ਸਭ ਨੂੰ ਫ਼ਿਕਰ ਹੈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਜਿਵੇਂ ਇਹ ਜ਼ਿੰਦਗੀ ਜ਼ਿੰਦਗੀ ਨਹੀਂ ਇਲਜ਼ਾਮ ਹੋਵੇ।
Sandeep Kaur
ਕਿਸੀ ਹੋਰ ਲਈ ਖੁਦ ਨੂੰ ਬਦਲਣ ਵਾਲਿਉ, ਧਿਆਨ ਰੱਖਿਓ ਕਿਤੇ ਤੁਹਾਨੂੰ ਬਦਲ ਕੇ ਉਹ ਖੁਦ ਨਾ ਬਦਲ ਜਾਵੇ।
ਨਾ ਕਾਇਦੇ ਪਸੰਦ ਨੇ ਨਾ ਵਾਅਦੇ ਪਸੰਦ ਨੇ ਸਿਰਫ ਫਾਇਦੇ ਪਸੰਦ ਨੇ
ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ
ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ
ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ
“ਮੈਨੂੰ ਬੱਸ ਵੱਖ ਕਰ ਦਿਓ ਜਮੀਨ ਜਾਇਦਾਤ ਡੰਗਰ ਪੈਸਾ ਧੇਲਾ ਸਭ ਕੁਝ ਵੰਡ ਦਿਓ ਹੁਣ ਮੇਰਾ ਇਸ ਘਰ ਵਿਚ ਦਮ ਘੁਟਦਾ ਏ”
ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਆਖ ਜਦੋਂ ਘਰੋਂ ਬਾਹਰ ਨੂੰ ਤੁਰਨ ਲਗਿਆ ਤਾਂ ਬਾਪ ਨੇ ਪਿੱਛਿਓਂ ਵਾਜ ਮਾਰ ਲਈ ਆਖਣ ਲੱਗਾ “ਪੁੱਤਰਾ ਜਾਂਦਾ ਜਾਂਦਾ ਬਾਹਰ ਪਾਰਕ ਵਿਚ ਵੀ ਨਜਰ ਮਾਰਦਾ ਜਾਵੀਂ..”
“ਕੀ ਹੋਇਆ ਏ ਪਾਰਕ ਵਿਚ”ਗੁੱਸੇ ਵਿਚ ਸਵਾਲ ਪੁੱਛਿਆ
“ਪੁੱਤ ਰਾਤੀਂ ਤੇਜ ਹਨੇਰੀ ਵਗੀ ਸੀ ਕਿੰਨੇ ਸਾਰੇ ਉਚੇ ਰੁੱਖ ਜੜੋਂ ਉਖੜ ਕੇ ਹੇਠਾਂ ਡਿੱਗੇ ਪਏ ਨੇ ਪਰ ਨਿੱਕੇ ਕਦ ਵਾਲਾ ਕਿੰਨਾ ਸਾਰਾ ਹਰਾ ਭਰਾ ਘਾਹ ਅਜੇ ਵੀ ਵਗੀ ਜਾਂਦੀ ਤੇਜ ਪੌਣ ਨਾਲ ਖੇਡਾਂ ਖੇਡੀ ਜਾ ਰਿਹਾ ਏ”
ਹਰਪ੍ਰੀਤ ਸਿੰਘ ਜਵੰਦਾ
ਕਦਰ ਕਰਨੀ ਹੈ ਤਾਂ ਜਿਉਂਦੇ ਜੀਅ ਕਰੋ, ਅਰਥੀ ਨੂੰ ਮੋਢਾ ਦੇਣ ਵੇਲੇ ਤਾਂ ਪਰਾਏ ਵੀ ਰੋਂ ਪੈਂਦੇ ਨੇ।
ਜਿਹੜੇ ਤੋੜਦੇ ਨੇ ਦਿਲ ਬਰਬਾਰ ਹੋਣਗੇ ਅੱਜ ਕਿਸੇ ਨੂੰ ਰਵਾਇਆ ਕੱਲ ਆਪ ਰੋਣਗੇ |
ਜੇ ਕੋਈ ਪਿਆਰ ਕਰੇ ਤਾਂ ਕਦਰ ਕਰੋ ਹਵਾ ਨਾ ਕਰੋ।
ਜੰਗੀਰ ਸਿੰਘ ! “ਸੁਣਾ ਕੋਈ ਰੱਬ ਦੇ ਘਰ ਦੀ”,”ਕੀ ਸੁਣਾਵਾਂ ਬਾਈ, ਕਸੂਤੀ ਜੀ ਵਾਅ ਚੱਲ ਪਈ, ਕਹਿੰਦੇ ਫੱਤੂ ਕਾ ਚਰਨਾ ਵੀ ਗੁਜ਼ਰ ਗਿਆ ਕੱਲ੍ਹ, ਹੈਅ! ਐਂ ਕੀ ਹੋ ਗਿਆ, ਤਕੜਾ ਪਿਆ ਸੀ ਅਜੇ ਤਾਂ ਯਾਰ, ਕੱਲ ਗਿਆ ਸੀ ਸੰਸਕਾਰ ‘ਤੇ, ਨੇੜੇ ਤਾਂ ਢੁਕਣ ਦਿੱਤਾ ਸਹੁਰਿਆਂ ਨੇ ਕਿਸੇ ਨੂੰ, ਲਾਰੀ ਜੀ ਵਿੱਚ ਲੈ ਕੇ ਆਏ ਸੀ, ਵਰਦੀਆਂ ਜੀਆਂ ਵਾਲਿਆਂ ਨੇ ਹੀ ਚਿਖਾ ‘ਚ ਚਿਣਿਆ ਵਿਚਾਰੇ ਨੂੰ, ਜਦੋਂ ਭਾਈ ਜੀ ਨੇ ਅਰਦਾਸ ਕੀਤੀ ਨਾ ਜਾਗਰਾ,, ਤੇ ਵਿੱਚ ਆਇਆ ਕਿ ਚਰਾਸੀ ਲੱਖ ਜੂਨਾਂ ਤੋਂ ਬਚਾ ਕੇ ਰੱਖੀਂ, ਮੇਰੀ ਤਾਂ ਭੁੱਬ ਨਿਕਲ ਗਈ ਸੱਚੀਂ,, ਮਖਿਆ ਨਹੀਂ ਬਾਬਾ ਹੁਣ ਤਾਂ ਸੱਚੀਂ ਚੁਰਾਸੀ ਲੱਖ ਜੂਨਾਂ ਵਿੱਚ ਪੈਣ ਨੂੰ ਜੀਅ ਕਰਦੈ, ਬੰਦੇ ਦੀ ਜੂਨੀ ਤੋਂ ਤਾਂ ਚੰਗੀਆਂ ਈ ਹੋਣਗੀਆਂ, ਆਹ ਰੁੱਖ ਵੀ ਤਾਂ ਚੁਰਾਸੀ ਲੱਖ ਜੂਨਾਂ ਦੇ ਵਿੱਚ ਹੀ ਆਉਂਦੇ ਆ, ਨਿਰਸਵਾਰਥ ਆਕਸੀਜਨ ਦਿੰਦੇ ਆ, ਠੰਢੀਆਂ ਛਾਵਾਂ ਦਿੰਦੇ ਨੇ, ਖਾਣ ਨੂੰ ਫ਼ਲ ਦਿੰਦੇ, ਤੇ ਆਪਣਾ ਆਪ ਬਾਲ ਕੇ ਸਾਡਾ ਸਾਡਾ ਅੰਨ ਪਕਾਉਂਦੇ ਨੇ, ਹੋਰ ਤਾਂ ਹੋਰ ਜਿਹੜਾ ਕੁਹਾੜਾ ਇਨ੍ਹਾਂ ਤੇ ਵਾਰ ਕਰਦੈ, ਉਹਨੂੰ ਬਾਹਾਂ ਵੀ ਇਹ ਆਪ ਹੀ ਦਿੰਦੇ ਨੇ, ਮਿਲੂ ਕਿਤੇ ਇਹੋ ਜਿਹੇ ਤਿਆਗ ਵਾਲਾ ਸੁਭਾਅ,
ਬੰਦੇ ਦੀ ਜੂਨੀ ਵੀ ਦੋ ਧਿਰਾਂ ਚ ਵੰਡੀ ਪਈ,, ਇੱਕ ਲਚਾਰ ਨੇ ਤੇ ਦੂਜੇ ਮਕਾਰ ਨੇ ਲਚਾਰ ਮਰ ਰਹੇ ਨੇ, ਮਕਾਰ ਮਾਰ ਰਹੇ ਨੇ, ਬਹੁਤ ਦੁਰਗਤੀ ਕੀਤੀ ਐ ਯਾਰ ਇਹਨਾਂ ਨੇ ਬੰਦਿਆਂ ਦੀ ਸੱਚੀਂ, ਹੁਣ ਯਾਦ ਆਉਂਦਾ ਸ਼ੇਰੇ ਪੰਜਾਬ ਦਾ ਰਾਜ, ਹੂਕ ਨਿਕਲਦੀ ਆ,
ਨੀ ਮੜੀਏ ਸ਼ੇਰੇ-ਪੰਜਾਬ ਦੀਏ ਇੱਕ ਵਾਰ ਜਗਾਦੇ ਸ਼ੇਰ ਨੂੰ,
ਇਕ ਗੱਲ ਦੀ ਸਮਝ ਨੀ ਆਉਂਦੀ ਬਈ ਬਚਨ ਸਿਆਂ, “ਟੈਕਸ ਅਸੀਂ ਭਰੀਏ, ਹਰਜਾਨਾ ਅਸੀਂ ਭਰੀਏ, ਨਜ਼ਰਾਨਾ ਅਸੀਂ ਭਰੀਏ, ਸ਼ੁਕਰਾਨਾ ਅਸੀਂ ਭਰੀਏ,
ਪੈਸੇ ਸਾਡੇ , ਕੰਮ ਸਾਡੇ , ਓਏ ਵੋਟਾਂ ਵੀ ਸਾਡੀਆਂ, ਇਹਨਾਂ ਦਾ ਹੈ ਕੀ ਆ ਯਾਰ,
ਇਹਨਾਂ ਦਾ ਦਿਮਾਗ ਆ ਜਾਗਰ ਸਿੰਆ, ਸ਼ਾਤਰ ਦਿਮਾਗ, ਜਿਹਦੇ ਸਿਰ ‘ਤੇ ਰਾਜ ਕਰਦੇ ਐਂ,
ਕੱਲ੍ਹ ਮੇਰਾ ਪੋਤਾ ਆਪਣੇ ਮੂਬੈਲ ਤੇ ਫੋਟੋਆਂ ਜੀਆਂ ਦਿਖਾ ਕੇ ਕਹਿੰਦਾ ਬਾਬਾ ” ਇਹ ਕੈਨੇਡੇ ਦਾ ਪ੍ਰਧਾਨ ਮੰਤਰੀ ਆ, ਟੀਕਾ ਲਗਵਾਉਣ ਆਇਆ ਸੀ, ਆਮ ਬੰਦੇ ਵਾਂਗ ਟੀਕਾ ਲਗਵਾਕੇ ਚਲਾ ਗਿਆ , ਹਸਪਤਾਲ ਵਾਲੇ ਆਪਣਾ ਕੰਮ ਕਰਦੇ ਰਹੇ ,ਇੰਨੀ ਸਾਦਗੀ,
” ਇੱਕ ਸਾਡੇ ਦੇਖਲਾ, ਜੇ ਕਿਸੇ ਮੰਤਰੀ ਨੇ ਆਉਣਾ ਹੋਵੇ ਪਹਿਲਾਂ ਤਾਂ ਆਮ ਮਰੀਜ਼ਾਂ ਨੂੰ ਬਾਹਰ ਈ ਕੱਢ ਦੇਣਗੇ, ਮੰਤਰੀ ਆ ਗਿਆ ਓਏ ਮੰਤਰੀ ਆ ਗਿਆ ਓਏ, ਔਹ ਮਾਰ ਭੱਜੇ ਫਿਰਨਗੇ ਪਤੰਦਰ,
“ਉਹ ਕੁਝ ਤਾਂ ਆਪਾਂ ਵੀ ਜ਼ਿੰਮੇਵਾਰ ਆ ਜੰਗੀਰ ਸਿੰਆ, ਕੋਈ ਐੱਮ.ਐੱਲ.ਏ ਵੀ ਆਇਆ ਹੋਵੇ ਨਾ , ਮਖਿਆਲ ਦੀਆਂ ਮੱਖੀਆਂ ਵਾਂਗੂ ਡਿੱਗ ਪੈਨੇ ਆ ਜਾਕੇ,
ਬਸ ਕੁਝ ਗੱਲਾਂ ਸਾਡੇ ਖੂਨ ਚ ਆ ਜਾਣ, ਫਿਰ ਅਸੀਂ ਕਿਸੇ ਨੂੰ ਕਿੱਥੇ ਖੂਨ ਪੀਣ ਦੇਣਾ ਆਪਣਾ
ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ
ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼, ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ
ਐਤਵਾਰ ਉਸਦੇ ਲਈ ਇੱਕ ਨਵਾਂ ਹੀ ਦਿਨ ਹੁੰਦਾ ਸੀ। ਆਪਣੇ ਪਿਤਾ ਦਾ ਸਕੂਟਰ ਬਾਹਰ ਗਲੀ ਵਿੱਚ ਕੱਢ ਕੇ ਧੋਣਾ, ਸਰਫ਼ ਲਾ ਲਾ ਕੇ ਮਲ-ਮਲ ਕੇ ਚਮਕਾਉਣਾ। ਸਕੂਟਰ ਸੁਕਾਉਣਾ। ਬੜੇ ਚਾਅ ਨਾਲ ਉਸਨੂੰ ਸਾਂਭਣਾ। ਆਪਣੇ ਪਿਤਾ ਦੇ ਸਕੂਟਰ ਦੀ ਖ਼ਿਦਮਤ ਉਸਦੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੁੰਦੀ ਸੀ। ਸਕੂਟਰ ਦੇ ਮੈਟ ਉੱਤੇ ਡੁੱਲ੍ਹੀ ਕੁਲਫ਼ੀ ਤੋਂ ਹੀ ਉਸਨੇ ਅੰਦਾਜ਼ਾ ਲਾ ਲੈਣਾ
ਅੱਜ ਸ਼ਹਿਰ ਕੁਲਫ਼ੀ ਖਾਧੀ ਸੀ ਨਾ?
ਕਈ ਵਾਰੀ ਮੱਕੀ ਦੇ ਜਾਂ ਮੂੰਗਫਲੀ ਦੇ ਇੱਕਾ ਦੁੱਕਾ ਦਾਣੇ ਡਿੱਗੇ ਹੋਣੇ ਤਾਂ ਉਸਨੇ ਫ਼ਿਰ ਆਪਣੇ ਪਿਤਾ ਨੂੰ ਮਜ਼ਾਕ ਕਰਨਾ। ਅੱਜ ਲੱਗਦਾ ਹੈ ਕਿਸੇ ਰੇਹੜੀ ਵਾਲੇ ਕੋਲੋਂ ਦਾਣੇ ਚੱਬੇ ਨੇ।
ਉਹ ਸਕੂਟਰ ਜਿਵੇਂ ਉਸਦੇ ਲਈ ਕਿਸੇ ਰਾਜੇ ਦੇ ਰੱਥ ਵਾਂਗ ਸੀ। ਇੱਕ ਦੁਪਿਹਰ ਚੋਰੀ-ਚੋਰੀ ਸਕੂਟਰ ਸਟਾਰਟ ਕਰਕੇ ਬਾਹਰ ਝੂਟਾ ਲੈਣ ਗਿਆ ਤਾਂ ਕੰਧ ਚ ਜਾ ਮਾਰਿਆ। ਨਿੱਕਾ ਮੋਟਾ ਨੁਕਸਾਨ ਹੋਇਆ, ਸਾਰਾ ਦਿਨ ਅੰਦਰੋਂ ਅੰਦਰੀਂ ਬੁਸ-ਬੁਸ ਕਰਦਾ ਰਿਹਾ ਕਿ ਆਪਣੇ ਪਿਤਾ ਦਾ ਸਕੂਟਰ ਭੰਨ ਦਿੱਤਾ। ਜਿਸਨੂੰ ਉਹ ਆਪ ਸੁਆਰਦਾ ਸਾਫ਼ ਰੱਖਦਾ ਹੁੰਦਾ ਸੀ।
ਇੱਕ ਦਿਨ ਅਚਾਨਕ ਪਿਤਾ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵਸਿਆ। ਇੱਕ ਸਾਲ ਬੀਤ ਗਿਆ। ਸਕੂਟਰ ਨੂੰ ਕਿਸੇ ਨੇ ਹੱਥ ਨਾ ਲਾਇਆ। ਬੱਸ ਇਕ ਵਾਰੀ ਧੋ ਕੇ, ਸੁਕਾ ਕੇ ਢਕ ਦਿੱਤਾ। ਸ਼ਾਇਦ ਕੋਈ ਚਲਾਵੇ, ਸ਼ਾਇਦ ਕੋਈ ਆਵਾਜ਼ ਮਾਰੇ
“ਕਾਕੇ, ਬਾਹਰ ਕੱਢ ਕੇ ਸਟਾਰਟ ਕਰਦੇ ਇਹਨੂੰ, ਮੈਂ ਸ਼ਹਿਰ ਜਾਣਾ ਏ।”
ਕੰਨ ਤਰਸ ਗਏ ਸਨ ਹੁਣ ਉਸ ਆਵਾਜ਼ ਨੂੰ। ਮੈਟ ਬਿਲਕੁਲ ਸਾਫ਼ ਸੀ। ਦਿਲ ਓਦਰਿਆ ਫਿਰੇ। ਕਾਸ਼ ਕੋਈ ਮੱਕੀ ਜਾਂ ਮੂੰਗਫ਼ਲੀ ਦਾ ਦਾਣਾ ਹੀ ਨਜ਼ਰ ਆ ਜਾਵੇ ਉਸ ਉੱਤੇ। ਲੱਗੇ ਤਾਂ ਸਹੀ ਕੋਈ ਬੈਠਾ ਸੀ ਇਸ ਉੱਪਰ, ਸ਼ਹਿਰ ਜਾ ਕੇ ਆਇਆ ਹੈ।
ਗਏ ਕਦੀ ਵਾਪਿਸ ਨਹੀਂ ਆਉਂਦੇ। ਸਕੂਟਰ ਦੇ ਹੈਂਡਲ ਛੋਹ ਕੇ ਦੇਖਣੇ ਜਿੱਥੇ ਉਸਦੇ ਬਾਪ ਦੇ ਹੱਥ ਲੱਗੇ ਹੋਏ ਸਨ। ਅਗਲੇ ਪਾਸੇ ਟੋਕਰੀ ਵਿੱਚ ਪੁਰਾਣੀ ਐਨਕ ਸੰਭਾਲ ਕੇ ਰੱਖੀ ਹੋਈ ਸੀ। ਪਤਾ ਨਹੀਂ ਕਦੋਂ ਦੀ ਓਥੇ ਲੁਕੀ ਹੋਈ ਸੀ।
ਸਮਾਂ ਲੰਘ ਰਿਹਾ ਸੀ, ਸਕੂਟਰ ਹੌਲੀ ਹੌਲੀ ਗਲ਼ ਰਿਹਾ ਸੀ। ਜ਼ੰਗ ਲੱਗ ਰਿਹਾ ਸੀ। ਕਿਤੋਂ-ਕਿਤੋਂ ਰੰਗ ਉੱਤਰ ਵੀ ਗਿਆ। ਪਿਤਾ ਦਾ ਇੱਕ ਖ਼ਾਸ ਮਿੱਤਰ ਆਇਆ ਇੱਕ ਦਿਨ ਤੇ ਕਿਹਾ ਸਕੂਟਰ ਮੈਨੂੰ ਵੇਚ ਦਿਓ, ਪੈਸੇ ਜਿੰਨੇ ਮਰਜ਼ੀ ਲੈ ਲਵੋ। ਮੇਰੇ ਖ਼ਾਸ ਦੋਸਤ ਦਾ ਸਕੂਟਰ ਹੈ, ਮੈਨੂੰ ਦੇ ਦਿਓ ਬੱਸ। ਨਾਂਹ ਨੁੱਕਰ ਨਾ ਕਰਿਓ।
ਸੱਚੀਂ ਹੀ ਸਕੂਟਰ ਹੁਣ ਖ਼ਰਾਬ ਹੋ ਰਿਹਾ ਸੀ। ਸੋਚਿਆ ਜੇਕਰ ਕੋਈ ਮੰਗ ਰਿਹਾ ਹੈ ਤਾਂ ਦੇ ਦੇਣਾ ਚਾਹੀਦਾ ਹੈ। ਕੋਈ ਚਲਾਏਗਾ ਤਾਂ ਮਸ਼ੀਨ ਠੀਕ ਰਹੂ। ਥੋੜ੍ਹੀ ਜਿਹੀ ਕੀਮਤ ਬਦਲੇ ਸਕੂਟਰ ਪਿਤਾ ਦੇ ਮਿੱਤਰ ਨੂੰ ਦੇ ਦਿੱਤਾ ਗਿਆ।
ਗਲੀ ਵਿਚੋਂ ਬਹੁਤ ਦੇਰ ਬਾਅਦ ਸਕੂਟਰ ਦੀ ਆਵਾਜ਼ ਆਈ ਸੀ। ਧੂੰਆਂ ਉੱਠਿਆ ਸੀ। ਉਹ ਦੂਰ ਤੱਕ ਸਕੂਟਰ ਨੂੰ ਜਾਂਦਾ ਦੇਖਦਾ ਰਿਹਾ। ਧੂਏਂ ਦੀ ਮਹਿਕ ਦੇਰ ਤਕ ਵੀਹ ਵਿੱਚ ਘੁੰਮਦੀ ਰਹੀ।
ਕਈ ਵਾਰ ਤੁਰ ਗਿਆਂ ਨੂੰ ਦੁਬਾਰਾ ਦਫ਼ਨਉਣਾ ਪੈਂਦਾ ਹੈ। ਆਪ ਨਾਲ ਦਫ਼ਨ ਹੋਣਾ ਪੈਂਦਾ ਹੈ। ਕਈ ਚੀਜ਼ਾਂ ਤੁਹਾਨੂੰ ਕਿਸੇ ਆਪਣੇ ਨਾਲ ਬਹੁਤ ਜੁੜਿਆ ਹੋਇਆ ਮਹਿਸੂਸ ਕਰਵਾਉਂਦੀਆਂ ਨੇ। ਉਹਨਾਂ ਦੀ ਕੁਰਬਾਨੀ ਦੇਣੀ ਆਪਣੇ ਆਪ ਨੂੰ ਖ਼ਤਮ ਕਰਨ ਬਰਾਬਰ ਹੁੰਦਾ ਹੈ।
ਜਿਸਮ ਪਿੱਛੇ ਰਹਿ ਜਾਂਦਾ ਹੈ, ਕੁੱਝ ਚੀਜ਼ਾਂ ਜਾਂਦੀਆਂ-ਜਾਂਦੀਆਂ ਰੂਹ ਕੱਢ ਕੇ ਲੈ ਜਾਂਦੀਆਂ ਨੇ।
ਕਿਸੇ ਨੇ ਲਿਖਿਆ ਹੈ
ਦਰਦ ਬਿਛੜਨੇ ਕਾ ਏ ਦੋਸਤ ਬਹੁਤ ਖ਼ੂਬ ਹੋਗਾ
ਨਾ ਚੁਭੇਗਾ, ਨਾ ਦਿਖੇਗਾ, ਬਸ ਮਹਿਸੂਸ ਹੋਗਾ
ਲਿਖਤ : ਸ਼ਹਿਬਾਜ਼ ਖ਼ਾਨ
ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸਾਂ
ਇੱਕ ਵਾਰ ਸੌਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ ਭਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ
ਇੱਕ ਦਿਨ ਓਹਨਾ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ
ਆਖ ਰਹੇ ਸਨ ਇਸ ਵਾਰ ਤੇ ਇਹ ਮੀਂਹ ਜਾਨ ਕੱਢ ਕੇ ਹੀ ਸਾਹ ਲਵੇਗਾ ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ ਕਣਕ ਵਾਲਾ ਭੜੋਲਾ ਵੀ ਪਾਣੀ ਵਿਚ ਡੁੱਬਣ ਹੀ ਵਾਲਾ ਏ ਭੁਖਿਆਂ ਵੀ ਪੱਕਾ ਮਾਰੂ!
ਮੈਨੂੰ ਕਿੰਨੇ ਦਿਨ ਨੀਂਦ ਨਾ ਪਈ ਭੁੱਖ ਨਾ ਲੱਗਿਆ ਕਰੇ ਬਾਹਰ ਲਿਸ਼ਕਦੇ ਹੋਏ ਬੱਦਲ ਵੇਖਦਾ ਤਾਂ ਮੌਤ ਨਜਰ ਆਉਂਦੀ!
ਹਰ ਵੇਲੇ ਇੰਝ ਲੱਗਿਆ ਕਰਦਾ ਕੇ ਹੁਣ ਅਸੀ ਸਾਰਿਆਂ ਛੇਤੀ ਹੀ ਮਰ ਜਾਣਾ ਏ ਬੱਸ
ਇੱਕ ਦਿਨ ਏਦਾਂ ਹੀ ਡੁਸਕਦੇ ਹੋਏ ਨੂੰ ਦਾਦੇ ਜੀ ਨੇ ਵੇਖ ਲਿਆ
ਸੈਨਤ ਮਾਰ ਲਈ ਪੁੱਛਣ ਲੱਗੇ ਕੀ ਗੱਲ ਏ ਪੁੱਤਰਾ ਰੋਈ ਕਾਹਨੂੰ ਜਾਨਾ ਏ ਉਦਾਸ ਜਿਹਾ ਵੀ ਦਿਸਦਾ ਕੁਝ ਦਿਨਾਂ ਤੋਂ ਕੋਈ ਗੱਲ ਏ ਤਾਂ ਖੁੱਲ ਕੇ ਦੱਸ “
ਨਾਲ ਹੀ ਓਹਨਾ ਮੈਨੂੰ ਧੂਹ ਕੇ ਆਪਣੀ ਬੁੱਕਲ ਵਿਚ ਲੁਕੋ ਲਿਆ !
ਮੈਂ ਕਿੰਨੇ ਚਿਰ ਦਾ ਡੱਕਿਆ ਸਾਂ
ਓਸੇ ਵੇਲੇ ਉਚੀ ਉਚੀ ਰੋਣਾ ਸ਼ੁਰੂ ਕਰ ਦਿੱਤਾ ਆਖਿਆ ਦਾਦਾ ਜੀ ਤੁਹਾਨੂੰ ਪਤਾ ਹੁਣ ਅਸਾਂ ਸਾਰਿਆਂ ਮਰ ਜਾਣਾ ਏ ਇਹ ਮੀਂਹ ਸਾਨੂੰ ਸਾਰਿਆਂ ਨੂੰ ਮਾਰ ਕੇ ਹੀ ਸਾਹ ਲਵੇਗਾ”
ਮੇਰੀ ਏਨੀ ਗੱਲ ਸੁਣ ਉਹ ਉਚੀ ਉਚੀ ਹੱਸ ਪਏ
ਮੈਨੂੰ ਕੁੱਛੜ ਚੁੱਕ ਨੁੱਕਰੇ ਪੜਛੱਤੀ ਤੇ ਪਏ ਨਿਤਨੇਮ ਵਾਲੇ ਗੁਟਕੇ ਕੋਲ ਲੈ ਆਏ
ਆਖਣ ਲੱਗੇ ਪੁੱਤਰਾ ਸਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਇਸੇ ਵਿਚ ਹੀ ਹੈ ਨਾਲੇ ਇੱਕ ਗੱਲ ਹਮੇਸ਼ਾ ਯਾਦ ਰਖੀਂ ਉਸ ਅਕਾਲ ਪੁਰਖ ਨੇ ਦੁਨੀਆ ਦੀ ਕੋਈ ਵੀ ਸਮੱਸਿਆ ਐਸੀ ਨਹੀਂ ਸਿਰਜੀ ਜਿਸ ਦਾ ਉਸਨੇ ਹੱਲ ਨਾ ਬਣਾਇਆ ਹੋਵੇ
ਉਹ ਹਰ ਸਮੱਸਿਆ ਦਾ ਹੱਲ ਵੀ ਨਾਲੋਂ ਨਾਲ ਸਿਰਜ ਕਿਧਰੇ ਲੂਕਾ ਦਿਆ ਕਰਦਾ ਏ ਤੇ ਇਸ ਗੁਟਕੇ ਸਾਬ ਅੰਦਰ ਲਿਖਿਆ ਸਭ ਕੁਝ ਹੀ ਬਸ ਉਸ ਲੁਕਾਈ ਹੋਈ ਚੀਜ ਨੂੰ ਲੱਭਣ ਵਿਚ ਮਦਤ ਕਰਦਾ ਏ !
ਅੱਜ ਏਨੇ ਵਰ੍ਹਿਆਂ ਬਾਅਦ ਭਾਵੇਂ ਭਾਪਾ ਜੀ ਤੇ ਦਾਦਾ ਜੀ ਭਾਵੇਂ ਇਸ ਜਹਾਨ ਵਿਚ ਨਹੀਂ ਨੇ ਪਰ ਫੇਰ ਵੀ ਜਦੋਂ ਕੋਈ ਭਾਰੀ ਮੁਸ਼ਕਿਲ ਆਣ ਪਵੇ ਤਾਂ ਓਹਨਾ ਦੇ ਆਖੇ ਬੋਲ ਕੰਨਾਂ ਵਿਚ ਗੂੰਝਣ ਲੱਗਦੇ ਨੇ ਤੇ ਮੈਂ ਆਪ ਮੁਹਾਰੇ ਹੀ ਓਸੇ ਪੜਛੱਤੀ ਤੇ ਪਏ ਨਿੱਤਨੇਮ ਵਾਲੇ ਗੁਟਕੇ ਕੋਲ ਆਣ ਖਲੋਂਦਾ ਹਾਂ ਫੇਰ ਅੱਖਾਂ ਮੀਟ ਅਰਦਾਸ ਕਰਦਾ ਹਾਂ
ਘੜੀਆਂ ਪਲਾਂ ਵਿਚ ਹੀ ਉਸ ਮੁਸ਼ਕਿਲ ਦਾ ਹੱਲ ਨਿੱਕਲਿਆ ਪਿਆ ਹੁੰਦਾ ਏ !
ਸੋ ਦੋਸਤੋ ਇੱਕ ਦਾਨਿਸ਼ਵਰ ਨੇ ਆਖਿਆ ਏ ਕੇ ਦੁਨੀਆ ਦੀ ਵੱਡੀ ਤੋਂ ਵੱਡੀ ਮੁਸ਼ਕਲ ਵੀ ਇਨਸਾਨੀ ਮੱਥੇ ਦੇ ਆਕਾਰ ਨਾਲੋਂ ਵੱਡੀ ਨਹੀਂ ਹੋ ਸਕਦੀ
ਸਿਆਣੇ ਅਕਸਰ ਆਖਿਆ ਕਰਦੇ ਸਨ ਕੇ ਜਿੰਦਗੀ ਦੇ ਜਿਹਨਾਂ ਹਾਲਾਤਾਂ ਨੂੰ ਕੋਈ ਬਦਲ ਹੀ ਨਹੀਂ ਸਕਦਾ ਓਹਨਾ ਦਾ ਹਰ ਵੇਲੇ ਫੇਰ ਜਿਕਰ ਕਿਓਂ ਤੇ ਜਿਸ ਮੁਸ਼ਕਿਲ ਦਾ ਉੱਪਰ ਵਾਲੇ ਨੇ ਚੰਗਾ ਭਲਾ ਹੱਲ ਬਣਾਇਆ ਹੈ..ਉਸ ਬਾਰੇ ਸੋਚ ਸੋਚ ਫੇਰ ਫਿਕਰ ਕਿਓਂ!
ਹਰਪ੍ਰੀਤ ਸਿੰਘ ਜਵੰਦਾ