• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Sandeep Kaur

Sandeep Kaur

ਬੇਖ਼ਬਰੀ ਦਾ ਫਾਇਦਾ

by Sandeep Kaur March 7, 2020

ਘੋੜਾ ਦੱਬਿਆਂ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਅਦ ਫਿਰ ਦੱਬਿਆ – ਦੂਜੀ ਗੋਲ਼ੀ ਮਚਲਦੀ ਹੋਈ ਬਾਹਰ ਨਿੱਕਲ਼ੀ।
ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ਼ ਕੇ ਵਹਿਣ ਲੱਗਾ।
ਘੋੜਾ ਤੀਜੀ ਵਾਰ ਦੱਬਿਆ – ਨਿਸ਼ਾਨਾ ਖੁੰਝ ਗਿਆ, ਗੋਲ਼ੀ ਕੰਧ ਵਿੱਚ ਦਫਫ਼ਨ ਹੋ ਗਈ।
ਚੌਥੀ ਗੋਲ਼ੀ ਇੱਕ ਬੁੱਢੀ ਦੀ ਪਿੱਠ ਵਿੱਚ ਲੱਗੀ, ਉਹ ਚੀਕ ਵੀ ਨਾ ਸਕੀ ਅਤੇ ਉੱਥੇ ਹੀ ਢੇਰ ਹੋ ਗਈ।
ਪੰਜਵੀਂ ਅਤੇ ਛੇਵੀਂ ਗੋਲ਼ੀ ਬੇਕਾਰ ਗਈ, ਨਾ ਕੋਈ ਮਰਿਆ, ਨਾ ਜਖ਼ਮੀ ਹੋਇਆ।
ਗੋਲ਼ੀਆਂ ਚਲਾਉਣ ਵਾਲ਼ਾ ਹੈਰਾਨ ਹੋ ਗਿਆ।
ਅਚਾਨਕ ਸੜਕ ਉੱਤੇ ਇੱਕ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਦਿਖਾਈ ਦਿੱਤਾ। ਗੋਲ਼ੀਆਂ ਚਲਾਉਣ ਵਾਲ਼ੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ।
ਉਸਦੇ ਸਾਥੀ ਨੇ ਕਿਹਾ – “ਇਹ ਕੀ ਕਰਦੈਂ?”
ਗੋਲ਼ੀਆਂ ਚਲਾਉਣ ਵਾਲ਼ੇ ਨੇ ਪੁੱਛਿਆ, “ਕਿਉਂ?”
“ਗੋਲ਼ੀਆਂ ਤਾਂ ਖਤਮ ਹੋ ਚੁੱਕੀਆਂ ਨੇ।”
“ਤੂੰ ਚੁੱਪ ਰਹਿ, ਨਿੱਕੇ ਜਿਹੇ ਬੱਚੇ ਨੂੰ ਕੀ ਪਤਾ?”

ਸਆਦਤ ਹਸਨ ਮੰਟੋ

 

ਬਸ ਕੰਡਕਟਰ

by Sandeep Kaur March 6, 2020

ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ।
ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਕਾਹਲਾ ਪੈਂਦਾ। ‘ਪਰ ਕੁਝ ਦਿਨਾਂ ਦੀ ਤਾਂ ਗੱਲ ਏ’ ਸੋਚ, ਉਹ ਸਭੋ ਕੁਝ ਜ਼ਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿੱਸਦਾ ਸੀ।
‘ਇਹ ਬੈਗ ਵਾਲੀ ਕੁੜੀ ਕਾਸੇ ਵਿਚ ਨੌਕਰ ਏ?’ ਇਕ ਦਿਨ ਇਕ ਭਾਈ ਨੇ ਜੀਤ ਨੂੰ ਪੁਛਿਆ।
‘ਆਹੋ ਜੀ! ਡਾਕਟਰਨੀ ਏ, ਵੱਡੀ ਡਾਕਟਰਨੀ। ਆਂਹਦੇ ਨੇ ਪੂਰਾ ਤਿੰਨ ਸੌ ਰੁਪਈਆ ਤਨਖਾਹ ਲੈਂਦੀ ਏ’ ਜੀਤ ਨੇ ਟਿਕਟ ਫੜਾਂਦਿਆਂ ਹੌਲੀ ਜਿਹੀ ਦੱਸਿਆ।
‘ਜੀ ਅੱਜਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ। ਤਦੇ ਤਾਂ ਆਦਮੀਆਂ ਦਾ ਰੋਅ੍ਹਬ ਨਹੀਂ ਰਿਹਾ’ ਨਾਲ ਦੀ ਸੀਟ ਤੇ ਬੈਠੇ ਅੱਧਖੜ੍ਹ ਜੇਹੇ ਬੰਦੇ ਨੇ ਆਖਿਆ।
‘ਜੀ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਅੱਖ ਚੁੱਕਦੀਆਂ ਨੇ…. ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾਂ, ਦੇਖੀ ਐ, ਸੁਹਰੀ ਦੇ ਜਾਣੀਂ ਮੂੰਹ ਵਿਚ ਬੋਲ ਨੀਂ… ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ‘ਤੇ ਬੈਠੇ ਇਕ ਸਰਦਾਰ ਨੇ ਆਖਿਆ।
‘ਯਾ ਰੱਬ! ਸਾਡੀ ਵੀ ਕਿਸੇ…’ ਫਿਕਰਾ ਵਿਚ ਹੀ ਰਹਿ ਗਿਆ ਜਦੋਂ ਟਿਕਟ ਫੜਾਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੁਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ‘ਕਿਉਂ ਬਈ ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੇ ਈ ਭੁੰਜੇ?’
‘ਮੈਂ ਤਾਂ ਕੰਡੱਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਓ….।’
ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ, ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ।
‘ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ,’ ਆਖ, ਉਹ ਅਗਾਂਹ ਲੰਘ ਗਿਆ।
ਅੱਗੋਂ ਇਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ‘ਮਾਏ ਟੁੱਟੇ ਹੋਏ ਨਹੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰਾ ਭਾੜੈ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ,’ ਜੀਤ ਨੇ ਜ਼ਰਾ ਸਖ਼ਤ ‘ਵਾਜ਼ ਨਾਲ ਆਖਿਆ।
‘ਵੇ ਪੁੱਤਾ! ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਏ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ,’ ਬੁੱਢੀ ਨੇ ਤਰਲੇ ਨਾਲ ਆਖਿਆ।
‘ਅੱਛਾ ਮਾਈ ਬੈਠ ਜਾ,’ ਆਖ, ਉਹ ਟਿਕਟ ਕੱਟਣ ਲੱਗ ਪਿਆ।
ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ।
‘ਯਾਰ, ਅੱਜ ਏਧਰ ਦੀ ਚੱਲੀਂ ਨੀਲਾ ਭਵਨ ਕੰਨੀ ਦੀ,’ ਜੀਤ ਨੇ ਡਰਾਈਵਰ ਨੂੰ ਆਖਿਆ।
ਗੁਰਦਵਾਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੁੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨਮੇ ਕੋਲ ਕੰਡੱਕਟਰ ਨੇ ਘੰਟੀ ਕਰ ਕੇ ਬੱਸ ਰੋਕ ਲਈ ਤੇ ਤਾਕੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ‘ਤੁਸੀਂ ਏਧਰ ਉਤਰ ਜਾਉ, ਹਸਪਤਾਲ ਨੇੜੇ ਰਹੂਗਾ।’
ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ‘ਬਚਾਰਾ ਬੜਾ ਚੰਗਾ ਕੰਡੱਕਟਰ ਏ’ ਉਹਨੂੰ ਇਕ ਵਾਰੀ ਖਿਆਲ ਆਇਆ।
ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇਕ ਕੰਡੱਕਟਰ ਕਮੀਜ਼ ਦੇ ਗਲਮੇਂ ਦੇ ਬੱਟਣ ਖੋਲ੍ਹ ਆਵਾਰਾ ਫਿਲਮ ਦਾ ਗਾਣਾ ਗੁਣਗੁਣਾਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ।
ਅਗਲੇ ਦਿਨ ਫਿਰ ਚਾਨਸ ਅਜਿਹਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ, ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਜੀਤ, ਇਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ‘ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ। ਤੁਹਾਡੀ ਖ਼ਾਤਰ ਸੀਟ ਰੱਖੀ ਪਈ ਐ।’
ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ, ਪਾਲੀ ਸੀਟ ‘ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ।
‘ਇਹ ਤਾਂ ਵਿਚਾਰਾ ਬੜਾ ਚੰਗਾ ਕੰਡੱਕਟਰ ਏ’ ਪਾਲੀ ਨੂੰ ਦਿਲ ‘ਚ ਇਕ ਵਾਰੀ ਖਿਆਲ ਆਇਆ।
ਬਦਲੀ ਮੁੜ ਨਾਭੇ ਦੀ ਕਰਾਣ ਵਿਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜ੍ਹੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਣ ਲਾ ਦਿੰਦੀ।
ਫਿਰ ਇਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ, ਨਹੀਂ ਬੀਬੀ ਰਹਿਣ ਦਿਓ’ ਆਖ ਜੀਤ ਅਗਾਂਹ ਲੰਘ ਗਿਆ।
‘ਨਹੀਂ ਬਈ ਪੈਸੇ ਲੈ ਲੇ,’ ਪਾਲੀ ਨੇ ਜ਼ੋਰ ਲਾਇਆ।
‘ਕੀ ਫ਼ਰਕ ਪੈ ਚੱਲਿਆ ਏ,’ ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ।
ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰ ਕੇ ਬੈਠ ਗਈ, ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡੱਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। ਤਿੰਨ ਸੌ ਰੁਪਈਆ ਕਮਾਣ ਵਾਲੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।
ਅਗਲੇ ਦਿਨ ਉਹ ਜਾਣ ਕੇ ਪੰਜ ਮਿੰਟ ਦੇਰ ਨਾਲ ਗਈ, ਉਸ ਨੇ ਸੋਚਿਆ, ‘ਅੱਜ ਪੀਪਲ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ। ਕੀ ਫਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ।
ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਇਵਰ ਬੱਸ ਸਟਾਰਟ ਕਰੀਂ ਖੜ੍ਹਾ ਸੀ ਤੇ ਕੰਡੱਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ।
‘ਓਏ, ਆਉਂਦਾ ਹੁਣ, ਕਿਉਂ ਭੇਰਮੀਂ ਵੱਢੀ ਐ। ਐਡੀ ਛੇਤੀ ਜਾਣੀ ਮੀਂਹ ਆਉਂਦਾ ਏ,’ ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ।
‘ਅੱਗੇ ਪਹੁੰਚਣਾ ਏ ਕਿ ਨਹੀਂ, ਮੜਕਾਂ ਨਾਲ ਹੀ ਆਉਨਾਂ ਏਂ,’ ਡਰਾਈਵਰ ਬੋਲਿਆ।
‘ਚਲੋ ਬੀਬੀ, ਬੈਠੋ ਅਗਲੀ ਸੀਟ ‘ਤੇ,’ ਤਾਕੀ ਖੋਲ੍ਹਦਿਆਂ ਪਾਲੀ ਨੂੰ ਉਹਨੇ ਆਖਿਆ।
‘ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ।’ ਪਿੱਛਿਓ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇਕ ਕਲਰਕ ਹੌਲੀ ਜਿਹੀ ਬੋਲਿਆ।
ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ ਵਾਰ ਆਖਣ ‘ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ‘ਇਸ ਬੇਈਮਾਨੀ ਵਿਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ….. ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ…. ਖ਼ੈਰ, ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ’ ਉਹ ਸੋਚ ਹੀ ਰਹੀ ਸੀ ਕਿ ਬੱਸ ਖੜ੍ਹੀ ਕਰ, ਇੱਕ ਚੈਕਰ ਚੜ੍ਹ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤ੍ਰੇਲੀਓ ਤ੍ਰੇਲੀ ਹੋ ਗਈ।
‘ਕਿੱਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ… ਮੈਂ ਆਖ ਦਿਆਂਗੀ ਕਿ ਕੰਡੱਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ’ ਉਹਨੇ ਸੋਚਿਆ। ‘ਪਰ ਬਚਾਰਾ ਫਸੇਗਾ…. ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ,’ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ।
ਇੰਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ।
‘ਜੀ…. ਟਿਕਟ,’ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿਚੋਂ ਟਿਕਟ ਕੱਢ ਕੇ ਕਿਹਾ, …. ਏਹ…. ਏਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ।’
ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖ਼ਾਕੀ ਕੱਪੜਿਆਂ ਵਾਲੇ ਕੰਡੱਕਟਰ ਤੇ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿਚ ਮੁਸਕਰਾਇਆ।
ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿਚੋਂ ਉਤਰ ਗਿਆ।
ਪਾਲੀ ਹੈਰਾਨ-ਪਰੇਸ਼ਾਨ ਸੋਚ ਰਹੀ ਸੀ ਸੱਠਾਂ ਰੁਪਿਆਂ ਵਿਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ।
ਹਸਪਤਾਲ ਵਿਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ।
ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ, ਉਦਾਸ, ਜੀਤ ਉਹਦੇ ਕੋਲ ਆਇਆ।
‘ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿਚ ਪੜ੍ਹਦੀ ਸੀ… ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡੱਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ… ਤੇ… ਤੇ…, ਅੱਗੋਂ ਉਹਦਾ ਗਲਾ ਭਰ ਆਇਆ।
ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ।
ਇੰਨੇ ਨੂੰ ਬੱਸ ਆ ਗਈ ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ।

ਦਲੀਪ ਕੌਰ ਟਿਵਾਣਾ

ਜ਼ਮੀਰ ਦੀ ਆਵਾਜ਼

by Sandeep Kaur March 6, 2020

ਕਾਫੀ ਅਰਸਾ ਪਹਿਲਾਂ ਦੀ ਗੱਲ ਏ, ਉੜੀਸਾ ਆਂਧਰਾ ਵੱਲ ਟਰੱਕਾਂ ਤੇ ਧੱਕੇ ਧੋੜੇ ਖਾ ਕੇ ਅਖੀਰ ਬੜੇ ਤਰਲਿਆਂ , ਸਿਫਾਰਿਸ਼ਾਂ ਨਾਲ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਸ਼ੁਬੇਗ ਸਿੰਘ ਨੂੰ । ਖ਼ਾਕੀ ਪੈਂਟ ਕਮੀਜ਼ ਤੇ ਪੱਗ ਬੰਨ੍ਹ ਕੇ ਓਸਤੋ ਚਾਅ ਚੁੱਕਿਆ ਨਹੀ ਸੀ ਜਾਂਦਾ , ਜਿਵੇ ਸਾਰੀ ਦੁਨੀਆਂ ਦੀ ਬਾਦਸ਼ਾਹੀ ਮਿਲ ਗਈ ਹੋਵੇ । ਜਦੋ ਨੇਮ ਪਲੇਟ ਲਾ ਕੇ ਤੁਰਦਾ ਤਾਂ ਓਹਨੂੰ ਜਾਪਦਾ ਜਿਵੇਂ ਹੁਣ ਤੱਕ ਬਿਨਾ ਨਾਮ ਤੋ ਈ ਤੁਰਿਆ ਫਿਰਦਾ ਰਿਹਾ ਹੋਵੇ । ਜਦੋਂ ਪਹਿਲੀ ਤਨਖ਼ਾਹ ਮਿਲੀ ਤਾਂ ਕਲਰਕ ਨੇ ਪੈਸੇ ਗਿਣਾ ਕੇ ਦਸਤਖ਼ਤ ਕਰਵਾਏ , ਇੰਜ ਲੱਗਾ ਜਿਵੇਂ ਜਿੰਦਗੀ ਹੁਣ ਸ਼ੁਰੂ ਹੋਈ ਹੋਵੇ , ਇਨਸਾਨਾਂ ਚ ਗਿਣਤੀ ਸ਼ੁਰੂ ਹੋ ਗਈ ਹੋਵੇ । ਬੜੇ ਚਾਈਂ ਤਿਆਰ ਹੋ ਡਿਊਟੀ ਤੇ ਪਹੁੰਚਦਾ ਓਹ । ਸਰਕਾਰੀ ਬੱਸ ਵੀ ਓਹਨੂੰ ਆਪਣੀ ਆਪਣੀ ਜਾਪਦੀ , ਘਰ ਦੇ ਦੀਆਂ ਵਾਂਗ । ਬੱਚਿਆਂ ਵਾਂਗ ਖਿਆਲ ਰੱਖਦਾ ਸੀ ਓਹ ਬੱਸ ਦਾ । ਡਿਊਟੀ ਖਤਮ ਹੋਣ ਤੋ ਬਾਅਦ ਓਹਨੇ ਉੱਤਰ ਕੇ ਬੱਸ ਨੂੰ ਸ਼ੁਕਰਾਨੇ ਭਰੀ ਨਿਗ੍ਹਾ ਨਾਲ ਤੱਕਣਾ ।ਪਰਕਰਮਾ ਕਰਕੇ ਸਿਰ ਝੁਕਾ ਕੇ ਮੱਥਾ ਟੇਕਣਾ ,ਜਦੋਂ ਉਹਨੇ ਘਰ ਪਰਤਣਾ ਤਾਂ ਸੀਟ ਦੇ ਕਵਰ ਤੋ ਬਣੇ ਹਰੇ ਝੋਲੇ ਵਿੱਚ ਬੱਚਿਆਂ ਲਈ ਕੋਈ ਨਾ ਕੋਈ ਫਲ ਫਰੂਟ ਲੈ ਕੇ ਜਾਣਾ। ਬੇਸ਼ੱਕ ਜ਼ਮੀਨ ਜਾਇਦਾਦ ਨਾਂਹ ਦੇ ਬਰਾਬਰ ਸੀ ਓਹਦੀ , ਪਰ ਨੌਕਰੀ ਦੇ ਸਿਰ ਤੇ ਓਹਦਾ ਜੀਵਨ ਨਿਰਬਾਹ ਬਹੁਤ ਸੋਹਣਾ ਚੱਲ ਰਿਹਾ ਸੀ ।ਬੱਚੇ ਪੜ੍ਹ ਰਹੇ ਸਨ , ਜਿੰਦਗੀ ਵਿੱਚ ਅਨੁਸ਼ਾਸਨ ਜਿਹਾ ਆ ਗਿਆ ਸੀ ਆਪਣੇ ਆਪ । ਛੋਟਾ ਜਿਹਾ , ਸਾਫ ਸੁਥਰਾ ਘਰ , ਨੇਕ ਜੀਵਨ ਸਾਥਣ ਤੇ ਪਿਆਰ ਕਰਨ ਵਾਲਾ ਪਰਿਵਾਰ , ਹੋਰ ਕੀ ਚਾਹੀਦਾ ਏ ਇਨਸਾਨ ਨੂੰ ?
ਤੇ ਫਿਰ ਅਚਾਨਕ ਓਹਦੀ ਡਿਊਟੀ ਬਾਡਰ ਏਰੀਏ ਚ ਲੱਗ ਗਈ । ਰਾਤ ਨੂੰ ਬੱਸ ਵਿੱਚ ਈ ਸੌਣਾ ਪੈਂਦਾ ਤੇ ਸਵੇਰੇ ਸਵਾ ਸੱਤ ਵਜੇ ਪਹਿਲਾ ਗੇੜਾ ਲੈ ਕੇ ਅੰਮ੍ਰਿਤਸਰ ਜਾਣਾ ਹੁੰਦਾ ਸੀ । ਦੋ ਦਿਨ ਡਿਊਟੀ, ਤੀਜੇ ਦਿਨ ਰੈਸਟ ਹੁੰਦੀ ।
ਇੱਕ ਰਾਤ ਜਦ ਓਹ ਬੱਸ ਵਿੱਚ ਸੁੱਤਾ ਪਿਆ ਸੀ ਤਾਂ ਰਾਤ ਸਾਢੇ ਕੁ ਨੌਂ ਵਜੇ ਕਿਸੇ ਨੇ ਸ਼ੀਸ਼ਾ ਖੜਕਾਇਆ , ਕੋਈ ਮੋਟਰ-ਸਾਈਕਲ ਸਵਾਰ ਸੀ ਤੇ ਗੱਲ ਕਰਨੀ ਚਾਹੁੰਦਾ ਸੀ । ਪੁੱਛਣ ਤੇ ਓਹਨੇ ਕਿਹਾ ਕਿ ਓਹ ਡੀਜ਼ਲ ਖਰੀਦਣਾ ਚਾਹੁੰਦਾ ਏ, ਪਰ ਸ਼ੁਬੇਗ ਸਿੰਘ ਨੇ ਨਾਂਹ ਕਰ ਦਿੱਤੀ । ਪਰ ਓਹ ਬੰਦਾ ਬਦੋਬਦੀ ਸੌ ਰੁਪਈਆ ਫੜਾ ਕੇ ਚਲਾ ਗਿਆ ਕਿ ਅਗਲੀ ਵਾਰੀ ਆ ਕੇ ਮਿਲੇਗਾ , ਸੋਚ ਕੇ ਦੱਸ ਦਿਓ ।
ਓਦੋਂ ਸੌ ਰੁਪਈਆ ਵੇਖਕੇ ਸ਼ੁਬੇਗ ਸਿੰਘ ਦਾ ਮਨ ਥਿੜਕ ਗਿਆ , ਅਠਾਰਾਂ ਸੌ ਕੁੱਲ ਤਨਖ਼ਾਹ ਸੀ ਓਹਦੀ ਓਸ ਵਕਤ , ਅਗਰ ਚਾਹਵੇ ਤਾਂ ਤਨਖ਼ਾਹ ਜਿੰਨੇ ਪੈਸੇ ਉੱਪਰੋਂ ਵੀ ਬਣਾ ਸਕਦਾ ਸੀ ਓਹ ਹਰ ਮਹੀਨੇ ।
ਅਗਲੀ ਵਾਰੀ ਜਦੋਂ ਓਹ ਡਿਊਟੀ ਲਈ ਰਾਤ ਰੁਕਿਆ ਤਾਂ ਓਹੀ ਮੋਟਰ-ਸਾਈਕਲ ਵਾਲਾ ਵੇਲੇ ਸਿਰ ਈ ਪਲਾਸਟਿਕ ਦਾ ਕੈਨ ਲੈ ਕੇ ਆਣ ਪੁੱਜਾ, ਨਾਲ ਪਾਈਪ ਵੀ ਰੱਖੀ ਸੀ ਓਹਨੇ ਸੂਟੇ ਨਾਲ ਤੇਲ ਕੱਢਣ ਲਈ, ਜਾਣੂ ਸੀ ਓਹ ਬਾਕੀ ਡਰੈਵਰਾਂ ਦਾ । ਸ਼ੁਬੇਗ ਸਿੰਘ ਨੇ ਪੇਸ਼ਗੀ ਵਾਲਾ ਸੌ ਰੁਪਈਆ ਖਰਚਿਆ ਨਹੀ ਸੀ, ਬਟੂਏ ਚ ਈ ਸੀ ਓਹਦੇ ਕੋਲ। ਓਹਨੇ ਝਕਦੇ ਨੇ ਡੀਜ਼ਲ ਟੈਂਕੀ ਦਾ ਢੱਕਣ ਖੋਹਲ ਦਿੱਤਾ ਤੇ ਓਹ ਬੰਦਾ ਫਟਾਫਟ ਤੇਲ ਕੱਢਣ ਲੱਗ ਪਿਆ । ਜਿਉਂ ਜਿਉ ਤੇਲ ਭਰਨ ਲੱਗਾ, ਸ਼ੁਬੇਗ ਸਿੰਘ ਨੂੰ ਖ਼ੁਦ ਤੇ ਸ਼ਰਮ ਆਉਣ ਲੱਗ ਪਈ, ਸਰੀਰ ਤੇ ਸੂਈਆਂ ਚੁਭਣ ਲੱਗ ਪਈਆਂ ।ਜਦੋਂ ਕੈਨੀ ਅੱਧੋਂ ਵੱਧ ਭਰ ਚੁੱਕੀ ਸੀ ਤਾਂ ਅਚਾਨਕ ਓਹਨੇ ਰੋਕ ਦਿੱਤਾ , ਕੈਨੀ ਉੱਚੀ ਕਰ ਦਿੱਤੀ ਤੇ ਤੇਲ ਵਾਪਸ ਟੈਂਕੀ ਵਿੱਚ ਪੈਣਾ ਸ਼ੁਰੂ ਹੋ ਗਿਆ ।ਓਹ ਡੀਜ਼ਲ ਦਾ ਗਾਹਕ ਥੋੜਾ ਹੱਕਾ ਬੱਕਾ ਰਹਿ ਗਿਆ,ਕਹਿਣ ਲੱਗਾ ਕਿ ਪੈਸੇ ਹੋਰ ਲੈ ਲਵੋ, ਪਰ ਸ਼ੁਬੇਗ ਸਿੰਘ ਨੇ ਖਾਲ਼ੀ ਕੈਨ ਤੇ ਪਾਈਪ ਓਹਦੇ ਹੱਥ ਥਮਾ ਦਿੱਤਾ । ਨਾਲ ਈ ਪੈਸੇ ਵੀ ਹੱਥ ਤੇ ਰੱਖ ਦਿੱਤੇ ਵਾਪਸ। ਛਿੱਥਾ ਜਿਹਾ ਪੈ ਗਿਆ ਓਹ ਬੰਦਾ , ਪੁੱਛਣ ਲੱਗਾ ਕਿ ਹੋਇਆ ਕੀ ਏ, ਇਰਾਦਾ ਕਿਉਂ ਬਦਲ ਗਿਆ ਅਖੀਰ ਤੇ?
ਸ਼ੁਬੇਗ ਸਿੰਘ ਅੱਖਾਂ ਭਰ ਆਇਆ । ਹੱਥ ਜੋੜ ਕੇ ਖਲੋ ਗਿਆ ਤੇ ਕਹਿਣ ਲੱਗਾ,”ਪਰਦੇਸਾਂ ਚ ਧੱਕੇ ਖਾਧੇ ਨੇ ਰਿਜ਼ਕ ਖ਼ਾਤਰ , ਹੁਣ ਆ ਕੇ ਬੜੀ ਸੋਹਣੀ ਰੋਟੀ ਜੁੜਦੀ ਏ, ਰਾਤ ਦਾ ਟੀਏ ਮਿਲਦਾ ਏ ਵੱਖਰਾ, ਸਾਰਾ ਟੱਬਰ ਇੱਜਤ ਦੀ ਰੋਟੀ ਖ਼ਾਨੇ ਆਂ ਅਸੀਂ , ਤੇ ਏਹ ਗੱਡੀ ਜੋ ਮੇਰੇ ਸਾਰੇ ਪਰਿਵਾਰ ਦੀ ਪੇਟ ਪਾਲਦੀ ਏ, ਏਹਦਾ ਪੇਟ ਕਿਵੇਂ ਧੋ ਦੇਵਾਂ , ਕਿਵੇਂ ਕਰ ਲਵਾਂ ਏਹਦੇ ਲਹੂ ਦਾ ਸੌਦਾ ਯਾਰ, ਕਿੱਥੇ ਲੇਖਾ ਦਊੰਗਾ ਮੈਂ?
ਮੋਟਰ-ਸਾਈਕਲ ਸਵਾਰ, ਦਾਲ ਨਾ ਗਲਦੀ ਵੇਖ ਕਿੱਕ ਮਾਰਕੇ ਕਾਹਲੀ ਵਿੱਚ ਚਲਾ ਗਿਆ ।
ਸ਼ੁਬੇਗ ਸਿੰਘ ਹਾਲੇ ਵੀ ਭਾਵਕ ਹੋਇਆ ਖੜਾ ਸੀ , ਫਿਰ ਬੱਸ ਦੇ ਅਗਲੇ ਪਾਸੇ ਚਲਾ ਗਿਆ, ਗੱਲਾਂ ਕਰਨ ਲੱਗ ਪਿਆ ਓਹਦੇ ਨਾਲ ਇਕੱਲ੍ਹਾ ਈ ।
,” ਮਾਫ ਕਰੀਂ ਕਰਮਾਂ ਵਾਲੀਏ, ਮੈਂ ਕੇਰਾਂ ਡੋਲ ਗਿਆ ਸਾਂ, ਫਿਰ ਕਦੀ ਐਹੋ ਜਿਹੀ ਗਲਤੀ ਨਹੀ ਕਰਦਾ “
ਚੁੰਮ ਲਿਆ ਓਹਨੇ ਬੱਸ ਨੂੰ , ਹੱਥ ਵਿਚਲੇ ਪਰਨੇ ਨਾਲ ਪੂੰਝਣ ਲੱਗ ਪਿਆ ਓਹ ਬੱਸ ਨੂੰ, ਤੇ ਫਿਰ ਆਪਣੇ ਆਪ ਗੱਲਾਂ ਕਰਦਾ ਕਰਦਾ ਬੱਸ ਵਿੱਚ ਸੀਟਾਂ ਜੋੜਕੇ ਬਣਾਏ ਬਿਸਤਰੇ ਤੇ ਸਕੂਨ ਨਾਲ ਸੌਂ ਗਿਆ । ਇਵੇਂ , ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਸਿਰ ਰੱਖ ਸੌਂਦਾ ਏ ।
ਜ਼ਮੀਰ ਦੀ ਆਵਾਜ ਸੁਣਕੇ ਓਸਤੇ ਅਮਲ ਕਰਨਾ ਈ ਸਵਰਗ ਏ ਦੋਸਤੋ, ਤੇ ਜ਼ਮੀਰ ਵੇਚਕੇ ਓਹਦੀ ਦਲਾਲੀ ਖਾਣੀ ਅਸਲ ਨਰਕ ਏ, ਮਰਜ਼ੀ ਸਾਡੀ ਆਪਣੀ ਏ , ਨਰਕ ਭੋਗਣਾ ਏ ਜਾਂ ਸਵਰਗ ।

 

ਦਵਿੰਦਰ ਸਿੰਘ ਜੌਹਲ

ਸ਼ਰੀਫ਼ਨ

by Sandeep Kaur March 5, 2020

ਜਦੋਂ ਕਾਸਿਮ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਸਿਰਫ਼ ਗੋਲੀ ਦੇ ਸਾੜ ਦਾ ਅਹਿਸਾਸ ਸੀ ਜੋ ਉਸ ਦੀ ਸੱਜੀ ਪਿੰਜਣੀ ਵਿਚ ਖੁਭ ਗਈ ਸੀ, ਪਰ ਅੰਦਰ ਜਾ ਜਦੋਂ ਉਸ ਆਪਣੀ ਬੀਵੀ ਦੀ ਲੋਥ ਦੇਖੀ ਤਾਂ ਉਸ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਸ਼ਾਇਦ ਉਹ ਲੱਕੜਾਂ ਪਾੜਨ ਵਾਲਾ ਗੰਡਾਸਾ ਚੁੱਕ ਬਾਹਰ ਨਿਕਲ ਕਤਲੇਆਮ ਦਾ ਬਾਜ਼ਾਰ ਗਰਮ ਕਰ ਦਿੰਦਾ, ਪਰ ਉਸ ਨੂੰ ਆਪਣੀ ਬੇਟੀ ਸ਼ਰੀਫ਼ਨ ਦਾ ਖ਼ਿਆਲ ਆ ਗਿਆ।
“ਸ਼ਰੀਫ਼ਨ… ਸ਼ਰੀਫ਼ਨ…!” ਉਸ ਉੱਚੀ ਉੱਚੀ ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਸਾਹਮਣੇ ਵਰਾਂਡੇ ਦੇ ਦੋਵੇਂ ਦਰਵਾਜ਼ੇ ਬੰਦ ਸਨ। ਕਾਸਿਮ ਨੇ ਸੋਚਿਆ, ਸ਼ਾਇਦ ਉਹ ਡਰ ਦੇ ਮਾਰੇ ਅੰਦਰ ਲੁਕ ਗਈ ਹੈ, ਉਹ ਓਧਰ ਵਧਿਆ ਤੇ ਦਰਵਾਜ਼ੇ ਨਾਲ ਮੂੰਹ ਲਾ ਉਸ ਨੇ ਕਿਹਾ,
“ਸ਼ਰੀਫ਼ਨ, ਸ਼ਰੀਫ਼ਨ… ਮੈਂ ਹਾਂ, ਤੇਰਾ ਬਾਪ।” ਪਰ ਅੰਦਰੋਂ ਕੋਈ ਜਵਾਬ ਨਾ ਆਇਆ।
ਕਾਸਿਮ ਨੇ ਦੋਹਾਂ ਹੱਥਾਂ ਨਾਲ ਦਰਵਾਜ਼ੇ ਨੂੰ ਧੱਕਾ ਦਿੱਤਾ ਜੋ ਇਕਦਮ ਖੁੱਲ੍ਹਿਆ ਅਤੇ ਉਹ ਮੂਧੇ ਮੂੰਹ ਡਿੱਗ ਪਿਆ, ਸੰਭਲ ਕੇ ਜਦੋਂ ਉਸ ਉਠਣਾ ਚਾਹਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਕਿਸੇ…।
ਕਾਸਿਮ ਚੀਕ ਕੇ ਉਠ ਬੈਠਾ।
ਇਕ ਗਜ਼ ਦੇ ਫ਼ਾਸਲੇ ਉਤੇ ਕਿਸੇ ਜਵਾਨ ਕੁੜੀ ਦੀ ਲਾਸ਼ ਪਈ ਸੀ, ਨੰਗੀ, ਬਿਲਕੁਲ ਨੰਗੀ, ਗੋਰਾ ਗੋਰਾ ਜਿਸਮ, ਛੱਤ ਵੱਲ ਉੱਠੀਆਂ ਹੋਈਆਂ ਛੋਟੀਆਂ ਛੋਟੀਆਂ ਛਾਤੀਆਂ…।
ਇਕਦਮ ਕਾਸਿਮ ਦਾ ਸਾਰਾ ਵਜੂਦ ਹਿੱਲ ਗਿਆ, ਉਸ ਦੀਆਂ ਗਹਿਰਾਈਆਂ ਵਿਚੋਂ ਇਕ ਅਸਮਾਨਾਂ ਨੂੰ ਚੀਰਨ ਵਾਲੀ ਚੀਕ ਉਠੀ ਪਰ ਉਸ ਦੇ ਬੁੱਲ੍ਹ ਇਸ ਤਰ੍ਹਾਂ ਜ਼ੋਰ ਨਾਲ ਚਿਪਕੇ ਸਨ ਕਿ ਬਾਹਰ ਨਾ ਨਿਕਲ ਸਕੀ। ਉਸ ਦੀਆਂ ਅੱਖਾਂ ਆਪੇ ਮੀਟੀਆਂ ਗਈਆਂ ਸਨ, ਫਿਰ ਵੀ ਉਸ ਨੇ ਦੋਵੇਂ ਹੱਥੀਂ ਆਪਣਾ ਚਿਹਰਾ ਢਕ ਲਿਆ। ਮਰੀ ਜਿਹੀ ਆਵਾਜ਼ ਉਸ ਦੇ ਮੂੰਹੋਂ ਨਿਕਲੀ,
“ਸ਼ਰੀਫ਼ਨ…।” ਅਤੇ ਉਸ ਅੱਖਾਂ ਬੰਦ ਕਰੀ ਏਧਰ ਉੱਧਰ ਹੱਥ ਮਾਰ ਕੱਪੜੇ ਚੁੱਕ ਸ਼ਰੀਫ਼ਨ ਦੀ ਲਾਸ਼ ਉਤੇ ਸਿੱਟ ਦਿੱਤੇ, ਅਤੇ ਇਹ ਦੇਖੇ ਬਿਨਾਂ ਬਾਹਰ ਨਿਕਲ ਗਿਆ ਕਿ ਕਪੜੇ ਲਾਸ਼ ਉਤੇ ਪਏ ਵੀ ਹਨ ਜਾਂ ਨਹੀਂ…?
ਬਾਹਰ ਆ ਉਸ ਆਪਣੀ ਬੀਵੀ ਦੀ ਲਾਸ਼ ਵੀ ਦੇਖੀ, ਉਂਝ ਭਾਵੇਂ, ਉਸ ਨੂੰ ਨਜ਼ਰ ਹੀ ਨਾ ਆਈ ਹੋਵੇ, ਇਸ ਲਈ ਕਿ ਉਸ ਦੀਆਂ ਅੱਖਾਂ ਸ਼ਰੀਫ਼ਨ ਦੀ ਨੰਗੀ ਲਾਸ਼ ਨਾਲ ਭਰੀਆਂ ਹੋਈਆਂ ਸਨ। ਉਸ ਖੂੰਜੇ ਪਿਆ ਲੱਕੜਾਂ ਪਾੜਣ ਵਾਲਾ ਗੰਡਾਸਾ ਚੁਕਿਆ ਅਤੇ ਘਰੋਂ ਬਾਹਰ ਨਿਕਲ ਗਿਆ।
ਕਾਸਿਮ ਦੀ ਸੱਜੀ ਪਿੰਜਣੀ ਵਿਚ ਗੋਲੀ ਖੁਭੀ ਹੋਈ ਸੀ, ਜਿਸ ਦਾ ਅਹਿਸਾਸ ਘਰ ਅੰਦਰ ਵੜਦਿਆਂ ਹੀ ਉਸ ਦੇ ਦਿਲੋ-ਦਿਮਾਗ਼ ਵਿਚੋਂ ਉਡ ਗਿਆ ਸੀ ਕਿਉਂਕਿ ਉਸ ਦੀ ਵਫ਼ਾਦਾਰ ਪਿਆਰੀ ਬੀਵੀ ਹਲਾਕ ਹੋ ਚੁੱਕੀ ਸੀ। ਹੁਣ ਇਹ ਸਦਮਾ ਵੀ ਉਸ ਦੇ ਜ਼ਿਹਨ ਦੇ ਕਿਸੇ ਕੋਨੇ ਵਿਚ ਮੌਜੂਦ ਨਹੀਂ ਸੀ, ਵਾਰ ਵਾਰ ਉਸ ਦੀਆਂ ਅੱਖਾਂ ਸਾਹਮਣੇ ਇਕੋ ਤਸਵੀਰ ਆਉਂਦੀ, ਸ਼ਰੀਫ਼ਨ ਦੀ, ਨੰਗੀ ਸ਼ਰੀਫ਼ਨ ਦੀ ਅਤੇ ਉਹ ਨੇਜ਼ੇ ਦੀ ਨੋਕ ਬਣ ਬਣ ਉਸ ਦੀਆਂ ਅੱਖਾਂ ਨੂੰ ਚੀਰਦੀ ਹੋਈ ਉਸ ਦੀ ਰੂਹ ਨੂੰ ਪਾੜ ਗਈ।
ਗੰਡਾਸਾ ਹੱਥ ਵਿਚ ਲਈ ਕਾਸਿਮ ਸੁੰਨਸਾਨ ਬਾਜ਼ਾਰਾਂ ਵਿਚ ਉਬਲਦੇ ਲਾਵੇ ਵਾਂਗ ਵਹਿੰਦਾ ਜਾ ਰਿਹਾ ਸੀ।
ਚੌਂਕ ਕੋਲ ਉਸ ਦੀ ਮੁੱਠਭੇੜ ਇਕ ਸਿੱਖ ਨਾਲ ਹੋ ਗਈ – ਸਿੱਖ ਤਕੜਾ ਜੁਆਨ ਸੀ, ਪਰ ਕਾਸਿਮ ਨੇ ਕੁਝ ਅਜਿਹੇ ਢੰਗ ਨਾਲ ਹਮਲਾ ਕੀਤਾ ਅਤੇ ਤਕੜਾ ਹੱਥ ਮਾਰਿਆ ਕਿ ਸਿੱਖ ਡਾਢੇ ਝੱਖੜ ਵਿਚ ਉਖੜੇ ਦਰਖ਼ਤ ਵਾਂਗ ਜ਼ਮੀਨ ਉਤੇ ਡਿਗ ਗਿਆ।
ਕਾਸਿਮ ਦੀਆਂ ਰਗਾਂ ਵਿਚ ਖੂਨ ਹੋਰ ਵਧੇਰੇ ਭਖ ਗਿਆ ਅਤੇ ਵੱਜਣ ਲੱਗਾ ਤੜ-ਤੜ-ਤੜ-ਤੜ, ਜਿਵੇਂ ਜੋਸ਼ ਖਾਂਦੇ ਤੇਲ ਉਤੇ ਪਾਣੀ ਦਾ ਹਲਕਾ ਜਿਹਾ ਛੱਟਾ ਪੈ ਗਿਆ ਹੋਵੇ।
ਦੂਰ ਸੜਕ ਦੇ ਉਸ ਪਾਰ, ਉਸ ਨੂੰ ਕੁਝ ਆਦਮੀ ਨਜ਼ਰ ਆਏ। ਤੀਰ ਵਾਂਗ ਉਹ ਉਨ੍ਹਾਂ ਵੱਲ ਵਧਿਆ। ਉਸ ਨੂੰ ਦੇਖ ਉਨ੍ਹਾਂ ਲੋਕਾਂ ‘ਹਰ-ਹਰ ਮਹਾਂਦੇਵ’ ਦੇ ਨਾਰ੍ਹੇ ਲਾਏ। ਕਾਸਿਮ ਨੇ ਜਵਾਬ ਵਿਚ ਨਾਰ੍ਹਾ ਲਾਉਣ ਦੀ ਥਾਂ ਉਨ੍ਹਾਂ ਨੂੰ ਮਾਂ-ਭੈਣ ਦੀਆਂ ਮੋਟੀਆਂ ਮੋਟੀਆਂ ਗਾਲ੍ਹਾਂ ਕੱਢੀਆਂ ਅਤੇ ਗੰਡਾਸਾ ਚੁੱਕੀ ਉਨ੍ਹਾਂ ਲੋਕਾਂ ਵਿਚ ਘੁਸ ਗਿਆ।
ਮਿੰਟੋ ਮਿੰਟੀ ਤਿੰਨ ਲਾਸ਼ਾਂ ਸੜਕ ਉਤੇ ਤੜਫ਼ ਰਹੀਆਂ ਸਨ, ਜੋ ਬਚੇ ਉਹ ਭੱਜ ਗਏ, ਪਰ ਕਾਸਿਮ ਦਾ ਗੰਡਾਸਾ ਦੇਰ ਤਕ ਹਵਾ ਵਿਚ ਚੱਲਦਾ ਰਿਹਾ। ਅਸਲ ਵਿਚ ਉਸ ਦੀਆਂ ਅੱਖਾਂ ਬੰਦ ਸਨ, ਗੰਡਾਸਾ ਘੁੰਮਾਉਂਦਾ-ਘੁੰਮਾਉਂਦਾ ਉਹ ਇਕ ਲੋਥ ਨਾਲ ਟਕਰਾਇਆ ਤੇ ਡਿੱਗ ਪਿਆ। ਉਸ ਨੇ ਸੋਚਿਆ ਸ਼ਾਇਦ ਉਸਨੂੰ ਡੇਗ ਲਿਆ ਗਿਆ ਹੈ, ਫਿਰ ਉਸ ਨੇ ਗਾਲ੍ਹਾਂ ਕੱਢ ਚੀਖਣਾ ਸ਼ੁਰੂ ਕਰ ਦਿੱਤਾ, “ਮਾਰ ਦੇ ਮੈਨੂੰ, ਮਾਰ ਦੇ ਮੈਨੂੰ…।”
ਜਦੋਂ ਕੋਈ ਹੱਥ ਉਸ ਦੀ ਧੌਣ ਉਤੇ ਮਹਿਸੂਸ ਨਾ ਹੋਇਆ ਅਤੇ ਕੋਈ ਜ਼ਰਬ ਉਸ ਦੇ ਸਰੀਰ ਉਤੇ ਨਾ ਪਈ ਤਾਂ ਉਸ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ। ਉਸ ਦੇਖਿਆ ਕਿ ਸੜਕ ਉਤੇ ਤਿੰਨ ਲਾਸ਼ਾਂ ਅਤੇ ਉਸ ਦੇ ਆਪਣੇ ਤੋਂ ਇਲਾਵਾ ਹੋਰ ਕੋਈ ਵੀ ਉਥੇ ਨਹੀਂ ਸੀ।
ਇਕ ਪਲ ਲਈ ਕਾਸਿਮ ਨੂੰ ਮਾਯੂਸੀ ਹੋਈ, ਸ਼ਾਇਦ ਉਹ ਮਰ ਜਾਣਾ ਚਾਹੁੰਦਾ ਸੀ, ਪਰ ਇਕਦਮ ਸ਼ਰੀਫ਼ਨ, ਨੰਗੀ ਸ਼ਰੀਫ਼ਨ ਦੀ ਤਸਵੀਰ ਉਸ ਦੀਆਂ ਅੱਖਾਂ ਵਿਚ ਪਿਘਲੇ ਹੋਏ ਸ਼ੀਸ਼ੇ ਵਾਂਗ ਉਤਰ ਗਈ ਅਤੇ ਉਸ ਦੇ ਵਜੂਦ ਨੂੰ ਬਾਰੂਦ ਦਾ ਬਲਦਾ ਹੋਇਆ ਪਲੀਤਾ ਬਣਾਅ ਗਈ। ਉਹ ਫੌਰਨ ਉਠਿਆ, ਗੰਡਾਸਾ ਹੱਥ ਵਿਚ ਲਿਆ ਅਤੇ ਖੌਲਦੇ ਲਾਵੇ ਵਾਂਗ ਸੜਕ ਉਤੇ ਵਹਿਣ ਲੱਗਾ।
ਜਿੰਨੇ ਬਾਜ਼ਾਰ ਕਾਸਿਮ ਨੇ ਤੈਅ ਕੀਤੇ, ਸਭ ਦੇ ਸਭ ਖਾਲੀ ਸਨ।
ਇਕ ਗਲੀ ਵਿਚ ਉਹ ਵੜਿਆ, ਪਰ ਉਸ ਵਿਚ ਸਭ ਮੁਸਲਮਾਨ ਸਨ। ਉਸ ਨੂੰ ਬਹੁਤ ਕੋਫ਼ਤ ਹੋਈ, ਉਸ ਆਪਣੇ ਲਾਵੇ ਦਾ ਰੁੱਖ ਦੂਜੇ ਪਾਸੇ ਫੇਰ ਲਿਆ।
ਇਕ ਬਾਜ਼ਾਰ ਵਿਚ ਪਹੁੰਚ ਉਸ ਗੰਡਾਸਾ ਉਚਾ ਕੀਤਾ, ਹਵਾ ਵਿਚ ਲਹਿਰਾਇਆ ਅਤੇ ਮਾਂ-ਭੈਣ ਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਝੱਟ ਉਸ ਨੂੰ ਬਹੁਤ ਹੀ ਤਕਲੀਫ਼ਦੇਹ ਅਹਿਸਾਸ ਹੋਇਆ ਕਿ ਅਜੇ ਤਕ ਉਹ ਮਾਂ-ਭੈਣ ਦੀਆਂ ਗਾਲ੍ਹਾਂ ਹੀ ਕੱਢ ਰਿਹਾ ਹੈ, ਫ਼ੌਰਨ ਕੁੜੀ ਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਜਿਹੀਆਂ ਜਿੰਨੀਆਂ ਗਾਲ੍ਹਾਂ ਉਸ ਨੂੰ ਯਾਦ ਸਨ, ਸਾਰੀਆਂ ਦੀਆਂ ਸਾਰੀਆਂ ਇਕ ਹੀ ਸਾਹ ਵਿਚ ਉਲਟੀ ਕਰ ਦਿੱਤੀਆਂ, ਫਿਰ ਵੀ ਉਸ ਦੀ ਤਸੱਲੀ ਨਾ ਹੋਈ।
ਝੁੰਜਲਾ ਕੇ ਉਹ ਇਕ ਮਕਾਨ ਵੱਲ ਹੋਇਆ ਜਿਸ ਦੇ ਦਰਵਾਜ਼ੇ ਉਪਰ ਹਿੰਦੀ ਵਿਚ ਕੁਝ ਲਿਖਿਆ ਸੀ। ਦਰਵਾਜ਼ਾ ਅੰਦਰੋਂ ਬੰਦ ਸੀ। ਕਾਸਿਮ ਨੇ ਪਾਗਲਾਂ ਵਾਂਗ ਗੰਡਾਸਾ ਚਲਾਉਣਾ ਸ਼ੁਰੂਕਰ ਦਿੱਤਾ। ਕੁਝ ਹੀ ਚਿਰ ਵਿਚ ਦੋਵੇਂ ਕਵਾੜ ਟੋਟਾ ਟੋਟਾ ਹੋ ਗਏ।
ਉਹ ਅੰਦਰ ਵੜਿਆ। ਨਿੱਕਾ ਜਿਹਾ ਘਰ ਸੀ।
ਉਸ ਆਪਣੇ ਸੁੱਕੇ ਹੋਏ ਹਲਕ ਉਤੇ ਜ਼ੋਰ ਪਾ ਫਿਰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਚੀਖਿਆ, “ਬਾਹਰ ਨਿਕਲੋ…, ਬਾਹਰ ਨਿਕਲੋ…।”
ਸਾਹਮਣੇ ਵਰਾਂਡੇ ਦੇ ਦਰਵਾਜ਼ੇ ਵਿਚ ਚਰ ਚਰ ਹੋਈ।
ਕਾਸਿਮ ਆਪਣੇ ਸੁੱਕੇ ਹੋਏ ਹਲਕ ਉਤੇ ਜ਼ੋਰ ਪਾਈ ਗਾਲ੍ਹਾਂ ਕੱਢੀ ਗਿਆ।
ਦਰਵਾਜ਼ਾ ਖੁੱਲ੍ਹਿਆ ਅਤੇ ਇਕ ਕੁੜੀ ਸਾਮ੍ਹਣੇ ਸੀ।
ਕਾਸਿਮ ਦੇ ਬੁੱਲ੍ਹ ਚਿਪਕ ਗਏ, ਫਿਰ ਉਸ ਗਰਜ ਕੇ ਪੁੱਛਿਆ, “ਕੌਣ ਹੈ ਤੂੰ…?”
ਕੁੜੀ ਨੇ ਖੁਸ਼ਕ ਬੁੱਲ੍ਹਾਂ ਉਤੇ ਜੀਭ ਫੇਰੀ ਅਤੇ ਜਵਾਬ ਦਿਤਾ, “ਹਿੰਦੂ…।”
ਕਾਸਿਮ ਤਣ ਕੇ ਖੜ੍ਹਾ ਹੋ ਗਿਆ। ਅੰਗਿਆਰਿਆਂ ਭਰੀਆਂ ਅੱਖਾਂ ਨਾਲ ਉਸ ਕੁੜੀ ਨੂੰ ਤੱਕਿਆ, ਜਿਸ ਦੀ ਉਮਰ ਚੌਦਾਂ ਜਾਂ ਪੰਦਰਾਂ ਸਾਲਾਂ ਦੀ ਸੀ। ਉਸ ਹੱਥੋਂ ਗੰਡਾਸਾ ਸੁੱਟ ਦਿੱਤਾ, ਫਿਰ ਉਹ ਬਾਜ਼ ਵਾਂਗ ਝਪਟਿਆ ਅਤੇ ਕੁੜੀ ਨੂੰ ਧਕੇਲ ਅੰਦਰ ਲੈ ਗਿਆ। ਉਸ ਦੋਹਾਂ ਹੱਥਾਂ ਨਾਲ ਕੁੜੀ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ।
ਤਕਰੀਬਨ ਅੱਧਾ ਘੰਟਾ ਕਾਸਿਮ ਆਪਣਾ ਬਦਲਾ ਲੈਣ ਵਿਚ ਰੁੱਝਿਆ ਰਿਹਾ, ਕੁੜੀ ਕੋਈ ਵਿਰੋਧ ਨਾ ਕੀਤਾ, ਇਸ ਲਈ ਕਿ ਉਹ ਫ਼ਰਸ਼ ਉਤੇ ਡਿੱਗਦਿਆਂ ਹੀ ਬੇਹੋਸ਼ ਹੋ ਗਈ ਸੀ।
ਜਦੋਂ ਕਾਸਿਮ ਅੱਖਾਂ ਖੋਲ੍ਹੀਆਂ ਤਾਂ ਉਸ ਦੇਖਿਆ ਕਿ ਉਸ ਦੇ ਦੋਵੇਂ ਹੱਥ ਕੁੜੀ ਦੀ ਧੌਣ ਵਿਚ ਧਸੇ ਹੋਏ ਹਨ। ਇਕ ਝਟਕੇ ਨਾਲ ਹੱਥ ਪਰੇ ਹਟਾਅ ਉਹ ਉਠਿਆ, ਉਸ ਇਕ ਨਜ਼ਰ ਕੁੜੀ ਵੱਲ ਦੇਖਿਆ ਕਿ… ਕਿ ਉਸ ਦੀ ਹੋਰ ਤਸੱਲੀ ਹੋ ਸਕੇ।
ਇਕ ਗਜ਼ ਦੇ ਫਾਸਲੇ ਉਤੇ ਇਕ ਜਵਾਨ ਕੁੜੀ ਦੀ ਲੋਥ ਪਈ ਸੀ, ਨੰਗੀ, ਬਿਲਕੁਲ ਨੰਗੀ, ਗੋਰਾ ਗੋਰਾ ਜਿਸਮ, ਛੱਤ ਵੱਲ ਉੱਠੀਆਂ ਹੋਈਆਂ ਛੋਟੀਆਂ ਛੋਟੀਆਂ ਛਾਤੀਆਂ।
ਕਾਸਿਮ ਦੀਆਂ ਅੱਖਾਂ ਇਕਦਮ ਮੀਟੀਆਂ ਗਈਆਂ, ਦੋਏ ਹੱਥੀਂ ਉਸ ਆਪਣਾ ਚਿਹਰਾ ਢਕ ਲਿਆ, ਗਰਮ ਗਰਮ ਪਸੀਨਾ ਬਰਫ਼ ਹੋ ਗਿਆ ਅਤੇ ਉਸ ਦੀਆਂ ਰਗਾਂ ਵਿਚ ਖੌਲਦਾ ਲਾਵਾ ਪੱਥਰ ਵਾਂਗ ਜੰਮਣਾ ਸ਼ੁਰੂ ਹੋ ਗਿਆ।
ਥੋੜ੍ਹੇ ਚਿਰ ਪਿਛੋਂ ਇਕ ਹਥਿਆਰਬੰਦ ਆਦਮੀ ਮਕਾਨ ਵਿਚ ਵੜਿਆ। ਉਸ ਦੇਖਿਆ ਕਿ ਕੋਈ ਸ਼ਖ਼ਸ ਅੱਖਾਂ ਬੰਦ ਕਰੀ, ਲਰਜ਼ਦੇ ਹੱਥਾਂ ਨਾਲ ਫ਼ਰਸ਼ ਉਤੇ ਪਈ ਕਿਸੇ ਚੀਜ਼ ਉਤੇ ਕੰਬਲ ਪਾ ਰਿਹਾ ਹੈ। ਉਸ ਗਰਜ ਕੇ ਪੁੱਛਿਆ, “ਕੌਣ ਹੈਂ ਤੂੰ ਓਏ?”
ਕਾਸਿਮ ਚੌਂਕਿਆ, ਉਸ ਦੀਆ ਅੱਖਾਂ ਖੁੱਲ੍ਹ ਗਈਆਂ, ਪਰ ਉਸ ਨੂੰ ਕੁਝ ਨਜ਼ਰ ਨਾ ਆਇਆ। ਹਥਿਆਰਬੰਦ ਆਦਮੀ ਚੀਖਿਆ, “ਕਾਸਿਮ…”
ਕਾਸਿਮ ਇਕ ਵਾਰ ਫਿਰ ਚੌਂਕਿਆ, ਉਸ ਆਪਣੇ ਤੋਂ ਦੂਰ ਖੜ੍ਹੇ ਆਦਮੀ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਨੇ ਉਸ ਦੀ ਮਦਦ ਨਾ ਕੀਤੀ।
ਹਥਿਆਰਬੰਦ ਆਦਮੀ ਨੇ ਘਬਰਾਉਂਦਿਆਂ ਪੁੱਛਿਆ, “ਕੀ ਕਰ ਰਿਹਾ ਹੈਂ ਤੂੰ ਇੱਥੇ…?”
ਕਾਸਿਮ ਲਰਜ਼ਦੇ ਹੱਥਾਂ ਨਾਲ ਫ਼ਰਸ਼ ਉਤੇ ਪਈ ਅਤੇ ਕੰਬਲ ਨਾਲ ਢਕੀ ਚੀਜ਼ ਵੱਲ ਇਸ਼ਾਰਾ ਕੀਤਾ ਅਤੇ ਖੋਖਲੀ ਆਵਾਜ਼ ਵਿਚ ਸਿਰਫ਼ ਏਨਾ ਕਿਹਾ, “ਸ਼ਰੀਫ਼ਨ…।”
ਹਥਿਆਰਬੰਦ ਆਦਮੀ ਨੇ ਜਲਦੀ ਅੱਗੇ ਵਧ ਕੇ ਕੰਬਲ ਹਟਾਇਆ। ਨੰਗੀ ਲਾਸ਼ ਦੇਖ ਪਹਿਲਾਂ ਉਹ ਕੰਬਿਆ, ਫਿਰ ਇਕਦਮ ਉਸ ਆਪਣੀਆਂ ਅੱਖਾਂ ਮੀਟ ਲਈਆਂ । ਤਲਵਾਰ ਉਸ ਦੇ ਹੱਥੋਂ ਡਿੱਗ ਪਈ, ਫਿਰ ਉਹ ਅੱਖਾਂ ਉਤੇ ਹੱਥ ਰੱਖ “ਬਿਮਲਾ, ਬਿਮਲਾ…” ਕਹਿੰਦਾ ਲੜਖੜਾਉਂਦੇ ਪੈਰੀਂ ਬਾਹਰ ਨਿਕਲ ਗਿਆ।

ਸਆਦਤ ਹਸਨ ਮੰਟੋ

(ਅਨੁਵਾਦ: ਪੂਨਮ)

ਡਾਕਟਰ ਸ਼ਰੋਡਕਰ

by Sandeep Kaur March 4, 2020

ਬੰਬਈ ਵਿਚ ਡਾਕਟਰ ਸ਼ਰੋਡਕਰ ਦਾ ਬਹੁਤ ਨਾਂ ਸੀ, ਇਸ ਲਈ ਕਿ ਉਹ ਔਰਤਾਂ ਦੀਆਂ ਬੀਮਾਰੀਆਂ ਦਾ ਵਧੀਆ ਡਾਕਟਰ ਸੀ। ਉਸ ਦੇ ਹੱਥ ਵਿਚ ਸ਼ਫ਼ਾ ਸੀ। ਉਸ ਦਾ ਕਲੀਨਿਕ ਬਹੁਤ ਵੱਡਾ ਸੀ, ਇਕ ਬਹੁਤ ਵੱਡੀ ਇਮਾਰਤ ਦੀਆਂ ਦੋ ਮੰਜ਼ਲਾਂ ਵਿਚ, ਜਿਸ ਵਿਚ ਕਈ ਕਮਰੇ ਸਨ। ਨਿਚਲੀ ਮੰਜ਼ਲ ਦੇ ਕਮਰੇ ਮੱਧ ਤਬਕੇ ਲਈ ਅਤੇ ਨਿਚਲੇ ਤਬਕੇ ਦੀਆਂ ਔਰਤਾਂ ਲਈ ਰਾਖਵੇਂ ਸਨ, ਉਪਰਲੀ ਮੰਜ਼ਲ ਦੇ ਕਮਰੇ ਅਮੀਰ ਔਰਤਾਂ ਲਈ ਸਨ।
ਇਕ ਲਿਬਾਰਟਰੀ ਸੀ ਤੇ ਉਸ ਦੇ ਨਾਲ ਹੀ ਕੰਪਾਊਂਡਰ ਦਾ ਕਮਰਾ। ਐਕਸਰੇ ਦਾ ਕਮਰਾ ਵੱਖਰਾ ਸੀ। ਉਸ ਦੀ ਮਹੀਨੇ ਦੀ ਆਮਦਨ ਢਾਈ-ਤਿੰਨ ਹਜ਼ਾਰ ਦੇ ਲਗਭਗ ਹੋਵੇਗੀ।
ਮਰੀਜ਼ ਔਰਤਾਂ ਦੇ ਖਾਣੇ ਦਾ ਪ੍ਰਬੰਧ ਬਹੁਤ ਚੰਗਾ ਸੀ, ਜੋ ਉਸਨੇ ਇਕ ਪਾਰਸੀ ਔਰਤ ਦੇ ਹਵਾਲੇ ਕਰ ਰੱਖਿਆ ਸੀ, ਜੋ ਉਸ ਦੇ ਇਕ ਦੋਸਤ ਦੀ ਬੀਵੀ ਸੀ।
ਡਾਕਟਰ ਸ਼ਰੋਡਕਰ ਦਾ ਇਹ ਛੋਟਾ ਜਿਹਾ ਹਸਪਤਾਲ, ਮੈਟਰਨਿਟੀ ਹੋਮ ਵੀ ਸੀ। ਬੰਬਈ ਦੀ ਆਬਾਦੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ, ਕਿੰਨੀ ਹੋਵੇਗੀ। ਉਥੇ ਬੇਸ਼ੁਮਾਰ ਸਰਕਾਰੀ ਹਸਪਤਾਲ ਤੇ ਮੈਟਰਨਿਟੀ ਹੋਮ ਹਨ, ਪਰ ਇਸ ਦੇ ਬਾਵਜੂਦ ਵੀ ਡਾਕਟਰ ਸ਼ਰੋਡਕਰ ਦਾ ਕਲੀਨਿਕ ਭਰਿਆ ਰਹਿੰਦਾ। ਕਈ ਵਾਰ ਤਾਂ ਉਸਨੂੰ ਕਈ ਕੇਸਾਂ ਨੂੰ ਮਾਯੂਸ ਕਰਨਾ ਪੈਂਦਾ, ਇਸ ਲਈ ਕਿ ਕੋਈ ਬੈੱਡ ਖ਼ਾਲੀ ਨਹੀਂ ਸੀ ਹੁੰਦਾ।
ਉਸ ਤੇ ਲੋਕਾਂ ਨੂੰ ਵਿਸ਼ਵਾਸ ਸੀ। ਇਹੋ ਕਾਰਨ ਸੀ ਕਿ ਉਹ ਆਪਣੀਆਂ ਪਤਨੀਆਂ ਅਤੇ ਜਵਾਨ ਬੇਟੀਆਂ ਉਸ ਦੇ ਹਸਪਤਾਲ ਛੱਡ ਜਾਂਦੇ ਜਿਥੇ ਉਨ੍ਹਾਂ ਦਾ ਬੜੇ ਧਿਆਨ ਨਾਲ ਇਲਾਜ ਹੁੰਦਾ ਸੀ।
ਡਾਕਟਰ ਸ਼ਰੋਡਕਰ ਦੇ ਹਸਪਤਾਲ ਵਿਚ ਦਸ ਬਾਰਾਂ ਨਰਸਾਂ ਸਨ। ਉਹ ਸਾਰੀਆਂ ਹੀ ਬੜੀਆਂ ਮਿਹਨਤੀ ਤੇ ਮਿਠਬੋਲੜੀਆਂ ਸਨ। ਮਰੀਜ਼ ਔਰਤਾਂ ਦੀ ਚੰਗੀ ਤਰ੍ਹਾਂ ਦੇਖ ਭਾਲ ਕਰਦੀਆਂ। ਇਹਨਾਂ ਨਰਸਾਂ ਦੀ ਚੋਣ ਡਾਕਟਰ ਸ਼ਰੋਡਕਰ ਨੇ ਬੜੀ ਛਾਣ-ਬੀਣ ਪਿਛੋਂ ਕੀਤੀ ਸੀ। ਉਹ ਬੁਰੀ ਤੇ ਭੱਦੀ ਸ਼ਕਲ ਦੀ ਕੋਈ ਨਰਸ ਆਪਣੇ ਹਸਪਤਾਲ ਵਿਚ ਨਹੀਂ ਸੀ ਰੱਖਣੀ ਚਾਹੁੰਦਾ।
ਇਕ ਵਾਰ ਜਦੋਂ ਚਾਰ ਨਰਸਾਂ ਨੇ ਇਕੱਠੀਆਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਡਾਕਟਰ ਸ਼ਰੋਡਕਰ ਬਹੁਤ ਪਰੇਸ਼ਾਨ ਹੋਇਆ। ਜਦੋਂ ਉਹ ਚਾਰੇ ਚਲੀਆਂ ਗਈਆਂ ਤਾਂ ਉਸਨੇ ਵੱਖ-ਵੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਕਿ ਉਸ ਨੂੰ ਨਰਸਾਂ ਦੀ ਲੋੜ ਹੈ। ਕਈ ਆਈਆਂ। ਉਸਨੇ ਉਨ੍ਹਾਂ ਨੂੰ ਇੰਟਰਵਿਊ ਕੀਤਾ ਪਰ ਉਸ ਨੂੰ ਉਨ੍ਹਾਂ ਵਿਚੋਂ ਕਿਸੇ ਦੀ ਵੀ ਸ਼ਕਲ ਚੰਗੀ ਨਾ ਲੱਗੀ। ਕਿਸੇ ਦਾ ਚਿਹਰਾ ਟੇਢਾ-ਮੇਢਾ, ਕਿਸੇ ਦਾ ਕੱਦ ਮਧਰਾ, ਕਿਸੇ ਦਾ ਰੰਗ ਬਹੁਤ ਹੀ ਕਾਲਾ, ਕਿਸੇ ਦੀ ਨੱਕ ਬਹੁਤ ਲੰਮੀ। ਪਰ ਉਹ ਵੀ ਆਪਣੀ ਹੱਠ ਦਾ ਪੱਕਾ ਸੀ। ਉਸ ਨੇ ਹੋਰ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਤੇ ਆਖ਼ਰ ਉਸ ਨੇ ਚਾਰ ਖ਼ੂਬਸੂਰਤ ਤੇ ਚੰਗੇ ਸੁਭਾਅ ਦੀਆਂ ਨਰਸਾਂ ਚੁਣ ਹੀ ਲਈਆਂ।
ਹੁਣ ਉਹ ਖ਼ੁਸ਼ ਸੀ। ਉਸ ਨੇ ਫੇਰ ਦਿਲ ਲਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਰੀਜ਼ ਔਰਤਾਂ ਵੀ ਖ਼ੁਸ਼ ਹੋ ਗਈਆਂ, ਇਸ ਲਈ ਕਿ ਚਾਰ ਨਰਸਾਂ ਦੇ ਜਾਣ ਕਰਕੇ ਉਨ੍ਹਾਂ ਦੀ ਸੇਵਾ ਚੰਗੀ ਤਰ੍ਹਾਂ ਨਹੀਂ ਸੀ ਹੋ ਰਹੀ। ਉਹ ਨਵੀਆਂ ਨਰਸਾਂ ਵੀ ਖ਼ੁਸ਼ ਹਨ ਕਿਉਂਕਿ ਡਾਕਟਰ ਸ਼ਰੋਡਕਰ ਉਨ੍ਹਾਂ ਨਾਲ ਬੜੀ ਸੁਹਿਰਦਤਾ ਨਾਲ ਪੇਸ਼ ਆਉਂਦਾ ਸੀ। ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਮਿਲਦੀ ਸੀ। ਦੁਪਹਿਰ ਦਾ ਖਾਣਾ ਵੀ ਉਨ੍ਹਾਂ ਨੂੰ ਹਸਪਤਾਲੋਂ ਹੀ ਮਿਲਦਾ ਸੀ। ਵਰਦੀ ਵੀ ਹਸਪਤਾਲ ਦੇ ਜ਼ਿੰਮੇ ਸੀ।
ਡਾਕਟਰ ਸ਼ਰੋਡਕਰ ਦੀ ਆਮਦਨੀ ਕਿਉਂਕਿ ਬਹੁਤ ਸੀ, ਇਸ ਲਈ ਉਹ ਇਨ੍ਹਾਂ ਛੋਟੇ ਛੋਟੇ ਖਰਚਿਆਂ ਤੋਂ ਘਬਰਾਉਂਦਾ ਨਹੀਂ ਸੀ। ਸ਼ੁਰੂ ਸ਼ੁਰੂ ਵਿਚ ਜਦੋਂ ਉਸਨੇ ਸਰਕਾਰੀ ਹਸਪਤਾਲ ਦੀ ਨੌਕਰੀ ਛੱਡ ਕੇ ਆਪਣਾ ਹਸਪਤਾਲ ਬਣਾਇਆ ਤਾਂ ਉਸਨੇ ਥੋੜ੍ਹੀ ਬਹੁਤੀ ਕਜੂੰਸੀ ਕੀਤੀ ਸੀ ਪਰ ਛੇਤੀ ਹੀ ਉਸਨੇ ਖੁੱਲ੍ਹ ਕੇ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ।
ਉਸਦਾ ਇਰਾਦਾ ਸੀ ਕਿ ਵਿਆਹ ਕਰ ਲਵੇ ਪਰ ਉਸਨੂੰ ਹਸਪਤਾਲੋਂ ਇਕ ਪਲ ਦਾ ਵੀ ਵਿਹਲ ਨਹੀਂ ਸੀ ਮਿਲਦਾ। ਦਿਨ ਰਾਤ ਉਸਨੂੰ ਉਥੇ ਹੀ ਰਹਿਣਾ ਪੈਂਦਾ। ਉਪਰਲੀ ਮੰਜ਼ਲ ‘ਤੇ ਉਸਨੇ ਇਕ ਛੋਟਾ ਜਿਹਾ ਕਮਰਾ ਆਪਣੇ ਲਈ ਰੱਖ ਲਿਆ ਸੀ, ਜਿਸ ਵਿਚ ਉਹ ਰਾਤ ਨੂੰ ਕੁਝ ਘੰਟੇ ਸੌਂ ਜਾਂਦਾ ਪਰ ਅਕਸਰ ਉਸ ਨੂੰ ਜਗਾ ਲਿਆ ਜਾਂਦਾ, ਜਦੋਂ ਕਿਸੇ ਮਰੀਜ਼ ਔਰਤ ਨੂੰ ਉਸਨੇ ਹੀ ਦੇਖਣਾ ਹੁੰਦਾ ਸੀ।
ਸਾਰੀਆਂ ਨਰਸਾਂ ਨੂੰ ਉਸ ਨਾਲ ਹਮਦਰਦੀ ਸੀ ਕਿ ਉਸ ਨੇ ਆਪਣੀ ਨੀਂਦ, ਆਪਣਾ ਆਰਾਮ ਹਰਾਮ ਕਰ ਰੱਖਿਆ ਹੈ। ਉਹ ਅਕਸਰ ਉਸਨੂੰ ਕਹਿੰਦੀਆਂ, “ਡਾਕਟਰ ਸਾਹਿਬ, ਤੁਸੀਂ ਕੋਈ ਆਪਣਾ ਅਸਿਸਟੈਂਟ ਕਿਉਂ ਨਹੀਂ ਰੱਖ ਲੈਂਦੇ?”
ਡਾਕਟਰ ਸ਼ਰੋਡਕਰ ਜਵਾਬ ਦਿੰਦਾ, “ਜਦ ਕੋਈ ਯੋਗ ਮਿਲੂਗਾ ਤਾਂ ਰੱਖ ਲਵਾਂਗਾ।”
ਉਹ ਕਹਿੰਦੀਆਂ, “ਤੁਸੀਂ ਤਾਂ ਆਪਣੇ ਵਰਗਾ ਚਾਹੁੰਦੇ ਹੋ। ਭਲਾ ਉਹ ਕਿਥੇ ਮਿਲੇਗਾ?”
“ਮਿਲ ਜਾਵੇਗਾ!”
ਨਰਸਾਂ ਇਹ ਸੁਣ ਕੇ ਚੁੱਪ ਹੋ ਜਾਂਦੀਆਂ ਤੇ ਕਿਤੇ ਲੁਕ ਛਿਪ ਕੇ ਆਪਸ ਵਿਚ ਗੱਲਾਂ ਕਰਦੀਆਂ,
“ਡਾਕਟਰ ਸ਼ਰੋਡਕਰ ਆਪਣੀ ਸਿਹਤ ਖ਼ਰਾਬ ਕਰ ਰਹੇ ਹਨ। ਕਿਸੇ ਦਿਨ ਕਿਤੇ ਕੁਲੈਪਸ ਨਾ ਹੋ ਜਾਣ।”
“ਹਾਂ, ਉਨ੍ਹਾਂ ਦੀ ਸਿਹਤ ਬਹੁਤ ਗਿਰ ਗਈ ਹੈ… ਵਜ਼ਨ ਵੀ ਘਟ ਗਿਆ ਹੈ।”
“ਖਾਂਦੇ ਪੀਂਦੇ ਵੀ ਬਹੁਤ ਘੱਟ ਹਨ।”
“ਹਰ ਵੇਲੇ ਤਾਂ ਕੰਮ ਵਿਚ ਲੱਗੇ ਰਹਿੰਦੇ ਹਨ।”
“ਹੁਣ ਉਨ੍ਹਾਂ ਨੂੰ ਕੌਣ ਸਮਝਾਵੇ!”
ਲਗਭਗ ਹਰ ਰੋਜ਼ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ। ਉਨ੍ਹਾਂ ਨੂੰ ਡਾਕਟਰ ਨਾਲ ਇਸ ਲਈ ਵੀ ਹਮਦਰਦੀ ਸੀ ਕਿ ਉਹ ਬਹੁਤ ਸ਼ਰੀਫ਼ ਇਨਸਾਨ ਸਨ। ਉਨ੍ਹਾਂ ਦੇ ਹਸਪਤਾਲ ਵਿਚ ਸੈਂਕੜੇ ਖ਼ੂਬਸੂਰਤ ਤੇ ਜਵਾਨ ਔਰਤਾਂ ਇਲਾਜ ਕਰਾਉਣ ਆਉਂਦੀਆਂ ਸਨ ਪਰ ਉਨ੍ਹਾਂ ਨੇ ਕਦੇ ਉਨ੍ਹਾਂ ਨੂੰ ਬੁਰੀਆਂ ਨਜ਼ਰਾਂ ਨਾਲ ਨਹੀਂ ਸੀ ਦੇਖਿਆ। ਉਹ ਬਸ ਆਪਣੇ ਕੰਮ ਵਿਚ ਰੁਝੇ ਰਹਿੰਦੇ।
ਅਸਲ ਵਿਚ ਉਨ੍ਹਾਂ ਨੂੰ ਆਪਣੇ ਪੇਸ਼ੇ ਨਾਲ ਇਕ ਕਿਸਮ ਦਾ ਇਸ਼ਕ ਸੀ। ਉਹ ਇਸ ਤਰ੍ਹਾਂ ਇਲਾਜ ਕਰਦੇ ਸੀ ਜਿਸ ਤਰ੍ਹਾਂ ਕੋਈ ਅਸੀਸ ਤੇ ਪਿਆਰ ਦਾ ਹੱਥ ਕਿਸੇ ਦੇ ਸਿਰ ‘ਤੇ ਫੇਰੇ। ਜਦੋਂ ਉਹ ਸਰਕਾਰੀ ਹਸਪਤਾਲ ਵਿਚ ਨੌਕਰ ਸੀ ਤਾਂ ਉਸ ਦੇ ਅਪਰੇਸ਼ਨ ਕਰਨ ਦੇ ਅਮਲ ਅਨੁਸਾਰ ਇਹ ਮਸ਼ਹੂਰ ਸੀ ਕਿ ਉਹ ਨਸ਼ਤਰ ਨਹੀਂ ਚਲਾਉਂਦਾ, ਬੁਰਸ਼ ਨਾਲ ਤਸਵੀਰਾਂ ਬਣਾਉਂਦਾ ਹੈ ਤੇ ਇਹ ਗੱਲ ਠੀਕ ਹੈ ਕਿ ਉਸ ਦੇ ਕੀਤੇ ਨੱਬੇ ਪ੍ਰਤੀਸ਼ਤ ਅਪਰੇਸ਼ਨ ਸਫ਼ਲ ਰਹਿੰਦੇ ਸਨ। ਉਸ ਨੂੰ ਇਸ ਕਲਾ ਵਿਚ ਪੂਰੀ ਮੁਹਾਰਤ ਸੀ। ਇਸ ਤੋਂ ਬਿਨਾਂ ਆਤਮ ਵਿਸ਼ਵਾਸ ਵੀ ਸੀ ਜੋ ਉਸ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਰਾਜ਼ ਸੀ।
ਇਕ ਦਿਨ ਉਹ ਇਕ ਔਰਤ ਦਾ ਕੇਸ, ਜਿਸ ਨੂੰ ਔਲਾਦ ਨਹੀਂ ਹੁੰਦੀ ਸੀ, ਬੜੇ ਧਿਆਨ ਨਾਲ ਦੇਖ ਕੇ ਬਾਹਰ ਆਇਆ ਤਾਂ ਆਪਣੇ ਦਫ਼ਤਰ ਵਿਚ ਗਿਆ ਤਾਂ ਉਸ ਨੇ ਦੇਖਿਆ ਕਿ ਇਕ ਬੜੀ ਸੁਹਣੀ ਕੁੜੀ ਬੈਠੀ ਹੈ। ਡਾਕਟਰ ਸ਼ਰੋਡਕਰ ਇਕ ਦਮ ਹੈਰਾਨ ਰਹਿ ਗਿਆ। ਉਸ ਨੇ ਇਸ ਤਰ੍ਹਾਂ ਦੇ ਹੁਸਨ ਦਾ ਅਜਿਹਾ ਅਨੋਖਾ ਨਮੂਨਾ ਪਹਿਲਾਂ ਕਦੇ ਨਹੀਂ ਸੀ ਦੇਖਿਆ।
ਉਹ ਅੰਦਰ ਗਿਆ, ਕੁੜੀ ਨੇ ਕੁਰਸੀ ਤੋਂ ਉਠਣਾ ਚਾਹਿਆ। ਡਾਕਟਰ ਨੇ ਉਸ ਨੂੰ ਕਿਹਾ, “ਬੈਠ, ਬੈਠ!” ਤੇ ਇਹ ਕਹਿ ਕੇ ਉਹ ਆਪਣੀ ਘੁੰਮਣ ਵਾਲੀ ਕੁਰਸੀ ‘ਤੇ ਬੈਠ ਗਿਆ। ਫੇਰ ਪੇਪਰ ਵੇਟ ਫੜ ਉਸ ਦੇ ਅੰਦਰਲੇ ਹਵਾ ਦੇ ਬੁਲਬੁਲਿਆਂ ਨੂੰ ਦੇਖਦਿਆਂ ਉਸ ਕੁੜੀ ਨੂੰ ਕਹਿਣ ਲੱਗਿਆ,
“ਦੱਸ ਤੂੰ ਕਿਵੇਂ ਆਈ ਏਂ?”
ਕੁੜੀ ਨੇ ਅੱਖਾਂ ਝੁਕਾਅ ਕੇ ਕਿਹਾ, “ਇਕ ਪ੍ਰਾਈਵੇਟ… ਬਹੁਤ ਹੀ ਪ੍ਰਾਈਵੇਟ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ।”
ਡਾਕਟਰ ਸ਼ਰੋਡਕਰ ਨੇ ਉਸ ਵੱਲ ਦੇਖਿਆ। ਉਸ ਦੀਆਂ ਝੁਕੀਆਂ ਹੋਈਆਂ ਅੱਖਾਂ ਵੀ ਬਹੁਤ ਹੀ ਖ਼ੂਬਸੂਰਤ ਦਿਖਾਈ ਦੇ ਰਹੀਆਂ ਸਨ। ਡਾਕਟਰ ਨੇ ਉਸ ਨੂੰ ਪੁੱਛਿਆ, “ਪ੍ਰਾਈਵੇਟ ਗੱਲ ਤੂੰ ਕਰ ਲਈਂ… ਪਹਿਲਾਂ ਆਪਣਾ ਨਾਂ ਦੱਸ।”
ਕੁੜੀ ਨੇ ਜਵਾਬ ਦਿੱਤਾ, “ਮੈਂ… ਮੈਂ ਆਪਣਾ ਨਾਂ ਦੱਸਣਾ ਨਹੀਂ ਚਾਹੁੰਦੀ।”
ਡਾਕਟਰ ਦੀ ਦਿਲਚਸਪੀ ਇਸ ਜਵਾਬ ਨਾਲ ਵਧ ਗਈ, “ਕਿਥੇ ਰਹਿੰਦੀ ਏਂ?”
“ਸ਼ੋਲਾਪੁਰ ਵਿਚ… ਅੱਜ ਹੀ ਇਥੇ ਪਹੁੰਚੀ ਹਾਂ।”
ਡਾਕਟਰ ਨੇ ਪੇਪਰਵੇਟ ਮੇਜ਼ ‘ਤੇ ਰੱਖ ਦਿੱਤਾ, “ਏਨੀ ਦੂਰੋਂ ਇਥੇ ਆਉਣ ਦਾ ਕਾਰਨ ਕੀ ਹੈ?”
ਕੁੜੀ ਨੇ ਜਵਾਬ ਦਿੱਤਾ, “ਮੈਂ ਕਿਹਾ ਹੈ ਨਾ ਕਿ ਮੈਂ ਤੁਹਾਡੇ ਨਾਲ ਪ੍ਰਾਈਵੇਟ ਗੱਲ ਕਰਨੀ ਹੈ।”
ਏਨੇ ਵਿਚ ਇਕ ਨਰਸ ਅੰਦਰ ਆਈ। ਕੁੜੀ ਘਬਰਾਅ ਗਈ। ਡਾਕਟਰ ਨੇ ਉਸ ਨਰਸ ਨਾਲ ਕਈ ਗੱਲਾਂ ਕੀਤੀਆਂ, ਉਹ ਜੋ ਕੁਝ ਪੁੱਛਣ ਆਈ ਸੀ, ਡਾਕਟਰ ਨੇ ਦੱਸ ਦਿੱਤਾ। ਫੇਰ ਉਸਨੇ ਨਰਸ ਨੂੰ ਕਿਹਾ, “ਹੁਣ ਤੂੰ ਜਾਹ! ਹਾਂ, ਕਿਸੇ ਨੌਕਰ ਨੂੰ ਕਹਿ ਦੇ ਕਿ ਉਹ ਕਮਰੇ ਦੇ ਬਾਹਰ ਖੜ੍ਹਾ ਰਹੇ ਤੇ ਕਿਸੇ ਨੂੰ ਅੰਦਰ ਨਾ ਆਉਣ ਦੇਵੇ।”
ਨਰਸ ‘ਜੀ ਅੱਛਾ’ ਕਹਿ ਕੇ ਚਲੀ ਗਈ। ਡਾਕਟਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪਣੀ ਕੁਰਸੀ ‘ਤੇ ਬੈਠ ਕੇ ਉਸ ਹੁਸੀਨ ਕੁੜੀ ਨੂੰ ਕਹਿਣ ਲੱਗਾ, “ਹੁਣ ਤੂੰ ਆਪਣੀ ਪ੍ਰਾਈਵੇਟ ਗੱਲ ਦੱਸ ਸਕਦੀ ਏਂ।”
ਸ਼ੋਲਾਪੁਰ ਦੀ ਕੁੜੀ ਬਹੁਤ ਘਬਰਾਹਟ ਤੇ ਉਲਝਨ ਜਿਹੀ ਮਹਿਸੂਸ ਕਰ ਰਹੀ ਸੀ। ਉਸ ਦੇ ਬੁੱਲ੍ਹਾਂ ‘ਤੇ ਸ਼ਬਦ ਆਉਂਦੇ, ਪਰ ਫੇਰ ਵਾਪਸ ਚਲੇ ਜਾਂਦੇ। ਆਖ਼ਰ ਉਸ ਨੇ ਹਿੰਮਤ ਤੋਂ ਕੰਮ ਲਿਆ ਤੇ ਰੁਕ ਰੁਕ ਕੇ ਕੇਵਲ ਏਨਾ ਕਿਹਾ, “ਮੇਰੇ ਤੋਂ… ਮੇਰੇ ਤੋਂ ਇਕ ਗ਼ਲਤੀ ਹੋ ਗਈ ਹੈ… ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ।”
ਡਾਕਟਰ ਸ਼ਰੋਡਕਰ ਸਮਝ ਗਿਆ, ਪਰ ਫੇਰ ਵੀ ਉਸਨੇ ਉਸ ਕੁੜੀ ਨੂੰ ਕਿਹਾ, “ਗ਼ਲਤੀਆਂ ਇਨਸਾਨ ਤੋਂ ਹੋ ਹੀ ਜਾਂਦੀਆਂ ਹਨ… ਤੇਰੇ ਕੋਲੋਂ ਕਿਹੜੀ ਗ਼ਲਤੀ ਹੋਈ ਹੈ?”
ਕੁੜੀ ਨੇ ਥੋੜ੍ਹਾ ਠਹਿਰ ਕੇ ਜਵਾਬ ਦਿੱਤਾ, “ਉਹੀ… ਜੋ ਬੇਸਮਝ ਜਵਾਨ ਕੁੜੀਆਂ ਤੋਂ ਹੋਇਆ ਕਰਦੀ ਹੈ।”
ਡਾਕਟਰ ਨੇ ਕਿਹਾ, “ਮੈਂ ਸਮਝ ਗਿਆ… ਪਰ ਹੁਣ ਤੂੰ ਕੀ ਚਾਹੁੰਦੀ ਏਂ?”
ਕੁੜੀ ਝਟ ਆਪਣੇ ਮਤਲਬ ਵੱਲ ਆ ਗਈ, “ਮੈਂ ਚਾਹੁੰਦੀ ਹਾਂ ਕਿ ਇਹ ਡੇਗ ਦਿੱਤਾ ਜਾਵੇ… ਸਿਰਫ਼ ਇਕ ਮਹੀਨਾ ਹੋਇਆ ਹੈ।”
ਡਾਕਟਰ ਸ਼ਰੋਡਕਰ ਨੇ ਕੁਝ ਚਿਰ ਸੋਚਿਆ ਤੇ ਉਹ ਬੜੀ ਸੰਜੀਦਗੀ ਨਾਲ ਕਹਿਣ ਲੱਗਿਆ,
“ਇਹ ਜੁਰਮ ਹੈ… ਤੈਨੂੰ ਨਹੀਂ ਪਤਾ?”
ਕੁੜੀ ਦੀਆਂ ਭੂਰੀਆਂ ਅੱਖਾਂ ਵਿਚ ਮੋਟੇ ਮੋਟੇ ਅੱਥਰੂਆ ਗਏ, “ਤਾਂ ਮੈਂ ਜ਼ਹਿਰ ਖਾ ਲਵਾਂਗੀ।”
ਇਹ ਕਹਿ ਕੇ ਉਸਨੇ ਜ਼ਾਰੋ ਜ਼ਾਰ ਰੋਣਾ ਸ਼ੁਰੂ ਕਰ ਦਿੱਤਾ।
ਡਾਕਟਰ ਨੂੰ ਉਸ ‘ਤੇ ਬੜਾ ਤਰਸ ਆਇਆ। ਉਹ ਆਪਣੀ ਜਵਾਨੀ ਦੀ ਪਹਿਲੀ ਗ਼ਲਤੀ ਕਰ ਬੈਠੀ ਸੀ। ਪਤਾ ਨਹੀਂ ਉਹ ਕਿਹੜੇ ਪਲ ਸਨ ਕਿ ਉਸਨੇ ਆਪਣੀ ਇੱਜ਼ਤ ਕਿਸੇ ਮਰਦ ਦੇ ਹਵਾਲੇ ਕਰ ਦਿੱਤੀ ਤੇ ਹੁਣ ਪਛਤਾਅ ਰਹੀ ਹੈ ਤੇ ਏਨੀ ਪਰੇਸ਼ਾਨ ਹੋ ਰਹੀ ਹੈ। ਡਾਕਟਰ ਕੋਲ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਈ ਕੇਸ ਆ ਚੁੱਕੇ ਸਨ ਪਰ ਉਸ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਉਹ ਜੀਵ ਹੱਤਿਆ ਨਹੀਂ ਕਰ ਸਕਦਾ, ਇਹ ਬੜਾ ਵੱਡਾ ਗੁਨਾਹ ਤੇ ਜੁਰਮ ਹੈ।
ਪਰ ਸ਼ੋਲਾਪੁਰ ਦੀ ਉਸ ਕੁੜੀ ਨੇ ਉਸ ‘ਤੇ ਕੁਝ ਅਜਿਹਾ ਜਾਦੂ ਕੀਤਾ ਕਿ ਉਹ ਉਸ ਦੇ ਲਈ ਇਹ ਜੁਰਮ ਕਰਨ ਲਈ ਵੀ ਤਿਆਰ ਹੋ ਗਿਆ। ਉਸਨੇ ਉਸ ਲਈ ਇਕ ਅੱਡ ਕਮਰਾ ਰਾਖਵਾਂ ਕਰ ਦਿੱਤਾ। ਕਿਸੇ ਨਰਸ ਨੂੰ ਉਸ ਅੰਦਰ ਜਾਣ ਦੀ ਆਗਿਆ ਨਹੀਂ ਸੀ, ਇਸ ਲਈ ਕਿ ਉਸ ਕੁੜੀ ਦੇ ਰਾਜ਼ ਨੂੰ ਪਤਾ ਨਹੀਂ ਸੀ ਲੱਗਣ ਦੇਣਾ ਚਾਹੁੰਦਾ।
ਗਰਭਪਾਤ ਬਹੁਤ ਹੀ ਤਕਲੀਫ਼ ਦੇਣ ਵਾਲੀ ਬਿਮਾਰੀ ਹੈ। ਜਦੋਂ ਉਸਨੇ ਦਵਾਈਆਂ ਦੇ ਕੇ ਇਹ ਕੰਮ ਕਰ ਦਿੱਤਾ ਤਾਂ ਸ਼ੋਲਾਪੁਰ ਦੀ ਉਹ ਮਰਾਠੀ ਕੁੜੀ ਜਿਸ ਨੇ ਹੁਣ ਆਪਣਾ ਨਾਂ ਵੀ ਦੱਸ ਦਿੱਤਾ ਸੀ, ਬੇਹੋਸ਼ ਹੋ ਗਈ ਸੀ। ਜਦੋਂ ਉਹ ਹੋਸ਼ ਵਿਚ ਆਈ ਤਾਂ ਉਹ ਏਨੀ ਕਮਜ਼ੋਰ ਹੋ ਗਈ ਸੀ ਕਿ ਹੱਥ ਵਿਚ ਗਲਾਸ ਫੜ ਕੇ ਪਾਣੀ ਵੀ ਨਹੀਂ ਸੀ ਪੀ ਸਕਦੀ।
ਉਹ ਚਾਹੁੰਦੀ ਸੀ ਕਿ ਉਹ ਛੇਤੀ ਹੀ ਘਰ ਚਲੀ ਜਾਵੇ ਪਰ ਡਾਕਟਰ ਉਸ ਨੂੰ ਕਿਵੇਂ ਜਾਣ ਦਿੰਦਾ ਜਦ ਕਿ ਉਹ ਤੁਰਨ ਫਿਰਨ ਜੋਗੀ ਤਾਂ ਹੈ ਹੀ ਨਹੀਂ ਸੀ। ਉਸ ਨੇ ਮਿਸ ਲਲਿਤਾ ਖਟਮੇਕਰ ਨੂੰ ਕਿਹਾ, “ਤੈਨੂੰ ਘੱਟੋ ਘੱਟ ਦੋ ਮਹੀਨੇ ਆਰਾਮ ਕਰਨ ਦੀ ਲੋੜ ਹੈ। ਮੈਂ ਤੇਰੇ ਪਿਤਾ ਜੀ ਨੂੰ ਲਿਖ ਦਿਆਂਗਾ ਕਿ ਤੂੰ ਜਿਸ ਸਹੇਲੀ ਕੋਲ ਆਈ ਸੀ ਉਥੇ ਆ ਕੇ ਅਚਾਨਕ ਹੀ ਬਿਮਾਰ ਹੋ ਗਈ ਤੇ ਹੁਣ ਮੇਰੇ ਹਸਪਤਾਲ ਵਿਚ ਦਾਖ਼ਲ ਹੈ! ਖੇਚਲ ਦੀ ਕੋਈ ਗੱਲ ਨਹੀਂ।”
ਲਲਿਤਾ ਮੰਨ ਗਈ।
ਉਹ ਦੋ ਮਹੀਨੇ ਡਾਕਟਰ ਸ਼ਰੋਡਕਰ ਕੋਲੋਂ ਇਲਾਜ ਕਰਵਾਉਂਦੀ ਰਹੀ। ਜਦੋਂ ਛੁੱਟੀ ਦਾ ਵੇਲਾ ਆਇਆ ਤਾਂ ਉਸਨੇ ਮਹਿਸੂਸ ਕੀਤਾ ਕਿ ਉਹੀ ਗੜਬੜ ਫੇਰ ਹੋ ਗਈ ਹੈ। ਉਸ ਨੇ ਡਾਕਟਰ ਸ਼ਰੋਡਕਰ ਨੂੰ ਇਸ ਬਾਰੇ ਦਸਿਆ।
ਡਾਕਟਰ ਮੁਸਕਰਾਇਆ, “ਫ਼ਿਕਰ ਨਾ ਕਰ… ਮੈਂ ਤੇਰੇ ਨਾਲ ਅੱਜ ਹੀ ਵਿਆਹ ਕਰ ਲੈਂਦਾ ਹਾਂ।”

(ਅਨਵਾਦ: ਪਰਦੁਮਨ ਸਿੰਘ ਬੇਦੀ)

ਦੀਵਾਲੀ ਦੇ ਦੀਵੇ

by Sandeep Kaur March 3, 2020

ਛੱਤ ਦੇ ਬਨੇਰੇ ‘ਤੇ ਦੀਵਾਲੀ ਦੇ ਦੀਵੇ ਹਫਦੇ ਹੋਏ ਬੱਚਿਆਂ ਵਾਂਗ ਧੜਕ ਰਹੇ ਸਨ । ਮੁੰਨੀ ਦੌੜਦੀ ਹੋਈ ਆਈ । ਆਪਣੀ ਨਿੱਕੀ ਜਿਹੀ ਘੱਗਰੀ ਨੂੰ ਦੋਵਾਂ ਹੱਥਾਂ ਨਾਲ ਉੱਤੇ ਚੁੱਕਦੇ ਹੋਏ ਛੱਤ ਹੇਠਾਂ ਗਲੀ ‘ਚ ਮੋਰੀ ਦੇ ਕੋਲ ਖਲੋ ਗਈ । ਉਹਦੀਆਂ ਰੋਂਦੀਆਂ ਅੱਖਾਂ ‘ਚ ਬਨੇਰੇ ‘ਤੇ ਫੈਲੇ ਹੋਏ ਦੀਵਿਆਂ ਨੇ ਕਈ ਚਮਕੀਲੇ ਨਗੀਨੇ ਜੜ੍ਹ ਦਿੱਤੇ ਸਨ, ਉਹਦਾ ਨਿੱਕਾ ਜਿਹਾ ਸੀਨਾ ਦੀਵੇ ਦੀ ਲੋਅ ਵਾਂਗ ਕੰਬਿਆ । ਮੁਸਕਰਾ ਕੇ ਉਹਨੇ ਆਪਣੀ ਮੁੱਠੀ ਖੋਲ੍ਹੀ । ਪਸੀਨੇ ਨਾਲ ਭਿੱਜੇ ਪੈਸੇ ਵੇਖੇ ਤੇ ਬਾਜ਼ਾਰ ‘ਚੋਂ ਦੀਵੇ ਲੈਣ ਲਈ ਦੌੜ ਗਈ ।
ਛੱਤ ਦੇ ਬਨੇਰੇ ‘ਤੇ ਸ਼ਾਮ ਦੀ ਸੁੱਕੀ ਹਵਾ ‘ਚ ਦੀਵਾਲੀ ਦੇ ਦੀਵੇ ਫੜਫੜਾਂਦੇ ਰਹੇ ।
ਸੁਰਿੰਦਰ ਧੜਕਦੇ ਦਿਲ ਨੂੰ ਪਹਿਲੂ ‘ਚ ਲੁਕੋਈ ਚੋਰਾਂ ਵਾਂਗ ਗਲੀ ‘ਚ ਦਾਖਲ ਹੋਇਆ ਤੇ ਮੁੰਡੇਰ ਦੇ ਹੇਠਾਂ ਬੇਕਰਾਰੀ ਨਾਲ ਟਹਿਲਣ ਲੱਗਾ । ਉਹਨੇ ਦੀਵਿਆਂ ਦੀਆਂ ਕਤਾਰਾਂ ਵੱਲ ਵੇਖਿਆ । ਉਹਨੂੰ ਹਵਾ ‘ਚ ਉਛਲਦੇ ਹੋਏ ਸ਼ੋਅਲੇ ਆਪਣੀਆਂ ਰਗਾਂ ‘ਚ ਦੌੜਦੇ ਹੋਏ ਲਹੂ ‘ਚ ਨੱਚਦੇ ਹੋਏ ਕਤਰੇ ਜਾਪੇ । ਚਾਣਚੱਕ ਸਾਹਮਣੇ ਵਾਲੀ ਬਾਰੀ ਖੁੱਲ੍ਹੀ, ਸੁਰਿੰਦਰ ਸਿਰ ਤੋਂ ਪੈਰਾਂ ਤੱਕ ਦ੍ਰਿਸ਼ਟੀ ਬਣ ਗਿਆ । ਬਾਰੀ ਦੇ ਡੰਡੇ ਦਾ ਸਹਾਰਾ ਲੈ ਕੇ ਉਸ ਮੁਟਿਆਰ ਨੇ ਝੁਕ ਕੇ ਗਲੀ ‘ਚ ਵੇਖਿਆ ਤੇ ਝਟਪਟ ਉਹਦਾ ਚਿਹਰਾ ਤਮਤਮਾ ਉਠਿਆ ।
ਕੁਝ ਇਸ਼ਾਰੇ ਹੋਏ । ਬਾਰੀ ਚੂੜੀਆਂ ਦੀ ਖੜਖੜਾਹਟ ਨਾਲ ਬੰਦ ਹੋਈ ਤੇ ਸੁਰਿੰਦਰ ਉਥੋਂ ਨਸ਼ੀਲੀ ਹਾਲਤ ‘ਚ ਚਲ ਪਿਆ ।
ਛੱਤ ਦੀ ਬਨੇਰੇ ‘ਤੇ ਦੀਵਾਲੀ ਦੇ ਦੀਵੇ ਨਵ-ਵਿਆਹੁਤਾ ਦੀ ਸਾੜ੍ਹੀ ‘ਚ ਟੰਗੇ ਹੋਏ ਤਾਰੇ ਵਾਂਗ ਚਮਕਦੇ ਰਹੇ । ਉਸੇ ਵੇਲੇ ਸਰਜੂ ਘੁਮਿਆਰ ਸੋਟੀ ਟੇਕਦਾ ਹੋਇਆ ਆਇਆ ਤੇ ਸਾਹ ਲੈਣ ਲਈ ਰੁਕ ਗਿਆ । ਲਗਭਗ ਉਹਦੀ ਛਾਤੀ ਸੜਕ ਕੁੱਟਣ ਵਾਲੇ ਇੰਜਣ ਵਾਂਗ ਫੜਕ ਰਹੀ ਸੀ । ਗਲੇ ਦੀਆਂ ਰਗਾਂ ਸਾਹ ਦੇ ਦੌਰੇ ਕਾਰਨ ਧਾਕਣੀ ਵਾਂਗ ਫੁੱਲ ਰਹੀਆਂ ਸਨ । ਕਦੇ ਸੁੰਗੜ ਜਾਂਦੀਆਂ ਸਨ । ਉਹਨੇ ਧੌਣ ਚੁੱਕ ਕੇ ਜਗਮਗ-ਜਗਮਗ ਕਰਦੇ ਦੀਵਿਆਂ ਵੱਲ ਧੁੰਦਲੀਆਂ ਅੱਖਾਂ ਨਾਲ ਵੇਖਿਆ ਤੇ ਉਹਨੂੰ ਜਾਪਿਆ ਕਿ ਦੂਰ[ ਬਹੁਤ ਦੂਰ ਬਹੁਤ ਸਾਰੇ ਬੱਚੇ ਕਤਾਰ ਬੰਨ੍ਹੀ ਖੇਡ-ਕੁੱਦ ‘ਚ ਮਗਨ ਹਨ । ਸਰਜੂ ਘੁਮਿਆਰ ਦੀ ਸੋਟੀ ਜਾਣੋਂ ਭਾਰੀ ਹੋ ਗਈ । ਬਲਗਮ ਥੁੱਕ ਕੇ ਉਹ ਫਿਰ ਕੀੜੀ ਦੀ ਚਾਲ ਚੱਲਣ ਲੱਗ ਪਿਆ ।
ਛੱਤ ਦੇ ਬਨੇਰੇ ‘ਤੇ ਦੀਵਾਲੀ ਦੇ ਦੀਵੇ ਜਗਮਗਾਉਂਦੇ ਰਹੇ ।
ਫਿਰ ਇਕ ਮਜ਼ਦੂਰ ਆਇਆ । ਪਾਟੇ ਹੋਏ ਗਿਰੇਬਾਨ ‘ਚੋਂ ਉਹਦੀ ਛਾਤੀ ਦੇ ਵਾਲ ਟੁੱਟੀਆਂ ਫੁੱਟੀਆਂ ਆਲ੍ਹਣੇ ਦੀਆਂ ਤੀਲੀਆਂ ਵਾਂਗ ਵਿਖਰ ਰਹੇ ਸਨ । ਦੀਵਿਆਂ ਦੀ ਕਤਾਰ ਵੱਲ ਉਹਨੇ ਸਿਰ ਚੁੱਕ ਕੇ ਤੱਕਿਆ ਅਤੇ ਉਹਨੂੰ ਅਜਿਹਾ ਅਨੁਭਵ ਹੋਇਆ ਜਿਵੇਂ ਅਕਾਸ਼ ਦੇ ਧੁੰਦਲੇ ਮੱਥੇ ‘ਤੇ ਪਸੀਨੇ ਦੀਆਂ ਮੋਟੀਆਂ-ਮੋਟੀਆਂ ਬੂੰਦਾਂ ਚਮਕ ਰਹੀਆਂ ਹਨ । ਫਿਰ ਉਹਨੂੰ ਆਪਣੇ ਘਰ ਦੇ ਹਨੇਰੇ ਦਾ ਖਿਆਲ ਆਇਆ ਤੇ ਉਹ ਉਨ੍ਹਾਂ ਧੜਕਦੇ ਹੋਏ ਸ਼ੋਅਲਿਆਂ ਦੇ ਚਾਨਣ ਨੂੰ ਕਨੱਖੀਆਂ ਨਾਲ ਵੇਖਦਾ ਹੋਇਆ ਅੱਗੇ ਵੱਲ ਗਿਆ ।
ਛੱਤ ਦੇ ਬਨੇਰੇ ‘ਤੇ ਦੀਵਾਲੀ ਦੇ ਦੀਵੇ ਅੱਖਾਂ ਝਪਕਦੇ ਰਹੇ ।
ਨਵੇਂ ਤੇ ਚਮਕੀਲੇ ਬੂਟਾਂ ਦੀ ਚਰਚਰਾਹਟ ਨਾਲ ਇਕ ਆਦਮੀ ਆਇਆ ਤੇ ਕੰਧ ਦੇ ਨੇੜੇ ਸਿਗਰਟ ਸੁਲਗਾਣ ਲਈ ਠਹਿਰ ਗਿਆ । ਉਹਦਾ ਚਿਹਰਾ ਅਸ਼ਰਫੀ ‘ਤੇ ਲੱਗੀ ਹੋਈ ਮੋਹਰ ਵਾਂਗ ਭਾਵਨਾਵਾਂ ਤੋਂ ਖਾਲੀ ਸੀ । ਕਾਲਰ ਚੜ੍ਹੀ ਧੌਣ ਚੁੱਕ ਕੇ ਉਹਨੇ ਦੀਵਿਆਂ ਵੱਲ ਵੇਖਿਆ ਤੇ ਉਹਨੂੰ ਜਾਪਿਆ ਕਿ ਜਿਵੇਂ ਬਹੁਤ ਸਾਰੀਆਂ ਕੁਠਾਲੀਆਂ ‘ਚ ਸੋਨਾ ਪੰਘਰ ਰਿਹਾ ਹੈ । ਉਹਦੇ ਚਰਚਰਾਂਦੇ ਹੋਏ ਚਮਕੀਲੇ ਜੁੱਤਿਆਂ ‘ਤੇ ਨੱਚ ਦੇ ਹੋਏ ਸ਼ੋਅਲਿਆਂ ਦਾ ਪ੍ਰਤੀਬਿੰਬ ਪੈ ਰਿਹਾ ਸੀ । ਉਹ ਉਨ੍ਹਾਂ ਨਾਲ ਖੇਡਦਾ ਅੱਗੇ ਵਧ ਗਿਆ ।
ਜੋ ਕੁਝ ਉਨ੍ਹਾਂ ਵੇਖਿਆ, ਜੋ ਕੁਝ ਉਨ੍ਹਾਂ ਸੁਣਿਆ । ਕਿਸੇ ਨੂੰ ਮਤਲਬ ਨਹੀਂ ਸੀ ਦੱਸਿਆ । ਹਵਾ ਦਾ ਇਕ ਤੇਜ਼ ਬੁੱਲ੍ਹਾ ਆਇਆ ਤੇ ਸਾਰੇ ਦੀਵੇ ਇਕ-ਇਕ ਕਰਕੇ ਬੁਝ ਗਏ ।

(ਅਨੁਵਾਦ: ਸੁਰਜੀਤ)

ਟੋਭਾ ਟੇਕ ਸਿੰਘ

by Sandeep Kaur February 27, 2020

ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ।
ਪਤਾ ਨਹੀਂ, ਇਹ ਗੱਲ ਵਾਜਬ ਸੀ ਜਾਂ ਗੈਰ-ਵਾਜਬ, ਚਲੋ ਫਿਰ ਵੀ ਬੁੱਧੀਮਾਨਾਂ ਦੇ ਫੈਸਲੇ ਮੁਤਾਬਿਕ ਇਧਰ-ਉਧਰ ਉੱਚੀ ਪੱਧਰ ਦੀਆਂ ਕਾਨਫਰੰਸਾਂ ਹੋਈਆਂ ਅਤੇ ਅੰਤ ਨੂੰ ਪਾਗਲਾਂ ਦੇ ਤਬਾਦਲੇ ਲਈ ਇਕ ਦਿਨ ਨਿਸ਼ਚਿਤ ਹੋ ਗਿਆ।
ਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ – ਉਹ ਮੁਸਲਮਾਨ ਪਾਗਲ, ਜਿਨ੍ਹਾਂ ਦੇ ਸਬੰਧੀ ਹਿੰਦੁਸਤਾਨ ਵਿਚ ਹੀ ਸਨ, ਉਥੇ ਹੀ ਰਹਿਣ ਦਿੱਤੇ ਗਏ, ਬਾਕੀ ਜਿਹੜੇ ਬਚੇ, ਉਨ੍ਹਾਂ ਨੂੰ ਸਰਹੱਦ ਉੱਤੇ ਭੇਜ ਦਿੱਤਾ ਗਿਆ।
ਪਾਕਿਸਤਾਨ ਤੋਂ ਲਗਭਗ ਤਮਾਮ ਹਿੰਦੂ ਸਿੱਖ ਜਾ ਚੁੱਕੇ ਸਨ, ਇਸ ਵਾਸਤੇ ਕਿਸੇ ਨੂੰ ਰੱਖਣ ਰਖਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਇਆ, ਜਿੰਨੇ ਹਿੰਦੂ, ਸਿੱਖ ਪਾਗਲ ਸਨ, ਸਾਰੇ ਦੇ ਸਾਰੇ ਬਾਰਡਰ ਉੱਤੇ ਪੁਚਾ ਦਿੱਤੇ ਗਏ।
ਉਧਰ ਦਾ ਪਤਾ ਨਹੀਂ ਪਰੰਤੂ ਇਧਰ ਲਾਹੌਰ ਦੇ ਪਾਗਲਖਾਨੇ, ਜਦੋਂ ਇਸ ਤਬਾਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ।
ਇੱਕ ਮੁਸਲਮਾਨ ਪਾਗਲ ਜੋ ਬਾਰ੍ਹਾਂ ਵਰ੍ਹਿਆਂ ਤੋਂ ਹਰ ਰੋਜ਼, ਬਕਾਇਦਾ ਦੇ ਨਾਲ ਜ਼ਿਮੀਂਦਾਰ ਪੜ੍ਹਦਾ ਸੀ, ਉਸਨੇ ਜਦ ਆਪਣੇ ਇੱਕ ਮਿੱਤਰ ਨੂੰ ਪੁੱਛਿਆ, “ਮੌਲਵੀ ਸਾਬ੍ਹ, ਇਹ ਪਾਕਿਸਤਾਨ ਕੀ ਹੁੰਦਾ ਹੈ?” ਤਾਂ ਉਹਨੇ ਬੜੇ ਸੋਚ ਵਿਚਾਰ ਪਿਛੋਂ ਜਵਾਬ ਦਿੱਤਾ, “ਹਿੰਦੁਸਤਾਨ ਵਿਚ ਇਕ ਐਸੀ ਥਾਂ ਜਿੱਥੇ ਉਸਤਰੇ ਬਣਦੇ ਨੇ” ਇਹ ਜਵਾਬ ਸੁਣਕੇ ਉਸਦਾ ਮਿੱਤਰ ਸੰਤੁਸ਼ਟ ਹੋ ਗਿਆ।
ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇਕ ਦੂਜੇ ਸਿੱਖ ਪਾਗਲ ਤੋਂ ਪੁੱਛਿਆ, “ਸਰਦਾਰ ਜੀ, ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹੈ ਸਾਨੂੰ ਤਾਂ ਉਥੋਂ ਦੀ ਬੋਲੀ ਨੀ ਆਉਂਦੀ” ਦੂਜਾ ਮੁਸਕਰਾਇਆ ਮੈਨੂੰ ਤਾਂ ਹਿੰਦੋਸਤੋੜੋਂ ਦੀ ਬੋਲੀ ਆਉਂਦੀ ਐ, ਹਿੰਦੁਸਤਾਨੀ ਬੜੇ ਸ਼ੈਤਾਨ ਆਕੜ ਆਕੜ ਫਿਰਤੇ ਹੈ”।
ਇਕ ਦਿਨ ਨਹਾਉਂਦਿਆਂ-ਨਹਾਉਂਦਿਆਂ ਇੱਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਇੰਨੇ ਜ਼ੋਰ ਨਾਲ ਬੁਲੰਦ ਕੀਤਾ ਕਿ ਫਰਸ਼ ਉੱਤੇ ਤਿਲਕ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ ਕਈ ਪਾਗਲ ਐਸੇ ਵੀ ਸੀਗੇ ਜੋ ਪਾਗਲ ਨਹੀਂ ਸਨ, ਉਨ੍ਹਾਂ ਵਿਚ ਬਹੁਤੀ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫ਼ਸਰਾਂ ਨੂੰ ਕੁਝ ਦੇ ਦਿਵਾ ਕੇ ਪਾਗਲਖਾਨੇ ਭਿਜਵਾ ਦਿੱਤਾ ਸੀ ਕਿ ਉਹ ਫਾਂਸੀ ਦੇ ਫੰਧੇ ਤੋਂ ਬਚ ਜਾਣ ਇਹ ਪਾਗਲ ਕੁਝ-ਕੁਝ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਵੰਡਿਆ ਗਿਆ ਹੈ ਅਤੇ ਪਾਕਿਸਤਾਨ ਕੀ ਹੈ, ਪ੍ਰੰਤੂ ਸਹੀ ਹਾਦਸਿਆਂ ਤੋਂ ਇਹ ਵੀ ਬੇਖ਼ਬਰ ਸਨ, ਅਖ਼ਬਾਰਾਂ ਤੋਂ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਮੂਰਖ ਸਨ, ਜਿਨ੍ਹਾਂ ਦੀ ਗੱਲਬਾਤ ਤੋਂ ਵੀ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਸਨ ।ਉਨ੍ਹਾਂ ਨੂੰ ਕੇਵਲ ਏਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿਨਾਹ ਹੈ ਜਿਸਨੂੰ ਕਾਇਦੇ-ਆਜ਼ਮ ਕਹਿੰਦੇ ਨੇ,ਉਹਨੇ ਮੁਸਲਮਾਨਾਂ ਵਾਸਤੇ ਇੱਕ ਵੱਖਰਾ ਮੁਲਕ ਬਣਾਇਆ ਹੈ, ਜਿਸਦਾ ਨਾਂ ਪਾਕਿਸਤਾਨ ਹੈ, ਇਹ ਕਿੱਥੇ ਹੈ, ਇਸਦੀ ਭੂਗੋਲਿਕ-ਸਥਿਤੀ ਕੀ ਹੈ, ਇਸਦੇ ਬਾਰੇ ਉਹ ਕੁਝ ਨਹੀਂ ਜਾਣਦੇ ਸਨ, ਇਹੀ ਵਜ੍ਹਾ ਹੈ ਕਿ ਉਹ ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਹੀਂ ਸੀ ਹਿੱਲਿਆ, ਇਸ ਭੰਬਲਭੂਸੇ ਵਿਚ ਪਏ ਹੋਏ ਸਨ ਕਿ ਉਹ ਪਾਕਿਸਤਾਨ ਵਿਚ ਨੇ ਜਾਂ ਹਿੰਦੁਸਤਾਨ ਵਿਚ, ਜੇ ਹਿੰਦੁਸਤਾਨ ਵਿਚ ਨੇ ਤਾਂ ਪਾਕਿਸਤਾਨ ਕਿੱਥੇ ਐ, ਜੇ ਪਾਕਿਸਤਾਨ ਵਿਚ ਨੇ ਤਾਂ ਇਹ ਕਿਵੇਂ ਹੋ ਸਕਦੈ ਕਿ ਉਹ ਕੁਝ ਅਰਸਾ ਪਹਿਲਾਂ ਇਥੇ ਹੀ ਰਹਿੰਦੇ ਹੋਏ ਹਿੰਦੁਸਤਾਨ ਵਿਚ ਸਨ।
ਇਕ ਪਾਗਲ ਤਾਂ ਹਿੰਦੁਸਤਾਨ ਅਤੇ ਪਾਕਿਸਤਾਨ, ਪਾਕਿਸਤਾਨ ਅਤੇ ਹਿੰਦੁਸਤਾਨ ਦੇ ਚੱਕਰ ਵਿਚ ਕੁਝ ਅਜਿਹਾ ਫਸਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ ਝਾੜੂ ਦਿੰਦਿਆਂ-ਦਿੰਦਿਆਂ ਉਹ ਇਕ ਦਿਨ ਰੁੱਖ ਉੱਤੇ ਚੜ੍ਹ ਗਿਆ ਅਤੇ ਟਹਿਣੇ ਉੱਤੇ ਬੈਠ ਕੇ ਦੋ ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾ, ਜੋ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀ ਸਿਪਾਹੀਆਂ ਨੇ ਜਦ ਉਹਨੂੰ ਹੇਠਾਂ ਉਤਰਨ ਲਈ ਕਿਹਾ ਤਾਂ ਉਹ ਹੋਰ ਉੱਤੇ ਚੜ੍ਹ ਗਿਆ ਜਦ ਉਹਨੂੰ ਡਰਾਇਆ-ਧਮਕਾਇਆ ਗਿਆ ਤਾਂ ਉਹਨੇ ਕਿਹਾ, “ਮੈਂ ਨਾ ਹਿੰਦੁਸਤਾਨ ਵਿਚ ਰਹਿਣਾ ਚਾਹੁੰਦਾ ਹਾਂ ਨਾ ਪਾਕਿਸਤਾਨ ਵਿਚ, ਮੈਂ ਇਸ ਰੁੱਖ ਉੱਤੇ ਹੀ ਰਹੂੰਗਾ” ਬੜੀ ਦੇਰ ਪਿਛੋਂ ਜਦੋ ਉਹਦਾ ਦੌਰਾ ਠੰਡਾ ਹੋਇਆ ਤਾਂ ਉਹ ਥੱਲੇ ਉਤਰਿਆ ਅਤੇ ਆਪਣੇ-ਹਿੰਦੂ ਸਿੱਖ ਮਿੱਤਰਾਂ ਦੇ ਗਲ ਮਿਲ-ਮਿਲ ਕੇ ਰੋਣ ਲੱਗਿਆ– ਇਸ ਖ਼ਿਆਲ ਨਾਲ ਉਹਦਾ ਦਿਲ ਭਰ ਆਇਆ ਸੀ ਕਿ ਉਹ ਉਸਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ।
ਇਕ ਐਮ[ਐਸ[ ਸੀ[ ਪਾਸ ਰੇਡੀਓ ਇੰਜੀਨੀਅਰ, ਜੋ ਮੁਸਲਮਾਨ ਸੀ ਅਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੀ ਇੱਕ ਖਾਸ ਪਗਡੰਡੀ ਉੱਤੇ ਸਾਰਾ ਦਿਨ ਚੁੱਪਚਾਪ ਟਹਿਲਦਾ ਰਹਿੰਦਾ ਸੀ, ਇਹ ਤਬਦੀਲੀ ਪ੍ਰਗਟ ਹੋਈ ਕਿ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਨੰਗ-ਧੜੰਗਾ ਹੋ ਕੇ ਸਾਰੇ ਬਾਗ ਵਿਚ ਤੁਰਨਾ-ਫਿਰਨਾ ਸ਼ੁਰੂ ਕਰ ਦਿੱਤਾ।
ਚਨਿਓਟ ਦੇ ਇਕ ਮੁਸਲਮਾਨ ਨੇ, ਜੋ ਮੁਸਲਿਮ ਲੀਗ ਦਾ ਸਰਗਰਮ ਮੈਂਬਰ ਰਹਿ ਚੁੱਕਿਆ ਸੀ ਅਤੇ ਦਿਨ ‘ਚ ਪੰਦਰਾਂ-ਸੋਲਾਂ ਵੇਰਾਂ ਨਹਾਇਆ ਕਰਦਾ ਸੀ, ਇਕਦਮ ਇਹ ਆਦਤ ਛੱਡ ਦਿੱਤੀ, ਉਹਦਾ ਨਾਂ ਮੁਹੰਮਦ ਅਲੀ ਸੀ ਸੋ ਉਹਨੇ ਇੱਕ ਦਿਨ ਆਪਣੇ ਜੰਗਲੇ ਵਿਚ ਐਲਾਨ ਕਰ ਦਿੱਤਾ ਕਿ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਹੈ, ਉਸ ਦੀ ਦੇਖਾ-ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ ਇਸ ਤੋਂ ਪਹਿਲਾਂ ਕਿ ਖੂਨ-ਖਰਾਬਾ ਹੋ ਜਾਵੇ, ਦੋਹਾਂ ਨੂੰ ਖ਼ਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਥਲੱਗ ਬੰਦ ਕਰ ਦਿੱਤਾ ਗਿਆ।
ਲਾਹੌਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਮੁਹੱਬਤ ਵਿਚ ਅਸਫਲ ਹੋ ਕੇ ਪਾਗਲ ਹੋ ਗਿਆ ਸੀ, ਜਦੋਂ ਉਹਨੇ ਸੁਣਿਆ ਕਿ ਅੰਮ੍ਰਿਤਸਰ ਹਿੰਦੁਸਤਾਨ ਵਿਚ ਚਲਿਆ ਗਿਆ ਹੈ ਤਾਂ ਉਹਨੂੰ ਬਹੁਤ ਦੁੱਖ ਹੋਇਆ ਅੰਮ੍ਰਿਤਸਰ ਦੀ ਇੱਕ ਹਿੰਦੂ ਕੁੜੀ ਨਾਲ ਉਹਨੂੰ ਮੁਹੱਬਤ ਸੀ, ਜਿਸਨੇ ਉਹਨੂੰ ਠੁਕਰਾ ਦਿੱਤਾ ਪਰ ਦੀਵਾਨਗੀ ਦੀ ਹਾਲਤ ਵਿਚ ਵੀ ਉਹ ਕੁੜੀ ਨੂੰ ਨਹੀਂ ਸੀ ਭੁੱਲਿਆ ਉਹ ਉਨ੍ਹਾਂ ਸਾਰੇ ਹਿੰਦੂ ਅਤੇ ਮੁਸਲਮਾਨ ਲੀਡਰਾਂ ਨੂੰ ਗਾਲ੍ਹਾਂ ਦੇਣ ਲੱਗ ਪਿਆ ਜਿਨ੍ਹਾਂ ਨੇ ਮਿਲ-ਮਿਲਾ ਕੇ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਨੇ ਅਤੇ ਉਹਦੀ ਮਹਿਬੂਬਾ ਹਿੰਦੁਸਤਾਨੀ ਬਣ ਗਈ ਹੈ ਅਤੇ ਉਹ ਪਾਕਿਸਤਾਨੀ ਜਦ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਉਸ ਵਕੀਲ ਨੂੰ ਕਈ ਪਾਗਲਾਂ ਨੇ ਸਮਝਾਇਆ ਕਿ ਉਹ ਦਿਲ ਥੋੜ੍ਹਾ ਨਾ ਕਰੇ, ਉਹਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇਗਾ ਉਸੇ ਹਿੰਦੁਸਤਾਨ ਵਿਚ ਜਿੱਥੇ ਉਹਦੀ ਮਹਿਬੂਬਾ ਰਹਿੰਦੀ ਹੈ – ਪਰ ਉਹ ਲਾਹੌਰ ਛੱਡਣਾ ਨਹੀਂ ਚਾਹੁੰਦਾ ਸੀ, ਉਸਦਾ ਖ਼ਿਆਲ ਸੀ ਕਿ ਅੰਮ੍ਰਿਤਸਰ ਵਿਚ ਉਸਦੀ ਪ੍ਰੈਕਟਿਸ ਨਹੀਂ ਚੱਲੇਗੀ।
ਯੂਰਪੀਅਨ ਵਾਰਡ ਵਿਚ ਦੋ ਐਂਗਲੋ ਇੰਡੀਅਨ ਪਾਗਲ ਸਨ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਚਲੇ ਗਏ ਨੇ ਤਾਂ ਉਨ੍ਹਾਂ ਨੂੰ ਬੜਾ ਸਦਮਾ ਲੱਗਿਆ ਉਹ ਲੁਕ-ਲੁਕ ਕੇ ਘੰਟਿਆਂ ਬੱਧੀ ਇਸ ਅਹਿਮ ਮਸਲੇ ਉੱਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿਚ ਹੁਣ ਉਨ੍ਹਾਂ ਦੀ ਹੈਸੀਅਤ ਕਿਸ ਕਿਸਮ ਦੀ ਹੋਵੇਗੀ ਯੂਰਪੀਅਨ ਵਾਰਡ ਰਹੇਗਾ ਜਾਂ ਉਡਾ ਦਿੱਤਾ ਜਾਵੇਗਾ ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ,ਕੀ ਉਨ੍ਹਾਂ ਨੂੰ ਡਬਲ ਰੋਟੀ ਤਾਂ ਨਹੀਂ ਛੱਡਣੀ ਪਵੇਗੀ।
ਇੱਕ ਸਿੱਖ ਸੀ, ਜਿਸਨੂੰ ਪਾਗਲਖਾਨੇ ਵਿਚ ਦਾਖਲ ਹੋਇਆ ਪੰਦਰਾਂ ਵਰ੍ਹੇ ਹੋ ਚੁੱਕੇ ਸਨ ਹਰ ਵੇਲੇ ਉਹਦੇ ਮੂੰਹੋਂ ਇਹ ਅਜੀਬ ਲਫ਼ਜ ਸੁਣਾਈ ਦਿੰਦੇ ਸਨ, “ਔਪੜ ਦਿ ਗੜ ਗੜ ਅਨੈਕਸ ਦੀ ਬੇਧਿਆਨਾ ਦਿ ਮੂੰਗ ਕਿ ਦਾਲ ਆਫ ਦੀ ਲਾਲਟੈਨ” ਉਹ ਨਾ ਦਿਨ ‘ਚ ਸੌਂਦਾ ਸੀ ਨਾ ਰਾਤ ਨੂੰ ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ ਪੰਦਰਾਂ ਵਰ੍ਹਿਆਂ ਦੇ ਲੰਬੇ ਅਰਸੇ ਵਿਚ ਉਹ ਇਕ ਪਲ ਵੀ ਨਹੀਂ ਸੁੱਤਾ ਸੀ, ਉਹ ਲੇਟਦਾ ਵੀ ਨਹੀਂ ਸੀ ਬਲਕਿ ਕਦੇ-ਕਦੇ ਕੰਧ ਨਾਲ ਟੇਕ ਲਾ ਲੈਂਦਾ ਸੀ, ਚੱਤੋ ਪਹਿਰ ਖੜ੍ਹਾ ਰਹਿਣ ਕਰਕੇ ਉਸਦੇ ਪੈਰ ਸੁੱਜ ਗਏ ਸਨ ਅਤੇ ਪਿੰਜਣੀਆਂ ਵੀ ਫੁੱਲ ਗਈਆਂ ਸਨ, ਮਗਰ ਸਰੀਰਕ ਤਕਲੀਫ ਦੇ ਬਾਵਜੂਦ ਉਹ ਲੰਮਾ ਪੈ ਕੇ ਆਰਾਮ ਨਹੀਂ ਕਰਦਾ।
ਹਿੰਦੁਸਤਾਨ, ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਬਾਰੇ ਜਦ ਕਦੇ ਗੱਲਬਾਤ ਹੁੰਦੀ ਸੀ ਤਾਂ ਉਹ ਧਿਆਨ ਨਾਲ ਸੁਣਦਾ ਸੀ ਕੋਈ ਉਹਨੂੰ ਪੁੱਛਦਾ ਕਿ ਉਸਦਾ ਕੀ ਖ਼ਿਆਲ ਹੈ ਤਾਂ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ, “ਔਪੜ ਦੀ ਗੜ-ਗੜ ਦਿ ਅਨੈਕਸ ਕਿ ਬੇਧਿਆਨਾ ਕਿ ਮੂੰਗ ਦੀ ਦਾਲ ਆਫ ਪਾਕਿਸਤਾਨ ਗਵਰਨਮੈਂਟ” ਪਰੰਤੂ ਬਾਅਦ ਵਿਚ ‘ਆਫ਼ ਦੀ ਪਾਕਿਸਤਾਨ’ ਦੀ ਥਾਂ ‘ਆਫ਼ ਦੀ ਟੋਭਾ ਟੇਕ ਸਿੰਘ ਗਵਰਨਮੈਂਟ’ ਨੇ ਲੈ ਲਈ ਅਤੇ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ, ਜਿੱਥੇ ਦਾ ਉਹ ਰਹਿਣ ਵਾਲਾ ਹੈ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ ਵਿਚ ਫਸ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਹਿੰਦੁਸਤਾਨ ਵਿਚ ਹੁੰਦਾ ਸੀ, ਪਰ ਹੁਣ ਸੁਣਿਐ ਕਿ ਪਾਕਿਸਤਾਨ ਵਿਚ ਹੈ ਕੀ ਪਤਾ ਹੈ ਕਿ ਲਾਹੌਰ ਜੋ ਅੱਜ ਪਾਕਿਸਤਾਨ ਵਿਚ ਹੈ, ਕੱਲ੍ਹ ਹਿੰਦੁਸਤਾਨ ਵਿਚ ਚਲਿਆ ਜਾਵੇ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਵੇ ਅਤੇ ਇਹ ਵੀ ਕੌਣ ਛਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਨੋਂ ਕਿਸੇ ਦਿਨ ਸਿਰੇ ਤੋਂ ਗਾਇਬ ਹੋ ਜਾਣ।
ਇਸ ਸਿੱਖ ਪਾਗਲ ਦੇ ਕੇਸ ਛਿਦਰੇ ਹੋ ਕੇ ਬਹੁਤ ਘੱਟ ਰਹਿ ਗਏ ਸਨ, ਕਿਉਂਕਿ ਉਹ ਨਹਾਉਂਦਾ ਕਦੇ ਕਦਾਈਂ ਸੀ, ਇਸ ਲਈ ਦਾੜ੍ਹੀ ਅਤੇ ਵਾਲ ਆਪਸ ਵਿਚ ਜੰਮ ਗਏ ਸਨ ਜਿਸਦੇ ਕਾਰਨ ਉਹਦੀ ਸ਼ਕਲ ਬੜੀ ਭਿਆਨਕ ਹੋ ਗਈ ਸੀ ਪਰ ਆਦਮੀ ਨਿਡਰ ਸੀ ਪੰਦਰਾਂ ਵਰ੍ਹਿਆਂ ਵਿਚ ਉਹਨੇ ਕਦੇ ਵੀ ਕਿਸੇ ਨਾਲ ਝਗੜਾ-ਫਸਾਦ ਨਹੀਂ ਕੀਤਾ ਸੀ ਪਾਗਲਖਾਨੇ ਦੇ ਜੋ ਪੁਰਾਣੇ ਨੌਕਰ ਸਨ, ਉਹ ਉਹਦੇ ਬਾਰੇ ਏਨਾ ਕੁ ਜਾਣਦੇ ਸਨ ਕਿ ਟੋਭਾ ਟੇਕ ਸਿੰਘ ਵਿਚ ਉਹਦੀ ਕਾਫ਼ੀ ਜ਼ਮੀਨ ਸੀ ਚੰਗਾ ਖਾਂਦਾ ਪੀਂਦਾ ਜ਼ਿਮੀਂਦਾਰ ਸੀ ਕਿ ਅਚਾਨਕ ਦਿਮਾਗ ਹਿਲ ਗਿਆ, ਉਹਦੇ ਰਿਸ਼ਤੇਦਾਰ ਉਹਨੂੰ ਲੋਹੇ ਦੇ ਮੋਟੇ-ਮੋਟੇ ਸੰਗਲਾਂ ਨਾਲ ਬੰਨ ਕੇ ਲਿਆਏ ਅਤੇ ਪਾਗਲਖਾਨੇ ਦਾਖਲ ਕਰਾ ਗਏ।
ਮਹੀਨੇ ‘ਚ ਇੱਕ ਵੇਰਾਂ ਮੁਲਾਕਾਤ ਲਈ ਉਹ ਲੋਕ ਆਉਂਦੇ ਸਨ ਅਤੇ ਉਸਦੀ ਸੁੱਖ-ਸਾਂਦ ਦਾ ਪਤਾ ਕਰਕੇ ਚਲੇ ਜਾਂਦੇ ਸਨ, ਬੜੀ ਦੇਰ ਤੱਕ ਇਹ ਸਿਲਸਿਲਾ ਜਾਰੀ ਰਿਹਾ ਪਰ ਜਦੋਂ ਪਾਕਿਸਤਾਨ, ਹਿੰਦੁਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਉਨ੍ਹਾਂ ਦਾ ਆਉਣਾ-ਜਾਣਾ ਬੰਦ ਹੋ ਗਿਆ।
ਉਹਦਾ ਨਾਂ ਬਿਸ਼ਨ ਸਿੰਘ ਸੀ ਪਰ ਸਾਰੇ ਜਣੇ ਉਸਨੂੰ ਟੋਭਾ ਟੇਕ ਸਿੰਘ ਕਹਿੰਦੇ ਸਨ ਉਹਨੂੰ ਇਹ ਕਤਈ ਮਾਲੂਮ ਨਹੀਂ ਸੀ ਦਿਨ ਕਿਹੜਾ ਹੈ, ਮਹੀਨਾ ਕਿਹੜਾ ਹੈ ਜਾਂ ਕਿੰਨੇ ਸਾਲ ਬੀਤ ਚੁੱਕੇ ਨੇ ਪਰੰਤੂ ਹਰ ਮਹੀਨੇ ਜਦ ਉਸਦੇ ਸਕੇ-ਸਬੰਧੀ ਉਸਨੂੰ ਮਿਲਣ ਵਾਸਤੇ ਆਉਣ ਵਾਲੇ ਹੁੰਦੇ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ ਉਸ ਦਿਨ ਉਹ ਮਲ-ਮਲ ਕੇ ਨਹਾਉਂਦਾ,ਬਦਨ ਉੱਤੇ ਖ਼ੂਬ ਤੇਲ ਸਾਬਣ ਘਸਾਇਆ ਜਾਂਦਾ ਅਤੇ ਵਾਲਾਂ ‘ਚ ਤੇਲ ਲਾ ਕੇ ਕੰਘਾ ਕਰਦਾ, ਆਪਣੇ ਉਹ ਕੱਪੜੇ ਜੋ ਉਹ ਕਦੀਂ ਵਰਤਦਾ ਨਹੀਂ ਸੀ, ਕੱਢਵਾ ਕੇ ਪਾਉਂਦਾ ਅਤੇ ਇਉਂ ਬਣ-ਫੱਬ ਕੇ ਮਿਲਣ ਵਾਲਿਆਂ ਕੋਲ ਜਾਂਦਾ ਉਹ ਉਸਨੂੰ ਕੁਝ ਪੁੱਛਦੇ ਤਾਂ ਉਹ ਚੁੱਪ ਰਹਿੰਦਾ ਜਾਂ ਕਦੇਂ-ਕਦਾਈਂ “ਔਪੜ ਦਿ ਗੜ ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਲਾਲਟੈਨ” ਕਹਿ ਦਿੰਦਾ।
ਉਹਦੀ ਇੱਕ ਕੁੜੀ ਸੀ ਜੋ ਹਰ ਮਹੀਨੇ ਇੱਕ ਉਂਗਲੀ ਵਧਦੀ-ਵਧਦੀ ਪੰਦਰਾਂ ਵਰ੍ਹਿਆਂ ‘ਚ ਮੁਟਿਆਰ ਹੋ ਗਈ ਸੀ ਬਿਸ਼ਨ ਸਿੰਘ ਉਹਨੂੰ ਪਛਾਣਦਾ ਹੀ ਨਹੀਂ ਸੀ ਉਹ ਬੱਚੀ ਸੀ, ਉਦੋਂ ਵੀ ਆਪਣੇ ਆਪ ਨੂੰ ਦੇਖ ਕੇ ਰੋਂਦੀ ਸੀ, ਮੁਟਿਆਰ ਹੋਈ ਤਦ ਵੀ ਉਹਦੀਆਂ ਅੱਖਾਂ ਚੋਂ ਹੰਝੂ ਵਹਿੰਦੇ ਸਨ।
ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ ਜਦ ਉਹਨੂੰ ਤਸੱਲੀਬਖਸ਼ ਜਵਾਬ ਨਾ ਮਿਲਿਆ, ਉਹਦੀ ਟੋਹ ਦਿਨ ਪ੍ਰਤੀ ਦਿਨ ਵੱਧਦੀ ਗਈ ਹੁਣ ਉਸਦੀ ਲੜਕੀ ਮੁਲਾਕਾਤ ਨੂੰ ਵੀ ਨਹੀਂ ਆਉਂਦੀ ਸੀ, ਪਹਿਲਾਂ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਨੇ ਪਰ ਹੁਣ ਜਿਵੇਂ ਉਹਦੇ ਦਿਲ ਦੀ ਅਵਾਜ਼ ਵੀ ਬੰਦ ਹੋ ਗਈ ਸੀ ਜੋ ਉਹਨੂੰ ਉਨ੍ਹਾਂ ਦੇ ਆਉਣ-ਜਾਣ ਦੀ ਖ਼ਬਰ ਦੇ ਦਿਆ ਕਰਦੀ ਸੀ- ਉਹਦੀ ਬੜੀ ਇੱਛਾ ਸੀ ਕਿ ਉਹ ਲੋਕ ਆਉਣ ਜੋ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਅਤੇ ਉਹਦੇ ਵਾਸਤੇ ਫਲ, ਮਿਠਾਈਆਂ ਅਤੇ ਕੱਪੜੇ ਲਿਆਉਂਦੇ ਸਨ ਉਹ ਆਉਣ ਤਾਂ ਉਹ ਉਨ੍ਹਾਂ ਤੋਂ ਪੁੱਛੇ ਕਿ ਟੋਭਾ ਟੇਕ ਸਿੰਘ ਕਿੱਥੇ ਹੈ ਉਹ ਉਹਨੂੰ ਪੱਕੇ ਤੌਰ ਤੇ ਦੱਸ ਦੇਣਗੇ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਉਹਦਾ ਖ਼ਿਆਲ ਸੀ ਕਿ ਟੋਭਾ ਟੇਕ ਸਿੰਘ ਤੋਂ ਹੀ ਆਉਂਦੇ ਨੇ, ਜਿੱਥੇ ਉਹਦੀਆਂ ਜ਼ਮੀਨਾਂ ਨੇ।
ਪਾਗਲਖਾਨੇ ਵਿਚ ਇੱਕ ਪਾਗਲ ਅਜਿਹਾ ਵੀ ਸੀ ਜੋ ਆਪਣੇ ਆਪ ਨੂੰ ਖ਼ੁਦਾ ਕਹਿੰਦਾ ਸੀ ਬਿਸ਼ਨ ਸਿੰਘ ਨੇ ਉਸ ਤੋਂ ਜਦੋਂ ਇਕ ਦਿਨ ਪੁੱਛਿਆ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਤਾਂ ਉਹਨੇ ਆਪਣੀ ਆਦਤ ਅਨੁਸਾਰ ਠਹਾਕਾ ਮਾਰਿਆ ਅਤੇ ਕਿਹਾ, “ਉਹ ਨਾ ਪਾਕਿਸਤਾਨ ਵਿਚ ਹੈ ਨਾ ਹਿੰਦੁਸਤਾਨ ਵਿਚ, ਕਿਉਂਕਿ ਅਸੀਂ ਅਜੇ ਤੱਕ ਹੁਕਮ ਹੀ ਨਹੀਂ ਦਿੱਤਾ”।
ਬਿਸ਼ਨ ਸਿੰਘ ਨੇ ਉਸਨੂੰ ਖ਼ੁਦਾ ਨੂੰ ਕਈ ਵਾਰੀ ਬੜੀ ਮਿੰਨਤ ਅਤੇ ਆਜਜ਼ੀ ਨਾਲ ਕਿਹਾ ਕਿ ਉਹ ਹੁਕਮ ਦੇ ਦੇਵੇ ਤਾਂ ਕਿ ਝੰਜਟ ਮੁੱਕੇ, ਪਰ ਖ਼ੁਦਾ ਬਹੁਤ ਰੁਝਿਆ ਹੋਇਆ ਸੀ ਕਿਉਂਕਿ ਉਹਨੇ ਹੋਰ ਬਥੇਰੇ ਹੁਕਮ ਦੇਣੇ ਸਨ।
ਇੱਕ ਦਿਨ ਦੁਖੀ ਹੋ ਕੇ ਬਿਸ਼ਨ ਸਿੰਘ ਖ਼ੁਦਾ ਨੂੰ ਟੁੱਟ ਕੇ ਪਿਆ, “ਔਪੜ ਦਿ ਗੜ ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਵਾਹਿਗੁਰੂ ਜੀ ਦਾ ਖਾਲਸਾ ਐਂਡ ਵਾਹਿਗੁਰੂ ਜੀ ਦੀ ਫਤਹਿ” ਇਸਦਾ ਸ਼ਾਇਦ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈ, ਸਿੱਖਾਂ ਦਾ ਖ਼ੁਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾ।
ਤਬਾਦਲੇ ਤੋਂ ਕੁਝ ਦਿਨ ਪਹਿਲਾਂ ਟੋਭਾ ਟੇਕ ਸਿੰਘ ਦਾ ਇਕ ਮੁਸਲਮਾਨ ਜੋ ਬਿਸ਼ਨ ਸਿੰਘ ਦਾ ਮਿੱਤਰ ਸੀ, ਮੁਲਾਕਾਤ ਲਈ ਆਇਆ, ਮੁਸਲਮਾਨ ਮਿੱਤਰ ਪਹਿਲਾਂ ਕਦੇ ਨਹੀਂ ਆਇਆ ਸੀ ਜਦੋਂ ਬਿਸ਼ਨ ਸਿੰਘ ਨੇ ਉਹਨੂੰ ਦੇਖਿਆ ਤਾਂ ਇਕ ਪਾਸੇ ਹੱਟ ਗਿਆ, ਫਿਰ ਵਾਪਸ ਜਾਣ ਲੱਗਾ ਪਰ ਸਿਪਾਹੀਆਂ ਨੇ ਉਹਨੂੰ ਰੋਕਿਆ, “ਇਹ ਤੈਨੂੰ ਮਿਲਣ ਆਇਐ, ਤੇਰਾ ਮਿੱਤਰ ਫਜ਼ਲਦੀਨ ਐ”।
ਬਿਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਦੇਖਿਆ ਅਤੇ ਕੁਝ ਬੁੜਬੁੜਾਉਣ ਲੱਗਾ ਫਜ਼ਲਦੀਨ ਨੇ ਅੱਗੇ ਵੱਧ ਕੇ ਉਹਦੇ ਮੋਢੇ ਉੱਪਰ ਹੱਥ ਰੱਖਿਆ, “ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲਾਂ ਪਰ ਵਿਹਲ ਹੀ ਨਾ ਮਿਲੀ, ਤੇਰੇ ਸਭ ਆਦਮੀ ਖੈਰੀਅਤ ਨਾਲ ਹਿੰਦੁਸਤਾਨ ਚਲੇ ਗਏ ਸਨ ਮੈਥੋਂ ਜਿੰਨੀ ਮਦਦ ਹੋ ਸਕੀ, ਮੈਂ ਕੀਤੀ, ਤੇਰੀ ਧੀ ਰੂਪ ਕੌਰ[” ਉਹ ਬੋਲਦਿਆਂ ਬੋਲਦਿਆਂ ਰੁਕ ਗਿਆ।
ਬਿਸ਼ਨ ਸਿੰਘ ਕੁਝ ਯਾਦ ਕਰਨ ਲੱਗਿਆ, “ਧੀ ਰੂਪ ਕੌਰ”
ਫਜ਼ਲਦੀਨ ਨੇ ਰੁਕ ਕੇ ਕਿਹਾ, “ਹਾਂ, ਉਹ, ਉਹ ਵੀ ਠੀਕ ਠਾਕ ਐ, ਉਨ੍ਹਾਂ ਨਾਲ ਹੀ ਚਲੀ ਗਈ ਸੀ।”
ਬਿਸ਼ਨ ਸਿੰਘ ਚੁੱਪ ਰਿਹਾ
ਫਜ਼ਲਦੀਨ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਖ਼ੈਰ ਖੈਰੀਅਤ ਪੁੱਛਦਾ ਰਹਾਂ। ਹੁਣ ਮੈਂ ਸੁਣਿਆ ਤੂੰ ਹਿੰਦੁਸਤਾਨ ਜਾ ਰਿਹੈਂ। ਭਾਈ ਬਲਵੀਰ ਸਿੰਘ ਅਤੇ ਭਾਈ ਵਧਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਅਤੇ ਭੈਣ ਅੰਮ੍ਰਿਤ ਕੌਰ ਨੂੰ ਵੀ। ਭਾਈ ਬਲਵੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜ਼ੀ ਖੁਸ਼ੀ ਐ। ਦੋ ਬੂਰੀਆਂ ਮੈਸਾਂ ਜੋ ਉਹ ਛੱਡ ਗਏ ਸੀ, ਉਨ੍ਹਾਂ ‘ਚੋਂ ਇੱਕ ਨੇ ਕੱਟਾ ਦਿੱਤਾ, ਦੂਜੀ ਦੇ ਕੱਟੀ ਹੋਈ ਸੀ ਪਰ ਉਹ ਛੇਦਿਨਾਂ ਦੀ ਹੋ ਕੇ ਮਰ ਗਈ। ਹੋਰ, ਮੇਰੇ ਲਾਇਕ ਜੋ ਖਿਦਮਤ ਹੋਵੇ, ਕਹੀਂ ਮੈਂ ਹਰ ਵਕਤ ਤਿਆਰ ਆਂ ਔਰ ਆਹ ਤੇਰੇ ਲਈ ਥੋੜ੍ਹੇ ਜਿਹੇ ਮਰੂੰਡੇ ਲਿਆਇਆਂ”।
ਬਿਸ਼ਨ ਨੇ ਮਰੂੰਡਿਆਂ ਦੀ ਪੋਟਲੀ ਲੈ ਕੇ ਕੋਲ ਖੜ੍ਹੇ ਸਿਪਾਹੀ ਦੇ ਹਵਾਲੇ ਕਰ ਦਿੱਤੀ ਤੇ ਫਜ਼ਲਦੀਨ ਨੂੰ ਪੁੱਛਿਆ, “ਟੋਭਾ ਟੇਕ ਸਿੰਘ ਕਿੱਥੇ ਐ?”
ਫਜ਼ਲਦੀਨ ਨੇ ਥੋੜ੍ਹਾ ਹੈਰਾਨ ਹੁੰਦਿਆ ਕਿਹਾ, “ਕਿੱਥੇ ਐ?”
“ਓਥੇ ਈ ਐ, ਜਿੱਥੇ ਸੀ”
ਬਿਸ਼ਨ ਸਿੰਘ ਨੇ ਫੇਰ ਪੁੱਛਿਆ, “ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ? ਹਿੰਦੁਸਤਾਨ ਵਿਚ, ਨਹੀਂ! ਨਹੀਂ!! ਪਾਕਿਸਤਾਨ ਵਿਚ…[” ਫਜ਼ਲਦੀਨ ਬੌਂਦਲ ਜਿਹਾ ਗਿਆ ਬਿਸ਼ਨ ਸਿੰਘ ਬੁੜਬੁੜਾਉਂਦਾ ਹੋਇਆ ਚਲਾ ਗਿਆ, “ਔਪੜ ਦਿ ਗੜ ਗੜ ਦਿ ਅਨੈਕਸ ਦੇ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਪਾਕਿਸਤਾਨ ਐਂਡ ਹਿੰਦੁਸਤਾਨ ਆਫ਼ ਦੀ ਦੁਰ ਫਿੱਟੇ ਮੂੰਹ…[”
ਤਬਾਦਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ, ਇਧਰੋਂ ਉਧਰ ਅਤੇ ਉਧਰੋਂ ਇਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪੁੱਜ ਚੁੱਕੀਆਂ ਸਨ ਅਤੇ ਤਬਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ।
ਕੜਾਕੇ ਦੀ ਠੰਡ ਸੀ ਜਦੋਂ ਲਾਹੌਰ ਦੇ ਪਾਗਲਖਾਨੇ ‘ਚੋਂ ਹਿੰਦੂ ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੀ ਸੁਰੱਖਿਆ ਵਿਚ ਰਵਾਨਾ ਹੋਈਆਂ, ਸਬੰਧਿਤ ਅਫ਼ਸਰ ਵੀ ਨਾਲ ਸਨ ਵਾਹਗਾ ਦੇ ਬਾਰਡਰ ਉੱਤੇ ਦੋਨਾਂ ਪਾਸੇ ਸੁਪਰਡੈਂਟ ਇਕ-ਦੂਜੇ ਨੂੰ ਮਿਲੇ ਅਤੇ ਮੁੱਢਲੀ ਕਾਰਵਾਈ ਮੁੱਕਣ ਪਿੱਛੋਂ ਤਬਾਦਲਾ ਸ਼ੁਰੂ ਹੋ ਗਿਆ, ਜੋ ਰਾਤ ਭਰ ਜਾਰੀ ਰਿਹਾ।
ਪਾਗਲਾਂ ਨੂੰ ਲਾਰੀਆਂ ‘ਚੋਂ ਕੱਢਣਾ ਅਤੇ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ ਕਈ ਤਾਂ ਬਾਹਰ ਨਿਕਲਦੇ ਹੀ ਨਹੀਂ ਸੀ, ਜੋ ਨਿਕਲਣ ਲਈ ਰਜ਼ਾਮੰਦ ਹੁੰਦੇ ਸਨ, ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀ ਕਿਉਂਕਿ ਉਹ ਇਧਰ-ਉਧਰ ਭੱਜ ਉੱਠਦੇ ਸਨ, ਜੋ ਨੰਗੇ ਸਨ, ਉਨ੍ਹਾਂ ਨੂੰ ਕੱਪੜੇ ਪੁਆਏ ਜਾਂਦੇ ਤਾਂ ਉਹ ਉਨ੍ਹਾਂ ਪਾੜ ਕੇ ਆਪਣੇ ਬਦਨ ਤੋਂ ਲਾਹ ਸੁੱਟਦੇ-ਕੋਈ ਗਾਲ੍ਹਾਂ ਕੱਢ ਰਿਹਾ ਹੈ…[ ਕੋਈ ਗਾ ਰਿਹਾ ਹੈ… ਕੁਝ ਆਪਸ ਵਿਚ ਝਗੜ ਰਹੇ ਨੇ, ਵਿਲਕ ਰਹੇ ਨੇ-ਕੰਨ ਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ- ਪਾਗਲ ਔਰਤਾਂ ਦਾ ਸ਼ੋਰ ਸ਼ਰਾਬਾ ਅਲੱਗ ਸੀ ਅਤੇ ਠੰਡ ਏਨੀ ਸਖ਼ਤ ਸੀ ਕਿ ਦੰਦ ਵੱਜ ਰਹੇ ਸਨ।
ਪਾਗਲਾਂ ਦੀ ਬਹੁ-ਗਿਣਤੀ ਇਸ ਬਟਵਾਰੇ ਦੇ ਹੱਕ ਵਿਚ ਨਹੀਂ ਸੀ, ਇਸ ਵਾਸਤੇ ਕਿ ਉਨ੍ਹਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਜਗ੍ਹਾ ਤੋਂ ਪੁੱਟ ਕੇ ਕਿੱਥੇ ਸੁੱਟਿਆ ਜਾ ਰਿਹਾ ਹੈ, ਉਹ ਥੋੜ੍ਹੇ ਜਿਹੇ ਜੋ ਕੁਝ ਸੋਚ ਸਮਝ ਸਕਦੇ ਸਨ, “ਪਾਕਿਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ” ਦੇ ਨਾਅਰੇ ਲਾ ਰਹੇ ਸਨ, ਦੋ ਤਿੰਨ ਵਾਰ ਫਸਾਦ ਹੁੰਦਾ-ਹੁੰਦਾ ਬਚਿਆ, ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਅਰੇ ਸੁਣ ਕੇ ਤੈਸ਼ ਆ ਗਿਆ ਸੀ।
ਜਦ ਬਿਸ਼ਨ ਸਿੰਘ ਦੀ ਵਾਰੀ ਆਈ ਅਤੇ ਵਾਹਗਾ ਦੇ ਉਸ ਪਾਰ ਸਬੰਧਿਤ ਅਫਸਰ ਉਹਦਾ ਨਾਂ ਰਜਿਸਟਰ ਵਿਚ ਦਰਜ ਕਰਨ ਲੱਗਾ ਤਾਂ ਉਸਨੇ ਪੁੱਛਿਆ, “ਟੋਭਾ ਟੇਕ ਸਿੰਘ ਕਿੱਥੇ ਐ? ਪਾਕਿਸਤਾਨ ਵਿਚ ਜਾਂ ਹਿੰਦੁਸਤਾਨ ਵਿਚ?”
ਸਬੰਧਤ ਅਫਸਰ ਹੱਸਿਆ, “ਪਾਕਿਸਤਾਨ ਵਿਚ”
ਇਹ ਸੁਣ ਕੇ ਬਿਸ਼ਨ ਸਿੰਘ ਉੱਛਲ ਕੇ ਇਕ ਪਾਸੇ ਹਟਿਆ ਅਤੇ ਦੌੜ ਕੇ ਆਪਣੇ ਬਾਕੀ ਸਾਥੀਆਂ ਦੇ ਕੋਲ ਪੁੱਜ ਗਿਆ।
ਪਾਕਿਸਤਾਨੀ ਸਿਪਾਹੀਆਂ ਨੇ ਉਸਨੂੰ ਫੜ ਲਿਆ ਅਤੇ ਦੂਜੇ ਪਾਸੇ ਲਿਜਾਣ ਲੱਗੇ ਪਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ, “ਟੋਭਾ ਟੇਕ ਸਿੰਘ ਇਥੇ ਐ” ਅਤੇ ਜ਼ੋਰ-ਜ਼ੋਰ ਨਾਲ ਚਿਲਾਉਣ ਲੱਗਿਆ, “ਔਪੜ ਦਿ ਗੜ-ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਟੋਭਾ ਟੇਕ ਸਿੰਘ ਐਂਡ ਪਾਕਿਸਤਾਨ”
ਉਹਨੂੰ ਬਹੁਤ ਸਮਝਾਇਆ ਗਿਆ ਕਿ ਦੇਖੋ, ਹੁਣ ਟੋਭਾ ਟੇਕ ਸਿੰਘ ਹਿੰਦੁਸਤਾਨ ਵਿਚ ਚਲਿਆ ਗਿਆ ਹੈ, ਜੇ ਨਹੀਂ ਗਿਆ ਤਾਂ ਬਹੁਤ ਜਲਦੀ ਭੇਜ ਦਿੱਤਾ ਜਾਵੇਗਾ, ਪਰ ਉਹ ਨਾ ਮੰਨਿਆ ਜਦੋਂ ਉਹਨੂੰ ਜਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇਕ ਥਾਂ ਇਸ ਢੰਗ ਨਾਲ ਆਪਣੀਆਂ ਸੁੱਜੀਆਂ ਹੋਈਆਂ ਟੰਗਾਂ ਉੱਤੇ ਖੜ੍ਹਾ ਹੋ ਗਿਆ ਜਿਵੇਂ ਉਹਨੂੰ ਹੁਣ ਕੋਈ ਤਾਕਤ ਨਹੀਂ ਹਿਲਾ ਸਕੇਗੀ। ਆਦਮੀ ਨਿਡਰ ਸੀ,ਇਸ ਲਈ ਉਹਦੇ ਨਾਲ ਕੋਈ ਜ਼ਿਆਦਾ ਜ਼ਬਰਦਸਤੀ ਨਾ ਕੀਤੀ ਗਈ, ਉਹਨੂੰ ਉੱਥੇ ਈ ਖੜ੍ਹਾ ਰਹਿਣ ਦਿੱਤਾ ਗਿਆ ਅਤੇ ਤਬਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ।
ਸੂਰਜ ਨਿਕਲਣ ਤੋਂ ਪਹਿਲਾਂ ਚੁੱਪ ਚੁਪੀਤੇ ਬਿਸ਼ਨ ਸਿੰਘ ਦੇ ਹਲਕ ਵਿਚੋਂ ਇੱਕ ਅਸਮਾਨ ਨੂੰ ਚੀਰਦੀ ਚੀਕ ਨਿਕਲੀ।
ਇਧਰ-ਉਧਰ ਕਈ ਅਫਸਰ ਭੱਜੇ ਆਏ ਅਤੇ ਉਨ੍ਹਾਂ ਨੇ ਦੇਖਿਆ ਕਿ ਉਹ ਆਦਮੀ ਜੋ ਪੰਦਰ੍ਹਾਂ ਵਰਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜ੍ਹਾ ਰਿਹਾ ਸੀ, ਮੂਧੇ ਮੂੰਹ ਪਿਆ ਸੀ।
ਉਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ, ਇਧਰ ਇਹੋ ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨ, ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸਦਾ ਕੋਈ ਨਾਂ ਨਹੀਂ ਸੀ ਟੋਭਾ ਟੇਕ ਸਿੰਘ ਪਿਆ ਸੀ।

ਸਆਦਤ ਹਸਨ ਮੰਟੋ

ਜੋ ਉਹ ਚਉਦੇਂ ਨੇ ਕਿਤੇ ਉਹ ਨਾ ਹੋਜੇ

by Sandeep Kaur January 24, 2020

ਜੋ ਉਹ ਚਉਦੇਂ ਨੇ ਕਿਤੇ ਉਹ ਨਾ ਹੋਜੇ
ਹਸਦਾ ਚਿਹਰਾ ਫਿਰ ਤੋ ਨਿਹਰੇ’ਚ ਨਾ ਖੋਜੇ
ਮਸਾ ਸੰਭਾਲ ਕੇ ਖੁਦ ਨੂੰ ਮੈ
ਇਸ ਦੁਨੀਆਂ ਵਿਚ ਖੜਾ ਹਾਂ
ਭੋਲਾ ਜਿਹਾ ਇਹ ਫਿਰ ਤੋ ਭੀੜ’ਚ ਨਾ ਖੋਜੇ
ਜੋ ਉਹ ਚਉਦੇਂ ਨੇ ਕਿਤੇ ਉਹ ਨਾ ਹੋਜੇ

ਇਹ ਤੈਨੂੰ ਪਤਾ ਜਾ ਮੈਨੂੰ
ਕਿ ਮੈ ਕਿਥੋ ਕਿਥੇ ਆਇਆ ਹਾਂ
ਨਾ ਜਿਉਦਾ ਸੀ ਨਾ ਮਰਦਾ ਸੀ
ਮੈ ਮੁੜਕੇ ਜਿਥੋ ਆਇਆ ਹਾਂ
ਇਕ ਜਾਗੀ ਜੋ ਉਮੀਦ ਮੇਰੀ
ਮੁੜ ਫਿਰ ਨਾ ਸੋਜੇ
ਜੋ ਉਹ ਚਉਦੇਂ ਨੇ ਕਿਤੇ ਉਹ ਨਾ ਹੋਜੇ

ਜੱਸੀ ਦੀਆਂ ਲਿਖਤਾਂ ਘਸੀਆਂ ਜਹੀਆ
ਕਾਪੀ ਦੇ ਪੰਨੇ ਫਟੀਆ ਜਹੀਆ
ਕਈਆ ਨੂੰ ਲਗਦੀਆ ਖਾਸ ਨਈ
ਕਈਆ ਦੇ ਦਿਲਾਂ ਨੂੰ ਜਚੀਆ ਜਹੀਆ
ਕਮਲ ਦਾ ਇਹ ਸਿਲਸਿਲਾ ਇਕ ਦਮ ਨਾ ਖਲੋਜੇ
ਜੋ ਉਹ ਚਉਦੇਂ ਨੇ ਕਿਤੇ ਉਹ ਨਾ ਹੋਜੇ
ਹਸਦਾ ਚਿਹਰਾ ਫਿਰ ਤੋ ਨਿਹਰੇ’ਚ ਨਾ ਖੋਜੇ

Jaspreet Singh

ਬਾਲ ਸਾਹਿਤ ਬਾਰੇ

by Sandeep Kaur January 20, 2020

ਬੱਚਿਆਂ ਦਾ ਵਾਹ-ਵਾਸਤ ਦੋ ਤਰ੍ਹਾਂ ਦੇ ਵਡੇਰਿਆਂ ਨਾਲ ਪੈਂਦਾ ਹੈ। ਪਹਿਲੇ ਉਹ ਜੋ ਉਨ੍ਹਾਂ ਦੇ ਮਨ ਦੀਆਂ ਸਾਫ਼ ਸਲੇਟਾਂ ‘ਤੇ ਝਰੀਟਾਂ ਵਰਗੇ ਸੰਸਕਾਰ ਉਕਾਰਦੇ ਹਨ। ਅੰਗੂਠੇ ਹੇਠ ਰੱਖਣ ਲਈ ਉਨ੍ਹਾਂ ‘ਚ ਡਰ ਭਰਦੇ ਹਨ। ਆਲੇ-ਦਆਲੇ ਵਾਪਰਦੀਆਂ ਘਟਨਾਵਾਂ ਦੀਆਂ ਨਿਰਅਧਾਰ ਵਿਆਖਿਆ ਦੇ ਕੇ, ਉਨ੍ਹਾਂ ਨੂੰ ਗੁਲਾਮ ਮਾਨਸਿਕਤਾ ਵਾਲਾ ਕਰਮਕਾਂਡੀ ਬਣਾਉਂਦੇ ਹਨ। ਬਚਪਨ ‘ਚ ਮਿਲੀਅਾਂ ਇਹ ਕੂਡ਼ ਸਿੱਖਿਆਵਾਂ ਉਮਰ ਭਰ ਉਨ੍ਹਾਂ ਦਾ ਖਹਿਡ਼ਾ ਨਹੀਂ ਛੱਡਦੀਆਂ। ਦੂਜੇ ਉਹ ਵਡੇਰੇ ਵੀ ਹਨ, ਜੋ ਬੱਚਿਆਂ ਉੱਪਰ ਆਪਣਾ-ਆਪ ਠੋਸਦੇ ਨਹੀਂ। ਉਨ੍ਹਾਂ ਦੀ ਜਗਿਆਸਾ ਨੂੰ ਖੁੰਢੀ ਨਹੀਂ ਕਰਦੇ। ਉਨ੍ਹਾਂ ਦੇ ਮਨਾਂ ਉੱਪਰ ਖੂਬਸੂਰਤ ਅਤੇ ਸਿਆਣੇ ਸੰਸਕਾਰਾਂ ਦੀ ਇਬਾਰਤ ਮੜਦੇ ਹਨ। ਚੀਜ਼ਾਂ ਨੂੰ, ਘਟਨਾਵਾਂ ਨੂੰ, ਵੇਖਣ ਪਰਖਣ ਦੀ ਜਾਂਚ ਸਿੱਖਣ ‘ਚ ਮਦਦ ਕਰਦੇ ਹਨ। ਉਨ੍ਹਾਂ ਵਿੱਚ ਜਿੰਮੇਵਾਰੀ ਦੀ ਅਹਿਸਾਸ ਭਰਕੇ, ਸਵੈ-ਅਨੁਸ਼ਾਸਨ ਦੇ ਰਾਹ ਪਾਉਂਦੇ ਹਨ। ਦੂਜੀ ਕਿਸਮ ਦੇ ਵੱਡੇ-ਵਡੇਰਿਆਂ ਦੀ ਫਿਕਰਮੰਦੀ ਵਿਚੋਂ ਜੋ ਗਿਆਨ, ਸਾਹਿਤ ਰੂਪ ਵਿੱਚ ਹੈ ਉਹ ਬੱਚਿਆਂ ਦਾ ਬਹੁਪੱਖੀ ਵਿਕਾਸ ਕਰ ਸਕਦਾ ਹੈ। ਸਾਨੂੰ ਇਸ ਤਰ੍ਹਾਂ ਦੇ ਸਾਹਿਤ ਦੀ ਚੋਣ ਕਰਕੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਵਰਿੰਦਰ ਦੀਵਾਨਾ

ਫੋਟੋ- ਰਵਨ ਖੋਸਾ ( Ravan Khosa )

ਅਵਲ ਕਿਹੜਾ ਹੈ

by Sandeep Kaur September 4, 2018

ਇਕ ਗੁਰੂ ਦੇ ਦੋ ਸ਼ਿਸ਼ ਸਨ, ਦੋਵੇਂ ਬਾਹਦਰ ਅਤੇ ਸਿਆਣੇ ਸਨ।

ਇਕ ਦਿਨ,ਉਨ੍ਹਾਂ ਦੋਹਾਂ ਨੇ ਗੁਰੂ ਨੂੰ ਕਿਹਾ : ਅੱਜ ਫੈਸਲਾ ਕਰ ਦਿਓ ਕਿ ਕਿਹੜਾ ਸ਼ਿਸ਼ ਅਵਲ ਹੈ। ਗੁਰੂ ਨੇ ਕਿਹਾ : ਤੁਸੀਂ ਦੋਵੇਂ ਅਵਲ ਹੋ ਪਰ ਉਹ ਨਹੀਂ ਮੰਨੇ ।

ਗੁਰੂ ਨੇ ਦੋਹਾਂ ਨੂੰ ਦੂਰ ਦਿਸਦੇ , ਇਕ ਦਰੱਖਟ ਨੂੰ ਹੱਥ ਲਾ ਕੇ ਆਉਣਾ ਲਈ ਕਿਹਾ ।  ਦੋਵੇਂ ਦੌੜ ਕੇ ਗਏ । ਜਦੋਂ ਵਾਪਸ ਆਏ ਤਾਂ ਗੁਰੂ ਨੇ ਕਿਹਾ : ਤੂੰ ਮੈਨੂੰ ਜਾਂਦਿਆਂ ਅਵਲ ਲਗਿਆ ਸੀ,ਦੂਜੇ ਨੂੰ ਕਿਹਾ : ਤੁੰ ਮੈਨੂੰ ਆਉਂਦਿਆਂ ਅਵਲ ਲਗਿਆ ਸੀ।

ਸੇਵਾ ਦਾ ਮੁੱਲ

by Sandeep Kaur September 3, 2018

ਅਰਬ ਦੇਸ਼ ਦੇ ਇਕ ਸਿਆਣੇ ਵਜ਼ੀਰ ਨੇ ਬਾਦਸ਼ਾਹ ਦੀ ਤੀਹ ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਸੀ ਪਰ ਉਸ ਵਜ਼ੀਰ ਦੇ ਦੋਖੀ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਭਰ-ਭਰ ਕੇ ਅਤੇ ਗੰਭੀਰ ਦੋਸ਼ ਲਾ ਕੇ,        ਉਸ ਨੂੰ ਮੌਤ ਦੀ ਸਜ਼ਾ ਸੁਣਵਾ ਦਿੱਤੀ । ਉਸ  ਵੇਲੇ ਦੇ ਰਿਵਾਜ ਅਨੁਸਾਰ , ਆਲੇ-ਦੁਆਲੇ ਬੈਠੇ ਲੋਕਾਂ ਦੇ ਵਿਚਕਾਰ, ਅਖਾੜੇ ਵਿਚ, ਵਿਅਕਤੀ ਨੂੰ ਮੌਤ ਦੇ ਘਾਟ  ਉਤਾਰਨ ਲਈ, ਉਸ ‘ਤੇ ਕੁੱਤੇ ਛੱਡੇ ਜਾਂਦੇ ਸਨ।

ਮੌਤ ਦੀ ਸਜ਼ਾ ਮਿਲਣ ਤੋਂ ਇਕ ਦਿਨ ਪਹਿਲਾਂ ਵਜ਼ੀਰ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਉਸ ਨੂੰ ਦਸ ਦਿਨ ਦੀ ਮੋਹਲਤ ਦਿੱਤੀ ਜਾਵੇ ਤਾਂ ਜੁ ਉਹ ਪਰਿਵਾਰ ਲਈ ਗੁਜ਼ਾਰੇ ਦਾ ਕੋਈ ਪ੍ਰਬੰਧ ਕਰ ਸਕੇ ।ਉਸਦੀ ਲੰਮੀ ਸੇਵਾ ਨੂੰ ਧਿਆਨ ਵਿਚ ਰੱਖਦਿਆਂ, ਬਾਦਸ਼ਾਹ ਨੇ ਮੋਹਲਤ ਦੇ ਦਿੱਤੀ। ਮੋਹਲਤ ਮਿਲਣ ਉਪਰੰਤ ਉਹ ਕੁੱਤੇ-ਖਾਨੇ ਵਿਚ ਗਿਆ ਅਤੇ ਮੋਹਲਤ ਦੇ ਦਸ ਦਿਨ ਉਸ ਨੇ ਕੁੱਤਿਆਂ ਦੀ ਖੂਬ ਸੇਵਾ ਕੀਤੀ। ਕੁੱਤੇ ਉਸ ਦੇ ਮਤਵਾਲੇ ਹੋ ਗਏ ਸਨ।

ਸਜ਼ਾ ਵਾਲੇ ਦਿਨ ਜਦੋਂ ਵਜ਼ੀਰ ਉਤੇ ਕੁੱਤੇ ਛੱਡ ਗਏ ਤਾਂ ਉਹ ਵੱਡਣ ਦੀ ਥਾਂ ਵਜ਼ੀਰ ਦੇ ਹੱਥ-ਪੈਰ ਚੱਟਣ ਲਗ ਪਏ।

ਬਾਦਸ਼ਾਹ ਹੈਰਾਨ ਹੋਇਆ ਅਤੇ ਪੁੱਛਿਆ : ਇਹ ਕੀ ਹੋ ਰਿਹਾ ਹੈ ? ਵਜ਼ੀਰ ਨੇ ਕਿਹਾ : ਤੁਹਾਡੇ ਵਲੋਂ ਮਿਲੀ ਮੋਹਲਤ ਦੇ ਦਸ ਦਿਨ ਮੈਂ ਇਨ੍ਹਾਂ ਕੁੱਤਿਆਂ ਦੀ ਸੇਵਾ ਕੀਤੀ ਹੈ, ਇਹ ਮੇਰੀ ਸੇਵਾ ਦਾ ਮੁੱਲ ਤਾਰ ਰਹੇ ਹਨ ।

ਤੁਹਾਡੀ ਮੈਂ ਤੀਹ ਸਾਲ ਸੇਵਾ ਕੀਤੀ ਹੈ, ਤੁਸੀਂ ਮੇਰੀ ਸੇਵਾ ਦਾ ਮੁੱਲ ਤਾਰਿਆ ਹੈ ?

ਰਾਜਨੀਤਕ ਵਿਹਾਰ

by Sandeep Kaur September 2, 2018

ਰਾਜਨੀਤਕ ਵਿਹਾਰ ਕੀਹੁੰਦਾ ਹੈ ?

ਇਕ ਸ਼ੇਰ ਨੇ ਚੀਤੇ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ ਹੈ ?

ਹਜੂਰ , ਤੁਸੀਂ ਹੋ । ਹੋਰ ਕੋਈ ਹੋ ਹੀ ਨਹੀਂ ਸਕਦਾ !

ਸ਼ੇਰ ਨੇ ਬਾਂਦਰ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ  ਹੈ ?

ਹਜੂਰ ਮਹਾਰਾਜ , ਤੁਹਾਡੇਤੋਂ ਸਿਵਾਏ ਹੋਰ ਕੋਣ ਹੋਸਕਦਾ ਹੈ ?

ਸ਼ੇਰ ਨੇ ਹਾਥੀ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ ਹੈ ? ਹਾਥੀ ਨੇ ਆਪਣੀ ਸੁੰਡ ਨਾਲ ਸ਼ੇਰ ਨੂੰ ਲਪੇਟਿਆ ਅਤੇ

ਦਰਖੱਤ ਨਾਲ ਵਗਾਹ ਮਾਰਿਆ, ਫਿਰ ਚੁਕਿਆ ਅਤੇ ਉਪਰ ਵਲ ਉਛਾਲ ਦਿੱਤਾ , ਫਿਰ ਚੁਕਿਆ ਅਤੇ ਜ਼ਮੀਨ ਨਾਲ ਪਟਕਾ ਦਿੱਤਾ ।

ਸ਼ੇਰ ਨੇ ਮਿੱਟੀ ਝਾੜਦਿਆਂ ਕਿਹਾ : ਹਾਥੀ ਜੀ,ਜੇਜਵਾਬ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ, ਪਰ ਘਰ ਆਏ ਮਹਿਮਾਨ ਨਾਲ ਬਦਸਲੂ  ਕੀ ਤਾਂ ਨਾ ਕਰੋ ।

ਇਹ  ਸ਼ੇਰ ਦਾ ਰਾਜਨੀਤਕ ਵਿਹਾਰ ਸੀ ।

  • 1
  • …
  • 493
  • 494
  • 495
  • 496

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close