ਤੇ ਗ਼ਫੂਰ ਮੰਗੋ ਕੱਟੀ ਦੇ ਗਲ ਨਾਲ ਚੰਬੜ ਕੇ ਆਖਣ ਲੱਗਿਆ, ‘‘ਇਹ ਮੇਰੀ ਮੰਗੂ ਕੱਟੀ ਐ। ਤੂੰ ਦੇਖਦਾ ਜਾਈਂ ਸਾਈਂ ਇੱਕ ਦਿਨ ਮੂਨ ਵਰਗੀ ਝੋਟੀ ਬਣਜੂਗੀ। ਅਸੀਂ ਇਹ ਬੇਚਣੀ ਨੀ ਅਸੀਂ ਤਾਂ ਘਰ ਹੀ ਰੱਖਾਂਗੇ।’’
ਅੱਜ ਮੈਂ ਸੋਚਦੀ ਆਂ ਕਿ ਉਹ ਵੀ ਇੱਕ ਜ਼ਿੰਦਗੀ ਸੀ।
ਅਗਲੇ ਦਿਨ ਅਸੀਂ ਪਟਿਆਲੇ ਨੂੰ ਆ ਗਏ। ਕਿੰਨੀ ਦੂਰ ਤਕ ਬਾਕੀ ਨਿਆਣਿਆਂ ਦੇ ਨਾਲ ਗ਼ਫੂਰ ਕਾਰ ਦੇ ਮਗਰ ਮਗਰ ਭੱਜਦਾ ਆਇਆ। ਨਹਿਰ ਦਾ ਪੁੱਲ ਚੜ੍ਹਨ ਤੋਂ ਪਹਿਲਾਂ ਕਾਰ ਰੋਕ ਕੇ ਬਾਪੂ ਜੀ ਨੇ ਸਾਰੇ ਬੱਚਿਆਂ ਨੂੰ ਮੁੜ ਜਾਣ ਲਈ ਆਖਿਆ।
ਬੁੱਢਾ ਸਾਈਂ ਅਤੇ ਗ਼ਫੂਰ ਪਿੰਡ ਸਾਡੇ ਘਰ ਰਹਿੰਦੇ ਸਨ। ਜਦੋਂ ਅਸੀਂ ਪਿੰਡ ਜਾਂਦੇ ਗ਼ਫੂਰ ਲਈ ਕੁਝ ਨਾ ਕੁਝ ਜ਼ਰੂਰ ਲਿਜਾਂਦੇ। ਫਿਰ ਇੱਕ ਦਿਨ ਉਹ ਮੇਲੇ ਗਿਆ ਅਤੇ ਦੇਰ ਨਾਲ ਘਰ ਪਰਤਿਆ। ਹੁਣ ਅੱਗੋਂ:

ਸਾਰੀਆਂ ਚੀਜ਼ਾਂ ਝੋਲੇ ਵਿੱਚੋਂ ਕੱਢ ਕੇ ਗ਼ਫੂਰ ਨੇ ਮਾਂ ਜੀ ਨੂੰ ਫੜਾਉਂਦਿਆਂ ਕਿਹਾ, ‘‘ਇਹ ਰੱਖ ਲੋ। ਬਾਬਾ ਜੀ ਨੂੰ ਨਾ ਦੱਸਿਓ। ਹੱਟੀਓ ਸੀਖਾਂ ਦੀ ਡੱਬੀ ਲਿਆਉਣ ਲਈ ਆਪਾਂ ਨੂੰ ਬਾਬਾ ਜੀ ਤੋਂ ਪੈਸੇ ਨਹੀਂ ਮੰਗਣੇ ਪੈਣਗੇ।’’
‘‘ਗ਼ਫੂਰ ਮੇਰਾ ਪੁੱਤ ਤਾਂ ਬੜਾ ਹੀ ਸਿਆਣਾ ਹੋ ਗਿਐ।’’ ਪੈਸੇ ਫੜਦਿਆਂ ਮਾਂ ਜੀ ਨੇ ਕਿਹਾ।
ਅਗਲੇ ਦਿਨ ਹਾਜਰੀ ਵੇਲੇ ਮਾਂ ਜੀ ਜਦੋਂ ਬੇਸਨੀ ਰੋਟੀ ਉਪਰ ਮੱਖਣੀ ਧਰ ਕੇ ਗ਼ਫੂਰ ਨੂੰ ਫੜਾਉਣ ਲੱਗੇ ਤਾਂ ਉਹ ਮਾਂ ਜੀ ਨੂੰ ਪੁੱਛਣ ਲੱਗਾ, ‘‘ਮਾਂ ਜੀ, ਪਟਿਆਲੇ ਆਲੇ ਵਾਪਸ ਕਦੋਂ ਜਾਣਗੇ?’’ ‘‘ਵੇ ਫਿੱਟੇ ਮੂੰਹ ਤੇਰੇ। ਮਸਾਂ ਤਾਂ ਮੇਰੇ ਜੁਆਕ ਆਏ ਨੇ। ਤੈਨੂੰ ਅੱਜ ਜੇ ਮੱਖਣੀ ਭੋਰਾ ਘੱਟ ਪਾਤੀ ਤਾਂ ਤੂੰ ਪੁੱਛਣ ਲੱਗ ਪਿਆ ਕਿ ਇਹ ਕਦੋਂ ਜਾਣਗੇ।’’ ਮਾਂ ਜੀ ਨੇ ਕਿਹਾ। ਇਹ ਸੁਣ ਕੇ ਗ਼ਫੂਰ ਚੁੱਪ ਕਰ ਗਿਆ ਜਿਵੇਂ ਉਸਦੀ ਚੋਰੀ ਫੜੀ ਗਈ ਹੋਵੇ।
ਦੂਰੋਂ ਦਰਵਾਜ਼ੇ ਵੱਲੋਂ ਸਾਈਂ ਨੂੰ ਆਉਂਦਾ ਦੇਖ ਕੇ ਗ਼ਫੂਰ ਬੋਲਿਆ, ‘‘ਆ ਗਿਐ ਮਣ ਰੋਟੀਆਂ ਖਾਣ।’’
‘‘ਚੁੱਪ ਕਰ ਜਾ…। ਰੋਟੀਆਂ ਤੇਰੇ ਪਿਓ ਦੀਆਂ ਖਾਂਦਾ। ਗ਼ਰੀਬ ਬੰਦਾ ਢਿੱਡ ਵੀ ਨਾ ਭਰੇ।’’ ਸਾਈਂ ਨੇ ਕਿਹਾ। ‘‘ਕੀ ਦੱਸਾਂ ਮਾਂ ਜੀ, ਇੱਕ ਦਿਨ ਮੇਰੇ ਨਾਲ ਇਹ ਘੁਲਾੜੀ ’ਤੇ ਚਲਿਆ ਗਿਆ। ਭਗਤੂ ਚਾਚੇ ਨੇ ਹਾਕ ਮਾਰ ਲਈ ਕਿ ਵੇ ਆਜੋ ਤੱਤਾ ਗੁੜ ਖਾ ਲਵੋ। ਤੈਨੂੰ ਕੀ ਦੱਸਾਂ ਮਾਂ ਜੀ, ਮੰਡ ਗਿਆ ਗੁੜ ਖਾਣ। ਮੈਨੂੰ ਲੱਗਦੈ ਅੱਧੀ ਭੇਲੀ ਖਾ ਗਿਆ ਹੋਣੈ। ਉਹ ਤਾਂ ਭਗਤੂ ਚਾਚੇ ਨੇ ਕਿਹਾ ਕਿ ਸਾਈਂ ਰਸ ਵੀ ਪੀ ਲੈ। ਫੇਰ ਲੱਗ ਪਿਆ ਰਸ ਪੀਣ। ਬਾਟੇ ’ਚ ਪਾ ਪਾ ਅੱਧਾ ਪੀਪਾ ਰਸ ਦਾ ਪੀ ਗਿਆ। ਮੈਨੂੰ ਸੰਗ ਲੱਗੀ ਜਾਵੇ ਬਈ ਭਗਤੂ ਚਾਚਾ ਆਖੂਗਾ ਬਈ ਇਨ੍ਹਾਂ ਨੇ ਕਦੇ ਗੁੜ ਨੀ ਦੇਖਿਆ, ਰਸ ਨੀ ਦੇਖਿਆ।’’ ਗ਼ਫੂਰ ਨੇ ਕਿਹਾ।
ਫਿਰ ਗ਼ਫੂਰ ਨੇ ਮੰਗੋ ਕੱਟੀ ਲਈ ਲਿਆਂਦੀ ਗਾਨੀ ਸਾਈਂ ਨੂੰ ਦਿਖਾਈ। ਸਾਈਂ ਨੇ ਉਹ ਕੱਟੀ ਦੇ ਗਲ ਪਾ ਦਿੱਤੀ ਤੇ ਗ਼ਫੂਰ ਮੰਗੋ ਕੱਟੀ ਦੇ ਗਲ ਨਾਲ ਚੰਬੜ ਕੇ ਆਖਣ ਲੱਗਿਆ, ‘‘ਇਹ ਮੇਰੀ ਮੰਗੂ ਕੱਟੀ ਐ। ਤੂੰ ਦੇਖਦਾ ਜਾਈਂ ਸਾਈਂ ਇੱਕ ਦਿਨ ਮੂਨ ਵਰਗੀ ਝੋਟੀ ਬਣਜੂਗੀ। ਅਸੀਂ ਇਹ ਬੇਚਣੀ ਨੀ ਅਸੀਂ ਤਾਂ ਘਰ ਹੀ ਰੱਖਾਂਗੇ।’’
ਅੱਜ ਮੈਂ ਸੋਚਦੀ ਆਂ ਕਿ ਉਹ ਵੀ ਇੱਕ ਜ਼ਿੰਦਗੀ ਸੀ।
ਅਗਲੇ ਦਿਨ ਅਸੀਂ ਪਟਿਆਲੇ ਨੂੰ ਆ ਗਏ। ਕਿੰਨੀ ਦੂਰ ਤਕ ਬਾਕੀ ਨਿਆਣਿਆਂ ਦੇ ਨਾਲ ਗ਼ਫੂਰ ਕਾਰ ਦੇ ਮਗਰ ਮਗਰ ਭੱਜਦਾ ਆਇਆ। ਨਹਿਰ ਦਾ ਪੁੱਲ ਚੜ੍ਹਨ ਤੋਂ ਪਹਿਲਾਂ ਕਾਰ ਰੋਕ ਕੇ ਬਾਪੂ ਜੀ ਨੇ ਸਾਰੇ ਬੱਚਿਆਂ ਨੂੰ ਮੁੜ ਜਾਣ ਲਈ ਆਖਿਆ।

(2)
ਫੇਰ ਇੱਕ ਦਿਨ ਸੁਣਿਆ ਕਿ ਦੇਸ ਆਜ਼ਾਦ ਹੋ ਗਿਆ। ਅੰਗਰੇਜ਼ ਆਪਣੇ ਦੇਸ ਨੂੰ ਮੁੜ ਰਹੇ ਨੇ, ਪਰ ਜਾਣ ਤੋਂ ਪਹਿਲਾਂ ਦੇਸ ਨੂੰ ਦੋ ਹਿੱਸਿਆਂ ਵਿੱਚ ਵੰਡ ਗਏ। ਇੱਕ ਹਿੱਸੇ ਦਾ ਨਾਂ ਪਾਕਿਸਤਾਨ ਜਿੱਥੇ ਮੁਸਲਮਾਨ ਬਹੁਤੇ ਸਨ। ਦੂਜੇ ਪਾਸੇ ਦਾ ਨਾਂ ਹਿੰਦੁਸਤਾਨ ਸੀ ਜਿੱਥੇ ਵਧੇਰੇ ਕਰਕੇ ਹਿੰਦੂ ਸਨ।
ਪਟਿਆਲੇ ਸਾਡੀ ਕੋਠੀ ਸ਼ਹਿਰ ਦੇ ਬਾਹਰ ਸੀ। ਉਸਦੇ ਆਲੇ-ਦੁਆਲੇ ਪਹਿਰੇ ਸਨ। ਹੁਣ ਵੀ ਕੋਠੀ ਵੱਡੇ ਸਾਰੇ ਬਾਗ਼ ਵਿੱਚ ਸੀ। ਸਾਡੇ ਤਕ ਇਹ ਖ਼ਬਰਾਂ ਪਹੁੰਚਦੀਆਂ ਸਨ ਕਿ ਪਾਕਿਸਤਾਨ ਵੱਲੋਂ ਹਿੰਦੂ ਸਿੱਖ ਕੱਢੇ ਮਾਰੇ ਤੇ ਭਜਾਏ ਜਾ ਰਹੇ ਸਨ ਕਿ ਜਾਓ ਆਪਣੇ ਹਿੰਦੁਸਤਾਨ ਵਿੱਚ। ਘਰਾਂ ਅਤੇ ਦੁਕਾਨਾਂ ਦੀ ਲੁੱਟ-ਖਸੁੱਟ ਤੋਂ ਬਿਨਾਂ ਧੀਆਂ-ਭੈਣਾਂ ਦੀ ਇੱਜ਼ਤ ਵੀ ਲੁੱਟੀ ਜਾ ਰਹੀ ਸੀ। ਬਥੇਰੀਆਂ ਨੇ ਨਹਿਰਾਂ, ਨਦੀਆਂ, ਖੂਹਾਂ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਕਈ ਮਾਪਿਆਂ ਭਰਾਵਾਂ ਨੇ ਆਪ ਹੀ ਮਾਰ ਦਿੱਤੀਆਂ ਸਨ। ਉਸੇ ਤਰ੍ਹਾਂ ਹਿੰਦੁਸਤਾਨ ਵਿੱਚੋਂ ਮੁਸਲਮਾਨਾਂ ਨਾਲ ਉਹੋ ਜਿਹਾ ਵਰਤਾਰਾ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਸੀ।
ਇਨ੍ਹਾਂ ਦਿਨਾਂ ਵਿੱਚ ਹੀ ਸਾਡਾ ਡਰਾਈਵਰ ਰਣਜੀਤ ਬਾਹਰੋਂ ਗਿਆਰਾਂ-ਬਾਰਾਂ ਸਾਲਾਂ ਦੀ ਇੱਕ ਮਲੂਕ ਜਿਹੀ ਕੁੜੀ ਨੂੰ ਬਾਂਹ ਤੋਂ ਫੜ ਕੇ ਅੰਦਰ ਲਿਆਇਆ। ਅੰਦਰ ਆ ਕੇ ਬੇਜੀ ਕੋਲ ਆ ਕੇ ਉਹ ਬੋਲਿਆ, ‘‘ਬੇਜੀ, ਰਾਤ ਆਪਣੀ ਕੋਠੀ ਦੇ ਮਗਰ ਹੀ ਸਰਕੜੇ ਵਿੱਚੋਂ ਦੀ ਮੁਸਲਮਾਨਾਂ ਦਾ ਕਾਫ਼ਲਾ ਲੰਘਿਆ ਸੀ। ਸ਼ਾਇਦ ਮਲੇਰਕੋਟਲੇ ਵੱਲ ਭੱਜੇ ਜਾ ਰਹੇ ਸਨ। ਉੱਥੇ ਮੁਸਲਮਾਨ ਰਾਜਾ ਹੋਣ ਕਰਕੇ ਵੱਢ ਟੁੱਕ ਨਹੀਂ ਸੀ ਹੋਈ। ਰੌਲਾ ਸੁਣ ਕੇ ਮੈਨੂੰ ਉਦੋਂ ਜਾਗ ਆ ਗਈ ਜਦੋਂ ਸ਼ਹਿਰ ਕਾਫ਼ਲੇ ’ਤੇ ਧਾੜਵੀ ਟੁੱਟ ਪਏ। ਚੀਕ ਚਿਹਾੜਾ ਪੈ ਗਿਆ। ਹਵਾ ਵਿੱਚ ਫਾਇਰ ਹੋਏ। ਸ਼ਾਇਦ ਪੁਲੀਸ ਆ ਗਈ। ਉਹ ਪਿਛਾਂਹ ਪਰਤ ਗਏ। ਹਨੇਰੇ ਵਿੱਚ ਹੀ ਕੁੜੀਆਂ ਬੁੜ੍ਹੀਆਂ ਸਾਰੀਆਂ ਅਗਾਂਹ ਲੰਘ ਗਈਆਂ। ਫੇਰ ਚੁੱਪ-ਚਾਂਅ ਹੋ ਗਈ। ਸਵੇਰੇ ਜਦੋਂ ਮੈਂ ਉਧਰ ਗੇੜਾ ਮਾਰਨ ਗਿਆ ਤਾਂ ਕਈ ਲੋਕ ਵਿੱਚੋਂ ਵੱਢੇ ਟੁੱਕੇ ਹੋਏ ਸਨ। ਬੜਾ ਜੀਅ ਖ਼ਰਾਬ ਹੋਇਆ ਦੇਖ ਕੇ। ਉਨ੍ਹਾਂ ਵਿੱਚ ਹੀ ਇਹ ਕੁੜੀ ਡਿੱਗੀ ਪਈ ਦੇਖੀ। ਇਸ ਦੇ ਫੱਟ ਤਾਂ ਕੋਈ ਨਹੀਂ ਸੀ ਸ਼ਾਇਦ ਡਰ ਕੇ ਬੇਹੋਸ਼ ਹੋ ਕੇ ਡਿੱਗ ਪਈ ਸੀ। ਮੈਂ ਬਾਂਹ ਫੜ ਕੇ ਉਠਾਇਆ। ਮੈਨੂੰ ਦੇਖ ਕੇ ਚੀਕਾਂ ਮਾਰਨ ਲੱਗ ਪਈ। ਮੈਂ ਆਖਿਆ ਕਮਲੀਏ ਚੱਲ ਤੈਨੂੰ ਬੇਜੀ ਕੋਲ ਲੈ ਕੇ ਚੱਲਾਂ।’’
ਗੋਰੀ ਚਿੱਟੀ ਮਾੜਕੂ ਜਿਹੀ ਕੁੜੀ ਡਰੀ ਘਬਰਾਈ ਬਿਟਰ ਬਿਟਰ ਝਾਕਦੀ ਰਹੀ। ‘‘ਬੈਠ ਜਾ ਪੁੱਤ ਕੁਰਸੀ ’ਤੇ। ਰਣਜੀਤ ਮਾਇਆ ਨੂੰ ਕਹਿ ਕੁਛ ਇਸ ਨੂੰ ਖਾਣ ਨੂੰ ਦੇਵੇ,’’ ਬੇਜੀ ਨੇ ਕਿਹਾ। ਬੇਜੀ ਨੇ ਉਸ ਨੂੰ ਪੁੱਛਿਆ, ‘‘ਕੀ ਨਾਂ ਐ ਤੇਰਾ?’’ ਉਸ ਨੂੰ ਜਿਵੇਂ ਆਪਣਾ ਨਾਂ ਹੀ ਭੁੱਲ ਗਿਆ ਸੀ। ‘‘ਡਰ ਨਾ। ਮਜਾਲ ਐ ਇੱਥੇ ਤੈਨੂੰ ਕੋਈ ਹੱਥ ਲਾ ਜੇ। ਕੀ ਨਾਂ ਐ ਤੇਰਾ?’’ ਬੇਜੀ ਨੇ ਉਸ ਦੇ ਸਿਰ ’ਤੇ ਹੱਥ ਫੇਰਦਿਆਂ ਪੁੱਛਿਆ। ‘‘ਜ਼ੀਨਤ,’’ ਉਸ ਨੇ ਸਾਹ ਸਤਹੀਣ ਆਵਾਜ਼ ’ਚ ਦੱਸਿਆ।
‘‘ਤੇਰੇ ਅੱਬਾ ਦਾ ਕੀ ਨਾਂ ਐ?’’ ਉਹ ਸਿਰਫ਼ ਬੌਂਦਲਿਆਂ ਵਾਂਗ ਇਧਰ ਉਧਰ ਝਾਕ ਰਹੀ ਸੀ। ਇੰਨੇ ਨੂੰ ਮਾਇਆ ਦੁੱਧ ਦੇ ਗਿਲਾਸ ਨਾਲ ਪਲੇਟ ’ਚ ਬਿਸਕੁਟ ਰੱਖ ਕੇ ਲੈ ਕੇ ਆ ਗਈ। ਬੇਜੀ ਨੇ ਜ਼ੀਨਤ ਨੂੰ ਕਿਹਾ, ‘‘ਦੁੱਧ ਪੀ ਲੈ ਤੇ ਬਿਸਕੁਟ ਖਾ ਲੈ।’’ ਉਸ ਨੇ ਨਾ ਗਿਲਾਸ ਫੜਿਆ ਤੇ ਨਾ ਹੀ ਬਿਸਕੁਟ ਛੂਹੇ।
ਬੇਜੀ ਨੇ ਪੁੱਛਿਆ, ‘‘ਤੁਸੀਂ ਕਿੱਥੇ ਰਹਿੰਦੇ ਸੀ?’’
‘‘ਸ਼ਾਹੀ ਸਮਾਧਾਂ ਕੋਲ,’’ ਉਸ ਨੇ ਮਰੀਅਲ ਆਵਾਜ਼ ’ਚ ਕਿਹਾ। ‘‘ਤੂੰ ਡਰ ਨਾ ਕੁਝ ਖਾ ਲੈ। ਤੇਰੇ ਅੱਬਾ ਤੇ ਅੰਮੀ ਦਾ ਪਤਾ ਕਰਕੇ ਤੈਨੂੰ ਮਲੇਰਕੋਟਲੇ ਪਹੁੰਚ ਦੇਵਾਂਗੇ,’’ ਬੇਜੀ ਨੇ ਕਿਹਾ। ‘‘ਅੱਬਾ ਤੇ ਅੰਮੀ ਤਾਂ ਵੱਢ ਦਿੱਤੇ ਸੀ,’’ ਉਸ ਨੇ ਰੋ ਕੇ ਬੌਂਦਲਿਆਂ ਵਾਂਗ ਦੱਸਿਆ।
ਰਣਜੀਤ ਨੇ ਕਿਹਾ, ‘‘ਬੇਜੀ, ਮਲੇਰਕੋਟਲੇ ਵੀ ਇਹਦਾ ਕੌਣ ਹੋਣਾ? ਮੈਂ ਇਹਨੂੰ ਆਪਣੀ ਮਾਂ ਕੋਲ ਪਿੰਡ ਛੱਡ ਆਊਂਗਾ।’’
ਦੋ ਤਿੰਨ ਦਿਨ ਸਾਡੇ ਘਰ ਰਹੀ। ਇੱਕ ਦਿਨ ਜਦੋਂ ਮੈਂ ਸਕੂਲੋਂ ਵਾਪਸ ਆਈ ਤਾਂ ਜ਼ੀਨਤ ਘਰ ਨਹੀਂ ਸੀ। ਪੁੱਛਣ ’ਤੇ ਬੇਜੀ ਨੇ ਮੈਨੂੰ ਦੱਸਿਆ ਕਿ ਤੇਰੇ ਬਾਪੂ ਜੀ ਨੇ ਮਲੇਰਕੋਟਲੇ ਕੋਈ ਰਿਸ਼ਤੇਦਾਰ ਪਤਾ ਕਰਕੇ ਉਸ ਕੋਲ ਭੇਜ ਦਿੱਤੀ ਐ।
ਮੈਂ ਪੁੱਛਿਆ, ‘‘ਕਿਉਂ ਭੇਜੀ?’’ ‘‘ਮੁਸਲਮਾਨਾਂ ਦੀ ਕੁੜੀ ਨੂੰ ਲੁਕੋ ਕੇ ਨਹੀਂ ਰੱਖ ਸਕਦੇ,’’ ਬੇਜੀ ਨੇ ਦੱਸਿਆ।
ਜ਼ੀਨਤ ਦੇ ਜਾਣ ਮਗਰੋਂ ਬੇਜੀ ਔਖਾ ਔਖਾ ਮਹਿਸੂਸ ਕਰ ਰਹੇ ਸਨ। ਉਹ ਅੰਗਰੇਜ਼ਾਂ ਨੂੰ ਗਾਲ੍ਹਾਂ ਦੇਣ ਲੱਗਦੇ ਬਈ ਸਾਡੇ ਮੁਲਕ ’ਚ ਤਬਾਹੀ ਮਚਾ ਕੇ ਉਨ੍ਹਾਂ ਨੂੰ ਕੀ ਥਿਆ ਗਿਆ। ਕਦੇ ਜਿਨਾਹ ਤੇ ਕਦੇ ਨਹਿਰੂ ਨੂੰ ਆਖਦੇ ਕਿ ਬਈ ਇਨ੍ਹਾਂ ਦੀਆਂ ਅੱਖਾਂ ਫੁੱਟੀਆਂ ਸਨ! ਕਦੇ ਕਦੇ ਆਖਦੇ ਕਿ ਰੁੜ ਜਾਣੇ ਗਾਂਧੀ ਨੇ ਕਿਉਂ ਨਾ ਇਹ ਸਭ ਕੁਝ ਰੋਕਿਆ। ਕਦੇ ਕਦੇ ਕਿੰਨਾ ਕਿੰਨਾ ਚਿਰ ਪਾਠ ਕਰਦੇ ਰਹਿੰਦੇ। ਜ਼ੀਨਤ ਦਾ ਕੁਮਲਾਇਆ ਜਿਹਾ ਮੂੰਹ ਕਈ ਵਾਰੀ ਮੇਰੀਆਂ ਅੱਖਾਂ ਅੱਗੇ ਘੁੰਮ ਜਾਂਦਾ। ਉਹ ਬੜੀ ਵਾਰੀ ਯਾਦ ਆਉਂਦੀ।
ਫੇਰ ਮਹੀਨੇ ਮਗਰੋਂ ਸਾਡਾ ਅਹਿਮਦ ਟਾਂਗੇ ਵਾਲਾ ਜਿਹੜਾ ਮੈਨੂੰ ਪਰਦੇ ਵਾਲੇ ਟਾਂਗੇ ਵਿੱਚ ਸਕੂਲ ਛੱਡਣ ਜਾਂਦਾ ਸੀ, ਇੱਕ ਦਿਨ ਸਾਡੇ ਘਰ ਆਇਆ ਤੇ ਬੇਜੀ ਦੇ ਪੈਰੀਂ ਹੱਥ ਲਾ ਕੇ ਭੁੱਬਾਂ ਮਾਰ ਕੇ ਰੋ ਪਿਆ।

‘ਬੀਬਾ ਦੇ ਬਾਪੂ ਜੀ ਨੇ ਤੇਰਾ ਬਥੇਰਾ ਪਤਾ ਕਰਵਾਇਆ ਸੀ। ਇਹੀ ਪਤਾ ਲੱਗਿਆ ਕਿ ਬਈ ਗੁੱਜਰਾਂ ਦੇ ਵਿਹੜੇ ਦੇ ਸਾਰੇ ਲੋਕ ਮਾਰ ਦਿੱਤੇ ਗਏ ਨੇ,’’ ਬੇਜੀ ਕਹਿ ਰਹੇ ਸਨ। ‘‘ਹਾਂ ਬੇਜੀ ਹਾਂ, ਮੇਰੀ ਅੰਮੀ, ਮੇਰੇ ਬੱਚੇ, ਤੁਹਾਡੀ ਨੂੰਹ ਸਾਰੇ ਮਾਰ ਦਿੱਤੇ ਗਏ ਹਨ। ਮੈਂ ਤਾਂ ਉੱਥੋਂ ਭੱਜ ਨਿਕਲਿਆ ਸੀ। ਖੇਤਾਂ ਵਿੱਚੋਂ ਦੀ ਲੰਘਦਾ ਹੋਇਆ ਰਾਤੋ ਰਾਤ ਮਲੇਰਕੋਟਲਾ ਪਹੁੰਚ ਗਿਆ। ਸ਼ੁਕਰ ਐ ਗੁਰੂ ਜੀ ਨੇ ਮਲੇਰਕੋਟਲੇ ਨੂੰ ਵਸਦਾ ਰਹਿਣ ਦਾ ਵਰ ਦਿੱਤਾ ਹੋਇਆ ਹੈ ਤਾਂ ਹੀ ਤਾਂ ਇਧਰੇ ਕੁਝ ਨਹੀਂ ਹੋਇਆ।’’
‘‘ਹਾਂ ਅਹਿਮਦ, ਜਦੋਂ ਸਰਹੰਦ ਵਿੱਚ ਗੁਰੂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਮਾਰਨ ਲੱਗੇ ਸੀ ਤਾਂ ਸਿਰਫ਼ ਮਲੇਰਕੋਟਲੇ ਦੇ ਨਵਾਬ ਨੇ ਹਾਅ ਦਾ ਨਾਅਰਾ ਮਾਰਿਆ ਸੀ। ਭਾਵੇਂ ਉਹ ਮਾਸੂਮਾਂ ਦੇ ਕਤਲ ਨੂੰ ਟਾਲ ਨਾ ਸਕਿਆ, ਪਰ ਮੁਸਲਮਾਨ ਹੁੰਦਿਆਂ ਵੀ ਉਸਨੇ ਇਸ ਕਾਰੇ ਦਾ ਵਿਰੋਧ ਤਾਂ ਕੀਤਾ ਸੀ। ਗੁਰੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਸਿਰਫ਼ ਮਲੇਰਕੋਟਲੇ ਦੇ ਨਵਾਬ ਨੇ ਹਾਅ ਦਾ ਨਾਅਰਾ ਮਾਰਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮਲੇਰਕੋਟਲਾ ਹਮੇਸ਼ਾ ਵਸਦਾ ਰਹੇਗਾ,’’ ਬੇਜੀ ਨੇ ਦੱਸਿਆ।
‘‘ਹਾਂ ਬੇਜੀ, ਤੁਸੀਂ ਠੀਕ ਕਹਿ ਰਹੇ ਓ। ਇਨ੍ਹਾਂ ਬੁਰੇ ਦਿਨਾਂ ਵਿੱਚ ਆਲੇ-ਦੁਆਲੇ ਦੇ ਪਿੰਡਾਂ ਅਤੇ ਮਲੇਰਕੋਟਲੇ ਵਿੱਚ ਵੱਸਦੇ ਸਿੱਖਾਂ ਨੇ ਮਲੇਰਕੋਟਲੇ ਦੇ ਆਲੇ-ਦੁਆਲੇ ਠੀਕਰੀ ਪਹਿਰਾ ਲਾਈ ਰੱਖਿਆ ਸੀ ਤਾਂ ਜੋ ਜਨੂੰਨੀ ਤੇ ਲੁਟੇਰੇ ਇਧਰ ਨੂੰ ਮੂੰਹ ਨਾ ਕਰਨ,’’ ਅਹਿਮਦ ਨੇ ਕਿਹਾ।
‘‘ਫੇਰ ਅਹਿਮਦ ਤੇਰਾ ਕੀ ਹਾਲ ਐ? ਨਾਲੇ ਮਾਇਆ ਰੋਟੀ ਪਾ ਕੇ ਦੇ ਦੇ ਅਹਿਮਦ ਨੂੰ,’’ ਬੇਜੀ ਨੇ ਕਿਹਾ।
‘‘ਹਾਲ ਕੀ ਹੋਣਾ ਬੇਜੀ, ਦਿਨੇ ਬੱਸਾਂ ਦੇ ਅੱਡੇ ’ਤੇ ਮਜ਼ਦੂਰੀ ਕਰਦਾ ਰਹਿਨਾ ਤੇ ਫੇਰ ਰਾਤ ਨੂੰ ਰਿਸ਼ਤੇਦਾਰਾਂ ਦੀ ਇੱਕ ਕੋਠੜੀ ਵਿੱਚ ਸੌਂ ਜਾਂਨਾ,’’ ਅਹਿਮਦ ਨੇ ਕਿਹਾ।
‘‘ਤੂੰ ਫੇਰ ਪਾਕਿਸਤਾਨ ਨਹੀਂ ਗਿਆ?’’ ਬੇਜੀ ਨੇ ਪੁੱਛਿਆ। ‘‘ਪਾਕਿਸਤਾਨ ਸਾਡਾ ਕੌਣ ਸੀ। ਨਿਰੇ ਪਾਕਿਸਤਾਨ ਨੂੰ ਕੀ ਰੋਟੀ ਦੀ ਥਾਂ ਖਾ ਲਵਾਂਗੇ ਜਾਂ ਕੱਪੜਿਆਂ ਦੀ ਥਾਂ ਪਾ ਲਵਾਂਗੇ!’’ ਅਹਿਮਦ ਨੇ ਦੱਸਿਆ।
ਇੰਨੇ ਨੂੰ ਮਾਇਆ ਰੋਟੀ ਲੈ ਕੇ ਆ ਗਈ। ਰੋਟੀ ਫੜਦਿਆਂ ਅਹਿਮਦ ਬੋਲਿਆ, ‘‘ਬੇਜੀ ਜਰਨੈਲ ਸਾਬ ਦੇ ਦੋ ਪੁਰਾਣੇ ਪਜਾਮੇ ਕੁੜਤੇ ਵੀ ਦੇ ਦਿਓ।’’
ਇਹ ਸੁਣ ਕੇ ਬੇਜੀ ਨੇ ਕਿਹਾ, ‘‘ਪੁਰਾਣੇ ਕਿਉਂ, ਪੈਸੇ ਲੈ ਜਾਈਂ ਨਵੇਂ ਬਣਵਾ ਲਵੀਂ। ਤੂੰ ਸਾਡੇ ਕੋਲ ਕਿਉਂ ਨਹੀਂ ਆ ਜਾਂਦਾ।’’
‘‘ਇੱਥੇ ਤਾਂ ਹੁਣ ਬੇਜੀ ਪੁਰਾਣਾ ਸਭ ਕੁਝ ਹਰ ਵੇਲੇ ਯਾਦ ਆਉਂਦਾ ਰਹੂਗਾ। ਨਾਲੇ ਉੱਥੇ ਰਹਿੰਦੇ ਦਾ ਹੋ ਸਕਦੈ ਕਿਸੇ ਗ਼ਰੀਬ ਗ਼ਰੂਬ ਗੁੱਜਰਾਂ ਦੀ ਕੁੜੀ ਨਾਲ ਨਿਕਾਹ ਵੀ ਹੋ ਜਾਵੇ,’’ ਅਹਿਮਦ ਨੇ ਕਿਹਾ।

ਉਸ ਦਿਨ ਬਾਪੂ ਜੀ ਨੇ ਸਾਈਂ ਤੇ ਗ਼ਫੂਰ ਦਾ ਪਤਾ ਕਰਨ ਇੱਕ ਸਿਪਾਹੀ ਨੂੰ ਪਿੰਡ ਭੇਜ ਦਿੱਤਾ। ਉਸ ਨੇ ਆ ਕੇ ਦੱਸਿਆ ਕਿ ਸਾਈਂ ਦਾ ਪਤਾ ਨਹੀਂ ਚੱਲਿਆ। ਗ਼ਫੂਰ ਨੂੰ ਪਹਿਲਾਂ ਤਾਂ ਮਾਂ ਜੀ ਨੇ ਅੰਦਰ ਲੁਕੋ ਲਿਆ ਸੀ। ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਟੋਲਿਆਂ ਦੇ ਟੋਲੇ ਹੰਕਾਰੇ ਹੋਏ ਸਿੱਖ ਮੁਸਲਮਾਨਾਂ ਨੂੰ ਲੱਭ ਲੱਭ ਕੇ ਮਾਰ ਰਹੇ ਨੇ ਤਾਂ ਫੇਰ ਪਤਾ ਲੱਗਿਆ ਕਿ ਬਾਬਾ ਜੀ ਗ਼ਫੂਰ ਨੂੰ ਮਲੇਰਕੋਟਲੇ ਛੱਡ ਆਏ ਨੇ। ਉੱਥੇ ਉਨ੍ਹਾਂ ਨੇ ਲੋਕਾਂ ਤੋਂ ਪਤਾ ਕਰਕੇ ਗ਼ਫੂਰ ਦੇ ਮੰਡੀਆਂ ਪਿੰਡ ਤੋਂ ਆਏ ਅੰਮੀ ਤੇ ਅੱਬਾ ਨੂੰ ਵੀ ਲੱਭ ਲਿਆ, ਪਰ ਗ਼ਫੂਰ ਫੇਰ ਵੀ ਬਾਬਾ ਜੀ ਦੀਆਂ ਲੱਤਾਂ ਨੂੰ ਚਿੰਬੜ ਚਿੰਬੜ ਕੇ ਚਿੰਘਾੜਾਂ ਮਾਰਦਾ ਸੀ, ਆਖਦਾ ਸੀ ਕਿ ਮੈਂ ਨਹੀਂ ਇੱਥੇ ਰਹਿਣਾ।
ਬਾਬਾ ਜੀ ਇਹ ਕਹਿ ਕੇ ਉਸ ਨੂੰ ਛੱਡ ਕੇ ਆਏ ਕਿ ਟਿਕਟਿਕਾ ਹੋਏ ’ਤੇ ਜਿੱਥੇ ਵੀ ਤੂੰ ਹੋਇਆ ਮੈਂ ਲੈ ਆਊਂਗਾ। ਜਿਸ ਦਿਨ ਉਹ ਗਿਆ ਸੀ ਉਸ ਦਿਨ ਮਾਂ ਜੀ ਨੇ ਵੀ ਰੋਟੀ ਨਹੀਂ ਸੀ ਖਾਧੀ।
ਦੋ ਚਾਰ ਦਿਨਾਂ ਮਗਰੋਂ ਮਾਂ ਜੀ ਪਿੰਡੋਂ ਸਾਨੂੰ ਮਿਲਣ ਆਏ ਤੇ ਉਨ੍ਹਾਂ ਨੇ ਦੱਸਿਆ ਕਿ ਸਾਈਂ ਡਰਦਾ ਮਾਰਿਆ ਕਿਸੇ ਦੇ ਇੱਖ ਦੇ ਖੇਤ ਵਿੱਚ ਲੁਕ ਗਿਆ ਸੀ।
ਬਾਬਾ ਜੀ ਆਖਦੇ ਹੁੰਦੇ ਸਨ ਕਿ ਜੇ ਮੇਰੇ ਕੋਲ ਆ ਜਾਂਦਾ ਮਜਾਲ ਸੀ ਕਿ ਕੋਈ ਉਸ ਨੂੰ ਹੱਥ ਵੀ ਲਾ ਜਾਂਦਾ। ਪੰਜਵੇਂ ਛੇਵੇਂ ਦਿਨ ਇੱਖ ਵਿੱਚੋਂ ਹੀ ਮਰਿਆ ਲੱਭਿਆ। ਉਹ ਵੀ ਕੁੱਤਿਆਂ ਦਾ ਚੂੰਢਿਆ ਹੋਇਆ। ਬਾਬਾ ਜੀ ਨੇ ਕੋਰੀ ਚਾਦਰ ’ਚ ਲਪੇਟ ਕੇ ਚਹੁੰ ਬੰਦਿਆਂ ਤੋਂ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ। ਲੋਕੀ ਆਖਦੇ ਸਨ ਕਿ ਉਨ੍ਹਾਂ ਨੇ ਪਹਿਲੀ ਵਾਰੀ ਬਾਬਾ ਜੀ ਦੀਆਂ ਅੱਖਾਂ ਵਿੱਚ ਹੰਝੂ ਦੇਖੇ।
ਬਾਬਾ ਜੀ ਨੇ ਪਹਿਲਾਂ ਹੀ ਭਾਂਪ ਲਿਆ ਸੀ ਕਿ ਦੂਜੇ ਪਿੰਡਾਂ ਦੀ ਚਾਂਭਲੀ ਹੋਈ ਭੀੜ ਲੋਕਾਂ ਦੀ ਵੱਢ-ਟੁੱਕ ਕਰਦੀ ਤੇ ਘਰਾਂ ਨੂੰ ਲੁੱਟਦੀ ਸਾਡੇ ਪਿੰਡ ਵੀ ਆ ਵੜੀ ਤਾਂ ਇਹ ਬੜੀ ਮਾੜੀ ਗੱਲ ਹੋਵੇਗੀ। ਇਸ ਲਈ ਉਨ੍ਹਾਂ ਨੇ ਬਾਪੂ ਜੀ ਨੂੰ ਆਖ ਕੇ ਪਟਿਆਲੇ ਤੋਂ ਪੁਲੀਸ ਦੇ ਕੁਝ ਬੰਦੇ ਬੁਲਾ ਲਏ ਸਨ ਤੇ ਫਿਰ ਪਿੰਡ ਦੇ ਮੁਸਲਮਾਨ ਪਰਿਵਾਰਾਂ, ਜਿਸ ਵਿੱਚ ਸਭ ਤੋਂ ਪਹਿਲਾਂ ਬਦਰੇ ਗੁੱਜਰ ਦਾ ਪਰਿਵਾਰ, ਸਦੀਕ ਦਾ ਪਰਿਵਾਰ ਅਤੇ ਰਿਸ਼ਤੇਦਾਰ, ਮਸੀਤ ਵਾਲੇ ਮੌਲਵੀ ਸਾਬ, ਫੱਤੋ ਬੁੜ੍ਹੀ ਦਾ ਪਰਿਵਾਰ ਅਤੇ ਇਹੋ ਜਿਹੇ ਹੋਰ ਮੁਸਲਿਮ ਪਰਿਵਾਰਾਂ ਨੂੰ ਇਕੱਠੇ ਕਰਕੇ ਪੁਲੀਸ ਦੇ ਨਾਲ ਮਲੇਰਕੋਟਲੇ ਛੱਡ ਆਏ ਸਨ।
ਉਨ੍ਹਾਂ ਜਾਣ ਵਾਲਿਆਂ ਵਿੱਚੋਂ ਕੁਝ ਜ਼ਨਾਨੀਆਂ ਤੇ ਬੰਦੇ ਆਪਣੀ ਆਪਣੀ ਧਰੋਹਰ ਰੁਪਈਆ ਪੈਸਾ ਤੇ ਗਹਿਣੇ ਗੱਟੇ ਮਾਂ ਜੀ ਕੋਲ ਰੱਖਣ ਆਏ ਸਨ। ਉਹ ਕਹਿ ਰਹੇ ਸਨ ਕਿ ਜਦੋਂ ਅਮਨ ਚੈਨ ਹੋਇਆ ਤਾਂ ਆ ਕੇ ਲੈ ਜਾਣਗੇ, ਪਰ ਮਾਂ ਜੀ ਨਹੀਂ ਮੰਨੇ। ਉਹ ਕਹਿ ਰਹੇ ਸਨ, ‘‘ਨਾ ਭਾਈ ਸਵਾਸਾਂ ਗਰਾਸਾਂ ਦਾ ਕੀ ਭਰੋਸਾ ਹੁੰਦੈ। ਮੈਂ ਜੇ ਅੱਖਾਂ ਮੀਚ ਗਈ ਕੀਹਨੇ ਸੰਭਾਲਣੀਆਂ ਨੇ। ਤੁਸੀਂ ਆਪਣੀਆਂ ਚੀਜ਼ਾਂ ਆਪਣੇ ਨਾਲ ਹੀ ਲੈ ਜਾਓ।’’
ਜਿਸ ਦਿਨ ਉਹ ਗਏ ਸਨ ਤਾਂ ਮਾਂ ਜੀ ਨੇ ਉਸ ਦਿਨ ਕਿਹੜਾ ਰੋਟੀ ਖਾਧੀ ਸੀ। ਉਨ੍ਹਾਂ ਨੇ ਬਾਬਾ ਜੀ ਦਾ ਸ਼ਹਿਰੋਂ ਦੇਸੀ ਘੀ ਦਾ ਬਣਾਏ ਬਿਸਕੁਟਾਂ ਦਾ ਪੀਪਾ ਬਾਬਾ ਜੀ ਤੋਂ ਚੋਰੀਓਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਕਵਾ ਦਿੱਤਾ ਕਿ ਜੇ ਤੁਹਾਨੂੰ ਕਿਧਰੇ ਜਾਣਾ ਵੀ ਪਿਆ ਰਾਹ ਵਿੱਚ ਕੰਮ ਆ ਜਾਣਗੇ। ਮਗਰੋਂ ਬਾਬਾ ਜੀ ਨੂੰ ਆਖ ਦਿੱਤਾ ਕਿ ਆਪਾਂ ਹੋਰ ਬਣਵਾ ਲਵਾਂਗੇ। ਉਹ ਬਿਸਕੁਟ ਤਾਂ ਮੈਂ ਪੁਲੀਸ ਦੇ ਹੱਥ ਪਟਿਆਲੇ ਭੇਜ ਦਿੱਤੇ ਨੇ।

ਉਸ ਦਿਨ ਬਾਪੂ ਜੀ ਨੇ ਸਾਈਂ ਤੇ ਗ਼ਫੂਰ ਦਾ ਪਤਾ ਕਰਨ ਇੱਕ ਸਿਪਾਹੀ ਨੂੰ ਪਿੰਡ ਭੇਜ ਦਿੱਤਾ। ਉਸ ਨੇ ਆ ਕੇ ਦੱਸਿਆ ਕਿ ਸਾਈਂ ਦਾ ਪਤਾ ਨਹੀਂ ਚੱਲਿਆ। ਗ਼ਫੂਰ ਨੂੰ ਪਹਿਲਾਂ ਤਾਂ ਮਾਂ ਜੀ ਨੇ ਅੰਦਰ ਲੁਕੋ ਲਿਆ ਸੀ। ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਟੋਲਿਆਂ ਦੇ ਟੋਲੇ ਹੰਕਾਰੇ ਹੋਏ ਸਿੱਖ ਮੁਸਲਮਾਨਾਂ ਨੂੰ ਲੱਭ ਲੱਭ ਕੇ ਮਾਰ ਰਹੇ ਨੇ ਤਾਂ ਫੇਰ ਪਤਾ ਲੱਗਿਆ ਕਿ ਬਾਬਾ ਜੀ ਗ਼ਫੂਰ ਨੂੰ ਮਲੇਰਕੋਟਲੇ ਛੱਡ ਆਏ ਨੇ। ਉੱਥੇ ਉਨ੍ਹਾਂ ਨੇ ਲੋਕਾਂ ਤੋਂ ਪਤਾ ਕਰਕੇ ਗ਼ਫੂਰ ਦੇ ਮੰਡੀਆਂ ਪਿੰਡ ਤੋਂ ਆਏ ਅੰਮੀ ਤੇ ਅੱਬਾ ਨੂੰ ਵੀ ਲੱਭ ਲਿਆ, ਪਰ ਗ਼ਫੂਰ ਫੇਰ ਵੀ ਬਾਬਾ ਜੀ ਦੀਆਂ ਲੱਤਾਂ ਨੂੰ ਚਿੰਬੜ ਚਿੰਬੜ ਕੇ ਚਿੰਘਾੜਾਂ ਮਾਰਦਾ ਸੀ, ਆਖਦਾ ਸੀ ਕਿ ਮੈਂ ਨਹੀਂ ਇੱਥੇ ਰਹਿਣਾ।
ਬਾਬਾ ਜੀ ਇਹ ਕਹਿ ਕੇ ਉਸ ਨੂੰ ਛੱਡ ਕੇ ਆਏ ਕਿ ਟਿਕਟਿਕਾ ਹੋਏ ’ਤੇ ਜਿੱਥੇ ਵੀ ਤੂੰ ਹੋਇਆ ਮੈਂ ਲੈ ਆਊਂਗਾ। ਜਿਸ ਦਿਨ ਉਹ ਗਿਆ ਸੀ ਉਸ ਦਿਨ ਮਾਂ ਜੀ ਨੇ ਵੀ ਰੋਟੀ ਨਹੀਂ ਸੀ ਖਾਧੀ।
ਦੋ ਚਾਰ ਦਿਨਾਂ ਮਗਰੋਂ ਮਾਂ ਜੀ ਪਿੰਡੋਂ ਸਾਨੂੰ ਮਿਲਣ ਆਏ ਤੇ ਉਨ੍ਹਾਂ ਨੇ ਦੱਸਿਆ ਕਿ ਸਾਈਂ ਡਰਦਾ ਮਾਰਿਆ ਕਿਸੇ ਦੇ ਇੱਖ ਦੇ ਖੇਤ ਵਿੱਚ ਲੁਕ ਗਿਆ ਸੀ।
ਬਾਬਾ ਜੀ ਆਖਦੇ ਹੁੰਦੇ ਸਨ ਕਿ ਜੇ ਮੇਰੇ ਕੋਲ ਆ ਜਾਂਦਾ ਮਜਾਲ ਸੀ ਕਿ ਕੋਈ ਉਸ ਨੂੰ ਹੱਥ ਵੀ ਲਾ ਜਾਂਦਾ। ਪੰਜਵੇਂ ਛੇਵੇਂ ਦਿਨ ਇੱਖ ਵਿੱਚੋਂ ਹੀ ਮਰਿਆ ਲੱਭਿਆ। ਉਹ ਵੀ ਕੁੱਤਿਆਂ ਦਾ ਚੂੰਢਿਆ ਹੋਇਆ। ਬਾਬਾ ਜੀ ਨੇ ਕੋਰੀ ਚਾਦਰ ’ਚ ਲਪੇਟ ਕੇ ਚਹੁੰ ਬੰਦਿਆਂ ਤੋਂ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ। ਲੋਕੀ ਆਖਦੇ ਸਨ ਕਿ ਉਨ੍ਹਾਂ ਨੇ ਪਹਿਲੀ ਵਾਰੀ ਬਾਬਾ ਜੀ ਦੀਆਂ ਅੱਖਾਂ ਵਿੱਚ ਹੰਝੂ ਦੇਖੇ।
ਬਾਬਾ ਜੀ ਨੇ ਪਹਿਲਾਂ ਹੀ ਭਾਂਪ ਲਿਆ ਸੀ ਕਿ ਦੂਜੇ ਪਿੰਡਾਂ ਦੀ ਚਾਂਭਲੀ ਹੋਈ ਭੀੜ ਲੋਕਾਂ ਦੀ ਵੱਢ-ਟੁੱਕ ਕਰਦੀ ਤੇ ਘਰਾਂ ਨੂੰ ਲੁੱਟਦੀ ਸਾਡੇ ਪਿੰਡ ਵੀ ਆ ਵੜੀ ਤਾਂ ਇਹ ਬੜੀ ਮਾੜੀ ਗੱਲ ਹੋਵੇਗੀ। ਇਸ ਲਈ ਉਨ੍ਹਾਂ ਨੇ ਬਾਪੂ ਜੀ ਨੂੰ ਆਖ ਕੇ ਪਟਿਆਲੇ ਤੋਂ ਪੁਲੀਸ ਦੇ ਕੁਝ ਬੰਦੇ ਬੁਲਾ ਲਏ ਸਨ ਤੇ ਫਿਰ ਪਿੰਡ ਦੇ ਮੁਸਲਮਾਨ ਪਰਿਵਾਰਾਂ, ਜਿਸ ਵਿੱਚ ਸਭ ਤੋਂ ਪਹਿਲਾਂ ਬਦਰੇ ਗੁੱਜਰ ਦਾ ਪਰਿਵਾਰ, ਸਦੀਕ ਦਾ ਪਰਿਵਾਰ ਅਤੇ ਰਿਸ਼ਤੇਦਾਰ, ਮਸੀਤ ਵਾਲੇ ਮੌਲਵੀ ਸਾਬ, ਫੱਤੋ ਬੁੜ੍ਹੀ ਦਾ ਪਰਿਵਾਰ ਅਤੇ ਇਹੋ ਜਿਹੇ ਹੋਰ ਮੁਸਲਿਮ ਪਰਿਵਾਰਾਂ ਨੂੰ ਇਕੱਠੇ ਕਰਕੇ ਪੁਲੀਸ ਦੇ ਨਾਲ ਮਲੇਰਕੋਟਲੇ ਛੱਡ ਆਏ ਸਨ।
ਉਨ੍ਹਾਂ ਜਾਣ ਵਾਲਿਆਂ ਵਿੱਚੋਂ ਕੁਝ ਜ਼ਨਾਨੀਆਂ ਤੇ ਬੰਦੇ ਆਪਣੀ ਆਪਣੀ ਧਰੋਹਰ ਰੁਪਈਆ ਪੈਸਾ ਤੇ ਗਹਿਣੇ ਗੱਟੇ ਮਾਂ ਜੀ ਕੋਲ ਰੱਖਣ ਆਏ ਸਨ। ਉਹ ਕਹਿ ਰਹੇ ਸਨ ਕਿ ਜਦੋਂ ਅਮਨ ਚੈਨ ਹੋਇਆ ਤਾਂ ਆ ਕੇ ਲੈ ਜਾਣਗੇ, ਪਰ ਮਾਂ ਜੀ ਨਹੀਂ ਮੰਨੇ। ਉਹ ਕਹਿ ਰਹੇ ਸਨ, ‘‘ਨਾ ਭਾਈ ਸਵਾਸਾਂ ਗਰਾਸਾਂ ਦਾ ਕੀ ਭਰੋਸਾ ਹੁੰਦੈ। ਮੈਂ ਜੇ ਅੱਖਾਂ ਮੀਚ ਗਈ ਕੀਹਨੇ ਸੰਭਾਲਣੀਆਂ ਨੇ। ਤੁਸੀਂ ਆਪਣੀਆਂ ਚੀਜ਼ਾਂ ਆਪਣੇ ਨਾਲ ਹੀ ਲੈ ਜਾਓ।’’
ਜਿਸ ਦਿਨ ਉਹ ਗਏ ਸਨ ਤਾਂ ਮਾਂ ਜੀ ਨੇ ਉਸ ਦਿਨ ਕਿਹੜਾ ਰੋਟੀ ਖਾਧੀ ਸੀ। ਉਨ੍ਹਾਂ ਨੇ ਬਾਬਾ ਜੀ ਦਾ ਸ਼ਹਿਰੋਂ ਦੇਸੀ ਘੀ ਦਾ ਬਣਾਏ ਬਿਸਕੁਟਾਂ ਦਾ ਪੀਪਾ ਬਾਬਾ ਜੀ ਤੋਂ ਚੋਰੀਓਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਕਵਾ ਦਿੱਤਾ ਕਿ ਜੇ ਤੁਹਾਨੂੰ ਕਿਧਰੇ ਜਾਣਾ ਵੀ ਪਿਆ ਰਾਹ ਵਿੱਚ ਕੰਮ ਆ ਜਾਣਗੇ। ਮਗਰੋਂ ਬਾਬਾ ਜੀ ਨੂੰ ਆਖ ਦਿੱਤਾ ਕਿ ਆਪਾਂ ਹੋਰ ਬਣਵਾ ਲਵਾਂਗੇ। ਉਹ ਬਿਸਕੁਟ ਤਾਂ ਮੈਂ ਪੁਲੀਸ ਦੇ ਹੱਥ ਪਟਿਆਲੇ ਭੇਜ ਦਿੱਤੇ ਨੇ।

(3)
ਕਈ ਵਰ੍ਹੇ ਲੰਘ ਗਏ ਸਨ ਜਦੋਂ ਪਿੰਡੋਂ ਠੇਕਾ ਦੇਣ ਆਏ ਭਗਤੂ ਨੇ ਇੱਕ ਪੋਸਟਕਾਰਡ ਲਿਆ ਫੜਾਇਆ। ਇਹ ਪਾਕਿਸਤਾਨ ਤੋਂ ਆਇਆ ਸੀ। ਗ਼ਫੂਰ ਨੇ ਪਤਾ ਲਿਖਿਆ ਸੀ ਕਿ ਪਟਿਆਲੇ ਵਾਲਿਆਂ ਦੇ ਘਰ ਪਿੰਡ ਰੱਬੋਂ ਜ਼ਿਲ੍ਹਾ ਲੁਧਿਆਣਾ। ਪਤਾ ਨਹੀਂ ਕਿਵੇਂ ਘੁੰਮਦਿਆਂ ਘੁੰਮਦਿਆਂ ਸਾਡੇ ਘਰ ਆ ਗਿਆ ਸੀ। ਕਾਰਡ ਵਿੱਚ ਉਸ ਨੇ ਲਿਖਿਆ ਸੀ ਕਿ ਬਾਬਾ ਜੀ ਮੈਨੂੰ ਆ ਕੇ ਲੈ ਜਾਓ। ਪਿੰਡ ਸਾਡਾ ਲਾਹੌਰ ਦੇ ਨੇੜੇ ਹੀ ਹੈ।
ਕਾਰਡ ਪੜ੍ਹਦਿਆਂ ਤਿਪ ਤਿਪ ਹੰਝੂ ਮੇਰੀਆਂ ਅੱਖਾਂ ਵਿੱਚੋਂ ਡਿੱਗਣ ਲੱਗੇ। ਇਸ ਦਾ ਮਤਲਬ ਗ਼ਫੂਰ ਠੀਕ-ਠਾਕ ਪਹੁੰਚ ਗਿਆ ਸੀ ਪਾਕਿਸਤਾਨ। ਕਈ ਵਾਰੀ ਮੈਂ ਮਨ ਹੀ ਮਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਲੰਘ ਕੇ ਲਾਹੌਰ ਦੇ ਕੋਲ ਇੱਕ ਪਿੰਡ ਲੱਭਦੀ ਰਹੀ ਸੀ। ਮੈਨੂੰ ਲੱਗਦਾ ਕਿ ਉਹ ਵੀ ਵੱਡਾ ਹੋ ਗਿਆ ਹੋਣਾ। ਏਧਰ ਇਸ ਘਰ ਨਾਲ ਜੋ ਕੁਝ ਬੀਤਿਆ ਪਤਾ ਨਹੀਂ ਕਿਉਂ ਮੈਂ ਗ਼ਫੂਰ ਨੂੰ ਦੱਸਣਾ ਚਾਹੁੰਦੀ ਸੀ। ਮੈਨੂੰ ਅਜੇ ਵੀ ਗਿਆਰਾਂ ਬਾਰਾਂ ਸਾਲਾਂ ਦਾ ਮਾੜਕੂ ਜਿਹਾ ਅਰਾਈਆਂ ਦਾ ਮੁੰਡਾ ਜਿਹੜਾ ਮੰਗੂ ਕੱਟੀ ਦੇ ਗਲ ਗਾਨੀ ਪਾ ਰਿਹਾ ਤੇ ਫੇਰ ਉਸ ਦੇ ਗਲ ਵਿੱਚ ਬਾਹਾਂ ਪਿਆਰ ਨਾਲ ਪਾ ਕੇ ‘ਮੇਰੀ ਮੰਗੂ’ ਆਖਦਾ ਯਾਦ ਆ ਰਿਹਾ ਸੀ। ਮੈਂ ਸੋਚਦੀ ਕਿ ਉਹ ਸਾਡਾ ਘਰ, ਮਾਂ ਜੀ, ਬਾਬਾ ਜੀ ਕਿੱਥੇ ਚਲੇ ਗਏ ਨੇ। ਮਰ ਕੇ ਲੋਕ ਕਿੱਥੇ ਚਲੇ ਜਾਂਦੇ ਨੇ। ਕੀ ਵਕਤ ਨੂੰ ਪੁੱਠਾ ਨਹੀਂ ਗੇੜਿਆ ਜਾ ਸਕਦਾ। ਕੀ ਰੂਹਾਂ ਹੁੰਦੀਆਂ ਨੇ। ਕੀ ਕਿਸੇ ਹੋਰ ਜਨਮ ਵਿੱਚ ਅਸੀਂ ਸਾਰੇ ਫੇਰ ਮਿਲਾਂਗੇ। ਗ਼ਫੂਰ ਕੌਣ ਸੀ। ਪੰਜਾਬ ਨੂੰ ਚੀਰ ਕੇ ਵੰਡ ਕਿਉਂ ਦਿੱਤਾ ਗਿਆ।
ਬੇਜੀ ਨੇ ਪੁੱਛਿਆ ਕਿ ਗ਼ਫੂਰ ਦਾ ਖ਼ਤ ਆਇਆ ਸੀ ਕੀ ਲਿਖਦਾ ਹੈ। ਮੈਨੂੰ ਵੀ ਚੰਦਰਾ ਬੜੀ ਵਾਰੀ ਯਾਦ ਆਉਂਦੈ। ਉਸ ਦਾ ਵੀ ਪਿਛਲੇ ਜਨਮਾਂ ਦਾ ਸਾਡੇ ਪਰਿਵਾਰ ਨਾਲ ਕੋਈ ਸਬੰਧ ਹੋਣਾ ਐ।
ਮੈਨੂੰ ਯਾਦ ਆਉਣ ਵਾਲਿਆਂ ਵਿੱਚ ਮਾਂ ਜੀ ਤੇ ਬਾਬਾ ਜੀ ਦੇ ਨਾਲ ਗ਼ਫੂਰ ਵੀ ਰਲ ਗਿਆ ਸੀ ਤੇ ਜ਼ੀਨਤ ਵੀ। ਮੈਨੂੰ ਰੱਬ ਦੀ ਖੇਡ ਸਮਝ ਨਹੀਂ ਸੀ ਲੱਗਦੀ ਕਿ ਲੋਕਾਂ ਦੇ ਪੂਰਾਂ ਦੇ ਪੂਰ ਜੱਗ ’ਤੇ ਆਉਂਦੇ ਨੇ ਤੇ ਲੰਘ ਜਾਂਦੇ ਨੇ। ਜਾਣ ਤੋਂ ਪਹਿਲਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਧਰਤੀ ਉਪਰ ਕੋਈ ਹੋਰ ਹੀ ਲੋਕ ਰਹਿੰਦੇ ਹੋਣਗੇ। ਮੈਨੂੰ ਤਾਂ ਲੱਗਦਾ ਜਿਵੇਂ ਬਾਜ਼ੀਗਰਨੀ ਮਿੱਟੀ ਦੇ ਖਿਡੌਣੇ ਬਣਾ ਬਣਾ ਰੱਖੀ ਜਾਂਦੀ ਹੈ ਤੇ ਮੁੜ ਅੱਗ ਵਿੱਚ ਪੱਕੇ ਕਰਦੀ ਹੈ। ਖਾਰੇ ਵਿੱਚ ਰੱਖ ਕੇ ਗਲੀ ਗਲੀ ਹੋਕਾ ਦਿੰਦੀ ਹੈ: ਲੈ ਲੋ ਕੋਈ ਘੁੱਗੂ ਘੋੜੇ। ਜੁਆਕ ਭੱਜ ਕੇ ਉਸ ਦੇ ਦੁਆਲੇ ਹੋ ਜਾਂਦੇ ਨੇ। ਬਾਜ਼ੀਗਰਨੀ ਮਨ ਵਿੱਚ ਹੱਸਦੀ ਹੈ ਕਿ ਬੱਚੇ ਇਨ੍ਹਾਂ ਨੂੰ ਜਿਊਂਦੇ ਜਾਗਦੇ ਸਮਝਦੇ ਨੇ। ਅਸਲ ਵਿੱਚ ਮਿੱਟੀ ਦੇ ਖਿਡੌਣੇ ਹੀ ਤਾਂ ਹਨ। ਕਦੇ ਕਦੇ ਮੈਨੂੰ ਲੱਗਦਾ ਕਿ ਰੱਬ ਵੀ ਸਾਡੇ ਨਾਲ ਇਉਂ ਹੀ ਕਰ ਰਿਹਾ ਹੈ।
ਕਈ ਵਰ੍ਹੇ ਲੰਘਣ ਮਗਰੋਂ ਪਾਕਿਸਤਾਨ ਤੋਂ ਪੋਸਟਕਾਰਡ ਭੇਜ ਕੇ ਗ਼ਫੂਰ ਨੇ ਬਾਬਾ ਨੂੰ ਉਸ ਨੂੰ ਵਾਪਸ ਲਿਜਾਣ ਲਈ ਆਖਿਆ।

(4)
ਕਈ ਸਾਲ ਹੋਏ ਪਾਕਿਸਤਾਨੀ ਲੇਖਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ ਯੂਨੀਵਰਸਿਟੀ ਸਾਡੇ ਘਰ ਆ ਗਈ।
‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਿਵਾਣਾ ਦੇ ਘਰ ਚੱਲੀ ਹਾਂ। ਫੇਰ ਕੀਹਨੇ ਰੋਕਣਾ ਸੀ।’’ ਉਸ ਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ।
‘‘ਲਾਹੌਰ ਦੇ ਆਲੇ ਦੁਆਲੇ ਕਿੰਨੇ ਕੁ ਪਿੰਡ ਨੇ?’’ ਮੈਂ ਤੌਸੀਫ਼ ਨੂੰ ਪੁੱਛਿਆ। ਮੇਰੇ ਮਨ ਵਿੱਚ ਗ਼ਫੂਰ ਦਾ ਪਿੰਡ ਸੀ। ‘‘ਕਈ ਨੇ।’’ ‘‘ਉਨ੍ਹਾਂ ਪਿੰਡਾਂ ਵਿੱਚੋਂ ਜੇ ਕਿਸੇ ਨੂੰ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ?’’ ਮੈਂ ਪੁੱਛਿਆ। ‘‘ਤੂੰ ਕੀਹਨੂੰ ਲੱਭਣੈ?’’ ‘‘ਪਾਰਟੀਸ਼ਨ ਤੋਂ ਪਹਿਲਾਂ ਸਾਡੇ ਘਰ ਗਿਆਰਾਂ-ਬਾਰਾਂ ਸਾਲਾਂ ਦਾ ਕੰਮ ਕਰਨ ਵਾਲਾ ਲੜਕਾ ਗ਼ਫੂਰ ਰਹਿੰਦਾ ਸੀ। ਚੰਦਰਾ ਬੜੀ ਵਾਰੀ ਯਾਦ ਆ ਜਾਂਦਾ ਐ। ਕਈ ਵਰ੍ਹਿਆਂ ਮਗਰੋਂ ਉਸ ਨੇ ਬਾਬਾ ਜੀ ਦੇ ਨਾਂ ’ਤੇ ਪੋਸਟਕਾਰਡ ਪਾਇਆ ਸੀ ਜਿਸ ਵਿੱਚ ਲਿਖਿਆ ਸੀ ਸਾਡਾ ਪਿੰਡ ਲਾਹੌਰ ਦੇ ਨੇੜੇ ਹੀ ਹੈ। ਪਰ ਉਸ ਨੇ ਪਿੰਡ ਦਾ ਨਾਂ ਨਹੀਂ ਸੀ ਲਿਖਿਆ। ਬੜਾ ਮਨ ਕਰਦਾ ਐ ਕਿ ਗ਼ਫੂਰ ਦਾ ਕਿਸੇ ਤਰ੍ਹਾਂ ਪਤਾ ਲੱਗ ਜਾਵੇ।’’
‘‘ਉਸ ਦੇ ਅੱਬਾ ਦਾ ਕੀ ਨਾਂ ਸੀ?’’ ‘‘ਪਤਾ ਨਹੀਂ। ਏਨਾ ਕੁ ਪਤਾ ਐ ਕਿ ਉਸ ਦਾ ਪਿੰਡ ਮੰਡੀਆਂ ਸੀ। ਉਸ ਦਾ ਅੱਬਾ ਬੜਾ ਗ਼ਰੀਬ ਅਰਾਈਂ ਸੀ। ਆਖਦਾ ਸੀ ਕਿ ਗ਼ਫੂਰ ਤੁਹਾਡੇ ਇੱਥੇ ਰਹਿ ਕੇ ਰੱਜ ਕੇ ਰੋਟੀ ਤਾਂ ਖਾਊਗਾ। ਹੌਲੀ ਹੌਲੀ ਉਹ ਸਭ ਕੁਝ ਭੁੱਲ ਕੇ ਸਾਡੇ ਘਰ ਨੂੰ ਆਪਣਾ ਘਰ ਸਮਝਣ ਲੱਗ ਪਿਆ ਸੀ।’’ ‘‘ਤੂੰ ਕਿੱਡੀ ਸੀ ਉਦੋਂ?’’ ‘‘ਗ਼ਫੂਰ ਜਿੱਡੀ ਹੀ ਸੀ ਦਸ-ਗਿਆਰਾਂ ਸਾਲਾਂ ਦੀ।’’ ‘‘ਬਿਨਾਂ ਕਿਸੇ ਅਤੇ ਪਤੇ ਤੋਂ ਇਉਂ ਕਿਵੇਂ ਲੱਭਿਆ ਜਾਊਗਾ।’’ ਤੌਸੀਫ਼ ਨੇ ਜਦੋਂ ਇਹ ਕਿਹਾ ਤਾਂ ਮੇਰੇ ਮਨ ਨੂੰ ਬੜੀ ਬੇਚੈਨੀ ਲੱਗੀ।
ਤੌਸੀਫ਼ ਆਖਣ ਲੱਗੀ, ‘‘ਇੱਥੇ ਜਲੰਧਰ ਕੋਲ ਸਾਡਾ ਵੀ ਇੱਕ ਪਿੰਡ ਹੈ। ਉੱਥੇ ਹੁਣ ਸਾਡਾ ਕੋਈ ਨਹੀਂ। ਹੱਲਿਆਂ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਵੱਢ ਕੇ ਖੂਹ ’ਚ ਸੁੱਟ ਦਿੱਤਾ ਸੀ। ਉਸ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈ। ਬੜਾ ਜੀਅ ਕਰਦਾ ਸੀ ਆਪਣੇ ਪੇਕਿਆਂ ਦੀ ਧਰਤੀ ਦੇਖਣ ਦਾ। ਤੂੰ ਸੁਣਾ ਤੇਰਾ ਕੀ ਹਾਲ ਐ। ਅੰਮ੍ਰਿਤਾ ਤੈਨੂੰ ਬੜਾ ਯਾਦ ਕਰਦੀ ਸੀ। ਉਸੇ ਨੂੰ ਮੈਂ ਪੁੱਛਿਆ ਸੀ ਕਿ ਹੋਰ ਮੈਂ ਕੀਹਨੂੰ ਮਿਲਣ ਜਾਵਾਂ। ਉਸ ਨੇ ਤੇਰਾ ਨਾਂਅ ਲਿਆ ਸੀ।’’ ‘‘ਚੰਗਾ ਕੀਤਾ। ਹੁਣ ਸਾਡੇ ਕੋਲ ਰਹਿਣਾ ਦੋ ਚਾਰ ਦਿਨ।’’ ਮੈਂ ਕਿਹਾ। ‘‘ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ। ਇੱਕ ਅੱਧ ਦਿਨ ਤਾਂ ਰਹਾਂਗੀ ਨਾ। ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋਸੀ?’’ ਉਸ ਨੇ ਪੁੱਛਿਆ। ਫੇਰ ਕਹਿਣ ਲੱਗੀ, ‘‘ਉਂਜ ਮੈਂ ਆਪੇ ਸੋਚ ਲਿਆ ਸੀ ਕਿ ਤੇਰਾ ਘਰ ਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ ਜਿਹੜਾ ਤੇਰੇ ਨਾਲ ਨਾਰਾਜ਼ ਹੋਵੇ ਬਈ ਇੱਕ ਮੁਸਲਮਾਨ ਔਰਤ ਨੂੰ ਘਰ ਰੱਖ ਲਿਐ। ਤੇਰਾ ਬਸ ਇੱਕੋ ਬੇਟਾ ਐ ਨਾ?’’ ‘‘ਹਾਂ। ਬਹੁਤ ਸਾਊ ਹੈ।’’ ਮੈਂ ਕਿਹਾ। ਉਹ ਹੱਸ ਪਈ ਤੇ ਕਹਿਣ ਲੱਗੀ, ‘‘ਮੇਰਾ ਵੀ ਇੱਕ ਬੇਟਾ ਐ। ਬਹੁਤ ਸ਼ਰੀਫ। ਉਸ ਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ ਪਰ ਵਹੁਟੀ ਲੈ ਕੇ ਅੱਡ ਹੋ ਗਈ। ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ ‘ਨੋਟ ਤੁੜਵਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ।’ ਹੁਣ ਮੁੰਡਾ ਮੇਰਾ ਬੜਾ ਦੁਖੀ ਹੈ। ਵਹੁਟੀ ਉਸਦੀ ਨੂੰ ਆਪਣੇ ਆਪ ਤੋਂ ਬਿਨਾਂ ਕਿਸੇ ਹੋਰ ਦਾ ਖ਼ਿਆਲ ਹੀ ਨਹੀਂ।
ਹਾਂ ਸੱਚ, ਤੂੰ ਮੇਰਾ ਕੁਝ ਪੜ੍ਹਿਆ ਵੀ ਹੈ ਕਿ ਨਹੀਂ!’’
‘‘ਤੁਹਾਡੀਆਂ ਮੈਂ ਕਹਾਣੀਆਂ ਪੜ੍ਹੀਆਂ ਨੇ।’’ ਮੈਂ ਕਿਹਾ। ‘‘ਮੈਨੂੰ ਪਤਾ ਐ ਮੈਂ ਚੰਗਾ ਲਿਖਦੀ ਹਾਂ। ਉਂਜ ਤਾਂ ਰੱਬ ਦਾ ਦਿੱਤਾ ਸਭ ਕੁਝ ਐ ਪਰ ਫੇਰ ਵੀ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਐ। ਜੀਅ ਕਰਦੈ ਸਮਾਂ ਪੁੱਠਾ ਭਉਂ ਜਾਵੇ, ਮੁੜ ਕੇ ਉਹੀ ਆਪਣਾ ਗਰਾਂ, ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ। ਇਸ ਵਾਰੀ ਤਾਂ ਨਹੀਂ ਅਗਲੀ ਵਾਰੀ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਹ ਵੀ ਦੇਖ ਕੇ ਆਵਾਂਗੀ ਜਿਸ ਵਿੱਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟੇ ਸਨ। ਮੈਂ ਦੇਖਣਾ ਚਾਹਾਂਗੀ ਕਿ ਉੱਥੋਂ ਦੇ ਲੋਕ ਕਿਵੇਂ ਜਿਉਂਦੇ ਨੇ। ਸਾਨੂੰ ਯਾਦ ਕਰਦੇ ਨੇ ਕਿ ਨਹੀਂ। ਖਬਰੇ ਅਜੇ ਵੀ ਮੇਰੇ ਘਰਦਿਆਂ ਦੀਆਂ ਹੱਡੀਆਂ ਉਸੇ ਖੂਹ ’ਚ ਪਈਆਂ ਹੋਣ।’’ ਤੌਸੀਫ਼ ਨੇ ਕਿਹਾ। ‘‘ਤੌਸੀਫ਼ ਸੋਚ ਕੇ ਇਹ ਅਜੀਬ ਲੱਗਦੈ। ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ।’’ ਮੈਂ ਕਿਹਾ। ਤੌਸੀਫ਼ ਨੇ ਕਿਹਾ, ‘‘ਦਿਨੇ ਤਾਂ ਕੰਮਾਂ-ਧੰਦਿਆਂ ਵਿੱਚ ਭੁੱਲ ਜਾਂਦੈ। ਰਾਤ ਨੂੰ ਜਦੋਂ ਕਦੇ ਅੱਖ ਖੁੱਲ੍ਹ ਜਾਵੇ ਤਾਂ ਮੈਂ ਇਧਰੇ ਆਪਣੇ ਪਿੰਡ ਤੁਰੀ ਫਿਰਦੀ ਰਹਿੰਦੀ ਹਾਂ। ਕਦੇ ਕਦੇ ਇਹ ਵੀ ਸੋਚੀਦੈ ਉਹ ਤਾਂ ਇੱਕ ਡਰਾਉਣਾ ਸੁਪਨਾ ਸੀ।’’ ਮੇਰੇ ਕੋਲ ਤੌਸੀਫ਼ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਫਿਰ ਪੁੱਛਣ ਲੱਗੀ, ‘‘ਟਿਵਾਣਾ, ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਨੇ ਤਾਂ ਗਾਲ੍ਹਾਂ ਔਰਤਾਂ ਨੂੰ ਹੀ ਕੱਢੀਆਂ ਜਾਂਦੀਆਂ ਨੇ, ਉਨ੍ਹਾਂ ਦਾ ਸਾਰਾ ਵਹਿਸ਼ੀਪਣ ਵੀ ਔਰਤਾਂ ਉਪਰ ਹੀ ਨਿਕਲਦੈ ਇਹ ਇਸ ਤਰ੍ਹਾਂ ਕਿਉਂ?’’
‘‘ਇਸ ਲਈ ਕਿ ਔਰਤਾਂ ਆਦਮੀਆਂ ਦੇ ਮੁਕਾਬਲੇ ’ਚ ਕਮਜ਼ੋਰ ਹੁੰਦੀਆਂ ਨੇ, ਸੰਕਟ ਦੀ ਘੜੀ ’ਚ ਬਹੁਤ ਹੀ ਡਰ ਜਾਂਦੀਆਂ ਨੇ।’’ ਮੈਂ ਉੱਤਰ ਦਿੱਤਾ।
ਉਸ ਰਾਤ ਤੌਸੀਫ਼ ਮੇਰੇ ਨਾਲ ਬੜੀ ਰਾਤ ਤਕ ਇਧਰ-ਉਧਰ ਦੀਆਂ ਗੱਲਾਂ ਕਰਦੀ ਰਹੀ।
ਤੌਸੀਫ਼ ਨੇ ਕਿਹਾ, ‘‘ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ਼ ਬਣਾ ਗਏ ਨੇ ਬਈ ਆਪਸ ’ਚ ਲੜੀ ਜਾਓ, ਮਰੀ ਜਾਓ।’’ ਇਉਂ ਤੌਸੀਫ਼ ਸਾਡੇ ਕੋਲ ਦੋ ਦਿਨ ਰਹੀ। ਜਾਣ ਤੋਂ ਪਹਿਲਾਂ ਉਸ ਨੇ ਆਖਿਆ, ‘‘ਕਿੱਡੀ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ ’ਚ ਤੇ ਤੇਰੇ ਘਰ ਵਿੱਚ। ਤੂੰ ਮੈਨੂੰ ਹਮੇਸ਼ਾਂ ਲਈ ਇੱਥੇ ਰੱਖ ਲੈ।’’ ਉਸ ਨੇ ਜਿਵੇਂ ਤਰਲੇ ਵਾਂਗ ਆਖਿਆ। ‘‘ਮੇਰੇ ਵੱਸ ਹੋਵੇ ਤਾਂ ਮੈਂ ਵੰਡ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ।’’ ਮੈਂ ਕਿਹਾ। ‘‘ਹੋ ਸਕਦੈ ਸੌ ਦੋ ਸੌ ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ ਵੱਧ ਚੰਗੇ ਲੋਕ ਇਸ ਧਰਤੀ ’ਤੇ ਵਸਦੇ ਹੋਣ। ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫੀ ਸਮਝ ਪਾਰਟੀਸ਼ਨ ਵਾਲੀ ਲਕੀਰ ਨੂੰ ਮੇਟ ਦੇਣ।’’ ਮੈਂ ਕਿਹਾ।
ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਦੋ ਸਿਲਕ ਦੇ ਸੂਟ, ਇੱਕ ਲੱਡੂਆਂ ਦਾ ਡੱਬਾ ਦਿੱਤਾ। ‘‘ਇਹ ਕੀ ਐ?’’ ਉਸ ਨੇ ਪੁੱਛਿਆ। ‘‘ਪਰਲੇ ਪਾਰ ਜੇ ਤੇਰੇ ਸਹੁਰੇ ਨੇ ਤਾਂ ਉਰਲੇ ਪਾਰ ਤੇਰੇ ਪੇਕੇ ਨੇ। ਪੇਕਿਆਂ ਦੇ ਘਰੋਂ ਧੀ ਖਾਲੀ ਨਹੀਂ ਜਾਂਦੀ ਹੁੰਦੀ।’’ ਇਹ ਸੁਣ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ, ‘‘ਤੂੰ ਵੀ ਕਦੇ ਉਧਰ ਮੇਰੇ ਘਰ ਆਈਂ।’’ ‘‘ਠੀਕ ਹੈ, ਮੈਂ ਆਵਾਂਗੀ।’’ ਮੈਂ ਇਹ ਕਹਿ ਕੇ ਉਸ ਨੂੰ ਆਪਣੀ ਕਾਰ ’ਚ ਦਿੱਲੀ ਭੇਜ ਦਿੱਤਾ ਕਿਉਂਕਿ ਉਸ ਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ।

(5)
ਕਈ ਸਾਲ ਲੰਘ ਗਏ ਕਿ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਲਾਹੌਰ ਵਿੱਚ ਇੱਕ ਕਾਨਫਰੰਸ ਹੋ ਰਹੀ ਹੈ। ਉਸ ਵਿੱਚ ਮੈਨੂੰ ਵੀ ਸੱਦਿਆ ਗਿਆ ਸੀ। ਗ਼ਫੂਰ ਬਾਰੇ ਸੋਚ ਕੇ ਮੈਂ ਪਾਕਿਸਤਾਨ ਜਾਣ ਲਈ ਹਾਂ ਕਰ ਦਿੱਤੀ। ਪਾਸਪੋਰਟ ਵੀ ਬਣਵਾ ਲਿਆ। ਗ਼ਫੂਰ ਦੇ ਪਰਿਵਾਰ ਬਾਰੇ ਆਪੇ ਸੋਚ ਕੇ ਕਿ ਉਸ ਦੀ ਵਹੁਟੀ ਬੱਚੇ ਹੋਣਗੇ ਮੈਂ ਕੁਝ ਚੀਜ਼ਾਂ ਖਰੀਦ ਕੇ ਅਟੈਚੀਕੇਸ ਵਿੱਚ ਰੱਖ ਲਈਆਂ। ਕਾਨਫਰੰਸ ਵਿੱਚ ਪਹੁੰਚਣ ਤਕ ਮੈਨੂੰ ਵਾਰ ਵਾਰ ਗ਼ਫੂਰ ਦਾ ਖ਼ਿਆਲ ਆਉਂਦਾ ਰਿਹਾ। ਇੱਕ ਅੰਗਰੇਜ਼ਾਂ ਵੇਲੇ ਦੇ ਆਲੀਸ਼ਾਨ ਮਹਿੰਗੇ ਹੋਟਲ ’ਚ ਸਾਨੂੰ ਠਹਿਰਾਇਆ ਗਿਆ। ਉੱਥੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀ, ਸਿਰਫ਼ ਬੈੱਡ ਟੀ ਅਸੀਂ ਪੱਲਿਓਂ ਪੀਣੀ ਸੀ। ਉੱਥੇ ਪਹੁੰਚ ਕੇ ਮੈਂ ਪ੍ਰਬੰਧਕਾਂ ਵਿੱਚੋਂ ਇੱਕ ਨੂੰ ਗ਼ਫੂਰ ਬਾਰੇ ਦੱਸ ਕੇ ਪੁੱਛਿਆ ਕਿ ਕੀ ਗ਼ਫੂਰ ਨੂੰ ਕਿਸੇ ਤਰ੍ਹਾਂ ਇੱਥੇ ਲੱਭਿਆ ਜਾ ਸਕਦਾ ਹੈ। ਉਹ ਲਾਹੌਰ ਦੇ ਨੇੜੇ ਕਿਸੇ ਪਿੰਡ ਵਿੱਚ ਰਹਿ ਰਿਹਾ ਹੈ। ਮੇਰੀ ਆਵਾਜ਼ ਵਿੱਚ ਸ਼ਾਇਦ ਕੋਈ ਤਰਲਾ ਸੀ। ਉਸ ਨੇ ਆਖਿਆ ਕਿ ਮੈਂ ਦੋ ਚਾਰ ਬੰਦਿਆਂ ਨੂੰ ਮੋਟਰਸਾਈਕਲ ’ਤੇ ਭੇਜ ਦਿਆਂਗਾ ਉਹ ਗ਼ਫੂਰ ਨੂੰ ਲੱਭ ਲੈਣਗੇ। ਮੈਂ ਦੱਸਿਆ ਕਿ ਉਸ ਪਿੰਡ ਵਿੱਚ ਜਾ ਕੇ ਇਹ ਪੁੱਛਣਾ ਕਿ ਮੰਡੀਆਂ ਪਿੰਡ ਦਾ ਰੱਬੋਂ ਤੋਂ ਆਇਆ ਗ਼ਫੂਰ ਕਿਹੜਾ ਐ।
ਮੈਨੂੰ ਤੇ ਹਰਜਿੰਦਰ ਕੌਰ ਨੂੰ ਇੱਕ ਕਮਰੇ ’ਚ ਠਹਿਰਾਇਆ ਗਿਆ ਸੀ। ਸਵੇਰੇ ਸਵੇਰੇ ਬੈਰਾ ਦੋ ਕੱਪ ਚਾਹ ਲੈ ਆਇਆ। ਕੱਪ ਲੈਣ ਆਏ ਬੈਰੇ ਦੀ ਟਰੇਅ ’ਚ ਮੈਂ ਸੌ ਦਾ ਨੋਟ ਰੱਖ ਦਿੱਤਾ ਤੇ ਉਹ ਸਲਾਮ ਕਰਕੇ ਚਲਿਆ ਗਿਆ। ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ ਕੀ। ਮੈਂ ਆਖਿਆ ਕਿ ਪਤਾ ਨਹੀਂ। ਉਸ ਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਇੱਥੇ ਇੱਕ ਚਾਹ ਦਾ ਕੱਪ ਕਿੰਨੇ ਦਾ ਹੈ। ਪਤਾ ਲੱਗਣ ’ਤੇ ਉਸ ਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਚਾਹ ਦਾ ਕੱਪ ਚਾਲੀ ਰੁਪਏ ਦਾ ਹੈ। ਮੈਂ ਹੱਸ ਕੇ ਕਿਹਾ ਕਿ ਤਾਂ ਹੀ ਸਵੇਰੇ ਬੈਰਾ ਅੱਸੀ ਰੁਪਏ ਦੇ ਚਾਹ ਦੇ ਦੋ ਕੱਪ ਤੇ ਵੀਹ ਰੁਪਏ ਟਿੱਪ ਦੇ ਸਮਝ ਕੇ ਸੌ ਰੁਪਏ ਦਾ ਨੋਟ ਲੈ ਕੇ ਸਲਾਮ ਕਰਕੇ ਚਲਿਆ ਗਿਆ।
‘‘ਮੈਂ ਤਾਂ ਸੋਚਿਆ ਸੀ ਕਿ ਕੱਲ੍ਹ ਨੂੰ ਬੈੱਡ ਟੀ ਦੇ ਪੈਸੇ ਮੈਂ ਦੇ ਦਿਆਂਗੀ, ਪਰ ਨਾ ਬਾਬਾ ਨਾ ਕੱਲ੍ਹ ਆਪਾਂ ਬੈੱਡ ਟੀ ਮੰਗਵਾਉਣੀ ਹੀ ਨਹੀਂ। ਕਿਹੜਾ ਸੌ ਰੁਪਏ ਵਿੱਚ ਚਾਹ ਦੇ ਦੋ ਕੱਪ ਮੰਗਵਾਏ।’’ ਹਰਜਿੰਦਰ ਕੌਰ ਨੇ ਦਲੀਲ ਦਿੱਤੀ।
‘‘ਇਸ ਹਿਸਾਬ ਨਾਲ ਸਾਡੀ ਰਿਹਾਇਸ਼ ਤੇ ਰੋਟੀ ਪਾਣੀ ’ਤੇ ਕਿੰਨਾ ਖਰਚ ਕਰਦੇ ਹੋਣਗੇ ਤੇ ਸੌ ਰੁਪਏ ਬਚਾਉਣ ਲਈ ਬੈਂਡ ਟੀ ਨਾ ਪੀਏ, ਇਹ ਚੰਗਾ ਨਹੀਂ ਲੱਗਣਾ।’’ ਮੈਂ ਕਿਹਾ।
ਕਾਨਫਰੰਸ ਦਾ ਪਹਿਲਾ ਸੈਸ਼ਨ ਖ਼ਤਮ ਹੋਣ ਨੂੰ ਸੀ। ਮੈਨੂੰ ਦੱਸਿਆ ਗਿਆ ਕਿ ਅਖ਼ਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਂ ਪੜ੍ਹ ਕੇ ਇਧਰਲੇ ਕੁਝ ਟਿਵਾਣੇ ਤੁਹਾਨੂੰ ਮਿਲਣ ਆਏ ਨੇ।
‘‘ਅਸੀਂ ਤੇ ਬੜੇ ਖੁਸ਼ ਹੋਏ ਜਦ ਪਤਾ ਲੱਗਿਐ ਕਿ ਸਾਡੀ ਆਪਾ ਆਈ ਐ। ਇਸੇ ਲਈ ਮਿਲਣ ਆ ਗਏ ਹਾਂ।’’ ਦਾਨੇ ਸਿਆਣੇ ਤੇ ਕਈ ਨੌਜੁਆਨ ਇੱਕ ਵੱਡਾ ਸਾਰਾ ਗੁਲਾਬ ਦੇ ਫੁੱਲਾਂ ਦੀਆਂ ਡੋਡੀਆਂ ਦਾ ਗੁਲਦਸਤਾ ਤੇ ਇੱਕ ਵੱਡਾ ਸਾਰਾ ਕੇਕ ਲੈ ਕੇ ਆਏ ਸਨ।
ਇੱਕ ਨੇ ਕਿਹਾ, ‘‘ਕੋਈ ਅਜਿਹਾ ਸਿਲਸਿਲਾ ਬਣਾਓ ਕਿ ਆਪਾਂ ਇਧਰ ਉਧਰ ਆਉਂਦੇ ਜਾਂਦੇ ਤੇ ਮਿਲਦੇ ਰਹੀਏ।’’
ਮੈਂ ਕਾਨਫਰੰਸ ਲਈ ਲਾਹੌਰ ਗਈ। ਉੱਥੋਂ ਦੇ ਟਿਵਾਣੇ ਮਿਲਣ ਆਏ ਤਾਂ ਗੱਲਬਾਤ ਦਾ ਸਿਲਸਿਲਾ ਤੁਰਿਆ।

ਮੈਂ ਦੱਸਿਆ, ‘‘ਉਧਰ ਟਿਵਾਣਾ ਬ੍ਰਦਰਹੁੱਡ ਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ। ਤੁਸੀਂ ਉਸ ਦੇ ਮੈਂਬਰ ਬਣ ਜਾਓ ਫੇਰ ਆਉਣਾ ਜਾਣਾ ਸੌਖਾ ਹੋ ਜਾਵੇਗਾ।’’ ‘‘ਠੀਕ ਹੈ ਫਾਰਮ ਸਾਨੂੰ ਭਿਜਵਾ ਦਿਓ।’’ ਇੱਕ ਬੋਲਿਆ। ਫੇਰ ਕਾਫੀ ਚਿਰ ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਮੈਂ ਕਿਹਾ, ‘‘ਇਹ ਕੇਕ ਹੁਣੇ ਕੱਟ ਲੈਂਦੇ ਹਾਂ। ਮੈਂ ਨਾਲ ਲੈ ਕੇ ਨਹੀਂ ਜਾ ਸਕਣਾ।’’ ‘‘ਤੁਸੀਂ ਹੇਠਾਂ ਦੇ ਦੇਣਾ। ਉਹ ਸਾਰੇ ਡੈਲੀਗੇਟਸ ਨੂੰ ਦੇ ਦੇਣਗੇ।’’ ਇੱਕ ਬੋਲਿਆ।
ਫੇਰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ‘‘ਆਪਾ, ਕੱਲ੍ਹ ਆਪਾਂ ਸਰਗੋਧੇ ਚਲਦੇ ਹਾਂ ਮੇਰੇ ਪਿੰਡ।’’ ‘‘ਮੇਰੇ ਕੋਲ ਤਾਂ ਵੀਜ਼ਾ ਸਿਰਫ਼ ਲਾਹੌਰ ਦਾ ਐ।’’ ਮੈਂ ਦੱਸਿਆ। ‘‘ਜਦ ਇਹ ਤੁਹਾਡੇ ਨਾਲ ਹੋਣਗੇ ਤਾਂ ਵੀਜ਼ਾ ਪੁੱਛਣ ਦੀ ਕਿਸ ਦੀ ਮਜ਼ਾਲ ਐ। ਪੁਲੀਸ ਵਾਲੇ ਤੁਹਾਨੂੰ ਆਪ ਐਸਕੌਰਟ ਕਰਕੇ ਲੈ ਕੇ ਜਾਣਗੇ।’’ ਉਸ ਨੇ ਕਿਹਾ। ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ। ਮੈਂ ਆਖਿਆ, ‘‘ਅਗਲੀ ਵਾਰੀ ਆਵਾਂਗੀ ਸਰਗੋਧੇ।’’
ਜਾਣ ਲੱਗਿਆਂ ਉਨ੍ਹਾਂ ਵਿੱਚੋਂ ਇੱਕ ਤਕੜੇ ਜਿਹੇ ਚਾਲੀਆਂ ਤੋਂ ਉਪਰ ਟੱਪੇ ਬੰਦੇ ਵੱਲ ਹੱਥ ਕਰਕੇ ਇੱਕ ਨੇ ਕਿਹਾ, ‘‘ਇਨ੍ਹਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਏਥੇ ਰਹੇਗੀ। ਫੰਕਸ਼ਨ ਤੋਂ ਮਗਰੋਂ ਜਿੱਥੇ ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੇਗੀ।’’ ਮੈਂ ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆਖ ਕੇ ਚਲੇ ਗਏ। ਗ਼ਫੂਰ ਨੂੰ ਲੱਭਣ ਦੇ ਕੰਮ ਵਿੱਚ ਅੱਜ ਕੋਈ ਸਫ਼ਲਤਾ ਨਹੀਂ ਮਿਲੀ।
ਅਗਲੇ ਦਿਨ ਦੇ ਸ਼ੈਸ਼ਨ ਮਗਰੋਂ ਉਹ ਬੰਦਾ ਵੱਡੀ ਸਾਰੀ ਕਾਰ ਲਈ ਉਸ ਹੋਟਲ ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲਿਆ ਤੇ ਪੁੱਛਿਆ, ‘‘ਆਪਾ, ਕਿੱਥੇ ਜਾਣਾ ਚਾਹੋਗੇ? ਉਂਜ ਮਲਿਕ ਸਾਬ੍ਹ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ ਹੈ। ਪਹਿਲਾਂ ਕੁਝ ਥਾਂਵਾਂ ਦੇਖ ਲਓ। ਫੇਰ ਉਧਰ ਚਲੇ ਚਲਾਂਗੇ।’’ ਉਸ ਨੇ ਸਾਨੂੰ ਲਾਹੌਰ ਦਾ ਮਿਊਜ਼ੀਅਮ ਦਿਖਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਕੁੜੀਆਂ ਦੇ ਕਾਲਜ ਲੈ ਕੇ ਗਿਆ, ਫੇਰ ਕਿਸੇ ਦੇ ਘਰ ਲੈ ਗਿਆ ਜਿੱਥੇ ਉਸ ਪਰਿਵਾਰ ਨੇ ਕੁਝ ਇਤਿਹਾਸਕ ਚੀਜ਼ਾਂ ਸਾਂਭੀਆਂ ਹੋਈਆਂ ਸਨ। ਇਸ ਮਗਰੋਂ ਉਹ ਮਲਿਕ ਸਾਬ੍ਹ ਦੇ ਘਰ ਲੈ ਗਿਆ। ਘਰ ਕੀ ਸੀ ਪੂਰਾ ਮਹਿਲ ਸੀ। ਮਹਿਲ ਵਾਂਗ ਹੀ ਪਹਿਰੇਦਾਰ ਗਾਰਡ, ਮਹਿਲ ਵਰਗੀ ਹੀ ਘਰ ਦੀ ਸਜਾਵਟ ਤੇ ਫਰਨੀਚਰ। ਡਰਾਇੰਗ ਰੂਮ ’ਚ ਤਿੰਨ ਚਾਰ ਬੰਦੇ ਸਨ ਜੋ ਤਪਾਕ ਨਾਲ ਮਿਲੇ- ‘‘ਵੂਈ ਆਰ ਪਰਾਊਡ ਆਫ ਆਪਾ।’’ ਚਾਂਦੀ ਦੇ ਬਰਤਨਾਂ ਵਿੱਚ ਚਾਹ ਆ ਗਈ। ਮੈਂ ਇਧਰ ਉਧਰ ਝਾਕੀ ਤਾਂ ਘਰ ਦਾ ਮਾਲਕ ਸਮਝ ਗਿਆ ਤੇ ਆਖਣ ਲੱਗਿਆ, ‘‘ਆਪਾ, ਬੇਗ਼ਮ ਨੂੰ ਜ਼ਨਾਨਖਾਨੇ ਵਿੱਚ ਜਾ ਕੇ ਮਿਲਣਾ ਪਵੇਗਾ।’’ ਚਾਹ ਪੀਣ ਮਗਰੋਂ ਬੈਰਾਨੁਮਾ ਬੰਦਾ ਮੈਨੂੰ ਅੰਦਰ ਲੈ ਗਿਆ। ਅਤਿ ਸੁੰਦਰ ਬੇਗ਼ਮ ਨੇ ਸਲਾਮ ਅਰਜ਼ ਕੀਤੀ। ਬੇਗ਼ਮ ਨੇ ਛੋਟੇ ਛੋਟੇ ਦੋ ਬੱਚਿਆਂ ਨੂੰ ਆਖਿਆ, ‘‘ਆਪਕੀ ਬੂਆ ਇੰਡੀਆ ਸੇ ਆਈ ਹੈ।’’ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲ੍ਹੇਆਮ ਨਹੀਂ ਵਿਚਰਦੀਆਂ।
‘‘ਆਪ ਕੁਛ ਦਿਨ ਹਮਾਰੇ ਪਾਸ ਹੀ ਰਹੀਏ।’’ ਉਸ ਨੇ ਮੇਰਾ ਹੱਥ ਫੜਦਿਆਂ ਆਖਿਆ। ‘‘ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤਕ ਦਾ ਹੀ ਹੈ। ਤੁਹਾਡੇ ਕੋਲ ਰਹਿਣ ਲਈ ਫੇਰ ਆਵਾਂਗੀ।’’ ਮੈਂ ਕਿਹਾ। ‘‘ਤੁਸੀਂ ਵੀ ਕਦੇ ਆਓ।’’ ਮੈਂ ਫੇਰ ਕਿਹਾ। ‘‘ਹਮ ਗਏ ਹੈਂ ਦੋ ਬਾਰ। ਮਗਰ ਦੇਹਲੀ ਸੇ ਹੀ ਘੂਮ ਫਿਰ ਕੇ ਵਾਪਸ ਆ ਜਾਤੇ ਹੈਂ। ਹਮਾਰਾ ਉਧਰ ਕੋਈ ਹੈ ਹੀ ਨਹੀਂ। ਹਮ ਤੋ ਸ਼ੁਰੂ ਸੇ ਹੀ ਇਧਰ ਹੈਂ।’’ ਬੇਗ਼ਮ ਬੋਲੀ।
ਫੇਰ ਉਸ ਨੇ ਖਾਨਸਾਮੇ ਨੂੰ ਆਖਿਆ ਕਿ ਆਪਾ ਕੋ ਕੁਛ ਖਿਲਾਓ। ਮੂੰਹ ਮੀਠਾ ਕਰਾਓ। ਖਾਨਸਾਮਾ ਇੱਕ ਪਲੇਟ ’ਚ ਪਿਸਤੇ ਕਾਜੂ ਦੀ ਵਰਕਾਂ ਵਾਲੀ ਬਰਫ਼ੀ ਲੈ ਆਇਆ। ਫਿਰ ਬੇਗ਼ਮ ਉੱਠ ਕੇ ਅੰਦਰੋਂ ਮੇਰੇ ਲਈ ਸਿਲਕ ਦਾ ਜ਼ਰੀ ਨਾਲ ਕੱਢਿਆ ਸੂਟ ਲੈ ਆਈ ਤੇ ਕਿਹਾ, ‘‘ਯੇ ਹਮਾਰੀ ਤਰਫ਼ ਸੇ। ਆਪ ਕਾ ਸ਼ੁਕਰੀਆ ਆਪ ਹਮਾਰੇ ਘਰ ਮੇਂ ਆਈਂ।’’ ਮੈਂ ਉਸ ਔਰਤ ਨੂੰ ਦੇਖਦੀ ਰਹਿ ਗਈ।
ਜਦੋਂ ਮੈਂ ਹੋਟਲ ਪਹੁੰਚੀ ਤਾਂ ਗ਼ਫੂਰ ਦਾ ਪਤਾ ਲੱਭਣ ਵਾਲਿਆਂ ਨੇ ਦੱਸਿਆ ਕਿ ਅਜੇ ਉਸ ਬਾਰੇ ਕੋਈ ਪਤਾ ਨਹੀਂ ਲੱਗਿਆ। ਕੱਲ੍ਹ ਨੂੰ ਦੂਜੇ ਪਿੰਡਾਂ ਵਿੱਚ ਜਾ ਕੇ ਲੱਭਣ ਦੀ ਕੋਸ਼ਿਸ਼ ਕਰਾਂਗੇ।
ਅਗਲੇ ਦਿਨ ਸ਼ੈਸ਼ਨ ਮਗਰੋਂ ਉਹੀ ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗਿਆ, ‘‘ਅੱਜ ਕਿੱਥੇ ਚਲਨਾ ਜੇ?’’ ਹਰਜਿੰਦਰ ਨੇ ਕਿਹਾ, ‘‘ਕੱਪੜੇ ਦੀਆਂ ਦੁਕਾਨਾਂ ਵੱਲ ਲੈ ਚੱਲੋ। ਉੱਥੋਂ ਅਸੀਂ ਚਿਕਨ ਦੇ ਸੂਟ ਖਰੀਦਣੇ ਨੇ।’’ ਸਾਨੂੰ ਉਹ ਕੱਪੜੇ ਦੀਆਂ ਦੁਕਾਨਾਂ ਵੱਲ ਲੈ ਗਿਆ। ਉਸ ਨੇ ਕਿਹਾ, ‘‘ਅੱਗੇ ਸੜਕ ਭੀੜੀ ਹੈ, ਕਾਰ ਅੱਗੇ ਨਹੀਂ ਜਾ ਸਕਣੀ। ਮੈਂ ਇੱਥੇ ਉਡੀਕ ਕਰਾਂਗਾ। ਤੁਸੀਂ ਅੱਗੇ ਜਾ ਕੇ ਸੂਟ ਲੈ ਆਓ।’’
ਉਸ ਭੀੜੀ ਸੜਕ ਦੇ ਦੋਵੇਂ ਪਾਸੇ ਕੱਪੜੇ ਦੀਆਂ ਦੁਕਾਨਾਂ ਸਨ। ਅਸੀਂ ਦੋ ਤਿੰਨ ਦੁਕਾਨਾਂ ’ਤੇ ਚਿਕਨ ਦੇਖੀ, ਚੰਗੀ ਸੀ ਪਰ ਮਹਿੰਗੀ ਬਹੁਤ ਸੀ। ਹਰਜਿੰਦਰ ਨੇ ਕਿਹਾ, ‘‘ਏਡੀ ਮਹਿੰਗੀ ਚਿਕਨ ਕੀ ਕਰਨੀ ਐ।’’ ਅਸੀਂ ਵਾਪਸ ਆ ਗਈਆਂ। ਸਾਨੂੰ ਖਾਲੀ ਮੁੜੀਆਂ ਆਉਂਦੀਆਂ ਦੇਖ ਕਾਰ ਵਾਲੇ ਭਾਈ ਨੇ ਕਿਹਾ, ‘‘ਤੁਸੀਂ ਪੰਜ ਮਿੰਟ ਬੈਠੋ। ਮੈਂ ਹੁਣੇ ਆਇਆ।’’ ਸਾਨੂੰ ਉੱਥੇ ਬਿਠਾ ਕੇ ਉਹ ਬਾਜ਼ਾਰ ਵੱਲ ਗਿਆ। ‘‘ਵੈਸੇ ਕਿੰਨਾ ਚੰਗਾ ਹੈ ਇਹ ਭਾਈ।’’ ਮੈਂ ਕਿਹਾ। ‘‘ਇੱਥੋਂ ਦੇ ਲੋਕਾਂ ਦਾ ਮੋਹ-ਪਿਆਰ ਦੇਖ ਕੇ ਇੱਥੇ ਰਹਿਣ ਨੂੰ ਜੀਅ ਕਰ ਰਿਹਾ ਹੈ।’’ ਹਰਜਿੰਦਰ ਨੇ ਕਿਹਾ। ‘‘ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਐ ਕਿਸੇ ਨਾਲ ਭੱਜ ਹੀ ਨਾ ਜਾਵੇਂ।’’ ਮੈਂ ਹੱਸ ਕੇ ਕਿਹਾ।
ਏਨੇ ਨੂੰ ਕਾਰ ਵਾਲਾ ਭਾਈ ਵਾਪਸ ਆ ਗਿਆ। ਉਸ ਦੇ ਹੱਥ ਵਿੱਚ ਦੋ ਲਿਫ਼ਾਫ਼ੇ ਸਨ। ਉਸ ਨੇ ਕਾਰ ’ਚ ਬੈਠਣ ਤੋਂ ਪਹਿਲਾਂ ਉਹ ਲਿਫ਼ਾਫ਼ੇ ਮੈਨੂੰ ਫੜਾਉਂਦੇ ਆਖਿਆ ਕਿ ਆਪਾ ਇਹ ਸੂਟ ਤੁਹਾਡੇ ਦੋਹਾਂ ਲਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਸ ਦਾ ਧੰਨਵਾਦ ਕਿਵੇਂ ਕਰਾਂ। ਹਰਜਿੰਦਰ ਨੇ ਦੋਵੇਂ ਲਿਫ਼ਾਫ਼ੇ ਖੋਲ੍ਹ ਕੇ ਵੇਖੇ। ਉਹ ਵਧੀਆ ਚਿਕਨ ਦੇ ਇੱਕੋ ਜਿਹੇ ਦੋ ਸੂਟ ਸਨ।
ਉਦੋਂ ਹੀ ਤੌਸੀਫ਼ ਦਾ ਫ਼ੋਨ ਆਇਆ ਕਿ ਤੁਸੀਂ ਕਿੱਥੇ ਹੋ। ਅੱਜ ਤਾਂ ਤੁਸੀਂ ਮੇਰੇ ਵੱਲ ਆਉਣਾ ਸੀ।’’ ‘‘ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ।’’ ਮੈਂ ਕਿਹਾ। ਇਸ ਮਗਰੋਂ ਅਸੀਂ ਤੌਸੀਫ਼ ਦੇ ਘਰ ਗਏ। ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀ ਘਰ। ‘‘ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕੀ ਖਾਤਿਰਦਾਰੀ ਕਰਾਂ। ਮੇਰੇ ਪੇਕਿਆਂ ਤੋਂ ਆਏ ਹੋ।’’ ਉਸ ਨੇ ਕਿਹਾ। ‘‘ਸੂਟ ਸਾਨੂੰ ਮਿਲ ਗਏ ਨੇ। ਤੁਹਾਡਾ ਪਿਆਰ ਹੀ ਬਹੁਤ ਹੈ।’’ ਮੈਂ ਕਿਹਾ। ਉਸ ਨੇ ਪਲਾਸਟਿਕ ਦੇ ਸੱਚਮੁੱਚ ਦੇ ਦਿਸਦੇ ਫਰੂਟਾਂ ਦੀ ਟੋਕਰੀ ਦਿੱਤੀ। ਗੋਲਡਨ ਕਢਾਈ ਵਾਲੀਆਂ ਗੱਦੀਆਂ ਦਿੱਤੀਆਂ ਤੇ ਆਪਣੀ ਪਸੰਦ ਦਾ ਅਤਿ ਸੁਆਦ ਖਾਣਾ ਖੁਆਇਆ ਤੇ ਅੱਖਾਂ ਭਰ ਕੇ ਆਖਣ ਲੱਗੀ, ‘‘ਮੇਰਾ ਜੀਅ ਕਰਦਾ, ਮੇਰਾ ਕੀ ਸਭ ਦਾ ਜੀਅ ਕਰਦਾ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਵੰਡ ਦੀ ਲੀਕ ਮਿਟ ਜਾਵੇ। ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਵੇ। ਜਿਹੜੇ ਵੱਢੇ ਟੁੱਕੇ ਤੇ ਮਾਰੇ ਗਏ ਨੇ ਮੁੜ ਕੇ ਜਿਉਂਦੇ ਹੋ ਜਾਣ। ਅਸੀਂ ਉਵੇਂ ਰਲ ਮਿਲ ਕੇ ਰਹੀਏ। ਹੁਣ ਵਾਲਾ ਜਿਉਣਾ ਕੀ ਜਿਉਣਾ ਹੋਇਆ।’’
‘‘ਤੌਸੀਫ਼ ਇਧਰਲੇ ਲੋਕ ਵੀ ਤੇ ਓਧਰਲੇ ਲੋਕ ਵੀ ਦੁਆ ਕਰਦੇ ਨੇ। ਖਬਰੇ ਰੱਬ ਕਦੇ ਸੁਣ ਹੀ ਲਵੇ।’’ ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ ਪਰ ਉਸ ਦਾ ਰੋਣਾ ਥੰਮਦਾ ਹੀ ਨਹੀਂ ਸੀ। ਇਸ ਮਗਰੋਂ ਉਹ ਸਾਨੂੰ ਫੂਡ ਸਟਰੀਟ ਲੈ ਗਈ। ਉੱਥੇ ਸੜਕ ਦੇ ਦੋਵੇਂ ਪਾਸੇ ਖਾਣ-ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ। ਦੁਕਾਨਦਾਰ ਵਾਰ ਵਾਰ ਆਪਣੀਆਂ ਦੁਕਾਨਾਂ ਵੱਲ ਸੱਦ ਰਹੇ ਸਨ ਤੇ ਆਖ ਰਹੇ ਸਨ, ‘‘ਤੁਸੀਂ ਜੋ ਮਰਜ਼ੀ ਖਾਓ ਜੋ ਮਰਜ਼ੀ ਪੀਓ ਅਸੀਂ ਪੈਸੇ ਕੋਈ ਨਹੀਂ ਲੈਣੇ, ਤੁਸੀਂ ਸਾਡੇ ਭੈਣ ਭਾਈ ਓਧਰਲੇ ਪੰਜਾਬ ਤੋਂ ਜੋ ਆਏ ਹੋ।’’ ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਅਸੀਂ ਰੁਕਦੇ, ਦੁਕਾਨਦਾਰ ਕਦੇ ਰਸਮਲਾਈ, ਕਦੇ ਗਰਮ ਗਰਮ ਜਲੇਬੀਆਂ, ਕਿਤੇ ਚਾਟ, ਕਿਤੇ ਪੀਲੇ ਖੁਸ਼ਬੂਦਾਰ ਚਾਵਲ ਆਦਿ ਚੀਜ਼ਾਂ ਪਲੇਟਾਂ ਵਿੱਚ ਪਾ ਕੇ ਕਾਹਲੀ ਕਾਹਲੀ ਲੈ ਆਉਂਦੇ ਤੇ ਮਿੰਨਤਾਂ ਵਾਂਗ ਆਖਦੇ ਜ਼ਰੂਰ ਕੁਝ ਨਾ ਕੁਝ ਖਾ ਲਓ। ਉਨ੍ਹਾਂ ਨੂੰ ਦੇਖ ਕੇ ਇਉਂ ਲੱਗਦਾ ਸੀ ਕਿ ਜਿਵੇਂ ਅਸੀਂ ਉਨ੍ਹਾਂ ਨੂੰ ਮਸਾਂ ਮਿਲੇ ਹੋਈਏ। ਮੈਂ ਤੌਸੀਫ਼ ਨੂੰ ਕਿਹਾ, ‘‘ਇਧਰ ਦੇ ਲੋਕ ਸਾਡਾ ਕੁਝ ਜ਼ਿਆਦਾ ਹੀ ਕਰ ਰਹੇ ਨੇ।’’ ਉਹ ਬੋਲੀ, ‘‘ਤੁਹਾਡਾ ਹੀ ਨਹੀਂ ਓਧਰੋਂ ਜਿਹੜਾ ਵੀ ਕੋਈ ਆਉਂਦੈ ਇਧਰਲੇ ਲੋਕ ਸਭ ਦਾ ਹੀ ਐਨਾ ਕਰਦੇ ਨੇ ਜਿਵੇਂ ਉਨ੍ਹਾਂ ਦੇ ਆਪਣੇ ਹੀ ਭੈਣ ਭਾਈ ਚਿਰਾਂ ਦੇ ਵਿਛੜੇ ਮਿਲੇ ਹੋਣ।’’
ਅਗਲੇ ਦਿਨ ਜਦੋਂ ਕਾਨਫਰੰਸ ਦਾ ਪਹਿਲਾਂ ਸੈਸ਼ਨ ਮੁੱਕਿਆ ਤੇ ਲੰਚ ਟਾਈਮ ਹੋਇਆ ਤਾਂ ਮੈਨੂੰ ਉਸੇ ਕੱਲ੍ਹ ਵਾਲੇ ਬੰਦੇ ਨੇ ਦੱਸਿਆ ਕਿ ਤੁਹਾਡਾ ਗ਼ਫੂਰ ਲੱਭ ਗਿਆ ਹੈ। ਨਾਲ ਵਾਲੇ ਕਮਰੇ ਵਿੱਚ ਬੈਠਾ ਹੈ। ਮੈਂ ਦੂਜੇ ਕਮਰੇ ਵਿੱਚ ਗਈ ਤਾਂ ਮੜੂਆ ਜਿਹਾ ਬੰਦਾ, ਜਿਸ ਨੇ ਮੁਸਲਮਾਨਾਂ ਵਾਲੀ ਸਲਵਾਰ ਕਮੀਜ਼ ਪਾਈ ਹੋਈ ਸੀ ਤੇ ਸਿਰ ਉੱਤੇ ਸਾਫੀ ਵਲ੍ਹੇਟੀ ਹੋਈ ਸੀ ਮੇਰੇ ਸਾਹਮਣੇ ਖੜ੍ਹਾ ਸੀ।

‘‘ਗ਼ਫੂਰ!’’ ਮੈਂ ਆਖਿਆ ਤਾਂ ਉਹ ਤ੍ਰਭਕ ਕੇ ਮੇਰੇ ਵੱਲ ਝਾਕਿਆ। ‘‘ਪਟਿਆਲੇ ਵਾਲੇ ਬੀਬਾ’’ ਆਖਦਾ ਉਹ ਮੇਰੇ ਪੈਰਾਂ ਵੱਲ ਝੁਕਿਆ। ‘‘ਤੂੰ ਕੁਰਸੀ ’ਤੇ ਬੈਠ,’’ ਮੈਂ ਸਾਹਮਣੇ ਕੁਰਸੀ ’ਤੇ ਬੈਠਦਿਆਂ ਆਖਿਆ। ਉਹ ਹੁਬਕੀਂ ਹੁਬਕੀਂ ਰੋ ਰਿਹਾ ਸੀ। ਫੇਰ ਜ਼ਰਾ ਸੰਭਲ ਕੇ ਸਾਫੀ ਨਾਲ ਅੱਖਾਂ ਪੂੰਝਦਾ ਪੁੱਛਣ ਲੱਗਿਆ, ‘‘ਮੈਂ ਖ਼ਤ ਪਾਇਆ ਸੀ ਬਾਬਾ ਜੀ ਮੈਨੂੰ ਲੈਣ ਕਿਉਂ ਨਾ ਆਏ?’’ ‘‘ਤੂੰ ਆਪਣੇ ਖ਼ਤ ਉੱਤੇ ਸਿਰਫ਼ ਐਨਾ ਹੀ ਲਿਖਿਆ ਸੀ ਕਿ ਲੁਧਿਆਣੇ ਜਿਲ੍ਹੇ ਦੇ ਰੱਬੋਂ ਪਿੰਡ ਵਿੱਚ ਪਟਿਆਲੇ ਵਾਲਿਆਂ ਦੇ ਘਰ ਬਾਬਾ ਜੀ ਨੂੰ ਮਿਲੇ। ਨਾਲ ਹੀ ਤੂੰ ਲਿਖਿਆ ਸੀ ਕਿ ਮੇਰਾ ਪਿੰਡ ਲਾਹੌਰ ਦੇ ਨੇੜੇ ਐ। ਤੂੰ ਪਿੰਡ ਦਾ ਨਾਂ ਹੀ ਨਹੀਂ ਲਿਖਿਆ ਸੀ। ਖ਼ਤ ਭਗਤੂ ਦੇ ਘਰ ਕਈ ਦਿਨ ਪਿਆ ਰਿਹਾ। ਜਦੋਂ ਉਹ ਪਟਿਆਲੇ ਠੇਕਾ ਦੇਣ ਆਇਆ ਤਾਂ ਉਹ ਖ਼ਤ ਦੇ ਕੇ ਗਿਆ।’’ ਮੈਂ ਦੱਸਿਆ।
ਉਹ ਬੋਲਿਆ, ‘‘ਉੱਥੇ ਪਿੰਡ ਹੋਰ ਆਪਣੇ ਕੌਣ ਕੌਣ ਐ? ਮਾਂ ਜੀ ਤਾਂ ਬੜੀ ਬੁੱਢੀ ਹੋ ਗਈ ਹੋਣੀ ਐ। ਕੀ ਬਾਪੂ ਜੀ ਓਨੀਓਂ ਹੀ ਸ਼ਰਾਬ ਪੀਂਦੇ ਨੇ? ਤੇ ਮੰਗੋ ਕੱਟੀ? ਨਾਲੇ ਜਦੋਂ ਆਪਣੀ ਵੀਹੀ ਵਿੱਚ ਦਿਆਲ ਦੇ ਘਰ ਚੋਰ ਆ ਵੜੇ ਸਨ ਤਾਂ ਉਨ੍ਹਾਂ ਦੇ ਭਾਂਡੇ ਟੀਂਡੇ ਸਭ ਲੈ ਗਏ ਸਨ। ਮੈਂ ਉਸੇ ਦਿਨ ਆਪਣੇ ਬੰਟੇ ਤੇ ਅਖਰੋਟ ਕੁੱਜੇ ਵਿੱਚ ਪਾ ਕੇ ਤੂੜੀ ਵਾਲੇ ਕੋਠੇ ’ਚ ਦੱਬ ਦਿੱਤੇ ਸਨ।’’ ਦੱਸਦਾ ਦੱਸਦਾ ਗ਼ਫੂਰ ਜਿਵੇਂ ਆਪਣੇ ਬਚਪਨ ’ਚ ਪਹੁੰਚ ਗਿਆ।
ਜ਼ਰਾ ਰੁਕ ਕੇ ਫੇਰ ਪੁੱਛਣ ਲੱਗਿਆ, ‘‘ਹੁਣ ਉੱਥੇ ਪਿੰਡ ਕੌਣ ਕੌਣ ਐ?’’
‘‘ਉੱਥੇ ਆਪਣਾ ਕੋਈ ਨਹੀਂ। ਮਾਂ ਜੀ, ਬਾਬਾ ਜੀ ਰੱਬ ਨੂੰ ਪਿਆਰੇ ਹੋ ਗਏ ਨੇ।’’
‘‘ਹੈਂ! ਮਰ ਗਏ?’’ ਉਹ ਹੈਰਾਨ ਹੋਇਆ।
‘‘ਹਾਂ’’ ਜਦੋਂ ਮੈਂ ਆਖਿਆ ਤਾਂ ਉਹ ਫੇਰ ਹੁਬਕੀਂ ਹੁਬਕੀਂ ਰੋ ਪਿਆ। ਕੁਝ ਚਿਰ ਉਹ ਰੋਂਦਾ ਰਿਹਾ। ਮੇਰੀਆਂ ਵੀ ਅੱਖਾਂ ਭਰ ਆਈਆਂ। ਜਦੋਂ ਉਹ ਕੁਝ ਸੰਭਲਿਆ ਤਾਂ ਮੈਂ ਆਖਿਆ, ‘‘ਤੂੰ ਆਪਣਾ ਹਾਲ ਦੱਸ? ਤੇਰਾ ਸਭ ਟੱਬਰ ਟ੍ਹੀਰ ਠੀਕ ਐ?’’
ਉਹ ਹੈਰਾਨ ਹੋ ਮੇਰੇ ਵੱਲ ਝਾਕਿਆ ਕਿ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ।
ਫਿਰ ਉਹ ਦੱਸਣ ਲੱਗਿਆ, ‘‘ਅੰਮੀ ਤਾਂ ਮੇਰੀ ਰਾਹ ’ਚ ਕਿਧਰੇ ਖੋ ਗਈ ਜਾਂ ਖਬਰੇ ਮਾਰ ਦਿੱਤੀ ਗਈ ਸੀ। ਸਾਡੇ ਕਾਫਲੇ ’ਤੇ ਦੋ ਵਾਰ ਹਮਲਾ ਹੋਇਆ ਸੀ। ਮੈਂ ਤੇ ਅੱਬਾ ਇੱਥੋਂ ਦੇ ਲਾਗਲੇ ਪਿੰਡ ਆ ਗਏ। ਸਾਨੂੰ ਕੜੀਆਂ ਦੀ ਛੱਤ ਵਾਲਾ ਛੋਟਾ ਜਿਹਾ ਘਰ ਮਿਲਿਆ ਸੀ। ਵੱਡੇ ਵੱਡੇ ਘਰ ਤਾਂ ਵੱਡੇ ਵੱਡੇ ਲੋਕਾਂ ਨੇ ਸਾਂਭ ਲਏ ਸਨ। ਸਾਡੀ ਜਿਹੜੀ ਡੇਢ ਬਿੱਘਾ ਜ਼ਮੀਨ ਸੀ ਉਸ ਦਾ ਪਤਾ ਨਹੀਂ ਸੀ ਲੱਗ ਰਿਹਾ। ਅੱਬਾ ਕਈ ਵਾਰੀ ਤਹਿਸੀਲਦਾਰ ਦੇ ਪਤਾ ਕਰਨ ਗਿਆ ਸੀ। ਉਹ ਆਖਦਾ ਸੀ ਕਿ ਉਧਰੋਂ ਕਾਗਜ਼ ਆਉਣਗੇ ਤਾਂ ਪਤਾ ਲੱਗੂ। ਫੇਰ ਅੱਬਾ ਨੇ ਜਾਣਾ ਹੀ ਛੱਡ ਦਿੱਤਾ ਬਈ ਇੱਕ ਤਾਂ ਦਿਹਾੜੀ ਛੱਡੋ ਦੂਜਾ ਕਿਰਾਇਆ ਭਾੜਾ ਲਾ ਕੇ ਸ਼ਹਿਰ ਜਾ ਕੇ ਤਹਿਸੀਲਦਾਰ ਦੇ ਪੁੱਛਦੇ ਫਿਰੋ। ਹੁਣ ਉਸ ਦਾ ਮੁਨਸ਼ੀ ਆਖਦਾ ਸੀ ਕਿ ਕੁਝ ਖੁਆ ਪਿਆ ਫੇਰ ਪਤਾ ਕਰ ਦਿਆਂਗੇ। ਖੁਆਉਣ ਪਿਆਉਣ ਨੂੰ ਸਾਡੇ ਕੋਲ ਸੀ ਹੀ ਕੀ।’’ ਆਖ ਕੇ ਗ਼ਫੂਰ ਚੁੱਪ ਹੋ ਗਿਆ। ਮੈਂ ਪੁੱਛਿਆ, ‘‘ਹੁਣ ਅੱਬਾ ਦਾ ਕੀ ਹਾਲ ਐ?’’ ਉਹ ਹੈਰਾਨ ਹੋ ਮੇਰੇ ਵੱਲ ਝਾਕਿਆ ਕਿ ਇਹ ਵੀ ਨਹੀਂ ਪਤਾ। ‘‘ਅੱਬਾ ਤਾਂ ਕਈ ਵਰ੍ਹੇ ਹੋ ਗਏ ਅੱਲ੍ਹਾ ਨੂੰ ਪਿਆਰਾ ਹੋ ਗਿਆ ਸੀ। ਉਸ ਦੀ ਕਬਰ ’ਤੇ ਕਦੇ ਕਦੇ ਮੈਂ ਜਾਂਦਾ ਹੁੰਨਾ।’’ ਉਸ ਨੇ ਉਦਾਸ ਲਹਿਜੇ ਵਿੱਚ ਦੱਸਿਆ। ਫੇਰ ਹੁੱਬ ਕੇ ਕਿਹਾ, ‘‘ਉੱਥੇ ਇੱਕ ਠਮਰੂ ਕੁੱਤਾ ਹੁੰਦਾ ਸੀ ਬਾਪੂ ਜੀ ਓਡਾਂ ਤੋਂ ਲੈ ਕੇ ਆਇਆ ਸੀ। ਉਹ ਦੇਖ ਕੇ ਪਛਾਣ ਜਾਂਦਾ ਸੀ ਬਈ ਇਹ ਓਪਰਾ ਬੰਦਾ ਐ ਤੇ ਬਸ ਓਸੇ ਨੂੰ ਹੀ ਭੌਂਕਦਾ ਸੀ। ਇੱਕ ਚੁਬਾਰੇ ਵਿੱਚ ਮੈਂ ਮਿੱਠੇ ਮਿੱਠੇ ਬੇਰ ਸੁੱਕਣੇ ਪਾਏ ਹੋਏ ਸੀ। ਆਪਣੇ ਵਿਹੜੇ ਵਿੱਚ ਜਿਹੜਾ ਅੰਬ ਦਾ ਦਰੱਖਤ ਲੱਗਿਆ ਹੋਇਆ ਸੀ ਉਸ ਤੋਂ ਅੰਬੀਆਂ ਤੋੜ ਕੇ ਉਹ ਚੋਰੀਓਂ ਤਾਈ ਧਨ ਕੁਰ ਨੂੰ ਦੇ ਆਉਂਦਾ ਸੀ। ਉਹ ਉਨ੍ਹਾਂ ਦੀ ਮਿੱਠੀ ਚਟਨੀ ਬਣਾਉਂਦੀ ਹੁੰਦੀ ਸੀ।’’ ਗ਼ਫੂਰ ਮਨ ਹੀ ਮਨ ਸਾਡੇ ਪਿੰਡ ਪਹੁੰਚ ਗਿਆ ਸੀ।
ਮੈਂ ਉਸ ਨੂੰ ਪੁੱਛਿਆ, ‘‘ਤੇਰਾ ਟੱਬਰ ਟ੍ਹੀਰ?’’ ਉਹ ਮੇਰੇ ਇਸ ਸਵਾਲ ’ਤੇ ਫੇਰ ਹੈਰਾਨ ਹੋਇਆ। ਉਹ ਦੱਸਣ ਲੱਗਿਆ, ‘‘ਲਾਗਲੇ ਪਿੰਡ ਦੇ ਰਾਈਆਂ ਦੀ ਕੁੜੀ ਜ਼ੀਨਾ ਨਾਲ ਮੇਰਾ ਨਿਕਾਹ ਹੋ ਗਿਆ ਸੀ। ਸਾਡੇ ਘਰ ਇੱਕ ਕੁੜੀ ਹੋਈ, ਉਹ ਜੰਮਦੀ ਮਰ ਗਈ। ਕੰਮਕਾਰ ਪਿੰਡ ’ਚ ਘੱਟ ਹੀ ਮਿਲਦਾ ਸੀ। ਕਦੇ ਦਿਹਾੜੀ ਦੱਪਾ ਮਿਲ ਗਿਆ। ਕਦੇ ਨਾ ਮਿਲਿਆ। ਫੇਰ ਪਤਾ ਨਹੀਂ ਕਿਉਂ ਜ਼ੀਨਾ ਹਰੇਕ ਗੱਲ ’ਤੇ ਮੇਰੇ ਨਾਲ ਲੜਨ ਲੱਗ ਪਈ। ਇੱਕ ਦਿਨ ਲੜ ਕੇ ਪੇਕੇ ਚਲੀ ਗਈ। ਫੇਰ ਨਹੀਂ ਆਈ ਮੁੜ ਕੇ। ਮੈਂ ਦੋ ਤਿੰਨ ਵਾਰੀ ਲੈਣ ਗਿਆ। ਉਹ ਆਪਣੀ ਭੈਣ ਕੋਲ ਸ਼ਹਿਰ ਚਲੀ ਗਈ। ਮੈਂ ਉੱਥੇ ਵੀ ਗਿਆ। ਉਸ ਦੀ ਭੈਣ ਨੇ ਕਿਹਾ ਕਿ ਸਾਡੇ ਕੋਲ ਤਾਂ ਆਈ ਨਹੀਂ ਸਾਨੂੰ ਪਤਾ ਨਹੀਂ ਉਹ ਕਿੱਥੇ ਚਲੀ ਗਈ ਐ। ਮੈਨੂੰ ਪਤਾ ਸੀ ਕਿ ਉਹ ਝੂਠ ਬੋਲਦੀ ਹੈ। ਫਿਰ ਮੁੜ ਕੇ ਕਦੇ ਨਹੀਂ ਗਿਆ। ਕਈ ਵਰ੍ਹੇ ਹੋ ਗਏ ਨੇ। ਪਤਾ ਨਹੀਂ ਹੈਗੀ ਵੀ ਕਿ ਮਰ ਮੁੱਕ ਗਈ।’’ ਇਹ ਕਹਿ ਕੇ ਉਹ ਚੁੱਪ ਹੋ ਗਿਆ ਜਿਵੇਂ ਉਸ ਨੂੰ ਲੱਗਿਆ ਕਿ ਉਹ ਕਿਹੜੀਆਂ ਗੱਲਾਂ ਕਰਨ ਲੱਗ ਪਿਆ। ਗੱਲ ਬਦਲ ਕੇ ਕਹਿਣ ਲੱਗਿਆ, ‘‘ਹੁਣ ਮੈਂ ਵੱਡੇ ਮੀਆਂ ਜੀ ਦੇ ਘਰ ਰਹਿੰਦਾ। ਉਨ੍ਹਾਂ ਦਾ ਬੜਾ ਵੱਡਾ ਪਰਿਵਾਰ ਐ। ਬੜੇ ਵੱਡੇ ਜ਼ਿਮੀਂਦਾਰ ਨੇ। ਇੱਕ ਦਿਨ ਮੈਂ ਅੱਬਾ ਦੀ ਕਬਰ ’ਤੇ ਜਾ ਕੇ ਬੈਠਾ ਰਿਹਾ। ਫੇਰ ਪਤਾ ਨਹੀਂ ਬੜੇ ਮੀਆਂ ਜੀ ਉਧਰ ਕਿਵੇਂ ਆ ਗਏ। ਫੇਰ ਮੈਨੂੰ ਉਠਾਲ ਕੇ ਆਪਣੇ ਘਰ ਲੈ ਗਏ ਤੇ ਜਾ ਕੇ ਵੱਡੀ ਅੰਮੀ ਨੂੰ ਆਖ ਦਿੱਤਾ ਕਿ ਇਹ ਮੁੰਡਾ ਹੁਣ ਇੱਥੇ ਰਹੂਗਾ। ਬੜੀ ਚੰਗੀ ਐ ਵੱਡੀ ਅੰਮੀ ਆਪਣੇ ਮਾਂ ਜੀ ਵਰਗੀ। ਨਿੱਕੇ ਮੋਟੇ ਘਰ ਦੇ ਕੰਮ ਕਰ ਛੱਡਦਾਂ ਤੇ ਰੋਟੀ ਖਾ ਛੱਡਦਾਂ।’’ ਗ਼ਫੂਰ ਨੇ ਜਿਵੇਂ ਆਪਣੀ ਸਾਰੀ ਹਿਸਟਰੀ ਦੱਸ ਦਿੱਤੀ।
‘‘ਉਹ ਤੈਨੂੰ ਤਨਖਾਹ ਵੀ ਦਿੰਦੇ ਨੇ?’’ ‘‘ਪੈਸੇ ਲੈ ਕੇ ਮੈਂ ਕੀ ਕਰਨੇ ਸੀ? ਚੀਜ਼ ਜਿਹੜੀ ਚਾਹੀਦੀ ਐ ਵੱਡੀ ਅੰਮੀ ਲੈ ਦਿੰਦੀ ਐ। ਮੈਂ ਵੱਡੀ ਅੰਮੀ ਨੂੰ ਦੱਸਿਆ ਸੀ ਕਿ ਓਧਰਲੇ ਪੰਜਾਬ ਵਿੱਚ ਸਾਡਾ ਘਰ ਹੁੰਦਾ ਸੀ। ਮੇਰੇ ਬਾਬਾ ਜੀ, ਮਾਂ ਜੀ ਤੇ ਸਾਡੇ ਪਟਿਆਲੇ ਵਾਲੇ ਹੁੰਦੇ ਸਨ ਤੇ ਸਾਡੀ ਬੀਬਾ ਵੀ। ਮੈਂ ਉਨ੍ਹਾਂ ਨੂੰ ਕਦੇ ਮਿਲਣ ਜਾਊਂਗਾ। ਉਹ ਕਹਿੰਦੀ ਸੀ ਕਿ ਉਨ੍ਹਾਂ ਨਾਲ ਤਾਂ ਕਸ਼ਮੀਰ ਵਿੱਚ ਸਾਡੀ ਲੜਾਈ ਚੱਲ ਰਹੀ ਐ। ਤੈਨੂੰ ਕਿਸੇ ਨੇ ਸਰਹੱਦ ’ਤੇ ਲੰਘਣ ਨਹੀਂ ਦੇਣਾ। ਮੈਂ ਆਖਿਆ ਕਿ ਮੈਂ ਰਾਤ ਨੂੰ ਚੋਰੀਓਂ ਲੰਘ ਜਾਵਾਂਗਾ। ਉਨ੍ਹਾਂ ਨੇ ਕਿਹਾ ਕਿ ਤੈਨੂੰ ਅਤਿਵਾਦੀ ਸਮਝ ਕੇ ਮਾਰ ਦੇਣਗੇ। ਤੂੰ ਬੀਬਾ ਕਿਵੇਂ ਲੰਘ ਆਈ? ਕੀ ਜਹਾਜ਼ ਸਾਣੀ ਉਪਰ ਉੱਡ ਕੇ?’’ ਗ਼ਫੂਰ ਨੇ ਕਿਹਾ।
ਮੈਂ ਕਿਹਾ, ‘‘ਨਹੀਂ, ਰੇਲ ਥਾਈਂ। ਇਧਰੋਂ ਉਧਰੋਂ ਜਾਣ ਲਈ ਪਾਸਪੋਰਟ ਬਣ ਜਾਂਦਾ ਹੈ। ਅਸੀਂ ਸਾਰੇ ਰੇਲ ’ਤੇ ਆਏ ਹਾਂ। ਕੱਲ੍ਹ ਨੂੰ ਆਥਣੇ ਚਾਰ ਵਜੇ ਦੀ ਗੱਡੀ ਰਾਹੀਂ ਮੁੜ ਜਾਵਾਂਗੇ।’’ ਗ਼ਫੂਰ ਜਿਵੇਂ ਤ੍ਰਭਕ ਕੇ ਜਾਗਿਆ, ‘‘ਬਸ ਕੱਲ੍ਹ ਹੀ ਮੁੜ ਜਾਓਗੇ। ਮੈਂ ਤਾਂ ਸੋਚਦਾ ਸੀ ਕਿ ਬੜੇ ਮੀਆਂ ਜੀ ਨੂੰ ਆਖਾਂਗਾ ਕਿ ਬੀਬਾ ਨੂੰ ਇੱਕ ਅੱਧੇ ਦਿਨ ਲਈ ਪਿੰਡ ਲੈ ਆਓ। ਮੇਰਾ ਤਾਂ ਹੋਰ ਕਦੇ ਕੋਈ ਰਿਸ਼ਤੇਦਾਰ ਆਇਆ ਹੀ ਨਹੀਂ।’’
ਮੈਂ ਗ਼ਫੂਰ ਨੂੰ ਪੁੱਛਿਆ, ‘‘ਕੀ ਖਾਏਂਗਾ?’’ ‘‘ਕੁਛ ਨਹੀਂ, ਰੋਟੀ ਮੈਂ ਪਿੰਡੋਂ ਖਾ ਕੇ ਆਇਆਂ।’’ ‘‘ਚੰਗਾ ਐਂ ਕਰਦੇ ਆਂ ਆਪਾਂ ਚਾਹ ਪੀਂਦੇ ਹਾਂ। ਪਤਾ ਨਹੀਂ ਕਦੋਂ ਫੇਰ ਇੱਥੇ ਆਉਣ ਦਾ ਸਬੱਬ ਬਣੇ। ਇਉਂ ਕਰੀਂ ਤੂੰ ਆਜੀਂ ਸਾਨੂੰ ਮਿਲਣ।’’ ਉਹ ਨਿੰਮੋਝੂਣਾ ਹੋ ਗਿਆ। ਉਸ ਨੂੰ ਲੱਗਦਾ ਸੀ ਮੈਂ ਕਿਵੇਂ ਆ ਜਾਊਂਗਾ। ਸਰਹੱਦ ਤੋਂ ਕਿਸੇ ਨੂੰ ਲੰਘਣ ਨਹੀਂ ਦਿੰਦੇ।
ਮੈਂ ਬੈਰੇ ਨੂੰ ਆਵਾਜ਼ ਦੇ ਕੇ ਕਿਹਾ, ‘‘ਦੋ ਗਿਲਾਸ ਜੂਸ ਦੇ ਲੈ ਆ।’’ ‘‘ਬੀਬਾ ਤੂੰ ਹੀ ਪੀ ਲੈ। ਮੈਂ ਤਾਂ ਕਦੇ ਜੂਸ ਪੀਤਾ ਹੀ ਨਹੀਂ।’’ ‘‘ਪੀ ਕੇ ਤਾਂ ਦੇਖ ਸੁਆਦ ਹੁੰਦੈ।’’ ਇੱਕ ਗਿਲਾਸ ਜੂਸ ਦਾ ਝਕਦੇ ਝਕਦੇ ਨੇ ਗ਼ਫੂਰ ਨੇ ਫੜਿਆ। ਇੱਕ ਮੈਂ ਚੁੱਕਿਆ।
‘‘ਛੇਤੀ ਗੇੜਾ ਮਾਰੀਂ ਬੀਬਾ।’’ ਮੈਂ ਕੋਈ ਉੱਤਰ ਨਾ ਦਿੱਤਾ। ਸੋਚਦੀ ਸੀ ਕਿ ਹੁਣ ਤਾਂ ਕਾਨਫਰੰਸ ਦੇ ਬਹਾਨੇ ਆ ਗਈ। ਛੇਤੀ ਕੀਤਿਆਂ ਪਾਕਿਸਤਾਨ ਦਾ ਵੀਜ਼ਾ ਕਿਸ ਨੂੰ ਮਿਲਦਾ ਹੈ। ‘‘ਕੱਲ੍ਹ ਨੂੰ ਚਾਰ ਵਜੇ ਆਥਣੇ ਗੱਡੀ ਜਾਣੀ ਐ ਨਾ। ਚੰਗਾ ਫਿਰ ਮੈਂ ਤਿੰਨ ਵਜੇ ਟੇਸ਼ਨ ’ਤੇ ਪਹੁੰਚ ਜੂੰਗਾ।’’
ਬੈਰਾ ਖਾਲੀ ਗਿਲਾਸ ਲੈ ਕੇ ਚਲਿਆ ਗਿਆ। ਮੈਂ ਹਜ਼ਾਰ ਰੁਪਏ ਦੇ ਨੋਟ ਮਲੋਮਲੀ ਫੜਾਏ। ਪਰ ਗ਼ਫੂਰ ਨੇ ਖਡਾ ਹੋ ਕੇ ਇਹ ਕਹਿ ਕੇ ਮੋੜ ਦਿੱਤੇ ਕਿ ਕੁੜੀਆਂ ਤੋਂ ਵੀ ਕੋਈ ਕੁਛ ਲੈਂਦਾ ਹੁੰਦਾ ਐ ਕਮਲੀ। ਮੈਂ ਫੇਰ ਦੇਣੇ ਚਾਹੇ ਪਰ ਉਸ ਨੇ ਫੇਰ ਕਿਹਾ, ‘‘ਮੈਂ ਪੈਸੇ ਕਰਨੇ ਕੀ ਨੇ। ਇਧਰ ਆ ਕੇ ਮੇਰਾ ਜੀਅ ਨਹੀਂ ਲੱਗਿਆ। ਨਾਲੇ ਇਧਰਲੇ ਲੋਕ ਓਧਰਲੇ ਆਏ ਲੋਕਾਂ ਨੂੰ ਚੰਗਾ ਨਹੀਂ ਸਮਝਦੇ। ਚੰਗਾ ਬੀਬਾ, ਮੈਂ ਚੱਲਦਾ ਹਾਂ। ਪੰਜ ਵਜੇ ਸਾਡੀ ਪਿੰਡ ਨੂੰ ਅਖੀਰੀ ਬੱਸ ਜਾਂਦੀ ਐ। ਨਾਲੇ ਬੱਸਾਂ ਦਾ ਅੱਡਾ ਖਾਸੀ ਦੂਰ ਐ। ਘੰਟਾ ਜਾਣ ਨੂੰ ਲੱਗਜੂ।’’
‘‘ਠੀਕ ਐ ਫੇਰ ਤੂੰ ਚੱਲ। ਸ਼ੁਕਰ ਐ ਤੂੰ ਮਿਲ ਤਾਂ ਗਿਆ। ਪਾਕਿਸਤਾਨ ਆਈ ਹੀ ਤੇਰੇ ਕਰਕੇ ਸੀ।’’
‘‘ਮੈਂ ਵੀ ਇਧਰ ਆਪਣੇ ਟੱਬਰ ਨੂੰ ਯਾਦ ਕੀਤਾ। ਸੁਪਨੇ ਵਿੱਚ ਮੈਂ ਕਈ ਵਾਰੀ ਟੱਬਰ ਨੂੰ ਮਿਲਿਆ।’’ ਫੇਰ ਇਉਂ ਜਕੋ ਤਕੋ ਕਰਦਾ ਗ਼ਫੂਰ ਚਲਿਆ ਗਿਆ।
ਕਿੰਨਾ ਹੀ ਚਿਰ ਮੈਂ ਉੱਥੇ ਬੈਠੀ ਰਹੀ। ਗ਼ਫੂਰ ਸਾਹਮਣੇ ਤਾਂ ਮੈਂ ਰੋਈ ਨਹੀਂ ਸੀ ਹੁਣ ਮੈਨੂੰ ਅੰਤਾਂ ਦਾ ਰੋਣਾ ਆ ਰਿਹਾ ਸੀ।
ਮਗਰੋਂ ਕੁਝ ਸਮੇਂ ਬਾਅਦ ਹਰਜਿੰਦਰ ਮੁੜ ਕੇ ਆਈ ਤਾਂ ਉਸ ਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ। ਜਿੱਥੇ ਵੀ ਗਈ ਲੋਕਾਂ ਨੇ ਮੱਲੋਮੱਲੀ ਤੋਹਫ਼ੇ ਫੜਾ ਦਿੱਤੇ। ਅਗਲੀ ਵਾਰੀ ਆਪਾਂ ਵੀ ਜਦੋਂ ਕਦੇ ਇੱਥੇ ਆਏ ਤਾਂ ਅਸੀਂ ਇਨ੍ਹਾਂ ਸਾਰਿਆਂ ਲਈ ਕੁਝ ਨਾ ਕੁਝ ਲੈ ਕੇ ਆਵਾਂਗੇ।

(6)
ਅਗਲੇ ਦਿਨ ਕਾਨਫਰੰਸ ਮਗਰੋ ਮੈਂ ਪ੍ਰਬੰਧਕਾਂ ਨੂੰ ਆਖਿਆ, ‘‘ਮੈਂ ਸਟੇਸ਼ਨ ’ਤੇ ਜਲਦੀ ਜਾਣਾ ਹੈ।’’ ਉਨ੍ਹਾਂ ਨੇ ਕਾਰ ਦਾ ਪ੍ਰਬੰਧ ਕੀਤਾ। ਮੈਂ ਤਾਂ ਸਵਾ ਤਿੰਨ ਵਜੇ ਸਟੇਸ਼ਨ ’ਤੇ ਪਹੁੰਚ ਗਈ। ਹਰਜਿੰਦਰ ਕੌਰ ਬਾਕੀ ਡੈਲੀਗੇਟਾਂ ਨਾਲ ਆ ਰਹੀ ਸੀ।
ਜਦੋਂ ਮੈਂ ਸਟੇਸ਼ਨ ’ਤੇ ਪਹੁੰਚੀ ਤਾਂ ਗ਼ਫੂਰ ਪਹਿਲਾਂ ਹੀ ਉੱਥੇ ਖੜਾ ਸੀ। ਕਾਰ ’ਚੋਂ ਉਤਰਨ ’ਤੇ ਗ਼ਫੂਰ ਨੇ ਮੇਰਾ ਅਟੈਚੀਕੇਸ ਫੜ ਲਿਆ। ਗੱਡੀ ਨੇ ਅਜੇ ਪਲੇਟਫਾਰਮ ’ਤੇ ਲੱਗਣਾ ਸੀ। ਮੈਂ ਬੈਂਚ ’ਤੇ ਬੈਠ ਗਈ। ਉਸ ਨੇ ਮੇਰਾ ਅਟੈਚੀਕੇਸ ਕੋਲ ਰੱਖ ਦਿੱਤਾ। ਗ਼ਫੂਰ ਥੋੜ੍ਹਾ ਪਰ੍ਹਾਂ ਬੈਂਚ ’ਤੇ ਬੈਠ ਗਿਆ। ਉਸ ਦੇ ਹੱਥ ਵਿੱਚ ਝੋਲਾ ਸੀ। ਉਸ ਨੇ ਕਿਹਾ, ‘‘ਮੈਂ ਬੜੀ ਅੰਮਾ ਨੂੰ ਕਿਹਾ ਸੀ ਕਿ ਓਧਰਲੇ ਪੰਜਾਬ ਤੋਂ ਮੇਰੀ ਆਪਾ ਆਈ ਐ ਮੈਂ ਉਹਨੂੰ ਕੀ ਦਿਆਂ। ਬੜੀ ਅੰਮੀ ਆਖਦੀ ਸੀ ਕਿ ਓਧਰਲੇ ਲੋਕ ਜਾਂ ਤਾਂ ਸੁੱਕੇ ਮੇਵੇ ਜਾਂ ਗੁਰੂ ਨਾਨਕ ਦੀ ਜ਼ਰੀ ਨਾਲ ਕੱਢੀ ਤਸਵੀਰ ਖਰੀਦਦੇ ਨੇ। ਮੈਂ ਦੋਵੇਂ ਚੀਜ਼ਾਂ ਲੈ ਆਇਆ। ਉਸ ਨੇ ਸੁੱਕੇ ਮੇਵਿਆਂ ਦਾ ਲਿਫਾਫਾ ਮੈਨੂੰ ਫੜਾਇਆ। ਫੇਰ ਸੁੱਚੀ ਜ਼ਰੀ ਨਾਲ ਮਖਮਲ ਉੱਤੇ ਕੱਢੀ ਫਰੇਮ ’ਚ ਜੜੀ ਬਾਬਾ ਨਾਨਕ ਦੀ ਤਸਵੀਰ ਦਿੰਦਾ ਕਹਿਣ ਲੱਗਿਆ, ‘‘ਇਹ ਗੁਰੂ ਤੁਹਾਡਾ ਹੀ ਨਹੀਂ ਸਾਡਾ ਵੀ ਐ। ਓਧਰਲੇ ਪੰਜਾਬ ਤੋਂ ਆਏ ਲੋਕ ਮੱਥਾ ਟੇਕਣ ਇੱਥੇ ਆਉਂਦੇ ਨੇ। ਮੈਂ ਵੀ ਉੱਥੇ ਮੱਥਾ ਟੇਕਣ ਜਾਂਦਾ ਇਹ ਸੋਚ ਕੇ ਕਿ ਸਾਡੇ ਘਰ ਦਾ ਕੋਈ ਇੱਥੇ ਆਵੇਗਾ ਕਦੇ ਨਾ ਕਦੇ। ਨਾਨਕ ਸਭ ਦਾ ਸਾਂਝਾ ਈ ਐ।’’ ਐਨੇ ਨੂੰ ਗੱਡੀ ਪਲੇਟਫਾਰਮ ’ਤੇ ਲੱਗ ਗਈ ਸੀ। ਹੁਣ ਤਾਂ ਇਸ ਗੱਡੀ ਵਿੱਚ ਆਉਣ ਵਾਲੇ ਹੋਰ ਲੋਕ ਆ ਰਹੇ ਸਨ। ਗ਼ਫੂਰ ਨੇ ਮੈਨੂੰ ਮੇਰੀ ਸੀਟ ’ਤੇ ਬਿਠਾ ਦਿੱਤਾ ਤੇ ਅਟੈਚੀਕੇਸ ਸੀਟ ’ਤੇ ਓਪਰਲੇ ਫੱਟੇ ’ਤੇ ਰੱਖ ਦਿੱਤਾ।
ਗੱਡੀ ਨੇ ਤੁਰਨ ਦੀ ਸੀਟੀ ਮਾਰ ਦਿੱਤੀ। ਉਹ ਕਾਹਲੀ ਨਾਲ ਹੇਠਾਂ ਉਤਰਿਆ ਤੇ ਮੇਰੇ ਵਾਲੀ ਬਾਰੀ ਨੂੰ ਹੱਥ ਫੜ ਕੇ ਖਲੋ ਗਿਆ ਜਿਵੇਂ ਉਸ ਨੇ ਇਸ ਹੱਥ ਨਾਲ ਹੀ ਗੱਡੀ ਨੂੰ ਰੋਕ ਲੈਣਾ ਹੋਵੇ। ਗੱਡੀ ਹੌਲੀ ਹੌਲੀ ਤੁਰ ਪਈ, ਉਹ ਵੀ ਗੱਡੀ ਦੇ ਨਾਲ ਤੁਰ ਪਿਆ। ਜਦੋਂ ਗੱਡੀ ਤੇਜ਼ ਹੋਈ ਤਾਂ ਬਾਰੀ ਨਾਲੋਂ ਹੱਥ ਛੁੱਟਣ ਤੋਂ ਪਹਿਲਾਂ ਉਸ ਨੇ ਜਿਵੇਂ ਹਾਕ ਮਾਰ ਕੇ ਕਿਹਾ, ‘‘ਆਪਾ, ਮੈਨੂੰ ਵੀ ਆਪਣੇ ਨਾਲ ਲੈ ਚੱਲ।’’ ਗੱਡੀ ਹੋਰ ਤੇਜ਼ ਹੋ ਗਈ। ਬੜੀ ਦੂਰੋਂ ਮੈਂ ਦੇਖਿਆ ਕਿ ਗ਼ਫੂਰ ਅਜੇ ਵੀ ਉੱਥੇ ਖੜਾ ਗੱਡੀ ਵੱਲ ਝਾਕਦਾ ਹੋਇਆ ਆਪਣੀ ਸਾਫੀ ਨਾਲ ਅੱਖਾਂ ਪੂੰਝ ਰਿਹਾ ਸੀ।
ਗੱਡੀ ਤੇਜ਼, ਹੋਰ ਤੇਜ਼ ਹੋ ਗਈ। ਉਸ ਵੇਲੇ ਮੇਰੀ ਸਾਹਮਣੀ ਸੀਟ ’ਤੇ ਬੈਠੀ ਹਰਜਿੰਦਰ ਕੌਰ ਮੇਰਾ ਹੱਥ ਹਲੂਣ ਕੇ ਮੇਰੇ ਵੱਲ ਹੈਰਾਨ ਹੋ ਕੇ ਝਾਕੀ। ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੇਰੀਆਂ ਅੱਖਾਂ ਕਿਉਂ ਭਰ ਆਈਆਂ ਨੇ।

ਦਲੀਪ ਕੌਰ ਟਿਵਾਣਾ

(ਇਤੀ)
(‘ਪੰਜਾਬੀ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ)

ਆਈ ਮਿਸ ਯੂ ਮਾਂ ਦਲੀਪ ਕੌਰ ਟਿਵਾਣਾ

by Sandeep Kaur March 22, 2020

ਬੱਦਲਵਾਈ ਦਾ ਦਿਨ ਸੀ। ਮੀਂਹ ਕਦੇ ਪੈਣ ਲੱਗਦਾ ਕਦੇ ਹਟ ਜਾਂਦਾ। ਗਰਮੀ ਘਟ ਗਈ ਸੀ। ਮੌਸਮ ਸੁਹਾਵਣਾ ਹੋ ਗਿਆ ਸੀ। ਅੱਜ ਛੁੱਟੀ ਦਾ ਦਿਨ ਸੀ। ਮਾਂ ਨੇ ਖੀਰ-ਪੂੜੇ ਬਣਾਏ। ਪਤੀ ਅਤੇ ਪੁੱਤਰ ਨੂੰ ਆ ਕੇ ਖਾ ਲੈਣ ਲਈ ਆਵਾਜ਼ਾਂ ਦੇਣ ਲੱਗੀ।
‘‘ਤੇਰੀ ਮਾਂ ਨੂੰ ਪਕਾਉਣ-ਖਾਣ ਤੋਂ ਬਿਨਾਂ ਦੂਜਾ ਕੋਈ ਕੰਮ ਨਹੀਂ।’’ ਪਾਪਾ ਨੇ ਰਿਸ਼ੀ ਵੱਲ ਤੱਕ ਕੇ ਹੱਸ ਕੇ ਆਖਿਆ।
‘‘ਅੰਨ ਵਿਚ ਹੀ ਪ੍ਰਾਣ ਨੇ। ਸਿਆਣਿਆਂ ਨੇ ਆਖਿਆ ਹੈ ‘ਜਿਹੋ ਜਿਹਾ ਅੰਨ ਉਹੋ ਜਿਹਾ ਮਨ।’ ਜੇ ਖਾਣਾ ਪੀਣਾ ਜ਼ਰੂਰੀ ਨਾ ਹੁੰਦਾ ਤਾਂ ਰੱਬ ਬੰਦੇ ਦੇ ਢਿੱਡ ਹੀ ਕਾਹਤੋਂ ਲਗਾਉਂਦਾ।’’ ਮਾਂ ਨੇ ਕਿਹਾ।
‘‘ਪਾਪਾ, ਮੰਮੀ ਨੇ ਐਨੇ ਵਧੀਆ ਖੀਰ-ਪੂੜੇ ਬਣਾਏ ਨੇ ਕ੍ਰਿਟੀਸਿਜ਼ਮ ਨਾ ਕਰੋ।’’ ਰਿਸ਼ੀ ਪੂੜੇ ਦੀ ਬੁਰਕੀ ਤੋੜਦਾ ਬੋਲਿਆ।
‘‘ਇਨ੍ਹਾਂ ਨੇ ਤਾਂ ਮੇਰੀ ਹਰੇਕ ਗੱਲ ਦੇ ਉਲਟ ਬੋਲਣਾ ਹੀ ਹੋਇਆ।’’ ਮਾਂ ਨੇ ਪੂੜਾ ਪਾਪਾ ਦੀ ਪਲੇਟ ’ਚ ਰੱਖਦਿਆਂ ਆਖਿਆ।
‘‘ਰਿਸ਼ੀ ਤੇਰੀ ਮਾਂ ਬੜੀ ਚੰਗੀ ਹੈ ਕਿਉਂਕਿ ਤੇਰਾ ਵੀ ਧਿਆਨ ਰੱਖਦੀ ਹੈ ਮੇਰਾ ਵੀ ਧਿਆਨ ਰੱਖਦੀ ਹੈ। ਫ਼ਜ਼ੂਲ ਖ਼ਰਚ ਕੋਈ ਨਹੀਂ ਕਰਦੀ। ਨਾਲੇ ਦੇਖਦਾ ਨਹੀਂ ਪਿੰਡੋਂ ਜਦੋਂ ਤੇਰੀ ਦਾਦੀ ਆਉਂਦੀ ਹੈ ਉਸ ਨਾਲ ਕਿੰਨੀ ਮਿੱਠੀ ਬਣ ਜਾਂਦੀ ਹੈ।’’ ਪਾਪਾ ਆਖ ਰਹੇ ਸਨ।
‘‘ਮੈਂ ਸਭ ਜਾਣਦੀ ਹਾਂ। ਪਹਿਲਾਂ ਜੋ ਮਰਜ਼ੀ ਆਖ ਦਿੰਦੇ ਹੋ ਮਗਰੋਂ ਪੋਚੇ ਮਾਰ ਦਿੰਦੇ ਹੋ।’’ ਮਾਂ ਹੱਸ ਕੇ ਬੋਲੀ।
‘‘ਹਾਂ ਸੱਚ ਸੁਣੋ। ਦਫ਼ਤਰੋਂ ਆਉਂਦੇ ਹੋਏ ਆਪਣੇ ਨਾਈਟ ਸੂਟ ਦਾ ਕੱਪੜਾ ਫੜ ਲਿਆਉਣਾ। ਬਣਾ ਮੈਂ ਦਿਆਂਗੀ।’’ ਮਾਂ ਨੂੰ ਕੁਝ ਯਾਦ ਆਇਆ।
‘‘ਮੇਰੀ ਛੱਡੋ, ਰਿਸ਼ੀ ਦਾ ਫ਼ਿਕਰ ਕਰੋ। ਇਸ ਦੀ ਪੋਸਟਿੰਗ ਦੀ ਚਿੱਠੀ ਆਉਣ ਹੀ ਵਾਲੀ ਹੈ। ਨਾਲੇ ਦੇਖ ਲਓ ਰਿਸ਼ੀ ਆਖਦਾ ਸੀ ਇਮਤਿਹਾਨ ਅਗਲੀ ਵਾਰ ਦਿਆਂਗਾ। ਐਤਕੀਂ ਤਿਆਰੀ ਚੰਗੀ ਨਹੀਂ। ਫੇਰ ਵੀ ਉਹ ਪਾਸ ਹੋ ਗਿਆ। ਇੰਟਰਵਿਊ ’ਚ ਲੰਘ ਗਿਆ। ਪੀਸੀਐੱਸ ਵਿਚੋਂ ਪਾਸ ਹੋ ਜਾਣਾ ਕੋਈ ਛੋਟੀ ਗੱਲ ਨਹੀਂ। ਮੈਂ ਜਾਣਦਾ ਸੀ ਕਿ ਮੇਰਾ ਪੁੱਤਰ ਜੋ ਹੈ, ਲਾਈਕ ਤਾਂ ਹੋਵੇਗਾ ਹੀ।’’ ਪਾਪਾ ਨੇ ਪੂੜਾ ਖਾਂਦਿਆਂ ਕਿਹਾ।
‘‘ਆਹੋ ਜੀ, ਜੇ ਚੰਗਾ ਤਾਂ ਆਖਣਗੇ ਪਿਓ ਦਾ ਪੁੱਤਰ ਹੈ ਜੇ ਮਾੜਾ ਹੈ ਤਾਂ ਆਖਣਗੇ ਕਿ ਮਾਂ ਦਾ ਵਿਗਾੜਿਆ ਹੋਇਆ ਹੈ।’’ ਮਾਂ ਨੇ ਕਿਹਾ।
‘‘ਚਲੋ ਝਗੜਾ ਛੱਡੋ ਜੀ। ਮੈਂ ਤਾਂ ਤੁਹਾਡਾ ਦੋਵਾਂ ਦਾ ਪੁੱਤਰ ਹਾਂ।’’ ਰਿਸ਼ੀ ਨੇ ਹੱਸ ਕੇ ਕਿਹਾ।
‘‘ਕਿਤੇ ਪੋਸਟਿੰਗ ਬਹੁਤੀ ਦੂਰ ਦੀ ਤਾਂ ਨਹੀਂ ਹੋਊਗੀ।’’ ਮਾਂ ਨੇ ਥੋੜ੍ਹੀ ਚਿੰਤਾਤੁਰ ਹੋ ਕੇ ਕਿਹਾ।
‘‘ਲਓ ਜੀ, ਪਹਿਲਾਂ ਰਿਸ਼ੀ ਦੀ ਨੌਕਰੀ ਦੀ ਚਿੰਤਾ ਸੀ। ਹੁਣ ਦੂਰ-ਨੇੜੇ ਦੀ ਪੋਸਟਿੰਗ ਦਾ ਖ਼ਿਆਲ ਆ ਗਿਆ। ਜਿੱਥੇ ਦੀ ਵੀ ਹੋਈ ਜਾਵੇ, ਜਾਣਾ ਤਾਂ ਪਊਗਾ ਹੀ।’’ ਪਾਪਾ ਨੇ ਕਿਹਾ।
‘‘ਬੜੇ ਸੁਆਦ ਸੀ ਖੀਰ-ਪੂੜੇ। ਰਾਤ ਨੂੰ ਇਕ-ਅੱਧਾ ਫੁਲਕਾ ਹੀ ਖਾਵਾਂਗਾ।’’ ਪਾਪਾ ਨੇ ਕਿਹਾ।
‘‘ਹਾਲੇ ਰਾਤ ਨੂੰ ਵੀ ਖਾਓਗੇ?’’ ਮਾਂ ਨੇ ਮਜ਼ਾਕ ਕੀਤਾ।
ਰਿਸ਼ੀ ਹੱਥ ਧੋ ਕੇ ਆਪਣੇ ਕਮਰੇ ਵੱਲ ਚਲਿਆ ਗਿਆ।
‘‘ਮੁੰਡੇ ਤੇਰੇ ਨੂੰ ਵਧੀਆ ਨੌਕਰੀ ਮਿਲ ਰਹੀ ਹੈ। ਹੁਣ ਇਸ ਦੇ ਵਿਆਹ ਬਾਰੇ ਸੋਚ।’’ ਪਾਪਾ ਨੇ ਕਿਹਾ।
‘‘ਮੈਨੂੰ ਤਾਂ ਸਾਊ ਕੁੜੀ ਚਾਹੀਦੀ ਐ।’’ ਮਾਂ ਨੇ ਕੁਰਸੀ ’ਤੇ ਬੈਠਦੇ ਹੋਏ ਕਿਹਾ।
‘‘ਮੈਨੂੰ ਸਾਊ ਪਰਿਵਾਰ ਚਾਹੀਦਾ ਐ।’’ ਪਾਪਾ ਨੇ ਕਿਹਾ।
‘‘ਜਿਸ ਦੇ ਸੰਜੋਗ ਹੋਏ, ਮਿਲ ਜਾਊਗੀ।’’ ਮਾਂ ਨੇ ਕਿਹਾ।
ਰਿਸ਼ੀ ਦੀ ਪੋਸਟਿੰਗ ਅੰਮ੍ਰਿਤਸਰ ਦੀ ਹੋਈ ਸੀ। ਸਰਕਾਰੀ ਕੋਠੀ ਅਜੇ ਖਾਲੀ ਨਹੀਂ ਸੀ। ਮਹਿਕਮੇ ਵਾਲਿਆਂ ਨੇ ਆਪ ਹੀ ਚੰਗੇ ਇਲਾਕੇ ’ਚ ਇਕ ਨਵਾਂ ਬਣਿਆ ਘਰ ਲੱਭ ਰੱਖਿਆ ਸੀ। ਮਾਂ ਤੇ ਪਾਪਾ ਆਪ ਉਸ ਨੂੰ ਛੱਡਣ ਗਏ। ਕੁਝ ਚੀਜ਼ਾਂ ਘਰੋਂ ਲੈ ਗਏ ਸਨ ਤੇ ਕੁਝ ਉੱਥੋਂ ਲੈ ਲਈਆਂ ਸਨ। ਇਕ-ਦੋ ਦਿਨ ’ਚ ਘਰ ਸੈੱਟ ਕਰਵਾ ਕੇ ਮਾਂ ਤੇ ਪਾਪਾ ਮੁੜ ਆਏ ਸਨ। ਛੋਟੂ ਦੇ ਪਿਓ ਨੂੰ ਦਸ ਦਿਨਾਂ ਦੀ ਛੁੱਟੀ ਦਿਵਾ ਕੇ ਉਸ ਕੋਲ ਛੱਡ ਆਏ ਸਨ ਤਾਂ ਜੋ ਉਸ ਦੇ ਚਪੜਾਸੀ ਨੂੰ ਉਸ ਦੇ ਖਾਣ-ਪੀਣ ਬਾਰੇ ਸਮਝਾ ਦੇਵੇ।
ਮਾਂ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਉਸ ਦਾ ਵਿਆਹ ਕਰ ਦਿੱਤਾ ਜਾਏ। ਕੋਈ ਘਰ ਸੰਭਾਲਣ ਲਈ ਵੀ ਚਾਹੀਦੀ ਐ। ਮਾਂ ਦੀ ਬਸ ਇਕੋ ਮੰਗ ਸੀ ਕਿ ਕੁੜੀ ਸਾਊ ਤੇ ਮੇਰੇ ਪੁੱਤਰ ਦਾ ਖ਼ਿਆਲ ਰੱਖਣ ਵਾਲੀ ਹੋਵੇ। ਪਾਪਾ ਸੋਚਦੇ ਸਨ ਕਿ ਚੰਗੇ ਖਾਨਦਾਨ, ਚੰਗੇ ਘਰ ਦੀ, ਸੰਸਕਾਰਾਂ ਵਾਲੀ ਲੜਕੀ ਹੋਵੇ। ਰਿਸ਼ੀ ਭਾਵੇਂ ਆਖਦਾ ਸੀ ਜਿਹੜੀ ਤੁਹਾਨੂੰ ਠੀਕ ਲੱਗਦੀ ਐ ਲੱਭ ਲਵੋ। ਵਿਚੋਂ ਉਸਦਾ ਮਨ ਸੀ ਕਿ ਕੁੜੀ ਸੋਹਣੀ ਜ਼ਰੂਰ ਹੋਵੇ।
ਉਨ੍ਹਾਂ ਦੀ ਗੁਆਂਢਣ ਸੱਤਿਆ ਦੇਵੀ ਦੀ ਪਹਿਲਾਂ ਤੋਂ ਹੀ ਰਿਸ਼ੀ ਉਪਰ ਨਜ਼ਰ ਸੀ। ਹੁਣ ਮੌਕਾ ਦੇਖ ਕੇ ਉਸਨੇ ਆਪਣੀ ਭਤੀਜੀ ਲਈ ਵਿਆਹ ਦੀ ਗੱਲ ਤੋਰੀ। ਉਸਨੇ ਉਨ੍ਹਾਂ ਕੋਲ ਆਪਣੀ ਭਤੀਜੀ ਨੀਲਮ ਦੀ ਰੱਜ ਕੇ ਤਾਰੀਫ਼ ਕੀਤੀ। ਮਾਂ ਨੇ ਉਹ ਵੇਖੀ ਹੋਈ ਸੀ। ਪਾਪਾ ਨੇ ਉਸ ਦੇ ਅੱਗੇ-ਪਿੱਛੇ, ਘਰ-ਬਾਰ ਦੀ ਪੜਤਾਲ ਵੀ ਕਰ ਲਈ।
ਰਿਸ਼ੀ ਪੰਦਰਾਂ ਦਿਨਾਂ ਮਗਰੋਂ ਪੰਜ-ਛੇ ਘੰਟੇ ਦਾ ਸਫ਼ਰ ਕਰਕੇ ਪਟਿਆਲੇ ਪਹੁੰਚਦਾ ਤੇ ਪੰਜ-ਛੇ ਘੰਟੇ ਦਾ ਸਫ਼ਰ ਕਰਕੇ ਵਾਪਸ ਜਾਂਦਾ। ਜਾਂਦੇ ਨੂੰ ਮਾਂ ਕਈ ਚੀਜ਼ਾਂ ਬਣਾ ਕੇ ਨਾਲ ਦਿੰਦੀ। ਕਈ ਹਦਾਇਤਾਂ ਕਰਦੀ ਹੋਈ ਖ਼ਾਸ ਕਰਕੇ ਖਾਣ-ਪੀਣ ਦਾ ਪੂਰਾ ਖ਼ਿਆਲ ਰੱਖਣ ਲਈ ਆਖ ਦਿੰਦੀ। ਪਾਪਾ ਭਾਵੇਂ ਹੱਸ ਕੇ ਆਖਦੇ, ‘‘ਭਲੀਏ ਲੋਕੇ, ਹੁਣ ਇਹ ਬੱਚਾ ਨਹੀਂ, ਅਫ਼ਸਰ ਹੈ।’’
ਮਾਂ ਅੱਗੋਂ ਉੱਤਰ ਦਿੰਦੀ, ‘‘ਮੇਰੇ ਲਈ ਤਾਂ ਇਹ ਬੱਚਾ ਹੀ ਐ।’’
ਇਸ ਵਾਰੀ ਰਿਸ਼ੀ ਪੰਦਰਾਂ ਦਿਨ ਮਗਰੋਂ ਨਾ ਆ ਸਕਿਆ। ਉਸ ਨੇ ਮਾਂ ਨੂੰ ਚਿੱਠੀ ਲਿਖੀ। ਸਾਰੀ ਚਿੱਠੀ ’ਚ ਮੋਟੇ-ਮੋਟੇ ਅੱਖਰਾਂ ’ਚ ਸਿਰਫ਼ ਏਨਾ ਹੀ ਲਿਖਿਆ ਸੀ ਆਈ ਮਿਸ ਯੂ ਮਾਂ। ਚਿੱਠੀ ਮਾਂ ਨੇ ਕਿੰਨੀ ਹੀ ਵਾਰੀ ਪੜ੍ਹੀ ਸੀ ਤੇ ਉਹਦਾ ਮਨ ਕੀਤਾ ਸੀ ਕਿ ਉਹ ਉੱਡ ਕੇ ਰਿਸ਼ੀ ਕੋਲ ਪਹੁੰਚ ਜਾਏ। ਜਦ ਉਸ ਨੂੰ ਛੱਡ ਕੇ ਆਏ ਸਨ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਉਸ ਦਾ ਮੱਥਾ ਟਿਕਾਉਣ ਲੈ ਕੇ ਗਏ ਸਨ। ਮਾਂ ਸੋਚਦੀ ਸੀ ਕਿ ਕਿੱਡੀ ਸ਼ਾਂਤੀ ਸੀ ਉੱਥੇ ਜਿਵੇਂ ਕੋਈ ਹੋਰ ਹੀ ਦੁਨੀਆ ਹੋਵੇ। ਪਾਠ ਦੀ ਆਵਾਜ਼ ਜਿਵੇਂ ਅੰਬਰਾਂ ਤੋਂ ਆ ਰਹੀ ਹੋਵੇ। ਜਾਂ ਫਿਰ ਸਰੋਵਰ ’ਚ ਨਹਾ ਕੇ ਆ ਰਹੀ ਹੋਵੇ। ਉਹ ਥਾਂ ਸੱਚਮੁੱਚ ਹੀ ਰੱਬ ਦਾ ਘਰ ਲੱਗਦਾ ਸੀ। ਮਨ ਹੀ ਮਨ ਉਸ ਨੇ ਦਰਬਾਰ ਸਾਹਿਬ ਨੂੰ ਚਿਤਵ ਕੇ ਹੱਥ ਜੋੜੇ, ਸਿਰ ਨਿਵਾਇਆ ਤੇ ਜਿਵੇਂ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਮੇਰੇ ਬੇਟੇ ਦੇ ਅੰਗ-ਸੰਗ ਸਹਾਈ ਹੋਈਂ। ਕੋਈ ਚੰਗੀ ਲੜਕੀ ਮਿਲੇ, ਮੇਰਾ ਫ਼ਿਕਰ ਮਿਟੇ।
ਅਗਲੇ ਹਫ਼ਤੇ ਐਤਵਾਰ ਉਹ ਘਰ ਆ ਗਿਆ। ਭਾਵੇਂ ਐਡੀ ਕੋਈ ਲੋੜ ਵੀ ਨਹੀਂ ਸੀ ਉਸ ਨੇ ਇਕ ਛੁੱਟੀ ਵੀ ਲੈ ਲਈ।
ਮਾਂ ਨੇ ਗੁਆਂਢਣ ਨੂੰ ਆਖ ਦਿੱਤਾ ਕਿ ਭਲਕੇ ਉਹ ਆਪਣੀ ਭਤੀਜੀ ਤੇ ਉਹਦੇ ਘਰਦਿਆਂ ਨੂੰ ਬੁਲਾ ਲਵੇ। ਉਹ ਤਾਂ ਪਹਿਲਾਂ ਹੀ ਇਹ ਚਾਹੁੰਦੀ ਸੀ। ਉਸਨੇ ਅੰਬਾਲੇ ਸੁਨੇਹਾ ਭੇਜ ਕੇ ਆਪਣੇ ਭਰਾ-ਭਰਜਾਈ ਤੇ ਨੀਲਮ ਨੂੰ ਸੱਦ ਲਿਆ। ਆਥਣੇ ਰਿਸ਼ੀ ਹੋਰਾਂ ਨੂੰ ਚਾਹ ’ਤੇ ਵੀ ਬੁਲਾ ਲਿਆ।
ਬਸ ਕੁੜੀ ਹੀ ਦੇਖਣੀ ਸੀ। ਬਾਕੀ ਇਨ੍ਹਾਂ ਨੂੰ ਕਿਹੜਾ ਕਿਸੇ ਚੀਜ਼ ਦਾ ਲਾਲਚ ਜਾਂ ਮੰਗ ਸੀ। ਚਾਹ-ਚੂ ਮੁਕਾ ਕੇ ਗੁਆਂਢਣ ਆਪਣੇ ਪਰਿਵਾਰ ਨੂੰ ਦੂਜੇ ਕਮਰੇ ’ਚ ਲੈ ਆਈ ਤਾਂ ਜੋ ਰਿਸ਼ੀ ਦੇ ਮਾਂ-ਪਿਓ ਉਸ ਦੀ ਮਰਜ਼ੀ ਪੁੱਛ ਲੈਣ।
ਦਸ-ਪੰਦਰਾਂ ਮਿੰਟਾਂ ਮਗਰੋਂ ਜਦੋਂ ਰਿਸ਼ੀ ਦੇ ਪਾਪਾ ਨੇ ਕਿਹਾ ਕਿ ਸਾਨੂੰ ਬੇਟੀ ਪਸੰਦ ਹੈ, ਬੇਟੀ ਸਾਡੀ ਹੋਈ। ਇਹ ਕਹਿਣ ’ਤੇ ਲੱਡੂਆਂ ਦਾ ਡੱਬਾ ਤੇ ਇਕ ਮੋਹਰ ਗੁਆਂਢਣ ਨੇ ਆਪਣੇ ਭਰਾ ਤੋਂ ਰਿਸ਼ੀ ਦੇ ਪੱਲੇ ਪੁਆ ਦਿੱਤੀ ਤੇ ਵਧਾਈਆਂ ਦਿੰਦੀ ਹੋਈ ਆਖਣ ਲੱਗੀ ਕਿ ਤਿਆਰੀ ਮੈਂ ਪਹਿਲਾਂ ਹੀ ਕਰ ਰੱਖੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਰੱਬ ਭਲੀ ਕਰੂਗਾ। ਇਉਂ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਪਰਤੇ।
ਘਰ ਪਹੁੰਚਣ ਸਾਰ ਮਾਂ ਨੇ ਫੇਰ ਵਿਆਹ ਦੀ ਚਰਚਾ ਛੇੜੀ।
‘‘ਵਿਆਹ ਕਦੋਂ ਦਾ ਰੱਖੀਏ?’’ ਮਾਂ ਨੇ ਪੁੱਛਿਆ।
‘‘ਤੂੰ ਅਜੇ ਸਾਹ ਤਾਂ ਲੈ। ਬਾਹਰ ਵਾਲਿਆਂ ਨੂੰ ਵੀ ਪੁੱਛਣਾ ਹੈ ਬਈ ਉਹ ਕਦੋਂ ਆ ਸਕਣਗੇ। ਕੁੜੀ ਵਾਲਿਆਂ ਨੂੰ ਵੀ ਤਿਆਰੀ ਲਈ ਸਮਾਂ ਚਾਹੀਦਾ ਹੋਊ। ਤੂੰ ਤੇ ਸੋਚਦੀ ਐਂ ਕਿ ਝਟਪਟ ਨੂੰਹ ਲੈ ਆਈਏੇ।’’ ਪਾਪਾ ਬੋਲੇ।
‘‘ਜਦ ਆਪਾਂ ਕੁੜੀ ਵਾਲਿਆਂ ਕੋਲੋਂ ਕੁਛ ਲੈਣਾ ਹੀ ਨਹੀਂ ਤਾਂ ਤਿਆਰੀ ਉਨ੍ਹਾਂ ਨੇ ਕਾਹਦੀ ਕਰਨੀ ਐ? ਬਾਕੀ ਬਾਹਰ ਵਾਲਿਆਂ ਵਿਚੋਂ ਮੁੰਡਾ ਭਾਵੇਂ ਨਾ ਆ ਸਕੇ, ਪਰ ਤੁਹਾਡੇ ਭਾਈ ਸਾਹਬ ਵਿਹਲੇ ਨੇ ਜਦੋਂ ਮਰਜ਼ੀ ਆ ਜਾਣ।’’ ਮਾਂ ਨੇ ਕਿਹਾ।
‘‘ਤੂੰ ਉਸ ਤੋਂ ਤਾਂ ਪੁੱਛ ਲੈ ਜਿਸਦਾ ਵਿਆਹ ਕਰਨਾ ਹੈ। ਤੂੰ ਆਪ ਹੀ ਰੌਲਾ ਪਾਈ ਜਾਨੀ ਐਂ।’’ ਪਾਪਾ ਬੋਲੇ। ‘‘ਜਦੋਂ ਤੁਹਾਨੂੰ ਠੀਕ ਲੱਗੇ, ਰੱਖ ਲੈਣਾ ਮੈਰਿਜ। ਬਸ ਥੋੜ੍ਹਾ ਜਿਹਾ ਪਹਿਲਾਂ ਦੱਸ ਦੇਣਾ ਤਾਂ ਜੋ ਛੁੱਟੀ ਦਾ ਪ੍ਰਬੰਧ ਹੋ ਸਕੇ।’’ ਰਿਸ਼ੀ ਨੇ ਕਿਹਾ।
‘‘ਚਲੋ, ਦਸੰਬਰ ਦੀਆਂ ਛੁੱਟੀਆਂ ’ਚ ਕਰ ਲਵਾਂਗੇ।’’ ਇਹ ਆਖ ਕੇ ਪਾਪਾ ਨੇ ਗੱਲ ਮੁਕਾਈ।
ਦਸੰਬਰ ’ਚ ਰਿਸ਼ੀ ਦਾ ਨੀਲਮ ਨਾਲ ਵਿਆਹ ਹੋ ਗਿਆ। ਨੀਲਮ ਨੂੰ ਰਿਸ਼ੀ ਦੇ ਨਾਲ ਅੰਮ੍ਰਿਤਸਰ ਭੇਜਣ ਮਗਰੋਂ ਮਾਂ ਦੇ ਫ਼ਿਕਰ ਘਟੇ। ਕੁੜੀ ਸਾਊ ਤੇ ਸਮਝਦਾਰ ਲੱਗਦੀ ਸੀ, ਸੋਹਣੀ ਤਾਂ ਹੈ ਹੀ ਸੀ।
‘‘ਇਹ ਸਾਡੀ ਨੂੰਹ ਵੀ ਐ ਤੇ ਧੀ ਵੀ ਐ। ਇਸ ਦਾ ਭਾਈ ਤੂੰ ਖ਼ਿਆਲ ਰੱਖੀਂ।’’ ਮਾਂ ਨੇ ਜਾਣ ਵੇਲੇ ਰਿਸ਼ੀ ਨੂੰ ਆਖਿਆ ਸੀ।
‘‘ਲੈ ਹੈ, ਇਸ ਨੇ ਮੇਰਾ ਖ਼ਿਆਲ ਰੱਖਣੈ ਕਿ ਮੈਂ ਇਸਦਾ ਰੱਖਣੈ?’’ ਰਿਸ਼ੀ ਨੇ ਕਿਹਾ ਸੀ।
‘‘ਪਾਪਾ ਨੇ ਕਿਹਾ ਸੀ ਕਿ ਤੁਸੀਂ ਇਕ ਦੂਜੇ ਦਾ ਖ਼ਿਆਲ ਰੱਖਿਓ।’’ ਨੀਲਮ ਨੇ ਕਿਹਾ।
ਹੁਣ ਰਿਸ਼ੀ ਪੰਦਰਾਂ ਦਿਨਾਂ ਮਗਰੋਂ ਨਹੀਂ, ਨੀਲਮ ਨੂੰ ਨਾਲ ਲੈ ਕੇ ਮਹੀਨੇ ਡੇਢ ਮਹੀਨੇ ਮਗਰੋਂ ਆਉਂਦਾ। ਉਹ ਇਕ ਦਿਨ ਰਹਿ ਕੇ ਮੁੜ ਜਾਂਦੇ।
ਇਸ ਵਾਰੀ ਰਿਸ਼ੀ ਇਕੱਲਾ ਆਇਆ। ਨੀਲਮ ਆਖਦੀ ਸੀ ਕਿ ਏਨੇ ਲੰਮੇ ਸਫ਼ਰ ’ਚ ਮੈਂ ਥੱਕ ਜਾਂਦੀ ਹਾਂ। ਨਾਲੇ ਉਸ ਦੀ ਮਾਂ ਮਿਲਣ ਆਈ ਹੋਈ ਸੀ।
ਮਾਂ ਨੇ ਬੜੇ ਸਾਲਾਂ ਤੋਂ ਸੰਭਾਲ ਕੇ ਰੱਖਿਆ ਖ਼ੂਬਸੂਰਤ ਕਾਫ਼ੀ ਸੈੱਟ ਜੋ ਉਸ ਦੇ ਪਾਪਾ ਨੇ ਪੈਰਿਸ ਤੋਂ ਲਿਆ ਕੇ ਦਿੱਤਾ ਸੀ ਰਿਸ਼ੀ ਨੂੰ ਦਿੱਤਾ। ਨੀਲਮ ਲਈ ਪਸ਼ਮੀਨੇ ਦਾ ਸ਼ਾਲ ਦਿੱਤਾ। ਰਿਸ਼ੀ ਨੂੰ ਕਿਹਾ ਕਿ ਨੀਲਮ ਨੂੰ ਆਖੀਂ ਘਰ ਰਿਸ਼ੀ ਇਕੱਲਾ ਨਾ ਆਵੇ ਤੂੰ ਨਾਲ ਆਇਆ ਕਰ। ਪਰ ਇਸ ਤੋਂ ਅਗਲੀ ਵਾਰ ਵੀ ਰਿਸ਼ੀ ਇਕੱਲਾ ਹੀ ਘਰ ਆਇਆ ਸੀ। ਮਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਰਿਸ਼ੀ ਦਾ ਜਵਾਬ ਸੀ ਕਿ ਉਸ ਦੀ ਤਬੀਅਤ ਠੀਕ ਨਹੀਂ ਸੀ।
‘‘ਜੇ ਉਸਦੀ ਤਬੀਅਤ ਠੀਕ ਨਹੀਂ ਸੀ ਫੇਰ ਤੂੰ ਨਹੀਂ ਸੀ ਆਉਣਾ।’’ ਮਾਂ ਨੇ ਕਿਹਾ।
‘‘ਉਸ ਦੀ ਰੋਜ਼ ਹੀ ਤਬੀਅਤ ਢਿੱਲੀ ਰਹਿੰਦੀ ਐ।’’ ‘‘ਕੀ ਕੋਈ ਖ਼ੁਸ਼ਖਬਰੀ ਹੈ ਰਾਜਾ ਬੇਟਾ।’’
‘‘ਪਤਾ ਨਹੀਂ, ਮੇਰੇ ਨਾਲ ਚਲਣਾ ਉਸ ਨੂੰ ਪੁੱਛ ਲੈਣਾ।’’ ਰਿਸ਼ੀ ਨੇ ਕਿਹਾ।
ਮਾਂ ਨੇ ਪਾਪਾ ਨੂੰ ਦੱਸਿਆ ਕਿ ਮੈਂ ਦੋ ਦਿਨ ਲਈ ਰਿਸ਼ੀ ਨਾਲ ਚੱਲੀ ਹਾਂ। ‘‘ਤੇ ਮੇਰਾ ਕੀ ਬਣੂਗਾ?’’ ਪਾਪਾ ਨੇ ਪੁੱਛਿਆ। ‘‘ਛੋਟੂ ਨੂੰ ਸਭ ਸਮਝਾ ਕੇ ਜਾਵਾਂਗੀ। ਕੋਈ ਖ਼ਾਸ ਚੀਜ਼ ਖਾਣੀ ਹੋਈ ਤਾਂ ਚਾਵਲਾ ਵਾਲਿਆਂ ਤੋਂ ਮੰਗਵਾ ਲਿਓ।’’ ਮਾਂ ਨੇ ਕਿਹਾ। ਮਾਂ ਰਿਸ਼ੀ ਨਾਲ ਅੰਮ੍ਰਿਤਸਰ ਪਹੁੰਚ ਗਈ। ਨੀਲਮ ਨੇ ਘਰ ਸਲੀਕੇ ਨਾਲ ਰੱਖਿਆ ਹੋਇਆ ਸੀ। ਉਸ ਨੇ ਸੱਸ ਦੀ ਬੜੀ ਆਓ-ਭਗਤ ਕੀਤੀ।
‘‘ਅਸੀਂ ਤਾਂ ਸੋਚਿਆ ਸੀ ਕਿ ਗਰਮੀਆਂ ’ਚ ਕਸ਼ਮੀਰ ਘੁੰਮਣ ਜਾਵਾਂਗੇ, ਪਰ ਹੁਣ ਮੁਸ਼ਕਲ ਹੋ ਜਾਣਾ ਹੈ।’’ ਰਿਸ਼ੀ ਨੇ ਮਾਂ ਕੋਲ ਬੈਠਦਿਆਂ ਕਿਹਾ।
‘‘ਅਜੇ ਤੁਸੀਂ ਇਕੱਲੇ ਘੁੰਮ ਆਉਣਾ।’’ ਨੀਲਮ ਨੇ ਕਿਹਾ। ‘‘ਤੇਰੀ ਥਾਂ ’ਤੇ ਕੋਈ ਜ਼ਨਾਨੀ ਕਿਰਾਏ ’ਤੇ ਲੈ ਜਾਊਂਗਾ।’’ ਉਹ ਸ਼ਰਾਰਤ ਨਾਲ ਬੋਲਿਆ।
ਇਹ ਸੁਣ ਕੇ ਮਾਂ ਖਿੱਝ ਗਈ ਤੇ ਕਹਿਣ ਲੱਗੀ, ‘‘ਰੱਬ ਦਾ ਸ਼ੁਕਰ ਮਨਾਓ ਕਿ ਤੁਹਾਡੇ ਘਰ ਪਿਆਰਾ ਛੋਟਾ ਮਹਿਮਾਨ ਆ ਰਿਹਾ ਹੈ, ਰੱਬ ਭਾਗਾਂ ਵਾਲਿਆਂ ’ਤੇ ਮਿਹਰ ਕਰਦੈ। ਨਹੀਂ ਤਾਂ ਤਰਸਦੇ ਮਰ ਜਾਂਦੇ ਨੇ ਲੋਕ ਇਨ੍ਹਾਂ ਚੀਜ਼ਾਂ ਲਈ।’’
‘‘ਮਾਂ, ਇਹ ਪੁਰਾਣੀਆਂ ਗੱਲਾਂ ਨੇ। ਹੁਣ ਤਾਂ ਹਿੰਦੁਸਤਾਨ ਦੀ ਜਨਤਾ ਐਨੀ ਵੱਧ ਗਈ ਹੈ ਕਿ ਰੱਬ ਕੋਲ ਉਲਟੀ ਬੇਨਤੀ ਕਰਨੀ ਚਾਹੀਦੀ ਐ ਬਈ ਆਪਣੀ ਫੈਕਟਰੀ ਦਸ-ਵੀਹ ਸਾਲ ਲਈ ਬੰਦ ਕਰ ਦੇਵੇ।’’ ਰਿਸ਼ੀ ਨੇ ਮਜ਼ਾਕ ਕੀਤਾ। ‘‘ਲੰਡਰ-ਫੰਡਰ ਲੋਕਾਂ ਦਾ ਵੀ ਕੋਈ ਜਿਉਣਾ ਹੁੰਦੈ।’’ ਮਾਂ ਨੇ ਕਿਹਾ।
ਮਾਂ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਕੀਤੀਆਂ ਜਿਵੇਂ ਜ਼ਿਆਦਾਤਰ ਗਾਇਤਰੀ ਮੰਤਰ ਸੁਣਨਾ, ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਨੂੰ ਦੁਹਰਾਉਣਾ, ਭਗਤਾਂ ਦੀਆਂ ਜੀਵਨੀਆਂ ਪੜ੍ਹਨੀਆਂ, ਸਾਤਵਿਕ ਭੋਜਨ ਖਾਣਾ, ਹਰ ਕਿਸੇ ਦਾ ਭਲਾ ਸੋਚਣਾ ਤੇ ਨਾਲ ਹੀ ਕਿਹਾ ਕਿ ਇਹ ਸਭ ਤੁਹਾਡੇ ਬੱਚੇ ’ਤੇ ਅਸਰ ਕਰੇਗਾ। ਹਦਾਇਤਾਂ ਕਰਕੇ ਮਾਂ ਵਾਪਸ ਆ ਗਈ। ਮਨ ਹੀ ਮਨ ਉਸ ਵੇਲੇ ਨੂੰ ਉਡੀਕਣ ਲੱਗੀ ਜਦੋਂ ਕੋਈ ਖ਼ੁਸ਼ਖਬਰੀ ਮਿਲੂਗੀ।

ਇਸ ਵਾਰੀ ਘਰ ਛੁੱਟੀ ਆਏ ਰਿਸ਼ੀ ਨੂੰ ਦੋ ਮਹੀਨੇ ਹੋ ਗਏ ਸਨ। ਕਦੇ-ਕਦੇ ਮਾਂ ਨੂੰ ਉਸ ’ਤੇ ਗੁੱਸਾ ਆਉਂਦਾ। ਇਕ ਦਿਨ ਇਕੱਲੀ ਬੈਠੀ-ਬੈਠੀ ਮਾਂ ਰੋਣ ਹੀ ਲੱਗ ਪਈ ਤੇ ਫੇਰ ਮਨ ਹੀ ਮਨ ਆਖਣ ਲੱਗੀ, ‘‘ਮੈਂ ਇਸ ਲਈ ਨਹੀਂ ਰੋਂਦੀ ਕਿ ਤੂੰ ਆਇਆ ਨਹੀਂ। ਮੈਂ ਇਸ ਲਈ ਰੋਂਦੀ ਹਾਂ ਕਿ ਤੈਨੂੰ ਮੇਰੇ ਵਾਂਗ ਕਿਸੇ ਨੇ ਨਹੀਂ ਉਡੀਕਣਾ। ਅਜੇ ਤੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੇਗੀ। ਜਦ ਤੇਰੇ ਬੱਚੇ ਹੋਣਗੇ ਤਦ ਸਮਝ ਲਗੇਗੀ।’’ ਉਸ ਨੇ ਉੱਠ ਕੇ ਮੋਤੀ ਨੂੰ ਦੁੱਧ ਪਾਇਆ। ਉਸ ਦੀ ਪਿੱਠ ਉਪਰ ਹੱਥ ਫੇਰਦੀ ਕਹਿਣ ਲੱਗੀ ਕਿ ਮੋਤੀ ਰਿਸ਼ੀ ਆਪਾਂ ਨੂੰ ਯਾਦ ਹੀ ਨਹੀਂ ਕਰਦਾ। ਇਕ ਤਾਂ ਉਸ ਨੂੰ ਕੰਮ ਬੜੇ ਰਹਿਣ ਲੱਗ ਪਏ ਨੇ। ਦੂਜਾ ਵਹੁਟੀ ਨੂੰ ਵੀ ਇਕੱਲਾ ਨਹੀਂ ਛੱਡਿਆ ਜਾ ਸਕਦਾ। ਮੈਨੂੰ ਆਖ ਦਿੰਦਾ ਹੈ ਕਿ ਮਾਂ ਤੂੰ ਆ ਕੇ ਮਿਲ ਜਾ। ਮੈਨੂੰ ਉਦਾਸ ਦੇਖ ਕੇ ਉਸ ਦਾ ਪਾਪਾ ਸਗੋਂ ਮਖੌਲ ਕਰਦਾ ਹੈ ਕਿ ਨਿਆਣੇ ਬੱਚਿਆਂ ਵਾਂਗੂ ਓਦਰ ਜਾਂਦੀ ਹੈ। ਜਦੋਂ ਮੈਂ ਆਖਦੀ ਹਾਂ ਕਿ ਮਾਂ ਦੀਆਂ ਆਂਦਰਾਂ ਨੂੰ ਜਿਹੜੀ ਖੋਹ ਪੈਂਦੀ ਹੈ ਉਸ ਬਾਰੇ ਦੂਜਾ ਬੰਦਾ ਨਹੀਂ ਜਾਣ ਸਕਦਾ, ਉਹ ਹੱਸਣ ਲੱਗ ਜਾਂਦੇ ਨੇ। ਮੋਤੀ, ਭਲਾ ਇਹ ਕੋਈ ਹੱਸਣ ਵਾਲੀ ਗੱਲ ਐ। ਅੱਜ ਮੈਂ ਬਦਾਮਾਂ ਵਾਲੀ ਖੀਰ ਬਣਾਈ ਸੀ। ਰਿਸ਼ੀ ਦੇ ਪਾਪਾ ਨੇ ਤਾਂ ਖੀਰ ਖਾ ਲਈ। ਮੇਰੇ ਖੀਰ ਦੀ ਬੁਰਕੀ ਕਿਹੜਾ ਲੰਘੀ, ਰਿਸ਼ੀ ਜੋ ਯਾਦ ਆ ਗਿਆ। ਠੀਕ ਐ ਮੋਤੀ ਇਸ ਵਾਰੀ ਜਦੋਂ ਰਿਸ਼ੀ ਆਇਆ ਆਪਾਂ ਵੀ ਰੁੱਸ ਕੇ ਬੈਠ ਜਾਵਾਂਗੇ। ਆਖਾਂਗੇ ਕਿ ਅਸੀਂ ਨਹੀਂ ਤੇਰੇ ਨਾਲ ਬੋਲਦੇ ਤੇ ਇਉਂ ਮਾਂ ਕਈ ਵਾਰੀ ਰਿਸ਼ੀ ਦੀਆਂ ਗੱਲਾਂ ਮੋਤੀ ਨਾਲ ਕਰਦੀ ਰਹਿੰਦੀ।

ਮਾਂ ਇਸ ਗੱਲ ਦੀ ਉਡੀਕ ਕਰ ਰਹੀ ਸੀ ਕਿ ਛਿਲੇ ਲਈ ਰਿਸ਼ੀ ਉਸ ਨੂੰ ਸੱਦੇਗਾ ਜਾਂ ਨੀਲਮ ਨੂੰ ਉਸ ਕੋਲ ਛੱਡ ਜਾਏਗਾ, ਪਰ ਇਕ ਦਿਨ ਉਸ ਨੂੰ ਸੁਨੇਹਾ ਮਿਲਿਆ ਕਿ ਨੀਲਮ ਦਾ ਭਰਾ ਉਸ ਨੂੰ ਅੰਬਾਲੇ ਲੈ ਗਿਆ ਸੀ। ਅੱਜ ਹੀ ਖ਼ਬਰ ਆਈ ਹੈ ਤੁਸੀਂ ਦਾਦਾ-ਦਾਦੀ ਬਣ ਗਏ ਹੋ। ਨਾਂ ਤੁਸੀਂ ਜਿਹੜਾ ਮਰਜ਼ੀ ਰੱਖ ਲੈਣਾ। ਉਸ ਦੀ ਮਾਂ ਨੇ ਉਸ ਦਾ ਘਰ ਦਾ ਨਾਂ ਜੁਗਨੂੰ ਰੱਖਿਆ ਹੈ। ਇਹ ਜਾਣ ਕੇ ਮਾਂ ਗੁੱਸੇ ਗਿਲੇ ਸਭ ਭੁੱਲ ਗਈ। ਗਿਆਰ੍ਹਵੇਂ ਦਿਨ ਉਹ ਨੀਲਮ ਲਈ ਇਕ ਸੂਟ ਤੇ ਸਾੜੀ, ਜੁਗਨੂੰ ਲਈ ਸੋਨੇ ਦੇ ਕੜੇ, ਚਾਂਦੀ ਦੇ ਸਗਲੇ, ਬੱਚੇ ਲਈ ਕੱਪੜੇ, ਦਾਈ ਲਈ ਸੂਟ, ਮੇਵਿਆਂ ਵਾਲੀ ਪੰਜੀਰੀ ਲੈ ਕੇ ਉਸ ਦੇ ਪੇਕੇ ਗਈ।
ਮੇਰਾ ਨਿੱਕਾ ਰਿਸ਼ੀ ਆਖ ਕੇ ਬੱਚੇ ਨੂੰ ਚੁੱਕ ਕੇ ਮਾਂ ਨੇ ਕਾਲਜੇ ਨਾਲ ਲਾ ਲਿਆ।
ਛੋਟੂ ਨੂੰ ਮਾਂ ਆਖਣ ਲੱਗੀ, ‘‘ਦੇਖ ਆਪਣਾ ਛੋਟਾ ਰਿਸ਼ੀ ਤੈਨੂੰ ਮਿਲਣ ਆ ਗਿਆ।’’
‘‘ਇਸ ਨੂੰ ਆਪਣੇ ਘਰ ਕਦੋਂ ਲੈ ਕੇ ਜਾਵਾਂਗੇ?’’ ਛੋਟੂ ਨੇ ਪੁੱਛਿਆ।
‘‘ਇਸ ਨੂੰ ਥੋੜ੍ਹਾ ਜਿਹਾ ਵੱਡਾ ਹੋ ਲੈਣ ਦੇ ਆਪੇ ਦੌੜ ਕੇ ਆਇਆ ਕਰਨਾ।’’ ਮਾਂ ਨੇ ਕਿਹਾ।
ਨੀਲਮ ਅਜੇ ਪੇਕੇ ਸੀ। ਜਦੋਂ ਰਿਸ਼ੀ ਦੀ ਬਦਲੀ ਪਟਿਆਲੇ ਦੀ ਹੋ ਗਈ ਤਾਂ ਮਾਂ ਦੇ ਭੁੰਜੇ ਪੈਰ ਕਿਹੜਾ ਲੱਗਦੇ ਸਨ। ਖ਼ੁਸ਼ ਹੋ ਕੇ ਉਹ ਕਾਲੀ ਦੇਵੀ ਦੇ ਮੰਦਰ ਮੱਥਾ ਟੇਕਣ ਗਈ। ਦੁਖ ਨਿਵਾਰਣ ਗੁਰੂਦੁਆਰੇ ਮੱਥਾ ਟੇਕਣ ਗਈ।
‘‘ਘਰ ਨੂੰ ਰੰਗ ਰੋਗਨ ਕਰਵਾ ਦਿਓ।’’ ਰਿਸ਼ੀ ਦੇ ਪਾਪਾ ਨੂੰ ਮਾਂ ਨੇ ਕਿਹਾ।
‘‘ਉਸ ਦਾ ਮੈਨੂੰ ਸੁਨੇਹਾ ਆ ਗਿਆ ਕਿ ਸਰਕਾਰੀ ਕੋਠੀ ਮਿਲੂਗੀ। ਜਾ ਕੇ ਮੈਂ ਦੇਖ ਆਵਾਂ ਤੇ ਨਾਲੇ ਚਪੜਾਸੀ ਨੂੰ ਕਹਿ ਆਵਾਂ ਕਿ ਉਹ ਕੋਲ ਖੜ੍ਹ ਕੇ ਪੀਡਬਲਿਊਡੀ ਵਾਲਿਆਂ ਤੋਂ ਸਾਰੇ ਕੰਮ ਕਰਵਾ ਲਵੇ।’’ ਪਾਪਾ ਨੇ ਕਿਹਾ।
‘‘ਲੈ ਆਪਣਾ ਘਰ ਕਿਹੜਾ ਮਾੜਾ ਸੀ। ਸਾਰੀ ਉਮਰ ਇੱਥੇ ਹੀ ਰਿਹਾ ਹੈ।’’ ਮਾਂ ਬੋਲੀ।
‘‘ਇਹ ਤੇਰਾ ਘਰ ਹੈ। ਹੁਣ ਉਹ ਅਫ਼ਸਰਾਂ ਵਾਲੀ ਕੋਠੀ ’ਚ ਰਹੇਗਾ। ਇਹ ਘਰ ਹੈ ਵੀ ਸ਼ਹਿਰ ’ਚ ਤੇ ਅਫ਼ਸਰਾਂ ਦੀਆਂ ਕੋਠੀਆਂ ਬਾਹਰਵਾਰ ਚੰਗੀਆਂ-ਖੁੱਲ੍ਹੀਆਂ ਤੇ ਨਾਲ ਬਗ਼ੀਚਿਆਂ ਵਾਲੀਆਂ ਨੇ।’’
ਪਾਪਾ ਨੇ ਜਦੋਂ ਦੱਸਿਆ ਮਾਂ ਚੁੱਪ ਕਰ ਗਈ।
ਮਹੀਨੇ ਦੇ ਅੰਦਰ-ਅੰਦਰ ਹੀ ਕੋਠੀ ਤਿਆਰ ਹੋ ਗਈ ਤੇ ਰਿਸ਼ੀ ਉੱਥੇ ਆ ਵੀ ਗਿਆ। ਜਾ ਕੇ ਉਹ ਨੀਲਮ ਨੂੰ ਨਾਲ ਲਿਆਇਆ। ਮਾਂ ਦਾ ਖ਼ਿਆਲ ਸੀ ਕਿ ਰਿਸ਼ੀ ਸਭ ਤੋਂ ਪਹਿਲਾਂ ਉਸ ਨੂੰ ਆਪਣੀ ਕੋਠੀ ਦਿਖਾਉਣ ਲੈ ਕੇ ਜਾਵੇਗਾ। ਪਰ ਨੀਲਮ ਨੇ ਉਨ੍ਹਾਂ ਨੂੰ ਓਪਰਿਆਂ ਵਾਂਗ ਐਤਵਾਰ ਨੂੰ ਖਾਣੇ ’ਤੇ ਸੱਦਿਆ ਸੀ। ਫੇਰ ਵੀ ਐਤਵਾਰ ਨੂੰ ਜਦੋਂ ਮਾਂ-ਪਿਓ ਰਿਸ਼ੀ ਦੀ ਕੋਠੀ ਗਏ ਤਾਂ ਉਨ੍ਹਾਂ ਨੂੰ ਬੜਾ ਚੰਗਾ ਲੱਗਿਆ। ਬਾਹਰ ਇਕ ਪਹਿਰੇਦਾਰ ਸੀ। ਅੰਦਰੋਂ ਨੀਲਮ ਨੇ ਸਾਰਾ ਘਰ ਸਲੀਕੇ ਨਾਲ ਸਜਾਇਆ ਹੋਇਆ ਸੀ। ਉਹ ਫਲ-ਫਰੂਟਾਂ ਦੀ ਟੋਕਰੀ, ਲੱਡੂਆਂ ਦਾ ਡੱਬਾ ਤੇ ਮਾਂ ਲਕਸ਼ਮੀ ਦੀ ਵੱਡੀ ਸਾਰੀ ਵਾਈਟ ਮੈਟਲ ਦੀ ਬਣੀ ਹੋਈ ਮੂਰਤੀ ਲੈ ਕੇ ਗਏ। ਨੀਲਮ ਨੇ ਬਸ ਐਨਾ ਹੀ ਕਿਹਾ ਕਿ ਐਨੀਆਂ ਚੀਜ਼ਾਂ ਦੀ ਕੀ ਲੋੜ ਸੀ। ਮਾਂ ਨੂੰ ਅਜੀਬ ਲੱਗਿਆ ਕਿ ਇਕੋ ਸ਼ਹਿਰ ’ਚ ਉਹ ਕਿਸੇ ਹੋਰ ਘਰ ’ਚ ਰਹਿਣਗੇ। ਪਰ ਪਾਪਾ ਨੇ ਕਿਹਾ ਕਿ ਭਲੀਏ ਲੋਕੇ ਸਮਝਦਾਰੀ ਇਸੇ ਵਿਚ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਰਜ਼ੀ ’ਤੇ ਛੱਡ ਦਿੱਤਾ ਜਾਵੇ। ਅੱਜਕੱਲ੍ਹ ਦੀਆਂ ਕੁੜੀਆਂ ਇੰਡੀਪੈਂਡੈਂਟ ਘਰ ਮੰਗਦੀਆਂ ਨੇ। ਮਗਰੋਂ ਲੜਾਈ-ਝਗੜਾ, ਅੱਡ ਹੋਣ ਦੀ ਥਾਂ ਚੰਗਾ ਐ ਸੁਲਹ-ਸਫ਼ਾਈ ਨਾਲ ਫ਼ੈਸਲੇ ਮੰਨ ਲਏ ਜਾਣ। ਨਾਲੇ ਜਦੋਂ ਚਿੱਤ ਕੀਤਾ ਮਿਲ ਆਵੀਂ। ਹੁਣ ਤੇਰਾ ਮੁੰਡਾ ਵੱਡਾ ਅਫ਼ਸਰ ਐ। ਉਸ ਨੂੰ ਮਿਲਣ-ਗਿਲਣ ਵੱਡੇ ਲੋਕਾਂ ਨੇ ਆਉਣਾ ਹੋਇਆ। ਆਪਣਾ ਮਕਾਨ ਆਪਣੇ ਲਈ ਤਾਂ ਠੀਕ ਸੀ ਪਰ ਉਸ ਦੀ ਸ਼ਾਨ ਮੁਤਾਬਿਕ ਠੀਕ ਨਹੀਂ।
ਕਈ ਦਿਨ ਹੋ ਗਏ ਸਨ ਰਿਸ਼ੀ ਨੂੰ ਪਟਿਆਲੇ ਆਏ ਹੋਏ। ਮਾਂ ਨੂੰ ਮਿਲਣ ਦੀ ਉਸ ਕੋਲ ਵਿਹਲ ਹੀ ਨਹੀਂ ਸੀ। ਹਾਰ ਕੇ ਇਕ ਦਿਨ ਰਿਕਸ਼ਾ ਲੈ ਕੇ ਮਾਂ ਆਪ ਉਨ੍ਹਾਂ ਦੀ ਕੋਠੀ ਮਿਲਣ ਚਲੀ ਗਈ।
‘‘ਮਾਤਾ ਜੀ ਕਿਸ ਨੂੰ ਮਿਲਣਾ?’’ ਮਾਂ ਨੂੰ ਪਹਿਰੇਦਾਰ ਨੇ ਰੋਕ ਕੇ ਪੁੱਛਿਆ।
‘‘ਮੈਂ ਰਿਸ਼ੀ ਦੀ ਮਾਂ ਹਾਂ। ਆਪਣੇ ਪੁੱਤ, ਪੋਤੇ ਨੂੰ ਦੇਖਣ ਆਈ ਹਾਂ।’’
ਪਹਿਰੇਦਾਰ ਪਿੱਛੇ ਹਟ ਗਿਆ। ਉਸ ਨੇ ਅਗਾਂਹ ਕੋਠੀ ਦੇ ਬੰਦ ਬੂਹੇ ਵੱਲ ਇਸ਼ਾਰਾ ਕੀਤਾ। ਉਸ ਨੇ ਦਰਵਾਜ਼ਾ ਖੜਕਾਇਆ।
ਪਹਿਰੇਦਾਰ ਨੇ ਉਸ ਨੂੰ ਕਿਹਾ ਕਿ ਬੈੱਲ ਕਰ ਦਿਓ।
ਕੁਝ ਪਲ ਰੁਕ ਕੇ ਬੂਹਾ ਖੁੱਲ੍ਹਿਆ। ਜੁਗਨੂੰ ਦੀ ਆਇਆ ਨੇ ਆਖਿਆ, ‘‘ਆ ਜਾਓ ਮਾਤਾ ਜੀ, ਅੰਦਰ ਆ ਜਾਓ, ਬੀਬੀ ਜੀ ਤੋ ਨਹਾ ਰਹੀ ਹੈ।’’
ਉਹ ਉਸ ਨੂੰ ਡਰਾਇੰਗ ਰੂਮ ’ਚ ਬਿਠਾ ਗਈ। ਉਹ ਉੱਚੀਆਂ-ਉੱਚੀਆਂ ਛੱਤਾਂ ਵਾਲੇ ਹਾਲ ਵਿਚ ਲੱਗੇ ਸੋਫਿਆਂ ਤੇ ਪਰਦਿਆਂ ਨੂੰ ਦੇਖਦੀ ਰਹੀ। ਫਿਰ ਆਪੇ ਉੱਠ ਕੇ ਅੰਦਰ ਵੱਲ ਗਈ। ਜੁਗਨੂੰ ਸੁੱਤਾ ਪਿਆ ਸੀ। ਆਇਆ ਕੋਲ ਬੈਠੀ ਸੀ। ਮਾਂ ਵੀ ਉਸ ਦੇ ਕੋਲ ਬੈਠ ਗਈ।
‘‘ਇਹ ਐਨਾ ਪੀਲਾ ਜਿਹਾ ਕਿਉਂ ਐ?’’ ਪੋਤੇ ਵੱਲ ਹੱਥ ਕਰਕੇ ਮਾਂ ਨੇ ਪੁੱਛਿਆ।
‘‘ਬੀਬੀ ਜੀ ਨੇ ਆਪਣਾ ਦੂਧ ਪਿਲਾਣਾ ਬੰਦ ਕਰ ਦੀਆ ਹੈ। ਡੱਬੇ ਵਾਲਾ ਦੂਧ ਅਭੀ ਬੱਚੇ ਕੋ ਸੁਖਾਤਾ ਨਹੀਂ। ਪੇਟ ਦਰਦ ਹੋ ਜਾਤਾ ਹੈ।’’ ਆਇਆ ਨੇ ਜਵਾਬ ਦਿੱਤਾ।
ਇਹ ਸੁਣ ਕੇ ਮਾਂ ਦੇ ਮੱਥੇ ’ਤੇ ਤਿਊੜੀ ਪੈ ਗਈ। ਉਹ ਸੋਚਣ ਲੱਗੀ ਕਿ ਅੱਜਕੱਲ੍ਹ ਦੀਆਂ ਬੇਵਕੂਫਾਂ ਨੂੰ ਇਹ ਨਹੀਂ ਪਤਾ ਕਿ ਮਾਂ ਦੇ ਦੁੱਧ ਤੋਂ ਚੰਗੀ ਕੋਈ ਹੋਰ ਚੀਜ਼ ਨਹੀਂ।
ਏਨੇ ਨੂੰ ਨੀਲਮ ਨੇ ਆ ਕੇ ਮਾਂ ਦੇ ਪੈਰੀਂ ਹੱਥ ਲਾਏ। ‘‘ਫਰਿੱਜ ’ਚੋਂ ਮਾਤਾ ਜੀ ਨੂੰ ਜੂਸ ਲਿਆ ਕੇ ਦੇ।’’ ਨੀਲਮ ਨੇ ਆਇਆ ਨੂੰ ਆਖਿਆ।
‘‘ਜੂਸ ਨੂੰ ਮੈਂ ਕੀ ਓਪਰੀ ਹਾਂ। ਜਿਹੜਾ ਕੁਝ ਜੀਅ ਕਰੇਗਾ ਲੈ ਲਵਾਂਗੀ। ਹਾਲੇ ਕਾਸੇ ਦੀ ਲੋੜ ਨਹੀਂ।’’ ਮਾਂ ਨੇ ਕਿਹਾ।
ਇਹ ਸੁਣ ਕੇ ਆਇਆ ਚੁੱਪ-ਚਾਪ ਬੈਠੀ ਰਹੀ।
‘‘ਜੇ ਪੇਟ ਖਰਾਬ ਹੋ ਜਾਂਦਾ ਹੈ, ਇਸਨੂੰ ਜਨਮ-ਘੁੱਟੀ ਦਿੰਦੇ ਰਹਿਣਾ ਸੀ ਜਾਂ ਹਿੰਗਵੱਟੀ ਘੋਲ ਕੇ ਪਿਲਾ ਦਿਆ ਕਰ। ਹੁਣੇ ਤੋਂ ਪੇਟ ਖ਼ਰਾਬ ਨਹੀਂ ਰਹਿਣਾ ਚਾਹੀਦਾ। ਆਪਣਾ ਦੁੱਧ ਪਿਆਇਆ ਕਰ।’’ ਮਾਂ ਨੇ ਕਿਹਾ।
‘‘ਊਂ ਤਾਂ ਦੇ ਦਿੰਦੀ ਹੁੰਦੀ ਹਾਂ। ਜੇ ਕਦੇ ਕਿਸੇ ਫੰਕਸ਼ਨ ’ਤੇ ਜਾਣਾ ਹੁੰਦਾ ਐ ਫੇਰ ਬੱਚੇ ਨੂੰ ਸਮੇਂ ’ਤੇ ਦੁੱਧ ਪਿਲਾਉਣਾ ਔਖਾ ਹੁੰਦੈ।’’ ਨੀਲਮ ਨੇ ਜਵਾਬ ਦਿੱਤਾ।
‘‘ਮੈਨੂੰ ਪੜ੍ਹੀਆਂ-ਲਿਖੀਆਂ ਵਾਲੇ ਚੋਚਲੇ ਪਸੰਦ ਨਹੀਂ। ਨਾਲੇ ਬੱਚੇ ਨਾਲੋਂ ਵੱਡੀ ਕਿਹੜੀ ਪਾਰਟੀ-ਪੂਰਟੀ ਹੁੰਦੀ ਐ। ਰੱਬ ਨੇ ਤੁਹਾਡੀ ਜੜ੍ਹ ਹਰੀ ਕੀਤੀ ਏ ਇਸਨੂੰ ਸੰਭਾਲੋ।’’
ਨੀਲਮ ਨੂੰ ਮਾਂ ਦੀਆਂ ਇਹ ਗੱਲਾਂ ਫਜ਼ੂਲ ਲੱਗਦੀਆਂ ਸਨ। ਉਹ ਉੱਠ ਕੇ ਸੇਬ ਤੇ ਕੇਲੇ ਇਕ ਪਲੇਟ ’ਚ ਰੱਖ ਕੇ ਲੈ ਆਈ।
‘‘ਨਹੀਂ ਬਹੂ ਅਜੇ ਤਾਂ ਮੈਂ ਕੁਝ ਨਹੀਂ ਖਾਣਾ। ਇਸ ਉਮਰ ਰੋਟੀ ਮਸਾਂ ਹਜ਼ਮ ਹੁੰਦੀ ਹੈ। ਹੋਰ ਸੁਣਾ ਪੇਕੇ ਸਭ ਠੀਕ-ਠਾਕ ਨੇ।’’
‘‘ਹਾਂ ਜੀ।’’ ਨੀਲਮ ਨੇ ਜਵਾਬ ਦਿੱਤਾ।
‘‘ਤੇਰੇ ਭਰਾ ਦੇ ਫੇਰ ਧੀ ਹੋ ਗਈ।’’ ਮਾਂ ਨੇ ਹਮਦਰਦੀ ਨਾਲ ਕਿਹਾ।
‘‘ਅੱਜਕੱਲ੍ਹ ਧੀਆਂ ਪੁੱਤਾਂ ’ਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ। ਧੀਆਂ ਮਾਪਿਆਂ ਦਾ ਵੱਧ ਕਰਦੀਆਂ ਨੇ।’’ ਨੀਲਮ ਨੇ ਕਿਹਾ।
‘‘ਇਹ ਸਭ ਕਹਿਣ ਦੀਆਂ ਗੱਲਾਂ ਨੇ। ਕੁੜੀ ਨੇ ਵਿਆਹ ਕਰਕੇ ਅਗਲਿਆਂ ਨੂੰ ਖ਼ੁਸ਼ ਰੱਖਣਾ ਹੁੰਦਾ। ਆਪਣੇ ਪੇਕਿਆਂ ਦੀ ਖ਼ਬਰ-ਸਾਰ ਲੈਣ ਦੀ ਵਿਹਲ ਹੀ ਕਿੱਥੇ ਹੁੰਦੀ ਐ ਉਸ ਕੋਲ।’’ ਮਾਂ ਬੋਲੀ।
‘‘ਨਹੀਂ ਮਾਂ ਜੀ, ਅੱਜਕੱਲ੍ਹ ਤੁਸੀਂ ਦੇਖਦੇ ਤਾਂ ਪਏ ਹੋ ਕਿ ਪੰਜਾਂ ਵਿਚੋਂ ਚਾਰ ਘਰਾਂ ’ਚ ਮੁੰਡੇ ਦੀ ਮਾਂ ਦੀ ਥਾਂ ਕੁੜੀ ਦੀ ਮਾਂ ਉਨ੍ਹਾਂ ਕੋਲ ਆਈ ਹੁੰਦੀ ਐ।’’
‘‘ਨਹੀਂ ਸਾਊ, ਘਰ-ਘਰਾਣੇ ਦੀਆਂ ਕੁੜੀਆਂ ਇਉਂ ਨਹੀਂ ਕਰਦੀਆਂ। ਉਹ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀਆਂ ਨੇ। ਫੇਰ ਤਾਂ ਸੱਸ ਨੂੰ ਵੀ ਨੂੰਹ ਦੀ ਥਾਂ ਉਹ ਧੀ ਲੱਗਣ ਲੱਗ ਜਾਂਦੀ ਐ।’’
ਇਹ ਸੁਣ ਕੇ ਨੀਲਮ ਨੂੰ ਲੱਗਿਆ ਕਿ ਬੁੜੀ ਨਾਲ ਮਗਜ਼ ਕੌਣ ਮਾਰੇ। ਉਹ ਚੁੱਪ ਕਰ ਗਈ। ਕੁਝ ਚਿਰ ਉੱਥੇ ਬੈਠ ਕੇ ਨੀਲਮ ਘਰ ਦੇ ਨਿੱਕੇ-ਮੋਟੇ ਕੰਮ ਕਰਨ ’ਚ ਜੁਟ ਗਈ।
ਆਥਣ ਹੋ ਚੱਲਿਆ ਸੀ। ਮਾਂ ਨੇ ਕੁਝ ਚਿਰ ਜੁਗਨੂੰ ਨੂੰ ਖਿਡਾਇਆ। ਫੇਰ ਨੀਲਮ ਨਾਲ ਚਾਹ ਦਾ ਕੱਪ ਪੀਤਾ, ਫੇਰ ਕਮਰੇ ’ਚ ਲੱਗੀ ਘੜੀ ਵੱਲ ਦੇਖ ਕੇ ਆਖਣ ਲੱਗੀ, ‘‘ਰਿਸ਼ੀ ਤਾਂ ਅਜੇ ਤੱਕ ਨਹੀਂ ਆਇਆ। ਜਾ ਕੇ ਉਸ ਦੇ ਪਾਪਾ ਦਾ ਖਾਣਾ ਵੀ ਬਣਾਉਣਾ ਹੈ। ਮੈਂ ਚਲਦੀ ਹਾਂ। ਰਿਸ਼ੀ ਨੂੰ ਆਖੀਂ ਜਾਂਦਾ-ਆਉਂਦਾ ਉਹ ਮੈਨੂੰ ਮਿਲ ਜਾਵੇ।’’
‘‘ਤੁਸੀਂ ਹੋਰ ਸਮਾਂ ਰੁਕੋ। ਡਰਾਈਵਰ ਤੁਹਾਨੂੰ ਛੱਡ ਆਊਗਾ।’’ ਨੀਲਮ ਨੇ ਕਿਹਾ।
‘‘ਰਿਕਸ਼ਾ ਲੈ ਲਵਾਂਗੀ।’’ ਮਾਂ ਨੇ ਕਿਹਾ।
‘‘ਮੈਂ ਪਹਿਰੇਦਾਰ ਨੂੰ ਕਹਿ ਕੇ ਰਿਕਸ਼ਾ ਇੱਥੇ ਮੰਗਵਾ ਲੈਂਦੀ ਹਾਂ।’’ ਨੀਲਮ ਨੇ ਕਿਹਾ।
‘‘ਨਹੀਂ, ਮੈਂ ਸੜਕ ’ਤੋਂ ਰਿਕਸ਼ਾ ਲੈ ਲਵਾਂਗੀ।’’ ਆਖ ਕੇ ਮਾਂ ਬਾਹਰ ਵੱਲ ਨੂੰ ਤੁਰ ਪਈ।
ਘਰ ਪਹੁੰਚ ਕੇ ਉਸ ਨੇ ਪਾਪਾ ਨੂੰ ਕਿਹਾ, ‘‘ਰਿਸ਼ੀ ਤਾਂ ਹੁਣ ਸੱਚਮੁੱਚ ਹੀ ਵੱਡਾ ਅਫ਼ਸਰ ਬਣ ਗਿਆ ਹੈ। ਏਨੀ ਦੇਰ ਦਫ਼ਤਰ ਹੀ ਬੈਠਾ ਰਹਿੰਦੈ।’’
ਪਾਪਾ ਚੁੱਪ ਹੀ ਰਹੇ।
ਇਉਂ ਹੀ ਦਿਨ ਲੰਘ ਰਹੇ ਸਨ। ਰਿਸ਼ੀ ਉਨ੍ਹਾਂ ਵੱਲ ਨਹੀਂ ਸੀ ਆ ਸਕਿਆ।
ਇਕ ਦਿਨ ਰਿਸ਼ੀ ਨੇ ਦਫ਼ਤਰੋਂ ਆ ਕੇ ਕੱਪੜੇ ਬਦਲ ਕੇ ਚਾਹ ਪੀਂਦਿਆਂ ਨੀਲਮ ਨੂੰ ਕਿਹਾ, ‘‘ਅੱਜ ਆਪਾਂ ਮਾਂ ਵੱਲ ਜਾ ਆਉਂਦੇ।’’
‘‘ਫੇਰ ਕਿਸੇ ਦਿਨ ਜਾ ਆਵਾਂਗੇ। ਅੱਜ ਮੇਰੀ ਕਿਸੀ ਸਹੇਲੀ ਨੇ ਆਉਣਾ ਹੈ। ਉਸ ਦਾ ਖ਼ਿਆਲ ਹੈ ਕਿ ਪਟਿਆਲੇ ’ਚ ਬਹੁਤ ਲੇਡੀਜ਼ ਕਮੀਜ਼-ਸਲਵਾਰਾਂ ਹੀ ਪਾਉਂਦੀਆਂ ਨੇ। ਇੱਥੇ ਸੂਟਾਂ ਦੇ ਕੱਪੜੇ ਵਧੀਆ ਮਿਲਦੇ ਨੇ। ਇਸ ਲਈ ਉਹ ਸੂਟ ਲੈਣ ਆ ਰਹੀ ਹੈ।’’

‘‘ਪਤਾ ਨਹੀਂ ਕੀ ਗੱਲ ਐ? ਬਹੁਤੀਆਂ ਜ਼ਨਾਨੀਆਂ ਨੂੰ ਕੱਪੜਿਆਂ-ਗਹਿਣਿਆਂ ਤੋਂ ਅਗਾਂਹ ਕੁਝ ਸੁੱਝਦਾ ਹੀ ਨਹੀਂ।’’ ਰਿਸ਼ੀ ਨੇ ਕਿਹਾ।
‘‘ਕੀ ਮਾੜਾ ਐ ਜੇ ਕੋਈ ਜ਼ਨਾਨੀ ਗਹਿਣਿਆਂ-ਕੱਪੜਿਆਂ ਨਾਲ ਜੀਅ ਪਰਚਾ ਲੈਂਦੀ ਐ। ਆਦਮੀਆਂ ਵਾਂਗ ਉਹ ਨਸ਼ੇ ਵੱਲ ਤਾਂ ਨਹੀਂ ਭੱਜਦੀਆਂ। ਆਦਮੀ ਤਾਂ ਹਰੇਕ ਚੀਜ਼ ਨੂੰ ਹੀ ਨਸ਼ਾ ਬਣਾ ਲੈਂਦੇ ਨੇ।’’ ਨੀਲਮ ਨੇ ਜਵਾਬ ਦਿੱਤਾ।
‘‘ਇਸ ਸਭ ਦੀਆਂ ਜ਼ਿੰਮੇਵਾਰ ਉਨ੍ਹਾਂ ਦੀਆਂ ਔਰਤਾਂ ਹੀ ਹੁੰਦੀਆਂ ਨੇ।’’ ਰਿਸ਼ੀ ਨੇ ਜਵਾਬ ਦਿੱਤਾ।
‘‘ਕਿੰਨਾ ਸੌਖਾ ਐ ਹਰੇਕ ਮਰਜ਼ ਦਾ ਕਾਰਨ ਔਰਤ ਨੂੰ ਦੱਸ ਕੇ ਆਪ ਬਰੀ ਹੋ ਜਾਣਾ।’’ ਨੀਲਮ ਨੇ ਕਿਹਾ।
‘‘ਬਾਹਰ ਬੈੱਲ ਹੋਈ ਹੈ। ਇਸ ਡਿਸਕਸ਼ਨ ਨੂੰ ਇੱਥੇ ਵਿਰਾਮ ਦਿੰਦੇ ਹਾਂ। ਕਿਸੇ ਵਿਹਲੇ ਸਮੇਂ ਇੱਥੋਂ ਸਟਾਰਟ ਕਰ ਲਵਾਂਗੇ।’’ ਰਿਸ਼ੀ ਨੇ ਕਿਹਾ।
ਨੌਕਰ ਨੇ ਦਰਵਾਜ਼ਾ ਖੋਲ੍ਹਿਆ। ਰੇਖਾ ਅਤੇ ਉਸ ਦਾ ਪਤੀ ਅੰਦਰ ਲੰਘ ਆਏ। ਨੀਲਮ ਨੇ ਰਿਸ਼ੀ ਨਾਲ ਉਨ੍ਹਾਂ ਦੀ ਇੰਟਰੋਡਕਸ਼ਨ ਕਰਾਈ।
ਹੱਸਦੇ-ਮੁਸਕੁਰਾਉਂਦੇ ਉਹ ਖਾਣੇ ਵਾਲੇ ਮੇਜ਼ ਦੇ ਦੁਆਲੇ ਬੈਠ ਗਏ। ਨੌਕਰ ਕੌਫ਼ੀ ਲੈਣ ਚਲਿਆ ਗਿਆ। ਨੀਲਮ ਨੇ ਡਰਾਈਫਰੂਟ ਦਾ ਡੱਬਾ ਖੋਲ੍ਹ ਕੇ ਉਨ੍ਹਾਂ ਅੱਗੇ ਪੇਸ਼ ਕੀਤਾ।
ਬੜੀ ਰਾਤ ਗਈ ਤੱਕ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ।
‘‘ਤੂੰ ਜੁਗਨੂੰ ਨੂੰ ਕੀ ਬਣਾਏਂਗੀ?’’ ਰੇਖਾ ਨੇ ਨੀਲਮ ਨੂੰ ਪੁੱਛਿਆ।
ਨੀਲਮ ਉਸ ਦੇ ਸੁਆਲ ’ਤੇ ਹੈਰਾਨ ਹੋਈ।
‘‘ਰੇਖਾ ਨੇ ਟੈਸਟ ਕਰਾ ਕੇ ਦੇਖ ਲਿਆ ਹੈ ਤੇ ਇਹ ਆਪਣੀ ਹੋਣ ਵਾਲੀ ਬੇਟੀ ਦਾ ਤੁਹਾਡੇ ਜੁਗਨੂੰ ਨੂੰ ਰਿਸ਼ਤਾ ਕਰਨਾ ਚਾਹੁੰਦੀ ਹੈ ਇਸ ਲਈ ਪੁੱਛਦੀ ਹੈ।’’ ਰੇਖਾ ਦੇ ਘਰਵਾਲੇ ਨੇ ਮਜ਼ਾਕ ਕੀਤਾ।
‘‘ਮੈਂ ਤਾਂ ਆਪਣੇ ਬੇਟੇ ਨੂੰ ਆਈ.ਏ.ਐਸ ਬਣਾਊਂਗੀ।’’ ਨੀਲਮ ਨੇ ਜਵਾਬ ਦਿੱਤਾ।
‘‘ਆਹੋ, ਪੁੱਤਰ ਰਾਹੀ ਤਾਂ ਪਤੀ ’ਤੇ ਰੋਅਬ ਪਾਈਦਾ।’’ ਰਿਸ਼ੀ ਬੋਲਿਆ।
‘‘ਮੈਂ ਤਾਂ ਆਪਣੀ ਬੇਟੀ ਨੂੰ ਪੈਰਿਸ ਪੜ੍ਹਨ ਭੇਜਾਂਗੀ।’’ ਰੇਖਾ ਨੇ ਕਿਹਾ।
‘‘ਆਹੋ, ਜਿਹੜੇ ਸ਼ੌਕ ਆਪ ਨਹੀਂ ਪੂਰੇ ਕਰ ਸਕੀ ਉਹ ਧੀ ਰਾਹੀਂ ਹੀ ਪੂਰੇ ਹੋਣਗੇ।’’ ਰੇਖਾ ਦਾ ਘਰਵਾਲਾ ਬੋਲਿਆ।
‘‘ਇਹ ਵੀ ਬਈ ਕਮਾਲ ਦੀ ਗੱਲ ਹੈ ਕਿ ਬੱਚੇ ਮਾਪਿਆਂ ਰਾਹੀਂ ਜਿਊਣਾ ਸ਼ੁਰੂ ਕਰ ਦਿੰਦੇ ਨੇ। ਤੇ ਬੱਚਿਆਂ ਨੂੰ ਆਖਦੇ ਨੇ ਹੋਸਟਲਾਂ ’ਚ ਜੀਓ, ਜਿਵੇਂ ਅਸੀਂ ਚਾਹੁੰਦੇ ਹਾਂ।’’ ਰਿਸ਼ੀ ਨੇ ਕਿਹਾ।
‘‘ਹੁਣ ਸਾਡੇ ਮਾਂ ਜੀ ਚਾਹੁੰਦੇ ਨੇ ਕਿ ਨਿੱਕੇ ਬੱਚੇ ਵਾਂਗ ਰਿਸ਼ੀ ਮੇਰੀ ਉਂਗਲੀ ਫੜ ਕੇ ਤੁਰੀ ਜਾਵੇ।’’ ਨੀਲਮ ਨੇ ਕਿਹਾ।
‘‘ਬਈ ਮਾਵਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਹੁੰਦੀਆਂ ਨੇ।’’ ਰਿਸ਼ੀ ਨੇ ਕਿਹਾ।
‘‘ਹਾਂ ਐਨਾ ਜ਼ਿਆਦਾ ਕਿ ਅਗਲੇ ਦਾ ਭਾਵੇਂ ਸਾਹ ਘੁੱਟ ਜਾਵੇ।’’ ਨੀਲਮ ਬੋਲੀ।
ਗੱਲਾਂਬਾਤਾਂ ਕਰਦਿਆਂ ਰਿਸ਼ੀ ਦਾ ਧਿਆਨ ਮਾਂ ਵੱਲ ਚਲਿਆ ਗਿਆ ਤੇ ਸੋਚਿਆ ਕਿ ਕੱਲ੍ਹ ਮਾਂ ਨੂੰ ਜ਼ਰੂਰ ਮਿਲਣ ਜਾਵਾਂਗਾ।
ਅਗਲੇ ਦਿਨ ਨੀਲਮ ਤੇ ਰੇਖਾ ਸ਼ਾਪਿੰਗ ਲਈ ਚਲੀਆਂ ਗਈਆਂ। ਅੱਧੇ ਦਿਨ ਲਈ ਨੀਲਮ ਜੁਗਨੂੰ ਦੀ ਜ਼ਿੰਮੇਵਾਰੀ ਰਿਸ਼ੀ ਨੂੰ ਦੇ ਗਈ। ਦੁਪਹਿਰ ਤੱਕ ਉਹ ਦੋਵੇਂ ਜਣੇ ਘਰੇ ਬੈਠੇ ਗੱਪਾਂ ਮਾਰਦੇ ਰਹੇ।
‘‘ਸੌਰੀ ਲੇਟ ਹੋ ਗਏ।’’ ਤਿੰਨ ਵਜੇ ਘਰ ਆਉਂਦੇ ਰੇਖਾ ਨੇ ਆਖਿਆ।
‘‘ਛੇਤੀ-ਛੇਤੀ ਖਾਣਾ ਖਾਓ, ਆਪਾਂ ਚੱਲਣਾ।’’ ਰੇਖਾ ਦਾ ਘਰਵਾਲਾ ਬੋਲਿਆ।
ਖਾਣਾ ਖਾ ਕੇ ਉਹ ਦੋਵੇਂ ਚਲੇ ਗਏ। ਨੀਲਮ ਨੇ ਬੱਚੇ ਦਾ ਧਿਆਨ ਕੀਤਾ ਤੇ ਰਿਸ਼ੀ ਘੜੀ ਦੇਖ ਦੇ ਦਫ਼ਤਰ ਚਲਿਆ ਗਿਆ ਜ਼ਰੂਰੀ ਫਾਈਲਾਂ ਕੱਢਣ ਲਈ। ਇਸ ਦੌਰਾਨ ਉਸ ਦੇ ਪਾਪਾ ਦਫ਼ਤਰ ਆਏ ਸਨ ਕਿਸੇ ਦਾ ਨਿੱਕਾ ਜਿਹਾ ਕੰਮ ਕਰਾਉਣ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਤੇਰੀ ਮਾਂ ਯਾਦ ਕਰਦੀ ਪਈ ਸੀ। ਪਾਪਾ ਨੇ ਜਦੋਂ ਆਖਿਆ ਤਾਂ ਰਿਸ਼ੀ ਨੂੰ ਲੱਗਿਆ ਕਿ ਉਹ ਕੱਲ੍ਹ ਜ਼ਰੂਰ ਮਾਂ ਨੂੰ ਮਿਲਣ ਜਾਵੇਗਾ।
ਅਗਲੇ ਦਿਨ ਦਫ਼ਤਰੋਂ ਆ ਕੇ ਰਿਸ਼ੀ ਨੇ ਨੀਲਮ ਨੂੰ ਕਿਹਾ ਕਿ ਅੱਜ ਮਾਂ ਵੱਲ ਜਾਣਾ ਹੈ, ਤੂੰ ਚੱਲੇਂਗੀ?
‘‘ਤੁਸੀਂ ਹਮੇਸ਼ਾਂ ਭੁੱਲ ਜਾਂਦੇ ਹੋ ਅੱਜ ਸ਼ਾਮੀ ਆਪਾਂ ਜੁਗਨੂੰ ਲਈ ਡਾਕਟਰ ਦੀ ਅਪਾਇੰਟਮੈਂਟ ਲਈ ਹੋਈ ਹੈ। ਟੀਕੇ ਦਾ ਟਾਈਮ ਹੋ ਗਿਆ। ਡਾਈਟ ਬਾਰੇ ਵੀ ਪੁੱਛਣਾ ਹੈ।’’ ਨੀਲਮ ਨੇ ਯਾਦ ਕਰਾਇਆ।
ਰਿਸ਼ੀ ਨੇ ਕੋਈ ਉੱਤਰ ਨਾ ਦਿੱਤਾ। ਉਸ ਸ਼ਾਮ ਜੁਗਨੂੰ ਨੂੰ ਲੈ ਕੇ ਉਹ ਬੱਚਿਆਂ ਦੇ ਡਾਕਟਰ ਕੋਲ ਚਲੇ ਗਏ। ਟੀਕਾ ਲਗਵਾਇਆ, ਭਾਰ ਚੈੱਕ ਕੀਤਾ, ਡਾਕਟਰ ਨੇ ਡਾਈਟ ਬਾਰੇ ਦੱਸਿਆ ਤੇ ਟਾਨਿਕ ਬਦਲ ਦਿੱਤੀ।
ਆਉਂਦੇ ਹੋਏ ਉਹ ਬਾਜ਼ਾਰ ਵਿਚਦੀ ਹੋ ਕੇ ਆਏ।
ਰਾਹ ਵਿਚ ਉਨ੍ਹਾਂ ਨੇ ਜੁਗਨੂੰ ਲਈ ਕੱਪੜੇ ਤੇ ਖਿਡੌਣੇ ਵੀ ਖ਼ਰੀਦੇ। ਸਬੱਬ ਨਾਲ ਉਨ੍ਹਾਂ ਨੂੰ ਬਜ਼ਾਰ ’ਚ ਉਨ੍ਹਾਂ ਦੇ ਪਾਪਾ ਮਿਲ ਗਏ। ਉਨ੍ਹਾਂ ਨੇ ਰਿਸ਼ੀ ਨੂੰ ਦੱਸਿਆ ਕਿ ਦੋ ਦਿਨ ਹੋਏ ਤੇਰੀ ਮਾਂ ਨੂੰ ਥੋੜ੍ਹੀ ਜਿਹੀ ਭੱਖ ਜਿਹੀ ਹੋੋ ਜਾਂਦੀ ਹੈ। ਫ਼ਿਕਰ ਵਾਲੀ ਕੋਈ ਗੱਲ ਨਹੀਂ। ਡਾਕਟਰ ਆਖਦਾ ਸੀ ਕਿ ਮੌਸਮ ਬਦਲ ਰਿਹਾ ਹੈ ਹੋਰ ਕੁਝ ਨਹੀਂ। ਰਿਸ਼ੀ ਨੇ ਕਿਹਾ ਕਿ ਮੈਂ ਕੱਲ੍ਹ ਆਊਂਗਾ ਮਾਂ ਨੂੰ ਮਿਲਣ।
ਅਗਲੇ ਦਿਨ ਰਿਸ਼ੀ ਜਦੋਂ ਉਨ੍ਹਾਂ ਵੱਲ ਆਇਆ ਤਾਂ ਪਾਪਾ ਨੇ ਦੱਸਿਆ ਕਿ ਮੈਂ ਤਿੰਨ ਮਹੀਨੇ ਲਈ ਕੈਨੇਡਾ ਜਾ ਰਿਹਾ ਹਾਂ। ਤੇਰੇ ਚਾਚਾ ਬਹੁਤ ਕਹਿ ਰਹੇ ਸੀ ਮੈਨੂੰ ਉੱਥੇ ਆਉਣ ਨੂੰ। ਸੀਟ ਬੁੱਕ ਹੋ ਚੁੱਕੀ ਹੈ।
‘‘ਕਦੋਂ ਦੀ?’’
‘‘ਇਸੇ ਐਤਵਾਰ ਦੀ।’’ ਪਾਪਾ ਨੇ ਕਿਹਾ।
‘‘ਫੇਰ ਮਾਂ ਦਾ ਕੀ ਬਣੂੰਗਾ?’’ ਰਿਸ਼ੀ ਨੇ ਪੁੱਛਿਆ।
‘‘ਤੇਰੀ ਮਾਂ ਨੂੰ ਮੈਂ ਕਿਹਾ ਸੀ ਕਿ ਉਧਰ ਰਿਸ਼ੀ ਵੱਲ ਚਲੀ ਜਾਈਂ ਪਰ ਉਸ ਨੇ ਮਨ੍ਹਾਂ ਕਰ ਦਿੱਤਾ।’’ ਪਾਪਾ ਨੇ ਕਿਹਾ।
ਮਾਂ ਨੇ ਇਉਂ ਹੀ ਕੀਤਾ। ਪਾਪਾ ਦੇ ਜਾਣ ਮਗਰੋਂ ਉਹ ਰਿਸ਼ੀ ਵੱਲ ਨਹੀਂ ਆਈ। ਸੋਚਦੀ ਸੀ ਕਿ ਮੈਨੂੰ ਇਕੱਲੀ ਨੂੰ ਕੀ ਡਰ। ਹੈਗਾ ਛੋਟੂ ਮੇਰੇ ਕੋਲ। ਰਿਸ਼ੀ ਨੇ ਇਕ-ਦੋ ਵਾਰੀ ਕਿਹਾ ਕਿ ਤੁਸੀ ਸਾਡੇ ਕੋਲ ਚਲੋ, ਪਰ ਨੀਲਮ ਨੇ ਮਾਂ ਨੂੰ ਰਹਿਣ ਲਈ ਨਹੀਂ ਸੀ ਆਖਿਆ ਇਸੇ ਕਰਕੇ ਉਨ੍ਹਾਂ ਦੇ ਘਰ ਜਾਣ ਨੂੰ ਮਾਂ ਦਾ ਮਨ ਨਹੀਂ ਸੀ ਕਰਦਾ।
ਰਿਸ਼ੀ ਹੁਣ ਆਪਣੇ ਪਰਿਵਾਰ ’ਚ ਸੀ ਤੇ ਪਾਪਾ ਕੈਨੇਡਾ ਵਿਚ ਸੈਰਾਂ ਕਰਦੇ ਫਿਰਦੇ ਸਨ। ਮਾਂ ਨੂੰ ਲੱਗਦਾ ਜਿਵੇਂ ਉਸ ਦੇ ਸਾਰੇ ਕਾਰਜ ਮੁੱਕ ਗਏ ਹਨ। ਪਾਪਾ ਦਾ ਫ਼ੋਨ ਮਾਂ ਨੂੰ ਆਇਆ। ਹਾਲ-ਚਾਲ ਪੁੱਛਦੇ ਸਨ। ਮਾਂ ਨੇ ਪੁੱਛਿਆ, ‘‘ਵਾਪਸ ਕਦੋਂ ਆ ਰਹੇ ਹੋ?’’ ਅੱਗੋਂ ਉਨ੍ਹਾਂ ਨੇ ਜਵਾਬ ਦਿੱਤਾ, ‘‘ਗੁਰਦਾਸ ਆਖਦਾ ਮਸਾਂ ਤਾਂ ਤੁਸੀਂ ਕਿਧਰੇ ਕੈਨੇਡਾ ਆਏ ਹੋ। ਹੁਣ ਕੁਝ ਚਿਰ ਰਹੋ। ਦੁਨੀਆ ਦੇਖੋ। ਉਹ ਤਾਂ ਇਹ ਵੀ ਕਹਿੰਦਾ ਤੁਹਾਨੂੰ ਬਾਕੀ ਦੁਨੀਆ ਵੀ ਘੁਮਾ ਕੇ ਲਿਆਵਾਂਗਾ। ਤੁਸੀਂ ਦੇਖੋਗੇ ਕਿ ਏਧਰਲੇ ਲੋਕ ਕਿਵੇਂ ਜਿਉਂਦੇ ਨੇ।’’
ਅੱਗੋ ਮਾਂ ਨੇ ਉੱਤਰ ਦਿੱਤਾ, ‘‘ਗੁਰਦਾਸ ਤੁਹਾਨੂੰ ਕੱਲ੍ਹ ਨੂੰ ਆਖੇਗਾ ਕਿ ਆਪਣੇ ਵਾਂਗ ਤੁਹਾਨੂੰ ਵੀ ਮੇਮ ਲਿਆ ਕੇ ਦੇ ਦਿੰਦਾ ਹਾਂ। ਫੇਰ ਤਾਂ ਇੱਧਰ ਆਉਣ ਦੀ ਲੋੜ ਵੀ ਨਹੀਂ ਪੈਣੀ।’’
ਗੱਲ ਸੁਣ ਕੇ ਪਾਪਾ ਹੱਸ ਪਏ ਤੇ ਬੋਲੇ, ‘‘ਅਸੀਂ ਮੇਮਾਂ ਬਾਰੇ ਗਲਤ ਸੋਚਦੇ ਹਾਂ ਕਿ ਮੇਮਾਂ ਨਿਰੀਆਂ ਲਫੰਗੀਆਂ ਹੀ ਹੁੰਦੀਆਂ ਨੇ। ਨਹੀਂ, ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ। ਸਾਡੀਆਂ ਔਰਤਾਂ ਸਾਰੀਆਂ ਹੀ ਕਿਹੜੀਆਂ ਭਲੀਆਂ ਹੁੰਦੀਆਂ ਨੇ। ਸਾਡੀ ਰਿਸ਼ੀ ਦੀ ਮਾਂ ਕਿਹੜੀ ਕਿਸੀ ਮੇਮ ਤੋਂ ਘੱਟ ਹੈ!’’ ‘‘ਤੁਸੀਂ ਹੁਣ ਵਾਪਸ ਮੁੜਨ ਦੀ ਕਰੋ। ਹਰੇਕ ਪੁੱਛਦਾ ਕਿ ਰਿਸ਼ੀ ਦੇ ਪਾਪਾ ਨੇ ਬੜਾ ਚਿਰ ਲਾ ਦਿੱਤਾ ਉੱਥੇ ਕੀ ਕਰਦੇ ਨੇ।’’
‘‘ਲੋਕਾਂ ਦੇ ਮਾਰ ਗੋਲੀ। ਜੇ ਰਿਸ਼ੀ ਦੀ ਮਾਂ ਆਖਦੀ ਹੈ ਤਾਂ ਛੇਤੀ ਆ ਜੂੰਗਾ। ਆਮ ਜ਼ਨਾਨੀਆਂ ਤਾਂ ਆਖਦੀਆਂ ਹੁੰਦੀਆਂ ਨੇ ਇਹ ਹੋਵੇ ਕਿਧਰੇ ਚਾਰ ਦਿਨ ਦਫ਼ਾ, ਸੁੱਖ ਦਾ ਸਾਹ ਆਵੇ।’’ ਪਾਪਾ ਨੇ ਮਜ਼ਾਕ ਕੀਤਾ।
‘‘ਤੁਸੀਂ ਮਜ਼ਾਕ ਛੱਡੋ। ਬਸ ਬਥੇਰਾ ਰਹਿ ਲਿਆ ਕੈਨੇਡਾ।’’ ਆਖ ਕੇ ਮਾਂ ਨੇ ਫ਼ੋਨ ਬੰਦ ਕਰ ਦਿੱਤਾ।
ਉਧਰ ਰਿਸ਼ੀ ਨੇ ਨੀਲਮ ਨੂੰ ਫ਼ੋਨ ਕਰਕੇ ਆਖਿਆ ਕਿ ਅੱਜ ਮਾਂ ਵੱਲ ਚਲਣਾ। ਮੈਂ ਜਲਦੀ ਆ ਜਾਵਾਂਗਾ। ਤੁਸੀਂ ਦੋਵੇਂ ਤਿਆਰ ਰਹਿਓ।
ਅੱਗੋਂ ਨੀਲਮ ਕਹਿਣ ਲੱਗੀ, ‘‘ਮੈਂ ਤੁਹਾਨੂੰ ਆਪ ਫ਼ੋਨ ਕਰਨ ਵਾਲੀ ਸੀ। ਮੈਂ ਤਾਂ ਅੱਜ ਅਖ਼ਬਾਰ ’ਚ ਦੇਖਿਆ ਕਿ ਡਾਇਮੰਡ ਦੇ ਗਹਿਣਿਆਂ ਦੀ ਪ੍ਰਦਰਸ਼ਨੀ ਲੱਗੀ ਹੈ। ਅੱਜ ਉਸਦਾ ਆਖ਼ਰੀ ਦਿਨ ਹੈ। ਵੀਹ ਪ੍ਰਤੀਸ਼ਤ ਘੱਟ ਕੀਮਤ ’ਤੇ ਦੇ ਰਹੇ ਨੇ। ਨਾਲ ਡਾਇਮੰਡ ਦੇ ਅਸਲੀ ਹੋਣ ਦਾ ਸਰਟੀਫ਼ਿਕੇਟ ਵੀ। ਮਾਂ ਜੀ ਵੱਲ ਕੱਲ੍ਹ ਚਲੇ ਚਲਾਂਗੇ।’’
‘‘ਕਿੰਨੇ ਦਿਨ ਹੋ ਗਏ ਸੋਚਦੇ ਪਰ ਜਾ ਹੀ ਨਹੀਂ ਹੁੰਦਾ।’’ ਰਿਸ਼ੀ ਨੇ ਕਿਹਾ।
‘‘ਤੁਸੀਂ ਹੁਣ ਬੱਚੇ ਥੋੜ੍ਹੇ ਹੀ ਹੋ ਕਿ ਸਾਰਾ ਵੇਲਾ ਮਾਂ-ਮਾਂ ਕਰਦੇ ਰਹੋ।’’ ਨੀਲਮ ਅੱਗੋਂ ਬੋਲੀ।
‘‘ਤੂੰ ਇਹ ਕਿਉਂ ਨਹੀਂ ਆਖਦੀ ਕਿ ਔਰਤਾਂ ਨੂੰ ਗਹਿਣੇ ਕੱਪੜਿਆਂ ਦਾ ਨਸ਼ਾ ਹੁੰਦਾ। ਇਸ ਲਈ ਬਹੁਤਾ ਧਿਆਨ ਇਸ ਪਾਸੇ ਰਹਿੰਦਾ।’’
‘‘ਚਲੋ ਜੀ, ਮੰਨ ਲੈਂਦੇ ਹਾਂ ਤੁਹਾਡੀਆਂ ਗੱਲਾਂ। ਪਰ ਇਹ ਨਸ਼ਾ ਆਦਮੀਆਂ ਦੇ ਹਰੇਕ ਨਸ਼ੇ ਨਾਲੋਂ ਚੰਗਾ।’’
‘‘ਤੈਨੂੰ ਤਾਂ ਨੀਲਮ ਵਕੀਲ ਹੋਣਾ ਚਾਹੀਦਾ ਸੀ। ਤੇਰੇ ਕੋਲ ਹਰ ਗੱਲ ਦਾ ਜਵਾਬ ਤਿਆਰ ਹੈ।’’ ਰਿਸ਼ੀ ਨੇ ਕਿਹਾ।
‘‘ਡਾਇਮੰਡ ਖ਼ਰੀਦਣ ਵਾਸਤੇ ਪੈਸੇ ਹੈਗੇ ਤੇਰੇ ਕੋਲ?’’ ਰਿਸ਼ੀ ਨੇ ਪੁੱਛਿਆ।
‘‘ਉਹ ਛੇ ਮਹੀਨੇ ਤੱਕ ਦਾ ਚੈੱਕ ਲੈ ਲੈਂਦੇ ਨੇ।’’ ਨੀਲਮ ਨੇ ਜਵਾਬ ਦਿੱਤਾ।
‘‘ਛੇ ਮਹੀਨਿਆਂ ਤੱਕ ਡਾਇੰਮਡ ਵਾਸਤੇ ਪੈਸੇ ਕਿੱਥੋਂ ਆਉਣਗੇ?’’ ਰਿਸ਼ੀ ਨੇ ਫਿਰ ਪੁੱਛਿਆ।
‘‘ਹੋਜੂਗਾ ਇੰਤਜ਼ਾਮ। ਕੁਝ ਤਨਖ਼ਾਹਾਂ ’ਚੋਂ ਜੋੜਾਂਗੀ, ਕੁਝ ਪਾਪਾ ਨੂੰ ਕਹਾਂਗੀ ਪੈਸੇ ਭੇਜਣ ਬਾਰੇ, ਕੁਝ ਤੁਸੀਂ ਮਾਂ ਜੀ ਕੋਲੋਂ ਮੰਗ ਲਿਆਓ। ਮੈਂ ਤਾਂ ਇਹ ਵੀ ਸੁਣਿਆ ਹੋਇਆ ਹੈ ਕਿ ਤੁਹਾਡੇ ਵਰਗੇ ਅਫ਼ਸਰਾਂ ਕੋਲ ਤਕੜੀਆਂ ਅਸਾਮੀਆਂ ਹੁੰਦੀਆਂ ਨੇ। ਮਾੜਾ ਜਿਹਾ ਉਸ ਦਾ ਕੋਈ ਕੰਮ ਸਾਰ ਦਿਓ, ਜਿੰਨੇ ਮਰਜ਼ੀ ਪੈਸੇ ਝਾੜ ਲਵੋ।’’
‘‘ਜੁਗਨੂੰ ਨੂੰ ਹਰਾਮ ਦੀ ਕਮਾਈ ਨਾਲ ਪਾਲੇਂਗੀ ਉਹ ਹਰਾਮ ਦਾ ਹੀ ਬਣੂ। ਮੈਨੂੰ ਤਾਂ ਮਾਂ ਨੇ ਇਹੀ ਸਿਖਾਇਆ।’’
‘‘ਚਲੋ ਛੱਡੋ ਸਾਰੀਆਂ ਗੱਲਾਂ। ਨਹੀਂ ਲੈ ਕੇ ਦੇਣੇ ਨਾ ਲੈ ਕੇ ਦਿਓ।’’ ਆਖ ਕੇ ਨੀਲਮ ਨੇ ਫ਼ੋਨ ਬੰਦ ਕਰ ਦਿੱਤਾ।
ਰਿਸ਼ੀ ਨੇ ਸੋਚਿਆ ਕਿ ਚਲੋ ਬਹੁਤੇ ਕੀਮਤੀ ਗਹਿਣੇ ਨਾ ਸਹੀ ਘੱਟ ਕੀਮਤੀ ਗਹਿਣੇ ਲੈ ਲਵਾਂਗੇ। ਛੇਤੀ ਦਫ਼ਤਰੋਂ ਘਰ ਆ ਗਿਆ। ਉਹ ਪ੍ਰਦਰਸ਼ਨੀ ਦੇਖਣ ਚਲੇ ਗਏ।
ਹੀਰਿਆਂ ਦੇ ਗਹਿਣੇ ਅਸਲ ਵਿਚ ਬਹੁਤ ਖ਼ੂਬਸੂਰਤ ਸਨ। ਰਿਸ਼ੀ ਨੂੰ ਵੀ ਚੰਗੇ ਲੱਗੇ। ਨੀਲਮ ਨੇ ਜਦੋਂ ਪਾ-ਪਾ ਦਿਖਾਏ ਉਹ ਖ਼ੁਸ਼ ਸੀ। ਰਿਸ਼ੀ ਨੂੰ ਛੇ ਮਹੀਨੇ ਅਗਾਂਹ ਦਾ ਚੈੱਕ ਦੇਣਾ ਪਿਆ।
ਕਾਫ਼ੀ ਦੇਰ ਹੋਈ ਘਰ ਨੂੰ ਮੁੜੇ ਤਾਂ ਪਹਿਰੇਦਾਰ ਨੇ ਦੱਸਿਆ ਕਿ ਮਾਂ ਜੀ ਆਏ ਸਨ। ਕਾਫ਼ੀ ਚਿਰ ਉਡੀਕਦੇ ਰਹੇ। ਕਹਿੰਦੇ ਸੀ ਕਿ ਜੀਅ ਵੀ ਰਾਜ਼ੀ ਨਹੀਂ।
‘‘ਕੱਲ੍ਹ ਦਫ਼ਤਰੋਂ ਸਿੱਧੇ ਮਾਂ ਜੀ ਦੇ ਘਰ ਚਲੇ ਜਾਣਾ।’’ ਨੀਲਮ ਨੇ ਰਿਸ਼ੀ ਨੂੰ ਖ਼ੁਸ਼ ਕਰਨ ਲਈ ਕਿਹਾ।
ਅਗਲੇ ਦਿਨ ਦੁਪਹਿਰ ਤੋਂ ਮਗਰੋਂ ਜਦੋਂ ਰਿਸ਼ੀ ਦਫ਼ਤਰ ਦਾ ਕੰਮ ਛੇਤੀ-ਛੇਤੀ ਮੁਕਾ ਰਿਹਾ ਸੀ ਤਾਂ ਉਸ ਦਾ ਬੌਸ ਉਸਦੇ ਕਮਰੇ ’ਚ ਆ ਗਿਆ।
‘‘ਸਰ, ਤੁਸੀਂ ਮੈਨੂੰ ਬੁਲਾ ਲੈਂਦੇ।’’ ਰਿਸ਼ੀ ਖੜ੍ਹੇ ਹੁੰਦੇ ਬੋਲਿਆ।
‘‘ਜ਼ਰੂਰੀ ਕੰਮ ਆ ਪਿਆ।’’ ਇਕ ਪਾਸੇ ਸੋਫੇ ’ਤੇ ਬੈਠਦਿਆਂ ਬੌਸ ਨੇ ਆਖਿਆ।
ਰਿਸ਼ੀ ਨੇ ਘੰਟੀ ਮਾਰ ਕੇ ਚਪੜਾਸੀ ਨੂੰ ਦੋ ਕੱਪ ਕੌਫ਼ੀ ਲਿਆਉਣ ਨੂੰ ਕਿਹਾ।
‘‘ਕੀ ਗੱਲ ਹੈ ਸਰ?’’ ਰਿਸ਼ੀ ਨੇ ਪੁੱਛਿਆ।
‘‘ਮੇਰੇ ਸਹੁਰਾ ਸਾਹਬ ਦਿੱਲੀ ਰਹਿੰਦੇ ਸਨ। ਹੁਣੇ ਫ਼ੋਨ ਆਇਆ ਕਿ ਅਚਾਨਕ ਹਾਰਟਫੇਲ ਨਾਲ ਸੁਰਗਵਾਸ ਹੋ ਗਏ ਨੇ। ਤੁਹਾਨੂੰ ਪਤਾ ਹੀ ਹੈ ਇਕੋ ਮੇਰਾ ਸਾਲਾ ਹੈ ਉਹ ਅਮਰੀਕਾ ਹੈ ਉਸ ਨੇ ਏਡੀ ਛੇਤੀ ਪਹੁੰਚ ਨਹੀਂ ਸਕਣਾ। ਆਪਾਂ ਨੂੰ ਹੀ ਚੱਲ ਕੇ ਕਿਰਿਆ ਕਰਮ ਕਰਾਉਣਾ ਪੈਣਾ।’’ ਬੌਸ ਨੇ ਕਿਹਾ।
‘‘ਠੀਕ ਹੈ ਚਲੇ ਚਲਾਂਗੇ।’’ ਕੌਫ਼ੀ ਦਾ ਕੱਪ ਉਸਦੇ ਅੱਗੇ ਕਰਕੇ, ਆਪਣਾ ਕੱਪ ਚੁੱਕ ਕੇ ਰਿਸ਼ੀ ਬੋਲਿਆ।
‘‘ਤੂੰ ਰਾਤ ਜੋਗਾ ਨਾਈਟ ਸੂਟ ਲੈ ਕੇ, ਡਰਾਈਵਰ ਨੂੰ ਲੈ ਕੇ ਸਾਡੇ ਘਰ ਆ ਜਾ।’’ ਬੌਸ ਨੇ ਕਿਹਾ।
‘‘ਸਰ, ਅੱਜ ਤਾਂ ਦਿੱਲੀ ਪਹੁੰਚਦਿਆਂ ਲੇਟ ਹੋ ਜਾਵਾਂਗੇ।’’
ਕੌਫ਼ੀ ਪੀਣ ਮਗਰੋਂ ਬੌਸ ਚਲਿਆ ਗਿਆ। ਉਸ ਦੀ ਪਤਨੀ ਨੇ ਵੀ ਨਾਲ ਜਾਣਾ ਸੀ।
ਰਿਸ਼ੀ ਨੇ ਅੱਧਾ ਘੰਟਾ ਜ਼ਰੂਰੀ ਫਾਈਲਾਂ ਕੱਢੀਆਂ। ਫੇਰ ਡਰਾਈਵਰ ਨੂੰ ਲੈ ਕੇ ਆਪਣੇ ਘਰ ਚਲਿਆ ਗਿਆ। ਉਸ ਨੇ ਨੀਲਮ ਨੂੰ ਕਿਹਾ ਕਿ ਦਿੱਲੀ ਜਾਣਾ ਪੈਣਾ। ਤੂੰ ਇਕੱਲੀ ਹੈਂ ਮਾਂ ਨੂੰ ਬੁਲਾ ਲਵੀਂ।
‘‘ਮੈਨੂੰ ਇੱਥੇ ਕੋਈ ਡਰ ਨਹੀਂ। ਮਾਂ ਜੀ ਨੂੰ ਕਾਹਨੂੰ ਤੰਗ ਕਰਨਾ। ਕੋਠੀ ਦੇ ਬਾਹਰ ਪਹਿਰਾ ਐ।’’ ਨੀਲਮ ਨੇ ਜਵਾਬ ਦਿੱਤਾ, ‘‘ਸਰਵੈਂਟਸ ਕੁਆਰਟਰ ’ਚ ਡਰਾਈਵਰ ਅਤੇ ਕੁੱਕ ਦੀਆਂ ਫੈਮਲੀਜ਼ ਨੇ।’’
ਰਿਸ਼ੀ ਚੁੱਪ ਰਿਹਾ।
ਅਟੈਚੀਕੇਸ ’ਚ ਤੌਲੀਆ, ਬੁਰਸ਼, ਨਾਈਟ ਸੂਟ ਤੇ ਇਕ ਪੈਂਟ ਕਮੀਜ਼ ਪਾ ਕੇ ਜਾਣ ਲੱਗਿਆਂ ਜੁਗਨੂੰ ਨੂੰ ਪਿਆਰ ਦੇ ਕੇ ਰਿਸ਼ੀ ਨੇ ਕਿਹਾ ਕਿ ਮੇਰੇ ਮਗਰੋਂ ਬੇਟੇ ਆਪਣੀ ਮੰਮਾ ਦਾ ਖ਼ਿਆਲ ਰੱਖੀਂ।
ਇਹ ਸੁਣ ਕੇ ਨੀਲਮ ਹੱਸ ਪਈ। ਉੱਥੋਂ ਉਹ ਬੌਸ ਦੀ ਕੋਠੀ ਆ ਗਿਆ। ਅੱਗੋਂ ਉਹ ਅੱਗੜ-ਪਿਛੜ ਦਿੱਲੀ ਵੱਲ ਚੱਲ ਪਏ। ਹਨੇਰਾ ਹੋਣ ’ਤੇ ਰਾਹ ’ਚ ਉਨ੍ਹਾਂ ਨੇ ਇਕ ਰੈਸਤਰਾਂ ਤੋਂ ਰੋਟੀ ਖਾਧੀ।

ਰਿਸ਼ੀ ਹੈਰਾਨ ਸੀ ਕਿ ਬੌਸ ਦੀ ਵਹੁਟੀ ਜਿਸ ਦਾ ਬਾਪ ਮਰਿਆ ਸੀ ਉਸ ਨੇ ਵੀ ਆਰਾਮ ਨਾਲ ਖਾਣਾ ਖਾ ਲਿਆ ਸੀ। ਰਿਸ਼ੀ ਨੂੰ ਵਹੁਟੀ ਵੱਲ ਤੱਕਦਿਆਂ ਬੌਸ ਨੇ ਵਹੁਟੀ ਨੂੰ ਕਿਹਾ, ‘‘ਬਹੁਤਾ ਰੋਣ-ਧੋਣ ਨਾਲ ਕੁਝ ਨਹੀਂ ਬਣਦਾ। ਬੰਦੇ ਨੂੰ ਸਟਰੌਂਗ ਹੋਣਾ ਚਾਹੀਦਾ ਐ।’’ ਦਿੱਲੀ ਉਹ ਰਾਤ ਦੇ ਦਸ ਵਜੇ ਪਹੁੰਚੇ। ਬੌਸ ਦੀ ਵਹੁਟੀ ਨੇ ਬਾਪ ਦੇ ਮੂੰਹ ਤੋਂ ਕੱਪੜਾ ਲਾਹੁੰਦਿਆਂ ਹਾਏ ਪਾਪਾ ਕਹਿ ਕੇ ਧਾਹ ਮਾਰੀ। ਫਿਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਉਹ ਸ਼ਾਇਦ ਅਮਰੀਕਾ ’ਚ ਰਹਿੰਦੇ ਉਸਦੇ ਪੁੱਤਰ ਨੂੰ ਉਡੀਕਣਾ ਚਾਹੁੰਦੇ ਸਨ। ਅਗਲੀ ਸਵੇਰ ਤੱਕ ਉਸ ਦਾ ਫ਼ੋਨ ਆ ਗਿਆ ਕਿ ਕੋਈ ਫਲਾਈਟ ਨਹੀਂ ਮਿਲ ਰਹੀ। ਮੈਂ ਤਿੰਨ ਦਿਨ ਤੋਂ ਪਹਿਲਾਂ ਨਹੀਂ ਪਹੁੰਚ ਸਕਾਂਗਾ। ਇਸ ਲਈ ਕਰੀਮੇਸ਼ਨ ਤੁਸੀਂ ਕਰ ਦਿਓ ਤੇ ਭੋਗ ਮੇਰੇ ਆਏ ’ਤੇ ਪਾ ਦੇਣਾ। ਭੋਗ ਵੀ ਜਿਵੇਂ ਅੱਜਕੱਲ੍ਹ ਕਰਦੇ ਨੇ ਚੌਥੇ ਦਿਨ ਰੱਖ ਲਓ। ਬੌਸ ਨੇ ਕਰੀਮੇਸ਼ਨ ਤੋਂ ਮਗਰੋਂ ਵੀ ਰਿਸ਼ੀ ਨੂੰ ਵਾਪਸ ਨਾ ਜਾਣ ਦਿੱਤਾ ਕਿਉਂਕਿ ਅਗਲੇ ਦਿਨ ਫੁੱਲ ਚੁਗਣੇ ਸਨ। ਬੌਸ ਦੇ ਉੱਥੇ ਜਾਣ ਪਹਿਚਾਣ ਵਾਲਾ ਕੋਈ ਨਹੀਂ ਸੀ। ਫਿਰ ਫੁੱਲ ਹਰਿਦੁਆਰ ਪ੍ਰਵਾਹ ਕਰਕੇ ਆਉਣੇ ਸਨ। ਪਤਾ ਨਹੀਂ ਕਿਉਂ ਬੌਸ ਨੂੰ ਰਿਸ਼ੀ ਤੋਂ ਬਿਨਾਂ ਆਪਣੇ ਆਪ ਸਾਰੇ ਕੰਮ ਕਰਨੇ ਬਹੁਤ ਔਖੇ ਲੱਗਦੇ ਸਨ। ਹਰਿਦੁਆਰ ਤੋਂ ਆ ਕੇ ਉਨ੍ਹਾਂ ਨੇ ਅਖ਼ਬਾਰ ’ਚ ਤਸਵੀਰ ਤੇ ਭੋਗ ਦਾ ਸਮਾਂ ਤੇ ਸਥਾਨ ਕਢਵਾ ਦਿੱਤੇ ਸਨ। ਇਕ ਦਿਨ ਸਾਰੇ ਪ੍ਰਬੰਧ ਕਰਨ ਨੂੰ ਚਾਹੀਦਾ ਸੀ ਕੋਈ। ਭੋਗ ਤੋਂ ਮਗਰੋਂ ਆਏ-ਗਏ ਦੀ ਰੋਟੀ ਦਾ ਪ੍ਰਬੰਧ ਵੀ ਕਰਨਾ ਸੀ। ਉਸ ਨੇ ਰਿਸ਼ੀ ਨੂੰ ਆਖਿਆ, ‘‘ਤੈਨੂੰ ਇੰਨੇ ਦਿਨ ਰੋਕਣਾ ਚੰਗਾ ਤਾਂ ਨਹੀਂ ਲੱਗਦਾ, ਪਰ ਮੈਂ ਮਜਬੂਰ ਹਾਂ। ਤੇਰੀ ਸ੍ਰੀਮਤੀ ਵੀ ਉਡੀਕਦੀ ਹੋਊਗੀ।’’

ਰਿਸ਼ੀ ਨੇ ਕਿਹਾ, ‘‘ਕੋਈ ਨਹੀਂ ਸਰ। ਘਰੇ ਨੀਲਮ ਨੂੰ ਫ਼ੋਨ ਕਰ ਦਿੱਤਾ ਸੀ। ਕੱਲ੍ਹ ਨੂੰ ਭੋਗ ਮਗਰੋਂ ਚਲਿਆ ਜਾਵਾਂਗਾ।’’ ਅਗਲੇ ਦਿਨ ਭੋਗ ਪੈ ਗਿਆ। ਮਹਿਮਾਨਾਂ ਨੂੰ ਸੰਭਾਲਦੇ ਤੀਜਾ ਪਹਿਰ ਹੋ ਗਿਆ। ਪਤਾ ਨਹੀਂ ਰਿਸ਼ੀ ਦਾ ਦਿਲ ਕਾਹਤੋਂ ਕਾਹਲਾ ਪੈ ਰਿਹਾ ਸੀ। ਉਸ ਨੂੰ ਮਾਂ ਬੜੀ ਯਾਦ ਆ ਰਹੀ ਸੀ। ਕਾਫ਼ੀ ਦਿਨ ਹੋਏ ਸਨ ਮਾਂ ਵੱਲ ਗਏ ਨੂੰ। ਆਪਣੇ ਆਪ ਨੂੰ ਕਸੂਰਵਾਰ ਲੱਗ ਰਿਹਾ ਸੀ।
ਉਧਰ ਮਾਂ ਨੂੰ ਪਹਿਲਾਂ ਹਲਕਾ ਜਿਹਾ ਬੁਖ਼ਾਰ ਹੋ ਗਿਆ। ਫੇਰ ਤੇਜ਼ ਬੁਖ਼ਾਰ ਹੋ ਗਿਆ। ਉਸ ਨੇ ਸੋਚਿਆ ਕਿ ਰਿਕਸ਼ਾ ਮੰਗਵਾ ਕੇ ਆਪ ਹੀ ਡਾਕਟਰ ਨੂੰ ਦਿਖਾ ਆਵਾਂ। ਪਰ ਉਸ ਤੋਂ ਜਿਵੇਂ ਖੜ੍ਹਿਆ ਨਹੀਂ ਸੀ ਜਾ ਰਿਹਾ। ਉਸ ਨੇ ਛੋਟੂ ਨੂੰ ਰਿਸ਼ੀ ਦੇ ਘਰ ਭੇਜਿਆ ਕਿ ਮਾਂ ਜੀ ਦੀ ਤਬੀਅਤ ਠੀਕ ਨਹੀਂ। ਨੀਲਮ ਨੇ ਦੱਸਿਆ ਕਿ ਉਹ ਤਾਂ ਦਿੱਲੀ ਗਏ ਹੋਏ ਨੇ। ਮੈਂ ਕੱਲ੍ਹ ਆਵਾਂਗੀ ਮਾਂ ਜੀ ਕੋਲ।
ਫਿਰ ਛੋਟੂ ਆਪ ਹੀ ਦਵਾਈਆਂ ਦੀ ਦੁਕਾਨ ’ਤੇ ਜਾ ਕੇ ਇਹ ਕਹਿ ਕੇ ‘ਮਾਂ ਜੀ ਨੂੰ ਬੁਖ਼ਾਰ ਹੈ’ ਦਵਾਈ ਲੈ ਆਇਆ। ਮਾਂ ਨੇ ਦਵਾਈ ਖਾ ਤਾਂ ਲਈ ਸੀ ਪਰ ਕੋਈ ਫ਼ਰਕ ਨਹੀਂ ਸੀ ਪਿਆ। ਉਸ ਦੀ ਤਬੀਅਤ ਹੋਰ ਵੀ ਖ਼ਰਾਬ ਹੋ ਗਈ। ਛੋਟੂ ਦੇ ਸਮਝ ਕੁਝ ਨਹੀਂ ਸੀ ਆ ਰਿਹਾ ਉਹ ਕੀ ਕਰੇ। ਮਾਂ ਨੇ ਵੀ ਉਸ ਨੂੰ ਕੁਝ ਨਹੀਂ ਕਿਹਾ। ਪਤਾ ਨਹੀਂ ਕੀ ਸੋਚ ਕੇ ਮਾਂ ਦੀਆਂ ਅੱਖਾਂ ’ਚ ਪਾਣੀ ਭਰ ਆਇਆ।
ਦੁਪਹਿਰ ਵੇਲੇ ਉਸ ਨੇ ਆਪਣੇ ਸਿਰਹਾਣੇ ਹੇਠਾਂ ਰੱਖੀ ਇਕ ਚਿੱਠੀ ਕੱਢੀ ਜਿਸ ਉਪਰ ਮੋਟੇ-ਮੋਟੇ ਅੱਖਰਾਂ ਵਿਚ ਲਿਖਿਆ ਸੀ- ਆਈ ਮਿਸ ਯੂ ਮਾਂ। ਮਾਂ ਨੇ ਰਿਸ਼ੀ ਦੀ ਲਿਖੀ ਇਹ ਚਿੱਠੀ ਹੱਥ ’ਚ ਘੁੱਟ ਲਈ। ਉਸ ਦਾ ਸਾਰਾ ਜਿਸਮ ਟੁੱਟਦਾ ਜਾ ਰਿਹਾ ਸੀ।
ਰਿਸ਼ੀ ਨੇ ਤੀਜੇ ਪਹਿਰ ਬਿਨਾਂ ਖਾਧੇ-ਪੀਤੇ ਹੀ ਡਰਾਈਵਰ ਨੂੰ ਵਾਪਸ ਚੱਲਣ ਲਈ ਕਿਹਾ। ਬੌਸ ਨੇ ਉਸ ਦਾ ਧੰਨਵਾਦ ਕੀਤਾ।
ਵਾਪਸ ਜਾਂਦਾ ਹੋਇਆ ਰਿਸ਼ੀ ਸੋਚ ਰਿਹਾ ਸੀ ਕਿ ਬੇਸ਼ੱਕ ਜਿੰਨਾ ਮਰਜ਼ੀ ਹਨੇਰਾ ਹੋ ਜਾਏ ਮੈਂ ਸਿੱਧਾ ਮਾਂ ਕੋਲ ਹੀ ਜਾਵਾਂਗਾ। ਮਾਂ ਥੋੜ੍ਹਾ ਜਿਹਾ ਗੁੱਸਾ ਤਾਂ ਦਿਖਾਏਗੀ ਫਿਰ ਆਪ ਹੀ ਮੰਨ ਜਾਏਗੀ।
‘‘ਥੋੜ੍ਹਾ ਤੇਜ਼ ਚਲਾ।’’ ਉਸ ਨੇ ਡਰਾਈਵਰ ਨੂੰ ਬੇਧਿਆਨੇ ਜਿਹੇ ਹੋ ਕੇ ਕਿਹਾ।
‘‘ਆਪਾਂ ਸਰ ਪਹਿਲਾਂ ਹੀ ਕਾਫ਼ੀ ਸਪੀਡ ’ਤੇ ਜਾ ਰਹੇ ਹਾਂ।’’ ਡਰਾਈਵਰ ਨੇ ਕਿਹਾ।
ਜਦ ਉਨ੍ਹਾਂ ਨੂੰ ਟੋਲ ਟੈਕਸ ’ਤੇ ਖੜ੍ਹਾ ਲਿਆ ਗਿਆ ਉਦੋਂ ਰਿਸ਼ੀ ਦਾ ਜੀਅ ਕੀਤਾ ਕਿ ਅੱਗੇ ਖੜ੍ਹੇ ਵਾਹਨਾਂ ’ਚ ਟੱਕਰ ਮਾਰ ਕੇ ਇੱਧਰ-ਉਧਰ ਕਰਕੇ ਆਪ ਛੇਤੀ ਲੰਘ ਜਾਵੇ।
ਟੌਲ ਟੈਕਸ ਵਾਲੇ ਤੋਂ ਬਣਦੇ ਪੈਸੇ ਲੈਣ ਲਈ ਉਹ ਨਹੀਂ ਸੀ ਰੁਕੇ। ਰਾਹ ਮਿਲਦਿਆਂ ਹੀ ਡਰਾਈਵਰ ਨੇ ਗੱਡੀ ਭਜਾ ਲਈ।
‘‘ਅੱਜ ਜੇ ਮਾਂ ਜੀ ਨੂੰ ਪਤਾ ਲੱਗਿਆ ਕਿ ਗੱਡੀ ਐਨੀ ਤੇਜ਼ ਭਜਾਈ ਸੀ ਤਾਂ ਜ਼ਰੂਰ ਮੇਰੇ ਜੁੱਤੀਆਂ ਪੈਣਗੀਆਂ।’’ ਡਰਾਈਵਰ ਨੇ ਕਿਹਾ।
ਥੋੜ੍ਹੀ ਰਾਤ ਗਏ ਤੱਕ ਉਹ ਮਾਂ ਦੇ ਘਰ ਪੁੱਜ ਗਏ। ਰਿਸ਼ੀ ਫਾਟਕ ਖੋਲ੍ਹ ਕੇ ਅੰਦਰ ਗਿਆ। ਮੋਤੀ ਪਹਿਲਾਂ ਵਾਂਗ ਛਲਾਂਗਾਂ ਮਾਰਦਾ ਉਸ ਵੱਲ ਨਹੀਂ ਭੱਜਿਆ। ਅੰਦਰ ਜਾ ਕੇ ਰਿਸ਼ੀ ਨੇ ਦੇਖਿਆ ਕਿ ਮਾਂ ਕੋਲ ਇਕ ਪਾਸੇ ਛੋਟੂ ਚੌਕੀ ’ਤੇ ਬੈਠਾ ਹੋਇਆ ਉਂਘਲਾ ਰਿਹਾ ਸੀ। ਰਿਸ਼ੀ ਦੇ ਆਉੁਣ ਦਾ ਖੜਕਾ ਸੁਣ ਕੇ ਉੁਭੜਵਾਹੇ ਜਾਗਿਆ ਤੇ ਬੋਲਿਆ ਕਿ ਮਾਂ ਜੀ ਕੋਈ ਗੱਲ ਨਹੀਂ ਕਰ ਰਹੇ। ਪਤਾ ਨਹੀਂ ਕੀ ਹੋ ਗਿਆ।
ਰਿਸ਼ੀ ਮਾਂ ਦੇ ਨੇੜੇ ਗਿਆ। ਉਸ ਦੀ ਨਬਜ਼ ਟੋਹੀ। ਮੱਥੇ ’ਤੇ ਹੱਥ ਰੱਖਿਆ। ਮਾਂ ਪਤਾ ਨਹੀਂ ਕਦੋਂ ਦੀ ਜਾ ਚੁੱਕੀ ਸੀ। ਉਸ ਨੇ ਮਾਂ ਦੀਆਂ ਉਂਗਲਾਂ ਸਿੱਧੀਆਂ ਕਰਕੇ ਹੱਥ ’ਚੋਂ ਚਿੱਠੀ ਕੱਢੀ ਜੋ ਰਿਸ਼ੀ ਦੀ ਆਪਣੀ ਹੀ ਲਿਖੀ ਹੋਈ ਸੀ- ਆਈ ਮਿਸ ਯੂ ਮਾਂ।
ਉਹ ਬੱਚਿਆਂ ਵਾਂਗ ਵਿਲਕ ਕੇ ਮਾਂ ਦੇ ਗਲ ਲੱਗ ਗਿਆ।
ਮਾਂ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਵੱਲ ਦੇਖ ਉਸ ਨੂੰ ਲੱਗਿਆ ਜਿਵੇਂ ਉਹ ਆਖ ਰਹੀ ਹੋਵੇ- ਆਈ ਮਿਸ ਯੂ ਰਾਜਾ।

ਦਲੀਪ ਕੌਰ ਟਿਵਾਣਾ

ਭੂਤਵਾੜੇ ਦਾ ਮਹਾਂ-ਭੂਤ-ਪ੍ਰੋ. ਪ੍ਰੀਤਮ ਸਿੰਘ

by Sandeep Kaur March 20, 2020

ਧਰਮਸ਼ਾਲਾ ਤੋਂ ਪਹਿਲਾਂ ਨਾਭੇ ਤੇ ਫੇਰ ਮੇਰੀ ਬਦਲੀ ਪਟਿਆਲੇ ਦੀ ਹੋ ਗਈ। ਉਹੀ ਪੁਰਾਣਾ ਮਹਿੰਦਰਾ ਕਾਲਜ, ਉਹੀ ਪੁਰਾਣੇ ਪ੍ਰੋਫੈਸਰ ਤੇ ਉਹੀ ਪੰਜਾਬੀ ਵਿਭਾਗ ਦੇ ਹੈਡ ਪ੍ਰੋ. ਪ੍ਰੀਤਮ ਸਿੰਘ। ਮੇਰੇ ਜਿੱਡੇ-ਜਿੱਡੇ ਹੀ ਹਰਬੰਸ ਬਰਾੜ, ਗੁਰਬਖਸ਼ ਸੋਚ, ਨਵਤੇਜ ਭਾਰਤੀ ਵਰਗੇ ਸਿਆਣੇ ਐਮ. ਏ. ਦੇ ਵਿਦਿਆਰਥੀ। ਬੜੀਆਂ ਚੰਗੀਆਂ ਸੁਰਿੰਦਰ, ਸ਼ਰਨਜੀਤ ਤੇ ਸੁਰਜੀਤ ਬੈਂਸ ਵਰਗੀਆਂ ਕੁੜੀਆਂ।
ਪੜ੍ਹਦੇ-ਪੜ੍ਹਾਂਦੇ ਵੀ ਰਹਿਣਾ, ਗੱਪਾਂ ਵੀ ਮਾਰਨੀਆਂ, ਇੱਕ-ਦੂਜੇ ਨੂੰ ਮਜ਼ਾਕ ਵੀ ਕਰਨੇ ਤੇ ਚਾਹਾਂ ਵੀ ਪੀਂਦੇ ਰਹਿਣਾ। ਹਰਬੰਸ ਬਰਾੜ ਨੇ ਇਕ ਵਾਰੀ ਜਮਾਤ ਵਿਚ ਪੜ੍ਹਾਂਦੀ ਨੂੰ ਮੈਨੂੰ ਆਖਿਆ, ”ਪੜ੍ਹਾਉਂਦੇ-ਪੜ੍ਹਾਉਂਦੇ ਤੁਸੀਂ ਮੇਰੇ ਵਲ ਕਿਉਂ ਝਾਕਦੇ ਰਹਿੰਦੇ ਓ?” ਤੇ ਮੈਂ ਘਬਰਾ ਗਈ ਸੀ। ਮੈਨੂੰ ਘਬਰਾਹਟ ਵਿਚ ਪਾਉਣ ਲਈ ਹੀ ਤਾਂ ਉਸ ਨੇ ਆਖਿਆ ਸੀ। ਫੇਰ ਸਾਰਿਆਂ ਨੇ ਸਭ ਦੇ ਸਾਹਮਣੇ ”ਮੈਡਮ, ਪੈਰੀਂ ਪੈਨਾਂ, ਮੱਥਾ ਟੇਕਦਾਂ” ਆਖਣਾ ਸ਼ੁਰੂ ਕਰ ਦਿੱਤਾ। ਦੋ ਕੁ ਦਿਨ ਘਬਰਾ ਕੇ, ਸ਼ਰਮਾ ਕੇ ਮੈਂ ਵੀ ਹਰੇਕ ਨੂੰ ਆਖਣਾ ਸ਼ੁਰੂ ਕਰ ਦਿੱਤਾ, ‘ਜੀਊਂਦਾ ਰਹਿ।’
‘ਮੈਡਮ ਨਹੀਂ, ਇਹ ਤਾਂ ਸਾਡੀ ਦੀਦੀ ਐ” ਉਨ੍ਹਾਂ ਆਪੇ ਹੀ ਫੈਸਲਾ ਕਰ ਦਿੱਤਾ ਤੇ ਆਪੇ ਹੀ ਲਾਗੂ ਕਰ ਲਿਆ। ਮੈਂ ਵੀ ਉਨ੍ਹਾਂ ਨੂੰ ਸੱਚੀ-ਮੁੱਚੀਂ ਦੇ ਭੂਤ ਆਖਣਾ ਸ਼ੁਰੂ ਕਰ ਦਿੱਤਾ ਤੇ ਫੇਰ ਇਕ ਵਾਰ ਸੱਚੀਂ-ਮੁੱਚੀਂ ਦੇ ਭੂਤਾਂ ਬਾਰੇ ਸੱਚੋ-ਸੱਚ ਲਿਖ ਕੇ ਇਕ ਰਸਾਲੇ ਨੂੰ ਭੇਜ ਦਿੱਤਾ। ਲਿਖਿਆ ਸੀ:
ਸਿਆਲ ਦੀ ਹਨੇਰੀ ਰਾਤ ਸੀ।
ਠੱਕਾ ਵਗ ਰਿਹਾ ਸੀ।
ਬਾਰ ਖੜਕਿਆ।
ਮੈਂ ਉੱਠ ਕੇ ਬੂਹਾ ਖੋਲ੍ਹਿਆ, ਬਾਹਰ ਇਕ ਭੂਤ ਖੜ੍ਹਾ ਸੀ।
”ਮੱਥਾ ਟੇਕਦਾਂ ਦੀਦੀ! ਕੱਲਾ ਹੀ ਹਾਂ…” ਆਖ ਭੂਤ ਅੰਦਰ ਲੰਘ ਆਇਆ।
”ਮੈਂ ਵੀ ਇਕੱਲਾ ਹੀ ਆਇਆ ਹਾਂ” ਦੂਜੇ ਭੂਤ ਨੇ ਅੰਦਰ ਵੜਦਿਆਂ ਆਖਿਆ।
”ਮੈਂ ਵੀ ‘ਕੱਲਾ ਹੀ ਹਾਂ” ਮਗਰ ਆ ਰਿਹਾ ਤੀਜਾ ਭੂਤ ਬੋਲਿਆ।
”ਅਸੀਂ ਸਾਰੇ ਕੱਲੇ ਹੀ ਆਏ ਹਾਂ”, ਚੌਥੇ ਭੂਤ ਨੇ ਮਗਰ ਆ ਰਹੇ ਦੋ ਤਿੰਨ ਭੂਤਾਂ ਵਲ ਹੱਥ ਕਰਕੇ ਆਖਿਆ। ”ਅਸੀਂ ਸੋਚਿਆ, ਤੁਸੀਂ ਕੱਲੇ ਬੈਠੇ ਹੋਵੋਗੇ, ਚਲਦੇ ਆਂ।” ਕਮਰੇ ਵਿਚ ਬੈਠੇ ਭੂਤਾਂ ਵਿਚੋਂ ਇਕ ਬੋਲਿਆ। ”ਘਰ ਦੇ ਕਿਤੇ ਗਏ ਨੇ?” ਇਕ ਤਾਜ਼ੇ-ਤਾਜ਼ੇ ਬਣੇ ਭੂਤ ਨੇ ਗਲਤੀ ਨਾਲ ਪੁੱਛਿਆ।
”ਨਹੀਂ, ਇੱਥੇ ਹੀ ਹਨ ਸਭ” ਮੈਂ ਕਿਹਾ ਤੇ ਚਾਹ ਦਾ ਪਾਣੀ ਧਰਵਾ ਦਿੱਤਾ।
”ਕੁਸ਼ ਖਾਣ ਨੂੰ ਵੀ ਚਾਹੀਦੈ, ਭੂਤ ਭੁੱਖੇ ਨੇ।” ਵੱਡੇ ਭੂਤ ਨੇ ਦੱਸਿਆ।
”ਤੁਸਾਂਨੂੰ ਕਿਹਾ ਸੀ ਨਵਾਂ ਰੀਕਾਰਡ ਪਲੇਅਰ ਲੈ ਲਓ, ਮਿਊਜ਼ਕ ਸੁਣਨ ਲਈ ਲੋਕਾਂ ਦੇ ਜਾਣਾ ਪੈਂਦਾ ਹੈ।” ਇਕ ਹੋਰ ਬੋਲਿਆ।
”ਪਹਿਲੀ ਨੂੰ ਖ਼ਰੀਦ ਲਵਾਂਗੇ…।” ਮੈਂ ਦੱਸਿਆ।
ਰੋਟੀ ਖਾਂਦਾ-ਖਾਂਦਾ ਇਕ ਭੂਤ ਆਪਣੇ ਝੱਗੇ ਨਾਲ ਹੱਥ ਪੂੰਝ ਕੇ ਅਲਮਾਰੀ ਵਿਚਲੀਆਂ ਕਿਤਾਬਾਂ ਠੀਕ ਕਰਨ ਲੱਗ ਪਿਆ।
”ਤੁਸੀਂ ਰਾਜਾਰਾਓ ਦਾ ਨਾਵਲ ਖਤਮ ਕਰ ਲਿਆ?”
”ਅਜੇ ਨਹੀਂ।”
”ਖ਼ਤਮ ਕਰੋ ਫਿਰ ਡਿਸਕਸ ਕਰੀਏ। ਬੜਾ ਚਿਰ ਲਾ ਦਿੰਦੇ ਹੋ।”
”ਅਸਲ ਵਿਚ ਇਹ ਅੱਖਰਾਂ ਵਿਚੀਂ ਨਹੀਂ, ਅੱਖਰਾਂ ਨੂੰ ਆਪਣੇ ਵਿਚੀਂ ਲੰਘਾਉਂਦੇ ਨੇ। ਇਸ ਲਈ ਬਹੁਤ ਚਿਰ ਲੱਗ ਜਾਂਦਾ ਏ।” ਮੇਰੀ ਥਾਂ ਵੱਡੇ ਭੂਤ ਨੇ ਜਵਾਬ ਦਿੱਤਾ।
”ਮੈਨੂੰ ਤਾਂ ਕਈ ਵਾਰੀ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਬੜੀ ਕੁਵੇਲੇ ਜਾਗੀ ਹਾਂ। ਗੋਡੇ-ਗੋਡੇ ਧੁੱਪਾਂ ਚੜ੍ਹ ਆਈਆਂ ਨੇ। ਕੰਮ ਬਹੁਤ ਪਿਆ ਏ ਤੇ ਵਕਤ ਬਹੁਤ ਥੋੜ੍ਹਾ ਏ।” ਮੈਂ ਬਾਰੀ ਤੋਂ ਪਾਰ ਹਨੇਰੇ ਵਿਚ ਦੂਰ ਤੱਕ ਵੇਖਦਿਆਂ ਕਿਹਾ।
”ਏਨਾ ਥੋੜਾ ਏ ਕਿ ਤੁਸੀਂ ਜਾਗ ਪਏ ਓ। ਉਨ੍ਹਾਂ ਦਾ ਕੀ ਹਾਲ ਏ ਜਿਹੜੇ ਅਜੇ ਸੁੱਤੇ ਹੀ ਹੋਏ ਨੇ?” ਇਕ ਭੂਤ ਨੇ ਬਾਰੀ ਵਿਚ ਅਮਸਾਨ ਉਤੇ ਬੱਦਲਾਂ ਵਿਚੀਂ ਦਿੱਸ ਰਹੇ ਕਿਸੇਕਿਸੇ ਤਾਰੇ ਵਲ ਹੱਥ ਕਰਕੇ ਕਿਹਾ।
”ਤੇਰੀ ਕਵਿਤਾ ਦਾ ਕੀ ਹਾਲ ਏ?” ਮੈਂ ਉਸਨੂੰ ਪੁੱਛਿਆ।
”ਛੱਡ ਦਿੱਤੀ ਏ ਲਿਖਣੀ।”
”ਇਹ ਮਾੜੀ ਗੱਲ ਹੈ।”
”ਮਾੜੀਆਂ ਗੱਲਾਂ ਵੀ ਤੁਹਾਡੇ ਕੋਲੋਂ ਹੀ ਸਿੱਖੀਆਂ ਹਨ।”
ਉਹ ਆਖ ਰਿਹਾ ਸੀ।
ਇਹ ਸਾਰੇ ਭੂਤਵਾੜੇ ਦੇ ਮੈਂਬਰ ਹਨ।
ਹਰ ਕੋਈ ਭੂਤਵਾੜੇ ਦਾ ਮੈਂਬਰ ਨਹੀਂ ਹੋ ਸਕਦਾ। ਭਾਵੇਂ ਮੈਂਬਰ ਹੋਣ ਦਾ ਚੰਦਾ ਕੋਈ ਨਹੀਂ।
ਭੂਤਵਾੜਾ ਕਿਸੇ ਸੰਸਥਾ, ਕਿਸੇ ਵਾਦ ਜਾਂ ਕਿਸੇ ਥਾਂ ਦਾ ਨਾਂ ਨਹੀਂ, ਇਹ ਤਾਂ ਇਕ ਟੱਬਰਦਾਰੀ ਹੈ। ਇਸ ਟੱਬਰ ਦੇ ਸਾਰੇ ਜੀਆਂ ਨੂੰ ਭੂਤ ਆਖਿਆ ਜਾਂਦਾ ਹੈ।
ਮੈਂ ਕਦੇ-ਕਦੇ ਇਨ੍ਹਾਂ ਨੂੰ ‘ਬੇਘਰੇ ਤੇ ਹੋਰ ਇਕਾਂਗੀ’ ਆਖਦੀ ਹੁੰਦੀ ਹਾਂ। ਇਸ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਘਰ ਕੋਈ ਨਹੀਂ ਸਗੋਂ ਸਾਰਾ ਸੰਸਾਰ ਇਨ੍ਹਾਂ ਦਾ ਘਰ ਹੈ, ਮੇਰ-ਤੇਰ ਦੇ ਛੋਟੇ ਝਗੜਿਆਂ ਵਿਚ ਇਹ ਭੂਤ ਨਹੀਂ ਪੈਂਦੇ।
ਅੱਜ ਕੱਲ੍ਹ, ਭੂਤਵਾੜੇ ਦੇ ਮੈਂਬਰ ਤੁਹਾਨੂੰ ਚੰਡੀਗੜ੍ਹ, ਅੰਬਾਲਾ, ਫਰੀਦਕੋਟ, ਦਿੱਲੀ, ਬਠਿੰਡਾ ਗੜ੍ਹਦੀਵਾਲਾ, ਕੈਨੇਡਾ, ਇੰਗਲੈਂਡ ਤੇ ਅਮਰੀਕਾ ਵਿਚ ਵੀ ਮਿਲ ਜਾਣਗੇ, ਪਰ ਪੱਕਾ ਅੱਡਾ ਇਨ੍ਹਾਂ ਦਾ ਪਟਿਆਲੇ ਹੀ ਹੈ।
ਖੁੱਲ੍ਹਾ ਜਿਹਾ ਕੋਈ ਘਰ ਇਹ ਭੂਤ ਕਿਰਾਏ ਉਤੇ ਲੈ ਲੈਂਦੇ ਹਨ ਭਾਵੇਂ ਉਹ ਘਰ ਇਕ ਕਮਰੇ ਦਾ ਹੀ ਹੋਵੇ। ਜਿਹੜਾ ਭੂਤ ਕਿਸੇ ਕੰਮ ਉਤੇ ਹੈ, ਕਿਰਾਇਆ ਉਸ ਨੇ ਦੇਣਾ ਹੁੰਦਾ ਹੈ। ਜੇ ਕਿਰਾਇਆ ਕੁਝ ਚਿਰ ਨਾ ਦਿੱਤਾ ਜਾ ਸਕੇ ਤਾਂ ਬੜੀ ਖੁਸ਼ੀ ਨਾਲ ਕਿਰਾਏ ਵਿਚ ਸਾਰਾ ਸਾਮਾਨ ਦੇ ਕੇ ਕਿਸੇ ਹੋਰ ਘਰ ਵਿਚ ਆ ਜਾਂਦੇ ਹਨ। ਉਂਜ ਵੀ ਜਾਣ-ਪਹਿਚਾਣ ਵਾਲਿਆਂ ਨਾਲ ਸਾਰੇ ਰਿਸ਼ਤੇ-ਨਾਤੇ ਤੋੜ ਕੇ ਥੋੜ੍ਹੇ ਹੀ ਜਾਈਦਾ ਏ। ਹਿਸਾਬ-ਕਿਤਾਬ ਵਿਚ ਹੀ ਰਹਿਣਾ ਚਾਹੀਦਾ ਹੈ। ਫਿਰ ਇਨ੍ਹਾਂ ਦਿਨਾਂ ਵਿਚ ਸਮਾਜਵਾਦ ਨੂੰ ਬੜੀ ਤੀਬਰਤਾ ਨਾਲ ਉਡੀਕਿਆ ਜਾਂਦਾ ਹੈ। ਕਿਸੇ ਨਾ ਕਿਸੇ ਭੂਤ ਦੇ ਪਿੰਡ ਤੋਂ ਦਾਣਿਆਂ ਦੀ ਬੋਰੀ ਆ ਜਾਂਦੀ ਹੈ। ਭੂਤ ਆਟਾ ਪਿਹਾ ਲਿਆਉਂਦੇ ਹਨ ਤੇ ਵਾਰੀ-ਵਾਰੀ ਰੋਟੀਆਂ ਪਕਾਉਂਦੇ ਹਨ। ਕਈ ਵਾਰੀ ਪਕਾਉਣ ਵਾਲੇ ਨੂੰ ਰੋਟੀ ਬਚਦੀ ਹੀ ਨਹੀਂ। ਉਹ ਫੇਰ ਕਿਸੇ ਵਾਕਫ ਦੇ ਘਰ ਚਲਿਆ ਜਾਂਦਾ ਹੈ। ਰੋਟੀ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਆ ਕੇ ਕਵਿਤਾ ਲਿਖਣ ਲੱਗ ਜਾਂਦਾ ਹੈ।
ਜੇ ਦੂਸਰੇ ਮਹਿਸੂਸ ਕਰਨ ਕਿ ਇਸ ਨੂੰ ਰੋਟੀ ਨਹੀਂ ਮਿਲੀ ਤਾਂ ਉਹ ਬੜੇ ਹੀ ਖੂਬਸੂਰਤ ਤਰੀਕੇ ਨਾਲ ਦੱਸਦਾ ਹੈ, ”ਅਸੀਂ ਅੰਨ ਦੇ ਕੀੜੇ ਨਹੀਂ। ਅਸੀਂ ਜੱਗ ਉਤੇ ਰੋਟੀਆਂ ਖਾਣ ਨਹੀਂ ਆਏ। ਕਦੇ-ਕਦੇ ਵਰਤ ਰੱਖਣਾ ਡਾਕਟਰਾਂ ਅਨੁਸਾਰ ਸਿਹਤ ਲਈ ਚੰਗਾ ਹੁੰਦਾ ਏ।”
ਸਤਯਜੀਤ ਰੇਅ ਦੀ ਫ਼ਿਲਮ ਦੇਖਣ ਲਈ ਭੂਤ ਮੂਹਰਲੀਆਂ ਕਤਾਰਾਂ ਵਿਚ ਸੀਟਾਂ ਰਖਵਾ ਛੱਡਦਾ ਹੈ। ਰਿਕਸ਼ੇ ਵਾਲਿਆਂ, ਮਜ਼ਦੂਰਾਂ, ਦਿਹਾੜੀਦਾਰਾਂ ਨਾਲ ਮੂਹਰਲੀਆਂ ਕਤਾਰਾਂ ਵਿਚ ਬੈਠੇ ਭੂਤ ਸੋਚ ਰਹੇ ਹੁੰਦੇ ਹਨ ਕਿ ਜ਼ਿੰਦਗੀ ਦੇ ਹਰ ਖੇਤਰ ਵਿਚ ਮੂਹਰਲੀਆਂ ਕਤਾਰਾਂ ਦੇ ਹੱਕਦਾਰਾਂ ਨੂੰ ਸਿਰਫ ਸਿਨਮਿਆਂ ਵਿਚ ਹੀ ਮੂਹਰਲੀਆਂ ਕਤਾਰਾਂ ਕਿਉਂ ਪ੍ਰਾਪਤ ਹੁੰਦੀਆਂ ਹਨ?
ਸਾਰੀਆਂ ਲਾਇਬਰੇਰੀਆਂ ਵਿਚ ਇਨ੍ਹਾਂ ਨੂੰ ਪਤਾ ਹੁੰਦਾ ਏ ਕਿ ਕਿਹੜੀ ਕਿਤਾਬ ਕਿਥੇ ਪਈ ਏ। ਇਨ੍ਹਾਂ ਭੂਤਾਂ ਨੂੰ ਤਾਂ ਇਹ ਵੀ ਪਤਾ ਹੁੰਦਾ ਹੈ ਕਿ ਸ਼ਹਿਰ ਵਿਚ ਕਿਹੜੇ ਲੋਕ ਕਿਤਾਬਾਂ ਖਰੀਦਦੇ ਹਨ ਤੇ ਕਿਹੜੇ ਉਨ੍ਹਾਂ ਨੂੰ ਪੜ੍ਹਦੇ ਹਨ। ਜਿਸ ਦਿਨ ਕੋਈ ਕੰਮ ਦੀ ਕਿਤਾਬ ਕਿਸੇ ਦੁਕਾਨ ਉਤੇ ਆ ਜਾਵੇ, ਭੂਤ ਚਾਰ ਜਾਂ ਅੱਠ ਦਿਨ ਲਈ ਕਿਤਾਬ ਦੀ ਕੀਮਤ ਅਨੁਸਾਰ ਚਾਹ ਪਾਣੀ ਦਾ ਰਾਸ਼ਨ ਬੰਦ ਕਰਕੇ ਕਿਤਾਬ ਖਰੀਦ ਲੈਂਦੇ ਹਨ। ਪਰ ਕਈ ਵਾਰੀ ਕਿਸੇ ਇਕ ਭੂਤ ਦੀ ਫੀਸ ਭਰਨ ਲਈ ਸਭ ਭੂਤਾਂ ਦੀਆਂ ਕਿਤਾਬਾਂ ਵਿਕ ਜਾਂਦੀਆਂ ਹਨ।
ਇਕ ਦਿਨ ਇਕ ਭੂਤ ਕਵਿਤਾ-ਮੁਕਾਬਲੇ ਵਿਚ ਪੰਜਾਹ ਰੁਪਏ ਦਾ ਇਨਾਮ ਲਿਆਇਆ। ਭੂਤਾਂ ਨੇ ਸਲਾਹ ਬਣਾਈ ਚਲੋ ਅੱਜ ਐਸ਼ ਕਰੀਏ। ਦਾਰੂ ਲਿਆਂਦੀ ਗਈ। ਪਾਨ ਲਿਆਂਦੇ ਗਏ। ਸਿਗਰਟਾਂ ਲਿਆਂਦੀਆਂ ਗਈਆਂ। ਸਿਓਆਂ ਦੀ ਸਬਜ਼ੀ ਬਣੀ। ਇਨਾਮ ਜਿੱਤਣ ਵਾਲੇ ਭੂਤ ਨੇ ਤਰਲਾ ਕੀਤਾ ਕਿ ਉਸ ਦੀ ਜੁੱਤੀ ਟੁੱਟ ਗਈ ਹੈ, ਉਸ ਨੂੰ ਵਿਚੋਂ ਫਲੀਟ ਲੈ ਦਿੱਤੇ ਜਾਣ। ਪਰ ਉਸ ਦੀ ਅਪੀਲ ਸਰਬਸੰਮਤੀ ਨਾਲ ਰੱਦ ਕਰ ਦਿੱਤੀ ਗਈ। ਦਾਰੂ ਪੀ ਕੇ ਉਹ ਗਲੀ ਵਿਚ ਲਿਟੇ। ਆਪਸ ਵਿਚ ਗਾਲ੍ਹਾਂ ਕੱਢੀਆਂ। ਵੱਡਾ ਭੂਤ ਰੋ ਵੀ ਪਿਆ ਕਿ ਉਸ ਦੇ ਵਿਆਹ ਬਾਰੇ ਕਦੇ ਸੋਚਿਆ ਹੀ ਨਹੀਂ ਗਿਆ। ਸਭ ਤੋਂ ਛੋਟੇ ਭੂਤ ਨ ਆਪਣੀ ਸਹੇਲੀ ਦਾ ਖਤ ਪੜ੍ਹ ਕੇ ਸੁਣਾਇਆ ਤੇ ਇਉਂ ਐਸ਼ ਕੀਤੀ ਗਈ।
ਜਦੋਂ ਕਿਸੇ ਭੂਤ ਨੇ ਕਿਸੇ ਇੰਟਰਵਿਊ ਉਤੇ ਜਾਣਾ ਹੁੰਦਾ ਹੈ ਤਾਂ ਕਿਸੇ ਭੂਤ ਦੀ ਜੁੱਤੀ, ਕਿਸੇ ਦਾ ਕੋਟ, ਕਿਸੇ ਦੀ ਪੱਗ ਉਸਨੂੰ ਲੈ ਦਿੱਤੀ ਜਾਂਦੀ ਹੈ। ਉਸ ਦੇ ਮੁਕਾਬਲੇ ਉਤੇ ਕੋਈ ਹੋਰ ਭੂਤ ਅਰਜ਼ੀ ਨਹੀਂ ਦਿੰਦਾ। ਜੇ ਚੁਣ ਲਿਆ ਜਾਵੇ ਤਾਂ ਚੋਣ ਕਮੇਟੀ ਦੀ ਅਕਲ ਦੀ ਦਾਦ ਦਿੱਤੀ ਜਾਂਦੀ ਹੈ, ਨਹੀਂ ਤਾਂ ਸਮਝ ਲਿਆ ਜਾਂਦਾ ਹੈ ਕਿ ਚੋਣ ਕਮੇਟੀ ਬੇਵਕੂਫਾਂ ਦੀ ਸੀ। ਬਹੁਤੀਆਂ ਚੋਣ ਕਮੇਟੀਆਂ ਬੇਵਕੂਫਾਂ ਦੀਆਂ ਹੀ ਸਾਬਤ ਹੁੰਦੀਆਂ ਹਨ। ਫਿਰ ਸੁਕਰਾਤ ਤੋਂ ਲੈ ਕੇ ਸੁਕੀਰਤ ਸਿੰਘ ‘ਫ਼ਰਿਆਦੀ’ ਤੱਕ ਦੇ ਹਵਾਲੇ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਮੇਂ ਨੇ ਨਹੀਂ ਸਮਝਿਆ ਤੇ ਪੀਣ ਲਈ ਜ਼ਹਿਰ ਦਾ ਪਿਆਲਾ ਦੇ ਦਿੱਤਾ। ਮੈਂ ਥੀਸਿਸ ਚਾਰ ਦਿਨਾਂ ਤੱਕ ਦੇਣਾ ਸੀ। ਪਤਾ ਲੱਗਿਆ ਟਾਈਪ ਮੁੜ ਕਰਵਾਉਣਾ ਪਵੇਗਾ, ਕੁਝ ਚੀਜ਼ਾਂ ਗਲਤ ਹੋ ਗਈਆਂ ਸਨ। ਮੈਂ ਬਹੁਤ ਪ੍ਰੇਸ਼ਾਨ ਹੋ ਗਈ। ਏਨਾ ਕੰਮ ਚਾਰ ਦਿਨਾਂ ਵਿਚ ਸੰਭਵ ਨਹੀਂ ਸੀ।
ਭੂਤਾਂ ਨੂੰ ਪਤਾ ਲੱਗਿਆ। ਪਹੁੰਚ ਗਏ। ਦੋ ਟਾਈਪਿਸਟ ਲੈ ਆਏ। ਇਕ ਇਕ ਕਾਪੀ ਸਾਂਭ ਲਈ। ਰਾਤ ਪੈ ਗਈ, ਦਿਨ ਚੜ੍ਹ ਗਿਆ। ਫਿਰ ਰਾਤ ਪੈ ਗਈ, ਫਿਰ ਦਿਨ ਚੜ੍ਹ ਗਿਆ। ਫਿਰ ਰਾਤ ਪੈ ਗਈ, ਭੂਤ ਕੰਮ ਲੱਗੇ ਹੋਏ ਸਨ। ਟਾਈਪਿਸਟ ਵਾਰੋ ਵਾਰੀ ਕੰਮ ਕਰ ਰਹੇ ਸਨ। ਚੌਥੇ ਦਿਨ ਜਿਲਦਾਂ ਬੰਨ੍ਹਾ ਕੇ ਇਕ ਭੂਤ ਬੱਸ ਵਿਚ ਜਿਲਦਾਂ ਸੁਕਾਉਂਦਾ ਥੀਸਿਸ ਚੰਡੀਗੜ੍ਹ ਨੂੰ ਲਈ ਜਾ ਰਿਹਾ ਸੀ।
ਵਾਈਵੇ ਵਿਚ ਮੈਂ ਜਵਾਬ ਹਲੀਮੀ ਵਾਲੇ ਨਹੀਂ ਸੀ ਦਿੱਤੇ। ਤੇ ਮੈਂ ਅੰਦਾਜ਼ਾ ਨਹੀਂ ਸੀ ਲਾ ਸਕਦੀ ਕਿ ਮੈਨੂੰ ਡਿਗਰੀ ਮਿਲ ਜਾਵੇਗੀ ਕਿ ਨਹੀਂ? ਜਿਸ ਦਿਨ ਸਿੰਡੀਕੇਟ ਦੀ ਮੀਟਿੰਗ ਵਿਚ ਰੀਜ਼ਲਟ ਦਾ ਪਤਾ ਲੱਗਣਾ ਸੀ ਕੋਈ ਭੂਤ ਚੰਡੀਗੜ੍ਹ ਜਾਣ ਲਈ ਤਿਆਰ ਨਹੀਂ ਸੀ ਕਿ ਜੇ ਖ਼ਬਰ ਮਾੜੀ ਹੋਈ ਤਾਂ…ਤੇ ਬਹੁਤੀ ਸੰਭਾਵਨਾ ਮਾੜੀ ਖ਼ਬਰ ਦੀ ਹੀ ਸੀ। ਆਖ਼ਰ ਹਰਿੰਦਰ ਸਿੰਘ ਮਹਿਬੂਬ ਹੌਂਸਲਾ ਕਰਕੇ ਚਲਿਆ ਗਿਆ। ਪਿੱਛੋਂ ਦੂਜੇ ਸੰਸਾ ਵੀ ਕਰਦੇ ਸੀ, ਗੁੱਸੇ ‘ਚ ਆ ਕੇ ਕਿਧਰੇ ਕਿਸੇ ਨੂੰ ਕੁੱਟ ਹੀ ਨਾ ਆਵੇ, ਓਹਦਾ ਕਾਹਲੇ ਦਾ ਕੀ ਐ?
ਪਰ ਰਾਤ ਨੂੰ ਉਹ ਜ਼ੋਰ ਜ਼ੋਰ ਦੀ ਤਖਤੇ ਭੰਨ ਰਿਹਾ ਸੀ। ਮੈਂ ਬਾਰ ਖੋਲ੍ਹਿਆ। ਉਹ ਮਠਿਆਈ ਦਾ ਡੱਬਾ ਲਈਂ ਖੜ੍ਹਾ ਸੀ। ਬੋਲਿਆ, ”ਮੈਂ ਟੇਸ਼ਣ ਤੋਂ ਨੱਠਿਆ ਆਇਆਂ।’ ਤੁਸੀਂ ਭੋਰਾ ਮਠਿਆਈ ਦਾ ਲੈ ਲੋ, ਬਾਕੀ ਮੈਂ ਭੂਤਵਾੜੇ ਜਾ ਕੇ ਦੱਸਣੈ, ਨਾਲੇ ਮਠਿਆਈ ਦੇਣੀ ਐ।” ਮੈਂ ਬਰਫ਼ੀ ਦਾ ਇਕ ਟੁਕੜਾ ਚੁੱਕ ਲਿਆ ਤੇ ਉਹ ਉਨ੍ਹੀਂ ਪੈਰੀਂ ਪਰਤ ਗਿਆ। ਅਗਲੇ ਦਿਨ ਭੂਤਵਾੜੇ ਵਾਲਿਆਂ ਵਿਚੋਂ ਕੋਈ ਕਾਲਜ ਨਹੀਂ ਸੀ ਆਇਆ। ਪਤਾ ਲੱਗਿਆ ਉਹ ਰਾਤ ਦਾਰੂ ਪੀ ਕੇ ਜਸ਼ਨ ਮਨਾਉਂਦੇ ਰਹੇ ਸਨ ਤੇ ਹੁਣ ਸਭ ਸੁੱਤੇ ਪਏ ਸਨ।
ਇਕ ਦਿਨ ਗਰਮੀਆਂ ਦੀ ਦੁਪਹਿਰ ਨੂੰ ਬਾਰ ਖੜਕਿਆ। ਮੈਂ ਖੋਲ੍ਹਿਆ। ਬਾਹਰ ਇਕ ਭੂਤ ਖੜ੍ਹਾ ਸੀ।
”ਆ ਬੈਠ”, ਮੈਂ ਉਸਨੂੰ ਪਸੀਨੋ ਪਸੀਨਾ ਹੋਇਆ ਦੇਖ ਕੇ ਕਿਹਾ।
”ਬਸ ਮੈਂ ਹੁਣੇ ਮੁੜਨਾ ਏ। ਮੈਂ ਲਾਲ ਪੈਂਨਸਲ ਖਰੀਦੀ ਸੀ, ਦੇਖੋ ਕਿੰਨੀ ਸੁਹਣੀ ਏ, ਮੈਂ ਕਿਹਾ ਵਿਖਾ ਆਵਾਂ। ਬਾਕੀ ਭੂਤ ਸੁੱਤੇ ਪਏ ਨੇ। ਸਾਰੀ ਰਾਤ ਪੜ੍ਹਦੇ ਰਹੇ ਸੀ ਨਾ।” ਉਸ ਨੇ ਪੈਨਸਲ ਮੇਰੇ ਅੱਗੇ ਕਰਕੇ ਕਿਹਾ।
ਮੈਂ ਪੈਨਸਲ ਹੱਥ ਵਿਚ ਫੜ ਲਈ। ਧਿਆਨ ਨਾਲ ਦੇਖੀ।
ਲਾਲ ਪੈਨਸਲ ਸੀ।
”ਇਕ ਪਾਣੀ ਦਾ ਗਿਲਾਸ ਪਿਆ ਦਿਓ।”
ਮੈਂ ਪਾਣੀ ਲਿਆ ਦਿੱਤਾ।
”ਅੱਛਾ, ਮੈਂ ਚਲਦਾਂ” ਆਖ ਉਹ ਭੂਤ ਬਲਦੀ ਦੁਪਹਿਰ ਵਿਚ ਤਿੰਨ ਮੀਲ ਦੂਰ ਭੂਤਵਾੜੇ ਨੂੰ ਮੁੜ ਗਿਆ ਜਿਥੋਂ ਉਹ ਪੈਨਸਲ ਵਿਖਾਉਣ ਆਇਆ ਸੀ।
ਅੰਗਰੇਜ਼ੀ ਐਮ. ਏ. ਦਾ ਇਕ ਵਿਦਿਆਰਥੀ ਭੁੱਲਭੁਲੇਖੇ ਇਕ ਵਾਰੀ ਭੂਤਵਾੜੇ ਵਾਲਿਆਂ ਨਾਲ ਜਾ ਰਲਿਆ। ਪਹਿਲੇ ਦਿਨ ਵਾਪਸ ਹੋਸਟਲ ਆ ਕੇ ਉਸ ਨੇ ਦੇਵੀ ਦੀ ਫੋਟੋ ਮੂਹਰੇ ਬੈਠ ਕੇ ਮੁਆਫੀ ਮੰਗੀ ਕਿ ਕਿਹੋ ਜਿਹੇ ਲਫੰਗਿਆਂ ਨਾਲ ਵਾਹ ਪੈ ਗਿਆ, ਜਿਹੜੇ ਰੱਬ ਨੂੰ ਟਿੱਚ ਜਾਣਦੇ ਨੇ। ਜਿਹੜੇ ਸਾਰੀ ਸਾਰੀ ਰਾਤ ਸੜਕਾਂ ਉਤੇ ਹੀ ਬਹਿਸਾਂ ਕਰਦੇ ਕੱਟ ਦਿੰਦੇ ਹਨ। ਜਿਹੜੇ ਦੋ-ਦੋ ਦਿਨ ਰੋਟੀ ਤੋਂ ਬਿਨਾ ਹੀ ਸਾਰ ਲੈਂਦੇ ਹਨ।
ਭੂਤਾਂ ਨੇ ਉਸਨੂੰ ਹਰਮਨ ਹੈਸ ਦੇ ਨਾਵਲ ‘ਸਿਧਾਰਥ’ ਦਾ ਪਾਤਰ ਗੋਬਿੰਦ ਬਣਾ ਦਿੱਤਾ। ਪਹਿਲੇ ਸਾਲ ਉਹ ਫੇਲ੍ਹ ਹੋ ਗਿਆ, ਪਰ ਉਹ ਖੁਸ਼ ਸੀ ਕਿ ਘੱਟੋ-ਘੱਟ ਭੂਤਾਂ ਵਿਚ ਰਹਿ ਕੇ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਹੈ ਕਿ ਉਹ ਕਿੱਡਾ ਨਾਲਾਇਕ ਹੈ। ਪਰ ਹੁਣ ਉਹ ਤਕੜੇ ਤਕੜੇ ਭੂਤਾਂ ਨੂੰ ਠਿੱਬੀਆਂ ਲਾਉਂਦਾ ਹੈ।
”ਤੁਸੀਂ ਕਦੋਂ ਮਰਨਾ ਏ?” ਇਕ ਦਿਨ ਇਕ ਭੂਤ ਨੇ ਮੈਨੂੰ ਪੁੱਛਿਆ।
”ਕੀ ਗੱਲ?”
”ਮੈਂ ਨਹੀਂ ਚਾਹੁੰਦਾ ਤੁਸੀਂ ਕਦੇ ਮੇਰਾ ਇਮੇਜ਼ ਸ਼ੈਟਰ ਕਰੋ। ਸੋ ਮੈਂ ਚਾਹੁੰਦਾ ਹਾਂ ਕਿ ਜੋ ਤੁਸੀਂ ਹੁਣ ਹੋ, ਉਹੀ ਮਰ ਜਾਓ।”
ਇਕ ਭੂਤ ਨੂੰ ਮਸਾਂ ਨੌਕਰੀ ਮਿਲੀ ਸੀ ਪਰ ਉਹ ਪ੍ਰਿੰਸੀਪਲ ਨਾਲ ਲੜ ਪਿਆ। ਇਨ੍ਹਾਂ ਨਾਲ ਕੱਟਣਾ ਕਿਹੜਾ ਸੌਖਾ ਹੈ। ਉਸ ਭੂਤ ਨੇ ਅਸਤੀਫੇ ਵਿਚ ਜੋ ਕੁਝ ਲਿਖਿਆ ਉਸ ਤੋਂ ਪ੍ਰਭਾਵਿਤ ਹੋ ਕੇ ਪ੍ਰਿੰਸੀਪਲ ਉਸ ਨੂੰ ਮੁੜ ਨੌਕਰੀ ‘ਤੇ ਰੱਖਣ ਲਈ ਤਿਆਰ ਹੋ ਗਿਆ। ਪਰ ਭੂਤ ਸਮਝੌਤਾਵਾਦੀ ਨਹੀਂ।
ਕਦੇ-ਕਦੇ ਸਿਆਣੇ ਲੋਕ ਡਿਗਰੀਆਂ ਲੈਣ, ਨੌਕਰੀਆਂ ‘ਤੇ ਲੱਗਣ ਵਜੀਫੇ ਪ੍ਰਾਪਤ ਕਰਨ, ਲੇਖਕ ਬਣਨ ਤੇ ਪੈਸਾ ਕਮਾਉਣ ਦੇ ਗੁਰ ਉਨ੍ਹਾਂ ਨੂੰ ਦੱਸਦੇ ਹਨ ਤਾਂ ਉਹ ਚੁੱਪ-ਚਾਪ ਸੁਣਦੇ ਰਹਿੰਦੇ ਹਨ। ਫਿਰ ਉਨ੍ਹਾਂ ਵਿਚੋਂ ਕੋਈ ਹੌਲੀ ਦੇ ਕੇ ਪੁੱਛ ਲੈਂਦਾ- “ਅਛਾ, ਭਲਾ ਜੇ ਨੌਕਰੀ ਮਿਲ ਗਈ, ਕਿਤਾਬ ਛਪ ਗਈ, ਪੈਸਾ ਪੱਲੇ ਹੋ ਗਿਆ, ਫੇਰ…?”
ਇਸ ਫੇਰ ਨੂੰ ਅਗਲਾ ਕੀ ਸਮਝੇ? ਬਹੁਤੇ ਲੋਕਾਂ ਦੀ ਕਹਾਣੀ ਇਸ ‘ਫੇਰ’ ‘ਤੇ ਆ ਕੇ ਮੁੱਕ ਜਾਂਦੀ ਹੈ। ਪਰ ਭੂਤ ਸ਼ੁਰੂ ਹੀ ਇਥੋਂ ਕਰਦੇ ਹਨ।
ਮੱਤ ਦੇਣ ਵਾਲਿਆਂ ਵਿਚੋਂ ਕੋਈ ਇਨ੍ਹਾਂ ਨੂੰ ਬੇਵਕਫੂ ਸਮਝਦਾ, ਕੋਈ ਆਪਣੇ ਆਪ ਨੂੰ ਬੇਵਕੂਫ ਕਹਿੰਦਾ ਤੇ ਫੇਰ ਛੇਤੀ-ਛੇਤੀ ਇਨ੍ਹਾਂ ਦੇ ਕੋਲ ਆ ਕੇ ਬੈਠਣ ਦੀ ਹਿੰਮਤ ਨਹੀਂ ਕਰਦਾ।
ਇਕ ਭੂਤ ਦੀ ਸਬਜ਼ੀ ਲਿਆਉਣ ‘ਤੇ ਡਿਊਟੀ ਸੀ। ਕਿਹਾ ਗਿਆ ਸੀ ਜੋ ਸਬਜ਼ੀ ਸਭ ਤੋਂ ਸਸਤੀ ਹੈ, ਉਹ ਲਿਆਉਣੀ ਹੈ। ਉਸ ਮੌਸਮ ਵਿਚ ਆਲੂ ਸਭ ਤੋਂ ਸਸਤੇ ਸਨ। ਭੂਤ ਹਰ ਰੋਜ਼ ਆਲੂ ਲਿਆਉਂਦਾ ਰਿਹਾ। ਤਿੰਨਾਂ ਮਹੀਨਿਆਂ ਮਗਰੋਂ ਜਦੋਂ ਸਬਜ਼ੀ ਵਾਲੇ ਦਾ ਹਿਸਾਬ ਕੀਤਾ ਗਿਆ ਤਾਂ ਪਤਾ ਲੱਗਿਆ ਕਿੰਨੇ ਚਿਰ ਤੋਂ ਆਲੂ ਸਭ ਤੋਂ ਮਹਿੰਗੀ ਸਬਜ਼ੀ ਬਣ ਚੁੱਕੇ ਸਨ।
”ਤੂੰ ਭਾਅ ਸਾਥੋਂ ਪੁਛ ਕੇ ਕਿਉਂ ਨਹੀਂ ਵਧਾਇਆ?”
ਭੂਤ ਦੁਕਾਨਦਾਰ ਨੂੰ ਕੋਸ ਰਿਹਾ ਸੀ। ਉਸ ਨੂੰ ਸ਼ਾਇਦ ਯਾਦ ਨਹੀਂ ਸੀ ਰਿਹਾ ਕਿ ਇਸ ਦੇਸ਼ ਵਿਚ ਭਾਅ ਵਧਾਉਣ, ਘਟਾਉਣ ਦਾ ਕੰਮ ਉਹ ਲੋਕ ਕਰਦੇ ਨੇ, ਜਿਹੜੇ ਕੋਈ ਵੀ ਕੰਮ ਨਹੀਂ ਕਰਦੇ।
ਇਕ ਦਿਨ ਸਾਰੇ ਭੂਤ ਕਿਸੇ ਭੂਤ ਦੇ ਪਿੰਡ ਮੱਕੀ ਦੀਆਂ ਰੋਟੀਆਂ ਤੇ ਸਾਗ ਖਾਣ ਗਏ। ਉਥੇ ਪਹੁੰਚ ਕੇ ਪਤਾ ਲੱਗਿਆ ਕਿ ਭੂਤ ਦੀ ਬੇਬੇ ਵਿਚਾਰੀ ਇਕੱਲੀ ਹੀ ਮਿੱਟੀ ਮਿੱਧ ਕੇ ਕੋਠਾ ਲਿੱਪ ਰਹੀ ਸੀ। ਭੂਤਾਂ ਨੇ ਕਮਰ ਕਸੇ ਕਰ ਲਏ। ਕੁਝ ਭੂਤ ਮਿੱਟੀ ਮਿੱਧਣ ਲੱਗ ਪਏ। ਕੁਝ ਕੋਠੇ ਉਤੇ ਚੜ੍ਹਾਉਣ ਤੇ ਕੁਝ ਬੇਚੱਜਿਆਂ ਵਾਂਗ ਲਿੱਪਣ ਲੱਗ ਪਏ। ਬੇਬੇ ਬਥੇਰਾ ਰੋਕੇ, ”ਵੇ ਕੋਈ ਵੇਖੂ ਤਾਂ ਕੀ ਕਹੂ? ਨਾਲੇ ਥੋਡੇ ਲੀੜੇ ਮੈਲੇ ਹੋ ਜਾਣਗੇ।” ਆਥਣ ਤੀਕ ਭੂਤਾਂ ਨੇ ਸਾਰੇ ਕੋਠੇ ਲਿੱਪ ਦਿੱਤੇ। ਬੇਬੇ ਨੇ ਵੀ ਰੱਜਵਾਂ ਘਿਉ-ਸ਼ੱਕਰ ਪਾਇਆ।
ਇਕ ਭੂਤ ਅੱਜ ਬਹੁਤ ਜ਼ਿਆਦਾ ਖੁਸ਼ ਸੀ। ਉਸਨੇ ਬੇਬੇ ਕੋਲ ਸਿਫਾਰਸ਼ ਕਰਕੇ ਸਰਦੀਆਂ ਵਿਚ ਪਹਿਲੀ ਵਾਰ ਇਕੱਲੇ ਨੇ ਪੂਰੀ ਰਜ਼ਾਈ ਲੈ ਲਈ ਸੀ, ਉਹ ਵੀ ਸਾਰੀ ਰਾਤ ਲਈ।
ਅਗਲੇ ਦਿਨ ਮੁੜੇ ਆਉਂਦੇ ਭੂਤ ਸਾਰੇ ਰਾਹ ਡਨ ਦੀ ਮੈਟਾਫਿਜ਼ੀਕਲ ਪੋਇਟਰੀ ਡਿਸਕਸ ਕਰਦੇ ਰਹੇ। ਸ਼ਾਇਦ ਮੈਨੂੰ ਭੂਤਾਂ ਦੀਆਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮਾੜੇ ਦਿਲ ਵਾਲੇ ਲੋਕ ਤਾਂ ਭੂਤਾਂ ਦੇ ਨਾਉਂ ਤੋਂ ਹੀ ਡਰ ਜਾਂਦੇ ਹਨ।
………..
ਪੰਜਾਬੀ ਦੇ ਵਿਦਵਾਨ ਆਖਦੇ ਹਨ ਕਿ ਉਹ ਨਾ ਗਿਆਨੀ ਪਾਸ ਹੈ, ਨਾ ਵਿਦਵਾਨੀ ਤੇ ਨਾ ਬੁੱਧੀਮਾਨੀ। ਐਮ. ਏ. ਪੰਜਾਬੀ ਰੱਬ ਰੱਬ ਕਰੋ ਜੀ! ਫਿਰ ਵੀ ਪੰਜਾਬੀ ਦੇ ਬਹੁਤ ਸਾਰੇ ਡਾਕਟਰ ਤੇ ਪ੍ਰੋਫੈਸਰ ਉਸਦੇ ਵਿਦਿਆਰਥੀ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਹ ਸਾਰੇ ਇਹ ਗੱਲ ਬੜੇ ਮਾਣ ਨਾਲ ਦੱਸਦੇ ਹਨ। ਜਦੋਂ ਕਦੇ ਤੁਸੀਂ ਇਸ ਮਹਾਂ-ਭੂਤ ਦੇ ਘਰ ਜਾਓ, ਤੁਹਾਡੇ ਵਰਗੇ ਪੰਜ-ਸੱਤ ਪਹਿਲਾਂ ਹੀ ਉਥੇ ਬੈਠੇ ਮਿਲਣਗੇ। ਉਸ ਵੇਲੇ ਮਹਾਂ ਭੂਤ ਖਰੜੇ ਦੀ ਸੁਧਾਈ ਵੀ ਕਰ ਰਿਹਾ ਹੋਵੇਗਾ, ਗੱਲ ਕਰਨ ਵਾਲੇ ਦਾ ਹੁੰਗਾਰਾ ਵੀ ਭਰ ਰਿਹਾ ਹੋਵੇਗਾ ਤੇ ਨਵੇਂ ਆਉਣ ਵਾਲੇ ਦੀ ਅਣਕਹੀ ਸਮੱਸਿਆ ਬਾਰੇ ਸੋਚ ਵੀ ਰਿਹਾ ਹੋਵੇਗਾ ਤੇ ਨਾਲ ਹੀ ਪੁੱਛੇਗਾ, ”ਚਾਹ ਪੀਓਗੇ?”
ਸ਼ਰਮੋ-ਸ਼ਰਮੀ ਇਕ ਵਾਰੀ ਤੁਸੀਂ ਨਾਂਹ ਕਰ ਦਿਓਗੇ ਤਾਂ ਦੂਸਰੀ ਵਾਰ ਉਸ ਨੇ ਪੁੱਛਣਾ ਹੀ ਨਹੀਂ। ਹਾਂ, ਉਸ ਦੀ ਪਤਨੀ ਜੇ ਤੁਹਾਨੂੰ ਦੇਖ ਲਵੇ ਤਾਂ ਚਾਹ ਦੇ ਨਾਲ ਪਕੌੜੇ ਵੀ ਆ ਜਾਣਗੇ।
”ਲਓ ਬਈ, ਕਮਾਲ ਹੋ ਗਈ”, ਮਹਾਂ-ਭੂਤ ਚਾਹ ਦੇਣ ਆਈ ਪਤਨੀ ਨੂੰ ਕਹੇਗਾ, ਇਉਂ ਜਿਵੇਂ ਕਹਿ ਰਿਹਾ ਹੋਵੇ, ”ਭਲੀਏ ਮਾਣਸੇ, ਇਕ ਕੱਪ ਚਾਹ ਨਾਲ ਇਨ੍ਹਾਂ ਨੇ ਕੀ ਮੋਟੇ ਹੋ ਜਾਣੈਂ? ਤੂੰ ਮੇਰੀ ਕਬੀਲਦਾਰੀ ਵਲ ਤਾਂ ਦੇਖਿਆ ਕਰ, ਆਪਣੇ ਪਿਓ ਦਾ ਘਰ ਈ ਨਾ ਸਮਝਿਆ ਕਰ।” ਹਾਂ, ਜੇ ਰੋਟੀ ਵੇਲਾ ਹੋ ਜਾਏ ਤਾਂ ਉਹ ਤੁਹਾਡੇ ਲੱਖ ਨਾਂਹ ਕਰਨ ਉਤੇ ਵੀ ਰੋਟੀ ਮੱਲੋ-ਮੱਲੀ ਖੁਆ ਦੇਵੇਗਾ। ਸ਼ਾਇਦ ਉਹ ਸੋਚਦਾ ਹੈ ਕਿ ਜੀਊਂਦੇ ਬੰਦੇ ਨੂੰ ਏਨੀ ਕੁ ਅੱਯਾਸ਼ੀ ਤਾਂ ਕਰ ਹੀ ਲੈਣੀ ਚਾਹੀਦੀ ਹੈ। ਪਰ ਜੇ ਸਵਾਲ ਕਿਸੇ ਭੂਤ ਦੀ ਫ਼ੀਸ ਭਰਨ ਦਾ ਆ ਜਾਵੇ ਤਾਂ ਮਹਾਂ-ਭੂਤ ਸਾਰੇ ਹੱਥ ਪੱਲਾ ਮਾਰ ਕੇ ਇੱਥੋਂ ਤੱਕ ਕਿ ਆਪਣੀ ਨਿੱਕੀ ਧੀ ਦੇ ਗੱਲੇ ਵਿਚੋਂ, ਸਵਾਏ-ਡੂਢੇ ਉਤੇ ਉਧਾਰ ਚੁੱਕ ਕੇ ਵੀ ਬੁੱਤਾ ਸਾਰ ਦੇਵੇਗਾ।
ਕਈ ਹਮਾਤੜ-ਧਮਾਤੜ ਉਂਜ ਹੀ ਉੱਠ ਕੇ ਮਿਲਣ ਤੁਰ ਪੈਂਦੇ ਹਨ, ਚੁੰਝ ਚਰਚਾ ਲਈ। ਜਿਸ ਦਿਨ ਕੋਈ ਹੋਰ ਨਾ ਟੱਕਰੇ, ਆ ਪਹੁੰਚਦੇ ਹਨ ਪਰ ਅੱਗੋਂ ਜੋ ਵਾਦ-ਵਿਵਾਦ ਹੁੰਦਾ ਏ, ਉਹ ਅਗਲੇ ਨੂੰ ਮਹੀਨੇ ਭਰ ਪਿੱਛੋਂ ਸਮਝ ਆਉਣਾ ਸ਼ੁਰੂ ਹੁੰਦਾ ਹੈ। ਮਸਲਨ ਮਹਾਂ-ਭੂਤ ਦੇ ਘਰ ਵਿਚ ਇਕ ਦਿਨ ਦੇਸੀਂਪਰਦੇਸੀਂ ਘੁੰਮਿਆਂ ਕਹਿੰਦਾ-ਕਹਾਉਂਦਾ ਇਕ ਲੇਖਕ ਆਇਆ।
ਪਾਣੀ ਮੰਗਿਆ। ਪਾਣੀ ਆਉਣ ਨੂੰ ਪੰਜ-ਚਾਰ ਮਿੰਟ ਲੱਗ ਗਏ। ਲੇਖਕ ਨੇ ਸੋਚਿਆ, ਖ਼ਬਰੇ ਕਿਸ ਕਿਸਮ ਦਾ ਪਾਣੀ ਅੰਦਰ ਤਿਆਰ ਕੀਤਾ ਜਾ ਰਿਹਾ ਏ। ਪਰ ਜਦੋਂ ਮਹਾਂਭੂਤ ਦੀ ਬੱਚੀ ਪਾਣੀ ਲੈ ਕੇ ਆਈ ਤਾਂ ਉਸ ਨੇ ਦੱਸਿਆ ਕਿ ਪਾਣੀ ਉਹ ਨਲਕੇ ਵਿਚੋਂ ਠੰਢਾ ਕੱਢ ਰਹੀ ਸੀ।
ਲੇਖਕ ਨੇ ਪਾਣੀ ਫੜ ਲਿਆ। ਬੱਚੀ ਨੂੰ ਸਮਝਾਣ ਲੱਗਿਆ, ”ਦੇਖ ਬੀਬਾ! ਜਦੋਂ ਕਿਸੇ ਮਹਿਮਾਨ ਨੂੰ ਪਾਣੀ ਦੇਣਾ ਹੋਵੇ ਤਾਂ ਪਹਿਲਾਂ ਕੱਚ ਦਾ ਗਿਲਾਸ ਸੁਆਰ ਕੇ ਧੋਵੋ, ਉਸ ਵਿਚ ਪਾਣੀ ਪਾਉਣ ਵੇਲੇ ਕੰਢਿਆਂ ਤੱਕ ਨਾ ਭਰੋ। ਸਗੋਂ ਉਂਗਲ ਕੁ ਊਣਾ ਰੱਖੋ। ਫਿਰ ਉਸ ਗਲਾਸ ਨੂੰ ਪਲੇਟ ਵਿਚ ਰੱਖੋ। ਦੂਸਰੀ ਪਲੇਟ ਜਾਂ ਜਾਲੀਦਾਰ ਰੁਮਾਲ ਨਾਲ ਉਤੋਂ ਢੱਕੋ। ਇਉਂ ਲਿਆ ਕੇ ਪਾਣੀ ਦੇਵੋ।”
ਮਹਾਂ-ਭੂਤ ਨੇ ਇਹ ਸਭ ਕੁਝ ਬੜੇ ਧਿਆਨ ਨਾਲ ਸੁਣਿਆ ਤੇ ਫਿਰ ਅਣਜਾਣਾਂ ਵਾਂਗ ਪੁੱਛਿਆ, ”ਅੱਛਾ ਜੀ ਪਹਿਲੇ ਗਿਲਾਸ ਧੋਈਏ?”
ਕਹਿੰਦੇ ਕਹਾਉਂਦੇ ਲੇਖਕ ਨੇ ਦਾਨਿਆਂ ਵਾਂਗ ਹਾਂ ਵਿਚ ਸਿਰ ਹਿਲਾਇਆ।
”ਫਿਰ ਉਸ ਵਿਚ ਪਾਣੀ ਪਾਈਏ ਤੇ ਉਂਗਲ ਕੁ ਊਣਾ ਰੱਖੀਏ?”
ਲੇਖਕ ਨੇ ਹਾਂ ਵਿਚ ਸਿਰ ਹਿਲਾਇਆ।
”ਇਕ ਪਲੇਟ ਜਾਂ ਰੁਮਾਲ ਨਾਲ ਢਕੀਏ?”
”ਜੀ ਹਾਂ”, ਕਹਿੰਦੇ ਕਹਾਉਂਦੇ ਲੇਖਕ ਨੇ ਕਿਹਾ।
”ਪਰ ਇਹ ਤਾਂ ਦੱਸੋ ਜੀ! ਉਹ ਗਿਲਾਸ ਫਿਰ ਪੇਸ਼ ਕਿਸ ਨੂੰ ਕਰੀਏ?”
”ਪੇਸ਼ ਕਿਸ ਨੂੰ ਕਰੀਏ?” ਇਸ ਗੱਲ ਦਾ ਜਵਾਬ ਕਹਿੰਦੇ ਕਹਾਉਂਦੇ ਲੇਖਕ ਨੂੰ ਘਰ ਜਾ ਕੇ ਵੀ ਨਹੀਂ ਅਹੁੜਿਆ ਹੋਣਾ।
ਇਕ ਵਾਰੀ ਬੜੀ ਮਿੰਨਤ ਨਾਲ ਮੈਂ ਮਹਾਂ-ਭੂਤ ਨੂੰ ਕਿਹਾ, ”ਸਬਮਿਟ ਕਰਨ ਤੋਂ ਪਹਿਲਾਂ ਮੇਰੇ ਥੀਸਿਸ ਉਤੇ ਨਜ਼ਰ ਮਾਰ ਲਓ।”
ਮਨ ਮਿਹਰ ਪਈ, ਮੰਨ ਗਏ। ਕਿਧਰੇ-ਕਿਧਰੇ ਫੁੱਟਨੋਟ ਵੱਡੇ ਦਿੱਤੇ ਹੋਏ ਸਨ, ਆਖਣ ਲੱਗੇ, ”ਬੀਬੀ ਫੁੱਟ ਨੋਟ ਦਾ ਮਤਲਬ ਫੁੱਟ ਫੁੱਟ ਦੇ ਨੋਟ ਨਹੀਂ ਹੁੰਦਾ।”
ਬਿਨਾ ਸ਼ੀਸ਼ੇ ਤੋਂ ਪੱਗ ਬੰਨ੍ਹੀਂ, ਕੁੜਤਾ ਪਜਾਮਾ ਤੇ ਦੇਸੀ ਜੁੱਤੀ ਪਾਈਂ, ਇਕ ਝੋਲਾ ਹੱਥ ਵਿਚ ਫੜੀਂ, ਥਰਡ ਕਲਾਸ ਵਿਚ ਸਫਰ ਕਰਦੇ ਮਹਾਂ-ਭੂਤ ਨਾਲ ਕਈ ਵਾਰ ਬੁੱਢੇ ਠੇਰੇ ਗੱਲੀਂ ਲੱਗ ਜਾਂਦੇ ਹਨ।
”ਮਖਾਂ ਜੀ, ਆਪਾਂ ਕਚਹਿਰੀਆਂ ‘ਚ ਹੁੰਨੇ ਆਂ?” ਜਕੋਤਕਾਂ ਕਰਦਾ ਅਗਲਾ ਇਸ ਸਿੱਧੇ ਜਿਹੇ ਬੰਦੇ ਦੀਆਂ ਭੰਬਲਭੂਸਿਆਂ ਵਿਚ ਪਾਉਂਦੀਆਂ ਖਚਰੀਆਂ ਜਿਹੀਆਂ ਅੱਖਾਂ ਵੱਲ ਤੱਕ ਕੇ ਪੁੱਛਦਾ ਹੈ।
”ਨਹੀਂ ਜੀ ਆਪਾਂ ਤਾਂ ਅਨਪੜ੍ਹ ਬੰਦੇ ਹਾਂ ਜਮਾ”, ਮਹਾਂਭੂਤ ਬਹੁਤ ਗੰਭੀਰ ਹੋ ਕੇ ਜਵਾਬ ਦਿੰਦਾ ਹੈ।
”ਆਹੋ ਜੀ, ਕਈ ਅਨਪੜ੍ਹ ਵੀ ਪੜ੍ਹਿਆ ਅਰਗੇ ਹੁੰਦੇ ਆ।”
”ਆਪਣਾ ਪਿੰਡ ਕਿਹੜਾ ਐ ਭਾਈ ਸਾਹਿਬ?” ਮਹਾਂਭੂਤ ਪੁੱਛਦਾ ਹੈ।
”ਲਸੋਈ ਐ ਜੀ।”
”ਲਸੋਈ, ਸੰਤ ਮਾੜੂਦਾਸ ਵਾਲੀ?”
”ਆਹੋ ਜੀ! ਸੰਤ ਤਾਂ ਗੁਜ਼ਰਗੇ ਬੜੇ ਸਾਲ ਹੋਏ। ਪਿੱਛੋਂ ਇਕ ਬੀਬੀ ਰਹਿੰਦੀ ਸੀ ਬੜੇ ਜੱਪ ਤੱਪ ਵਾਲੀ। ਉਹ ਵੀ ਗੁਜਰਗੀ। ਅਸੀਂ ਜੀ ਅਜੇ ਤਾਈਂ ਮਾੜੂਦਾਸ ਦੀ ਗੁਫਾ ‘ਤੇ ਠੀਕਰੀ ਪਹਿਰਾ ਦਿੰਨੇ ਆਂ। ਮਖਾਂ ਸੰਤ ਆਖੇ ਪਿੱਛੋਂ ਮੈਨੂੰ ਭੁੱਲਗੇ। ਸਭ ਸੰਤਾਂ ਦਾ ਪ੍ਰਤਾਪ ਐ ਜੀ। ਆਪਣੇ ਪਿੰਡ ਡੰਗਰਾਂ ਦੀ ਬਿਮਾਰੀ ਕਦੇ ਨੀ ਪਈ। ਪਿੰਡ ‘ਚ ਕਤਲ ਅੱਜ ਤਾਈਂ ਨ੍ਹੀਂ ਹੋਇਆ। ਗੁਫਾ ਤੇ ਤਾਂ ਜੀ ਸੁੱਖਣਾ ਵਰ ਆਉਂਦੀਆਂ ਨੇ। ਦੂਰੋਂ-ਦੂਰੋਂ ਚੱਲ ਕੇ ਆਉਂਦੇ ਨੇ ਲੋਕ।
”ਬੜੇ ਗ੍ਰੰਥ ਲਿਖੇ ਸੀ ਆਖਦੇ ਨੇ ਸੰਤ ਜੀ ਨੇ?”
”ਕੀ ਲੇਖਾ ਐ ਜੀ ਉਹ ਤਾਂ ਕੋਈ ਪਹੁੰਚਿਆ ਹੋਇਆ ਬੰਦਾ ਸੀ। ਥਉਂ ਖੜਾ ਈ ਜੋ ਕਹੋ ਪੈਦਾ ਕਰ ਦਿੰਦਾ ਸੀ। ਮੇਰਾ ਬਾਈ ਦੱਸਦਾ ਹੁੰਦਾ ਸੀ, ਅਖੇ ਇਕ ਦਿਨ ਮੈਂ ਕਿਹਾ, ‘ਮਹਾਰਾਜ, ਮੇਰਾ ਤਾਂ ਸੀਰਨੀ ਖਾਣ ਨੂੰ ਚਿੱਤ ਕਰਦਾ ਐ। ਲਓ ਜੀ ਸੰਤ ਅੰਦਰ ਗਿਆ ਤੇ ਗਰਮ ਗਰਮ ਲੱਡੂ-ਜਲੇਬੀਆਂ ਦੀ ਤੂੰਬੀ ਭਰ ਲਿਆਇਆ। ਹੈ ਨਾ ਜੀ ਹੱਥ ‘ਤੇ ਸਰ੍ਹੋਂ ਜਮਾਉਣ ਆਲੀ ਗੱਲ?”
”ਬੜੇ ਭਾਗ ਨੇ ਜੀ ਆਪ ਦੇ ਜੋ ਸੰਤ ਹੋਰਾਂ ਦੇ ਪਿੰਡ ਦੇ ਬੰਦੇ ਹੋ। ਜੇ ਮੈਂ ਆਵਾਂ ਤੁਹਾਡੇ ਪਿੰਡ ਤਾਂ ਦਰਸ਼ਨ ਕਰਵਾ ਦਿਓਗੇ ਗੁਫਾ ਦੇ?”
”ਕਿਉਂ ਨੀ ਜੀ।”
ਫੇਰ ਜ਼ਰਾ ਸੋਚ ਕੇ ਮਹਾਂ-ਭੂਤ ਆਖਦਾ ਹੈ, ”ਹੁਣੇ ਨਾ ਚੱਲਾਂ ਤੁਹਾਡੇ ਨਾਲ?”
”ਆਹੋ ਚੱਲੋ।”
ਇਕ ਟਿਕਟ ਆਪਣੀ ਪਤਨੀ ਨੂੰ ਫੜਾ ਕੇ ਮਲਕ ਦੇਣੇ ਮਹਾਂ-ਭੂਤ ਉਸ ਨੂੰ ਆਖਦਾ ਹੈ, ਤੁਸੀਂ ਚੱਲੋ, ਮੈਂ ਭਲਕੇ ਪਹੁੰਚਿਆ ਲਓ,” ਤੇ ਬਿਨਾ ਗੌਲਿਆਂ ਕਿ ਪਤਨੀ ਨੇ ਅੱਗੋਂ ਕੀ ਜਵਾਬ ਦਿੱਤਾ, ਉਹ ਰਾਹ ਵਿਚ ਹੀ ਕਿਧਰੇ ਉਤਰ ਜਾਂਦਾ ਹੈ। ਕਈ ਅਗਲੇ ਦਿਨ ਲੰਘਾ ਕੇ, ਕਈ ਪਿੰਡਾਂ ਦੀ ਰੇਤ ਫੱਕ ਕੇ, ਪਤਨੀ ਦੇ ਨਾਲ ਜ਼ਰੂਰੀ ਕੰਮ ਜਾਣ ਲਈ ਲਈਆਂ ਸਾਰੀਆਂ ਛੁੱਟੀਆਂ ਲੰਘਾ ਕੇ ਭੁੱਖਾ-ਤ੍ਰਿਹਾਇਆ ਮਹਾਂ-ਭੂਤ ਪੁਰਾਣੇ ਖਰੜਿਆਂ ਦਾ ਝੋਲਾ ਭਰੀ ਘਰ ਆ ਪਹੁੰਚਦਾ ਹੈ। ਫਿਰ ਕਿੰਨੇ ਹੀ ਦਿਨ ਦੁਪਹਿਰਾਂ ਵੇਲੇ ਕੰਮਾਂ-ਧੰਦਿਆਂ ਤੋਂ ਵਿਹਲਾ ਹੋ ਕੇ ਸਾਰਾ ਟੱਬਰ ਜਦੋਂ ਪੱਖੇ ਹੇਠ ਸੁੱਤਾ ਪਿਆ ਹੁੰਦਾ ਹੈ ਤਾਂ ਉਪਰ ਚੁਬਾਰੇ ਵਿਚ ਪਸੀਨੋ-ਪਸੀਨੇ ਹੋਇਆ ਮਹਾਂ-ਭੂਤ ਉਨ੍ਹਾਂ ਖਰੜਿਆਂ ਦੀ ਛਾਣ-ਬੀਣ ਕਰ ਰਿਹਾ ਹੁੰਦਾ ਹੈ। ਇਸ ਮੁਹਿੰਮ ਉਤੇ ਇਕ ਵਾਰੀ ਮਹਾਂ-ਭੂਤ ਕਈ ਮੀਲ ਪੈਦਲ ਤੁਰ ਕੇ ਇਕ ਨਿੱਕੇ ਜਿਹੇ ਪਿੰਡ ਦੇ ਗੁਰਦੁਆਰੇ ਵਿਚ ਪਹੁੰਚਿਆ।
”ਪੱਕਾ ਭਾਈ ਜੀ ਕੋਈ ਨੀ ਰਖਿਆ ਹੋਇਆ। ਕਦੇ ਮਹੀਨੇ ਲਈ ਕੋਈ ਸਾਧੂ-ਸੰਤ ਆ ਕੇ ਠਹਿਰਦਾ ਏ। ਵੇਲੇਕੁਵੇਲੇ ਦੀਵਾ ਬੱਤੀ ਮੈਂ ਕਰ ਦਿੰਦਾ ਹਾਂ”, ਉਸ ਰਾਤ ਉਥੇ ਹੀ ਰਹਿ ਪੈਣ ਦੀ ਸਲਾਹ ਕਰਕੇ ਉਸ ਟੈਂਪਰੇਰੀ ਭਾਈ ਜੀ ਨੇ ਮਹਾਂ-ਭੂਤ ਦੇ ਕੋਲ ਹੀ ਆਪਣੀ ਟੁੱਟੀ ਜਿਹੀ ਮੰਜੀ ਡਾਹੁੰਦਿਆਂ ਆਖਿਆ।
”ਤੁਸੀਂ ਤਾਂ ਭਾਗਾਂ ਵਾਲੇ ਓ, ਦੋਨੋਂ ਪਾਸੇ ਨਿਭਾ ਰਹੇ ਓ। ਨਾਲੇ ਗ੍ਰਹਿਸਥੀ ਤੋਰਦੇ ਓ ਤੇ ਨਾਲੇ ਨਾਮ ਜਪਦੇ ਓ।” ”ਨਾਮ ਆਪਾਂ ਨੇ ਕੀ ਜਪਣਾ ਐ ਜੀ, ਬਸ ਮਾੜੇ-ਮੋਟੇ ਅੱਖਰ ਉਠਾਲਣ ਦਾ ਸ਼ੌਕ ਐ।”
ਕਿਤਾਬਾਂ-ਕਤੂਬਾਂ ਕਿੱਥੋਂ ਲੈਂਦੇ ਹੋ?”
”ਸੰਸਕ੍ਰਿਤ-ਫ਼ਾਰਸੀ ਦੀਆਂ ਅੰਦਰ ਬੜੀਆਂ ਪਈਆਂ ਨੇ ਸਟੋਰ ਵਿਚ।”
”ਆਪ ਸੰਸਕ੍ਰਿਤ-ਫ਼ਾਰਸੀ ਜਾਣਦੇ ਹੋ?” ਮਹਾਂ-ਭੂਤ ਨੇ ਮੰਜੇ ਉਤੇ ਉੱਠ ਕੇ ਬੈਠਦਿਆਂ ਪੁੱਛਿਆ।
”ਮਾੜੀ ਮੋਟੀ ਜਿਹੀ” ਉਸ ਟੈਂਪਰੇਰੀ ਭਾਈ ਜੀ ਨੇ ਆਪਣੀ ਪੱਗ ਲਾਹ ਕੇ, ਰੁੱਖੇ ਉਲਝੇ ਵਾਲ ਵਾਹੁੰਦਿਆਂ ਦੱਸਿਆ। ਪਰ ਮਹਾਂ-ਭੂਤ ਸਮਝ ਗਿਆ ਅਜਿਹੇ ਬੰਦੇ ਦੀ ਮਾੜੀ-ਮੋਟੀ ਦਾ ਕੀ ਮਤਲਬ ਹੈ?
ਸਾਰੀ ਰਾਤ ਗੋਸ਼ਟ ਚਲਦੀ ਰਹੀ।
ਸਵੇਰੇ ਖਰੜਿਆਂ ਦੀ ਬੋਰੀ ਭਰ ਕੇ ਲਿਆ ਰਹੇ ਮਹਾਂਭੂਤ ਨੇ ਉਸ ਟੈਂਪਰੇਰੀ ਭਾਈ ਜੀ ਦੇ ਪੈਰ ਛੋਹੇ ਤੇ ਕਿਹਾ, ”ਮਾੜੇ-ਮੋਟੇ ਅੱਖਰ ਉਠਾਲਣ ਦਾ ਆਪਾਂ ਨੂੰ ਵੀ ਸ਼ੌਕ ਐ।”
ਇਸ ਮਹਾਂ-ਭੂਤ ਦਾ ਕੱਦ ਕਈਆਂ ਅਨੁਸਾਰ ਲੋੜੋਂ ਕਿਤੇ ਉੱਚਾ ਹੈ। ਨਾਲੇ ਏਡੇ ਕੱਦ ਦਾ ਅੱਜ ਕੱਲ੍ਹ ਫੈਸ਼ਨ ਹੀ ਨਹੀਂ ਰਿਹਾ। ਇਸ ਵਲ ਉਤਾਂਹ ਨੂੰ ਮੂੰਹ ਕਰਕੇ ਝਾਕਦਿਆਂ ਦੀ ਕਈਆਂ ਦੀ ਤਾਂ ਪੱਗ ਹੀ ਲੱਥ ਜਾਂਦੀ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਲੋਕ ਵੇਲੇ-ਕੁਵੇਲੇ, ਇਕ ਦੂਜੇ ਤੋਂ ਚੋਰੀ, ਕੰਮ ਵੇਲੇ ਇਸ ਦੀਆਂ ਸਲਾਹਾਂ ਪੁੱਛਣ ਆ ਜਾਂਦੇ ਹਨ। ਦੋ ਘੜੀਆਂ ਮਿੱਠੀਆਂ ਮਾਰ ਕੇ ਆਪਣੇ ਜਾਣੇ ਉਹ ਸਾਰੇ ਗੁਰ ਤੇ ਗੁਹਜ-ਗਿਆਨ ਲੈ ਚਲੇ ਹੁੰਦੇ ਹਨ, ਪਰ ਸ਼ੇਰ ਦੀ ਮਾਸੀ ਬਿੱਲੀ ਵਾਂਗ ਕੋਈ ਨਾ ਕੋਈ ਘੁੰਡੀ ਅਜੇ ਵੀ ਮਹਾਂ-ਭੂਤ ਦੇ ਕੋਲ ਹੁੰਦੀ ਹੈ। ਇਸ ਮਹਾਂ-ਭੂਤ ਨੂੰ ਤੁਸੀਂ ਜਿਹੋ ਜਿਹੀ ਮਰਜ਼ੀ ਚਿੱਠੀ ਲਿਖੋ ਜਵਾਬ ਹਮੇਸ਼ਾ ਕਾਰਡ ਉਤੇ ਹੀ ਆਵੇਗਾ। ਮੋਤੀਆਂ ਵਰਗੀ ਲਿਖਾਈ ਵਿਚ। ਸ਼ਾਇਦ ਇਹ ਮਹਾਂ ਭੂਤ ਸੋਚਦਾ ਹੈ ਕਿ ਕਿਧਰੇ ਵੀ ਘਾਲੇ ਮਾਲੇ ਵਾਲੀ ਲੁਕਵੀਂ ਕੋਈ ਗੱਲ ਆਪਾਂ ਕਰਨੀ ਨਾ ਹੋਈ ਫਿਰ ਕਿਉਂ ਲਫਾਫਿਆਂ ਉਤੇ ਵਾਧੂ ਪੈਸੇ ਖਰਚੇ ਜਾਣ?
ਖ਼ਰਚ ਦੀ ਕੀ ਗੱਲ ਪੁੱਛਦੇ ਹੋ। ਕਈ ਵਾਰੀ ਮੂੰਹਹਨੇਰੇ, ਕਈ ਵਾਰੀ ਸਿਖਰ ਦੁਪਹਿਰੇ ਕਿਸੇ ਜਾਣੂ, ਮਿੱਤਰ ਜਾਂ ਸ਼ਾਗਿਰਦ ਦੇ ਟੁੱਟੇ ਜਿਹੇ ਸਾਈਕਲ ਦੇ ਡੰਡੇ ਉਤੇ ਅੱਗੇ ਬੈਠੇ ਅਟੈਚੀਕੇਸ ਸੰਭਾਲੀਂ ਮਹਾਂ-ਭੂਤ ਜੀ ਬੱਸ ਸਟੈਂਡ ਵੱਲ ਜਾ ਰਹੇ ਹੁੰਦੇ ਹਨ। ਰਾਹ ਵਿਚ ਕਦੇ ਇਕ ਹੱਥ ਨਾਲ ਤੇ ਕਦੇ ਦੂਜੇ ਨਾਲ ਵੀਹ-ਪੰਜਾਹ ਬੰਦਿਆਂ ਦੀ ਫ਼ਤਿਹ ਦਾ ਮੁਸਕਰਾ ਕੇ ਜਵਾਬ ਦਿੰਦੇ ਜਾਂਦੇ ਹਨ ਤੇ ਨਾਲ ਹੀ ਛੱਡਣ ਜਾ ਰਹੇ ਅਗਲੇ ਨਾਲ ਕਿਸੇ ਗੁਹਜ-ਗਿਆਨ ਦੀਆਂ ਗੱਲਾਂ ਕਰ ਰਹੇ ਹੁੰਦੇ ਹਨ।
ਕਈ ਵਾਰੀ ਘੱਟ ਜਾਣੂ ਲੋਕ ਇਉਂ ਜ਼ਾਹਿਰ ਕਰਦੇ ਹਨ ਜਿਵੇਂ ਉਨ੍ਹਾਂ ਨੇ ਮਹਾਂ-ਭੂਤ ਨੂੰ ਦੇਖਿਆ ਹੀ ਨਹੀਂ ਤਾਂ ਜੋ ਮਹਾਂਭੂਤ ਨੂੰ ਕਿਸੇ ਗੱਲੋਂ ਸੰਗ ਨਾ ਲੱਗੇ, ਪਰ ਮਹਾਂ-ਭੂਤ ਦਿਲ ਵਿਚ ਹੱਸਦਾ ਤੇ ਆਖਦਾ ਹੈ- “ਓਏ ਭਲੇ ਮਾਣਸੋ! ਜਦੋਂ ਹਿੰਦੁਸਤਾਨ ਵਿਚ ਜੰਮਦਿਆਂ ਨੂੰ ਸੰਗ ਨਾ ਲੱਗੀ, ਤਾਂ ਹੁਣ ਕਾਹਦੀ ਸੰਗ?” ਪਰ ਜੇ ਆਪ ਨੂੰ ਪਤਾ ਲੱਗ ਜਾਵੇ ਕਿ ਫਲਾਣੇ ਬੰਦੇ ਕੋਲ ਫਲਾਣੀ ਥਾਂ ਕੋਈ ਕੰਮ ਦੀ ਕਿਤਾਬ ਜਾਂ ਖਰੜਾ ਹੈ ਤਾਂ ਆਪ ਨਦੀਆਂ ਚੀਰ ਕੇ ਉਥੇ ਜਾ ਪਹੁੰਚਦੇ ਹਨ। ਦੱਸ ਬਈ ਸਿੰਘਾ। ਕੀ ਲੈਣਾ ਈ? ਘਰ ਭਾਵੇਂ ਬਿਜਲੀ ਦਾ ਬਿੱਲ ਨਾ ਭਰਿਆ ਜਾਣ ਕਰਕੇ ਮਹੀਨਾ ਭਰ ਨੇਰ੍ਹ ਵਰਤਿਆ ਰਹੇ। ਮਹਾਂਭੂਤ ਬੜਾ ਘੱਟ ਲਿਖਦਾ ਹੈ, ਪਰ ਜੋ ਲਿਖਦਾ ਹੈ ਉਸ ਉਤੇ ਫਿਰ ਕੋਈ ਮਾਂ ਦਾ ਲਾਲ ਕਿਧਰੇ ਉਂਗਲ ਨਹੀਂ ਰੱਖ ਸਕਦਾ। ਕਈ ਗੱਲਾਂ ਵਿਚ ਮਹਾਂ-ਭੂਤ ਬੜਾ ਕੋਰਾ ਹੈ। ਕੋਰੇ ਲੱਠੇ ਵਰਗਾ। ਮਹਾਂ-ਭੂਤ ਦੀ ਧੀ ਦਾ ਵਿਆਹ ਸੀ। ਕਾਰਡ ਆਇਆ। ਰਿਵਾਜ ਅਨੁਸਾਰ ਮਾੜਾ ਮੋਟਾ ਪ੍ਰੈਜੈਂਟ ਲੈ ਕੇ ਮੈਂ ਵੀ ਉਸ ਸ਼ਹਿਰ ਗਈ, ਮਹਾਂ-ਭੂਤ ਤੋਂ ਚੋਰੀਓਂ ਆਪ ਦੀ ਧੀ ਨੂੰ ਦੇ ਆਈ। ਵੀਹ ਕੁ ਦਿਨਾਂ ਮਗਰੋਂ ਕਿਸੇ ਦੀ ਕਾਰ ਮੰਗ ਕੇ ਸੌ ਕੁ ਮੀਲ ਦਾ ਸਫਰ ਕਰਕੇ ਮਹਾਂ-ਭੂਤ ਉਹ ਪ੍ਰੈਜ਼ੈਂਟ ਵਾਪਸ ਕਰਨ ਆਇਆ।
ਮੈਨੂੰ ਬੇਹੱਦ ਗੁੱਸਾ ਆਇਆ।
”ਕੋਈ ਧੀਆਂ ਤੋਂ ਵੀ ਕੁਝ ਲੈਂਦਾ ਹੁੰਦਾ ਏ?” ਉਸਨੇ ਮੇਰੇ ਸਿਰ ਉਤੇ ਹੱਥ ਰੱਖ ਕੇ ਕਿਹਾ।
ਗੁੱਸਾ ਪਾਣੀ ਬਣ ਕੇ ਮੇਰੀਆਂ ਅੱਖਾਂ ਵਿਚ ਛਲਕ ਆਇਆ। ਏਨਿਆਂ ਵਰ੍ਹਿਆਂ ਵਿਚ ਪਹਿਲੀ ਵਾਰ ਮੈਂ ਸੁਣਿਆ ਸੀ ਕਿ ਪਿਓ ਦੇ ਮਰ ਜਾਣ ਪਿੱਛੋਂ ਵੀ ਕੋਈ ਕੁੜੀ ਕਿਸੇ ਦੀ ਧੀ ਹੁੰਦੀ ਏ। ਮਹਾਂ-ਭੂਤ ਕਦੇ ਬੀਮਾਰ ਨਹੀਂ ਸੁਣਿਆ। ਸ਼ਾਇਦ ਬੀਮਾਰ ਹੋਣ ਦੀ ਉਸ ਕੋਲ ਵਿਹਲ ਹੀ ਨਹੀਂ।
ਇਕ ਵਾਰੀ ਇਕ ਮਾਸਟਰ ਆਪਣੇ ਇਕ ਸ਼ਾਗਿਰਦ ਨੂੰ ਆਖ ਰਿਹਾ ਸੀ, ”ਦੇਖ ਓਏ ਖੋਤਿਆ। ਮੈਂ ਤੈਨੂੰ ਬੰਦਾ ਬਣਾ ਦੇਣਾ ਏ, ਕੁੱਟ-ਕੁੱਟ ਕੇ” ਕੋਲੋਂ ਇਕ ਘੁਮਿਆਰ ਜਾ ਰਿਹਾ ਸੀ। ਉਸ ਦੇ ਔਲਾਦ ਨਹੀਂ ਸੀ। ਅਗਲੇ ਦਿਨ ਇਕ ਗਧਾ ਲੈ ਕੇ ਮਾਸਟਰ ਜੀ ਕੋਲ ਆ ਹਾਜ਼ਰ ਹੋਇਆ ਕਿ ”ਜੀ ਮੇਰੇ ਉਤੇ ਵੀ ਕ੍ਰਿਪਾ ਕਰੋ। ਮੇਰੇ ਵੀ ਇਕ ਖੋਤੇ ਦਾ ਬੰਦਾ ਬਣਾ ਦਿਓ, ਸਾਰੀ ਉਮਰ ‘ਸੀਸਾਂ ਦਿਆਂਗਾ।”
ਇਸੇ ਤਰ੍ਹਾਂ ਦੇ ਕੰਮ ਹਮਾਤੜ-ਧਮਾਤੜ ਕਈ ਵਾਰੀ ਮਹਾਂ-ਭੂਤ ਕੋਲ ਲੈ ਕੇ ਪਹੁੰਚ ਜਾਂਦੇ ਹਨ। ਮਹਾਂ-ਭੂਤ ਮਾਸਟਰ ਵਾਂਗ ਆਖ ਦਿੰਦਾ ਹੈ, ”ਇਥੇ ਬੰਨ੍ਹ ਜਾ ਖੋਤਾ, ਆਥਣ ਨੂੰ ਬੰਦਾ ਬਣਿਆ ਲੈ ਜਾਈਂ।”
ਅਗਲਾ ਆਥਣ ਨੂੰ ਪਹੁੰਚਦਾ ਹੈ ਤਾਂ ਸਾਹਮਣੇ ਸੜਕ ਉਤੇ ਜਾਂਦੇ ਠਾਣੇਦਾਰ ਵਲ ਹੱਥ ਕਰਕੇ ਆਖਦਾ ਹੈ, ”ਮਸਾਲਾ ਜ਼ਰਾ ਜ਼ਿਆਦਾ ਲੱਗ ਗਿਆ। ਉਹ ਬੰਦੇ ਤੋਂ ਵੀ ‘ਗਾਹਾਂ ਠਾਣੇਦਾਰ ਬਣ ਗਿਆ ਏ।”
ਅਗਲਾ ਹਰਾ-ਹਰਾ ਘਾਹ ਠਾਣੇਦਾਰ ਦੇ ਅੱਗੇ ਕਰਦਾ ਹੈ। ਅਗੋਂ ਠਾਣੇਦਾਰ ਠੁੱਡੇ ਮਾਰਦਾ ਹੈ। ਤਾਂ ਉਹ ਆਖਦਾ ਹੈ, ”ਖੋਤੇ ਤੋਂ ਬੰਦਾ ਬਣ ਤਾਂ ਗਿਆ, ਪਰ ਦੁਲੱਤੇ ਮਾਰਨ ਦੀ ਆਦਤ ਨਾ ਗਈ।”
ਇਸ ਤਰ੍ਹਾਂ ਦੀਆਂ ਕਰਾਮਾਤਾਂ ਇਸ ਮਹਾਂ-ਭੂਤ ਨੂੰ ਬਹੁਤ ਆਉਂਦੀਆਂ ਹਨ। ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਵੱਡੇ ਤੋਂ ਵੱਡਾ ਫੱਕੜ ਤੋਲਦਾ, ਜੱਕੜ ਮਾਰਦਾ ਵੀ ਇਹ ਹਮੇਸ਼ਾ ਸੱਚ ਹੀ ਪ੍ਰਤੀਤ ਹੁੰਦਾ ਹੈ।
ਤੁਸੀਂ ਪੁੱਛੋਗੇ ਆਖਰ ਉਹ ਮਹਾਂ-ਭੂਤ ਕੰਮ ਕੀ ਕਰਦਾ ਏ? ਉਂਜ ਤਾਂ ਜੀ ਉਹ ਕਿਹੜਾ ਕੰਮ ਹੈ ਜੋ ਆਪ ਨਹੀਂ ਕਰਦੇ, ਜਿਵੇਂ ਐਡੀਟਰੀ, ਅਫਸਰੀ ਉਸਤਾਦੀ, ਕਮੇਟੀਬਾਜ਼ੀ, ਕਲਮਘਸਾਈ, ਅਧੀਏ-ਊਣਿਆਂ ਨਾਲ ਲੜਾਈ, ਖਰੜਿਆਂ ਦੀ ਸੁਧਾਈ ਆਦਿ ਪਰ ਅਸਲੀ ਧੰਦਾ ਆਪ ਦਾ ਖੋਤਿਆਂ ਤੋਂ ਬੰਦੇ ਬਣਾਉਣ ਦਾ ਹੀ ਹੈ।
ਕਦੇ-ਕਦੇ ਜਦੋਂ ਆਪ ਕੋਲੋਂ ਮਸਾਲਾ ਬਹੁਤਾ ਲੱਗ ਜਾਂਦਾ ਹੈ ਤਾਂ ਉਨ੍ਹਾਂ ਵਿਚੋਂ ਕੋਈ ਕਹਾਣੀਕਾਰ, ਕੋਈ ਨਾਵਲਕਾਰ, ਕੋਈ ਕਵੀ, ਕੋਈ ਆਲੋਚਕ, ਕੋਈ ਭਾਸ਼ਾਵਿਗਿਆਨੀ, ਕੋਈ ਛੋਟਾ ਭੂਤ ਵੱਡਾ ਭੂਤ ਵੀ ਬਣ ਜਾਂਦਾ ਹੈ।
ਲਓ ਜੀ ਗੱਲ ਕਰਕੇ ਮੈਂ ਤੇ ਇਕ ਹੋਰ ਵਖਤ ਪਾ ਲਿਆ। ਖੋਤਿਆਂ ਤੋਂ ਬੰਦੇ ਬਣਨ ਦੇ ਕਈ ਚਾਹਵਾਨ ਮੇਰੇ ਕੋਲੋਂ ਉਸ ਦਾ ਅਤਾ-ਪਤਾ ਪੁੱਛਣਗੇ। ਪਰ ਮੈਂ ਉਸ ਦੀ ਇਜਾਜ਼ਤ ਤੋਂ ਬਿਨਾ ਏਨਾ ਹੀ ਦੱਸ ਸਕਦੀ ਹਾਂ ਕਿ ਪੰਜਾਬੀ ਪੈਂਤੀ ਦੀਆਂ ਪਹਿਲੀਆਂ ਪੰਜ ਲਾਈਨਾਂ ਛੱਡ ਕੇ ਜਿਹੜਾ ਅੱਖਰ ਆਉਂਦਾ ਹੈ, ਉਸ ਨਾਲ ਉਸਦਾ ਨਾਉਂ, ਉਸ ਦੇ ਅਹੁਦੇ ਦਾ ਨਾਂਉ ਤੇ ਉਸਦੇ ਸ਼ਹਿਰ ਦਾ ਨਾਉਂ ਸ਼ੁਰੂ ਹੁੰਦਾ ਹੈ। ਪਰ ਮੁਆਫ ਕਰਨਾ। ਇਸ ਤੋਂ ਤੁਸੀਂ ਕਿਧਰੇ ਪ੍ਰੋ. ਪ੍ਰੀਤਮ ਸਿੰਘ ਪਟਿਆਲੇ ਵਾਲੇ ਨਾ ਸਮਝ ਲੈਣਾ।

ਦਲੀਪ ਕੌਰ ਟਿਵਾਣਾ

ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ

by Sandeep Kaur March 18, 2020

ਕਈ ਸਾਲ ਹੋਏ ਪਾਕਿਸਤਾਨੀ ਲੇਖਿਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆ ਗਈ। ‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਿਵਾਣਾ ਦੇ ਘਰ ਚੱਲੀ ਹਾਂ। ਫੇਰ ਮੈਨੂੰ ਕੀਹਨੇ ਰੋਕਣਾ ਸੀ। ਸੁਣਿਐ ਇਧਰਲੇ ਪੰਜਾਬ ਵਿੱਚ ਲੋਕ ਤੇਰੀ ਬੜੀ ਇੱਜ਼ਤ ਕਰਦੇ ਨੇ।’’ ਉਸ ਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ। ਫੇਰ ਅੱਗੋਂ ਆਖਣ ਲੱਗੀ, ‘‘ਜਲੰਧਰ ਕੋਲ ਸਾਡਾ ਪਿੰਡ ਹੈ। ਉੱਥੇ ਹੁਣ ਸਾਡਾ ਕੋਈ ਨਹੀਂ। ਹੱਲਿਆਂ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਵੱਢ ਕੇ ਖੂਹ ’ਚ ਸੁੱਟ ਦਿੱਤਾ ਸੀ। ਉਸ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈ। ਬੜਾ ਜੀਅ ਕਰਦਾ ਸੀ ਕਿ ਆਪਣੇ ਪੇਕਿਆਂ ਦੀ ਧਰਤੀ ਨੂੰ ਦੇਖਣ ਦਾ। ਤੂੰ ਸੁਣਾ, ਤੇਰਾ ਕੀ ਹਾਲ ਐ। ਅੰਮ੍ਰਿਤਾ ਤੈਨੂੰ ਬੜਾ ਯਾਦ ਕਰਦੀ ਸੀ। ਉਸੇ ਨੂੰ ਮੈਂ ਪੁੱਛਿਆ ਸੀ ਕਿ ਹੋਰ ਮੈਂ ਕੀਹਨੂੰ ਮਿਲਣ ਜਾਵਾਂ। ਉਸ ਨੇ ਤੇਰਾ ਨਾਂ ਲਿਆ ਸੀ।’’
‘‘ਚੰਗਾ ਕੀਤਾ। ਹੁਣ ਸਾਡੇ ਕੋਲ ਰਹਿਣਾ ਦੋ ਚਾਰ ਦਿਨ,’’ ਮੈਂ ਕਿਹਾ।
‘‘ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ। ਇੱਕ ਅੱਧ ਦਿਨ ਤਾਂ ਰਹਾਂਗੀ ਨਾ। ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋ ਸੀ?’’ ਉਸ ਨੇ ਪੁੱਛਿਆ। ਫੇਰ ਕਹਿਣ ਲੱਗੀ, ‘‘ਉਂਜ ਮੈਂ ਆਪੇ ਸੋਚ ਲਿਆ ਸੀ ਕਿ ਤੇਰਾ ਘਰਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ ਜਿਹੜਾ ਤੈਨੂੰ ਨਾਰਾਜ਼ ਹੋਵੇ ਬਈ ਇੱਕ ਮੁਸਲਮਾਨ ਔਰਤ ਨੂੰ ਘਰ ਰੱਖ ਲਿਐ। ਤੇਰਾ ਬਸ ਇੱਕੋ ਬੇਟਾ ਐ ਨਾ?’’
‘‘ਹਾਂ। ਬਹੁਤ ਸਾਊ ਹੈ,’’ ਮੈਂ ਕਿਹਾ।
ਉਹ ਹੱਸ ਪਈ ਤੇ ਕਹਿਣ ਲੱਗੀ, ‘‘ਮੇਰਾ ਵੀ ਇੱਕੋ ਬੇਟਾ ਐ। ਬਹੁਤ ਸ਼ਰੀਫ। ਉਸ ਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ, ਪਰ ਵਹੁਟੀ ਲੈ ਕੇ ਅੱਡ ਹੋ ਗਈ। ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ ‘ਨੋਟ ਤੁੜਵਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ।’ ਹੁਣ ਮੁੰਡਾ ਮੇਰਾ ਬੜਾ ਦੁਖੀ ਹੈ। ਵਹੁਟੀ ਉਸ ਦੀ ਨੂੰ ਆਪਣੇ ਆਪ ਤੋਂ ਬਿਨਾਂ ਕਿਸੇ ਦਾ ਖ਼ਿਆਲ ਹੀ ਨਹੀਂ। ਕੁੜੀਆਂ ਵਿਆਹ ਤੋਂ ਪਹਿਲਾਂ ਕੁਝ ਹੋਰ ਹੁੰਦੀਆਂ ਨੇ, ਵਿਆਹ ਤੋਂ ਮਗਰੋਂ ਹੋਰ ਹੋ ਜਾਂਦੀਆਂ ਨੇ। ਹਾਂ ਸੱਚ, ਤੂੰ ਮੇਰਾ ਕੁਝ ਪੜ੍ਹਿਆ ਵੀ ਹੈ ਕਿ ਨਹੀਂ।’’
‘‘ਮੈਂ ਕਹਾਣੀਆਂ ਦੀਆਂ ਤੁਹਾਡੀਆਂ ਤਿੰਨ ਕਿਤਾਬਾਂ ਪੜ੍ਹੀਆਂ ਨੇ,’’ ਮੈਂ ਕਿਹਾ।
‘‘ਮੈਨੂੰ ਪਤਾ ਐ ਮੈਂ ਚੰਗਾ ਲਿਖਦੀ ਹਾਂ। ਉਂਜ ਤਾਂ ਰੱਬ ਦਾ ਦਿੱਤਾ ਸਭ ਕੁਝ ਐ, ਪਰ ਫੇਰ ਵੀ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਐ। ਜੀਅ ਕਰਦੈ ਸਮਾਂ ਪੁੱਠਾ ਗਿੜ ਜਾਵੇ, ਮੁੜ ਕੇ ਉਹੀ ਆਪਣਾ ਗਰਾਂ, ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ। ਇਸ ਵਾਰੀ ਤਾਂ ਨਹੀਂ, ਅਗਲੀ ਵਾਰੀ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਹ ਵੀ ਦੇਖ ਕੇ ਆਵਾਂਗੀ ਜਿਸ ਵਿੱਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟੇ ਸਨ। ਮੈਂ ਦੇਖਣਾ ਚਾਹਾਂਗੀ ਕਿ ਉੱਥੋਂ ਦੇ ਲੋਕ ਕਿਵੇਂ ਜਿਉਂਦੇ ਨੇ। ਸਾਨੂੰ ਯਾਦ ਕਰਦੇ ਨੇ ਕਿ ਨਹੀਂ। ਖਵਰਾ ਅਜੇ ਵੀ ਮੇਰੇ ਘਰਦਿਆਂ ਦੀਆਂ ਹੱਡੀਆਂ ਉਸੇ ਖੂਹ ’ਚ ਪਈਆਂ ਹੋਣ,’’ ਤੌਸੀਫ਼ ਨੇ ਕਿਹਾ।
‘‘ਤੌਸੀਫ਼, ਸੋਚ ਕੇ ਇਹ ਬਹੁਤ ਅਜੀਬ ਲੱਗਦੈ। ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ,’’ ਮੈਂ ਆਖਿਆ।
ਤੌਸੀਫ਼ ਨੇ ਕਿਹਾ, ‘‘ਦਿਨੇ ਤਾਂ ਕੰਮਾਂ-ਧੰਦਿਆਂ ਵਿੱਚ ਭੁੱਲ ਜਾਂਦੈ। ਰਾਤ ਨੂੰ ਜਦੋਂ ਕਦੇ ਅੱਖ ਖੁੱਲ੍ਹ ਜਾਵੇ ਤਾਂ ਮੈਂ ਇਧਰ ਆਪਣੇ ਪਿੰਡ ਤੁਰੀ ਫਿਰਦੀ ਰਹਿੰਦੀ ਹਾਂ। ਕਦੇ ਕਦੇ ਇਹ ਵੀ ਸੋਚੀਦੈ ਉਹ ਤਾਂ ਇੱਕ ਡਰਾਉਣਾ ਸੁਪਨਾ ਸੀ।’’
ਮੇਰੇ ਕੋਲ ਤੌਸੀਫ਼ ਦੀਆਂ ਗੱਲਾਂ ਦਾ ਕੋਈ ਜੁਆਬ ਨਹੀਂ ਸੀ। ਉਹ ਫਿਰ ਪੁੱਛਣ ਲੱਗੀ, ‘‘ਟਿਵਾਣਾ, ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਨੇ ਤਾਂ ਗਾਲ੍ਹਾਂ ਔਰਤਾਂ ਨੂੰ ਕੱਢਦੇ ਨੇ, ਉਨ੍ਹਾਂ ਦਾ ਸਾਰਾ ਵਹਿਸ਼ੀਪਣ ਵੀ ਔਰਤਾਂ ਉਪਰ ਹੀ ਕਿਉਂ ਨਿਕਲਦੈ?”
‘‘ਇਸ ਲਈ ਕਿ ਆਦਮੀਆਂ ਦੇ ਮੁਕਾਬਲੇ ’ਚ ਔਰਤਾਂ ਕਮਜ਼ੋਰ ਹੁੰਦੀਆਂ ਨੇ, ਸੰਕਟ ਦੀ ਘੜੀ ਬਹੁਤ ਡਰ ਜਾਂਦੀਆਂ ਨੇ,’’ ਮੈਂ ਉੱਤਰ ਦਿੱਤਾ।
‘‘ਤੁਹਾਡੇ ਗੁਰੂ ਨੇ ਔਰਤਾਂ ਨੂੰ ਵੀ ਛੋਟੀ ਕਿਰਪਾਨ ਪਾ ਕੇ ਰੱਖਣ ਲਈ ਸ਼ਾਇਦ ਇਸੇ ਲਈ ਆਖਿਆ ਸੀ ਕਿ ਸੰਕਟ ਦੀ ਘੜੀ ਉਹ ਜ਼ਾਲਮ ਦਾ ਟਾਕਰਾ ਕਰ ਸਕਣ,’’ ਤੌਸੀਫ਼ ਬੋਲੀ।
ਉਸ ਰਾਤ ਤੌਸੀਫ਼ ਮੇਰੇ ਨਾਲ ਬੜੀ ਰਾਤ ਤਕ ਇਧਰ-ਓਧਰ ਦੀਆਂ ਗੱਲਾਂ ਕਰਦੀ ਰਹੀ। ਉਸ ਨੇ ਇਹ ਵੀ ਆਖਿਆ ਕਿ ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ਼ ਬਣਾ ਗਏ ਨੇ ਬਈ ਆਪਸ ’ਚ ਲੜੀ ਜਾਓ, ਮਰੀ ਜਾਓ।
ਇਉਂ ਤੌਸੀਫ਼ ਸਾਡੇ ਕੋਲ ਦੋ ਦਿਨ ਰਹੀ। ਜਾਣ ਤੋਂ ਪਹਿਲਾਂ ਉਸ ਨੇ ਆਖਿਆ, ‘‘ਕਿੱਡੀ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ ’ਚ ਤੇ ਤੇਰੇ ਘਰ ਵਿੱਚ। ਤੂੰ ਮੈਨੂੰ ਹਮੇਸ਼ਾਂ ਲਈ ਇੱਥੇ ਰੱਖ ਲੈ,’’ ਉਸ ਨੇ ਜਿਵੇਂ ਤਰਲੇ ਵਾਂਗ ਆਖਿਆ।
‘‘ਮੇਰੇ ਜੇ ਵੱਸ ਹੋਵੇ ਮੈਂ ਪਾਰਟੀਸ਼ਨ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ,’’ ਮੈਂ ਕਿਹਾ।
‘‘ਹੋ ਸਕਦੈ ਸੌ ਦੋ ਸੌ ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ ਵੱਧ ਚੰਗੇ ਲੋਕ ਇਸ ਧਰਤੀ ’ਤੇ ਵਸਦੇ ਹੋਣ। ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫ਼ੀ ਸਮਝ ਪਾਰਟੀਸ਼ਨ ਵਾਲੀ ਲਕੀਰ ਨੂੰ ਮੇਟ ਦੇਣ,’’ ਮੈਂ ਆਖਿਆ।
ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਦੋ ਸਿਲਕ ਦੇ ਸੂਟ, ਇੱਕ ਲੱਡੂਆਂ ਦਾ ਡੱਬਾ ਦਿੱਤਾ।
‘‘ਇਹ ਕੀ?’’ ਉਸ ਨੇ ਪੁੱਛਿਆ।
‘‘ਪਰਲੇ ਪਾਰ ਜੇ ਤੇਰੇ ਸਹੁਰੇ ਨੇ ਤਾਂ ਉਰਲੇ ਪਾਰ ਤੇਰੇ ਪੇਕੇ ਨੇ। ਪੇਕਿਆਂ ਦੇ ਘਰੋਂ ਧੀ ਖਾਲੀ ਨਹੀਂ ਜਾਂਦੀ ਹੁੰਦੀ,’’ ਇਹ ਸੁਣ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ, ‘‘ਤੂੰ ਵੀ ਕਦੇ ਉਧਰ ਮੇਰੇ ਘਰ ਆ।’’
‘‘ਠੀਕ ਹੈ, ਮੈਂ ਵੀ ਆਵਾਂਗੀ,’’ ਮੈਂ ਇਹ ਕਹਿ ਕੇ ਉਸ ਨੂੰ ਆਪਣੀ ਕਾਰ ’ਚ ਦਿੱਲੀ ਭੇਜ ਦਿੱਤਾ ਕਿਉਂਕਿ ਉਸ ਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ।
ਕੁਝ ਸਾਲਾਂ ਮਗਰੋਂ ਮੇਰਾ ਉਧਰ ਪਾਕਿਸਤਾਨ ਜਾਣ ਦਾ ਸਬੱਬ ਬਣ ਗਿਆ। ਆਲਮੀ ਪੰਜਾਬੀ ਕਾਨਫਰੰਸ ਉਦੋਂ ਲਾਹੌਰ ਵਿੱਚ ਹੋਣੀ ਸੀ। ਇਸ ਦਾ ਪ੍ਰਬੰਧ ਫਖ਼ਰ ਜ਼ਮਾਨ ਨੇ ਕੀਤਾ ਸੀ। ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਮੈਨੂੰ ਵੀ ਉਸ ਕਾਨਫਰੰਸ ’ਚ ਸੱਦਿਆ ਗਿਆ ਸੀ। ਅੰਗਰੇਜ਼ਾਂ ਵੇਲੇ ਦੇ ਇੱਕ ਆਲੀਸ਼ਾਨ ਮਹਿੰਗੇ ਹੋਟਲ ਵਿੱਚ ਸਾਨੂੰ ਠਹਿਰਾਇਆ ਗਿਆ। ਉੱਥੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀ, ਸਿਰਫ਼ ਬੈੱਡ ਟੀ ਅਸੀਂ ਪੱਲਿਓਂ ਪੀਣੀ ਸੀ। ਮੈਨੂੰ ਤੇ ਹਰਜਿੰਦਰ ਕੌਰ ਨੂੰ ਇੱਕ ਕਮਰੇ ਵਿੱਚ ਠਹਿਰਾਇਆ ਗਿਆ ਸੀ। ਸਵੇਰੇ ਸਵੇਰੇ ਬੈਰਾ ਦੋ ਕੱਪ ਚਾਹ ਦੇ ਲੈ ਆਇਆ। ਕੱਪ ਲੈਣ ਆਏ ਬੈਰੇ ਦੀ ਟਰੇਅ ਵਿੱਚ ਮੈਂ ਸੌ ਦਾ ਨੋਟ ਰੱਖ ਦਿੱਤਾ ਤੇ ਉਹ ਸਲਾਮ ਕਰਕੇ ਚਲਿਆ ਗਿਆ। ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ। ਮੈਂ ਆਖਿਆ ਕਿ ਪਤਾ ਨਹੀਂ। ਉਸ ਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਬੈੱਡ ਟੀ ਦਾ ਕੱਪ ਕਿੰਨੇ ਦਾ ਹੈ। ਪਤਾ ਲੱਗਣ ’ਤੇ ਉਸ ਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਚਾਹ ਦਾ ਕੱਪ ਚਾਲੀ ਰੁਪਏ ਦਾ ਹੈ। ਮੈਂ ਹੱਸ ਕੇ ਕਿਹਾ ਕਿ ਤਾਂ ਹੀ ਸਵੇਰੇ ਬੈਰਾ ਅੱਸੀ ਰੁਪਏ ਦੇ ਚਾਹ ਦੇ ਦੋ ਕੱਪ ਤੇ ਵੀਹ ਰੁਪਏ ਟਿੱਪ ਦੇ ਸਮਝ ਕੇ ਲੈ ਕੇ ਸਲਾਮ ਕਰਕੇ ਚਲਿਆ ਗਿਆ।
‘‘ਮੈਂ ਤਾਂ ਸੋਚਿਆ ਸੀ ਕਿ ਕੱਲ੍ਹ ਨੂੰ ਬੈੱਡ ਟੀ ਦੇ ਪੈਸੇ ਮੈਂ ਦੇ ਦਿਆਂਗੀ। ਪਰ ਨਾ ਬਾਬਾ ਨਾ ਕੱਲ੍ਹ ਆਪਾਂ ਬੈੱਡ ਟੀ ਮੰਗਵਾਉਣੀ ਹੀ ਨਹੀਂ। ਕਿਹੜਾ ਸੌ ਰੁਪਏ ਵਿੱਚ ਚਾਹ ਦੇ ਦੋ ਕੱਪ ਮੰਗਵਾਏ,’’ ਹਰਜਿੰਦਰ ਕੌਰ ਨੇ ਦਲੀਲ ਦਿੱਤੀ।
‘‘ਇਸ ਹਿਸਾਬ ਨਾਲ ਸਾਡੀ ਰਿਹਾਇਸ਼ ਤੇ ਰੋਟੀ-ਪਾਣੀ ’ਤੇ ਕਿੰਨਾ ਖ਼ਰਚ ਕਰਦੇ ਹੋਣਗੇ ਤੇ ਸੌ ਰੁਪਏ ਬਚਾਉਣ ਲਈ ਬੈੱਡ ਟੀ ਨਾ ਪੀਈਏ, ਇਹ ਚੰਗਾ ਨਹੀਂ ਲੱਗਣਾ,’’ ਮੈਂ ਕਿਹਾ।
ਕਾਨਫਰੰਸ ਦਾ ਪਹਿਲਾ ਸੈਸ਼ਨ ਖ਼ਤਮ ਹੋਣ ਨੂੰ ਸੀ। ਮੈਨੂੰ ਦੱਸਿਆ ਗਿਆ ਕਿ ਅਖ਼ਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਂ ਪੜ੍ਹ ਕੇ ਇਧਰਲੇ ਕੁਝ ਟਿਵਾਣੇ ਤੁਹਾਨੂੰ ਮਿਲਣ ਆਏ ਨੇ।
‘‘ਅਸੀਂ ਤੇ ਬੜੇ ਖੁਸ਼ ਹੋਏ ਜਦ ਪਤਾ ਲੱਗਿਐ ਸਾਡੀ ਆਪਾ ਆਈ ਐ। ਇਸੇ ਲਈ ਮਿਲਣ ਆ ਗਏ ਹਾਂ।’’ ਦਾਨੇ ਸਿਆਣੇ ਤੇ ਕਈ ਨੌਜਵਾਨ ਇੱਕ ਵੱਡਾ ਸਾਰਾ ਗੁਲਾਬ ਦੀਆਂ ਡੋਡੀਆਂ ਦਾ ਗੁਲਦਸਤਾ ਤੇ ਇੱਕ ਵੱਡਾ ਸਾਰਾ ਕੇਕ ਲੈ ਕੇ ਆਏ ਸਨ।
ਇੱਕ ਨੇ ਕਿਹਾ, ‘‘ਕੋਈ ਅਜਿਹਾ ਸਿਲਸਿਲਾ ਬਣਾਓ ਕਿ ਆਪਾਂ ਇਧਰ-ਓਧਰ ਆਉਂਦੇ ਜਾਂਦੇ ਰਹੀਏ ਤੇ ਮਿਲਦੇ ਜੁਲਦੇ ਰਹੀਏ।’’
ਮੈਂ ਦੱਸਿਆ, ‘‘ਉਧਰ ਟਿਵਾਣਾ ਬ੍ਰਦਰਹੁੱਡ ਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ। ਤੁਸੀਂ ਉਸ ਦੇ ਮੈਂਬਰ ਬਣ ਜਾਓ। ਫੇਰ ਆਉਣਾ-ਜਾਣਾ ਸੌਖਾ ਹੋ ਜਾਵੇਗਾ।’’
‘‘ਠੀਕ ਹੈ ਫਾਰਮ ਸਾਨੂੰ ਭਿਜਵਾ ਦਿਓ,’’ ਇੱਕ ਬੋਲਿਆ। ਫੇਰ ਕਾਫ਼ੀ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ।
ਮੈਂ ਕਿਹਾ, ‘‘ਇਹ ਕੇਕ ਹੁਣੇ ਕੱਟ ਲੈਂਦੇ ਹਾਂ। ਮੈਂ ਲੈ ਕੇ ਨਹੀਂ ਜਾ ਸਕਣਾ।’’ ‘‘ਤੁਸੀਂ ਹੇਠਾਂ ਦੇ ਦੇਣਾ। ਉਹ ਸਾਰੇ ਡੈਲੀਗੇਟਸ ਨੂੰ ਦੇ ਦੇਣਗੇ,’’ ਇੱਕ ਬੋਲਿਆ।
ਫੇਰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ‘‘ਆਪਾ, ਕੱਲ੍ਹ ਆਪਾਂ ਸਰਗੋਧੇ ਚਲਦੇ ਹਾਂ ਮੇਰੇ ਪਿੰਡ।’’
‘‘ਮੇਰੇ ਕੋਲ ਤਾਂ ਵੀਜ਼ਾ ਸਿਰਫ਼ ਲਾਹੌਰ ਦਾ ਹੈ,’’ ਮੈਂ ਦੱਸਿਆ। ‘‘ਜਦ ਇਹ ਤੁਹਾਡੇ ਨਾਲ ਹੋਣਗੇ ਵੀਜ਼ਾ ਪੁੱਛਣ ਦੀ ਕਿਸ ਦੀ ਮਜ਼ਾਲ ਐ। ਪੁਲੀਸ ਵਾਲੇ ਤੁਹਾਨੂੰ ਆਪ ਐਸਕੋਰਟ ਕਰਕੇ ਲੈ ਕੇ ਜਾਣਗੇ,” ਉਸ ਨੇ ਕਿਹਾ।
ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ। ਮੈਂ ਆਖਿਆ, ‘‘ਅਗਲੀ ਵਾਰੀ ਆਵਾਂਗੀ ਸਰਗੋਧੇ।’’
ਜਾਣ ਲੱਗਿਆਂ ਉਨ੍ਹਾਂ ਵਿੱਚੋਂ ਇੱਕ ਤਕੜੇ ਜਿਹੇ ਚਾਲੀਆਂ ਤੋਂ ਉਪਰ ਟੱਪੇ ਬੰਦੇ ਵੱਲ ਹੱਥ ਕਰਕੇ ਇੱਕ ਨੇ ਕਿਹਾ, ‘‘ਇਨ੍ਹਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਏਥੇ ਰਹੇਗੀ। ਫੰਕਸ਼ਨ ਤੋਂ ਮਗਰੋਂ ਜਿੱਥੇ ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੇਗੀ।’’
ਮੈਂ ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆਖ ਕੇ ਚਲੇ ਗਏ।
ਅਗਲੇ ਦਿਨ ਦੇ ਸੈਸ਼ਨ ਮਗਰੋਂ ਉਹ ਬੰਦਾ ਵੱਡੀ ਸਾਰੀ ਕਾਰ ਲਈ ਉਸ ਹੋਟਲ ਦੇ ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲਿਆ ਤੇ ਪੁੱਛਿਆ, ‘‘ਆਪਾ, ਕਿੱਥੇ ਜਾਣਾ ਚਾਹੋਗੇ? ਉਂਜ ਮਲਿਕ ਸਾਬ੍ਹ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ ਹੈ। ਪਹਿਲਾਂ ਕੁਝ ਥਾਵਾਂ ਦੇਖ ਲਓ। ਫੇਰ ਉਧਰ ਚਲੇ ਚਲਾਂਗੇ।’’
ਉਸ ਨੇ ਸਾਨੂੰ ਲਾਹੌਰ ਦਾ ਮਿਊਜ਼ੀਅਮ ਦਿਖਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਕੁੜੀਆਂ ਦੇ ਕਾਲਜ ਲੈ ਕੇ ਗਿਆ, ਫੇਰ ਕਿਸੇ ਦੇ ਘਰ ਲੈ ਗਿਆ ਜਿੱਥੇ ਉਸ ਪਰਿਵਾਰ ਨੇ ਕੁਝ ਇਤਿਹਾਸਕ ਚੀਜ਼ਾਂ ਸਾਂਭੀਆਂ ਹੋਈਆਂ ਸਨ। ਇਸ ਮਗਰੋਂ ਉਹ ਮਲਿਕ ਸਾਬ੍ਹ ਦੇ ਘਰ ਲੈ ਗਿਆ। ਘਰ ਕੀ ਸੀ, ਪੂਰਾ ਮਹਿਲ ਸੀ। ਮਹਿਲ ਵਾਂਗ ਹੀ ਪਹਿਰੇਦਾਰ-ਗਾਰਡ, ਮਹਿਲ ਵਰਗੀ ਹੀ ਘਰ ਦੀ ਸਜਾਵਟ ਤੇ ਫਰਨੀਚਰ। ਡਰਾਇੰਗ ਰੂਮ ’ਚ ਤਿੰਨ ਚਾਰ ਬੰਦੇ ਸਨ ਜੋ ਤਪਾਕ ਨਾਲ ਮਿਲੇ- ‘‘ਵੂਈ ਆਰ ਪਰਾਊਡ ਆਫ ਆਪਾ।’’ ਚਾਂਦੀ ਦੇ ਬਰਤਨਾਂ ਵਿੱਚ ਚਾਹ ਆ ਗਈ। ਮੈਂ ਇਧਰ ਓਧਰ ਝਾਕੀ ਤਾਂ ਘਰ ਦਾ ਮਾਲਕ ਸਮਝ ਗਿਆ ਤੇ ਆਖਣ ਲੱਗਿਆ; ‘‘ਆਪਾ, ਭਾਬੀ ਨੂੰ ਜ਼ਨਾਨਖਾਨੇ ਵਿੱਚ ਜਾ ਕੇ ਮਿਲਣਾ ਪਵੇਗਾ।’’ ਚਾਹ ਪੀਣ ਮਗਰੋਂ ਬੈਰਾਨੁਮਾ ਬੰਦਾ ਮੈਨੂੰ ਅੰਦਰ ਲੈ ਗਿਆ। ਅਤਿ ਸੁੰਦਰ ਬੇਗਮ ਨੇ ਸਲਾਮ ਅਰਜ਼ ਕੀਤੀ। ਬੇਗਮ ਨੇ ਛੋਟੇ-ਛੋਟੇ ਦੋ ਬੱਚਿਆਂ ਨੂੰ ਆਖਿਆ, ‘‘ਆਪਕੀ ਬੂਆ ਇੰਡੀਆ ਸੇ ਆਈ ਹੈ।’’ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲ੍ਹੇਆਮ ਨਹੀਂ ਵਿਚਰਦੀਆਂ।
‘‘ਆਪ ਕੁਛ ਦਿਨ ਹਮਾਰੇ ਪਾਸ ਹੀ ਰਹੀਏ,’’ ਉਸ ਨੇ ਮੇਰਾ ਹੱਥ ਫੜਦਿਆਂ ਆਖਿਆ।
‘‘ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤਕ ਦਾ ਹੀ ਹੈ। ਤੁਹਾਡੇ ਕੋਲ ਰਹਿਣ ਲਈ ਫੇਰ ਆਵਾਂਗੀ,’’ ਮੈਂ ਕਿਹਾ।
‘‘ਤੁਸੀਂ ਵੀ ਕਦੇ ਆਓ,’’ ਮੈਂ ਫੇਰ ਕਿਹਾ।
‘‘ਹਮ ਗਏ ਹੈਂ ਦੋ ਬਾਰ। ਮਗਰ ਦੇਹਲੀ ਸੇ ਹੀ ਘੂਮ ਫਿਰ ਕੇ ਵਾਪਸ ਆ ਜਾਤੇ ਹੈਂ। ਹਮਾਰਾ ਉਧਰ ਕੋਈ ਹੈ ਹੀ ਨਹੀਂ। ਹਮ ਤੋ ਸ਼ੁਰੂ ਸੇ ਹੀ ਇਧਰ ਹੈਂ,’’ ਬੇਗਮ ਬੋਲੀ।
ਫੇਰ ਉਸ ਨੇ ਖਾਨਸਾਮੇ ਨੂੰ ਆਖਿਆ ਕਿ ਆਪਾ ਕੋ ਕੁਛ ਖਿਲਾਓ। ਮੂੰਹ ਮੀਠਾ ਕਰਾਓ।
ਖਾਨਸਾਮਾ ਇੱਕ ਪਲੇਟ ਵਿੱਚ ਪਿਸਤੇ ਕਾਜੂ ਦੀ ਵਰਕਾਂ ਵਾਲੀ ਬਰਫੀ ਲੈ ਆਇਆ। ਫਿਰ ਬੇਗਮ ਉੱਠ ਕੇ ਅੰਦਰੋਂ ਮੇਰੇ ਲਈ ਸਿਲਕ ਦਾ ਜ਼ਰੀ ਨਾਲ ਕੱਢਿਆ ਸੂਟ ਲੈ ਆਈ ਤੇ ਕਿਹਾ, ‘‘ਯੇ ਹਮਾਰੀ ਤਰਫ਼ ਸੇ। ਆਪ ਕਾ ਸ਼ੁਕਰੀਆ ਆਪ ਹਮਾਰੇ ਘਰ ਮੇਂ ਆਈ।’’
ਮੈਂ ਉਸ ਔਰਤ ਨੂੰ ਦੇਖਦੀ ਰਹਿ ਗਈ।
ਅਗਲੇ ਦਿਨ ਸੈਸ਼ਨ ਮਗਰੋਂ ਉਹੀ ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗਿਆ, ‘‘ਅੱਜ ਕਿਥੇ ਚਲਨਾ ਜੇ।’’
ਹਰਜਿੰਦਰ ਨੇ ਕਿਹਾ, ‘‘ਕੱਪੜੇ ਦੀਆਂ ਦੁਕਾਨਾਂ ਵੱਲ ਲੈ ਚਲੋ। ਉੱਥੋਂ ਅਸੀਂ ਚਿਕਨ ਦੇ ਸੂਟ ਖ਼ਰੀਦਣੇ ਨੇ।’’
ਸਾਨੂੰ ਉਹ ਕੱਪੜੇ ਦੀਆਂ ਦੁਕਾਨਾਂ ਵੱਲ ਲੈ ਗਿਆ।
ਉਸ ਨੇ ਕਿਹਾ, ‘‘ਅੱਗੇ ਸੜਕ ਭੀੜੀ ਹੈ, ਕਾਰ ਅੱਗੇ ਨਹੀਂ ਜਾ ਸਕਣੀ। ਮੈਂ ਇੱਥੇ ਵੇਟ ਕਰਾਂਗਾ। ਤੁਸੀਂ ਅੱਗੇ ਜਾ ਕੇ ਸੂਟ ਲੈ ਆਓ।’’
ਉਸ ਭੀੜੀ ਸੜਕ ਦੇ ਦੋਵੇਂ ਪਾਸੇ ਕੱਪੜੇ ਦੀਆਂ ਦੁਕਾਨਾਂ ਸਨ। ਅਸੀਂ ਦੋ ਤਿੰਨ ਦੁਕਾਨਾਂ ’ਤੇ ਚਿਕਨ ਦੇਖੀ, ਚੰਗੀ ਸੀ ਪਰ ਮਹਿੰਗੀ ਬਹੁਤ ਸੀ।
ਹਰਜਿੰਦਰ ਨੇ ਆਖਿਆ, ‘‘ਏਡੀ ਮਹਿੰਗੀ ਚਿਕਨ ਕੀ ਕਰਨੀ ਐ।’’ ਅਸੀਂ ਵਾਪਸ ਆ ਗਈਆਂ। ਸਾਨੂੰ ਖਾਲੀ ਮੁੜੀਆਂ ਆਉਂਦੀਆਂ ਨੂੰ ਦੇਖ ਕਾਰ ਵਾਲੇ ਭਾਈ ਨੇ ਆਖਿਆ, ‘‘ਤੁਸੀਂ ਪੰਜ ਮਿੰਟ ਬੈਠੋ। ਮੈਂ ਹੁਣੇ ਆਇਆ।’’
ਸਾਨੂੰ ਉੱਥੇ ਬਿਠਾ ਕੇ ਉਹ ਬਾਜ਼ਾਰ ਵੱਲ ਗਿਆ।
‘‘ਆਪਾਂ ਅੱਜ ਸ਼ਾਮ ਨੂੰ ਤੁਹਾਡੇ ਉਸ ਕਰਨਲ ਟਿਵਾਣੇ ਵੱਲ ਡਿਨਰ ’ਤੇ ਵੀ ਜਾਣਾ, ਭੁੱਲ ਨਾ ਜਾਇਓ,’’ ਹਰਜਿੰਦਰ ਕੌਰ ਨੇ ਮੈਨੂੰ ਆਖਿਆ।
‘‘ਭੁੱਲਣਾ ਕੀ ਐ। ਉਹ ਕਾਰ ਵਾਲੇ ਭਾਈ ਨੂੰ ਪੱਕਾ ਕਰ ਕੇ ਗਿਆ ਕਿ ਸੱਤ ਵਜੇ ਸਾਨੂੰ ਉਸ ਦੇ ਘਰ ਲੈ ਜਾਵੇ।’’
‘‘ਵੈਸੇ ਕਿੰਨਾ ਚੰਗਾ ਹੈ ਇਹ ਭਾਈ,’’ ਮੈਂ ਕਿਹਾ।
‘‘ਇੱਥੋਂ ਦੇ ਲੋਕਾਂ ਦਾ ਮੋਹ-ਪਿਆਰ ਦੇਖ ਕੇ ਇੱਥੇ ਰਹਿਣ ਨੂੰ ਜੀ ਕਰ ਰਿਹਾ ਹੈ,’’ ਹਰਜਿੰਦਰ ਨੇ ਕਿਹਾ।
‘‘ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਐ ਕਿਸੇ ਨਾਲ ਭੱਜ ਹੀ ਨਾ ਜਾਵੇਂ,’’ ਮੈਂ ਹੱਸ ਕੇ ਕਿਹਾ।
ਏਨੇ ਨੂੰ ਕਾਰ ਵਾਲਾ ਭਾਈ ਵਾਪਸ ਆ ਗਿਆ।
ਉਸ ਦੇ ਹੱਥ ਵਿੱਚ ਦੋ ਲਿਫ਼ਾਫ਼ੇ ਸਨ। ਉਸ ਨੇ ਕਾਰ ’ਚ ਬੈਠਣ ਤੋਂ ਪਹਿਲਾਂ ਉਹ ਲਿਫ਼ਾਫ਼ੇ ਮੈਨੂੰ ਫੜਾਉਂਦੇ ਆਖਿਆ ਕਿ ਆਪਾ ਇਹ ਸੂਟ ਤੁਹਾਡੇ ਦੋਵਾਂ ਲਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਸ ਦਾ ਧੰਨਵਾਦ ਕਿਵੇਂ ਕਰਾਂ।
ਹਰਜਿੰਦਰ ਨੇ ਦੋਵੇਂ ਲਿਫ਼ਾਫ਼ੇ ਖੋਲ੍ਹ ਕੇ ਵੇਖੇ। ਉਹ ਵਧੀਆ ਚਿਕਨ ਦੇ ਇੱਕੋ ਜਿਹੇ ਦੋ ਸੂਟ ਸਨ। ਉਦੋਂ ਹੀ ਤੌਸੀਫ਼ ਦਾ ਫੋਨ ਆਇਆ ਕਿ ਤੁਸੀਂ ਕਿੱਥੇ ਹੋ। ਅੱਜ ਤਾਂ ਤੁਸੀਂ ਮੇਰੇ ਵੱਲ ਆਉਣਾ ਸੀ।
‘‘ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ,’’ ਮੈਂ ਕਿਹਾ। ਇਸ ਮਗਰੋਂ ਅਸੀਂ ਤੌਸੀਫ਼ ਦੇ ਘਰ ਗਏ। ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀ ਘਰ। ‘‘ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕੀ ਖਾਤਿਰਦਾਰੀ ਕਰਾਂ। ਮੇਰੇ ਪੇਕਿਆਂ ਤੋਂ ਆਏ ਹੋ,’’ ਉਸ ਨੇ ਕਿਹਾ।
‘‘ਸੂਟ ਸਾਨੂੰ ਮਿਲ ਗਏ ਨੇ। ਤੁਹਾਡਾ ਪਿਆਰ ਹੀ ਬਹੁਤ ਹੈ,’’ ਮੈਂ ਕਿਹਾ। ਉਸ ਨੇ ਪਲਾਸਟਿਕ ਦੇ ਸੱਚੀਮੁੱਚੀ ਦੇ ਦਿਸਦੇ ਫਲਾਂ ਦੀ ਟੋਕਰੀ ਦਿੱਤੀ।
ਸੁਨਹਿਰੀ ਕਢਾਈ ਵਾਲੀਆਂ ਗੱਦੀਆਂ ਦਿੱਤੀਆਂ ਤੇ ਆਪਣੀ ਪਸੰਦ ਦਾ ਅਤਿ ਸੁਆਦ ਖਾਣਾ ਖੁਆਇਆ ਤੇ ਅੱਖਾਂ ਭਰ ਕੇ ਆਖਣ ਲੱਗੀ, ‘‘ਮੇਰਾ ਜੀਅ ਕਰਦਾ, ਮੇਰਾ ਕੀ ਸਭ ਦਾ ਜੀਅ ਕਰਦਾ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਵੰਡ ਦੀ ਲੀਕ ਮਿਟ ਜਾਵੇ। ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਵੇ। ਜਿਹੜੇ ਵੱਢੇ ਟੁੱਕੇ ਤੇ ਮਾਰੇ ਗਏ ਨੇ ਮੁੜ ਕੇ ਜਿਉਂਦੇ ਹੋ ਜਾਣ। ਅਸੀਂ ਉਵੇਂ ਰਲ ਮਿਲ ਕੇ ਰਹੀਏ। ਹੁਣ ਵਾਲਾ ਜਿਉਣਾ ਕੀ ਜਿਉਣਾ ਹੋਇਆ।’’ ‘‘ਤੌਸੀਫ਼ ਇਧਰਲੇ ਲੋਕ ਵੀ ਤੇ ਓਧਰਲੇ ਲੋਕ ਵੀ ਦੁਆ ਕਰਦੇ ਨੇ। ਖਵਰੇ ਰੱਬ ਕਦੇ ਸੁਣ ਹੀ ਲਵੇ,’’ ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ, ਪਰ ਉਸ ਦਾ ਰੋਣਾ ਥੰਮਦਾ ਹੀ ਨਹੀਂ ਸੀ।
ਕਰਨਲ ਟਿਵਾਣੇ ਦੇ ਘਰ ਰਾਤ ਨੂੰ ਜਾਣਾ ਸੀ। ਮੈਨੂੰ ਤੌਸੀਫ਼ ਕੋਲ ਛੱਡ ਹਰਜਿੰਦਰ ਨੇ ਹੋਰ ਕਈ ਥਾਵਾਂ ’ਤੇ ਜਾਣਾ ਸੀ। ਉਹ ਕਾਰ ਵਾਲੇ ਭਾਈ ਨਾਲ ਚਲੀ ਗਈ।
ਆਥਣੇ ਜਦੋਂ ਹਰਜਿੰਦਰ ਮੁੜ ਕੇ ਆਈ ਤਾਂ ਉਸ ਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ। ਜਿੱਥੇ ਵੀ ਗਈ ਲੋਕਾਂ ਨੇ ਮੱਲੋਮੱਲੀ ਤੋਹਫ਼ੇ ਫੜਾ ਦਿੱਤੇ। ਅਗਲੀ ਵਾਰੀ ਆਪਾਂ ਜਦੋਂ ਕਦੇ ਆਏ, ਅਸੀਂ ਇਨ੍ਹਾਂ ਸਾਰਿਆਂ ਲਈ ਕੁਝ ਨਾ ਕੁਝ ਲੈ ਕੇ ਆਵਾਂਗੇ।’’
ਤੌਸੀਫ਼ ਨੂੰ ਨਾਲ ਲਿਜਾ ਕੇ ਅਸੀਂ ਕਰਨਲ ਦੇ ਘਰ ਵੱਲ ਜਾ ਰਹੇ ਸੀ ਤਾਂ ਕਰਨਲ ਦਾ ਫੋਨ ਆਇਆ ਕਿ ਡਿਨਰ ਮੈੱਸ ਵਿੱਚ ਹੈ ਉੱਥੇ ਆ ਜਾਇਓ।
ਮੈਂ ਸੋਚਿਆ ਕਿ ਘਰੇ ਵਹੁਟੀ ਦੀ ਖੇਚਲ ਬਚਾਉਣ ਲਈ ਖਾਣਾ ਮੈੱਸ ਵਿੱਚ ਕਰ ਦਿੱਤਾ ਹੋਣਾ।
ਉੱਥੇ ਪਹੁੰਚ ਕੇ ਪਤਾ ਲੱਗਾ ਕਿ ਕਰਨਲ ਨੇ 100-150 ਲੋਕਾਂ ਨੂੰ ਖਾਣੇ ’ਤੇ ਬੁਲਾਇਆ ਹੋਇਆ ਸੀ। ਬਹੁਤ ਸਾਰੇ ਵਿੱਚੋਂ ਟਿਵਾਣੇ ਹੀ ਸਨ ਤੇ ਮੈਨੂੰ ਮਿਲਣ ਆਏ ਸਨ। ਪਤਾ ਲੱਗਿਆ ਕਿ ਇਧਰ ਪਾਕਿਸਤਾਨ ਵਿੱਚ ਟਿਵਾਣੇ ਬਹੁਤ ਹਨ। ਮੈਂ ਕਰਨਲ ਟਿਵਾਣੇ ਨੂੰ ਆਖਿਆ, ‘‘ਅਸੀਂ ਤਾਂ ਗਰੇਟਫੁੱਲ ਹਾਂ ਏਸ ਟਿਵਾਣੇ ਦੇ ਜਿਹੜਾ ਕੰਮਕਾਰ ਛੱਡ ਕੇ ਸਾਰਾ ਵੇਲਾ ਸਾਡਾ ਡਰਾਈਵਰ ਬਣਿਆ ਰਹਿੰਦਾ ਹੈ।’’ ਉਹ ਮੇਰੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, ‘‘ਆਪਾ ਜਾਣਦੇ ਓ ਉਹ ਕੌਣ ਐ। ਪੰਜਾਬ ਦਾ ਸਭ ਤੋਂ ਅਮੀਰ ਬੰਦਾ। ਅੱਠ ਹਜ਼ਾਰ ਏਕੜ ਭੋਇੰ ਦਾ ’ਕੱਲਾ ਮਾਲਕ। ਸਭ ਤੋਂ ਮਹਿੰਗੀ ਕਾਰ ਪੰਜਾਬ ਵਿੱਚ ਸਭ ਤੋਂ ਪਹਿਲਾਂ ਇਸੇ ਦੇ ਘਰ ਆਉਂਦੀ ਐ। ਆਪਣੇ ਗਾਰਡਾਂ ਤੋਂ ਬਿਨਾਂ ਤੁਹਾਡਾ ਡਰਾਈਵਰ ਬਣਿਆ ਪੁਰਾਣੀ ਕਾਰ ’ਚ ਤੁਹਾਡੇ ਨਾਲ ਇਸ ਕਰਕੇ ਤੁਰਿਆ ਫਿਰਦੈ ਕਿ ਕੋਈ ਇਸ ਨੂੰ ਪਹਿਚਾਣ ਨਾ ਲਵੇ। ਉੱਥੇ ਜਦੋਂ ਅਸੀਂ ਸਾਰੇ ਹੋਟਲ ਵਿੱਚ ਤੁਹਾਨੂੰ ਮਿਲਣ ਗਏ ਸੀ ਤਾਂ ਉਸ ਨੇ ਆਪ ਹੀ ਆਖਿਆ ਸੀ ਆਪਾ ਜਿੰਨੇ ਦਿਨ ਇੱਥੇ ਰਹਿਣਗੇ ਮੈਂ ਇਨ੍ਹਾਂ ਨਾਲ ਰਹਾਂਗਾ।’’
ਡਿਨਰ ਤੋਂ ਮਗਰੋਂ ਤੌਸੀਫ਼ ਸਾਨੂੰ ਫੂਡ ਸਟਰੀਟ ਦਿਖਾਉਣ ਲੈ ਗਈ। ਉੱਥੇ ਸੜਕ ਦੇ ਦੋਵੇਂ ਪਾਸੀਂ ਖਾਣ-ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ। ਦੁਕਾਨਦਾਰ ਵਾਰ-ਵਾਰ ਆਪਣੀਆਂ ਦੁਕਾਨਾਂ ਵੱਲ ਸੱਦ ਰਹੇ ਸਨ ਤੇ ਆਖਦੇ ਸਨ, ‘‘ਤੁਸੀਂ ਜੋ ਮਰਜ਼ੀ ਖਾਓ ਜੋ ਮਰਜ਼ੀ ਪੀਓ ਅਸੀਂ ਪੈਸੇ ਕੋਈ ਨਹੀਂ ਲੈਣੇ, ਤੁਸੀਂ ਸਾਡੇ ਭੈਣ ਭਾਈ ਓਧਰਲੇ ਪੰਜਾਬ ਤੋਂ ਆਏ ਹੋ।’’
ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਅਸੀਂ ਰੁਕਦੇ, ਦੁਕਾਨਦਾਰ ਕਦੇ ਰਸਮਲਾਈ, ਕਦੇ ਗਰਮ-ਗਰਮ ਜਲੇਬੀਆਂ, ਕਿਤੇ ਚਾਟ, ਕਿਤੇ ਪੀਲੇ ਖ਼ੁਸ਼ਬੂਦਾਰ ਚਾਵਲ ਆਦਿ ਚੀਜ਼ਾਂ ਪਲੇਟਾਂ ਵਿੱਚ ਪਾ ਕੇ ਕਾਹਲੀ ਕਾਹਲੀ ਲੈ ਆਉਂਦੇ ਤੇ ਮਿੰਨਤ ਵਾਂਗ ਆਖਦੇ: ਜ਼ਰੂਰ ਕੁਝ ਨਾ ਕੁਝ ਖਾ ਲਓ। ਉਨ੍ਹਾਂ ਨੂੰ ਦੇਖ ਕੇ ਇਉਂ ਲੱਗਦਾ ਸੀ ਜਿਵੇਂ ਅਸੀਂ ਉਨ੍ਹਾਂ ਨੂੰ ਮਸਾਂ ਮਿਲੇ ਸੀ।
ਜਿਸ ਦਿਨ ਅਸੀਂ ਵਾਪਸ ਆਉਣਾ ਸੀ ਗੱਡੀ ਚੜ੍ਹਾਉਣ ਆਏ ਲੋਕਾਂ ਦੀ ਬੇਸ਼ੁਮਾਰ ਭੀੜ ਸੀ। ਫੇਰ ਆਉਣ ਲਈ ਤਾਕੀਦਾਂ ਕਰ ਰਹੇ ਸਨ। ਕਈ ਤਾਂ ਹੌਲੀ ਤੁਰਦੀ ਗੱਡੀ ਦੇ ਨਾਲ ਹੱਥ ਹਿਲਾਉਂਦੇ ਭੱਜੇ ਆ ਰਹੇ ਸਨ।
ਇੱਕ ਨੌਜਵਾਨ, ਜੋ ਹਰਜਿੰਦਰ ਕੋਲ ਬੈਠਾ ਸੀ, ਗੱਡੀ ਚੱਲਣ ਵੇਲੇ ਨਾ ਉੱਠਿਆ, ਨਾ ਗੱਡੀ ਵਿੱਚੋਂ ਉਤਰਿਆ। ਉਹ ਬਹੁਤ ਉਦਾਸ ਸੀ, ‘‘ਉਤਰਨਾ ਨਹੀਂ?” ਹਰਜਿੰਦਰ ਨੇ ਹੱਸ ਕੇ ਪੁੱਛਿਆ।
‘‘ਮੈਂ ਇਸੇ ਗੱਡੀ ਵਿੱਚ ਬੈਠਾ ਇਉਂ ਹੀ ਮੁੜ ਆਵਾਂਗਾ। ਇਉਂ ਮੈਂ ਉਧਰਲੀ ਧਰਤੀ ਨੂੰ ਗੱਡੀ ਵਿੱਚ ਬੈਠਾ ਹੀ ਨੇੜਿਓਂ ਹੀ ਤੱਕ ਲਵਾਂਗਾ,” ਉਸ ਨੇ ਕਿਹਾ।
ਤੌਸੀਫ਼ ਕਈ ਵਰ੍ਹੇ ਹੋਏ ਇਹ ਦੁਨੀਆਂ ਛੱਡ ਕੇ ਜਾ ਚੁੱਕੀ ਹੈ। ਮੈਂ ਹੁਣ ਵੀ ਕਈ ਵਾਰੀ ਦੋਵਾਂ ਪੰਜਾਬਾਂ ਦੇ ਲੋਕਾਂ ਦਾ ਇੱਕ ਦੂਜੇ ਲਈ ਮੋਹ ਦੇਖ ਕੇ ਹੈਰਾਨ ਹੁੰਦੀ ਹਾਂ ਕਿ ਕਿਵੇਂ ਵੰਡ ਵੇਲੇ ਇਹ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਕਈ ਵਰ੍ਹੇ ਲੰਘ ਜਾਣ ਮਗਰੋਂ ਦੋਵਾਂ ਪਾਸਿਆਂ ਦੇ ਸਿਆਸਤਦਾਨਾਂ ਨੇ ਕਸ਼ਮੀਰ ਦਾ ਮੁੱਦਾ ਖੜ੍ਹਾ ਕਰਕੇ ਇੱਕ ਦੂਜੇ ਨੂੰ ਦੁਸ਼ਮਣ ਬਣਾਉਣ ਦਾ ਕਾਰਜ ਆਰੰਭਿਆ ਹੋਇਆ ਹੈ। ਵੰਡ ਵਾਲੀ ਲਕੀਰ ਉੱਪਰ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਹਨ ਤੇ ਫ਼ੌਜ ਦੇ ਪਹਿਰੇ ਲਗਾ ਦਿੱਤੇ ਹਨ। ਫੇਰ ਵੀ ਵੇਲੇ-ਕੁਵੇਲੇ ਪਰਲੇ ਪਾਰ ਦੀ ਕੋਈ ਗੋਲੀ ਇਧਰਲੇ ਕਿਸੇ ਫ਼ੌਜੀ ਨੂੰ ਢੇਰ ਕਰ ਦਿੰਦੀ ਹੈ ਤਾਂ ਰਾਜਸੀ ਪਾਰਟੀਆਂ ਦੇ ਹਮਾਇਤੀ, ਅਖ਼ਬਾਰ ਅਤੇ ਟੀ.ਵੀ. ਚੈਨਲ ਉਸ ਮਰੇ ਬੰਦੇ ਦੇ ਰੋਂਦੇ ਕੁਰਲਾਉਂਦੇ ਪਰਿਵਾਰ, ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਤੇ ਰੋਹ ’ਚ ਆਏ ਲੋਕਾਂ ਦੇ ਪਾਕਿਸਤਾਨ ਵਿਰੁੱਧ ਨਾਅਰੇ ਦਿਖਾ ਕੇ ਪਾਕਿਸਤਾਨ ਵਿਰੁੱਧ ਨਫ਼ਰਤ ਪੈਦਾ ਕਰਦੇ ਹਨ। ਇਸੇ ਤਰ੍ਹਾਂ ਇਧਰਲੀ ਗੋਲੀ ਨਾਲ ਜਦੋਂ ਕੋਈ ਉਧਰਲਾ ਮਰਦਾ ਹੈ ਤਾਂ ਉਹ ਲੋਕ ਵੀ ਭਾਰਤ ਵਿਰੁੱਧ ਨਾਅਰੇ ਲਾਉਂਦੇ ਹਨ ਤੇ ਨਫ਼ਰਤਾਂ ਉਗਲਦੇ ਹਨ।
ਇਹ ਨਫ਼ਰਤਾਂ ਹੌਲੀ-ਹੌਲੀ ਵਧਦੀਆਂ ਜਾ ਰਹੀਆਂ ਹਨ। ਵਿਦੇਸ਼ੀ ਲੋਕ ਜਿਨ੍ਹਾਂ ਨੂੰ ਇਨ੍ਹਾਂ ਨਫ਼ਰਤਾਂ ਵਿੱਚ ਜੰਗ-ਯੁੱਧ ਦੀ ਸੰਭਾਵਨਾ ਦਿਸਦੀ ਹੈ, ਜੰਗ ਯੁੱਧ ਵਿੱਚ ਆਪਣਾ ਫ਼ਾਇਦਾ ਤੇ ਨਫ਼ਾ ਦੇਖ ਕੇ ਕਦੇ ਇੱਕ ਪਾਸੇ ਤੇ ਕਦੇ ਦੂਜੇ ਪਾਸੇ ਦਾ ਪੱਖ ਪੂਰ ਕੇ ਦੋਵਾਂ ਦੇਸ਼ਾਂ ਨੂੰ ਲੜਨ ਲਈ ਹੋਰ ਉਕਸਾਉਂਦੇ ਤੇ ਬੇਵਕੂਫ਼ ਬਣਾਉਂਦੇ ਹਨ।
ਮੈਂ ਇਸ ਗੱਲ ਦੇ ਸਖ਼ਤ ਖ਼ਿਲਾਫ਼ ਹਾਂ ਕਿ ਰੋਟੀ ਰੋਜ਼ੀ ਲਈ ਫ਼ੌਜ ’ਚ ਭਰਤੀ ਹੋਏ ਬੇਲੋੜੀ ਮੌਤ ਮਰੇ ਨੂੰ ਸ਼ਹੀਦ ਆਖ ਕੇ ਹੋਰ ਲੋਕਾਂ ਨੂੰ ਵੀ ਇਸ ਰਾਹ ਉੱਤੇ ਤੁਰਨ ਲਈ ਉਕਸਾਇਆ ਜਾਂਦਾ ਹੈ। ਇਸ ਤਰ੍ਹਾਂ ਪਾਕਿਸਤਾਨ ਵਿੱਚ ਵੀ ਜੰਗਾਂ-ਯੁੱਧਾਂ ਵਿੱਚ ਮਾਰੇ ਗਏ ਲੋਕਾਂ ਨੂੰ ਜੰਨਤ ਦੇ ਲਾਰੇ ਲਾ ਕੇ ਇਸ ਜੀਵਨ ਨੂੰ ਭੁੱਲ ਕੇ ਹਕੂਮਤਾਂ ਦੇ ਮੋਹਰੇ ਬਣ ਕੇ ਜਾਨਾਂ ਗੁਆਉਣ ਲਈ ਪ੍ਰੇਰਿਆ ਜਾਂਦਾ ਹੈ।
ਇਹ ਸਾਰਾ ਕੁਝ ਸਾਡੀਆਂ ਅੱਖਾਂ ਅੱਗੇ ਵਾਪਰ ਰਿਹਾ ਹੈ। ਫਿਰ ਵੀ ਅਸੀਂ ਅਸਲੀਅਤ ਨੂੰ ਨਹੀਂ ਸਮਝਦੇ। ਸ਼ਹੀਦ ਉਹ ਹੁੰਦਾ ਹੈ ਜਿਹੜਾ ਕਿਸੇ ਰੱਬੀ ਕੰਮ ਲਈ ਰੱਬ ਦੇ ਬੰਦਿਆਂ ਦੇ ਹਿੱਤ ਲਈ ਸਭ ਕੁਝ ਜਾਣਦਿਆਂ ਬੁੱਝਦਿਆਂ ਖ਼ਤਰੇ ਵਾਲਾ ਰਾਹ ਚੁਣਦਾ ਹੈ ਤੇ ਫੇਰ ਮਾਰਿਆ ਜਾਂਦਾ ਹੈ। ਫ਼ੌਜ ਅਤੇ ਪੁਲੀਸ ਦਾ ਬੰਦਾ ਕਿਸੇ ਨੂੰ ਮਾਰਦਾ ਹੈ ਜਾਂ ਕਿਸੇ ਤੋਂ ਮਾਰਿਆ ਜਾਂਦਾ ਹੈ, ਇਹ ਉਸੇ ਤਰ੍ਹਾਂ ਹੈ ਜਿਵੇਂ ਦੋ ਭਰਾ ਲੜ ਪੈਣ; ਤੇ ਲੜਾਈ ਦਾ ਕਾਰਨ ਜ਼ਰ, ਜੋਰੂ ਤੇ ਜ਼ਮੀਨ ਕੁਝ ਵੀ ਹੋ ਸਕਦਾ ਹੈ; ਲੜਦਿਆਂ ਜਿਹੜਾ ਮਰ ਜਾਂਦਾ ਹੈ ਉਸ ਨੂੰ ਅਸੀਂ ਸ਼ਹੀਦ ਨਹੀਂ ਆਖ ਸਕਦੇ। ਠੀਕ ਹੈ, ਉਸ ਦੀ ਮੌਤ ਘਰਦਿਆਂ, ਮਿੱਤਰਾਂ, ਦੇਸ਼ ਲਈ ਘਾਟਾ ਜ਼ਰੂਰ ਹੁੰਦਾ ਹੈ, ਪਰ ਉਸ ਨੂੰ ਈਦ ’ਤੇ ਵੱਢੇ ਜਾਂਦੇ ਬੱਕਰੇ ਵਾਂਗ ਅਸੀਂ ਸ਼ਹੀਦ ਹੋਇਆ ਨਹੀਂ ਆਖ ਸਕਦੇ।’’
ਇਹ ਤਾਂ ਚਲਾਕ ਧਿਰਾਂ ਸਾਨੂੰ ਵਡਿਆ ਕੇ ਮਰਨ-ਮਾਰਨ ਲਈ ਤਿਆਰ ਕਰਦੀਆਂ ਹਨ।
ਨਾ ਲੜਾਈ ਪਰਲੇ ਪਾਸੇ ਦੇ ਪੰਜਾਬੀ ਲੋਕ ਚਾਹੁੰਦੇ ਹਨ ਤੇ ਨਾ ਹੀ ਉਰਲੇ ਪਾਸੇ ਦੇ ਪੰਜਾਬੀ ਚਾਹੁੰਦੇ ਹਨ, ਫ਼ੌਜੀ ਸਿਰਫ਼ ਕੁਰਬਾਨੀ ਦੇ ਬੱਕਰੇ ਬਣਦੇ ਹਨ। ਮੇਰੀ ਇਹ ਗੱਲ ਦੇਸ਼ਧਰੋਹ ਦੀ ਗੱਲ ਨਹੀਂ। ਦੇਸ਼ ਨੇ ਕਿਧਰੇ ਚਲਿਆ ਨਹੀਂ ਜਾਣਾ, ਇੱਥੇ ਹੀ ਰਹੇਗਾ। ਇਹ ਉਨ੍ਹਾਂ ਬਾਰੇ ਹੈ ਜਿਹੜੇ ਇਸ ਸਭ ਤੋਂ ਬੇਖ਼ਬਰ ਹੀ ਮਾਰੇ ਜਾਂਦੇ ਹਨ।
(ਤੰਦਾਂ ਮੋਹ ਦੀਆਂ-ਡਾ. ਦਲੀਪ ਕੌਰ ਟਿਵਾਣਾ)

ਆਓ ਘਰਾਂ ਨੂੰ ਮੁੜ ਚੱਲੀਏ

by Sandeep Kaur March 16, 2020

ਇਕ ਦਿਨ ਮੇਰੇ ਕੋਲ ਕੁਝ ਨੌਜਵਾਨ ਮੁੰਡੇ ਆਏ। ਬੜੇ ਚਿੰਤਾਤੁਰ ਹੋ ਕੇ ਆਖਣ ਲੱਗੇ, ‘‘ਮੈਡਮ, ਸਾਰਾ ਹੀ ਪੰਜਾਬ ਨਸ਼ਿਆਂ ਵਿਚ ਗਰਕ ਹੁੰਦਾ ਜਾ ਰਿਹਾ ਤੁਸੀਂ ਕੁਝ ਸੋਚੋ, ਕੁਝ ਕਰੋ।’’
ਮੈਂ ਉਨ੍ਹਾਂ ਨੂੰ ਆਖਿਆ, ‘‘ਜਦੋਂ ਤਕ ਸਾਡੇ ਲੀਡਰ ਤੇ ਪੁਲੀਸ ਇਸ ਨੂੰ ਕਮਾਈ ਦਾ ਵੱਡਾ ਧੰਦਾ ਬਣਾਈ ਰੱਖਣਗੇ ਉਦੋਂ ਤਕ ਇਸ ਦਾ ਇਲਾਜ ਔਖੈ।’’ ਹੁਣ ਕਿਉਂਕਿ ਲੋਕ ਜ਼ਿੰਦਗੀ ਲਈ ਅਤਿ ਜ਼ਰੂਰੀ ਦੋ ਚੀਜ਼ਾਂ ਰੱਬ ਅਤੇ ਮੌਤ ਨੂੰੂ ਭੁੱਲ ਗਏ ਹਨ, ਇਸ ਲਈ ਕਿਸੇ ਵੀ ਗੱਲ ਦੇ ਕੋਈ ਅਰਥ ਨਹੀਂ ਰਹਿ ਗਏ। ਇਸ ਬਾਰੇ ਸੋਚਦੀ ਤਾਂ ਮੈਂ ਬਹੁਤ ਆਂ। ਇਕ ਵਾਰੀ ਮੈਂ ਨਵੇਂ ਸ਼ਹਿਰ ਕੋਲ ਢਾਹਾਂ ਕਲੇਰਾਂ ਪਿੰਡ ਦੇ ਬੜੇ ਵੱਡੇ ਹਸਪਤਾਲ ਵਿਚ ਗਈ ਜਿੱਥੇ ਨਸ਼ਾ ਛੁਡਾਊ ਕੇਂਦਰ ਹੈ। ਉੱਥੇ ਅਮੀਰਾਂ ਲਈ ਪੰਜ ਸੌ ਰੁਪਏ ਰੋਜ਼ਾਨਾ ’ਤੇ ਕਮਰਾ, ਵਿਚੇ ਖਾਣਾ, ਦਵਾਈਆਂ ਤੇ ਇਲਾਜ। ਦੂਸਰਾ ਆਮ ਲੋਕਾਂ ਲਈ ਸੌ ਰੁਪਏ ਰੋਜ਼ਾਨਾ ’ਤੇ ਕਮਰਾ ਹੈ। ਤੀਸਰਾ ਗਰੀਬ ਲੋਕਾਂ ਲਈ ਮੁਫ਼ਤ ਵਾਰਡ ਜਿੱਥੇ ਡਾਕਟਰੀ ਸਹਾਇਤਾ, ਦਵਾਈਆਂ ਤੇ ਰੋਟੀ ਸਭ ਮੁਫ਼ਤ ਹਨ। ਸਭ ਲਈ ਰੋਟੀ ਇੱਕੋ ਜਿਹੀ ਗੁਰਦੁਆਰਿਓਂ ਬਣ ਕੇ ਆਉਂਦੀ ਹੈ। ਯੋਗ ਤੇ ਵਰਜਿਸ਼ ਵੀ ਕਰਵਾਈ ਜਾਂਦੀ ਹੈ। ਆਥਣ ਸਵੇਰ ਗੁਰਦੁਆਰੇ ਵੀ ਲੈ ਕੇ ਜਾਂਦੇ ਨੇ ਤੇ ਮਨੋਵਿਗਿਆਨੀ ਵੀ ਸਮਝਾਉਂਦੇ ਹਨ। ਮੈਂ ਬੇਨਤੀ ਕੀਤੀ ‘‘ਬਾਬਾ ਜੀ ਜ਼ਮੀਨ ਅਸੀਂ ਦੇ ਦਿਆਂਗੇ ਸਾਡੇ ਪਿੰਡ ਵੀ ਨਸ਼ਾ ਛੁਡਾਊ ਕੇਂਦਰ ਖੋਲ੍ਹ ਦੇਵੋ।’’ ਉਹ ਆਖਣ ਲੱਗੇ, ‘‘ਬੀਬੀ ਇਹ ਵੱਡਾ ਕੰਮ ਹੈ ਜਿਹੜਾ ਵੀ ਤੁਹਾਡੇ ਪਿੰਡ ਦਾ ਬੰਦਾ ਤੁਹਾਡਾ ਨਾਂ ਲੈ ਕੇ ਆਏਗਾ ਅਸੀਂ ਪੂਰੀ ਮਦਦ ਕਰਾਂਗੇ।’’ ਸਾਨੂੰ ਚਾਹੀਦਾ ਹੈ ਕਿ ਸਰਕਾਰ ’ਤੇ ਦਬਾਅ ਪਾ ਕੇ ਅਜਿਹੇ ਨਸ਼ਾ ਛੁਡਾਊ ਕੇਂਦਰ ਖੁੱਲ੍ਹਵਾਏ ਜਾਣ, ਨਸ਼ੇ ਦੇ ਕਾਰਨ ਸਮਝ ਕੇ ਉਹ ਹੱਲ ਕੀਤੇ ਜਾਣ। ਆਲਾ-ਦੁਆਲਾ ਤੇ ਘਰ ਦੇ ਨਸ਼ੱਈ ਨੂੰ ਝਿੜਕਣ ਦੀ ਥਾਂ ਉਸ ਨੂੰ ਇਕ ਰੋਗੀ ਸਮਝ ਕੇ ਉਸ ਦੀ ਸਹਾਇਤਾ ਕੀਤੀ ਜਾਵੇ। ਸੂਬੇ ਅੰਦਰ ਨਸ਼ਿਆਂ ਦੇ ਦਾਖਲੇ ਉੱਤੇ ਚੌਕਸੀ ਵਧਾਈ ਜਾਵੇ ਤੇ ਸਾਰੇ ਲੋਕ ਇਸ ਪੱਖੋਂ ਚੇਤੰਨ ਹੋਣ ਖਾਸ ਕਰ ਨੌਜਵਾਨ ਪੀੜ੍ਹੀ। ਉਨ੍ਹਾਂ ਨੂੰ ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਸਮਝਾਈ ਜਾਵੇ ਫੇਰ ਹੀ ਕੁਝ ਹੋ ਸਕਦੈ। ਮੇਰੇ ਕੋਲ ਆਏ ਨੌਜਵਾਨ ਮੈਨੂੰ ਆਖਣ ਲੱਗੇ, ‘‘ਤੁਸੀਂ ਇਕ ਸੁਨੇਹਾ ਸਾਨੂੰ ਲਿਖ ਕੇ ਦੇ ਦਿਓ ਜਿਹੜਾ ਅਸੀਂ ਪਿੰਡ-ਪਿੰਡ ਪਹੁੰਚਾ ਦੇਈਏ। ਇਸ ਤਰ੍ਹਾਂ ਵੱਖਰੇ-ਵੱਖਰੇ ਵੱਡੇ ਲੋਕਾਂ ਤੋਂ ਮਿਲੇ ਸੁਨੇਹੇ ਸ਼ਾਇਦ ਦੋਸ਼ੀ ਕਰਤੇ ਧਰਤਿਆਂ ਦੀ ਪਾਪੀ ਆਤਮਾ ਨੂੰ ਹਲੂਣ ਸਕਣ ਤੇ ਨੌਜਵਾਨਾਂ ਨੂੰ ਕੋਈ ਸੇਧ ਦੇ ਸਕਣ।
ਨਸ਼ਿਆਂ ਦੀ ਗ੍ਰਿਫਤ ’ਚ ਆਏ ਉਨ੍ਹਾਂ ਲੜਕਿਆਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦੀ ਹਾਂ: ‘‘ਜਿਊਣ ਜੋਗਿਓ! ਨਸ਼ਿਆਂ ਦੀ ਖਾਤਰ ਕਿਉਂ ਮੜੀਆਂ ਦੇ ਰਾਹ ਪੈ ਗਏ ਹੋ।’’ ਕੁਦਰਤ ਦੀਆਂ ਕਿੱਡੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਧਰਤੀ, ਸੂਰਜ, ਹਵਾ, ਪਾਣੀ ਤੁਹਾਨੂੰ ਜਿਊਂਦਿਆਂ ਰੱਖਣ ਲਈ ਆਹਰੇ ਲੱਗੀਆਂ ਹੋਈਆਂ ਨੇ। ਦੇਹ ਨੂੰ ਨਸ਼ਿਆਂ ’ਚ ਗਾਲ਼ ਕੇ ਉਨ੍ਹਾਂ ਦਾ ਕਰਜ਼ਾ ਕਦੋਂ ਉਤਾਰੋਗੇ? ਸਰਾਧਾਂ ਦੇ ਦਿਨਾਂ ਵਿਚ ਪਿੱਤਰ ਆਪਣੇ ਆਪਣੇ ਘਰਾਂ ਨੂੰ ਮੁੜਦੇ ਨੇ, ਆਪਣੇ ਵਾਰਸਾਂ ਅਤੇ ਕੁਲ ਦੇ ਦੀਵਿਆਂ ਨੂੰ ਦੇਖਣ ਲਈ। ਤੁਹਾਨੂੰ ਨਸ਼ੇ ਵਿਚ ਧੁੱਤ ਦੇਖ ਕੇ ਉਹ ਕਿੱਡੇ ਉਦਾਸ ਮੁੜਦੇ ਹੋਣਗੇ। ਸਾਹ, ਸਾਹ ਨਾਲ ਸੁੱਖ ਮਨਾਉਂਦੇ ਮਾਪਿਆਂ ਦੇ ਬੈਠਿਆਂ ਜਦੋਂ ਪੁੱਤਰ ਤੁਰ ਜਾਣ ਤਾਂ ਉਹ ਨਾ ਮਰਿਆਂ ’ਚ ਤੇ ਨਾ ਜਿਊਂਦਿਆਂ ’ਚ ਰਹਿ ਜਾਂਦੇ ਨੇ। ਭੈਣਾਂ ਦੀ ਤਾਂ ਤਾਕਤ ਹੀ ਭਰਾ ਹੁੰਦੇ ਨੇ। ਜਦੋਂ ਮੇਰਾ ਭਰਾ ਮਰਿਆ ਸੀ ਤਾਂ ਮੈਂ ਰੋ-ਰੋ ਕੇ ਹਾਕਾਂ ਮਾਰੀਆਂ ਸੀ ਕਿ ‘‘ਮੈਨੂੰ ਮਰੀ ਪਈ ਨੂੰ ਆਜੂ ਦੁਪਹਿਰਾ, ਵੇ ਭੁੱਲਗੇ ਜੇ ਚੇਤੇ ਵਾਲਿਆ’’ ਕਿਉਂਕਿ ਭਰਾ ਦੇ ਕਫ਼ਨ ਲਿਆਉਣ ਤੋਂ ਮਗਰੋਂ ਹੀ ਭੈਣ ਦੀ ਅਰਥੀ ਉੱਠਦੀ ਹੈ। ਉਨ੍ਹਾਂ ਮਛੋਹਰਾਂ ਨੂੰ ਕੌਣ ਗਲ ਲਾਊ, ਕੌਣ ਅੱਥਰੂ ਪੂੰਝੂ ਜਿਨ੍ਹਾਂ ਦੇ ਪਿਓ ਨਸ਼ੇ ਨੇ ਖਾ ਲਏ।
ਨਸ਼ੇ ਛੱਡਣਾ ਔਖਾ ਕੰਮ ਨਹੀਂ। ਅਨੇਕਾਂ ਨਸ਼ਾ ਛੁਡਾਊ ਕੇਂਦਰ ਤੁਹਾਡੀ ਮਦਦ ਕਰ ਸਕਦੇ ਨੇ। ਉੱਥੇ ਜਾਣਾ ਸ਼ਰਮ ਦੀ ਗੱਲ ਨਹੀਂ, ਸਿਆਣਪ ਦੀ ਗੱਲ ਹੈ। ਖੁਸ਼ਕਿਸਮਤ ਨੇ ਉਹ ਮਾਪੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੀ ਭਿਆਨਕਤਾ ਤੋਂ ਬਚੇ ਹੋਏ ਨੇ।

ਦਲੀਪ ਕੌਰ ਟਿਵਾਣਾ

ਇਹ ਇੱਕ ਸੱਚੀ ਘਟਨਾ ਹੈ

by Sandeep Kaur March 14, 2020

ਬੀਰਇੰਦਰ, ਜਿਸ ਨੂੰ ਅਸੀਂ ਸਾਰੇ ਵੀਰਾ ਆਖਦੇ, ਬੰਗਲਾ ਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ। ਵਿਧਵਾ ਮਾਂ ਦਾ ਇਕੱਲਾ ਪੁੱਤ, ਬੇਜੀ ਲਈ ਬਹੁਤ ਔਖਾ ਵੇਲਾ ਸੀ। ਉਹ ਸਾਰਾ ਵੇਲਾ ਪਾਠ ਕਰ ਕੇ ਅਰਦਾਸਾਂ ਕਰਦੇ ਰਹਿੰਦੇ। ਰੱਬ ਨੂੰ ਧਿਆਉਂਦੇ, ਸੁੱਖਣਾ ਸੁੱਖਦੇ, ਵੀਰੇ ਦੀ ਖੈਰ ਮੰਗਦੇ ਰਹਿੰਦੇ। ਪੰਜਾਂ ਭੈਣਾਂ ਦਾ ਇਕੱਲਾ ਭਰਾ ਸੀ। ਮੈਂ ਸਭ ਤੋਂ ਵੱਡੀ ਸੀ। ਬਾਪੂ ਜੀ ਦੀ ਮੌਤ ਤੋਂ ਮਗਰੋਂ ਮੈਂ ਹੀ ਉਸ ਨੂੰ ਬਹੁਤ ਸੰਭਾਲਿਆ ਸੀ, ਕਿਉਂਕਿ ਬੇਜੀ ਪਹਿਲਾਂ ਬਹੁਤ ਬਿਮਾਰ ਹੋ ਗਏ ਸਨ, ਮਗਰੋਂ ਸਭ ਕੁਝ ਛੱਡ ਛੁਡਾ ਕੇ ਕੇ ਰੱਬ ਵਾਲੇ ਪਾਸੇ ਲੱਗ ਗਏ ਸਨ।
ਮੇਰੇ ਨਾਲ ਵੀਰੇ ਦਾ ਮੋਹ ਦਾ ਰਿਸ਼ਤਾ ਅਜਿਹਾ ਹੋ ਗਿਆ ਕਿ ਉਸ ਦੇ ਦੂਰ ਬੈਠੇ ਦੀ ਵੀ ਮੈਨੂੰ ਖਬਰ ਸੂਰਤ ਰਹਿੰਦੀ। ਕਦੇ ਉਹ ਬਿਮਾਰ ਹੁੰਦਾ, ਮੈਂ ਪਹੁੰਚ ਜਾਂਦੀ ਤਾਂ ਉਹ ਹੈਰਾਨ ਹੰਦਾ ਕਿ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ।
ਬੇਜੀ ਉਸ ਨੂੰ ਫੌਜ ਵਿੱਚ ਨਹੀਂ ਸੀ ਜਾਣ ਦੇਣਾ ਚਾਹੁੰਦੇ, ਪਰ ਉਹ ਜ਼ਿੱਦ ਕਰ ਕੇ ਚਲਿਆ ਗਿਆ। ਸਾਨੂੰ ਇੱਕ ਤਸੱਲੀ ਸੀ ਕਿ ਉਸ ਨਾਲ ਉਸ ਦੀ ਪਲਟਨ ਵਿੱਚ ਉਸ ਦੇ ਭਰਾਵਾਂ ਵਰਗਾ ਮੇਜਰ ਗੁਰਦੀਪ ਸੀ। ਕਈ ਵਾਰੀ ਵੀਰਾ ਘਰ ਫੋਨ ਕਰਨੋ ਜਾਂ ਖ਼ਤ ਲਿਖਣੋ ਖੁੰਜ ਜਾਂਦਾ ਤਾਂ ਮੈਂ ਗੁਰਦੀਪ ਨੂੰ ਪੁੱਛਦੀ, ਵੀਰੇ ਦਾ ਕੀ ਹਾਲ ਹੈ।
ਬੰਗਲਾ ਦੇਸ਼ ਦੀ ਲੜਾਈ ਜ਼ੋਰਾਂ ‘ਤੇ ਸੀ। ਦਸਾਂ ਦਿਨਾਂ ਤੋਂ ਵੀਰੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਕਿਸੇ ਤਾਰ ਦਾ, ਕਿਸੇ ਖ਼ਤ ਦਾ ਕੋਈ ਜਵਾਬ ਨਹੀਂ ਸੀ ਆ ਰਿਹਾ। ਬੇਜੀ ਪਾਠ ਤਾਂ ਕਰਦੇ ਹੀ ਸਨ, ਹੁਣ ਵਿੱਚ ਵਿੱਚ ਰੋ ਵੀ ਪੈਂਦੇ ਸਨ। ਉਹ ਸੋਚਦੇ ਸਨ, ਘਰ ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਪਤਾ ਲੈਣ ਭੇਜ ਦਿੰਦੀ। ਧੀਆਂ ਵਾਲਾ ਘਰ ਹੈ, ਛੱਡ ਕੇ ਮੈਂ ਆਪ ਵੀ ਨਹੀਂ ਜਾ ਸਕਦੀ।
ਫੇਰ ਇੱਕ ਦਿਨ ਖਬਰ ਆਈ ਕਿ ਲੜਾਈ ਖਤਮ ਹੋ ਗਈ ਹੈ। ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਤੀਸਰੇ ਦਿਨ ਹੀ ਵੀਰਾ ਤੇ ਗੁਰਦੀਪ ਪਟਿਆਲੇ ਪਹੁੰਚ ਗਏ। ਬੇਜੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ।
ਚਾਹ ਪੀਂਦਿਆਂ ਮੈਂ ਵੀਰੇ ਅਤੇ ਗੁਰਦੀਪ ਨੂੰ ਦੱਸਿਆ ਕਿ ਮੈਨੂੰ ਇੱਕ ਰਾਤ ਸੁਪਨਾ ਆਇਆ ਸੀ ਕਿ ਵੀਰਾ ਕਿਧਰੇ ਖੋ ਗਿਆ ਹੈ। ਮੈਂ ਉੱਚੀ-ਉੱਚੀ ਰੋ ਕੇ ਹਾਕਾਂ ਮਾਰੀਆਂ। ਮੈਂ ਬੜੀ ਡਰ ਗਈ ਸੀ। ਫਿਰ ਨਿੱਕਾ ਜਿਹਾ ਵੀਰਾ ਇੱਕ ਦਰੱਖਤ ਤੋਂ ਬੋਲਿਆ, ”ਭੈਣ ਜੀ ਕਿਉਂ ਲੱਭਦੇ ਫਿਰਦੇ ਹੋ, ਮੈਂ ਇਥੇ ਦਰੱਖਤ ਉਪਰ ਬੈਠਾ ਹਾਂ।” ਤੇ ਉਹ ਹੱਸ ਪਿਆ। ਮੇਰੀ ਜਾਗ ਖੁੱਲ੍ਹੀ ਤਾਂ ਸੁਪਨਾ ਮੈਨੂੰ ਯਾਦ ਸੀ। ਮੈਨੂੰ ਅੱਜ ਵੀ ਉਹਦੇ ਖੋ ਜਾਣ ਦੀ ਘਬਰਾਹਟ ਸੀ।
ਗੁਰਦੀਪ ਬੋਲਿਆ, ”ਕਮਾਲ ਐ ਭੈਣ ਜੀ, ਤੁਹਾਨੂੰ ਕੀ ਦੱਸੀਏ। ਅੱਗੇ ਰਾਤ ਵੇਲੇ ਲੜਾਈ ਥੰਮ੍ਹ ਜਾਂਦੀ ਹੁੰਦੀ ਸੀ, ਪਰ ਉਸ ਦਿਨ ਰਾਤ ਤੱਕ ਚਲਦੀ ਰਹੀ। ਸਾਡੇ ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਸਨ। ਮੈਂ ਤੇ ਵੀਰਾ ਭੱਜ ਕੇ ਇੱਕ ਰੁਖ ਉਤੇ ਚੜ੍ਹ ਗਏ। ਮੈਂ ਵੀਰੇ ਨੂੰ ਆਖਿਆ ਕਿ ਵੀਰੇ ਮਰੀਂ ਨਾ, ਨਹੀਂ ਤਾਂ ਮੈਂ ਭੈਣ ਜੀ ਨੂੰ ਕੀ ਜਵਾਬ ਦਿਆਂਗਾ।” ਮੈਂ ਹੈਰਾਨ ਹੋ ਕੇ ਗੁਰਦੀਪ ਦੀ ਗੱਲ ਸੁਣ ਸਹੀ ਸੀ।
ਇਸ ਤੋਂ ਮਗਰੋਂ ਵੀਰਾ ਦੱਸਣ ਲੱਗਿਆ, ”ਇੱਕ ਹੋਰ ਗੱਲ ਹੋਈ। ਲੜਾਈ ਬੜੀ ਘਮਸਾਨ ਦੀ ਹੋ ਰਹੀ ਸੀ। ਅਗਾਂਹ ਵਧਦੇ ਵਧਦੇ ਦੋਵਾਂ ਪਾਸਿਆਂ ਦੇ ਫੌਜੀ ਆਪੋ ਵਿੱਚ ਭਿੜਨ ਤੱਕ ਆਣ ਪਹੁੰਚੇ। ਬਿਲਕੁਲ ਮੇਰੇ ਐਨ ਸਾਹਮਣੇ ਜਿਹੜਾ ਪਾਕਿਸਤਾਨੀ ਬੰਦਾ ਪਿਸਤੌਲ ਚਲਾਉਣ ਲੱਗਿਆ ਸੀ, ਅਚਾਨਕ ਉਸ ਨੇ ਪਿਸਤੌਲ ਹੇਠਾਂ ਕਰ ਲਿਆ। ਉਸ ਦਾ ਧਿਆਨ ਮੇਰੀ ਜੇਬ ‘ਤੇ ਲੱਗੇ ਕੈਪਟਨ ਬੀ ਐਸ ਟਿਵਾਣਾ ਵਾਲੇ ਫੀਤੇ ਉਤੇ ਸੀ। ਉਸੇ ਵੇਲੇ ਮੈਂ ਉਸ ਦੇ ਵੱਲ ਧਿਆਨ ਨਾਲ ਵੇਖਿਆ, ਉਸ ਦੀ ਜੇਬ ਉਪਰਲੇ ਫੀਤੇ ਉਤੇ ਕਰਨਲ ਏ ਐੱਸ ਟਿਵਾਣਾ ਲਿਖਿਆ ਹੋਇਆ ਸੀ। ਮੈਂ ਆਪਣੀ ਏ ਕੇ ਸੰਤਾਲੀ ਰਾਈਫਲ ਦਾ ਮੂੰਹ ਹੇਠਾਂ ਕਰ ਲਿਆ। ਉਹ ਐਨ ਮੇਰੇ ਨੇੜੇ ਆ ਗਿਆ ਸੀ। ਉਸ ਦੇ ਪੈਰ ਵਿੱਚ ਗੋਲੀ ਵੱਜੀ ਹੋਈ ਸੀ, ਜਿਸ ਕਰ ਕੇ ਉਸ ਦਾ ਬੂਟ ਫਟ ਗਿਆ ਸੀ ਤੇ ਪੈਰ ਵਿੱਚੋਂ ਲਹੂ ਵਗ ਰਿਹਾ ਸੀ। ਮੈਂ ਆਪਣੇ ਬੂਟ ਖੋਲ੍ਹ ਕੇ ਉਸ ਵੱਲ ਕਰਦਿਆਂ ਆਖਿਆ; ਸਰ, ਤੁਸੀਂ ਇਹ ਪਾ ਲਵੋ। ਨਾਲ ਹੀ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਦਿੱਤਾ ਅਤੇ ਆਖਿਆ ਕਿ ਇਸ ਨੂੰ ਘੁੱਟ ਕੇ ਜ਼ਖਮ ਉਤੇ ਬੰਨ੍ਹ ਲਓ। ਉਸ ਨੇ ਰੁਮਾਲ ਬੰਨ੍ਹ ਲਿਆ ਤੇ ਬੂਟ ਪਾ ਲਏ। ਇਸ ਵੇਲੇ ਤੱਕ ਲੜਾਈ ਥਮ ਗਈ ਤੇ ਫੌਜੀ ਆਪਣੇ ਆਪਣੇ ਟਿਕਾਣਿਆਂ ਵੱਲ ਮੁੜ ਰਹੇ ਸਨ। ਉਸ ਨੇ ਆਪਣਾ ਪਿਸਟਲ ਮੈਨੂੰ ਦਿੰਦਿਆਂ ਆਖਿਆ ਕਿ ਇਹ ਤੂੰ ਰੱਖ ਲੈ। “ਸਰ ਤੁਹਾਨੂੰ ਲੋੜ ਪਵੇਗੀ” ਮੈਂ ਆਖਿਆ ਸੀ। ਕਰਨਲ ਨੇ ਕਿਹਾ ਸੀ ਕਿ ਕੋਈ ਨਹੀਂ, ਇਹ ਤੂੰ ਮੇਰੀ ਨਿਸ਼ਾਨੀ ਰੱਖ ਲੈ, ਆਪਾਂ ਕਦੇ ਫਿਰ ਅਮਨ ਵੇਲੇ ਮਿਲਾਂਗੇ।”
“ਫੇਰ ਭੈਣ ਜੀ ਵੀਰੇ ਦੀ ਸੀ ਓ ਵੱਲੋਂ ਐਕਸਪਲਾਂਨੇਸ਼ਨ ਹੋਈ ਕਿ ਤੂੰ ਦੁਸ਼ਮਣ ਨੂੰ ਬੂਟ ਕਿਉਂ ਦਿੱਤੇ ਤੇ ਵੀਰੇ ਨੇ ਭੋਲੇ-ਭਾਅ ਆਖਿਆ ਸੀ ਕਿ ਉਹ ਦੇ ਨਾਲ ਮੇਰੀ ਕਾਹਦੀ ਦੁਸ਼ਮਣੀ ਸੀ?” ਗੁਰਦੀਪ ਨੇ ਦੱਸਿਆ।
ਅੱਜ ਜਦੋਂ ਵੀਰਾ ਨਹੀਂ ਰਿਹਾ ਅਤੇ ਉਹ ਕਰਨਲ ਏ ਐੱਸ ਟਿਵਾਣਾ ਵੀ ਨਹੀਂ ਰਿਹਾ ਤਾਂ ਇਹ ਦੁੱਖ ਵੀ ਲੱਗਦਾ ਹੈ ਕਿ ਅਮਨ ਵੇਲੇ ਮਿਲਣ ਦੀ ਇੱਛਾ ਨਾ ਸਿਰਫ ਦੋ ਟਿਵਾਣਿਆਂ ਦੀ ਸੀ, ਨਾ ਸਿਰਫ ਦੋ ਫੌਜੀਆਂ ਦੀ ਸੀ, ਸਗੋਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਸੀ ਅਤੇ ਹੈ ਵੀ।
“ਜੇ ਲੜਾਈ ਕੋਈ ਵੀ ਨਹੀਂ ਚਾਹੁੰਦਾ, ਫੇਰ ਹੁੰਦੀਆਂ ਕਿਉਂ ਨੇ?” ਬੇਜੀ ਨੇ ਪੁੱਛਿਆ।
“ਲੜਾਈਆਂ ਸਰਕਾਰਾਂ ਕਰਵਾਉਂਦੀਆਂ ਨੇ, ਕਿਉਂਕਿ ਉਨ੍ਹਾਂ ਦੇ ਪੁੱਤ ਨਾ ਲੜਾਈਆਂ ਵਿੱਚ ਜਾਂਦੇ ਨੇ, ਨਾ ਲੜਾਈਆਂ ਵਿੱਚ ਮਰਦੇ ਨੇ ।” ਮੇਰਾ ਜਵਾਬ ਸੀ।
ਇਹ ਗੱਲ ਮੈਂ ਪਾਕਿਸਤਾਨੀ ਲੇਖਿਕਾ ਅਫਜ਼ਲ ਤੌਸੀਫ ਨੂੰ ਵੀ ਦੱਸੀ ਸੀ।

ਦਲੀਪ ਕੌਰ ਟਿਵਾਣਾ

ਤੇਰਾ ਕਮਰਾ ਮੇਰਾ ਕਮਰਾ

by Sandeep Kaur March 12, 2020

ਦਫ਼ਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ–ਨਾਲ ਹਨ । ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ । ਦੋਵਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ । ਦੀਵਾਰ ਬੜੀ ਪਤਲੀ ਜਿਹੀ ਹੈ । ਭੁੱਲ ਭੁਲੇਖੇ ਵੀ ਜੇ ਉਧਰ ਤੇਰਾ ਹੱਥ ਵਜਦਾ ਹੈ ਤਾਂ ਆਵਾਜ਼ ਮੇਰੇ ਕਮਰੇ ਵਿਚ ਪਹੁੰਚ ਜਾਂਦੀ ਹੈ । ਇਕ ਦਿਨ ਖ਼ਬਰੇ ਕੋਈ ਇਸ ਦੀਵਾਰ ਵਿਚ ਤੇਰੇ ਵਾਲੇ ਪਾਸੇ ਕਿੱਲ ਗੱਡ ਰਿਹਾ ਸੀ , ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧਮਕ ਰਹੀਆਂ ਸਨ । ਮੈਂ ਉਠ ਕੇ ਬਾਹਰ ਗਈ ਕਿ ਦੇਖਾਂ , ਪਰ ਤੇਰੇ ਕਮਰੇ ਦੇ ਬੂਹੇ ਉਤੇ ਭਾਰੀ ਪਰਦਾ ਲਟਕ ਰਿਹਾ ਸੀ । ਮੈਂ ਪਰਤ ਆਈ । ਅੱਜ ਕਲ੍ਹ ਲੋਕੀਂ ਆਮ ਹੀ ਬੂਹੇ ਬਾਰੀਆਂ ਉਤੇ ਭਾਰੇ ਪਰਦੇ ਲਾਈ ਰਖਦੇ ਹਨ , ਤਾਂ ਜੋ ਬਾਹਰੋਂ ਕਿਸੇ ਨੂੰ ਕੁਝ ਨਾ ਦਿੱਸੇ । ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਹੈ , ਮੈਨੂੰ ਖਿਆਲ ਆਇਆ ।

ਕਦੇ ਕਦੇ ਜਦੋਂ ਕਿਸੇ ਗੱਲੋਂ ਤੂੰ ਚਪੜਾਸੀ ਨਾਲ ਉੱਚਾ ਬੋਲਦਾ ਹੈਂ , ਮੈਂ ਕੰਮ ਕਰਦੀ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਹਾਂ । ਮੇਰਾ ਮਨ ਕਰਦਾ ਹੈ ਤੈਨੂੰ ਪੁੱਛਾਂ , ” ਕੀ ਗੱਲ ਹੋਈ ?” ਪਰ ਫਿਰ ਖ਼ਿਆਲ ਆਉਂਦਾ ਹੈ , ਤੈਨੂੰ ਸ਼ਾਇਦ ਇਹ ਚੰਗਾ ਨਾ ਲੱਗੇ ਕਿ ਜਦੋਂ ਤੂੰ ਚਪੜਾਸੀ ਨਾਲ ਉੱਚਾ ਬੋਲ ਰਿਹਾਂ ਸੈਂ ਤਾਂ ਮੈਂ ਸੁਣ ਰਹੀ ਸਾਂ । ਤੈਨੂੰ ਤਾਂ ਇਸ ਗੱਲ ਦਾ ਖ਼ਿਆਲ ਵੀ ਨਹੀਂ ਰਹਿੰਦਾ ਕਿ ਤੂੰ ਡੂੰਘਾ ਸਾਹ ਵੀ ਭਰੇਂ ਤਾਂ ਨਾਲ ਦੇ ਕਮਰੇ ਵਿਚ ਸੁਣਾਈ ਦੇ ਜਾਂਦਾ ਹੈ ।

ਇਕ ਦਿਨ ਕੰਮ ਕਰਦਿਆਂ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ । ਨਿੱਬ ਵਿੰਗੀ ਹੋ ਗਈ । ਉਸ ਦਿਨ ਮੈਨੂੰ ਖ਼ਿਆਲ ਆਇਆ ਸੀ ਤੇਰੇ ਕਮਰੇ ਵਿਚੋਂ ਕੋਈ ਕਲਮ ਮੰਗਵਾਂ ਲਵਾਂ । ਪਰ ਇਸ ਡਰੋਂ ਕਿ ਖ਼ਬਰੇ ਤੂੰ ਆਖ ਭੇਜੇਂ ਕਿ ਮੇਰੇ ਕੋਲ ਵਾਧੂ ਕਲਮ ਨਹੀਂ , ਮੈਂ ਇਹ ਹੌਸਲਾ ਨਾ ਕਰ ਸਕੀ । ਬਹੁਤ ਵਾਰੀ ਇਓਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਹਾਂ ਤੇ ਆਪ ਹੀ ਉਸ ਦਾ ਜਵਾਬ ਦੇ ਲੈਂਦੇ ਹਾਂ ।

ਕਦੇ ਕਦੇ ਮੈਂ ਸੋਚਦੀ ਹਾਂ ਕਿ ਜੇ ਭਲਾ ਦੋਹਾਂ ਕਮਰਿਆਂ ਦੇ ਵਿਚਕਾਰਲੀ ਇਹ ਦੀਵਾਰ ਟੁੱਟ ਜਾਵੇ । ਪਰ ਇਸ ਨਾਲ ਤੇਰਾ ਕਮਰਾ ਸਾਬਤ ਨਹੀਂ ਰਹਿ ਜਾਵੇਗਾ , ਮੇਰਾ ਕਮਰਾ ਵੀ ਸਾਬਤ ਨਹੀਂ ਰਹਿ ਜਾਵੇਗਾ । ਫਿਰ ਤਾਂ ਇਓਂ ਹੀ ਲਗਿਆ ਕਰੇਗਾ ਜਿਵੇਂ ਖੁਲ੍ਹਾ ਸਾਰਾ, ਵੱਡਾ ਜਿਹਾ ਇਕੋ ਕਮਰਾ ਹੋਵੇ । ਪਰ ਇਓਂ ਕਰਨਾ ਸ਼ਾਇਦ ਠੀਕ ਨਾ ਹੋਵੇ । ਬਣਾਉਣ ਵਾਲੇ ਨੇ ਕੁਝ ਸੋਚ ਕੇ ਹੀ ਇਹ ਵਖੋ ਵਖ ਕਮਰੇ ਬਣਾਏ ਹੋਣੇ ਨੇ ।

ਕਦੇ ਕਦੇ ਮੈਨੂੰ ਇਓਂ ਲਗਦਾ ਹੈ ਜਿਵੇਂ ਮੈਂ ਇਸ ਪੱਕੀ ਸੀਮਿੰਟ ਦੀਵਾਰ ਦੇ ਵਿਚੋਂ ਦੀ ਦੇਖ ਸਕਦੀ ਹਾਂ । ਤਦ ਹੀ ਤਾਂ ਮੈਨੂੰ ਪਤਾ ਲਗ ਜਾਂਦਾ ਹੈ ਕਿ ਅੱਜ ਤੂੰ ਕੰਮ ਨਹੀਂ ਕਰ ਰਿਹਾ । ਕਦੇ ਛੱਤ ਵਲ ਤੱਕਣ ਲਗ ਜਾਂਦਾ ਏਂ ਤੇ ਕਦੇ ਹੱਥ ਦੀਆਂ ਲਕੀਰਾਂ ਵਲ । ਕਦੇ ਫ਼ਾਈਲਾਂ ਖੋਲ੍ਹ ਲੈਂਦਾ ਏਂ । ਕਦੇ ਬੰਦ ਕਰ ਦੇਂਦਾ ਏਂ । ਕਦੇ ਬੂਟ ਲਾਹ ਲੈਂਦਾ ਏਂ ਤੇ ਕਦੇ ਪਾ ਲੈਂਦਾ ਏਂ ।

ਕਦੇ ਕਦੇ ਤੂੰ ਬਹੁਤ ਖੁਸ਼ ਹੋ ਰਿਹਾ ਹੁੰਦਾ ਏਂ । ਉਦੋਂ ਮੇਜ਼ ਉਤੇ ਪਏ ਪੇਪਰਵੇਟ ਨੂੰ ਘੁਮਾਉਣ ਲਗ ਜਾਂਦਾ ਏਂ , ਹੌਲੀ ਹੌਲੀ ਸੀਟੀ ਮਾਰਦਾ ਏਂ । ਇਸ ਕੰਧ ਉਤੇ ਹੱਥ ਲਾ ਕੇ ਕੁਰਸੀ ਉਤੇ ਬੈਠਾ , ਧਰਤੀ ਉਤੋਂ ਪੈਰ ਚੁੱਕ ਲੈਂਦਾ ਏਂ, ਉਸ ਵੇਲੇ ਮੈਂ ਇਧਰ ਜ਼ਰਾ ਵੀ ਖੜਾਕ ਨਹੀਂ ਹੋਣ ਦੇਂਦੀ ਮਤਾਂ ਤੂੰ ਚੌਂਕ ਪਵੇਂ ।

ਕਦੇ ਕਦੇ ਆਉਣ ਜਾਣ ਵੇਲੇ ਤੂੰ ਮੈਨੂੰ ਕਮਰੇ ਤੋਂ ਬਾਹਰ ਮਿਲ ਪੈਂਦਾ ਏਂ । ‘ ਸੁਣਾਓ ਕੀ ਹਾਲ ਹੈ ?’ ਤੂੰ ਪੁਛੱਦਾ ਏਂ ।
“ਠੀਕ ਹੈ ” , ਮੈਂ ਜ਼ਰਾ ਕੁ ਹੱਸ ਕੇ ਆਖਦੀ ਹਾਂ । ਤੇ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ । ਨਾ ਉਹ ਕਮਰਾ ਇਧਰ ਆ ਸਕਦਾ ਹੈ , ਨਾ ਇਹ ਕਮਰਾ ਉਧਰ ਜਾ ਸਕਦਾ ਹੈ । ਦੋਹਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ ।

ਇਕ ਦਿਨ ਮੇਰੇ ਕਮਰੇ ਵਿਚ ਚਲਦਾ ਚਲਦਾ ਪੱਖਾ ਬੰਦ ਹੋ ਗਿਆ । ਸ਼ਾਇਦ ਬਿਜਲੀ ਚਲੀ ਗਈ ਸੀ । ਕੁਝ ਮਿੰਟ ਮੈਂ ਉਡੀਕਦੀ ਰਹੀ । ਫਿਰ ਗਰਮੀ ਤੋਂ ਘਬਰਾ ਮੈਂ ਕਮਰੇ ਤੋਂ ਬਾਹਰ ਬਰਾਂਡੇ ਵਿਚ ਆ ਗਈ ਜੋ ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ । ਮੈਨੂੰ ਪਤਾ ਸੀ ਤੇਰੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ । ਫਿਰ ਵੀ ਮੈਂ ਜ਼ਰਾ ਕੁ ਤੇਰੇ ਕਮਰੇ ਅੰਦਰ ਝਾਕ ਕੇ ਪੁੱਛਿਆ , ‘ ਤੁਹਾਡਾ ਪੱਖਾ ਚਲਦਾ ਹੈ ? ‘ ਮੇਰਾ ਭਾਵ ਸੀ ਜੇ ਨਹੀਂ ਚਲਦਾ ਤਾਂ ਤੂੰ ਵੀ ਸਾਂਝੇ ਬਰਾਂਡੇ ਆ ਜਾਵੇਂ । ਜਦੋਂ ਅੰਦਰ ਹੁਮਸ ਹੋਵੇ ਪਲ ਦੋ ਪਲ ਲਈ ਬਾਹਰ ਆ ਜਾਣ ਵਿਚ ਕੋਈ ਡਰ ਨਹੀਂ ਹੁੰਦਾ ।
“ਨਹੀਂ ਪੱਖਾ ਤਾਂ ਨਹੀਂ ਚਲਦਾ , ਪਰ ਮੈਂ ਪਿਛਲੀ ਬਾਰੀ ਖੋਲ੍ਹ ਲਈ ਹੈ”, ਤੂੰ ਆਖਿਆ । ਪਰ ਮੈਨੂੰ ਖ਼ਬਰੇ ਪਿਛਲੀ ਬਾਰੀ ਦਾ ਖ਼ਿਆਲ ਹੀ ਨਹੀਂ ਸੀ ਆਇਆ ਇਸੇ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ ।

ਵਿਚਕਾਰ ਭਾਵੇਂ ਦੀਵਾਰ ਹੈ ਫਿਰ ਵੀ ਜਿਸ ਦਿਨ ਤੂੰ ਦਫ਼ਤਰ ਨਾ ਆਵੇਂ , ਆਪਣੇ ਕਮਰੇ ਵਿਚ ਨਾ ਬੈਠਾ ਹੋਵੇਂ , ਮੈਨੂੰ ਕੁਝ ਅਜੀਬ ਅਜੀਬ ਜਿਹਾ ਲਗਦਾ ਹੈ । ਉਸ ਦਿਨ ਮੈਂ ਕਈ ਵਾਰੀ ਘੜੀ ਦੇਖਦੀ ਹਾਂ । ਮੈਂ ਕਈ ਵਾਰੀ ਪਾਣੀ ਪੀਂਦੀ ਹਾਂ । ਲੋਕਾਂ ਨੂੰ ਟੈਲੀਫੂਨ ਕਰਦੀ ਰਹਿੰਦੀ ਹਾਂ । ਇੱਕਠਾ ਹੋਇਆ ਪਿਛਲਾ ਕੰਮ ਵੀ ਮੁਕਾ ਸੁਟਦੀ ਹਾਂ । ਅਜ ਸਾਹਬ ਨਹੀਂ ਆਏ ? ਉਧਰੋਂ ਲੰਘਦੀ ਤੇਰੇ ਚਪੜਾਸੀ ਨੂੰ ਪੁਛਦੀ ਹਾਂ । ਫਿਰ ਉਹ ਆਪ ਹੀ ਦਸ ਦਿੰਦਾ ਹੈ ਕਿ ਸਾਹਬ ਬਾਹਰ ਗਏ ਹੋਏ ਹਨ , ਕਿ ਸਾਹਬ ਦੇ ਰਿਸ਼ਤੇਦਾਰ ਆਏ ਹੋਏ ਹਨ , ਕਿ ਸਾਹਬ ਦੀ ਤਬੀਅਤ ਠੀਕ ਨਹੀਂ , ਕਿ ਸਾਹਬ ਨੇ ਕਿੰਨੇ ਦਿਨ ਦੀ ਛੁੱਟੀ ਲਈ ਹੈ ।

ਇਨ੍ਹਾਂ ਦਿਨਾਂ ਵਿਚ ਮੈਨੂੰ ਬੜੀਆਂ ਫ਼ਜ਼ੂਲ ਫ਼ਜ਼ੂਲ ਗੱਲਾਂ ਸੁਝਦੀਆਂ ਰਹਿੰਦੀਆਂ ਨੇ , ਕਿ ਅੱਜ ਤੋਂ ਸੌ ਸਾਲ ਪਹਿਲੇ ਇਸ ਕਮਰੇ ਵਿਚ ਕੌਣ ਬੈਠਦਾ ਹੋਵੇਗਾ ? ਨਾਲ ਵਾਲੇ ਕਮਰੇ ਵਿਚ ਵੀ ਕੋਈ ਬੈਠਦਾ ਹੋਵੇਗਾ ? ਅੱਜ ਤੋਂ ਸੌ ਸਾਲ ਨੂੰ ਇਸ ਕਮਰੇ ਵਿਚ ਕੌਣ ਬੈਠਾ ਹੋਵੇਗਾ । ਨਾਲ ਵਾਲੇ ਕਮਰੇ ਵਿਚ ਕੌਣ ਬੈਠਾ ਹੋਵੇਗਾ ? ਬੰਦੇ ਮਰ ਕਾਹਤੋਂ ਜਾਂਦੇ ਨੇ ? ਫੇਰ ਖ਼ਿਆਲ ਆਉਂਦਾ ਹੈ , ਬੰਦੇ ਪੈਦਾ ਕਾਹਤੋਂ ਹੁੰਦੇ ਨੇ ? ਤੇ ਫਿਰ ਇਨ੍ਹਾਂ ਗੱਲਾਂ ਤੋਂ ਘਬਰਾ ਕੇ ਮੈਂ ਦਫ਼ਤਰ ਵਿਚ ਕੰਮ ਕਰਨ ਵਾਲੀਆਂ ਹੋਰਨਾਂ ਨੂੰ ਮਿਲਣ ਤੁਰੀ ਰਹਿੰਦੀ ਹਾਂ ।
“ਆਏ ਨਹੀਂ ਇੰਨੇ ਦਿਨ ?” ਪਤਾ ਹੋਣ ਦੇ ਬਾਵਜੂਦ ਮੈਂ ਤੈਨੂੰ ਪੁਛੱਦੀ ਹਾਂ ।
“ਬੀਮਾਰ ਸੀ”, ਤੂੰ ਆਖਦਾ ਹੈਂ ।
“ਹੁਣ ਤਾਂ ਠੀਕ ਹੋ ?”
“ਹਾਂ ਠੀਕ ਹਾਂ , ਮਿਹਰਬਾਨੀ”, ਆਖ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ ਚਲੀ ਜਾਂਦੀ ਹਾਂ । ਤੂੰ ਆਪਣਾ ਕੰਮ ਕਰਨ ਲਗ ਜਾਂਦਾ ਏਂ ਤੇ ਮੈਂ ਆਪਣਾ ।
ਇਕ ਵਾਰੀ ਮੈਂ ਕਈ ਦਿਨ ਛੁੱਟੀ ਉਤੇ ਰਹੀ ।
“ਬੀਬੀ ਜੀ ਆ ਨਹੀਂ ਰਹੇ ?” , ਤੂੰ ਮੇਰੇ ਚਪੜਾਸੀ ਨੂੰ ਪੁਛਿੱਆ ।
“ਉਹ ਜੀ ਬੀਮਾਰ ਨੇ”, ਉਸ ਨੇ ਦਸਿਆ ।
“ਅੱਛਾ…..ਅੱਛਾ …” ਆਖ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ ।
ਘਰ ਡਾਕ ਦੇਣ ਆਏ ਚਪੜਾਸੀ ਨੇ ਮੈਨੂੰ ਇਹ ਦਸਿਆ । ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘੱਟ ਸੀ ਮੈਂ ਦਫ਼ਤਰ ਆ ਗਈ ।

ਤੈਨੂੰ ਸ਼ਾਇਦ ਪਤਾ ਨਹੀਂ ਸੀ । ਉਸ ਦਿਨ ਤੂੰ ਦੋ ਤਿੰਨ ਵਾਰ ਚਪੜਾਸੀ ਨੂੰ ਡਾਂਟਿਆ । ਕਈ ਵਾਰ ਕਾਗਜ਼ ਪਾੜੇ, ਜਿਵੇਂ ਗ਼ਲਤ ਲਿਖਿਆ ਗਿਆ ਹੋਵੇ । ਇਕ ਦੋ ਮਿਲਣ ਆਇਆਂ ਨੂੰ ਵੀ ਕਹਾ ਭੇਜਿਆ ਕਿ ਕਿਸੇ ਦਿਨ ਫਿਰ ਆਉਣਾ ।
ਕਿਸੇ ਕੰਮ ਤੂੰ ਕਮਰੇ ਤੋਂ ਬਾਹਰ ਗਿਆ । ਮੈਂ ਵੀ ਕਿਸੇ ਕੰਮ ਬਾਹਰ ਨਿਕਲੀ ।
“ਆਏ ਨਹੀਂ ਕਈ ਦਿਨ ?” ਤੂੰ ਜਾਣਦਿਆਂ ਹੋਇਆ ਪੁਛਿਆ,
“ਬੀਮਾਰ ਸੀ ।”
“ਹੁਣ ਤਾਂ ਠੀਕ ਹੋ ? ”
“ਹਾਂ ਠੀਕ ਹਾਂ , ਮਿਹਰਬਾਨੀ”, ਆਖ , ਮੈਂ ਆਪਣੇ ਕਮਰੇ ਵਿਚ ਚਲੀ ਗਈ ਤੇ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ । ਨਾ ਇਹ ਕਮਰਾ ਉਧਰ ਜਾ ਸਕਦਾ ਹੈ , ਨਾ ਉਹ ਕਮਰਾ ਇਧਰ ਆ ਸਕਦਾ ਹੈ । ਦੋਨਾਂ ਦੀ ਆਪਣੀ ਆਪਣੀ ਸੀਮਾ ਹੈ । ਦੋਵਾਂ ਵਿਚਕਾਰ ਇਕ ਦੀਵਾਰ ਹੈ । ਇਕ ਕਮਰਾ ਤੇਰਾ ਹੈ । ਇਕ ਕਮਰਾ ਮੇਰਾ ਹੈ । ਫਿਰ ਵੀ ਮੈਂ ਸੋਚਦੀ ਹਾਂ ਕਿ ਏਨਾ ਵੀ ਕੀ ਘੱਟ ਹੈ ਕਿ ਦੋਨੋਂ ਕਮਰੇ ਨਾਲੋ–ਨਾਲ ਹਨ , ਵਿਚਕਾਰ ਸਿਰਫ ਇਕ ਦੀਵਾਰ ਹੀ ਤਾਂ ਹੈ ।

d

 

ਰੱਬ ਤੇ ਰੁੱਤਾਂ

by Sandeep Kaur March 10, 2020

ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ।
ਰੱਬ ਉਤੇ ਸਵਰਗ ਵਿਚ ਰਹਿੰਦਾ ਸੀ।
ਹੇਠਾਂ ਸਭ ਧੁੰਦੂਕਾਰ ਸੀ।
ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ-ਘੜ ਵੱਲ ਇਕਾਗਰ ਹੋਇਆ ਉਹ ਇਕ ਨਦੀ ਦੇ ਕੰਢੇ ਫਿਰ ਰਿਹਾ ਸੀ।
ਨਦੀ ਭਰ ਜੋਬਨ ਵਿਚ ਵਹਿ ਰਹੀ ਸੀ। ਜ਼ਰੂਰ ਪਹਾੜਾਂ ਵਿਚ ਮੀਂਹ ਪਿਆ ਹੋਣਾ ਏ।
ਫੁੱਲ ਪੌਦਿਆਂ ਦੀਆਂ ਟੀਸੀਆਂ ਉਤੇ ਬੈਠ ਖੰਭ ਫੜਕਾ ਰਹੇ ਸਨ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ।
ਪੰਛੀ ਗਰਦਨਾਂ ਮਟਕਾ ਮਟਕਾ ਉਨ੍ਹਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ ਕਰ ਰਹੇ ਸਨ।
ਬੱਦਲ ਘੋਰਿਆ।
ਰੱਬ ਦੀ ਇਕਾਗਰਤਾ ਭੰਗ ਹੋ ਗਈ।
ਉਸ ਨੇ ਖਿੱਝ ਕੇ ਸਾਰੀਆ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ। ਤੇ ਕਿਹਾ ਵਾਰੀ ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉਤੇ ਪਹਿਰਾ ਦਿਓ।
ਹੁਕਮ ਦੀਆਂ ਬੰਨ੍ਹੀਆਂ ਰੁੱਤਾਂ ਇਸ ਸ੍ਰਿਸ਼ਟੀ ਉਤੇ ਆ ਪਹੁੰਚੀਆਂ। ਮਾਣ ਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਨ੍ਹਾਂ ਤੋਂ ਬਚਣ ਦੇ ਉਪਰਾਲਿਆਂ ਵਿਚ ਲਗੇ, ਖੋਲਾਂ, ਕੰਦਰਾਂ, ਛਪਰੀਆਂ, ਕੋਠੀਆਂ ਤੋਂ ਘਰਾਂ ਬੰਗਲਿਆਂ ਤਕ ਆ ਪਹੁੰਚੇ। ਕਿਸੇ ਰੁੱਤ ਮੀਂਹ ਪੈਂਦਾ, ਦਰਿਆਵਾਂ ਵਿਚ ਹੜ੍ਹ ਆਉਂਦੇ, ਪਿੰਡਾਂ ਦੇ ਪਿੰਡ ਰੁੜ੍ਹ ਜਾਂਦੇ। ਰੁੱਤਾਂ ਲਈ ਇਹ ਵੀ ਇਕ ਸ਼ੁਗਲ ਸੀ ਪਰ ਹੁਣ ਇਨ੍ਹਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਏ ਕਦ ਮੀਂਹ ਪਏਗਾ ਤੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ ਹਨ।
ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖੜ੍ਹੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਏ ਤੇ ਤਰਲੋਮੱਛੀ ਹੁੰਦੇ ਪਹਿਰਾ ਬਦਲ ਜਾਣ ਨੂੰ ਉਡੀਕਦੇ। ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆਂ ਹੀ ਵਗਦੇ ਰਹਿੰਦੇ ਹਨ।
ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ। ਲੋਕ ਯੱਗ ਕਰਦੇ ਹਵਨ ਕਰਦੇ। ਕਿੱਥੇ ਕਿਹੜਾ ਵਿਘਨ ਹੋ ਗਿਆ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬਵੈੱਲ ਲਾ ਲਏ ਸਨ ਮੀਂਹ ਦੀ ਪ੍ਰਵਾਹ ਹੀ ਨਹੀਂ ਸੀ ਕਰਦੇ।
ਰੁੱਤਾਂ ਉਦਾਸ ਹੋ ਗਈਆਂ।
ਉਹ ਰਲ ਕੇ ਰੱਬ ਕੋਲ ਗਈਆਂ।
‘‘ਰਾਮ ਜੀ ਧਰਤੀ ਉਤੇ ਸਾਡੀ ਕੋਈ ਲੋੜ ਨਹੀਂ ਸਾਨੂੰ ਪਰਤ ਆਉਣ ਦੀ ਆਗਿਆ ਦਿਉ।’’
‘‘ਇਹ ਕਿਵੇਂ ਹੋ ਸਕਦਾ ਹੈ?’’ ਰੱਬ ਨੇ ਹੈਰਾਨ ਹੋ ਕੇ ਪੁੱਛਿਆ।’’ ਆਪ ਚੱਲ ਕੇ ਵੇਖ ਲਉ ਬੇਸ਼ੱਕ’‘ ਰੁੱਤਾਂ ਨੇ ਅਰਜ਼ ਗੁਜ਼ਾਰੀ।
ਰੱਬ ਇਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ।
ਵੇਲਾ ਆਥਣ ਦਾ ਸੀ।
ਰੁੱਤ ਬਹਾਰ ਦੀ ਸੀ।
ਅਸਮਾਨ ਉਤੇ ਬੱਦਲ ਘਿਰ ਆਏ।
ਮੋਰਾਂ ਨੇ ਖੰਭ ਖਿਲਾਰ ਕੇ, ਝੂਮ ਝੂਮ ਕੇ, ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉਤੇ ਉਤਰ ਆਉਣ ਲਈ ਕਿਹਾ।
ਜੰਗਲੀ ਫੁੱਲ ਇਕ-ਦੂਜੇ ਵੱਲ ਸੈਨਤਾਂ ਕਰ ਕਰ ਹੱਸ ਰਹੇ ਸਨ।
ਨਿੱਕੇ ਨਿੱਕੇ ਪੰਛੀ, ਫੁੱਲਾਂ ਦੇ ਪੱਤਿਆਂ ਦੇ, ਪਸੀਸਿਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ੍ਹ ਬੰਨ੍ਹ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ।
‘‘ਇਹ ਧਰਤੀ ਤਾਂ ਬੜੀ ਸੁਹਣੀ ਥਾਂ ਏ’’, ਰੱਬ ਨੇ ਬਹਾਰ ਨੂੰ ਆਖਿਆ।
ਏਨੇ ਨੂੰ ਇਕ ਸ਼ਹਿਰ ਆ ਗਿਆ।
ਬੜੀ ਭੀੜ ਸੀ।
ਬੜਾ ਰੌਲਾ ਸੀ।
ਹਰ ਕੋਈ ਹੀ ਜਿਵੇਂ ਗੁਆਚਿਆ ਹੋਇਆ ਸੀ।
ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਲੱਗਦਾ ਨਹੀਂ ਸੀ। ਕਿਸੇ ਦਾ ਕੋਈ ਜਾਣੂ ਨਹੀਂ ਸੀ। ਇੱਥੋਂ ਤਕ ਕਿ ਕਿਸੇ ਦਾ ਕੋਈ ਗਰਾਈਂ ਵੀ ਪ੍ਰਤੀਤ ਨਹੀਂ ਸੀ ਹੁੰਦਾ।
ਚਿੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੀ ਨੂੰ ਬੜੀ ਵਾਰੀ ਦੇਖਦੇ ਸਨ।
‘‘ਕਿਸ ਲਈ?’’ ਉਸ ਨੇ ਬਹਾਰ ਨੂੰ ਪੁੱਛਿਆ।
‘‘ਚਿੜੀਆਂ ਲੈ ਲੋ ਰੰਗ ਬਰੰਗੀਆਂ ਚਿੜੀਆਂ’’! ਪਿੰਜਰੇ ਵਿਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ, ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਸੁੱਟੀ ਇਕ ਭਾਈ ਹੋਕਾ ਦੇ ਰਿਹਾ ਸੀ।
ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ।
ਉਥੋਂ ਛੇਤੀ ਦੇ ਕੇ ਉਡ ਕੇ ਉਹ ਇਕ ਮੰਦਰ ਵਿਚ ਆ ਵੜਿਆ।
‘‘ਤਾਜ਼ੇ ਮੋਤੀਏ ਦਾ ਹਾਰ ਦੋ ਦੋ ਆਨੇ।’’ ਮੰਦਰ ਦੇ ਬਾਹਰ ਨੰਗੇ ਪੈਰੀਂ ਪਾਟੇ ਹੋਏ ਝੱਗੇ ਵਾਲਾ ਇਕ ਮੁੰਡਾ ਹਾਰ ਵੇਚ ਰਿਹਾ ਸੀ।
‘‘ਲੈ ਫੜ ਡੂਢ ਆਨਾ ਦੇ ਹਾਰ’’ ਆਪਣਾ ਢਿੜ ਮਸਾਂ ਸੰਭਾਲੀਂ ਆ ਰਹੇ ਕਿ ਤਿਲਕਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿਚ ਦਿੰਦਿਆਂ ਕਿਹਾ।
ਮੁੰਡਾ-ਜੱਕੋ ਤੱਕੋ ਵਿਚ ਪੈ ਗਿਆ। ਜਿਵੇਂ ਉਸ ਨੇ ਪਹਿਲੇ ਹੀ ਬੜਾ ਘੱਟ ਮੁੱਲ ਦੱਸਿਆ ਸੀ।
‘‘ਓਏ ਛੱਡ ਪਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਐ। ਹੋਰ ਦੋ ਘੰਟੇ ਨੂੰ ਇਨ੍ਹਾਂ ਊਈਂ ਬੇਹੇ ਹੋ ਜਾਣਾ ਐ,’ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਸ ਨੇ ਬੇਵੱਸ ਜਿਹਾ ਹੋ ਕੇ ਡੇਢ ਆਨੇ ਨੂੰ ਹੀ ਹਾਰ ਦੇ ਦਿੱਤਾ।
ਲਾਲਾ ਜੀ ਮੰਦਰ ਵਿਚ ਆ ਪਹੁੰਚੇ।
ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ, ਅੱਖਾਂ ਮੀਚ ਕੇ, ਅੰਤਰ ਧਿਆਨ ਹੋ ਕੇ ਉਸ ਨਾਲ ਲੈਣ-ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜਿਊਂਦੇ ਫੁੱਲਾਂ ਦਾ ਹਾਰ ਉਸ ਦੇ ਚਰਨਾਂ ਵਿਚ ਵਗਾਹ ਮਾਰਿਆ।
ਰੱਬ ਮੰਦਰ ਵਿਚੋਂ ਬਾਹਰ ਆ ਗਿਆ।
ਇਕ ਔਰਤ ਆਪਣੇ ਵਾਲਾਂ ਵਿਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬੜੀ ਸੋਹਣੀ ਸੀ।
ਰੱਬ ਦੀਆਂ ਅੱਖਾਂ ਵਿਚ ਚਮਕ ਆ ਗਈ।
‘‘ਸਿਰ ਢੱਕ ਲੈ ਸਾਊ ਜ਼ਮਾਨਾ ਮਾੜਾ ਐ’’ ਉਸ ਔਰਤ ਨੂੰ ਮਗਰ ਆ ਰਹੀ ਇਕ ਬੁਢੀ ਜੋ ਸ਼ਾਇਦ ਉਸ ਔਰਤ ਦੀ ਸੱਸ ਸੀ, ਨੇ ਕਿਹਾ।
ਆਗਿਆਕਾਰ ਧੀਆਂ-ਨੂੰਹਾਂ ਵਾਂਗ ਉਸ ਨੇ ਸਿਰ ਢੱਕ ਲਿਆ।
ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸ ਦਾ ਜ਼ਰੂਰ ਪੱਲੇ ਹੇਠਾਂ ਸਾਹ ਘੁਟਿਆ ਗਿਆ ਹੋਣਾ ਏਂ।
ਏਨੇ ਨੂੰ ਕਣੀਆਂ ਉਤਰ ਆਈਆਂ।
ਆਵਾਜਾਈ ਹੋਰ ਤੇਜ਼ ਹੋ ਗਈ।
ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ।
ਚਿੜੀ ਬਣਿਆ ਰੱਬ ਇਕ ਖੰਭੇ ਉਤੇ ਬੈਠਣ ਹੀ ਲੱਗਿਆ ਸੀ ਕਿ ਉਸ ਨੂੰ ਕਰੰਟ ਦਾ ਅਜਿਹਾ ਝਟਕਾ ਲੱਗਿਆ ਕਿ ਪਲ ਦੇ ਪਲ ਲਈ ਉਸ ਦੀ ਸੁਰਤ ਜਿਹੀ ਗੁੰਮ ਹੋ ਗਈ।
ਕੱਚੀ ਜਿਹੀ ਹਾਸੀ ਹੱਸ ਕੇ ਉਹ ਇਕ ਘਰ ਦੀ ਛੱਤ ਉਤੇ ਬੈਠ ਗਿਆ।
ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿਚ ਕਿਧਰੇ ਦਰੱਖਤ ਹੀ ਨਹੀਂ ਪੰਛੀ ਕਿੱਥੇ ਬਹਿੰਦੇ ਹੋਣਗੇ। ਆਲ੍ਹਣੇ ਕਿੱਥੇ ਪਾਉਂਦੇ ਹੋਣਗੇ। ਰਾਤ ਨੂੰ ਕਿੱਥੇ ਸੌਂਦੇ ਹੋਣਗੇ। ਉਸ ਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ ਵਿਚ ਪੰਛੀ ਹਨ ਹੀ ਨਹੀਂ।
ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ। ਨਾ ਕਿਸੇ ਦੀਆਂ ਅੱਖਾਂ ਵਿਚ ਬੱਦਲਾਂ ਦੇ ਪਰਛਾਵੇਂ ਨੱਚੇ। ਨਾ ਕੋਈ ਨੰਗੇ-ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣ ਆਇਆ। ਨਾ ਕਿਸੇ ਨੇ ਵਾਲ ਖੋਲ੍ਹ ਕੇ ਡਿਗਦੇ ਮੋਤੀ ਬੋਚੇ। ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ।
ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ।
ਡਿੰਗੀ ਟੇਢੀ ਡੰਡੀ ਉਤੇ ਖੁੱਲ੍ਹੇ ਖੇਤਾਂ ਦੇ ਵਿਚਕਾਰ ਇਕ ਬੰਦਾ ਗਾਉਂਦਾ ਤੁਰਿਆ ਜਾ ਰਿਹਾ ਸੀ ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
‘‘ਕੀਹਨੂੰ ਨਾ ਮਿਲਣ ਦੀ ਕਸਮ ਖਾਧੀ ਏ ਇਸ ਨੇ?’’ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ।
‘‘ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆ ਰਿਹਾ ਏ।’’
‘‘ਤੈਨੂੰ ਕਿਵੇਂ ਪਤਾ ਏ?’’
‘‘ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਏ।’’
ਕਣੀਆਂ ਹੋਰ ਤੇਜ਼ ਹੋ ਗਈਆਂ। ਡੰਡੀ-ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ ਚੁਟਕੀਆਂ ਵਜਾਈਆਂ, ਬੱਦਲਾਂ ਵੱਲ ਵਾਕਫਾਂ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ, ‘‘ਮੈਨੂੰ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਸਾਹਮਣਿਓਂ, ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸ ਨੂੰ ਪਹਿਚਾਣ ਕੇ ਸਾਈਕਲ ਹੌਲੀ ਕਰ ਲਿਆ।
‘‘ਮੀਂਹ ਆ ਰਿਹੈ ਕਹੇਂ ਤਾਂ ਮੈਂ ਸਾਈਕਲ ’ਤੇ ਛੱਡ ਆਉਂਦਾ ਹਾਂ ਜਾਣਾ ਕਿੱਥੇ ਐ?’’ ਡਾਕੀਏ ਨੇ ਆਪਣੇ ਨੱਕ ਉਤੇ ਐਨਕ ਠੀਕ ਕਰਦਿਆਂ, ਇਕ ਪੈਰ ਧਰਤੀ ਉਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ।
‘‘ਜਾਣ…ਜਾਣਾ ਤਾਂ ਕਿਤੇ ਵੀ ਨਹੀਂ’’ ਉਸ ਨੇ ਆਪਣੀ ਚਾਲ ਬਿਨਾਂ ਹੌਲੀ ਕੀਤਿਆਂ ਕੋਲੋਂ ਲੰਘਦੇ ਨੇ ਕਿਹਾ।
‘‘ਮੀਂਹ ਆ ਰਿਹਾ ਏ ਕੱਪੜੇ ਭਿੱਜ ਜਾਣਗੇ’’ ਇਹ ਗੱਲ ਬਹੁਤੀ ਉਸ ਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਘਸੇ ਮੈਲੇ ਖਾਕੀ ਕੱਪੜਿਆਂ ਦਾ ਧਿਆਨ ਧਰ ਕੇ ਆਖੀ। ‘‘ਤੁਸੀਂ ਚੱਲੋ ਮੀਂਹ ਤੋਂ ਪਹਿਲਾਂ-ਪਹਿਲਾਂ ਟਿਕਾਣੇ ਪਹੁੰਚੋ।’’ ਖਚਰੀ ਜਿਹੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ।
ਕਾਹਲੀ-ਕਾਹਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ ‘‘ਇਸ ਵਿਚ ਹੱਸਣ ਵਾਲੀ ਭਲਾ ਕਿਹੜੀ ਗੱਲ ਸੀ, ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ।’’
ਪਿੰਡ ਤੋਂ ਦੂਰ ਮੜ੍ਹੀਆਂ ਵਾਲੇ ਟੋਭੇ ਵੱਲ ਉਹ ਬੰਦਾ ਮੁੜ ਪਿਆ।
‘‘ਕਿਉਂ?’’ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ।
ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿਚ ਕੋਈ ਜਿਊਂਦਾ ਬੰਦਾ ਹੀ ਹੋਵੇ।’’
ਚਿੜੀ ਬਣਿਆ ਰੱਬ ਹੱਸ ਪਿਆ।
‘‘ਇਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲਗਦਾ ਏ ਕਿ ਉਹ ਜਿਊਂਦੇ ਵੀ ਸਨ?’’ਰੱਬ ਨੇ ਹੈਰਾਨ ਹੋ ਕੇ ਪੁੱਛਿਆ।
ਉਹ ਬੰਦਾ ਟੋਭੇ ਦੇ ਕੰਢੇ ਉਤੇ ਪਹੁੰਚ ਗਿਆ।
ਟੋਭੇ ਵਿਚ ਭੰਬੂਲ ਖਿਲੇ ਹੋਏ ਸਨ।
ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿਚ ਖਿੜ ਗਿਆ। ਉਸ ਨੇ ਲਰਜ਼ਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ, ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਟੋਭੇ ਵਿਚ ਬਗਲੇ ਚੁਹਲ-ਕਦਮੀ ਕਰਦੇ ਫਿਰ ਰਹੇ ਸਨ। ਕੁਝ ਬੋਲ ਵੀ ਰਹੇ ਸਨ ਉਸ ਨੂੰ ਲੱਗਿਆ ਕਹਿ ਰਹੇ ਹਨ, ‘ਚੰਗਾ’ ‘ਚੰਗਾ’ ‘ਚੰਗਾ’।
ਟੋਭੇ ਦੇ ਘਸਮੈਲੇ ਪਾਣੀ ਵਿਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕਤਾੜੀਆਂ ਨਿਕਲ ਗਈਆਂ ਸਨ।
ਫਿਰ ਉਸ ਬੰਦੇ ਨੇ ਕੰਢੇ ਉਤੇ ਬੈਠ ਕੇ ਟੋਭੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ। ਫਿਰ ਉਹ ਹੱਥਾਂ ਨੂੰ ਹਿਲਾ-ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ ਜਿਵੇਂ ਸੱਚੀ-ਮੁੱਚੀਂ ਦੇ ਹੋਣ। ਤੇ ਇਨ੍ਹਾਂ ਹੱਥਾਂ ਦੀ ਇੰਨ-ਬਿੰਨ ਨਕਲ ਪਾਣੀ ਵਿਚ ਦਿੱਸਦਾ ਇਨ੍ਹਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹ ਨੂੰ ਇਹ ਕੋਈ ਬਹੁਤ ਬੜੀ ਕਰਾਮਾਤ ਲਗਦੀ ਸੀ।
ਫਿਰ ਉਸ ਨੇ ਪਾਣੀ ਦਾ ਉੱਜਲ ਭਰ ਕੇ ਭੰਬੂਲਾਂ ਉਤੇ ਸੁੱਟਿਆ। ਉਹ ਨੱਚ ਉਠੇ, ਉਹ ਗਾਣ ਲੱਗ ਪਿਆ-
‘‘ਸੂਰਜਾਂ ਦੀ ਜਿੰਦ ਮੇਰੀ,
ਬੱਦਲਾਂ ਦੀ ਜਿੰਦ ਮੇਰੀ,
ਪੰਛੀਆਂ ਦੀ ਜਿੰਦ ਮੇਰੀ,
ਪੱਤਿਆਂ ਦੀ ਜਿੰਦ ਮੇਰੀ,
ਪੌਣਾਂ ਦੀ ਜਿੰਦ ਮੇਰੀ,
ਮੈਨੇ ਤੁਮਕੋ ਨਾ ਮਿਲਣੇ ਕੀ ਕਸਮ ਖਾਈ ਹੈ।’’
ਫਿਰ ਉਸ ਨੇ ਹੱਥ ਧੋ ਲਏ।
ਟੋਭੇ ਕੰਢੇ ਖੜ੍ਹੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲ ਕੀਤੀ।
ਤੇਜ਼ ਹਵਾ ਵਿਚ ਬਰੋਟੇ ਦੇ ਪੱਤੇ ਅੱਗੜ ਪਿੱਛੜ ਖੜ-ਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ।
ਚਿੜੀ ਬਣੇ ਬਰੋਟੇ ਉਤੇ ਬੈਠੇ ਰੱਬ ਵੱਲ ਤਕ ਕੇ ਉਸ ਬੰਦੇ ਨੇ ਸੀਟੀ ਮਾਰੀ।
ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ।
ਰੱਬ ਹੱਸ ਪਿਆ ਤੇ ਬੋਲਿਆ ‘‘ਉਨ੍ਹਾਂ ਸਾਰਿਆਂ ਲਈ ਨਾ ਸਹੀ ਅਜਿਹੇ ਇਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ। ਬੱਦਲ ਵਰ੍ਹਦੇ ਰਹਿਣਗੇ। ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ ਜਿਹੜਾ ਗਾ ਰਿਹਾ ਸੀ ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਬਹਾਰ ਨੇ ‘‘ਜਿਵੇਂ ਆਗਿਆ’’ ਆਖ ਸਿਰ ਨਿਵਾ ਦਿੱਤਾ।
ਚਿੜੀ ਬਣਿਆ ਰੱਬ ਸੋਚ ਰਿਹਾ ਸੀ ਉਪਰ ਸਵਰਗ ਜਾਇਆ ਜਾਵੇ ਕਿ ਨਾ।

ਦਲੀਪ ਕੌਰ ਟਿਵਾਣਾ

ਸਤੀਆਂ ਸੇਈ

by Sandeep Kaur March 8, 2020

ਜਦੋਂ ਵੀਰ ਭਗਤ ਸਿੰਘ, ਦੱਤ ਨੂੰ
ਦਿੱਤਾ ਫਾਂਸੀ ਦਾ ਹੁਕਮ ਸੁਣਾ।
ਉਹਦੀ ਹੋਵਣ ਵਾਲੀ ਨਾਰ ਨੂੰ
ਕਿਸੇ ਪਿੰਡ ਵਿਚ ਦੱਸਿਆ ਜਾ”।
ਗੱਡੀ ਵਿਚ ਅੰਨ੍ਹਾ ਮੰਗਤਾ ਗਾ ਰਿਹਾ ਸੀ। ”ਫਿਰ” ਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ ਪਰ ਸਟੇਸ਼ਨ ਆ ਜਾਣ ਕਰ ਕੇ ਉਹ ਉਸ ਡੱਬੇ ਵਿਚੋਂ ਉਤਰ ਕੇ ਦੂਜੇ ਵਿਚ ਜਾ ਚੜ੍ਹਿਆ। ਮੈਨੂੰ ਮੁੜ ਮੁੜ ਖਿਆਲ ਆਉਣ ਲੱਗਾ ਕਿ ਜਦੋਂ ਕਿਸੇ ਨੇ ਪਿੰਡ ਵਿਚ ਜਾ ਕੇ ਦੱਸਿਆ ਹੋਣਾ ਏਂ, ਕੀ ਗੁਜ਼ਰੀ ਹੋਊ ਭਗਤ ਸਿੰਘ ਦੀ ਮੰਗੇਤਰ ਦੇ ਦਿਲ ‘ਤੇ? ਮੈਂ ਡੱਬੇ ਦੀ ਬਾਰੀ ਵਿਚੋਂ ਬਾਹਰ ਤੱਕਣ ਲੱਗੀ। ਇਉਂ ਲਗਦਾ ਸੀ ਜਿਵੇਂ ਸਾਹਮਣੇ ਖੇਤ, ਖੇਤਾਂ ਵਿਚ ਉਗੀਆਂ ਫਸਲਾਂ ਤੇ ਦਰਖਤਾਂ ਦੀਆਂ ਕਤਾਰਾਂ ਨੱਠੀਆਂ ਜਾ ਰਹੀਆਂ ਹੋਣ। ਉਨੀ ਹੀ ਤੇਜ਼ੀ ਨਾਲ ਖਿਆਲ ਮੇਰੇ ਦਿਮਾਗ ਵਿਚ ਨੱਠਣ ਲੱਗੇ। ਮੇਰੀ ਕਲਪਨਾ ਦੂਰ ਦਿਸਹੱਦੇ ਤੋਂ ਵੀ ਦੂਰ ਪਿੰਡ ਦੇ ਕਿਸੇ ਕੱਚੇ ਕੋਠੇ ਵਿਚ ਬੈਠੀ ਚਰਖਾ ਕੱਤਦੀ ਸੁਨੱਖੀ ਇਸਤਰੀ ਨੂੰ ਲੱਭਣ ਲੱਗੀ। ਚੁੱਪ ਚਾਪ ਮੈਂ ਉਹਦੇ ਮੂੰਹ ਵੱਲ ਤੱਕਣ ਲੱਗੀ।
“ਕੀ ਆਹਨੀ ਏਂ”?” ਉਹ ਬੋਲੀ।
“ਤੂੰ ਕਿਵੇਂ ਉਮਰ ਗੁਜ਼ਾਰੀ?” ਮੈਂ ਪੁੱਛਿਆ।
“ਮੈਨੂੰ ਉਹਦੀ ਇੱਜ਼ਤ ਦਾ ਪਾਸ ਸੀ। ਲੋਕਾਂ ਕਹਿਣਾ ਸੀ, ਇਹ ਭਗਤ ਸਿੰਘ ਦੀ ਮੰਗੇਤਰ ਏ। ਮੈਂ ਕਿਵੇਂ ਸਾਹਸ ਛੱਡਦੀ? ਮਿਹਨਤ ਮਜ਼ਦੂਰੀ ਕੀਤੀ, ਲੋਕਾਂ ਦੀਆਂ ਕਪਾਹਾਂ ਚੁਗੀਆਂ, ਕੱਤਣਾ ਕੱਤਿਆ, ਪੀਹਣੇ ਪੀਠੇ, ਕੋਠੇ ਲਿੱਪੇ, ਘਾਹ ਖੋਤੇ ’ਤੇ ਡੰਗ ਟਪਾਇਆ।”
“ਕਿਉਂ, ਤੇਰੇ ਮਾਪਿਆਂ ਨੂੰ ਤੇਰਾ ਖਿਆਲ ਨਹੀਂ ਸੀ?” ਮੈਂ ਪੁੱਛਿਆ।
“ਕਿਹੜਾ ਸਾਲ ਛੀ ਮਹੀਨੇ ਦੀ ਗੱਲ ਸੀ ਕਿ ਮੈਂ ਉਨ੍ਹਾਂ ‘ਤੇ ਬੋਝ ਬਣੀ ਰਹਿੰਦੀ? ਇਹ ਤਾਂ ਉਮਰਾਂ ਦੇ ਮਾਮਲੇ ਸਨ। ਨਾਲੇ ਉਨ੍ਹਾਂ ਉਹਨੂੰ ਹੀ ਕੋਸਣਾ ਸੀ ਜਿਹੜਾ ਆਪਣੇ ਫਰਜ਼ਾਂ ਨੂੰ ਵਿਚੇ ਹੀ ਛੱਡ ਗਿਆ ਸੀ।”
“ਤੂੰ ਸਰਕਾਰ ਕੋਲੋਂ ਮਦਦ ਮੰਗ ਲੈਣੀ ਸੀ।” ਮੈਂ ਉਦਾਸ ਹੋ ਕੇ ਆਖਿਆ।
“ਮੈਂ ਉਹਦੀ ਮੰਗੇਤਰ ਹੋ ਕੇ ਕਿਸੇ ਅੱਗੇ ਹੱਥ ਅੱਡਦੀ, ਇਹ ਮੈਥੋਂ ਹੋ ਨਹੀਂ ਸਕਿਆ।”
ਉਹਦਾ ਸਿਦਕ, ਉਹਦਾ ਸਾਹਸ, ਉਹਦਾ ਸਿਰੜ ਦੇਖ, ਮੇਰਾ ਦਿਲ ਕਰੇ; ਇਸ ਮਹਾਨ ਔਰਤ ਦੇ ਪੈਰ ਛੂਹ ਲਵਾਂ। ਉਮਰਾਂ ਦੇ ਛਿੱਲੜ ਲਾਹ ਉਹ ਭਰ ਜਵਾਨ ਕੁੜੀ ਬਣ, ਮੇਰੀ ਯਾਦ ਵਿਚ ਉਘੜ ਖਲੋਤੀ।
“ਸੁਣਿਆ ਏ ਉਹਦੇ ਪਿੰਡ ਉਹਦੀ ਯਾਦ ਮਨਾ ਰਹੇ ਨੇ। ਤੂੰ ਜਾਏਂਗੀ?” ਮੈਂ ਪੁੱਛਿਆ।
“ਮੈਂ” ਮੈਂ ਉਹਦੇ ਪਿੰਡ ਭਲਾ ਕਿਵੇਂ ਜਾ ਸਕਦੀ ਹਾਂ? ਉਹਨੇ ਵੱਜਦੇ ਵਾਜਿਆਂ ਨਾਲ ਸਿਹਰੇ ਬੰਨ੍ਹ ਕੇ ਮੈਨੂੰ ਲੈਣ ਆਉਣਾ ਸੀ, ਉਹ ਆਇਆ ਨਹੀਂ। ਫਿਰ ਮੈਂ ਕਿਵੇਂ ਜਾ ਸਕਦੀ ਹਾਂ?”
“ਇਹ ਤੇ ਬੜੀ ਪੁਰਾਣੀ ਗੱਲ ਹੋ ਗਈ ਏ।” ਮੈਂ ਆਖਿਆ।
“ਤੈਨੂੰ ਪੁਰਾਣੀ ਲੱਗਦੀ ਹੋਊ। ਮੈਨੂੰ ਤਾਂ ਇਉਂ ਲੱਗਦੀ ਏ, ਜਿਵੇਂ ਹਾਲੇ ਕੱਲ੍ਹ ਦੀ ਗੱਲ ਹੋਵੇ। ਜਦੋਂ ਇਕ ਦਿਨ ਦੀਵੇ ਬਲਦਿਆਂ ਨਾਲ ਉਹ ਸਾਡੇ ਪਿੰਡ ਆਇਆ ਸੀ, ਬਾਹਰ ਖੂਹ ‘ਤੇ ਖਲੋ ਇਕ ਨਿਆਣੇ ਹੱਥ ਮੈਨੂੰ ਸੁਨੇਹਾ ਭੇਜ ਦਿੱਤਾ। ਮੈਂ ਝਿਜਕਦੀ ਝਿਜਕਦੀ ਸਭ ਤੋਂ ਚੋਰੀ ਉਥੇ ਆ ਗਈ। ਬੋਲਿਆ- “ਤੂੰ ਫਿਕਰ ਨਾ ਕਰੀਂ, ਅਜੇ ਮੈਨੂੰ ਜ਼ਰੂਰੀ ਕੰਮ ਨੇ। ਜਦੋਂ ਵਿਆਹ ਕੀਤਾ, ਮੈਂ ਤੇਰੇ ਨਾਲ ਹੀ ਕਰਾਂਗਾ। ਮੈਂ ਛੇਤੀ ਹੀ ਆਵਾਂਗਾ।” ਉਹ ਚਲਿਆ ਗਿਆ ਤੇ ਮੁੜ ਅਜੇ ਤੱਕ ਨਹੀਂ ਆਇਆ।”
ਉਸ ਵੇਲੇ ਮੈਨੂੰ ਇਕ ਰੂਸੀ ਗੀਤ ਯਾਦ ਆਇਆ- ‘ਸਾਡਾ ਘਰ ਸਜਨੀਏ ਏਡੀ ਦੂਰ ਤਾਂ ਨਹੀਂ ਸੀ ਕਿ ਉਮਰ ਭਰ ਫੇਰਾ ਨਾ ਪਾਇਆ।’ ਇਨ੍ਹਾਂ ਲਫਜ਼ਾਂ ਦੀ ਤੜਫ ਉਹਦੇ ਮੂੰਹ ਤੋਂ ਲੱਭਦੀ ਸੀ ਜਿਹੜੀ ਜ਼ਿੰਦਗੀ ਭਰ ਉਹਨੂੰ ਉਡੀਕਦੀ ਰਹੀ ਜਿਸ ਨੇ ਮੁੜ ਕਦੇ ਫੇਰਾ ਨਾ ਪਾਇਆ।
“ਤੂੰ ਇਨ੍ਹਾਂ ਪੀੜਾਂ ਦੀ ਸਾਰ ਕੀ ਜਾਣੇ!” ਉਹ ਅੱਖਾਂ ਭਰ ਕੇ ਬੋਲੀ। ਦੋ ਹੰਝੂ ਵਹਿ ਤੁਰੇ। ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ- ‘ਇਹ ਕਿਹੀ ਵੇ ਧਰਤ ਕੰਡਿਆਲੀ, ਇਹ ਕਿਹੇ ਵੇ ਜੀਵਨ ਦੇ ਬਰੇਤੇ’ ਮੇਰੇ ਸਾਹ ਸੁੱਕਦੇ ਜਾ ਰਹੇ ਨੇ।
“ਰੱਬ ਤੈਨੂੰ ਲੰਮੀ ਉਮਰ ਬਖਸ਼ੇ।” ਉਹਦੇ ਕੁਮਲਾਏ ਮੂੰਹ ਵੱਲ ਤੱਕ ਕੇ ਮੈਂ ਆਖਿਆ।
ਉਹ ਇਉਂ ਤ੍ਰਭਕੀ ਜਿਵੇਂ ਮੈਂ ਉਹਦੇ ਚਪੇੜ ਕੱਢ ਮਾਰੀ ਹੋਵੇ। ਫਿਰ ਕਰੁਣਾ ਭਰੀ ਆਵਾਜ਼ ਵਿਚ ਕਹਿਣ ਲੱਗੀ, “ਮੇਰੀਏ ਹਮਦਰਦਣੇ, ਲੰਮੀ ਉਮਰ ਲਈ ਮੇਰੀ ਚਾਹ ਨਹੀਂ। ਉਮਰ ਦੇ ਤਾਂ ਇਹ ਦਿਨ ਵੀ ਨਹੀਂ ਮੁੱਕਦੇ ਪਏ।”
ਉਹਦੀ ਉਦਾਸੀ ਮੇਰੇ ਕੋਲੋਂ ਦੇਖੀ ਨਾ ਗਈ। ਗੱਲ ਬਦਲਣ ਲਈ ਮੈਂ ਆਖਿਆ, “ਤੂੰ ਮੇਰੇ ਨਾਲ ਸ਼ਹਿਰ ਚੱਲ। ਮੇਰੀ ਭੈਣ ਦਾ ਵਿਆਹ ਏ, ਦੋ ਚਾਰ ਦਿਨ ਸੁਹਣੇ ਲੰਘ ਜਾਣਗੇ।”
“ਨਹੀਂ ਮੈਂ ਵਿਆਹ ਨਹੀਂ ਜਾ ਸਕਦੀ।” ਉਹ ਬੋਲੀ।
“ਕਿਉਂ?” ਮੈਂ ਪੁੱਛਿਆ।
“ਖੁਸ਼ੀਆਂ ਦੇ ਮੌਕੇ ਮੇਰੇ ਕੋਲੋਂ ਝੱਲੇ ਨਹੀਂ ਜਾਂਦੇ। ਅਜਿਹੇ ਮੌਕਿਆਂ ‘ਤੇ ਮੈਂ ਬੜੀ ਥੱਕ ਜਾਂਦੀ ਹਾਂ। ਮੈਥੋਂ ਆਪਣੇ ਗਮ ਹੁਣ ਘੜੀ ਪਲ ਲਈ ਵੀ ਦੂਰ ਨਹੀਂ ਕੀਤੇ ਜਾਂਦੇ। ਮੈਨੂੰ ਇਨ੍ਹਾਂ ਦੇ ਨਾਲ ਰਹਿਣ ਦੀ ਆਦਤ ਪੈ ਗਈ ਏ। ਇਕ ਗੱਲ ਦੱਸੇਂਗੀ?” ਉਹਨੇ ਆਸ ਨਾਲ ਮੇਰੇ ਵੱਲ ਤੱਕਿਆ।
“ਹਾਂ ਪੁੱਛ।” ਮੈਂ ਆਖਿਆ।
“ਕੀ ਸੱਚੀ ਮੁੱਚੀ ਕੋਈ ਅਗਲਾ ਜਨਮ ਵੀ ਹੁੰਦਾ ਹੈ?”
‘ਵਿਚਾਰੀ!’ ਮੇਰੇ ਦਿਲ ਨੇ ਆਖਿਆ।
“ਹਾਂ, ਜ਼ਰੂਰ ਹੁੰਦਾ ਏ।” ਮੈਂ ਕਹਿ ਦਿੱਤਾ। ਇਹ ਸੁਣ ਉਸ ਦੀਆਂ ਅੱਖਾਂ ਵਿਚ ਚਮਕ ਆਈ ਤੇ ਉਹ ਮੁਸਕਰਾ ਪਈ।
“ਕੀ ਅਜੇ ਤੀਕ ਵੀ ਉਹ ਤੈਨੂੰ ਯਾਦ ਏ?” ਮੈਂ ਪੁੱਛਿਆ।
“ਹਾਂ, ਹਰ ਘੜੀ ਹਰ ਪਲ ਉਹ ਮੈਨੂੰ ਯਾਦ ਰਹਿੰਦਾ ਏ। ਕਦੇ ਕਦੇ ਤਾਂ ਬੜਾ ਮਨ ਕਰਦਾ ਏ ਕਿ ਕੋਈ ਆ ਕੇ ਆਖੇ- ‘ਨਹੀਂ ਉਹ ਮਰਿਆ ਨਹੀਂ, ਉਹਨੂੰ ਫਾਂਸੀ ਨਹੀਂ ਦਿੱਤੀ ਗਈ, ਉਹ ਜਿਉਂਦਾ ਏ।’ ਕਦੀ ਕਦੀ ਸੋਚਦੀ ਹਾਂ, ਜੇ ਕਿਧਰੇ ਉਹ ਸੱਚੀ-ਮੁੱਚੀ ਮੁੜ ਆਵੇ, ਮੈਂ ਉਹਨੂੰ ਆਖਾਂ- “ਕਹੁ ਵੇ ਇਨ੍ਹਾਂ ਤਕਦੀਰਾਂ ਨੂੰ, ਇਉਂ ਨਾ ਦੂਰ ਖਲੋਣ, ਮੈਂ ਵੀ ਕਿਸੇ ਦੀ ਧੀ ਵੇ, ਮੈਂ ਵੀ ਕਿਸੇ ਦੀ ਭੈਣ” ਪਰ ਹੁਣ ਇਨ੍ਹਾਂ ਤਕਦੀਰਾਂ ਕੋਲ ਮੇਰੇ ਜੋਗਾ ਹੈ ਈ ਕੀ ਏ।” ਉਹ ਉਦਾਸ ਹੋ ਕੇ ਬੋਲੀ।
“ਹੁਣ ਤਾਂ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਨੇ। ਦੇਖ, ਦੇਸ਼ ਕਿਵੇਂ ਤਰੱਕੀ ਵੱਲ ਜਾ ਰਿਹਾ ਏ। ਤੂੰ ਵੀ ਕੋਈ ਹਿੱਸਾ ਪਾ। ਦੇਖ ਨਵਾਂ ਵਰ੍ਹਾ ਆਇਆ ਏ, ਨਵਾਂ ਕਦਮ ਚੁੱਕ।” ਮੈਂ ਆਖਿਆ। ਉਹਦਾ ਮੂੰਹ ਹਿੱਸ ਗਿਆ ਤੇ ਉਹ ਚੁੱਪ ਚਾਪ ਮੇਰੇ ਵੱਲ ਤੱਕਣ ਲੱਗੀ, ਜਿਵੇਂ ਕਹਿੰਦੀ ਹੋਵੇ,
ਪਿਛਲਾ ਵਰ੍ਹਾ ਰੋ ਕੇ ਟੁਰ ਚੱਲਿਆ,
ਅਗਲਾ ਵੀ ਖੜ੍ਹਾ ਉਦਾਸ।
ਕਿਹੜੇ ਵੇ ਮੁਨੀ ਸਰਾਪਿਆ,
ਤੂੰ ਮੁੜ ਨਾ ਪੁੱਛੀ ਬਾਤ।
“ਤੂੰ ਕੀ ਸੋਚ ਰਹੀ ਏ?” ਮੈਂ ਪੁੱਛਿਆ। ਉਸ ਨੇ ਹਉਕਾ ਭਰਿਆ, ਜਿਵੇਂ ਕਹਿੰਦੀ ਹੋਵੇ- ‘ਰਾਤ ਦੀ ਰਾਣੀ ਮੈਨੂੰ ਪੁੱਛਦੀ, ਕਿਥੇ ਤਾਂ ਗਈਆਂ ਨੀ ਤੇਰੀਆਂ ਨੀਂਦਰਾਂ! ਦਿਹੁੰ ਵੀ ਉਲਾਂਭੇ ਦਿੰਦਾ, ਕਿਥੇ ਤਾਂ ਖੋਈਆਂ ਤੇਰੀਆਂ ਸੂਰਤਾਂ!”ਮੈਂ ਮੁੜ ਮੁੜ ਤੈਥੋਂ ਪੁਛਦੀ, ਕੌਣ ਭਰੂ ਵੇ ਮੇਰੀ ਕਹਾਣੀ ਦਾ ਹੁੰਗਾਰਾ? ਕੌਣ ਬਣੂ ਵੇ ਮੇਰੇ ਦੁੱਖਾਂ ਦਾ ਸੀਰੀ?’
ਮੈਂ ਉਹਦੇ ਮੂੰਹ ਵੱਲ ਤੱਕਿਆ- ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥ ਇਸ ਕਥਨ ਅੱਗੇ ਮੈਂ ਸਿਰ ਝੁਕਾ ਦਿੱਤਾ। ਉਹਦੀ ਟੁੱਟੀ ਹੋਈ ਜੁੱਤੀ ‘ਤੇ ਮੇਰੀ ਨਜ਼ਰ ਪੈ ਗਈ। ਮੈਂ ਧਿਆਨ ਨਾਲ ਦੇਖਿਆ, ਉਹਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ। ਮੈਨੂੰ ਦੁੱਖ ਲੱਗਾ।
“ਤੂੰ ਉਹਨੂੰ ਵੇਖਿਆ ਸੀ?” ਉਹ ਅਜੇ ਵੀ ਉਹਦੇ ਬਾਰੇ ਹੀ ਸੋਚ ਰਹੀ ਸੀ।
“ਨਹੀਂ।” ਮੈਂ ਆਖਿਆ।
“ਉਹ ਬੜਾ ਸੋਹਣਾ ਸੀ। ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਪਰਾਹੁਣਿਆਂ ਨਾਲੋਂ ਸੋਹਣਾ।”“ਤੇ ਅੱਗਿਉਂ ਉਹਦਾ ਗਲਾ ਭਰ ਆਇਆ ਤੇ ਫਿਰ ਜਿਵੇਂ ਆਪਣੇ ਆਪ ਗੱਲਾਂ ਕਰਨ ਲੱਗੀ,
‘ਆਉਂਦੇ ਜਾਂਦੇ ਰਾਹੀਆਂ ਦੇ ਮੈਂ ਮੂੰਹ ਵੱਲ ਤੱਕਦੀ,
ਕੋਈ ਕਦੇ ਵੀ ਤੇਰੀ ਗੱਲ।
ਮੈਂ ਕੰਨਿਆ ਕੁਆਰੀ ਖੜ੍ਹੀ ਉਡੀਕਦੀ ਵੇ,
ਕਦੇ ਤਾਂ ਸੁਨੇਹਾ ਘੱਲ।’
“ਕੀ ਸੋਚ ਰਹੀ ਏਂ ਸੋਹਣੀਏ?” ਮੈਂ ਪੁੱਛਿਆ। ਉਹ ਆਪਣੇ ਹੱਥਾਂ ਦੀਆਂ ਲਕੀਰਾਂ ਵੱਲ ਧਿਆਨ ਨਾਲ ਤੱਕਣ ਲੱਗੀ, ਜਿਵੇਂ ਕਹਿ ਰਹੀ ਹੋਵੇ- ‘ਮਾਂ ਆਪਣੀ ਨੂੰ ਮੈਂ ਪੁੱਛਦੀ, ਧੀ ਦੇ ਕਿਹੇ ਲੇਖ ਲਿਖਾਏ।’
ਮੈਂ ਉਹਦੇ ਵੱਲ ਤੱਕਦੀ ਰਹੀ। ਕੋਈ ਲਾਟ ਬਲਦੀ ਸੀ ਉਹਦੀਆਂ ਨਜ਼ਰਾਂ ਵਿਚ। ਕੋਈ ਕਹਿਰ ਸੀ ਉਹਦੀ ਤੱਕਣੀ ਵਿਚ। ਮੈਨੂੰ ਲੱਗਿਆ ਜਿਵੇਂ ਉਹ ਕੋਈ ਨਾਗਣ ਬਣ ਕੇ ਫੁੰਕਾਰ ਰਹੀ ਹੋਵੇ। ਭਗਤ ਸਿੰਘ ਦੇ ਕਾਤਲਾਂ ਨੂੰ ਜਿਵੇਂ ਹੁਣੇ ਡੱਸ ਲੈਣਾ ਲੋਚਦੀ ਹੋਵੇ। ਜਿਵੇਂ ਸਭ ਕੁਝ ਭੰਨ ਤੋੜ, ਮਸਲ ਦੇਣਾ ਚਾਹੁੰਦੀ ਹੋਵੇ। ਫਿਰ ਉਹਨੇ ਪਲਕਾਂ ਝੁਕਾ ਲਈਆਂ ਜਿਵੇਂ ਕਹਿੰਦੀ ਹੋਵੇ- ‘ਮੈਂ ਭਲਾ ਕੀ ਕਰ ਸਕਦੀ ਹਾਂ?’
“ਤੂੰ ਨਿਰਾਸ਼ ਨਾ ਹੋ। ਭਗਤ ਸਿੰਘ ਸਿਰਫ ਤੇਰਾ ਹੀ ਨਹੀਂ ਸੀ, ਉਹ ਸਾਡਾ ਸਾਰਿਆਂ ਦਾ ਸੀ। ਉਹਦੀ ਮੌਤ ਦਾ ਦੁੱਖ ਤੈਨੂੰ ਹੀ ਨਹੀਂ, ਸਾਰੇ ਦੇਸ਼ ਨੂੰ ਹੈ। ਅਸੀਂ ਉਹਨੂੰ ਭੁੱਲੇ ਨਹੀਂ, ਸਾਨੂੰ ਤੂੰ ਵੀ ਯਾਦ ਏਂ।”
ਇਹ ਸੁਣ ਕੇ ਉਹਦੀਆਂ ਅੱਖਾਂ ਭਰ ਆਈਆਂ ਤੇ ਹੰਝੂ ਕੇਰ ਉਹ ਮੇਰੀ ਕਲਪਨਾ ਵਿਚੋਂ ਮੁੜ ਚੱਲੀ। ਮੈਨੂੰ ਲੱਗਿਆ- ‘ਧਰਤ ਅੰਬਰ ਵੀ ਸੋਚਦੇ, ਕੀ ਦੇਣ ਤਸੱਲੀ।’
ਇੰਨੇ ਨੂੰ ਇਕ ਝੂਟੇ ਨਾਲ ਗੱਡੀ ਸਟੇਸ਼ਨ ਉਤੇ ਆਣ ਖੜ੍ਹੀ ਹੋਈ। ਉਹ ਮੰਗਤਾ ਫਿਰ ਡੱਬੇ ਅੱਗੇ ਵੀ ਗਾਉਂਦਾ ਜਾ ਰਿਹਾ ਸੀ,
ਜਦੋਂ ਵੀਰ ਭਗਤ ਸਿੰਘ, ਦੱਤ ਨੂੰ,
ਦਿੱਤਾ ਫਾਂਸੀ ਦਾ ਹੁਕਮ ਸੁਣਾ।
ਉਹਦੀ ਹੋਵਣ ਵਾਲੀ ਨਾਰ ਨੂੰ,
ਕਿਸੇ ਪਿੰਡ ਵਿਚ ਦੱਸਿਆ ਜਾ।

ਦਲੀਪ ਕੌਰ ਟਿਵਾਣਾ

ਬਸ ਕੰਡਕਟਰ

by Sandeep Kaur March 6, 2020

ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ।
ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਕਾਹਲਾ ਪੈਂਦਾ। ‘ਪਰ ਕੁਝ ਦਿਨਾਂ ਦੀ ਤਾਂ ਗੱਲ ਏ’ ਸੋਚ, ਉਹ ਸਭੋ ਕੁਝ ਜ਼ਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿੱਸਦਾ ਸੀ।
‘ਇਹ ਬੈਗ ਵਾਲੀ ਕੁੜੀ ਕਾਸੇ ਵਿਚ ਨੌਕਰ ਏ?’ ਇਕ ਦਿਨ ਇਕ ਭਾਈ ਨੇ ਜੀਤ ਨੂੰ ਪੁਛਿਆ।
‘ਆਹੋ ਜੀ! ਡਾਕਟਰਨੀ ਏ, ਵੱਡੀ ਡਾਕਟਰਨੀ। ਆਂਹਦੇ ਨੇ ਪੂਰਾ ਤਿੰਨ ਸੌ ਰੁਪਈਆ ਤਨਖਾਹ ਲੈਂਦੀ ਏ’ ਜੀਤ ਨੇ ਟਿਕਟ ਫੜਾਂਦਿਆਂ ਹੌਲੀ ਜਿਹੀ ਦੱਸਿਆ।
‘ਜੀ ਅੱਜਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ। ਤਦੇ ਤਾਂ ਆਦਮੀਆਂ ਦਾ ਰੋਅ੍ਹਬ ਨਹੀਂ ਰਿਹਾ’ ਨਾਲ ਦੀ ਸੀਟ ਤੇ ਬੈਠੇ ਅੱਧਖੜ੍ਹ ਜੇਹੇ ਬੰਦੇ ਨੇ ਆਖਿਆ।
‘ਜੀ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਅੱਖ ਚੁੱਕਦੀਆਂ ਨੇ…. ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾਂ, ਦੇਖੀ ਐ, ਸੁਹਰੀ ਦੇ ਜਾਣੀਂ ਮੂੰਹ ਵਿਚ ਬੋਲ ਨੀਂ… ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ‘ਤੇ ਬੈਠੇ ਇਕ ਸਰਦਾਰ ਨੇ ਆਖਿਆ।
‘ਯਾ ਰੱਬ! ਸਾਡੀ ਵੀ ਕਿਸੇ…’ ਫਿਕਰਾ ਵਿਚ ਹੀ ਰਹਿ ਗਿਆ ਜਦੋਂ ਟਿਕਟ ਫੜਾਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੁਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ‘ਕਿਉਂ ਬਈ ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੇ ਈ ਭੁੰਜੇ?’
‘ਮੈਂ ਤਾਂ ਕੰਡੱਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਓ….।’
ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ, ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ।
‘ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ,’ ਆਖ, ਉਹ ਅਗਾਂਹ ਲੰਘ ਗਿਆ।
ਅੱਗੋਂ ਇਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ‘ਮਾਏ ਟੁੱਟੇ ਹੋਏ ਨਹੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰਾ ਭਾੜੈ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ,’ ਜੀਤ ਨੇ ਜ਼ਰਾ ਸਖ਼ਤ ‘ਵਾਜ਼ ਨਾਲ ਆਖਿਆ।
‘ਵੇ ਪੁੱਤਾ! ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਏ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ,’ ਬੁੱਢੀ ਨੇ ਤਰਲੇ ਨਾਲ ਆਖਿਆ।
‘ਅੱਛਾ ਮਾਈ ਬੈਠ ਜਾ,’ ਆਖ, ਉਹ ਟਿਕਟ ਕੱਟਣ ਲੱਗ ਪਿਆ।
ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ।
‘ਯਾਰ, ਅੱਜ ਏਧਰ ਦੀ ਚੱਲੀਂ ਨੀਲਾ ਭਵਨ ਕੰਨੀ ਦੀ,’ ਜੀਤ ਨੇ ਡਰਾਈਵਰ ਨੂੰ ਆਖਿਆ।
ਗੁਰਦਵਾਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੁੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨਮੇ ਕੋਲ ਕੰਡੱਕਟਰ ਨੇ ਘੰਟੀ ਕਰ ਕੇ ਬੱਸ ਰੋਕ ਲਈ ਤੇ ਤਾਕੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ‘ਤੁਸੀਂ ਏਧਰ ਉਤਰ ਜਾਉ, ਹਸਪਤਾਲ ਨੇੜੇ ਰਹੂਗਾ।’
ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ‘ਬਚਾਰਾ ਬੜਾ ਚੰਗਾ ਕੰਡੱਕਟਰ ਏ’ ਉਹਨੂੰ ਇਕ ਵਾਰੀ ਖਿਆਲ ਆਇਆ।
ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇਕ ਕੰਡੱਕਟਰ ਕਮੀਜ਼ ਦੇ ਗਲਮੇਂ ਦੇ ਬੱਟਣ ਖੋਲ੍ਹ ਆਵਾਰਾ ਫਿਲਮ ਦਾ ਗਾਣਾ ਗੁਣਗੁਣਾਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ।
ਅਗਲੇ ਦਿਨ ਫਿਰ ਚਾਨਸ ਅਜਿਹਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ, ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਜੀਤ, ਇਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ‘ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ। ਤੁਹਾਡੀ ਖ਼ਾਤਰ ਸੀਟ ਰੱਖੀ ਪਈ ਐ।’
ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ, ਪਾਲੀ ਸੀਟ ‘ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ।
‘ਇਹ ਤਾਂ ਵਿਚਾਰਾ ਬੜਾ ਚੰਗਾ ਕੰਡੱਕਟਰ ਏ’ ਪਾਲੀ ਨੂੰ ਦਿਲ ‘ਚ ਇਕ ਵਾਰੀ ਖਿਆਲ ਆਇਆ।
ਬਦਲੀ ਮੁੜ ਨਾਭੇ ਦੀ ਕਰਾਣ ਵਿਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜ੍ਹੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਣ ਲਾ ਦਿੰਦੀ।
ਫਿਰ ਇਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ, ਨਹੀਂ ਬੀਬੀ ਰਹਿਣ ਦਿਓ’ ਆਖ ਜੀਤ ਅਗਾਂਹ ਲੰਘ ਗਿਆ।
‘ਨਹੀਂ ਬਈ ਪੈਸੇ ਲੈ ਲੇ,’ ਪਾਲੀ ਨੇ ਜ਼ੋਰ ਲਾਇਆ।
‘ਕੀ ਫ਼ਰਕ ਪੈ ਚੱਲਿਆ ਏ,’ ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ।
ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰ ਕੇ ਬੈਠ ਗਈ, ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡੱਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। ਤਿੰਨ ਸੌ ਰੁਪਈਆ ਕਮਾਣ ਵਾਲੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।
ਅਗਲੇ ਦਿਨ ਉਹ ਜਾਣ ਕੇ ਪੰਜ ਮਿੰਟ ਦੇਰ ਨਾਲ ਗਈ, ਉਸ ਨੇ ਸੋਚਿਆ, ‘ਅੱਜ ਪੀਪਲ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ। ਕੀ ਫਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ।
ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਇਵਰ ਬੱਸ ਸਟਾਰਟ ਕਰੀਂ ਖੜ੍ਹਾ ਸੀ ਤੇ ਕੰਡੱਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ।
‘ਓਏ, ਆਉਂਦਾ ਹੁਣ, ਕਿਉਂ ਭੇਰਮੀਂ ਵੱਢੀ ਐ। ਐਡੀ ਛੇਤੀ ਜਾਣੀ ਮੀਂਹ ਆਉਂਦਾ ਏ,’ ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ।
‘ਅੱਗੇ ਪਹੁੰਚਣਾ ਏ ਕਿ ਨਹੀਂ, ਮੜਕਾਂ ਨਾਲ ਹੀ ਆਉਨਾਂ ਏਂ,’ ਡਰਾਈਵਰ ਬੋਲਿਆ।
‘ਚਲੋ ਬੀਬੀ, ਬੈਠੋ ਅਗਲੀ ਸੀਟ ‘ਤੇ,’ ਤਾਕੀ ਖੋਲ੍ਹਦਿਆਂ ਪਾਲੀ ਨੂੰ ਉਹਨੇ ਆਖਿਆ।
‘ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ।’ ਪਿੱਛਿਓ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇਕ ਕਲਰਕ ਹੌਲੀ ਜਿਹੀ ਬੋਲਿਆ।
ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ ਵਾਰ ਆਖਣ ‘ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ‘ਇਸ ਬੇਈਮਾਨੀ ਵਿਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ….. ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ…. ਖ਼ੈਰ, ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ’ ਉਹ ਸੋਚ ਹੀ ਰਹੀ ਸੀ ਕਿ ਬੱਸ ਖੜ੍ਹੀ ਕਰ, ਇੱਕ ਚੈਕਰ ਚੜ੍ਹ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤ੍ਰੇਲੀਓ ਤ੍ਰੇਲੀ ਹੋ ਗਈ।
‘ਕਿੱਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ… ਮੈਂ ਆਖ ਦਿਆਂਗੀ ਕਿ ਕੰਡੱਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ’ ਉਹਨੇ ਸੋਚਿਆ। ‘ਪਰ ਬਚਾਰਾ ਫਸੇਗਾ…. ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ,’ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ।
ਇੰਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ।
‘ਜੀ…. ਟਿਕਟ,’ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿਚੋਂ ਟਿਕਟ ਕੱਢ ਕੇ ਕਿਹਾ, …. ਏਹ…. ਏਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ।’
ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖ਼ਾਕੀ ਕੱਪੜਿਆਂ ਵਾਲੇ ਕੰਡੱਕਟਰ ਤੇ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿਚ ਮੁਸਕਰਾਇਆ।
ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿਚੋਂ ਉਤਰ ਗਿਆ।
ਪਾਲੀ ਹੈਰਾਨ-ਪਰੇਸ਼ਾਨ ਸੋਚ ਰਹੀ ਸੀ ਸੱਠਾਂ ਰੁਪਿਆਂ ਵਿਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ।
ਹਸਪਤਾਲ ਵਿਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ।
ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ, ਉਦਾਸ, ਜੀਤ ਉਹਦੇ ਕੋਲ ਆਇਆ।
‘ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿਚ ਪੜ੍ਹਦੀ ਸੀ… ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡੱਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ… ਤੇ… ਤੇ…, ਅੱਗੋਂ ਉਹਦਾ ਗਲਾ ਭਰ ਆਇਆ।
ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ।
ਇੰਨੇ ਨੂੰ ਬੱਸ ਆ ਗਈ ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ।

ਦਲੀਪ ਕੌਰ ਟਿਵਾਣਾ

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close