ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ
ਸਿਰਫ ਇਕ ਦੁਕਾਨ ਬਚ ਗਈ,
ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ-
“ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।”
ਸਆਦਤ ਹਸਨ ਮੰਟੋ
ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ
ਸਿਰਫ ਇਕ ਦੁਕਾਨ ਬਚ ਗਈ,
ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ-
“ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।”
ਸਆਦਤ ਹਸਨ ਮੰਟੋ
ਬੀਰਇੰਦਰ, ਜਿਸ ਨੂੰ ਅਸੀਂ ਸਾਰੇ ਵੀਰਾ ਆਖਦੇ, ਬੰਗਲਾ ਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ। ਵਿਧਵਾ ਮਾਂ ਦਾ ਇਕੱਲਾ ਪੁੱਤ, ਬੇਜੀ ਲਈ ਬਹੁਤ ਔਖਾ ਵੇਲਾ ਸੀ। ਉਹ ਸਾਰਾ ਵੇਲਾ ਪਾਠ ਕਰ ਕੇ ਅਰਦਾਸਾਂ ਕਰਦੇ ਰਹਿੰਦੇ। ਰੱਬ ਨੂੰ ਧਿਆਉਂਦੇ, ਸੁੱਖਣਾ ਸੁੱਖਦੇ, ਵੀਰੇ ਦੀ ਖੈਰ ਮੰਗਦੇ ਰਹਿੰਦੇ। ਪੰਜਾਂ ਭੈਣਾਂ ਦਾ ਇਕੱਲਾ ਭਰਾ ਸੀ। ਮੈਂ ਸਭ ਤੋਂ ਵੱਡੀ ਸੀ। ਬਾਪੂ ਜੀ ਦੀ ਮੌਤ ਤੋਂ ਮਗਰੋਂ ਮੈਂ ਹੀ ਉਸ ਨੂੰ ਬਹੁਤ ਸੰਭਾਲਿਆ ਸੀ, ਕਿਉਂਕਿ ਬੇਜੀ ਪਹਿਲਾਂ ਬਹੁਤ ਬਿਮਾਰ ਹੋ ਗਏ ਸਨ, ਮਗਰੋਂ ਸਭ ਕੁਝ ਛੱਡ ਛੁਡਾ ਕੇ ਕੇ ਰੱਬ ਵਾਲੇ ਪਾਸੇ ਲੱਗ ਗਏ ਸਨ।
ਮੇਰੇ ਨਾਲ ਵੀਰੇ ਦਾ ਮੋਹ ਦਾ ਰਿਸ਼ਤਾ ਅਜਿਹਾ ਹੋ ਗਿਆ ਕਿ ਉਸ ਦੇ ਦੂਰ ਬੈਠੇ ਦੀ ਵੀ ਮੈਨੂੰ ਖਬਰ ਸੂਰਤ ਰਹਿੰਦੀ। ਕਦੇ ਉਹ ਬਿਮਾਰ ਹੁੰਦਾ, ਮੈਂ ਪਹੁੰਚ ਜਾਂਦੀ ਤਾਂ ਉਹ ਹੈਰਾਨ ਹੰਦਾ ਕਿ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ।
ਬੇਜੀ ਉਸ ਨੂੰ ਫੌਜ ਵਿੱਚ ਨਹੀਂ ਸੀ ਜਾਣ ਦੇਣਾ ਚਾਹੁੰਦੇ, ਪਰ ਉਹ ਜ਼ਿੱਦ ਕਰ ਕੇ ਚਲਿਆ ਗਿਆ। ਸਾਨੂੰ ਇੱਕ ਤਸੱਲੀ ਸੀ ਕਿ ਉਸ ਨਾਲ ਉਸ ਦੀ ਪਲਟਨ ਵਿੱਚ ਉਸ ਦੇ ਭਰਾਵਾਂ ਵਰਗਾ ਮੇਜਰ ਗੁਰਦੀਪ ਸੀ। ਕਈ ਵਾਰੀ ਵੀਰਾ ਘਰ ਫੋਨ ਕਰਨੋ ਜਾਂ ਖ਼ਤ ਲਿਖਣੋ ਖੁੰਜ ਜਾਂਦਾ ਤਾਂ ਮੈਂ ਗੁਰਦੀਪ ਨੂੰ ਪੁੱਛਦੀ, ਵੀਰੇ ਦਾ ਕੀ ਹਾਲ ਹੈ।
ਬੰਗਲਾ ਦੇਸ਼ ਦੀ ਲੜਾਈ ਜ਼ੋਰਾਂ ‘ਤੇ ਸੀ। ਦਸਾਂ ਦਿਨਾਂ ਤੋਂ ਵੀਰੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਕਿਸੇ ਤਾਰ ਦਾ, ਕਿਸੇ ਖ਼ਤ ਦਾ ਕੋਈ ਜਵਾਬ ਨਹੀਂ ਸੀ ਆ ਰਿਹਾ। ਬੇਜੀ ਪਾਠ ਤਾਂ ਕਰਦੇ ਹੀ ਸਨ, ਹੁਣ ਵਿੱਚ ਵਿੱਚ ਰੋ ਵੀ ਪੈਂਦੇ ਸਨ। ਉਹ ਸੋਚਦੇ ਸਨ, ਘਰ ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਪਤਾ ਲੈਣ ਭੇਜ ਦਿੰਦੀ। ਧੀਆਂ ਵਾਲਾ ਘਰ ਹੈ, ਛੱਡ ਕੇ ਮੈਂ ਆਪ ਵੀ ਨਹੀਂ ਜਾ ਸਕਦੀ।
ਫੇਰ ਇੱਕ ਦਿਨ ਖਬਰ ਆਈ ਕਿ ਲੜਾਈ ਖਤਮ ਹੋ ਗਈ ਹੈ। ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਤੀਸਰੇ ਦਿਨ ਹੀ ਵੀਰਾ ਤੇ ਗੁਰਦੀਪ ਪਟਿਆਲੇ ਪਹੁੰਚ ਗਏ। ਬੇਜੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ।
ਚਾਹ ਪੀਂਦਿਆਂ ਮੈਂ ਵੀਰੇ ਅਤੇ ਗੁਰਦੀਪ ਨੂੰ ਦੱਸਿਆ ਕਿ ਮੈਨੂੰ ਇੱਕ ਰਾਤ ਸੁਪਨਾ ਆਇਆ ਸੀ ਕਿ ਵੀਰਾ ਕਿਧਰੇ ਖੋ ਗਿਆ ਹੈ। ਮੈਂ ਉੱਚੀ-ਉੱਚੀ ਰੋ ਕੇ ਹਾਕਾਂ ਮਾਰੀਆਂ। ਮੈਂ ਬੜੀ ਡਰ ਗਈ ਸੀ। ਫਿਰ ਨਿੱਕਾ ਜਿਹਾ ਵੀਰਾ ਇੱਕ ਦਰੱਖਤ ਤੋਂ ਬੋਲਿਆ, ”ਭੈਣ ਜੀ ਕਿਉਂ ਲੱਭਦੇ ਫਿਰਦੇ ਹੋ, ਮੈਂ ਇਥੇ ਦਰੱਖਤ ਉਪਰ ਬੈਠਾ ਹਾਂ।” ਤੇ ਉਹ ਹੱਸ ਪਿਆ। ਮੇਰੀ ਜਾਗ ਖੁੱਲ੍ਹੀ ਤਾਂ ਸੁਪਨਾ ਮੈਨੂੰ ਯਾਦ ਸੀ। ਮੈਨੂੰ ਅੱਜ ਵੀ ਉਹਦੇ ਖੋ ਜਾਣ ਦੀ ਘਬਰਾਹਟ ਸੀ।
ਗੁਰਦੀਪ ਬੋਲਿਆ, ”ਕਮਾਲ ਐ ਭੈਣ ਜੀ, ਤੁਹਾਨੂੰ ਕੀ ਦੱਸੀਏ। ਅੱਗੇ ਰਾਤ ਵੇਲੇ ਲੜਾਈ ਥੰਮ੍ਹ ਜਾਂਦੀ ਹੁੰਦੀ ਸੀ, ਪਰ ਉਸ ਦਿਨ ਰਾਤ ਤੱਕ ਚਲਦੀ ਰਹੀ। ਸਾਡੇ ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਸਨ। ਮੈਂ ਤੇ ਵੀਰਾ ਭੱਜ ਕੇ ਇੱਕ ਰੁਖ ਉਤੇ ਚੜ੍ਹ ਗਏ। ਮੈਂ ਵੀਰੇ ਨੂੰ ਆਖਿਆ ਕਿ ਵੀਰੇ ਮਰੀਂ ਨਾ, ਨਹੀਂ ਤਾਂ ਮੈਂ ਭੈਣ ਜੀ ਨੂੰ ਕੀ ਜਵਾਬ ਦਿਆਂਗਾ।” ਮੈਂ ਹੈਰਾਨ ਹੋ ਕੇ ਗੁਰਦੀਪ ਦੀ ਗੱਲ ਸੁਣ ਸਹੀ ਸੀ।
ਇਸ ਤੋਂ ਮਗਰੋਂ ਵੀਰਾ ਦੱਸਣ ਲੱਗਿਆ, ”ਇੱਕ ਹੋਰ ਗੱਲ ਹੋਈ। ਲੜਾਈ ਬੜੀ ਘਮਸਾਨ ਦੀ ਹੋ ਰਹੀ ਸੀ। ਅਗਾਂਹ ਵਧਦੇ ਵਧਦੇ ਦੋਵਾਂ ਪਾਸਿਆਂ ਦੇ ਫੌਜੀ ਆਪੋ ਵਿੱਚ ਭਿੜਨ ਤੱਕ ਆਣ ਪਹੁੰਚੇ। ਬਿਲਕੁਲ ਮੇਰੇ ਐਨ ਸਾਹਮਣੇ ਜਿਹੜਾ ਪਾਕਿਸਤਾਨੀ ਬੰਦਾ ਪਿਸਤੌਲ ਚਲਾਉਣ ਲੱਗਿਆ ਸੀ, ਅਚਾਨਕ ਉਸ ਨੇ ਪਿਸਤੌਲ ਹੇਠਾਂ ਕਰ ਲਿਆ। ਉਸ ਦਾ ਧਿਆਨ ਮੇਰੀ ਜੇਬ ‘ਤੇ ਲੱਗੇ ਕੈਪਟਨ ਬੀ ਐਸ ਟਿਵਾਣਾ ਵਾਲੇ ਫੀਤੇ ਉਤੇ ਸੀ। ਉਸੇ ਵੇਲੇ ਮੈਂ ਉਸ ਦੇ ਵੱਲ ਧਿਆਨ ਨਾਲ ਵੇਖਿਆ, ਉਸ ਦੀ ਜੇਬ ਉਪਰਲੇ ਫੀਤੇ ਉਤੇ ਕਰਨਲ ਏ ਐੱਸ ਟਿਵਾਣਾ ਲਿਖਿਆ ਹੋਇਆ ਸੀ। ਮੈਂ ਆਪਣੀ ਏ ਕੇ ਸੰਤਾਲੀ ਰਾਈਫਲ ਦਾ ਮੂੰਹ ਹੇਠਾਂ ਕਰ ਲਿਆ। ਉਹ ਐਨ ਮੇਰੇ ਨੇੜੇ ਆ ਗਿਆ ਸੀ। ਉਸ ਦੇ ਪੈਰ ਵਿੱਚ ਗੋਲੀ ਵੱਜੀ ਹੋਈ ਸੀ, ਜਿਸ ਕਰ ਕੇ ਉਸ ਦਾ ਬੂਟ ਫਟ ਗਿਆ ਸੀ ਤੇ ਪੈਰ ਵਿੱਚੋਂ ਲਹੂ ਵਗ ਰਿਹਾ ਸੀ। ਮੈਂ ਆਪਣੇ ਬੂਟ ਖੋਲ੍ਹ ਕੇ ਉਸ ਵੱਲ ਕਰਦਿਆਂ ਆਖਿਆ; ਸਰ, ਤੁਸੀਂ ਇਹ ਪਾ ਲਵੋ। ਨਾਲ ਹੀ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਦਿੱਤਾ ਅਤੇ ਆਖਿਆ ਕਿ ਇਸ ਨੂੰ ਘੁੱਟ ਕੇ ਜ਼ਖਮ ਉਤੇ ਬੰਨ੍ਹ ਲਓ। ਉਸ ਨੇ ਰੁਮਾਲ ਬੰਨ੍ਹ ਲਿਆ ਤੇ ਬੂਟ ਪਾ ਲਏ। ਇਸ ਵੇਲੇ ਤੱਕ ਲੜਾਈ ਥਮ ਗਈ ਤੇ ਫੌਜੀ ਆਪਣੇ ਆਪਣੇ ਟਿਕਾਣਿਆਂ ਵੱਲ ਮੁੜ ਰਹੇ ਸਨ। ਉਸ ਨੇ ਆਪਣਾ ਪਿਸਟਲ ਮੈਨੂੰ ਦਿੰਦਿਆਂ ਆਖਿਆ ਕਿ ਇਹ ਤੂੰ ਰੱਖ ਲੈ। “ਸਰ ਤੁਹਾਨੂੰ ਲੋੜ ਪਵੇਗੀ” ਮੈਂ ਆਖਿਆ ਸੀ। ਕਰਨਲ ਨੇ ਕਿਹਾ ਸੀ ਕਿ ਕੋਈ ਨਹੀਂ, ਇਹ ਤੂੰ ਮੇਰੀ ਨਿਸ਼ਾਨੀ ਰੱਖ ਲੈ, ਆਪਾਂ ਕਦੇ ਫਿਰ ਅਮਨ ਵੇਲੇ ਮਿਲਾਂਗੇ।”
“ਫੇਰ ਭੈਣ ਜੀ ਵੀਰੇ ਦੀ ਸੀ ਓ ਵੱਲੋਂ ਐਕਸਪਲਾਂਨੇਸ਼ਨ ਹੋਈ ਕਿ ਤੂੰ ਦੁਸ਼ਮਣ ਨੂੰ ਬੂਟ ਕਿਉਂ ਦਿੱਤੇ ਤੇ ਵੀਰੇ ਨੇ ਭੋਲੇ-ਭਾਅ ਆਖਿਆ ਸੀ ਕਿ ਉਹ ਦੇ ਨਾਲ ਮੇਰੀ ਕਾਹਦੀ ਦੁਸ਼ਮਣੀ ਸੀ?” ਗੁਰਦੀਪ ਨੇ ਦੱਸਿਆ।
ਅੱਜ ਜਦੋਂ ਵੀਰਾ ਨਹੀਂ ਰਿਹਾ ਅਤੇ ਉਹ ਕਰਨਲ ਏ ਐੱਸ ਟਿਵਾਣਾ ਵੀ ਨਹੀਂ ਰਿਹਾ ਤਾਂ ਇਹ ਦੁੱਖ ਵੀ ਲੱਗਦਾ ਹੈ ਕਿ ਅਮਨ ਵੇਲੇ ਮਿਲਣ ਦੀ ਇੱਛਾ ਨਾ ਸਿਰਫ ਦੋ ਟਿਵਾਣਿਆਂ ਦੀ ਸੀ, ਨਾ ਸਿਰਫ ਦੋ ਫੌਜੀਆਂ ਦੀ ਸੀ, ਸਗੋਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਸੀ ਅਤੇ ਹੈ ਵੀ।
“ਜੇ ਲੜਾਈ ਕੋਈ ਵੀ ਨਹੀਂ ਚਾਹੁੰਦਾ, ਫੇਰ ਹੁੰਦੀਆਂ ਕਿਉਂ ਨੇ?” ਬੇਜੀ ਨੇ ਪੁੱਛਿਆ।
“ਲੜਾਈਆਂ ਸਰਕਾਰਾਂ ਕਰਵਾਉਂਦੀਆਂ ਨੇ, ਕਿਉਂਕਿ ਉਨ੍ਹਾਂ ਦੇ ਪੁੱਤ ਨਾ ਲੜਾਈਆਂ ਵਿੱਚ ਜਾਂਦੇ ਨੇ, ਨਾ ਲੜਾਈਆਂ ਵਿੱਚ ਮਰਦੇ ਨੇ ।” ਮੇਰਾ ਜਵਾਬ ਸੀ।
ਇਹ ਗੱਲ ਮੈਂ ਪਾਕਿਸਤਾਨੀ ਲੇਖਿਕਾ ਅਫਜ਼ਲ ਤੌਸੀਫ ਨੂੰ ਵੀ ਦੱਸੀ ਸੀ।
ਦਲੀਪ ਕੌਰ ਟਿਵਾਣਾ
ਮੈਂ ਗੁਜਰਾਤ ਕਾਠੀਆਵਾੜ ਦਾ ਰਹਿਣ ਵਾਲਾ ਹਾਂ ਅਤੇ ਜ਼ਾਤ ਦਾ ਬਾਣੀਆ ਹਾਂ। ਪਿਛਲੇ ਸਾਲ ਜਦੋਂ ਹਿੰਦੁਸਤਾਨ ਦੀ ਤਕਸੀਮ ਦਾ ਟੰਟਾ ਹੋਇਆ ਤਾਂ ਮੈਂ ਬਿਲਕੁਲ ਬੇਕਾਰ ਸੀ। ਮੁਆਫ਼ ਕਰਨਾ ਮੈਂ ਲਫਜ ਟੰਟਾ ਇਸਤੇਮਾਲ ਕੀਤਾ। ਮਗਰ ਇਸ ਦਾ ਕੋਈ ਹਰਜ ਨਹੀਂ। ਇਸਲਈ ਕਿ ਉਰਦੂ ਜ਼ਬਾਨ ਵਿੱਚ ਬਾਹਰ ਦੇ ਲਫ਼ਜ਼ ਆਉਣੇ ਹੀ ਚਾਹੀਦੇ ਨੇ। ਚਾਹੇ ਉਹ ਗੁਜਰਾਤੀ ਹੀ ਕਿਉਂ ਨਾ ਹੋਣ।
ਜੀ ਹਾਂ, ਮੈਂ ਬਿਲਕੁਲ ਬੇਕਾਰ ਸੀ। ਲੇਕਿਨ ਕੋਕੀਨ ਦਾ ਥੋੜ੍ਹਾ ਜਿਹਾ ਕੰਮ-ਕਾਜ ਚੱਲ ਰਿਹਾ ਸੀ। ਜਿਸਦੇ ਨਾਲ ਕੁੱਝ ਆਮਦਨ ਦੀ ਸੂਰਤ ਹੋ ਹੀ ਜਾਂਦੀ ਸੀ। ਜਦੋਂ ਬਟਵਾਰਾ ਹੋਇਆ ਅਤੇ ਇਧਰ ਦੇ ਆਦਮੀ ਉਧਰ ਅਤੇ ਉਧਰ ਦੇ ਇਧਰ ਹਜ਼ਾਰਾਂ ਦੀ ਤਾਦਾਦ ਵਿੱਚ ਆਉਣ ਜਾਣ ਲੱਗੇ ਤਾਂ ਮੈਂ ਸੋਚਿਆ ਚਲੋ ਪਾਕਿਸਤਾਨ ਚੱਲੀਏ। ਕੋਕੀਨ ਦਾ ਨਾ ਸਹੀ ਕੋਈ ਹੋਰ ਕੰਮ-ਕਾਜ ਸ਼ੁਰੂ ਕਰ ਦੇਵਾਂਗਾ। ਇਸਲਈ ਉੱਥੋਂ ਚੱਲ ਪਿਆ ਅਤੇ ਰਸਤੇ ਵਿੱਚ ਤਰ੍ਹਾਂ ਤਰ੍ਹਾਂ ਦੇ ਛੋਟੇ ਛੋਟੇ ਧੰਦੇ ਕਰਦਾ ਪਾਕਿਸਤਾਨ ਪਹੁੰਚ ਗਿਆ।
ਮੈਂ ਤਾਂ ਚਲਿਆ ਹੀ ਇਸ ਨੀਅਤ ਨਾਲ ਸੀ ਕਿ ਕੋਈ ਮੋਟਾ ਕੰਮ-ਕਾਜ ਕਰਾਂਗਾ। ਇਸਲਈ ਪਾਕਿਸਤਾਨ ਪੁੱਜਦੇ ਹੀ ਮੈਂ ਹਾਲਾਤ ਨੂੰ ਚੰਗੀ ਤਰ੍ਹਾਂ ਜਾਂਚਿਆ ਅਤੇ ਅਲਾਟਮੈਂਟਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮਸਕਾ ਪਾਲਿਸ਼ ਮੈਨੂੰ ਆਉਂਦਾ ਹੀ ਸੀ। ਚੀਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਇੱਕ ਦੋ ਆਦਮੀਆਂ ਦੇ ਨਾਲ ਯਰਾਨਾ ਗੰਢਿਆ ਅਤੇ ਇੱਕ ਛੋਟਾ ਜਿਹਾ ਮਕਾਨ ਅਲਾਟ ਕਰਾ ਲਿਆ। ਇਸ ਨਾਲ ਕਾਫ਼ੀ ਮੁਨਾਫਾ ਹੋਇਆ ਤਾਂ ਮੈਂ ਅੱਡ ਅੱਡ ਸ਼ਹਿਰਾਂ ਵਿੱਚ ਫਿਰ ਕੇ ਮਕਾਨ ਅਤੇ ਦੁਕਾਨਾਂ ਅਲਾਟ ਕਰਾਉਣ ਦਾ ਧੰਦਾ ਕਰਨ ਲੱਗਿਆ।
ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਪੈਂਦੀ ਹੈ। ਮੈਨੂੰ ਵੀ ਇਸਲਈ ਅਲਾਟਮੈਂਟਾਂ ਦੇ ਸਿਲਸਿਲੇ ਵਿੱਚ ਕਾਫ਼ੀ ਮਿਹਨਤ ਕਰਨੀ ਪਈ। ਕਿਸੇ ਦੇ ਮਸਕਾ ਲਗਾਇਆ। ਕਿਸੇ ਦੀ ਮੁਠੀ ਗਰਮ ਕੀਤੀ, ਕਿਸੇ ਨੂੰ ਖਾਣੇ ਦੀ ਦਾਵਤ ਦਿੱਤੀ, ਕਿਸੇ ਨੂੰ ਨਾਚ-ਗਾਣੇ ਦੀ ਮਹਿਫਲ। ਗੱਲ ਕੀ ਬੇਸ਼ੁਮਾਰ ਬਖੇੜੇ ਸਨ। ਦਿਨ-ਭਰ ਖ਼ਾਕ ਛਾਣਦਾ, ਵੱਡੀਆਂ ਵੱਡੀਆਂ ਕੋਠੀਆਂ ਦੇ ਫੇਰੇ ਮਾਰਦਾ ਅਤੇ ਸ਼ਹਿਰ ਦਾ ਚੱਪਾ ਚੱਪਾ ਵੇਖਕੇ ਅੱਛਾ ਜਿਹਾ ਮਕਾਨ ਤਲਾਸ਼ ਕਰਦਾ ਜਿਸਦੇ ਅਲਾਟ ਕਰਾਉਣ ਨਾਲ ਜ਼ਿਆਦਾ ਮੁਨਾਫ਼ਾ ਹੋਵੇ।
ਇਨਸਾਨ ਦੀ ਮਿਹਨਤ ਕਦੇ ਖ਼ਾਲੀ ਨਹੀਂ ਜਾਂਦੀ। ਇਸਲਈ ਇੱਕ ਸਾਲ ਦੇ ਅੰਦਰ ਅੰਦਰ ਮੈਂ ਲੱਖਾਂ ਰੁਪਏ ਕਮਾ ਲਏ। ਹੁਣ ਖ਼ੁਦਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ। ਬੈਂਕ ਵਿੱਚ ਬੇ-ਅੰਦਾਜ਼ਾ ਮਾਲ ਪਾਨੀ… ਮੁਆਫ਼ ਕਰਨਾ ਮੈਂ ਕਾਠੀਆਵਾੜ ਗੁਜਰਾਤ ਦਾ ਰੋਜ਼ਮਰਾ ਇਸਤੇਮਾਲ ਕਰ ਗਿਆ। ਮਗਰ ਕੋਈ ਡਰ ਨਹੀਂ। ਉਰਦੂ ਜ਼ਬਾਨ ਵਿੱਚ ਬਾਹਰ ਦੇ ਅਲਫ਼ਾਜ਼ ਵੀ ਸ਼ਾਮਿਲ ਹੋਣ ਚਾਹੀਦੇ ਹਨ…ਜੀ ਹਾਂ, ਅੱਲਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ, ਨੌਕਰ-ਚਾਕਰ, ਪੇਕਾਰਡ ਮੋਟਰ, ਬੈਂਕ ਵਿੱਚ ਢਾਈ ਲੱਖ ਰੁਪਏ। ਕਾਰਖਾਨੇ ਅਤੇ ਦੁਕਾਨਾਂ ਵੱਖ…ਇਹ ਸਭ ਸੀ। ਲੇਕਿਨ ਮੇਰੇ ਦਿਲ ਦਾ ਚੈਨ ਪਤਾ ਨਹੀਂ ਕਿੱਥੇ ਉੱਡ ਗਿਆ। ਇਵੇਂ ਤਾਂ ਕੋਕੀਨ ਦਾ ਧੰਦਾ ਕਰਦੇ ਹੋਏ ਵੀ ਦਿਲ ਤੇ ਕਦੇ ਕਦੇ ਬੋਝ ਮਹਿਸੂਸ ਹੁੰਦਾ ਸੀ ਲੇਕਿਨ ਹੁਣ ਤਾਂ ਜਿਵੇਂ ਦਿਲ ਰਿਹਾ ਹੀ ਨਹੀਂ ਸੀ। ਜਾਂ ਫਿਰ ਇਵੇਂ ਕਹੀਏ ਕਿ ਬੋਝ ਇੰਨਾ ਆ ਪਿਆ ਕਿ ਦਿਲ ਉਸ ਦੇ ਹੇਠਾਂ ਦਬ ਗਿਆ। ਪਰ ਇਹ ਬੋਝ ਕਿਸ ਗੱਲ ਦਾ ਸੀ?
ਆਦਮੀ ਮੈਂ ਜ਼ਹੀਨ ਹਾਂ, ਦਿਮਾਗ਼ ਵਿੱਚ ਕੋਈ ਸਵਾਲ ਪੈਦਾ ਹੋ ਜਾਵੇ ਤਾਂ ਮੈਂ ਉਸ ਦਾ ਜਵਾਬ ਖੋਜ ਹੀ ਕੱਢਦਾ ਹਾਂ। ਠੰਡੇ ਦਿਲੋਂ (ਹਾਲਾਂਕਿ ਦਿਲ ਦਾ ਕੁੱਝ ਪਤਾ ਹੀ ਨਹੀਂ ਸੀ) ਮੈਂ ਗ਼ੌਰ ਕਰਨਾ ਸ਼ੁਰੂ ਕੀਤਾ ਕਿ ਇਸ ਗੜਬੜ ਘੋਟਾਲੇ ਦੀ ਵਜ੍ਹਾ ਕੀ ਹੈ?
ਔਰਤ?……ਹੋ ਸਕਦੀ ਹੈ। ਮੇਰੀ ਆਪਣੀ ਤਾਂ ਕੋਈ ਸੀ ਨਹੀਂ। ਜੋ ਸੀ ਉਹ ਕਾਠੀਆਵਾੜ ਗੁਜਰਾਤ ਹੀ ਵਿੱਚ ਅੱਲਾ ਮੀਆਂ ਨੂੰ ਪਿਆਰੀ ਹੋ ਗਈ ਸੀ। ਲੇਕਿਨ ਦੂਸਰਿਆਂ ਦੀਆਂ ਔਰਤਾਂ ਮੌਜੂਦ ਸਨ। ਮਿਸਾਲ ਦੇ ਤੌਰ ਉੱਤੇ ਆਪਣੇ ਮਾਲੀ ਵਾਲੀ ਹੀ ਸੀ। ਆਪਣਾ ਆਪਣਾ ਟੈਸਟ ਹੈ। ਸੱਚ ਪੁੱਛੋ ਤਾਂ ਔਰਤ ਜਵਾਨ ਹੋਣੀ ਚਾਹੀਦੀ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਪੜ੍ਹੀ ਲਿਖੀ ਹੋਵੇ, ਡਾਂਸ ਕਰਨਾ ਜਾਣਦੀ ਹੋਵੇ। ਆਪਾਂ ਨੂੰ ਤਾਂ ਸਾਰੀਆਂ ਜਵਾਨ ਔਰਤਾਂ ਚੱਲਦੀਆਂ ਹਨ। (ਕਾਠੀਆਵਾੜ ਗੁਜਰਾਤ ਦਾ ਮੁਹਾਵਰਾ ਹੈ ਜਿਸਦਾ ਉਰਦੂ ਵਿੱਚ ਹੂਬਹੂ ਬਦਲ ਮੌਜੂਦ ਨਹੀਂ)।
ਔਰਤ ਦਾ ਤਾਂ ਸਵਾਲ ਹੀ ਉਠ ਗਿਆ ਅਤੇ ਦੌਲਤ ਦਾ ਪੈਦਾ ਹੀ ਨਹੀਂ ਹੋ ਸਕਦਾ। ਇਸਲਈ ਕਿ ਬੰਦਾ ਜ਼ਿਆਦਾ ਲਾਲਚੀ ਨਹੀਂ ਜੋ ਕੁੱਝ ਹੈ ਉਸੇ ਤੇ ਸੰਤੁਸ਼ਟ ਹੈ ਲੇਕਿਨ ਫਿਰ ਇਹ ਦਿਲ ਵਾਲੀ ਗੱਲ ਕਿਉਂ ਪੈਦਾ ਹੋ ਗਈ ਸੀ?
ਆਦਮੀ ਜ਼ਹੀਨ ਹਾਂ, ਕੋਈ ਮਸਲਾ ਸਾਹਮਣੇ ਆ ਜਾਏ ਤਾਂ ਇਸ ਦੀ ਤਹਿ ਤੱਕ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ। ਕਾਰਖਾਨੇ ਚੱਲ ਰਹੇ ਸਨ। ਦੁਕਾਨਾਂ ਵੀ ਚੱਲ ਰਹੀਆਂ ਸਨ। ਰੁਪਿਆ ਆਪਣੇ ਆਪ ਪੈਦਾ ਹੋ ਰਿਹਾ ਸੀ। ਮੈਂ ਅਲਗ-ਥਲਗ ਹੋ ਕੇ ਸੋਚਣਾ ਸ਼ੁਰੂ ਕੀਤਾ ਅਤੇ ਬਹੁਤ ਦੇਰ ਦੇ ਬਾਅਦ ਇਸ ਨਤੀਜੇ ਉੱਤੇ ਪੁੱਜਾ ਕਿ ਦਿਲ ਦੀ ਗੜਬੜ ਸਿਰਫ ਇਸਲਈ ਹੈ ਕਿ ਮੈਂ ਕੋਈ ਨੇਕ ਕੰਮ ਨਹੀਂ ਕੀਤਾ।
ਕਾਠੀਆਵਾੜ ਗੁਜਰਾਤ ਵਿੱਚ ਤਾਂ ਵੀਹਾਂ ਨੇਕ ਕੰਮ ਕੀਤੇ ਸਨ। ਮਿਸਾਲ ਦੇ ਤੌਰ ਤੇ ਜਦੋਂ ਮੇਰਾ ਦੋਸਤ ਪਾਂਡੂਰੰਗ ਮਰ ਗਿਆ ਤਾਂ ਮੈਂ ਉਸ ਦੀ ਵਿਧਵਾ ਨੂੰ ਆਪਣੇ ਘਰ ਪਾ ਲਿਆ ਅਤੇ ਦੋ ਸਾਲ ਤੱਕ ਉਸ ਨੂੰ ਧੰਦਾ ਕਰਨ ਤੋਂ ਰੋਕੀ ਰੱਖਿਆ। ਵਨਾਇਕ ਦੀ ਲੱਕੜੀ ਦੀ ਟੰਗ ਟੁੱਟ ਗਈ ਤਾਂ ਉਸਨੂੰ ਨਵੀਂ ਖ਼ਰੀਦ ਦਿੱਤੀ। ਤਕਰੀਬਨ ਚਾਲ੍ਹੀ ਰੁਪਏ ਇਸ ਤੇ ਉਠ ਗਏ ਸਨ। ਜਮਨਾ ਬਾਈ ਨੂੰ ਗਰਮੀ ਹੋ ਗਈ ਸਾਲੀ ਨੂੰ (ਮੁਆਫ਼ ਕਰਨਾ ਕੁੱਝ ਪਤਾ ਹੀ ਨਹੀਂ ਸੀ। ਮੈਂ ਉਸਨੂੰ ਡਾਕਟਰ ਦੇ ਕੋਲ ਲੈ ਗਿਆ। ਛੇ ਮਹੀਨੇ ਬਰਾਬਰ ਉਸ ਦਾ ਇਲਾਜ ਕਰਾਂਦਾ ਰਿਹਾ…ਲੇਕਿਨ ਪਾਕਿਸਤਾਨ ਆਕੇ ਮੈਂ ਕੋਈ ਨੇਕ ਕੰਮ ਨਹੀਂ ਕੀਤਾ ਸੀ ਅਤੇ ਦਿਲ ਦੀ ਗੜਬੜ ਦੀ ਵਜ੍ਹਾ ਇਹੀ ਸੀ। ਵਰਨਾ ਹੋਰ ਸਭ ਠੀਕ ਸੀ ਮੈਂ ਸੋਚਿਆ ਕੀ ਕਰਾਂ?…ਖ਼ੈਰਾਤ ਦੇਣ ਦਾ ਖਿਆਲ ਆਇਆ। ਲੇਕਿਨ ਇੱਕ ਰੋਜ ਸ਼ਹਿਰ ਵਿੱਚ ਘੁੰਮਿਆ ਤਾਂ ਵੇਖਿਆ ਕਿ ਕਰੀਬ ਕਰੀਬ ਹਰ ਸ਼ਖਸ ਭਿਖਾਰੀ ਹੈ। ਕੋਈ ਭੁੱਖਾ ਹੈ, ਕੋਈ ਨੰਗਾ। ਕਿਸ-ਕਿਸ ਦਾ ਢਿੱਡ ਭਰਾਂ, ਕਿਸ ਕਿਸ ਦਾ ਅੰਗ ਢਕਾਂ?…ਸੋਚਿਆ ਇੱਕ ਲੰਗਰ ਖਾਨਾ ਖੋਲ ਦੇਵਾਂ, ਲੇਕਿਨ ਇੱਕ ਲੰਗਰ ਖ਼ਾਨੇ ਨਾਲ ਕੀ ਹੁੰਦਾ ਅਤੇ ਫਿਰ ਅੰਨ ਕਿੱਥੋਂ ਲਿਆਉਂਦਾ? ਬਲੈਕ ਮਾਰਕੀਟ ਚੋਂ ਖ਼ਰੀਦਣ ਦਾ ਖਿਆਲ ਪੈਦਾ ਹੋਇਆ ਤਾਂ ਇਹ ਸਵਾਲ ਵੀ ਨਾਲ ਹੀ ਪੈਦਾ ਹੋ ਗਿਆ ਕਿ ਇੱਕ ਤਰਫ਼ ਗੁਨਾਹ ਕਰਕੇ ਦੂਜੀ ਤਰਫ਼ ਭਲੇ ਦੇ ਕੰਮ ਦਾ ਮਤਲਬ ਹੀ ਕੀ ਹੈ।
ਘੰਟਿਆਂ ਬੈਠ ਬੈਠ ਕੇ ਮੈਂ ਲੋਕਾਂ ਦੇ ਦੁੱਖ ਦਰਦ ਸੁਣੇ। ਸੱਚ ਪੁੱਛੋ ਤਾਂ ਹਰ ਸ਼ਖਸ ਦੁਖੀ ਸੀ। ਉਹ ਵੀ ਜੋ ਦੁਕਾਨਾਂ ਦੇ ਧੜਿਆਂ ਉੱਤੇ ਸੋਂਦਾ ਹੈ ਅਤੇ ਉਹ ਵੀ ਜੋ ਉਚੀਆਂ ਉਚੀਆਂ ਹਵੇਲੀਆਂ ਵਿੱਚ ਰਹਿੰਦੇ ਹਨ। ਪੈਦਲ ਚਲਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕੰਮ ਦਾ ਕੋਈ ਜੁੱਤਾ ਨਹੀਂ। ਮੋਟਰ ਵਿੱਚ ਬੈਠਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕਾਰ ਦਾ ਨਵਾਂ ਮਾਡਲ ਨਹੀਂ। ਹਰ ਸ਼ਖਸ ਦੀ ਸ਼ਿਕਾਇਤ ਆਪਣੀ ਆਪਣੀ ਜਗ੍ਹਾ ਦਰੁਸਤ ਸੀ। ਹਰ ਸ਼ਖਸ ਦੀ ਹਾਜਤ ਆਪਣੀ ਆਪਣੀ ਜਗ੍ਹਾ ਮਾਕੂਲ ਸੀ।
ਮੈਂ ਗ਼ਾਲਿਬ ਦੀ ਇੱਕ ਗ਼ਜ਼ਲ, ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਕੋਲੋਂ ਸੁਣੀ ਸੀ, ਇੱਕ ਸ਼ੇਅਰ ਯਾਦ ਰਹਿ ਗਿਆ ਹੈ।
‘ਕਿਸ ਦੀ ਹਾਜਤ-ਰਵਾ ਕਰੇ ਕੋਈ’
ਮੁਆਫ਼ ਕਰਨਾ ਇਹ ਉਸ ਦਾ ਦੂਜਾ ਮਿਸਰਾ ਹੈ ਅਤੇ ਹੋ ਸਕਦਾ ਹੈ ਪਹਿਲਾ ਹੀ ਹੋਵੇ।
ਜੀ ਹਾਂ, ਮੈਂ ਕਿਸ ਕਿਸ ਦੀ ਹਾਜਤ ਰਵਾ ਕਰਦਾ ਜਦੋਂ ਸੌ ਵਿੱਚੋਂ ਸੌ ਹੀ ਹਾਜਤਮੰਦ ਸਨ। ਮੈਂ ਫਿਰ ਇਹ ਵੀ ਸੋਚਿਆ ਕਿ ਖ਼ੈਰਾਤ ਦੇਣਾ ਕੋਈ ਅੱਛਾ ਕੰਮ ਨਹੀਂ। ਮੁਮਕਿਨ ਹੈ ਤੁਸੀ ਮੇਰੇ ਨਾਲ ਇੱਤਫਾਕ ਨਾ ਕਰੋ। ਲੇਕਿਨ ਮੈਂ ਮੁਹਾਜਿਰਾਂ ਦੇ ਕੈਂਪਾਂ ਵਿੱਚ ਜਾ ਜਾ ਕੇ ਜਦੋਂ ਹਾਲਾਤ ਦਾ ਚੰਗੀ ਤਰ੍ਹਾਂ ਜਾਇਜ਼ਾ ਲਿਆ ਤਾਂ ਮੈਨੂੰ ਪਤਾ ਚੱਲਿਆ ਕਿ ਖ਼ੈਰਾਤ ਨੇ ਬਹੁਤ ਸਾਰੇ ਮੁਹਾਜਿਰਾਂ ਨੂੰ ਬਿਲਕੁਲ ਹੀ ਨਾਕਾਮ ਬਣਾ ਦਿੱਤਾ ਹੈ। ਦਿਨ-ਭਰ ਹੱਥ ਤੇ ਹੱਥ ਧਰੀ ਬੈਠੇ ਹਨ। ਤਾਸ਼ ਖੇਲ ਰਹੇ ਹਨ। ਜੁਗਾ ਹੋ ਰਹੀ ਹੈ। (ਮੁਆਫ਼ ਕਰਨਾ ਜੁਗਾ ਦਾ ਮਤਲਬ ਹੈ ਜੁਵਾ ਯਾਨੀ ਕੁਮਾਰ ਬਾਜ਼ੀ) ਗਾਲਾਂ ਬਕ ਰਹੇ ਹਨ ਅਤੇ ਫ਼ੋਗਟ ਯਾਨੀ ਮੁਫ਼ਤ ਦੀਆਂ ਰੋਟੀਆਂ ਤੋੜ ਰਹੇ ਹਨ…..ਅਜਿਹੇ ਲੋਕ ਭਲਾ ਪਾਕਿਸਤਾਨ ਨੂੰ ਮਜ਼ਬੂਤ ਬਣਾਉਣ ਵਿੱਚ ਕੀ ਮਦਦ ਦੇ ਸਕਦੇ ਨੇ। ਇਸਲਈ ਮੈਂ ਇਸ ਨਤੀਜੇ ਉੱਤੇ ਪੁੱਜਾ ਕਿ ਭਿੱਖ ਦੇਣਾ ਹਰਗਿਜ਼ ਹਰਗਿਜ਼ ਨੇਕੀ ਦਾ ਕੰਮ ਨਹੀਂ। ਲੇਕਿਨ ਫਿਰ ਨੇਕੀ ਦੇ ਕੰਮ ਲਈ ਹੋਰ ਕਿਹੜਾ ਰਸਤਾ ਹੈ?
ਕੈਂਪਾਂ ਵਿੱਚ ਧੜਾ ਧੜ ਆਦਮੀ ਮਰ ਰਹੇ ਸਨ। ਕਦੇ ਹੈਜ਼ਾ ਫੁੱਟਦਾ ਸੀ ਕਦੇ ਪਲੇਗ। ਹਸਪਤਾਲਾਂ ਵਿੱਚ ਤਿਲ ਧਰਨ ਦੀ ਜਗ੍ਹਾ ਨਹੀਂ ਸੀ। ਮੈਨੂੰ ਬਹੁਤ ਤਰਸ ਆਇਆ। ਕਰੀਬ ਸੀ ਕਿ ਇੱਕ ਹਸਪਤਾਲ ਬਣਵਾ ਦੇਵਾਂ ਮਗਰ ਸੋਚਣ ਤੇ ਇਰਾਦਾ ਤਰਕ ਕਰ ਦਿੱਤਾ। ਪੂਰੀ ਸਕੀਮ ਤਿਆਰ ਕਰ ਚੁੱਕਿਆ ਸੀ। ਇਮਾਰਤ ਲਈ ਟੈਂਡਰ ਤਲਬ ਕਰਦਾ। ਦਾਖ਼ਲੇ ਦੀਆਂ ਫੀਸਾਂ ਦਾ ਰੁਪਿਆ ਜਮਾਂ ਹੋ ਜਾਂਦਾ। ਆਪਣੀ ਹੀ ਇੱਕ ਕੰਪਨੀ ਖੜੀ ਕਰ ਦਿੰਦਾ ਅਤੇ ਟੈਂਡਰ ਉਸ ਦੇ ਨਾਮ ਕੱਢ ਦਿੰਦਾ। ਖ਼ਿਆਲ ਸੀ ਇੱਕ ਲੱਖ ਰੁਪਏ ਇਮਾਰਤ ਤੇ ਲਾਵਾਂਗਾ। ਸਾਫ਼ ਹੈ ਕਿ ਸੱਤਰ ਹਜ਼ਾਰ ਰੁਪਏ ਵਿੱਚ ਬਿਲਡਿੰਗ ਖੜੀ ਕਰ ਦਿੰਦਾ ਅਤੇ ਪੂਰੇ ਤੀਹ ਹਜ਼ਾਰ ਰੁਪਏ ਬਚਾ ਲੈਂਦਾ। ਮਗਰ ਇਹ ਸਾਰੀ ਸਕੀਮ ਧਰੀ ਦੀ ਧਰੀ ਰਹਿ ਗਈ। ਜਦੋਂ ਮੈਂ ਸੋਚਿਆ ਕਿ ਜੇਕਰ ਮਰਨ ਵਾਲਿਆਂ ਨੂੰ ਬਚਾ ਲਿਆ ਗਿਆ ਤਾਂ ਇਹ ਜੋ ਵੱਧ ਆਬਾਦੀ ਹੈ ਇਹ ਕਿਵੇਂ ਘੱਟ ਹੋਵੇਗੀ?
ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਫ਼ਾਲਤੂ ਆਬਾਦੀ ਦਾ ਹੈ। ਲਫ਼ੜਾ ਦਾ ਮਤਲਬ ਹੈ ਝਗੜਾ, ਉਹ ਝਗੜਾ ਜਿਸ ਵਿੱਚ ਦੰਗਾ ਫ਼ਸਾਦ ਵੀ ਹੋਵੇ। ਲੇਕਿਨ ਇਸ ਤੋਂ ਵੀ ਇਸ ਲਫ਼ਜ਼ ਦੇ ਪੂਰੇ ਮਾਅਨੇ ਮੈਂ ਬਿਆਨ ਨਹੀਂ ਕਰ ਸਕਿਆ।
ਜੀ ਹਾਂ ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਇਸ ਫ਼ਾਲਤੂ ਆਬਾਦੀ ਦੇ ਕਾਰਨ ਹੈ। ਹੁਣ ਲੋਕ ਵੱਧਦੇ ਜਾਣਗੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਜ਼ਮੀਨਾਂ ਵੀ ਨਾਲ ਨਾਲ ਵਧਦੀਆਂ ਜਾਣਗੀਆਂ। ਅਸਮਾਨ ਵੀ ਨਾਲ ਨਾਲ ਫੈਲਦਾ ਜਾਵੇਗਾ। ਮੀਂਹ ਜ਼ਿਆਦਾ ਪੈਣਗੇ। ਅਨਾਜ ਜ਼ਿਆਦਾ ਉੱਗੇਗਾ। ਇਸਲਈ ਮੈਂ ਇਸ ਨਤੀਜੇ ਤੇ ਪਹੁੰਚਿਆ…ਕਿ ਹਸਪਤਾਲ ਬਣਾਉਣਾ ਹਰਗਿਜ਼ ਹਰਗਿਜ਼ ਨੇਕ ਕੰਮ ਨਹੀਂ। ਫਿਰ ਸੋਚਿਆ ਮਸਜਦ ਬਣਵਾ ਦੇਵਾਂ। ਲੇਕਿਨ ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦਾ ਗਾਇਆ ਹੋਇਆ ਇੱਕ ਸ਼ੇਅਰ ਯਾਦ ਆ ਗਿਆ:
‘ਨਾਮ ਮਨਜੂਰ ਹੈ ਤੋ ਫ਼ੈਜ ਕੇ ਅਸਬਾਬ ਬਨਾ’
ਉਹ ਮਨਜ਼ੂਰ ਨੂੰ ਮਨਜੂਰ ਅਤੇ ਫ਼ੈਜ਼ ਨੂੰ ਫ਼ੈਜ ਕਿਹਾ ਕਰਦੀ ਸੀ। ‘ਨਾਮ ਮਨਜ਼ੂਰ ਹੈ ਤੋ ਫ਼ੈਜ਼ ਕੇ ਅਸਬਾਬ ਬਨਾ’। ਪੁਲ ਬਣਾ ਚਾਹੇ ਬਣਾ ਮਸਜਦ-ਓ-ਤਾਲਾਬ ਬਣਾ।
ਕਿਸੇ ਕਮਬਖ਼ਤ ਨੂੰ ਨਾਮ-ਓ-ਨਮੂਦ ਦੀ ਖਾਹਿਸ਼ ਹੈ। ਉਹ ਜੋ ਨਾਮ ਉਛਾਲਣ ਲਈ ਪੁਲ ਬਣਾਉਂਦੇ ਹਨ, ਨੇਕੀ ਦਾ ਕੀ ਕੰਮ ਕਰਦੇ ਹਨ? ਖ਼ਾਕ ਮੈਂ ਕਿਹਾ ਨਾ ਇਹ ਮਸਜਦ ਬਣਵਾਉਣ ਦਾ ਖ਼ਿਆਲ ਬਿਲਕੁਲ ਗ਼ਲਤ ਹੈ। ਬਹੁਤ ਸਾਰੀਆਂ ਵੱਖ ਵੱਖ ਮਸਜਦਾਂ ਦਾ ਹੋਣਾ ਵੀ ਕੌਮ ਦੇ ਹੱਕ ਵਿੱਚ ਹਰਗਿਜ਼ ਮੁਫ਼ੀਦ ਨਹੀਂ ਹੋ ਸਕਦਾ। ਇਸਲਈ ਕਿ ਅਵਾਮ ਬਟ ਜਾਂਦੇ ਹਨ।
ਥੱਕ-ਹਾਰ ਮੈਂ ਹੱਜ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਅੱਲਾ ਮੀਆਂ ਨੇ ਮੈਨੂੰ ਖ਼ੁਦ ਹੀ ਇੱਕ ਰਸਤਾ ਦੱਸ ਦਿੱਤਾ। ਸ਼ਹਿਰ ਵਿੱਚ ਇੱਕ ਜਲਸਾ ਹੋਇਆ। ਜਦੋਂ ਖ਼ਤਮ ਹੋਇਆ ਤਾਂ ਲੋਕਾਂ ਵਿੱਚ ਬਦਹਜ਼ਮੀ ਫੈਲ ਗਈ। ਇੰਨੀ ਭਗਦੜ ਮੱਚੀ ਕਿ ਤੀਹ ਆਦਮੀ ਹਲਾਕ ਹੋ ਗਏ। ਇਸ ਹਾਦਸੇ ਦੀ ਖ਼ਬਰ ਦੂਜੇ ਰੋਜ ਅਖ਼ਬਾਰਾਂ ਵਿੱਚ ਛਪੀ ਤਾਂ ਪਤਾ ਲੱਗਿਆ ਕਿ ਉਹ ਹਲਾਕ ਨਹੀਂ ਸਗੋਂ ਸ਼ਹੀਦ ਹੋਏ ਸਨ।
ਮੈਂ ਸੋਚਣਾ ਸ਼ੁਰੂ ਕੀਤਾ। ਸੋਚਣ ਦੇ ਇਲਾਵਾ ਮੈਂ ਕਈ ਮੌਲਵੀਆਂ ਨੂੰ ਮਿਲਿਆ। ਪਤਾ ਲੱਗਿਆ ਕਿ ਉਹ ਲੋਕ ਜੋ ਅਚਾਨਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਮਿਲਦਾ ਹੈ। ਯਾਨੀ ਉਹ ਰੁਤਬਾ ਜਿਸ ਨਾਲੋਂ ਵੱਡਾ ਕੋਈ ਹੋਰ ਰੁਤਬਾ ਹੀ ਨਹੀਂ। ਮੈਂ ਸੋਚਿਆ ਕਿ ਜੇਕਰ ਲੋਕ ਮਰਨ ਦੀ ਬਜਾਏ ਸ਼ਹੀਦ ਹੋਇਆ ਕਰਨ ਤਾਂ ਕਿੰਨਾ ਅੱਛਾ ਹੈ। ਉਹ ਜੋ ਆਮ ਮੌਤ ਮਰਦੇ ਹਨ। ਸਾਫ਼ ਹੈ ਕਿ ਉਨ੍ਹਾਂ ਦੀ ਮੌਤ ਬਿਲਕੁਲ ਅਕਾਰਥ ਜਾਂਦੀ ਹੈ। ਜੇਕਰ ਉਹ ਸ਼ਹੀਦ ਹੋ ਜਾਂਦੇ ਤਾਂ ਕੋਈ ਗੱਲ ਬਣਦੀ।
ਮੈਂ ਇਸ ਬਰੀਕੀ ਤੇ ਹੋਰ ਗ਼ੌਰ ਕਰਨਾ ਸ਼ੁਰੂ ਕੀਤਾ।
ਚਾਰੋਂ ਤਰਫ਼ ਜਿਧਰ ਵੇਖੋ ਖ਼ਸਤਾ-ਹਾਲ ਇਨਸਾਨ ਸਨ। ਚਿਹਰੇ ਜ਼ਰਦ, ਫ਼ਿਕਰ-ਓ-ਤਰੱਦੁਦ ਅਤੇ ਗ਼ਮ-ਏ-ਰੋਜ਼ਗਾਰ ਦੇ ਬੋਝ ਥਲੇ ਪਿਸੇ ਹੋਏ, ਧਸੀਆਂ ਹੋਈਆਂ ਅੱਖਾਂ ਬੇ-ਜਾਨ ਚਾਲ, ਕੱਪੜੇ ਤਾਰਤਾਰ। ਰੇਲ-ਗੱਡੀ ਦੇ ਕੰਡਮ ਮਾਲ ਦੀ ਤਰ੍ਹਾਂ ਜਾਂ ਤਾਂ ਕਿਸੇ ਟੁੱਟੇ ਫੁੱਟੇ ਝੋਂਪੜੇ ਵਿੱਚ ਪਏ ਹਨ ਜਾਂ ਬਜ਼ਾਰਾਂ ਵਿੱਚ ਬੇ ਮਾਲਿਕ ਮਵੇਸ਼ੀਆਂ ਦੀ ਤਰ੍ਹਾਂ ਮੂੰਹ ਚੁੱਕ ਬੇਮਤਲਬ ਘੁੰਮ ਰਹੇ ਹਨ। ਕਿਓਂ ਜੀ ਰਹੇ ਹਨ? ਕਿਸ ਲਈ ਜੀ ਰਹੇ ਹਨ ਅਤੇ ਕੈਸੇ ਜੀ ਰਹੇ ਹਨ? ਇਸ ਦਾ ਕੁੱਝ ਪਤਾ ਹੀ ਨਹੀਂ। ਕੋਈ ਛੂਤ ਦਾ ਰੋਗ ਫੈਲ ਜਾਵੇ। ਹਜ਼ਾਰਾਂ ਮਰ ਗਏ ਹੋਰ ਕੁੱਝ ਨਹੀਂ ਤਾਂ ਭੁੱਖ ਅਤੇ ਪਿਆਸ ਨਾਲ ਹੀ ਘੁਲ ਘੁਲ ਕੇ ਮਰੇ। ਸਰਦੀਆਂ ਵਿੱਚ ਆਕੜ ਗਏ, ਗਰਮੀਆਂ ਵਿੱਚ ਸੁੱਕ ਗਏ। ਕਿਸੇ ਦੀ ਮੌਤ ਤੇ ਕਿਸੇ ਨੇ ਦੋ ਅੱਥਰੂ ਵਗਾ ਦਿੱਤੇ। ਬਹੁਤਿਆਂ ਦੀ ਮੌਤ ਖੁਸ਼ਕ ਹੀ ਰਹੀ।
ਜ਼ਿੰਦਗੀ ਸਮਝ ਵਿੱਚ ਨਾ ਆਈ, ਠੀਕ ਹੈ। ਇਸ ਨੂੰ ਗੌਲਣ ਦੀ ਲੋੜ ਨਹੀਂ, ਇਹ ਵੀ ਠੀਕ ਹੈ…ਉਹ ਕਿਸ ਦਾ ਸ਼ੇਅਰ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦੀ ਦਰਦ-ਭਰੀ ਆਵਾਜ਼ ਵਿੱਚ ਗਾਇਆ ਕਰਦੀ ਸੀ:
ਮਰ ਕੇ ਭੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ । ਮੇਰਾ ਮਤਲਬ ਹੈ ਜੇਕਰ ਮਰਨ ਦੇ ਬਾਅਦ ਵੀ ਜ਼ਿੰਦਗੀ ਨਾ ਸੁਧਰੀ ਤਾਂ ਲਾਹਨਤ ਹੈ ਸੁਸਰੀ ਤੇ।
ਮੈਂ ਸੋਚਿਆ ਕਿਉਂ ਨਾ ਇਹ ਬੇਚਾਰੇ, ਇਹ ਕਿਸਮਤ ਦੇ ਮਾਰੇ, ਦਰਦ ਦੇ ਠੁਕਰਾਏ ਹੋਏ ਇਨਸਾਨ ਜੋ ਇਸ ਦੁਨੀਆ ਵਿੱਚ ਹਰ ਚੰਗੀ ਚੀਜ਼ ਲਈ ਤਰਸਦੇ ਹਨ, ਉਸ ਦੁਨੀਆ ਵਿੱਚ ਅਜਿਹਾ ਰੁਤਬਾ ਹਾਸਲ ਕਰਨ ਕਿ ਉਹ ਜੋ ਇੱਥੇ ਉਨ੍ਹਾਂ ਦੀ ਤਰਫ਼ ਨਜ਼ਰ ਚੁੱਕ ਦੇਖਣਾ ਪਸੰਦ ਨਹੀਂ ਕਰਦੇ ਉੱਥੇ ਉਨ੍ਹਾਂ ਨੂੰ ਵੇਖਣ ਅਤੇ ਸ਼ਕ ਕਰਨ। ਇਸ ਦੀ ਇੱਕ ਹੀ ਸੂਰਤ ਸੀ ਕਿ ਉਹ ਆਮ ਮੌਤ ਨਾ ਮਰਨ ਸਗੋਂ ਸ਼ਹੀਦ ਹੋਣ।
ਹੁਣ ਸਵਾਲ ਇਹ ਸੀ ਕਿ ਇਹ ਲੋਕ ਸ਼ਹੀਦ ਹੋਣ ਲਈ ਰਾਜੀ ਹੋਣਗੇ? ਮੈਂ ਸੋਚਿਆ , ਕਿਉਂ ਨਹੀਂ। ਉਹ ਕੌਣ ਮੁਸਲਮਾਨ ਹੈ ਜਿਸ ਵਿੱਚ ਜ਼ੌਕ-ਏ-ਸ਼ਹਾਦਤ ਨਹੀਂ। ਮੁਸਲਮਾਨਾਂ ਦੀ ਵੇਖਾ ਵੇਖੀ ਤਾਂ ਹਿੰਦੂ ਅਤੇ ਸਿੱਖਾਂ ਵਿੱਚ ਵੀ ਇਹ ਰੁਤਬਾ ਪੈਦਾ ਕਰ ਦਿੱਤਾ ਗਿਆ ਹੈ। ਲੇਕਿਨ ਮੈਨੂੰ ਸਖ਼ਤ ਨਾਉਮੀਦੀ ਹੋਈ ਜਦੋਂ ਮੈਂ ਇੱਕ ਮਰੀਅਲ ਜਿਹੇ ਆਦਮੀ ਨੂੰ ਪੁੱਛਿਆ। ਕੀ ਤੂੰ ਸ਼ਹੀਦ ਹੋਣਾ ਚਾਹੁੰਦਾ ਹੈਂ? ਤਾਂ ਉਸ ਨੇ ਜਵਾਬ ਦਿੱਤਾ ਨਹੀਂ।
ਸਮਝ ਵਿੱਚ ਨਾ ਆਇਆ ਕਿ ਉਹ ਆਦਮੀ ਜੀ ਕੇ ਕੀ ਕਰੇਗਾ। ਮੈਂ ਉਸਨੂੰ ਬਹੁਤ ਸਮਝਾਇਆ ਕਿ ਵੇਖੋ ਬੜੇ ਮੀਆਂ ਜ਼ਿਆਦਾ ਤੋਂ ਜ਼ਿਆਦਾ ਤੂੰ ਡੇਢ ਮਹੀਨਾ ਹੋਰ ਜੀ ਲਏਂਗਾ। ਚਲਣ ਦੀ ਤੇਰੇ ਵਿੱਚ ਸ਼ਕਤੀ ਨਹੀਂ। ਖੰਘਦੇ ਖੰਘਦੇ ਗ਼ੋਤੇ ਵਿੱਚ ਜਾਂਦੇ ਹੋ ਤਾਂ ਇਵੇਂ ਲੱਗਦਾ ਹੈ ਕਿ ਬਸ ਦਮ ਨਿਕਲ ਗਿਆ। ਫੁੱਟੀ ਕੌਡੀ ਤੱਕ ਤੇਰੇ ਕੋਲ ਨਹੀਂ। ਜ਼ਿੰਦਗੀ-ਭਰ ਤੂੰ ਸੁਖ ਨਹੀਂ ਵੇਖਿਆ। ਭਵਿੱਖ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਰ ਹੋਰ ਜੀ ਕੇ ਕੀ ਕਰੇਂਗਾ। ਫ਼ੌਜ ਵਿੱਚ ਤੂੰ ਭਰਤੀ ਨਹੀਂ ਹੋ ਸਕਦਾ। ਇਸਲਈ ਮਹਾਜ਼ ਉੱਤੇ ਆਪਣੇ ਵਤਨ ਦੀ ਖਾਤਰ ਲੜਦੇ ਲੜਦੇ ਜਾਨ ਦੇਣ ਦਾ ਖਿਆਲ ਵੀ ਅਨਰਥ ਹੈ। ਇਸਲਈ ਕੀ ਇਹ ਬਿਹਤਰ ਨਹੀਂ ਕਿ ਤੂੰ ਕੋਸ਼ਿਸ਼ ਕਰਕੇ ਇੱਥੇ ਬਾਜ਼ਾਰ ਵਿੱਚ ਜਾਂ ਡੇਰੇ ਵਿੱਚ ਜਿੱਥੇ ਤੂੰ ਰਾਤ ਨੂੰ ਸੋਂਦਾ ਹੈਂ, ਆਪਣੀ ਸ਼ਹਾਦਤ ਦਾ ਬੰਦੋਬਸਤ ਕਰ ਲਵੇਂ। ਉਸਨੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ?
ਮੈਂ ਜਵਾਬ ਦਿੱਤਾ। ਇਹ ਸਾਹਮਣੇ ਕੇਲੇ ਦਾ ਛਿਲਕਾ ਪਿਆ ਹੈ। ਫ਼ਰਜ਼ ਕਰ ਲਿਆ ਜਾਵੇ ਕਿ ਤੂੰ ਇਸ ਤੋਂ ਫਿਸਲ ਗਿਆ…ਸਾਫ਼ ਹੈ ਕਿ ਤੂੰ ਮਰ ਜਾਏਂਗਾ ਅਤੇ ਸ਼ਹਾਦਤ ਦਾ ਰੁਤਬਾ ਪਾ ਲਏਂਗਾ। ਪਰ ਇਹ ਗੱਲ ਉਸ ਦੀ ਸਮਝ ਵਿੱਚ ਨਾ ਆਈ ਕਹਿਣ ਲਗਾ ਮੈਂ ਕਿਉਂ ਅੱਖੀਂ ਵੇਖੇ ਕੇਲੇ ਦੇ ਛਿਲਕੇ ਉੱਤੇ ਪੈਰ ਧਰਾਂਗਾ…ਕੀ ਮੈਨੂੰ ਆਪਣੀ ਜਾਨ ਪਿਆਰੀ ਨਹੀਂ…ਅੱਲਾ ਅੱਲਾ ਕੀ ਜਾਨ ਸੀ। ਹੱਡੀਆਂ ਦਾ ਢਾਂਚਾ। ਝੁਰੜੀਆਂ ਦੀ ਗਠੜੀ!
ਮੈਨੂੰ ਬਹੁਤ ਅਫ਼ਸੋਸ ਹੋਇਆ ਅਤੇ ਇਸ ਵਕਤ ਹੋਰ ਵੀ ਜ਼ਿਆਦਾ ਹੋਇਆ। ਜਦੋਂ ਮੈਂ ਸੁਣਿਆ ਕਿ ਉਹ ਕਮਬਖਤ ਜੋ ਬੜੀ ਸੌਖ ਨਾਲ ਸ਼ਹਾਦਤ ਦਾ ਰੁਤਬਾ ਇਖ਼ਤਿਆਰ ਕਰ ਸਕਦਾ ਸੀ। ਖ਼ੈਰਾਤੀ ਹਸਪਤਾਲ ਵਿੱਚ ਲੋਹੇ ਦੀ ਚਾਰਪਾਈ ਉੱਤੇ ਖੰਘਦਾ ਖੰਗਾਰਦਾ ਮਰ ਗਿਆ।
ਇੱਕ ਬੁੜੀ ਸੀ ਮੂੰਹ ਵਿੱਚ ਦੰਦ ਨਾ ਢਿੱਡ ਵਿੱਚ ਆਂਤ। ਆਖ਼ਿਰੀ ਸਾਹ ਲੈ ਰਹੀ ਸੀ। ਮੈਨੂੰ ਬਹੁਤ ਤਰਸ ਆਇਆ। ਸਾਰੀ ਉਮਰ ਗਰੀਬ ਦੀ ਮੁਫਲਿਸੀ ਅਤੇ ਰੰਜੋ ਗ਼ਮ ਵਿੱਚ ਬੀਤੀ ਸੀ। ਮੈਂ ਉਸਨੂੰ ਉਠਾ ਕੇ ਰੇਲ ਦੇ ਪਾਟੇ ਉੱਤੇ ਲੈ ਗਿਆ। ਮੁਆਫ਼ ਕਰਨਾ। ਸਾਡੇ ਇੱਥੇ ਪਟੜੀ ਨੂੰ ਪਾਟਾ ਕਹਿੰਦੇ ਹਨ। ਲੇਕਿਨ ਜਨਾਬ ਜਿਓਂ ਹੀ ਉਸਨੂੰ ਟ੍ਰੇਨ ਦੀ ਆਵਾਜ਼ ਸੁਣੀ ਉਹ ਹੋਸ਼ ਵਿੱਚ ਆ ਗਈ ਅਤੇ ਫੂਕ ਭਰੇ ਖਿਡੌਣੇ ਦੀ ਤਰ੍ਹਾਂ ਉਠ ਕੇ ਭੱਜ ਗਈ।
ਮੇਰਾ ਦਿਲ ਟੁੱਟ ਗਿਆ। ਲੇਕਿਨ ਫਿਰ ਵੀ ਮੈਂ ਹਿੰਮਤ ਨਾ ਹਾਰੀ। ਬਾਣੀਏ ਦਾ ਪੁੱਤਰ ਆਪਣੀ ਧੁਨ ਦਾ ਪੱਕਾ ਹੁੰਦਾ ਹੈ। ਨੇਕੀ ਦਾ ਜੋ ਸਾਫ਼ ਅਤੇ ਸਿੱਧਾ ਰਸਤਾ ਮੈਨੂੰ ਨਜ਼ਰ ਆਇਆ ਸੀ, ਮੈਂ ਉਸ ਨੂੰ ਆਪਣੀਆਂ ਅੱਖਾਂ ਤੋਂ ਓਝਲ ਨਾ ਹੋਣ ਦਿੱਤਾ।
ਮੁਗ਼ਲਾਂ ਦੇ ਵਕ਼ਤ ਦਾ ਇੱਕ ਵਿਸ਼ਾਲ ਅਹਾਤਾ ਖ਼ਾਲੀ ਪਿਆ ਸੀ। ਇਸ ਵਿੱਚ ਇੱਕ ਪਾਸੇ ਛੋਟੇ ਛੋਟੇ ਕਮਰੇ ਸਨ। ਬਹੁਤ ਹੀ ਖ਼ਸਤਾ ਹਾਲਤ ਵਿੱਚ। ਮੇਰੀਆਂ ਤਜਰਬਾਕਾਰ ਅੱਖਾਂ ਨੇ ਅੰਦਾਜ਼ਾ ਲਗਾ ਲਿਆ ਕਿ ਪਹਿਲੇ ਹੀ ਭਾਰੀ ਮੀਂਹ ਵਿੱਚ ਸਭ ਦੀਆਂ ਛੱਤਾਂ ਢਹਿ ਜਾਣਗੀਆਂ। ਇਸਲਈ ਮੈਂ ਇਸ ਅਹਾਤੇ ਨੂੰ ਸਾਢੇ ਦਸ ਹਜ਼ਾਰ ਰੁਪਏ ਵਿੱਚ ਖ਼ਰੀਦ ਲਿਆ ਅਤੇ ਇਸ ਵਿੱਚ ਇੱਕ ਹਜ਼ਾਰ ਮੰਦੇ-ਹਾਲ ਆਦਮੀ ਬਸਾ ਦਿੱਤੇ। ਦੋ ਮਹੀਨੇ ਦਾ ਕਿਰਾਇਆ ਵਸੂਲ ਕੀਤਾ, ਇੱਕ ਰੁਪਿਆ ਮਹੀਨਾਵਾਰ ਦੇ ਹਿਸਾਬ ਨਾਲ। ਤੀਸਰੇ ਮਹੀਨੇ ਜਿਵੇਂ ਕਿ ਮੇਰਾ ਅੰਦਾਜ਼ਾ ਸੀ, ਪਹਿਲੇ ਹੀ ਵੱਡੇ ਮੀਂਹ ਵਿੱਚ ਸਭ ਕਮਰਿਆਂ ਦੀਆਂ ਛੱਤਾਂ ਹੇਠਾਂ ਆ ਗਿਰੀਆਂ ਅਤੇ ਸੱਤ ਸੌ ਆਦਮੀ ਜਿਨ੍ਹਾਂ ਵਿੱਚ ਬੱਚੇ ਬੁਢੇ ਸਾਰੇ ਸ਼ਾਮਿਲ ਸਨ…ਸ਼ਹੀਦ ਹੋ ਗਏ।
ਉਹ ਜੋ ਮੇਰੇ ਦਿਲ ਤੇ ਬੋਝ ਜਿਹਾ ਸੀ ਕਿਸੇ ਹੱਦ ਤੱਕ ਹਲਕਾ ਹੋ ਗਿਆ। ਆਬਾਦੀ ਵਿੱਚੋਂ ਸੱਤ ਸੌ ਆਦਮੀ ਘੱਟ ਵੀ ਹੋ ਗਏ। ਲੇਕਿਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਵੀ ਮਿਲ ਗਿਆ…ਉੱਧਰ ਦਾ ਪੱਖ ਭਾਰੀ ਹੀ ਰਿਹਾ।
ਉਦੋਂ ਤੋਂ ਮੈਂ ਇਹੀ ਕੰਮ ਕਰ ਰਿਹਾ ਹਾਂ। ਹਰ ਰੋਜ ਆਪਣੀ ਸਮਰਥਾ ਮੁਤਾਬਕ ਦੋ ਤਿੰਨ ਆਦਮੀਆਂ ਨੂੰ ਸ਼ਹਾਦਤ ਦਾ ਜਾਮ ਪਿਆਲ ਦਿੰਦਾ ਹਾਂ। ਜਿਵੇਂ ਕਿ ਮੈਂ ਅਰਜ ਕਰ ਚੁੱਕਿਆ ਹਾਂ, ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਹੀ ਪੈਂਦੀ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਇੱਕ ਸ਼ੇਅਰ ਗਾਇਆ ਕਰਦੀ ਸੀ। ਲੇਕਿਨ ਮੁਆਫ਼ ਕਰਨਾ ਉਹ ਸ਼ੇਅਰ ਇੱਥੇ ਠੀਕ ਨਹੀਂ ਬੈਠਦਾ। ਕੁੱਝ ਵੀ ਹੋਵੇ, ਕਹਿਣਾ ਇਹ ਹੈ ਕਿ ਮੈਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਮਿਸਾਲ ਦੇ ਤੌਰ ਤੇ ਇੱਕ ਆਦਮੀ ਨੂੰ ਜਿਸਦਾ ਵਜੂਦ ਛਕੜੇ ਦੇ ਪੰਜਵੇਂ ਪਹੀਏ ਦੀ ਤਰ੍ਹਾਂ ਬੇਮਾਅਨਾ ਅਤੇ ਬੇਕਾਰ ਸੀ। ਸ਼ਹਾਦਤ ਦਾ ਜਾਮ ਪਿਲਾਣ ਲਈ ਮੈਨੂੰ ਪੂਰੇ ਦਸ ਦਿਨ ਜਗ੍ਹਾ ਜਗ੍ਹਾ ਕੇਲੇ ਦੇ ਛਿਲਕੇ ਸੁੱਟਣੇ ਪਏ। ਲੇਕਿਨ ਮੌਤ ਦੀ ਤਰ੍ਹਾਂ ਜਿੱਥੇ ਤੱਕ ਮੈਂ ਸਮਝਦਾ ਹਾਂ ਸ਼ਹਾਦਤ ਦਾ ਵੀ ਇੱਕ ਦਿਨ ਮੁਕੱਰਰ ਹੈ। ਦਸਵੇਂ ਰੋਜ ਜਾ ਕੇ ਉਹ ਪਥਰੀਲੇ ਫ਼ਰਸ਼ ਉੱਤੇ ਕੇਲੇ ਦੇ ਛਿਲਕੇ ਤੋਂ ਫਿਸਲਿਆ ਅਤੇ ਸ਼ਹੀਦ ਹੋਇਆ।
ਅੱਜਕੱਲ੍ਹ ਮੈਂ ਇੱਕ ਬਹੁਤ ਵੱਡੀ ਇਮਾਰਤ ਬਣਵਾ ਰਿਹਾ ਹਾਂ। ਠੇਕਾ ਮੇਰੀ ਹੀ ਕੰਪਨੀ ਦੇ ਕੋਲ ਹੈ। ਦੋ ਲੱਖ ਦਾ ਹੈ। ਇਸ ਵਿੱਚੋਂ ਪਛੱਤਰ ਹਜ਼ਾਰ ਤਾਂ ਮੈਂ ਸਾਫ਼ ਆਪਣੀ ਜੇਬ ਵਿੱਚ ਪਾ ਲਵਾਂਗਾ। ਬੀਮਾ ਵੀ ਕਰਾ ਲਿਆ ਹੈ। ਮੇਰਾ ਅੰਦਾਜ਼ਾ ਹੈ ਕਿ ਜਦੋਂ ਤੀਜੀ ਮੰਜ਼ਿਲ ਖੜੀ ਕੀਤੀ ਜਾਵੇਗੀ ਤਾਂ ਸਾਰੀ ਬਿਲਡਿੰਗ ਧੜੰਮ ਡਿੱਗ ਪਵੇਗੀ। ਕਿਉਂਕਿ ਮਸਾਲਾ ਹੀ ਮੈਂ ਅਜਿਹਾ ਲਗਵਾਇਆ ਹੈ। ਇਸ ਵਕ਼ਤ ਤਿੰਨ ਸੌ ਮਜ਼ਦੂਰ ਕੰਮ ਤੇ ਲੱਗੇ ਹੋਣਗੇ। ਖ਼ੁਦਾ ਦੇ ਘਰ ਤੋਂ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਇਹ ਸਭ ਦੇ ਸਭ ਸ਼ਹੀਦ ਹੋ ਜਾਣਗੇ। ਲੇਕਿਨ ਜੇਕਰ ਕੋਈ ਬੱਚ ਗਿਆ ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਉਹ ਪਰਲੇ ਦਰਜੇ ਦਾ ਗੁਨਾਹਗਾਰ ਹੈ, ਜਿਸਦੀ ਸ਼ਹਾਦਤ ਅੱਲਾ-ਤਾਲਾ ਨੂੰ ਮਨਜ਼ੂਰ ਨਹੀਂ ਸੀ।
ਸਆਦਤ ਹਸਨ ਮੰਟੋ
(ਅਨੁਵਾਦ: ਚਰਨ ਗਿੱਲ)
ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ
ਬਰਫ਼ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ।
ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸੜਕ ਉੱਤੇ
ਪਈ ਰਹੀ, ਅਤੇ ਉਸ ‘ਤੇ ਬਰਫ਼ ਪਾਣੀ ਬਣ-ਬਣ ਗਿਰਦੀ ਰਹੀ।
ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ
ਬਰਫ਼ ਅਤੇ ਖੂਨ ਉੱਥੀ ਸੜਕ ਉੱਤੇ ਪਏ ਰਹੇ।
ਫੇਰ ਟਾਂਗਾ ਕੋਲੋਂ ਲੰਘਿਆ
ਬੱਚੇ ਨੇ ਸੜਕ ਉੱਤੇ ਤਾਜ਼ੇ ਖੂਨ ਦੇ ਜੰਮੇ ਹੋਏ ਚਮਕੀਲੇ
ਲੋਥੜੇ ਨੂੰ ਦੇਖਿਆ, ਉਸਦੇ ਮੂੰਹ ਵਿਚ ਪਾਣੀ ਭਰ ਆਇਆ।
ਆਪਣੀ ਮਾਂ ਦੀ ਬਾਂਹ ਖਿੱਚਕੇ ਬੱਚੇ ਨੇ ਆਪਣੀ ਉਂਗਲੀ ਨਾਲ ਉੱਧਰ
ਇਸ਼ਾਰਾ ਕੀਤਾ – “ਦੇਖੋ ਮੰਮੀ, ਜੈਲੀ….।”
ਸਆਦਤ ਹਸਨ ਮੰਟੋ
ਦਫ਼ਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ–ਨਾਲ ਹਨ । ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ । ਦੋਵਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ । ਦੀਵਾਰ ਬੜੀ ਪਤਲੀ ਜਿਹੀ ਹੈ । ਭੁੱਲ ਭੁਲੇਖੇ ਵੀ ਜੇ ਉਧਰ ਤੇਰਾ ਹੱਥ ਵਜਦਾ ਹੈ ਤਾਂ ਆਵਾਜ਼ ਮੇਰੇ ਕਮਰੇ ਵਿਚ ਪਹੁੰਚ ਜਾਂਦੀ ਹੈ । ਇਕ ਦਿਨ ਖ਼ਬਰੇ ਕੋਈ ਇਸ ਦੀਵਾਰ ਵਿਚ ਤੇਰੇ ਵਾਲੇ ਪਾਸੇ ਕਿੱਲ ਗੱਡ ਰਿਹਾ ਸੀ , ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧਮਕ ਰਹੀਆਂ ਸਨ । ਮੈਂ ਉਠ ਕੇ ਬਾਹਰ ਗਈ ਕਿ ਦੇਖਾਂ , ਪਰ ਤੇਰੇ ਕਮਰੇ ਦੇ ਬੂਹੇ ਉਤੇ ਭਾਰੀ ਪਰਦਾ ਲਟਕ ਰਿਹਾ ਸੀ । ਮੈਂ ਪਰਤ ਆਈ । ਅੱਜ ਕਲ੍ਹ ਲੋਕੀਂ ਆਮ ਹੀ ਬੂਹੇ ਬਾਰੀਆਂ ਉਤੇ ਭਾਰੇ ਪਰਦੇ ਲਾਈ ਰਖਦੇ ਹਨ , ਤਾਂ ਜੋ ਬਾਹਰੋਂ ਕਿਸੇ ਨੂੰ ਕੁਝ ਨਾ ਦਿੱਸੇ । ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਹੈ , ਮੈਨੂੰ ਖਿਆਲ ਆਇਆ ।
ਕਦੇ ਕਦੇ ਜਦੋਂ ਕਿਸੇ ਗੱਲੋਂ ਤੂੰ ਚਪੜਾਸੀ ਨਾਲ ਉੱਚਾ ਬੋਲਦਾ ਹੈਂ , ਮੈਂ ਕੰਮ ਕਰਦੀ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਹਾਂ । ਮੇਰਾ ਮਨ ਕਰਦਾ ਹੈ ਤੈਨੂੰ ਪੁੱਛਾਂ , ” ਕੀ ਗੱਲ ਹੋਈ ?” ਪਰ ਫਿਰ ਖ਼ਿਆਲ ਆਉਂਦਾ ਹੈ , ਤੈਨੂੰ ਸ਼ਾਇਦ ਇਹ ਚੰਗਾ ਨਾ ਲੱਗੇ ਕਿ ਜਦੋਂ ਤੂੰ ਚਪੜਾਸੀ ਨਾਲ ਉੱਚਾ ਬੋਲ ਰਿਹਾਂ ਸੈਂ ਤਾਂ ਮੈਂ ਸੁਣ ਰਹੀ ਸਾਂ । ਤੈਨੂੰ ਤਾਂ ਇਸ ਗੱਲ ਦਾ ਖ਼ਿਆਲ ਵੀ ਨਹੀਂ ਰਹਿੰਦਾ ਕਿ ਤੂੰ ਡੂੰਘਾ ਸਾਹ ਵੀ ਭਰੇਂ ਤਾਂ ਨਾਲ ਦੇ ਕਮਰੇ ਵਿਚ ਸੁਣਾਈ ਦੇ ਜਾਂਦਾ ਹੈ ।
ਇਕ ਦਿਨ ਕੰਮ ਕਰਦਿਆਂ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ । ਨਿੱਬ ਵਿੰਗੀ ਹੋ ਗਈ । ਉਸ ਦਿਨ ਮੈਨੂੰ ਖ਼ਿਆਲ ਆਇਆ ਸੀ ਤੇਰੇ ਕਮਰੇ ਵਿਚੋਂ ਕੋਈ ਕਲਮ ਮੰਗਵਾਂ ਲਵਾਂ । ਪਰ ਇਸ ਡਰੋਂ ਕਿ ਖ਼ਬਰੇ ਤੂੰ ਆਖ ਭੇਜੇਂ ਕਿ ਮੇਰੇ ਕੋਲ ਵਾਧੂ ਕਲਮ ਨਹੀਂ , ਮੈਂ ਇਹ ਹੌਸਲਾ ਨਾ ਕਰ ਸਕੀ । ਬਹੁਤ ਵਾਰੀ ਇਓਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਹਾਂ ਤੇ ਆਪ ਹੀ ਉਸ ਦਾ ਜਵਾਬ ਦੇ ਲੈਂਦੇ ਹਾਂ ।
ਕਦੇ ਕਦੇ ਮੈਂ ਸੋਚਦੀ ਹਾਂ ਕਿ ਜੇ ਭਲਾ ਦੋਹਾਂ ਕਮਰਿਆਂ ਦੇ ਵਿਚਕਾਰਲੀ ਇਹ ਦੀਵਾਰ ਟੁੱਟ ਜਾਵੇ । ਪਰ ਇਸ ਨਾਲ ਤੇਰਾ ਕਮਰਾ ਸਾਬਤ ਨਹੀਂ ਰਹਿ ਜਾਵੇਗਾ , ਮੇਰਾ ਕਮਰਾ ਵੀ ਸਾਬਤ ਨਹੀਂ ਰਹਿ ਜਾਵੇਗਾ । ਫਿਰ ਤਾਂ ਇਓਂ ਹੀ ਲਗਿਆ ਕਰੇਗਾ ਜਿਵੇਂ ਖੁਲ੍ਹਾ ਸਾਰਾ, ਵੱਡਾ ਜਿਹਾ ਇਕੋ ਕਮਰਾ ਹੋਵੇ । ਪਰ ਇਓਂ ਕਰਨਾ ਸ਼ਾਇਦ ਠੀਕ ਨਾ ਹੋਵੇ । ਬਣਾਉਣ ਵਾਲੇ ਨੇ ਕੁਝ ਸੋਚ ਕੇ ਹੀ ਇਹ ਵਖੋ ਵਖ ਕਮਰੇ ਬਣਾਏ ਹੋਣੇ ਨੇ ।
ਕਦੇ ਕਦੇ ਮੈਨੂੰ ਇਓਂ ਲਗਦਾ ਹੈ ਜਿਵੇਂ ਮੈਂ ਇਸ ਪੱਕੀ ਸੀਮਿੰਟ ਦੀਵਾਰ ਦੇ ਵਿਚੋਂ ਦੀ ਦੇਖ ਸਕਦੀ ਹਾਂ । ਤਦ ਹੀ ਤਾਂ ਮੈਨੂੰ ਪਤਾ ਲਗ ਜਾਂਦਾ ਹੈ ਕਿ ਅੱਜ ਤੂੰ ਕੰਮ ਨਹੀਂ ਕਰ ਰਿਹਾ । ਕਦੇ ਛੱਤ ਵਲ ਤੱਕਣ ਲਗ ਜਾਂਦਾ ਏਂ ਤੇ ਕਦੇ ਹੱਥ ਦੀਆਂ ਲਕੀਰਾਂ ਵਲ । ਕਦੇ ਫ਼ਾਈਲਾਂ ਖੋਲ੍ਹ ਲੈਂਦਾ ਏਂ । ਕਦੇ ਬੰਦ ਕਰ ਦੇਂਦਾ ਏਂ । ਕਦੇ ਬੂਟ ਲਾਹ ਲੈਂਦਾ ਏਂ ਤੇ ਕਦੇ ਪਾ ਲੈਂਦਾ ਏਂ ।
ਕਦੇ ਕਦੇ ਤੂੰ ਬਹੁਤ ਖੁਸ਼ ਹੋ ਰਿਹਾ ਹੁੰਦਾ ਏਂ । ਉਦੋਂ ਮੇਜ਼ ਉਤੇ ਪਏ ਪੇਪਰਵੇਟ ਨੂੰ ਘੁਮਾਉਣ ਲਗ ਜਾਂਦਾ ਏਂ , ਹੌਲੀ ਹੌਲੀ ਸੀਟੀ ਮਾਰਦਾ ਏਂ । ਇਸ ਕੰਧ ਉਤੇ ਹੱਥ ਲਾ ਕੇ ਕੁਰਸੀ ਉਤੇ ਬੈਠਾ , ਧਰਤੀ ਉਤੋਂ ਪੈਰ ਚੁੱਕ ਲੈਂਦਾ ਏਂ, ਉਸ ਵੇਲੇ ਮੈਂ ਇਧਰ ਜ਼ਰਾ ਵੀ ਖੜਾਕ ਨਹੀਂ ਹੋਣ ਦੇਂਦੀ ਮਤਾਂ ਤੂੰ ਚੌਂਕ ਪਵੇਂ ।
ਕਦੇ ਕਦੇ ਆਉਣ ਜਾਣ ਵੇਲੇ ਤੂੰ ਮੈਨੂੰ ਕਮਰੇ ਤੋਂ ਬਾਹਰ ਮਿਲ ਪੈਂਦਾ ਏਂ । ‘ ਸੁਣਾਓ ਕੀ ਹਾਲ ਹੈ ?’ ਤੂੰ ਪੁਛੱਦਾ ਏਂ ।
“ਠੀਕ ਹੈ ” , ਮੈਂ ਜ਼ਰਾ ਕੁ ਹੱਸ ਕੇ ਆਖਦੀ ਹਾਂ । ਤੇ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ । ਨਾ ਉਹ ਕਮਰਾ ਇਧਰ ਆ ਸਕਦਾ ਹੈ , ਨਾ ਇਹ ਕਮਰਾ ਉਧਰ ਜਾ ਸਕਦਾ ਹੈ । ਦੋਹਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ ।
ਇਕ ਦਿਨ ਮੇਰੇ ਕਮਰੇ ਵਿਚ ਚਲਦਾ ਚਲਦਾ ਪੱਖਾ ਬੰਦ ਹੋ ਗਿਆ । ਸ਼ਾਇਦ ਬਿਜਲੀ ਚਲੀ ਗਈ ਸੀ । ਕੁਝ ਮਿੰਟ ਮੈਂ ਉਡੀਕਦੀ ਰਹੀ । ਫਿਰ ਗਰਮੀ ਤੋਂ ਘਬਰਾ ਮੈਂ ਕਮਰੇ ਤੋਂ ਬਾਹਰ ਬਰਾਂਡੇ ਵਿਚ ਆ ਗਈ ਜੋ ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ । ਮੈਨੂੰ ਪਤਾ ਸੀ ਤੇਰੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ । ਫਿਰ ਵੀ ਮੈਂ ਜ਼ਰਾ ਕੁ ਤੇਰੇ ਕਮਰੇ ਅੰਦਰ ਝਾਕ ਕੇ ਪੁੱਛਿਆ , ‘ ਤੁਹਾਡਾ ਪੱਖਾ ਚਲਦਾ ਹੈ ? ‘ ਮੇਰਾ ਭਾਵ ਸੀ ਜੇ ਨਹੀਂ ਚਲਦਾ ਤਾਂ ਤੂੰ ਵੀ ਸਾਂਝੇ ਬਰਾਂਡੇ ਆ ਜਾਵੇਂ । ਜਦੋਂ ਅੰਦਰ ਹੁਮਸ ਹੋਵੇ ਪਲ ਦੋ ਪਲ ਲਈ ਬਾਹਰ ਆ ਜਾਣ ਵਿਚ ਕੋਈ ਡਰ ਨਹੀਂ ਹੁੰਦਾ ।
“ਨਹੀਂ ਪੱਖਾ ਤਾਂ ਨਹੀਂ ਚਲਦਾ , ਪਰ ਮੈਂ ਪਿਛਲੀ ਬਾਰੀ ਖੋਲ੍ਹ ਲਈ ਹੈ”, ਤੂੰ ਆਖਿਆ । ਪਰ ਮੈਨੂੰ ਖ਼ਬਰੇ ਪਿਛਲੀ ਬਾਰੀ ਦਾ ਖ਼ਿਆਲ ਹੀ ਨਹੀਂ ਸੀ ਆਇਆ ਇਸੇ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ ।
ਵਿਚਕਾਰ ਭਾਵੇਂ ਦੀਵਾਰ ਹੈ ਫਿਰ ਵੀ ਜਿਸ ਦਿਨ ਤੂੰ ਦਫ਼ਤਰ ਨਾ ਆਵੇਂ , ਆਪਣੇ ਕਮਰੇ ਵਿਚ ਨਾ ਬੈਠਾ ਹੋਵੇਂ , ਮੈਨੂੰ ਕੁਝ ਅਜੀਬ ਅਜੀਬ ਜਿਹਾ ਲਗਦਾ ਹੈ । ਉਸ ਦਿਨ ਮੈਂ ਕਈ ਵਾਰੀ ਘੜੀ ਦੇਖਦੀ ਹਾਂ । ਮੈਂ ਕਈ ਵਾਰੀ ਪਾਣੀ ਪੀਂਦੀ ਹਾਂ । ਲੋਕਾਂ ਨੂੰ ਟੈਲੀਫੂਨ ਕਰਦੀ ਰਹਿੰਦੀ ਹਾਂ । ਇੱਕਠਾ ਹੋਇਆ ਪਿਛਲਾ ਕੰਮ ਵੀ ਮੁਕਾ ਸੁਟਦੀ ਹਾਂ । ਅਜ ਸਾਹਬ ਨਹੀਂ ਆਏ ? ਉਧਰੋਂ ਲੰਘਦੀ ਤੇਰੇ ਚਪੜਾਸੀ ਨੂੰ ਪੁਛਦੀ ਹਾਂ । ਫਿਰ ਉਹ ਆਪ ਹੀ ਦਸ ਦਿੰਦਾ ਹੈ ਕਿ ਸਾਹਬ ਬਾਹਰ ਗਏ ਹੋਏ ਹਨ , ਕਿ ਸਾਹਬ ਦੇ ਰਿਸ਼ਤੇਦਾਰ ਆਏ ਹੋਏ ਹਨ , ਕਿ ਸਾਹਬ ਦੀ ਤਬੀਅਤ ਠੀਕ ਨਹੀਂ , ਕਿ ਸਾਹਬ ਨੇ ਕਿੰਨੇ ਦਿਨ ਦੀ ਛੁੱਟੀ ਲਈ ਹੈ ।
ਇਨ੍ਹਾਂ ਦਿਨਾਂ ਵਿਚ ਮੈਨੂੰ ਬੜੀਆਂ ਫ਼ਜ਼ੂਲ ਫ਼ਜ਼ੂਲ ਗੱਲਾਂ ਸੁਝਦੀਆਂ ਰਹਿੰਦੀਆਂ ਨੇ , ਕਿ ਅੱਜ ਤੋਂ ਸੌ ਸਾਲ ਪਹਿਲੇ ਇਸ ਕਮਰੇ ਵਿਚ ਕੌਣ ਬੈਠਦਾ ਹੋਵੇਗਾ ? ਨਾਲ ਵਾਲੇ ਕਮਰੇ ਵਿਚ ਵੀ ਕੋਈ ਬੈਠਦਾ ਹੋਵੇਗਾ ? ਅੱਜ ਤੋਂ ਸੌ ਸਾਲ ਨੂੰ ਇਸ ਕਮਰੇ ਵਿਚ ਕੌਣ ਬੈਠਾ ਹੋਵੇਗਾ । ਨਾਲ ਵਾਲੇ ਕਮਰੇ ਵਿਚ ਕੌਣ ਬੈਠਾ ਹੋਵੇਗਾ ? ਬੰਦੇ ਮਰ ਕਾਹਤੋਂ ਜਾਂਦੇ ਨੇ ? ਫੇਰ ਖ਼ਿਆਲ ਆਉਂਦਾ ਹੈ , ਬੰਦੇ ਪੈਦਾ ਕਾਹਤੋਂ ਹੁੰਦੇ ਨੇ ? ਤੇ ਫਿਰ ਇਨ੍ਹਾਂ ਗੱਲਾਂ ਤੋਂ ਘਬਰਾ ਕੇ ਮੈਂ ਦਫ਼ਤਰ ਵਿਚ ਕੰਮ ਕਰਨ ਵਾਲੀਆਂ ਹੋਰਨਾਂ ਨੂੰ ਮਿਲਣ ਤੁਰੀ ਰਹਿੰਦੀ ਹਾਂ ।
“ਆਏ ਨਹੀਂ ਇੰਨੇ ਦਿਨ ?” ਪਤਾ ਹੋਣ ਦੇ ਬਾਵਜੂਦ ਮੈਂ ਤੈਨੂੰ ਪੁਛੱਦੀ ਹਾਂ ।
“ਬੀਮਾਰ ਸੀ”, ਤੂੰ ਆਖਦਾ ਹੈਂ ।
“ਹੁਣ ਤਾਂ ਠੀਕ ਹੋ ?”
“ਹਾਂ ਠੀਕ ਹਾਂ , ਮਿਹਰਬਾਨੀ”, ਆਖ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ ਚਲੀ ਜਾਂਦੀ ਹਾਂ । ਤੂੰ ਆਪਣਾ ਕੰਮ ਕਰਨ ਲਗ ਜਾਂਦਾ ਏਂ ਤੇ ਮੈਂ ਆਪਣਾ ।
ਇਕ ਵਾਰੀ ਮੈਂ ਕਈ ਦਿਨ ਛੁੱਟੀ ਉਤੇ ਰਹੀ ।
“ਬੀਬੀ ਜੀ ਆ ਨਹੀਂ ਰਹੇ ?” , ਤੂੰ ਮੇਰੇ ਚਪੜਾਸੀ ਨੂੰ ਪੁਛਿੱਆ ।
“ਉਹ ਜੀ ਬੀਮਾਰ ਨੇ”, ਉਸ ਨੇ ਦਸਿਆ ।
“ਅੱਛਾ…..ਅੱਛਾ …” ਆਖ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ ।
ਘਰ ਡਾਕ ਦੇਣ ਆਏ ਚਪੜਾਸੀ ਨੇ ਮੈਨੂੰ ਇਹ ਦਸਿਆ । ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘੱਟ ਸੀ ਮੈਂ ਦਫ਼ਤਰ ਆ ਗਈ ।
ਤੈਨੂੰ ਸ਼ਾਇਦ ਪਤਾ ਨਹੀਂ ਸੀ । ਉਸ ਦਿਨ ਤੂੰ ਦੋ ਤਿੰਨ ਵਾਰ ਚਪੜਾਸੀ ਨੂੰ ਡਾਂਟਿਆ । ਕਈ ਵਾਰ ਕਾਗਜ਼ ਪਾੜੇ, ਜਿਵੇਂ ਗ਼ਲਤ ਲਿਖਿਆ ਗਿਆ ਹੋਵੇ । ਇਕ ਦੋ ਮਿਲਣ ਆਇਆਂ ਨੂੰ ਵੀ ਕਹਾ ਭੇਜਿਆ ਕਿ ਕਿਸੇ ਦਿਨ ਫਿਰ ਆਉਣਾ ।
ਕਿਸੇ ਕੰਮ ਤੂੰ ਕਮਰੇ ਤੋਂ ਬਾਹਰ ਗਿਆ । ਮੈਂ ਵੀ ਕਿਸੇ ਕੰਮ ਬਾਹਰ ਨਿਕਲੀ ।
“ਆਏ ਨਹੀਂ ਕਈ ਦਿਨ ?” ਤੂੰ ਜਾਣਦਿਆਂ ਹੋਇਆ ਪੁਛਿਆ,
“ਬੀਮਾਰ ਸੀ ।”
“ਹੁਣ ਤਾਂ ਠੀਕ ਹੋ ? ”
“ਹਾਂ ਠੀਕ ਹਾਂ , ਮਿਹਰਬਾਨੀ”, ਆਖ , ਮੈਂ ਆਪਣੇ ਕਮਰੇ ਵਿਚ ਚਲੀ ਗਈ ਤੇ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ । ਨਾ ਇਹ ਕਮਰਾ ਉਧਰ ਜਾ ਸਕਦਾ ਹੈ , ਨਾ ਉਹ ਕਮਰਾ ਇਧਰ ਆ ਸਕਦਾ ਹੈ । ਦੋਨਾਂ ਦੀ ਆਪਣੀ ਆਪਣੀ ਸੀਮਾ ਹੈ । ਦੋਵਾਂ ਵਿਚਕਾਰ ਇਕ ਦੀਵਾਰ ਹੈ । ਇਕ ਕਮਰਾ ਤੇਰਾ ਹੈ । ਇਕ ਕਮਰਾ ਮੇਰਾ ਹੈ । ਫਿਰ ਵੀ ਮੈਂ ਸੋਚਦੀ ਹਾਂ ਕਿ ਏਨਾ ਵੀ ਕੀ ਘੱਟ ਹੈ ਕਿ ਦੋਨੋਂ ਕਮਰੇ ਨਾਲੋ–ਨਾਲ ਹਨ , ਵਿਚਕਾਰ ਸਿਰਫ ਇਕ ਦੀਵਾਰ ਹੀ ਤਾਂ ਹੈ ।
d
ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ।
ਰੱਬ ਉਤੇ ਸਵਰਗ ਵਿਚ ਰਹਿੰਦਾ ਸੀ।
ਹੇਠਾਂ ਸਭ ਧੁੰਦੂਕਾਰ ਸੀ।
ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ-ਘੜ ਵੱਲ ਇਕਾਗਰ ਹੋਇਆ ਉਹ ਇਕ ਨਦੀ ਦੇ ਕੰਢੇ ਫਿਰ ਰਿਹਾ ਸੀ।
ਨਦੀ ਭਰ ਜੋਬਨ ਵਿਚ ਵਹਿ ਰਹੀ ਸੀ। ਜ਼ਰੂਰ ਪਹਾੜਾਂ ਵਿਚ ਮੀਂਹ ਪਿਆ ਹੋਣਾ ਏ।
ਫੁੱਲ ਪੌਦਿਆਂ ਦੀਆਂ ਟੀਸੀਆਂ ਉਤੇ ਬੈਠ ਖੰਭ ਫੜਕਾ ਰਹੇ ਸਨ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ।
ਪੰਛੀ ਗਰਦਨਾਂ ਮਟਕਾ ਮਟਕਾ ਉਨ੍ਹਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ ਕਰ ਰਹੇ ਸਨ।
ਬੱਦਲ ਘੋਰਿਆ।
ਰੱਬ ਦੀ ਇਕਾਗਰਤਾ ਭੰਗ ਹੋ ਗਈ।
ਉਸ ਨੇ ਖਿੱਝ ਕੇ ਸਾਰੀਆ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ। ਤੇ ਕਿਹਾ ਵਾਰੀ ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉਤੇ ਪਹਿਰਾ ਦਿਓ।
ਹੁਕਮ ਦੀਆਂ ਬੰਨ੍ਹੀਆਂ ਰੁੱਤਾਂ ਇਸ ਸ੍ਰਿਸ਼ਟੀ ਉਤੇ ਆ ਪਹੁੰਚੀਆਂ। ਮਾਣ ਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਨ੍ਹਾਂ ਤੋਂ ਬਚਣ ਦੇ ਉਪਰਾਲਿਆਂ ਵਿਚ ਲਗੇ, ਖੋਲਾਂ, ਕੰਦਰਾਂ, ਛਪਰੀਆਂ, ਕੋਠੀਆਂ ਤੋਂ ਘਰਾਂ ਬੰਗਲਿਆਂ ਤਕ ਆ ਪਹੁੰਚੇ। ਕਿਸੇ ਰੁੱਤ ਮੀਂਹ ਪੈਂਦਾ, ਦਰਿਆਵਾਂ ਵਿਚ ਹੜ੍ਹ ਆਉਂਦੇ, ਪਿੰਡਾਂ ਦੇ ਪਿੰਡ ਰੁੜ੍ਹ ਜਾਂਦੇ। ਰੁੱਤਾਂ ਲਈ ਇਹ ਵੀ ਇਕ ਸ਼ੁਗਲ ਸੀ ਪਰ ਹੁਣ ਇਨ੍ਹਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਏ ਕਦ ਮੀਂਹ ਪਏਗਾ ਤੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ ਹਨ।
ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖੜ੍ਹੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਏ ਤੇ ਤਰਲੋਮੱਛੀ ਹੁੰਦੇ ਪਹਿਰਾ ਬਦਲ ਜਾਣ ਨੂੰ ਉਡੀਕਦੇ। ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆਂ ਹੀ ਵਗਦੇ ਰਹਿੰਦੇ ਹਨ।
ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ। ਲੋਕ ਯੱਗ ਕਰਦੇ ਹਵਨ ਕਰਦੇ। ਕਿੱਥੇ ਕਿਹੜਾ ਵਿਘਨ ਹੋ ਗਿਆ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬਵੈੱਲ ਲਾ ਲਏ ਸਨ ਮੀਂਹ ਦੀ ਪ੍ਰਵਾਹ ਹੀ ਨਹੀਂ ਸੀ ਕਰਦੇ।
ਰੁੱਤਾਂ ਉਦਾਸ ਹੋ ਗਈਆਂ।
ਉਹ ਰਲ ਕੇ ਰੱਬ ਕੋਲ ਗਈਆਂ।
‘‘ਰਾਮ ਜੀ ਧਰਤੀ ਉਤੇ ਸਾਡੀ ਕੋਈ ਲੋੜ ਨਹੀਂ ਸਾਨੂੰ ਪਰਤ ਆਉਣ ਦੀ ਆਗਿਆ ਦਿਉ।’’
‘‘ਇਹ ਕਿਵੇਂ ਹੋ ਸਕਦਾ ਹੈ?’’ ਰੱਬ ਨੇ ਹੈਰਾਨ ਹੋ ਕੇ ਪੁੱਛਿਆ।’’ ਆਪ ਚੱਲ ਕੇ ਵੇਖ ਲਉ ਬੇਸ਼ੱਕ’‘ ਰੁੱਤਾਂ ਨੇ ਅਰਜ਼ ਗੁਜ਼ਾਰੀ।
ਰੱਬ ਇਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ।
ਵੇਲਾ ਆਥਣ ਦਾ ਸੀ।
ਰੁੱਤ ਬਹਾਰ ਦੀ ਸੀ।
ਅਸਮਾਨ ਉਤੇ ਬੱਦਲ ਘਿਰ ਆਏ।
ਮੋਰਾਂ ਨੇ ਖੰਭ ਖਿਲਾਰ ਕੇ, ਝੂਮ ਝੂਮ ਕੇ, ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉਤੇ ਉਤਰ ਆਉਣ ਲਈ ਕਿਹਾ।
ਜੰਗਲੀ ਫੁੱਲ ਇਕ-ਦੂਜੇ ਵੱਲ ਸੈਨਤਾਂ ਕਰ ਕਰ ਹੱਸ ਰਹੇ ਸਨ।
ਨਿੱਕੇ ਨਿੱਕੇ ਪੰਛੀ, ਫੁੱਲਾਂ ਦੇ ਪੱਤਿਆਂ ਦੇ, ਪਸੀਸਿਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ੍ਹ ਬੰਨ੍ਹ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ।
‘‘ਇਹ ਧਰਤੀ ਤਾਂ ਬੜੀ ਸੁਹਣੀ ਥਾਂ ਏ’’, ਰੱਬ ਨੇ ਬਹਾਰ ਨੂੰ ਆਖਿਆ।
ਏਨੇ ਨੂੰ ਇਕ ਸ਼ਹਿਰ ਆ ਗਿਆ।
ਬੜੀ ਭੀੜ ਸੀ।
ਬੜਾ ਰੌਲਾ ਸੀ।
ਹਰ ਕੋਈ ਹੀ ਜਿਵੇਂ ਗੁਆਚਿਆ ਹੋਇਆ ਸੀ।
ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਲੱਗਦਾ ਨਹੀਂ ਸੀ। ਕਿਸੇ ਦਾ ਕੋਈ ਜਾਣੂ ਨਹੀਂ ਸੀ। ਇੱਥੋਂ ਤਕ ਕਿ ਕਿਸੇ ਦਾ ਕੋਈ ਗਰਾਈਂ ਵੀ ਪ੍ਰਤੀਤ ਨਹੀਂ ਸੀ ਹੁੰਦਾ।
ਚਿੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੀ ਨੂੰ ਬੜੀ ਵਾਰੀ ਦੇਖਦੇ ਸਨ।
‘‘ਕਿਸ ਲਈ?’’ ਉਸ ਨੇ ਬਹਾਰ ਨੂੰ ਪੁੱਛਿਆ।
‘‘ਚਿੜੀਆਂ ਲੈ ਲੋ ਰੰਗ ਬਰੰਗੀਆਂ ਚਿੜੀਆਂ’’! ਪਿੰਜਰੇ ਵਿਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ, ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਸੁੱਟੀ ਇਕ ਭਾਈ ਹੋਕਾ ਦੇ ਰਿਹਾ ਸੀ।
ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ।
ਉਥੋਂ ਛੇਤੀ ਦੇ ਕੇ ਉਡ ਕੇ ਉਹ ਇਕ ਮੰਦਰ ਵਿਚ ਆ ਵੜਿਆ।
‘‘ਤਾਜ਼ੇ ਮੋਤੀਏ ਦਾ ਹਾਰ ਦੋ ਦੋ ਆਨੇ।’’ ਮੰਦਰ ਦੇ ਬਾਹਰ ਨੰਗੇ ਪੈਰੀਂ ਪਾਟੇ ਹੋਏ ਝੱਗੇ ਵਾਲਾ ਇਕ ਮੁੰਡਾ ਹਾਰ ਵੇਚ ਰਿਹਾ ਸੀ।
‘‘ਲੈ ਫੜ ਡੂਢ ਆਨਾ ਦੇ ਹਾਰ’’ ਆਪਣਾ ਢਿੜ ਮਸਾਂ ਸੰਭਾਲੀਂ ਆ ਰਹੇ ਕਿ ਤਿਲਕਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿਚ ਦਿੰਦਿਆਂ ਕਿਹਾ।
ਮੁੰਡਾ-ਜੱਕੋ ਤੱਕੋ ਵਿਚ ਪੈ ਗਿਆ। ਜਿਵੇਂ ਉਸ ਨੇ ਪਹਿਲੇ ਹੀ ਬੜਾ ਘੱਟ ਮੁੱਲ ਦੱਸਿਆ ਸੀ।
‘‘ਓਏ ਛੱਡ ਪਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਐ। ਹੋਰ ਦੋ ਘੰਟੇ ਨੂੰ ਇਨ੍ਹਾਂ ਊਈਂ ਬੇਹੇ ਹੋ ਜਾਣਾ ਐ,’ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਸ ਨੇ ਬੇਵੱਸ ਜਿਹਾ ਹੋ ਕੇ ਡੇਢ ਆਨੇ ਨੂੰ ਹੀ ਹਾਰ ਦੇ ਦਿੱਤਾ।
ਲਾਲਾ ਜੀ ਮੰਦਰ ਵਿਚ ਆ ਪਹੁੰਚੇ।
ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ, ਅੱਖਾਂ ਮੀਚ ਕੇ, ਅੰਤਰ ਧਿਆਨ ਹੋ ਕੇ ਉਸ ਨਾਲ ਲੈਣ-ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜਿਊਂਦੇ ਫੁੱਲਾਂ ਦਾ ਹਾਰ ਉਸ ਦੇ ਚਰਨਾਂ ਵਿਚ ਵਗਾਹ ਮਾਰਿਆ।
ਰੱਬ ਮੰਦਰ ਵਿਚੋਂ ਬਾਹਰ ਆ ਗਿਆ।
ਇਕ ਔਰਤ ਆਪਣੇ ਵਾਲਾਂ ਵਿਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬੜੀ ਸੋਹਣੀ ਸੀ।
ਰੱਬ ਦੀਆਂ ਅੱਖਾਂ ਵਿਚ ਚਮਕ ਆ ਗਈ।
‘‘ਸਿਰ ਢੱਕ ਲੈ ਸਾਊ ਜ਼ਮਾਨਾ ਮਾੜਾ ਐ’’ ਉਸ ਔਰਤ ਨੂੰ ਮਗਰ ਆ ਰਹੀ ਇਕ ਬੁਢੀ ਜੋ ਸ਼ਾਇਦ ਉਸ ਔਰਤ ਦੀ ਸੱਸ ਸੀ, ਨੇ ਕਿਹਾ।
ਆਗਿਆਕਾਰ ਧੀਆਂ-ਨੂੰਹਾਂ ਵਾਂਗ ਉਸ ਨੇ ਸਿਰ ਢੱਕ ਲਿਆ।
ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸ ਦਾ ਜ਼ਰੂਰ ਪੱਲੇ ਹੇਠਾਂ ਸਾਹ ਘੁਟਿਆ ਗਿਆ ਹੋਣਾ ਏਂ।
ਏਨੇ ਨੂੰ ਕਣੀਆਂ ਉਤਰ ਆਈਆਂ।
ਆਵਾਜਾਈ ਹੋਰ ਤੇਜ਼ ਹੋ ਗਈ।
ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ।
ਚਿੜੀ ਬਣਿਆ ਰੱਬ ਇਕ ਖੰਭੇ ਉਤੇ ਬੈਠਣ ਹੀ ਲੱਗਿਆ ਸੀ ਕਿ ਉਸ ਨੂੰ ਕਰੰਟ ਦਾ ਅਜਿਹਾ ਝਟਕਾ ਲੱਗਿਆ ਕਿ ਪਲ ਦੇ ਪਲ ਲਈ ਉਸ ਦੀ ਸੁਰਤ ਜਿਹੀ ਗੁੰਮ ਹੋ ਗਈ।
ਕੱਚੀ ਜਿਹੀ ਹਾਸੀ ਹੱਸ ਕੇ ਉਹ ਇਕ ਘਰ ਦੀ ਛੱਤ ਉਤੇ ਬੈਠ ਗਿਆ।
ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿਚ ਕਿਧਰੇ ਦਰੱਖਤ ਹੀ ਨਹੀਂ ਪੰਛੀ ਕਿੱਥੇ ਬਹਿੰਦੇ ਹੋਣਗੇ। ਆਲ੍ਹਣੇ ਕਿੱਥੇ ਪਾਉਂਦੇ ਹੋਣਗੇ। ਰਾਤ ਨੂੰ ਕਿੱਥੇ ਸੌਂਦੇ ਹੋਣਗੇ। ਉਸ ਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ ਵਿਚ ਪੰਛੀ ਹਨ ਹੀ ਨਹੀਂ।
ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ। ਨਾ ਕਿਸੇ ਦੀਆਂ ਅੱਖਾਂ ਵਿਚ ਬੱਦਲਾਂ ਦੇ ਪਰਛਾਵੇਂ ਨੱਚੇ। ਨਾ ਕੋਈ ਨੰਗੇ-ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣ ਆਇਆ। ਨਾ ਕਿਸੇ ਨੇ ਵਾਲ ਖੋਲ੍ਹ ਕੇ ਡਿਗਦੇ ਮੋਤੀ ਬੋਚੇ। ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ।
ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ।
ਡਿੰਗੀ ਟੇਢੀ ਡੰਡੀ ਉਤੇ ਖੁੱਲ੍ਹੇ ਖੇਤਾਂ ਦੇ ਵਿਚਕਾਰ ਇਕ ਬੰਦਾ ਗਾਉਂਦਾ ਤੁਰਿਆ ਜਾ ਰਿਹਾ ਸੀ ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
‘‘ਕੀਹਨੂੰ ਨਾ ਮਿਲਣ ਦੀ ਕਸਮ ਖਾਧੀ ਏ ਇਸ ਨੇ?’’ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ।
‘‘ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆ ਰਿਹਾ ਏ।’’
‘‘ਤੈਨੂੰ ਕਿਵੇਂ ਪਤਾ ਏ?’’
‘‘ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਏ।’’
ਕਣੀਆਂ ਹੋਰ ਤੇਜ਼ ਹੋ ਗਈਆਂ। ਡੰਡੀ-ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ ਚੁਟਕੀਆਂ ਵਜਾਈਆਂ, ਬੱਦਲਾਂ ਵੱਲ ਵਾਕਫਾਂ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ, ‘‘ਮੈਨੂੰ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਸਾਹਮਣਿਓਂ, ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸ ਨੂੰ ਪਹਿਚਾਣ ਕੇ ਸਾਈਕਲ ਹੌਲੀ ਕਰ ਲਿਆ।
‘‘ਮੀਂਹ ਆ ਰਿਹੈ ਕਹੇਂ ਤਾਂ ਮੈਂ ਸਾਈਕਲ ’ਤੇ ਛੱਡ ਆਉਂਦਾ ਹਾਂ ਜਾਣਾ ਕਿੱਥੇ ਐ?’’ ਡਾਕੀਏ ਨੇ ਆਪਣੇ ਨੱਕ ਉਤੇ ਐਨਕ ਠੀਕ ਕਰਦਿਆਂ, ਇਕ ਪੈਰ ਧਰਤੀ ਉਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ।
‘‘ਜਾਣ…ਜਾਣਾ ਤਾਂ ਕਿਤੇ ਵੀ ਨਹੀਂ’’ ਉਸ ਨੇ ਆਪਣੀ ਚਾਲ ਬਿਨਾਂ ਹੌਲੀ ਕੀਤਿਆਂ ਕੋਲੋਂ ਲੰਘਦੇ ਨੇ ਕਿਹਾ।
‘‘ਮੀਂਹ ਆ ਰਿਹਾ ਏ ਕੱਪੜੇ ਭਿੱਜ ਜਾਣਗੇ’’ ਇਹ ਗੱਲ ਬਹੁਤੀ ਉਸ ਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਘਸੇ ਮੈਲੇ ਖਾਕੀ ਕੱਪੜਿਆਂ ਦਾ ਧਿਆਨ ਧਰ ਕੇ ਆਖੀ। ‘‘ਤੁਸੀਂ ਚੱਲੋ ਮੀਂਹ ਤੋਂ ਪਹਿਲਾਂ-ਪਹਿਲਾਂ ਟਿਕਾਣੇ ਪਹੁੰਚੋ।’’ ਖਚਰੀ ਜਿਹੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ।
ਕਾਹਲੀ-ਕਾਹਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ ‘‘ਇਸ ਵਿਚ ਹੱਸਣ ਵਾਲੀ ਭਲਾ ਕਿਹੜੀ ਗੱਲ ਸੀ, ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ।’’
ਪਿੰਡ ਤੋਂ ਦੂਰ ਮੜ੍ਹੀਆਂ ਵਾਲੇ ਟੋਭੇ ਵੱਲ ਉਹ ਬੰਦਾ ਮੁੜ ਪਿਆ।
‘‘ਕਿਉਂ?’’ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ।
ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿਚ ਕੋਈ ਜਿਊਂਦਾ ਬੰਦਾ ਹੀ ਹੋਵੇ।’’
ਚਿੜੀ ਬਣਿਆ ਰੱਬ ਹੱਸ ਪਿਆ।
‘‘ਇਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲਗਦਾ ਏ ਕਿ ਉਹ ਜਿਊਂਦੇ ਵੀ ਸਨ?’’ਰੱਬ ਨੇ ਹੈਰਾਨ ਹੋ ਕੇ ਪੁੱਛਿਆ।
ਉਹ ਬੰਦਾ ਟੋਭੇ ਦੇ ਕੰਢੇ ਉਤੇ ਪਹੁੰਚ ਗਿਆ।
ਟੋਭੇ ਵਿਚ ਭੰਬੂਲ ਖਿਲੇ ਹੋਏ ਸਨ।
ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿਚ ਖਿੜ ਗਿਆ। ਉਸ ਨੇ ਲਰਜ਼ਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ, ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਟੋਭੇ ਵਿਚ ਬਗਲੇ ਚੁਹਲ-ਕਦਮੀ ਕਰਦੇ ਫਿਰ ਰਹੇ ਸਨ। ਕੁਝ ਬੋਲ ਵੀ ਰਹੇ ਸਨ ਉਸ ਨੂੰ ਲੱਗਿਆ ਕਹਿ ਰਹੇ ਹਨ, ‘ਚੰਗਾ’ ‘ਚੰਗਾ’ ‘ਚੰਗਾ’।
ਟੋਭੇ ਦੇ ਘਸਮੈਲੇ ਪਾਣੀ ਵਿਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕਤਾੜੀਆਂ ਨਿਕਲ ਗਈਆਂ ਸਨ।
ਫਿਰ ਉਸ ਬੰਦੇ ਨੇ ਕੰਢੇ ਉਤੇ ਬੈਠ ਕੇ ਟੋਭੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ। ਫਿਰ ਉਹ ਹੱਥਾਂ ਨੂੰ ਹਿਲਾ-ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ ਜਿਵੇਂ ਸੱਚੀ-ਮੁੱਚੀਂ ਦੇ ਹੋਣ। ਤੇ ਇਨ੍ਹਾਂ ਹੱਥਾਂ ਦੀ ਇੰਨ-ਬਿੰਨ ਨਕਲ ਪਾਣੀ ਵਿਚ ਦਿੱਸਦਾ ਇਨ੍ਹਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹ ਨੂੰ ਇਹ ਕੋਈ ਬਹੁਤ ਬੜੀ ਕਰਾਮਾਤ ਲਗਦੀ ਸੀ।
ਫਿਰ ਉਸ ਨੇ ਪਾਣੀ ਦਾ ਉੱਜਲ ਭਰ ਕੇ ਭੰਬੂਲਾਂ ਉਤੇ ਸੁੱਟਿਆ। ਉਹ ਨੱਚ ਉਠੇ, ਉਹ ਗਾਣ ਲੱਗ ਪਿਆ-
‘‘ਸੂਰਜਾਂ ਦੀ ਜਿੰਦ ਮੇਰੀ,
ਬੱਦਲਾਂ ਦੀ ਜਿੰਦ ਮੇਰੀ,
ਪੰਛੀਆਂ ਦੀ ਜਿੰਦ ਮੇਰੀ,
ਪੱਤਿਆਂ ਦੀ ਜਿੰਦ ਮੇਰੀ,
ਪੌਣਾਂ ਦੀ ਜਿੰਦ ਮੇਰੀ,
ਮੈਨੇ ਤੁਮਕੋ ਨਾ ਮਿਲਣੇ ਕੀ ਕਸਮ ਖਾਈ ਹੈ।’’
ਫਿਰ ਉਸ ਨੇ ਹੱਥ ਧੋ ਲਏ।
ਟੋਭੇ ਕੰਢੇ ਖੜ੍ਹੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲ ਕੀਤੀ।
ਤੇਜ਼ ਹਵਾ ਵਿਚ ਬਰੋਟੇ ਦੇ ਪੱਤੇ ਅੱਗੜ ਪਿੱਛੜ ਖੜ-ਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ।
ਚਿੜੀ ਬਣੇ ਬਰੋਟੇ ਉਤੇ ਬੈਠੇ ਰੱਬ ਵੱਲ ਤਕ ਕੇ ਉਸ ਬੰਦੇ ਨੇ ਸੀਟੀ ਮਾਰੀ।
ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ।
ਰੱਬ ਹੱਸ ਪਿਆ ਤੇ ਬੋਲਿਆ ‘‘ਉਨ੍ਹਾਂ ਸਾਰਿਆਂ ਲਈ ਨਾ ਸਹੀ ਅਜਿਹੇ ਇਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ। ਬੱਦਲ ਵਰ੍ਹਦੇ ਰਹਿਣਗੇ। ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ ਜਿਹੜਾ ਗਾ ਰਿਹਾ ਸੀ ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਬਹਾਰ ਨੇ ‘‘ਜਿਵੇਂ ਆਗਿਆ’’ ਆਖ ਸਿਰ ਨਿਵਾ ਦਿੱਤਾ।
ਚਿੜੀ ਬਣਿਆ ਰੱਬ ਸੋਚ ਰਿਹਾ ਸੀ ਉਪਰ ਸਵਰਗ ਜਾਇਆ ਜਾਵੇ ਕਿ ਨਾ।
ਦਲੀਪ ਕੌਰ ਟਿਵਾਣਾ
“ਮੈਂ ਉਹਦੇ ਗਲ਼ੇ ‘ਤੇ ਚਾਕੂ ਰੱਖਿਆ, ਹੌਲ਼ੀ-ਹੌਲ਼ੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ।”
“ਇਹ ਤੂੰ ਕੀ ਕੀਤਾ?”
“ਕਿਉਂ?”
“ਉਹਨੂੰ ਹਲਾਲ ਕਿਉਂ ਕੀਤਾ?”
“ਸੁਆਦ ਆਉਂਦਾ ਹੈ, ਇਸ ਤਰ੍ਹਾਂ ਕਰਨ ‘ਚ”
“ਮਜ਼ਾ ਆਉਂਦਾ ਹੈ ਦੇ ਬੱਚਿਆ… ਤੈਨੂੰ ਝਟਕਾਉਣਾ ਚਾਹੀਦਾ ਸੀ… ਇਸ ਤਰ੍ਹਾਂ।”
ਅਤੇ ਹਲਾਲ ਕਰਨ ਵਾਲ਼ੇ ਦੀ ਗਰਦਨ ਝਟਕਾ ਦਿੱਤੀ ਗਈ।
ਸਆਦਤ ਹਸਨ ਮੰਟੋ
ਅਸੀਂ ਸਭ ਲੰਗਰ ਦੇ ਦਾਲ ਫੁਲਕੇ ਤੋਂ ਜਾਣੂ ਹਾਂ, ਲੱਖ ਕੋਸ਼ਿਸ਼ ਕਰ ਲਈਏ ਪਰ ਜੋ ਸਵਾਦ ਲੰਗਰ ਦੀ ਦਾਲ਼ ਦਾ ਹੁੰਦਾ ਏ, ਉਹ ਘਰ ਦੀ ਬਣਾਈ ਦਾਲ਼ ਚੋਂ ਨਹੀ ਆ ਸਕਦਾ, ਕਾਰਨ , ਸਿਰਫ ਇੱਕ ਈ ਦਿਸਦਾ ਏ ਕਿ ਬਣਾਉਂਦੇ ਵਕਤ ਜੋ ਭਾਵਨਾ ਹੁੰਦੀ ਏ, ਉਹ ਸਵਾਦ ਵਿੱਚ ਉੱਤਰ ਆਉਂਦੀ ਏ , ਬਹੁਤਾ ਨਹੀਂ , ਤਾਂ ਥੋੜਾ ਈ ਸਹੀ, ਬਣਾਉਣ ਵਾਲਾ ਇਨਸਾਨ ਖ਼ੁਦ ਦੀ ਸੋਚ ਨੂੰ ਨਿਰਮਲ ਰੱਖਣ ਦਾ ਯਤਨ ਜ਼ਰੂਰ ਕਰਦਾ ਏ ।
ਬਾਹਰੋਂ ਖਾਣਾ ਖਾਂਦੇ ਵਕਤ ਜਦੋਂ ਹੋਰ ਖਾਣਾ ਆਰਡਰ ਕਰਦੇ ਹਾਂ ਤਾਂ ਕਿੰਨੀਆਂ ਨਜ਼ਰਾਂ ਚੋਂ ਲੰਘਦਾ ਏ ਓਹ, ਪਹਿਲਾਂ ਵੇਟਰ , ਫਿਰ ਰਸੋਈਆ ਤੇ ਹੋਰ ਪਤਾ ਨਹੀ ਕਿੰਨੇ ਜਣੇ । ਕਾਊਂਟਰ ਤੇ ਬੈਠਾ ਇਨਸਾਨ ਵੀ ਕੈਮਰਿਆਂ ਤੇ ਨਿਗਾ ਟਿਕਾ ਕੇ ਬੈਠਾ ਹੁੰਦਾ ਏ ਕਿ ਐਨੇ ਪੈਸੇ ਹੋਰ ਬਣ ਗਏ । ਅਜਿਹੇ ਮਾਹੌਲ ਚ ਖਾਧਾ ਖਾਣਾ ਕਦੀ ਸੰਤੁਸ਼ਟੀ , ਪ੍ਰੇਮ ਭਾਵਨਾ ਨਹੀ ਜਗਾਉਂਦਾ , ਬੇਭਰੋਸਗੀ, ਬੇਲੋੜੀ ਕਾਹਲ ਤੇ ਬੇਗਾਨਗੀ ਦੀ ਸੋਚ ਈ ਪੈਦਾ ਕਰਦਾ ਏ। ਪਰ ਏਹੀ ਖਾਣਾ ਅਗਰ ਮਾਂ ਦੇ ਹੱਥੋਂ ਪੱਕਿਆ ਮਿਲ ਜਾਵੇ ਤਾਂ ਅੰਮ੍ਰਿਤ ਬਣ ਜਾਂਦਾ ਏ, ਅਗਰ ਹੋਰ ਖਾਣੇ ਦੀ ਮੰਗ ਕਰੋ ਤਾਂ ਮਾਂ ਨੂੰ ਖ਼ੁਸ਼ੀ ਮਿਲਦੀ ਏ, ਤ੍ਰਿਪਤੀ ਹਾਸਿਲ ਹੁੰਦੀ ਏ, ਸ਼ਾਇਦ ਕੁਝ ਉਵੇਂ ਦੀ ਹੀ , ਜਿਵੇਂ ਦੀ ਕਦੀ ਆਪਣੀ ਛਾਤੀ ਦਾ ਦੁੱਧ ਪਿਆ ਕੇ ਹੁੰਦੀ ਸੀ ।
ਕਿਤੇ ਬੇਵਜ੍ਹਾ ਜਾਣਾ ਪੈ ਜਾਵੇ ਤਾਂ ਇਨਸਾਨ ਇੱਕ ਇੱਕ ਕਦਮ ਗਿਣਦਾ ਏ, ਅਗਰ ਮੌਸਮ ਵੀ ਖ਼ਰਾਬ ਹੋਵੇ ਤਾਂ ਗ਼ੁੱਸਾ ਉਬਾਲੇ ਮਾਰਨ ਲੱਗਦਾ ਏ । ਪਰ ਏਹੀ ਯਾਤਰਾ ਕਿਸੇ ਪ੍ਰਾਣ ਪਿਆਰੇ ਨੂੰ ਮਿਲਣ ਜਾਣ ਲਈ ਕਰਨੀ ਹੋਵੇ ਤਾਂ ਵਕਤ ਦਾ ਪਤਾ ਈ ਨਹੀਂ ਲੱਗਦਾ , ਪੈਰ ਭੋਇਂ ਨਹੀ ਲੱਗਦੇ , ਮੌਸਮ ਦੀ ਖ਼ਰਾਬੀ ਵੱਲ ਖਿਆਲ ਈ ਨਹੀਂ ਜਾਂਦਾ । ਕਾਰਣ ਓਹੀ ,ਪ੍ਰੇਮ ਦੀ ਭਾਵਨਾ ਬਾਕੀ ਸਭ ਤੰਗੀਆਂ ਤੁਰਸ਼ੀਆਂ ਨੂੰ ਰੋੜ੍ਹ ਕੇ ਲੈ ਜਾਂਦੀ ਏ ।
ਸੂਰਜ ਚੜ੍ਹਦਾ ਏ ਤਾਂ ਧਰਤੀ ਦਾ ਹਰ ਕੋਨਾ ਰੁਸ਼ਨਾਉਂਦਾ ਏ, ਸਹੀ ਵੱਤਰ ਵਿੱਚ , ਸਹੀ ਡੂੰਘਾਈ ਤੇ ਪਿਆ ਹੋਇਾਆ ਬੀਜ ਉੰਗਰਦਾ ਏ ਇਸ ਦੀ ਗਰਮਾਇਸ਼ ਤੋਂ, ਕਲੀ ਫੁੱਲ ਬਣ ਮਹਿਕਦੀ ਏ ਧੁੱਪ ਹਾਸਿਲ ਕਰਕੇ , ਪਰ ਕਿਤੇ ਲੱਗਾ ਹੋਇਆ ਗੰਦਗੀ ਦਾ ਢੇਰ ਬਦਬੂ ਮਾਰਦਾ ਏ ਸੇਕ ਪੈਣ ਕਰਕੇ । ਆਲਾ ਦੁਆਲਾ ਪਰਦੂਸ਼ਿਤ ਹੋ ਜਾਦਾ ਏ ਓਸੇ ਗੰਦਗੀ ਤੋਂ । ਪਰ ਕਸੂਰ ਧੁੱਪ ਦਾ ਨਹੀਂ, ਗੰਦਗੀ ਦੇ ਢੇਰ ਦਾ ਏ । ਸੂਰਜ ਤਾਂ ਆਪਣਾ ਧਰਮ ਈ ਨਿਭਾ ਰਿਹਾ ਏ ਨਾ ।
ਤੇ ਏਹੀ ਹਾਲ ਮਨੁੱਖਾਂ ਦੀ ਅਵੱਸਥਾ ਦਾ ਏ, ਇੱਕੋ ਜਿਹੇ ਹਾਲਾਤਾਂ ਵਿੱਚ ਈ ਇੱਕ ਇਨਸਾਨ ਨ੍ਰਿਤ ਕਰ ਰਿਹਾ ਏ, ਝੂਮ ਰਿਹਾ ਏ , ਕਿਉਂਕਿ ਅੰਦਰੋਂ ਤ੍ਰਿਪਤ ਏ, ਉਹਨਾ ਈ ਹਾਲਾਤਾਂ ਵਿੱਚ ਇੱਕ ਅੰਦਰੋਂ ਦੁਖੀ ਇਨਸਾਨ ਖਿਝ ਰਿਹਾ ਹੁੰਦਾ ਏ, ਦੂਜਿਆਂ ਨੂੰ ਖੁਸ਼ ਵੇਖਕੇ ਹੋਰ ਕਰੋਧਿਤ ਹੋ ਰਿਹਾ ਹੁੰਦਾ ਏ ਕਿ ਭਲਾ ਇਹਦੇ ਵਿੱਚ ਨੱਚਣ ਵਾਲੀ ਕਿਹੜੀ ਗੱਲ ਏ ?
ਪਰਮਾਤਮਾ ਕਰੇ , ਸਾਨੂੰ ਵੀ ਸੋਚ ਦੀ ਮਲੀਦਗੀ ਸਾਫ ਕਰਕੇ ਫੁੱਲਾਂ ਵਾਂਗ ਮਹਿਕਣਾ ਆ ਜਾਵੇ ।ਜਿੰਦਗੀ ਦਾ ਇੱਕ ਦਿਨ ਹੋਰ ਮਿਲਣ ਦਾ,ਇੱਕ ਨਵਾਂ ਸੂਰਜ ਵੇਖਣ ਦਾ ਸ਼ੁਕਰਾਨਾ ਭਾਵ ਸਾਨੂੰ ਅੰਦਰੋਂ ਭਰ ਦੇਵੇ । ਸਾਡੀ ਨਜ਼ਰ ਜਿੰਦਗੀ ਦੀਆਂ ਊਣਤਾਈਆਂ ਤੋਂ ਹਟਕੇ ਉਸਦੀਆਂ ਰਹਿਮਤਾਂ ਤੇ ਟਿਕ ਜਾਵੇ ਤਾਂ ਜੀਉਣਾ ਸਫਲ ਹੋ ਜਾਵੇ , ਖ਼ੁਦ ਵੀ ਮਹਿਕੀਏ ਤੇ ਚੁਗਿਰਦਾ ਵੀ ਮਹਿਕਦਾ ਰਹੇ ।
ਦਵਿੰਦਰ ਸਿੰਘ ਜੌਹਲ
ਜਦੋਂ ਵੀਰ ਭਗਤ ਸਿੰਘ, ਦੱਤ ਨੂੰ
ਦਿੱਤਾ ਫਾਂਸੀ ਦਾ ਹੁਕਮ ਸੁਣਾ।
ਉਹਦੀ ਹੋਵਣ ਵਾਲੀ ਨਾਰ ਨੂੰ
ਕਿਸੇ ਪਿੰਡ ਵਿਚ ਦੱਸਿਆ ਜਾ”।
ਗੱਡੀ ਵਿਚ ਅੰਨ੍ਹਾ ਮੰਗਤਾ ਗਾ ਰਿਹਾ ਸੀ। ”ਫਿਰ” ਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ ਪਰ ਸਟੇਸ਼ਨ ਆ ਜਾਣ ਕਰ ਕੇ ਉਹ ਉਸ ਡੱਬੇ ਵਿਚੋਂ ਉਤਰ ਕੇ ਦੂਜੇ ਵਿਚ ਜਾ ਚੜ੍ਹਿਆ। ਮੈਨੂੰ ਮੁੜ ਮੁੜ ਖਿਆਲ ਆਉਣ ਲੱਗਾ ਕਿ ਜਦੋਂ ਕਿਸੇ ਨੇ ਪਿੰਡ ਵਿਚ ਜਾ ਕੇ ਦੱਸਿਆ ਹੋਣਾ ਏਂ, ਕੀ ਗੁਜ਼ਰੀ ਹੋਊ ਭਗਤ ਸਿੰਘ ਦੀ ਮੰਗੇਤਰ ਦੇ ਦਿਲ ‘ਤੇ? ਮੈਂ ਡੱਬੇ ਦੀ ਬਾਰੀ ਵਿਚੋਂ ਬਾਹਰ ਤੱਕਣ ਲੱਗੀ। ਇਉਂ ਲਗਦਾ ਸੀ ਜਿਵੇਂ ਸਾਹਮਣੇ ਖੇਤ, ਖੇਤਾਂ ਵਿਚ ਉਗੀਆਂ ਫਸਲਾਂ ਤੇ ਦਰਖਤਾਂ ਦੀਆਂ ਕਤਾਰਾਂ ਨੱਠੀਆਂ ਜਾ ਰਹੀਆਂ ਹੋਣ। ਉਨੀ ਹੀ ਤੇਜ਼ੀ ਨਾਲ ਖਿਆਲ ਮੇਰੇ ਦਿਮਾਗ ਵਿਚ ਨੱਠਣ ਲੱਗੇ। ਮੇਰੀ ਕਲਪਨਾ ਦੂਰ ਦਿਸਹੱਦੇ ਤੋਂ ਵੀ ਦੂਰ ਪਿੰਡ ਦੇ ਕਿਸੇ ਕੱਚੇ ਕੋਠੇ ਵਿਚ ਬੈਠੀ ਚਰਖਾ ਕੱਤਦੀ ਸੁਨੱਖੀ ਇਸਤਰੀ ਨੂੰ ਲੱਭਣ ਲੱਗੀ। ਚੁੱਪ ਚਾਪ ਮੈਂ ਉਹਦੇ ਮੂੰਹ ਵੱਲ ਤੱਕਣ ਲੱਗੀ।
“ਕੀ ਆਹਨੀ ਏਂ”?” ਉਹ ਬੋਲੀ।
“ਤੂੰ ਕਿਵੇਂ ਉਮਰ ਗੁਜ਼ਾਰੀ?” ਮੈਂ ਪੁੱਛਿਆ।
“ਮੈਨੂੰ ਉਹਦੀ ਇੱਜ਼ਤ ਦਾ ਪਾਸ ਸੀ। ਲੋਕਾਂ ਕਹਿਣਾ ਸੀ, ਇਹ ਭਗਤ ਸਿੰਘ ਦੀ ਮੰਗੇਤਰ ਏ। ਮੈਂ ਕਿਵੇਂ ਸਾਹਸ ਛੱਡਦੀ? ਮਿਹਨਤ ਮਜ਼ਦੂਰੀ ਕੀਤੀ, ਲੋਕਾਂ ਦੀਆਂ ਕਪਾਹਾਂ ਚੁਗੀਆਂ, ਕੱਤਣਾ ਕੱਤਿਆ, ਪੀਹਣੇ ਪੀਠੇ, ਕੋਠੇ ਲਿੱਪੇ, ਘਾਹ ਖੋਤੇ ’ਤੇ ਡੰਗ ਟਪਾਇਆ।”
“ਕਿਉਂ, ਤੇਰੇ ਮਾਪਿਆਂ ਨੂੰ ਤੇਰਾ ਖਿਆਲ ਨਹੀਂ ਸੀ?” ਮੈਂ ਪੁੱਛਿਆ।
“ਕਿਹੜਾ ਸਾਲ ਛੀ ਮਹੀਨੇ ਦੀ ਗੱਲ ਸੀ ਕਿ ਮੈਂ ਉਨ੍ਹਾਂ ‘ਤੇ ਬੋਝ ਬਣੀ ਰਹਿੰਦੀ? ਇਹ ਤਾਂ ਉਮਰਾਂ ਦੇ ਮਾਮਲੇ ਸਨ। ਨਾਲੇ ਉਨ੍ਹਾਂ ਉਹਨੂੰ ਹੀ ਕੋਸਣਾ ਸੀ ਜਿਹੜਾ ਆਪਣੇ ਫਰਜ਼ਾਂ ਨੂੰ ਵਿਚੇ ਹੀ ਛੱਡ ਗਿਆ ਸੀ।”
“ਤੂੰ ਸਰਕਾਰ ਕੋਲੋਂ ਮਦਦ ਮੰਗ ਲੈਣੀ ਸੀ।” ਮੈਂ ਉਦਾਸ ਹੋ ਕੇ ਆਖਿਆ।
“ਮੈਂ ਉਹਦੀ ਮੰਗੇਤਰ ਹੋ ਕੇ ਕਿਸੇ ਅੱਗੇ ਹੱਥ ਅੱਡਦੀ, ਇਹ ਮੈਥੋਂ ਹੋ ਨਹੀਂ ਸਕਿਆ।”
ਉਹਦਾ ਸਿਦਕ, ਉਹਦਾ ਸਾਹਸ, ਉਹਦਾ ਸਿਰੜ ਦੇਖ, ਮੇਰਾ ਦਿਲ ਕਰੇ; ਇਸ ਮਹਾਨ ਔਰਤ ਦੇ ਪੈਰ ਛੂਹ ਲਵਾਂ। ਉਮਰਾਂ ਦੇ ਛਿੱਲੜ ਲਾਹ ਉਹ ਭਰ ਜਵਾਨ ਕੁੜੀ ਬਣ, ਮੇਰੀ ਯਾਦ ਵਿਚ ਉਘੜ ਖਲੋਤੀ।
“ਸੁਣਿਆ ਏ ਉਹਦੇ ਪਿੰਡ ਉਹਦੀ ਯਾਦ ਮਨਾ ਰਹੇ ਨੇ। ਤੂੰ ਜਾਏਂਗੀ?” ਮੈਂ ਪੁੱਛਿਆ।
“ਮੈਂ” ਮੈਂ ਉਹਦੇ ਪਿੰਡ ਭਲਾ ਕਿਵੇਂ ਜਾ ਸਕਦੀ ਹਾਂ? ਉਹਨੇ ਵੱਜਦੇ ਵਾਜਿਆਂ ਨਾਲ ਸਿਹਰੇ ਬੰਨ੍ਹ ਕੇ ਮੈਨੂੰ ਲੈਣ ਆਉਣਾ ਸੀ, ਉਹ ਆਇਆ ਨਹੀਂ। ਫਿਰ ਮੈਂ ਕਿਵੇਂ ਜਾ ਸਕਦੀ ਹਾਂ?”
“ਇਹ ਤੇ ਬੜੀ ਪੁਰਾਣੀ ਗੱਲ ਹੋ ਗਈ ਏ।” ਮੈਂ ਆਖਿਆ।
“ਤੈਨੂੰ ਪੁਰਾਣੀ ਲੱਗਦੀ ਹੋਊ। ਮੈਨੂੰ ਤਾਂ ਇਉਂ ਲੱਗਦੀ ਏ, ਜਿਵੇਂ ਹਾਲੇ ਕੱਲ੍ਹ ਦੀ ਗੱਲ ਹੋਵੇ। ਜਦੋਂ ਇਕ ਦਿਨ ਦੀਵੇ ਬਲਦਿਆਂ ਨਾਲ ਉਹ ਸਾਡੇ ਪਿੰਡ ਆਇਆ ਸੀ, ਬਾਹਰ ਖੂਹ ‘ਤੇ ਖਲੋ ਇਕ ਨਿਆਣੇ ਹੱਥ ਮੈਨੂੰ ਸੁਨੇਹਾ ਭੇਜ ਦਿੱਤਾ। ਮੈਂ ਝਿਜਕਦੀ ਝਿਜਕਦੀ ਸਭ ਤੋਂ ਚੋਰੀ ਉਥੇ ਆ ਗਈ। ਬੋਲਿਆ- “ਤੂੰ ਫਿਕਰ ਨਾ ਕਰੀਂ, ਅਜੇ ਮੈਨੂੰ ਜ਼ਰੂਰੀ ਕੰਮ ਨੇ। ਜਦੋਂ ਵਿਆਹ ਕੀਤਾ, ਮੈਂ ਤੇਰੇ ਨਾਲ ਹੀ ਕਰਾਂਗਾ। ਮੈਂ ਛੇਤੀ ਹੀ ਆਵਾਂਗਾ।” ਉਹ ਚਲਿਆ ਗਿਆ ਤੇ ਮੁੜ ਅਜੇ ਤੱਕ ਨਹੀਂ ਆਇਆ।”
ਉਸ ਵੇਲੇ ਮੈਨੂੰ ਇਕ ਰੂਸੀ ਗੀਤ ਯਾਦ ਆਇਆ- ‘ਸਾਡਾ ਘਰ ਸਜਨੀਏ ਏਡੀ ਦੂਰ ਤਾਂ ਨਹੀਂ ਸੀ ਕਿ ਉਮਰ ਭਰ ਫੇਰਾ ਨਾ ਪਾਇਆ।’ ਇਨ੍ਹਾਂ ਲਫਜ਼ਾਂ ਦੀ ਤੜਫ ਉਹਦੇ ਮੂੰਹ ਤੋਂ ਲੱਭਦੀ ਸੀ ਜਿਹੜੀ ਜ਼ਿੰਦਗੀ ਭਰ ਉਹਨੂੰ ਉਡੀਕਦੀ ਰਹੀ ਜਿਸ ਨੇ ਮੁੜ ਕਦੇ ਫੇਰਾ ਨਾ ਪਾਇਆ।
“ਤੂੰ ਇਨ੍ਹਾਂ ਪੀੜਾਂ ਦੀ ਸਾਰ ਕੀ ਜਾਣੇ!” ਉਹ ਅੱਖਾਂ ਭਰ ਕੇ ਬੋਲੀ। ਦੋ ਹੰਝੂ ਵਹਿ ਤੁਰੇ। ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ- ‘ਇਹ ਕਿਹੀ ਵੇ ਧਰਤ ਕੰਡਿਆਲੀ, ਇਹ ਕਿਹੇ ਵੇ ਜੀਵਨ ਦੇ ਬਰੇਤੇ’ ਮੇਰੇ ਸਾਹ ਸੁੱਕਦੇ ਜਾ ਰਹੇ ਨੇ।
“ਰੱਬ ਤੈਨੂੰ ਲੰਮੀ ਉਮਰ ਬਖਸ਼ੇ।” ਉਹਦੇ ਕੁਮਲਾਏ ਮੂੰਹ ਵੱਲ ਤੱਕ ਕੇ ਮੈਂ ਆਖਿਆ।
ਉਹ ਇਉਂ ਤ੍ਰਭਕੀ ਜਿਵੇਂ ਮੈਂ ਉਹਦੇ ਚਪੇੜ ਕੱਢ ਮਾਰੀ ਹੋਵੇ। ਫਿਰ ਕਰੁਣਾ ਭਰੀ ਆਵਾਜ਼ ਵਿਚ ਕਹਿਣ ਲੱਗੀ, “ਮੇਰੀਏ ਹਮਦਰਦਣੇ, ਲੰਮੀ ਉਮਰ ਲਈ ਮੇਰੀ ਚਾਹ ਨਹੀਂ। ਉਮਰ ਦੇ ਤਾਂ ਇਹ ਦਿਨ ਵੀ ਨਹੀਂ ਮੁੱਕਦੇ ਪਏ।”
ਉਹਦੀ ਉਦਾਸੀ ਮੇਰੇ ਕੋਲੋਂ ਦੇਖੀ ਨਾ ਗਈ। ਗੱਲ ਬਦਲਣ ਲਈ ਮੈਂ ਆਖਿਆ, “ਤੂੰ ਮੇਰੇ ਨਾਲ ਸ਼ਹਿਰ ਚੱਲ। ਮੇਰੀ ਭੈਣ ਦਾ ਵਿਆਹ ਏ, ਦੋ ਚਾਰ ਦਿਨ ਸੁਹਣੇ ਲੰਘ ਜਾਣਗੇ।”
“ਨਹੀਂ ਮੈਂ ਵਿਆਹ ਨਹੀਂ ਜਾ ਸਕਦੀ।” ਉਹ ਬੋਲੀ।
“ਕਿਉਂ?” ਮੈਂ ਪੁੱਛਿਆ।
“ਖੁਸ਼ੀਆਂ ਦੇ ਮੌਕੇ ਮੇਰੇ ਕੋਲੋਂ ਝੱਲੇ ਨਹੀਂ ਜਾਂਦੇ। ਅਜਿਹੇ ਮੌਕਿਆਂ ‘ਤੇ ਮੈਂ ਬੜੀ ਥੱਕ ਜਾਂਦੀ ਹਾਂ। ਮੈਥੋਂ ਆਪਣੇ ਗਮ ਹੁਣ ਘੜੀ ਪਲ ਲਈ ਵੀ ਦੂਰ ਨਹੀਂ ਕੀਤੇ ਜਾਂਦੇ। ਮੈਨੂੰ ਇਨ੍ਹਾਂ ਦੇ ਨਾਲ ਰਹਿਣ ਦੀ ਆਦਤ ਪੈ ਗਈ ਏ। ਇਕ ਗੱਲ ਦੱਸੇਂਗੀ?” ਉਹਨੇ ਆਸ ਨਾਲ ਮੇਰੇ ਵੱਲ ਤੱਕਿਆ।
“ਹਾਂ ਪੁੱਛ।” ਮੈਂ ਆਖਿਆ।
“ਕੀ ਸੱਚੀ ਮੁੱਚੀ ਕੋਈ ਅਗਲਾ ਜਨਮ ਵੀ ਹੁੰਦਾ ਹੈ?”
‘ਵਿਚਾਰੀ!’ ਮੇਰੇ ਦਿਲ ਨੇ ਆਖਿਆ।
“ਹਾਂ, ਜ਼ਰੂਰ ਹੁੰਦਾ ਏ।” ਮੈਂ ਕਹਿ ਦਿੱਤਾ। ਇਹ ਸੁਣ ਉਸ ਦੀਆਂ ਅੱਖਾਂ ਵਿਚ ਚਮਕ ਆਈ ਤੇ ਉਹ ਮੁਸਕਰਾ ਪਈ।
“ਕੀ ਅਜੇ ਤੀਕ ਵੀ ਉਹ ਤੈਨੂੰ ਯਾਦ ਏ?” ਮੈਂ ਪੁੱਛਿਆ।
“ਹਾਂ, ਹਰ ਘੜੀ ਹਰ ਪਲ ਉਹ ਮੈਨੂੰ ਯਾਦ ਰਹਿੰਦਾ ਏ। ਕਦੇ ਕਦੇ ਤਾਂ ਬੜਾ ਮਨ ਕਰਦਾ ਏ ਕਿ ਕੋਈ ਆ ਕੇ ਆਖੇ- ‘ਨਹੀਂ ਉਹ ਮਰਿਆ ਨਹੀਂ, ਉਹਨੂੰ ਫਾਂਸੀ ਨਹੀਂ ਦਿੱਤੀ ਗਈ, ਉਹ ਜਿਉਂਦਾ ਏ।’ ਕਦੀ ਕਦੀ ਸੋਚਦੀ ਹਾਂ, ਜੇ ਕਿਧਰੇ ਉਹ ਸੱਚੀ-ਮੁੱਚੀ ਮੁੜ ਆਵੇ, ਮੈਂ ਉਹਨੂੰ ਆਖਾਂ- “ਕਹੁ ਵੇ ਇਨ੍ਹਾਂ ਤਕਦੀਰਾਂ ਨੂੰ, ਇਉਂ ਨਾ ਦੂਰ ਖਲੋਣ, ਮੈਂ ਵੀ ਕਿਸੇ ਦੀ ਧੀ ਵੇ, ਮੈਂ ਵੀ ਕਿਸੇ ਦੀ ਭੈਣ” ਪਰ ਹੁਣ ਇਨ੍ਹਾਂ ਤਕਦੀਰਾਂ ਕੋਲ ਮੇਰੇ ਜੋਗਾ ਹੈ ਈ ਕੀ ਏ।” ਉਹ ਉਦਾਸ ਹੋ ਕੇ ਬੋਲੀ।
“ਹੁਣ ਤਾਂ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਨੇ। ਦੇਖ, ਦੇਸ਼ ਕਿਵੇਂ ਤਰੱਕੀ ਵੱਲ ਜਾ ਰਿਹਾ ਏ। ਤੂੰ ਵੀ ਕੋਈ ਹਿੱਸਾ ਪਾ। ਦੇਖ ਨਵਾਂ ਵਰ੍ਹਾ ਆਇਆ ਏ, ਨਵਾਂ ਕਦਮ ਚੁੱਕ।” ਮੈਂ ਆਖਿਆ। ਉਹਦਾ ਮੂੰਹ ਹਿੱਸ ਗਿਆ ਤੇ ਉਹ ਚੁੱਪ ਚਾਪ ਮੇਰੇ ਵੱਲ ਤੱਕਣ ਲੱਗੀ, ਜਿਵੇਂ ਕਹਿੰਦੀ ਹੋਵੇ,
ਪਿਛਲਾ ਵਰ੍ਹਾ ਰੋ ਕੇ ਟੁਰ ਚੱਲਿਆ,
ਅਗਲਾ ਵੀ ਖੜ੍ਹਾ ਉਦਾਸ।
ਕਿਹੜੇ ਵੇ ਮੁਨੀ ਸਰਾਪਿਆ,
ਤੂੰ ਮੁੜ ਨਾ ਪੁੱਛੀ ਬਾਤ।
“ਤੂੰ ਕੀ ਸੋਚ ਰਹੀ ਏ?” ਮੈਂ ਪੁੱਛਿਆ। ਉਸ ਨੇ ਹਉਕਾ ਭਰਿਆ, ਜਿਵੇਂ ਕਹਿੰਦੀ ਹੋਵੇ- ‘ਰਾਤ ਦੀ ਰਾਣੀ ਮੈਨੂੰ ਪੁੱਛਦੀ, ਕਿਥੇ ਤਾਂ ਗਈਆਂ ਨੀ ਤੇਰੀਆਂ ਨੀਂਦਰਾਂ! ਦਿਹੁੰ ਵੀ ਉਲਾਂਭੇ ਦਿੰਦਾ, ਕਿਥੇ ਤਾਂ ਖੋਈਆਂ ਤੇਰੀਆਂ ਸੂਰਤਾਂ!”ਮੈਂ ਮੁੜ ਮੁੜ ਤੈਥੋਂ ਪੁਛਦੀ, ਕੌਣ ਭਰੂ ਵੇ ਮੇਰੀ ਕਹਾਣੀ ਦਾ ਹੁੰਗਾਰਾ? ਕੌਣ ਬਣੂ ਵੇ ਮੇਰੇ ਦੁੱਖਾਂ ਦਾ ਸੀਰੀ?’
ਮੈਂ ਉਹਦੇ ਮੂੰਹ ਵੱਲ ਤੱਕਿਆ- ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥ ਇਸ ਕਥਨ ਅੱਗੇ ਮੈਂ ਸਿਰ ਝੁਕਾ ਦਿੱਤਾ। ਉਹਦੀ ਟੁੱਟੀ ਹੋਈ ਜੁੱਤੀ ‘ਤੇ ਮੇਰੀ ਨਜ਼ਰ ਪੈ ਗਈ। ਮੈਂ ਧਿਆਨ ਨਾਲ ਦੇਖਿਆ, ਉਹਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ। ਮੈਨੂੰ ਦੁੱਖ ਲੱਗਾ।
“ਤੂੰ ਉਹਨੂੰ ਵੇਖਿਆ ਸੀ?” ਉਹ ਅਜੇ ਵੀ ਉਹਦੇ ਬਾਰੇ ਹੀ ਸੋਚ ਰਹੀ ਸੀ।
“ਨਹੀਂ।” ਮੈਂ ਆਖਿਆ।
“ਉਹ ਬੜਾ ਸੋਹਣਾ ਸੀ। ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਪਰਾਹੁਣਿਆਂ ਨਾਲੋਂ ਸੋਹਣਾ।”“ਤੇ ਅੱਗਿਉਂ ਉਹਦਾ ਗਲਾ ਭਰ ਆਇਆ ਤੇ ਫਿਰ ਜਿਵੇਂ ਆਪਣੇ ਆਪ ਗੱਲਾਂ ਕਰਨ ਲੱਗੀ,
‘ਆਉਂਦੇ ਜਾਂਦੇ ਰਾਹੀਆਂ ਦੇ ਮੈਂ ਮੂੰਹ ਵੱਲ ਤੱਕਦੀ,
ਕੋਈ ਕਦੇ ਵੀ ਤੇਰੀ ਗੱਲ।
ਮੈਂ ਕੰਨਿਆ ਕੁਆਰੀ ਖੜ੍ਹੀ ਉਡੀਕਦੀ ਵੇ,
ਕਦੇ ਤਾਂ ਸੁਨੇਹਾ ਘੱਲ।’
“ਕੀ ਸੋਚ ਰਹੀ ਏਂ ਸੋਹਣੀਏ?” ਮੈਂ ਪੁੱਛਿਆ। ਉਹ ਆਪਣੇ ਹੱਥਾਂ ਦੀਆਂ ਲਕੀਰਾਂ ਵੱਲ ਧਿਆਨ ਨਾਲ ਤੱਕਣ ਲੱਗੀ, ਜਿਵੇਂ ਕਹਿ ਰਹੀ ਹੋਵੇ- ‘ਮਾਂ ਆਪਣੀ ਨੂੰ ਮੈਂ ਪੁੱਛਦੀ, ਧੀ ਦੇ ਕਿਹੇ ਲੇਖ ਲਿਖਾਏ।’
ਮੈਂ ਉਹਦੇ ਵੱਲ ਤੱਕਦੀ ਰਹੀ। ਕੋਈ ਲਾਟ ਬਲਦੀ ਸੀ ਉਹਦੀਆਂ ਨਜ਼ਰਾਂ ਵਿਚ। ਕੋਈ ਕਹਿਰ ਸੀ ਉਹਦੀ ਤੱਕਣੀ ਵਿਚ। ਮੈਨੂੰ ਲੱਗਿਆ ਜਿਵੇਂ ਉਹ ਕੋਈ ਨਾਗਣ ਬਣ ਕੇ ਫੁੰਕਾਰ ਰਹੀ ਹੋਵੇ। ਭਗਤ ਸਿੰਘ ਦੇ ਕਾਤਲਾਂ ਨੂੰ ਜਿਵੇਂ ਹੁਣੇ ਡੱਸ ਲੈਣਾ ਲੋਚਦੀ ਹੋਵੇ। ਜਿਵੇਂ ਸਭ ਕੁਝ ਭੰਨ ਤੋੜ, ਮਸਲ ਦੇਣਾ ਚਾਹੁੰਦੀ ਹੋਵੇ। ਫਿਰ ਉਹਨੇ ਪਲਕਾਂ ਝੁਕਾ ਲਈਆਂ ਜਿਵੇਂ ਕਹਿੰਦੀ ਹੋਵੇ- ‘ਮੈਂ ਭਲਾ ਕੀ ਕਰ ਸਕਦੀ ਹਾਂ?’
“ਤੂੰ ਨਿਰਾਸ਼ ਨਾ ਹੋ। ਭਗਤ ਸਿੰਘ ਸਿਰਫ ਤੇਰਾ ਹੀ ਨਹੀਂ ਸੀ, ਉਹ ਸਾਡਾ ਸਾਰਿਆਂ ਦਾ ਸੀ। ਉਹਦੀ ਮੌਤ ਦਾ ਦੁੱਖ ਤੈਨੂੰ ਹੀ ਨਹੀਂ, ਸਾਰੇ ਦੇਸ਼ ਨੂੰ ਹੈ। ਅਸੀਂ ਉਹਨੂੰ ਭੁੱਲੇ ਨਹੀਂ, ਸਾਨੂੰ ਤੂੰ ਵੀ ਯਾਦ ਏਂ।”
ਇਹ ਸੁਣ ਕੇ ਉਹਦੀਆਂ ਅੱਖਾਂ ਭਰ ਆਈਆਂ ਤੇ ਹੰਝੂ ਕੇਰ ਉਹ ਮੇਰੀ ਕਲਪਨਾ ਵਿਚੋਂ ਮੁੜ ਚੱਲੀ। ਮੈਨੂੰ ਲੱਗਿਆ- ‘ਧਰਤ ਅੰਬਰ ਵੀ ਸੋਚਦੇ, ਕੀ ਦੇਣ ਤਸੱਲੀ।’
ਇੰਨੇ ਨੂੰ ਇਕ ਝੂਟੇ ਨਾਲ ਗੱਡੀ ਸਟੇਸ਼ਨ ਉਤੇ ਆਣ ਖੜ੍ਹੀ ਹੋਈ। ਉਹ ਮੰਗਤਾ ਫਿਰ ਡੱਬੇ ਅੱਗੇ ਵੀ ਗਾਉਂਦਾ ਜਾ ਰਿਹਾ ਸੀ,
ਜਦੋਂ ਵੀਰ ਭਗਤ ਸਿੰਘ, ਦੱਤ ਨੂੰ,
ਦਿੱਤਾ ਫਾਂਸੀ ਦਾ ਹੁਕਮ ਸੁਣਾ।
ਉਹਦੀ ਹੋਵਣ ਵਾਲੀ ਨਾਰ ਨੂੰ,
ਕਿਸੇ ਪਿੰਡ ਵਿਚ ਦੱਸਿਆ ਜਾ।
ਦਲੀਪ ਕੌਰ ਟਿਵਾਣਾ
ਮਾਂ ਦਾ ਦਰਜਾ ਸਭ ਤੋਂ ਉੱਚਾ ਏ ਇਨਸਾਨ ਦੀ ਜਿੰਦਗੀ ਵਿੱਚ, ਮਾਂ ਝਿੜਕ ਤਾਂ ਲੈਂਦੀ ਏ ਪਰ ਝਿੜਕਣ ਨਹੀ ਦੇਂਦੀ ਕਿਸੇ ਹੋਰ ਨੂੰ , ਕਿਉਂਕਿ ਉਸਦੀ ਝਿੜਕ ਵਿੱਚ ਵੀ ਪਿਆਰ ਪਰੋਇਆ ਹੁੰਦਾ ਏ , ਮਾਂ ਕਦੀ ਸੁਪਨੇ ਵਿੱਚ ਵੀ ਬੁਰਾ ਨਹੀ ਚਾਹੁੰਦੀ ਆਪਣੇ ਬੱਚੇ ਦਾ । ਖ਼ੁਦ ਭੁੱਖ ਪਿਆਸ ਬਰਦਾਸ਼ਤ ਕਰ ਲੈਂਦੀ ਏ ਉਹ,ਪਰ ਬੱਚੇ ਦੀ ਭੁੱਖ ਬਰਦਾਸ਼ਤ ਨਹੀ ਕਰਦੀ ।ਇਹੀ ਕਾਰਨ ਹੁੰਦੇ ਨੇ ਕਿ ਮਾਂ ਦਾ ਕਿਹਾ ਨਹੀ ਮੋੜਿਆ ਜਾਂਦਾ , ਓਹਦੇ ਵਜੂਦ ਦਾ ਹਿੱਸਾ ਜੁ ਰਹੇ ਹੁੰਦੇ ਆਂ ਅਸੀਂ ਕਦੇ । ਬੇਸ਼ੱਕ ਨਾੜੂਆ ਕੱਟ ਦੇਣ ਬਾਅਦ ਸਰੀਰਕ ਤੌਰ ਤੇ ਅਲੱਗ ਹੋ ਜਾਂਦੇ ਆਂ ਮਾਂ ਤੋਂ,ਪਰ ਇੱਕ ਅਦਿੱਖ, ਦੈਵੀ ਜੋੜ ਹਮੇਸ਼ਾਂ ਰਹਿੰਦਾ ਏ ਮਾਂ ਦਾ,ਆਪਣੇ ਬੱਚਿਆਂ ਨਾਲ । ਕਈ ਵਾਰ ਪਰਦੇਸੀ ਹੋਏ ਬੱਚਿਆਂ ਦੀਆਂ ਮਾਂਵਾਂ ਆਪਣੇ ਆਪ ਬੁੱਝ ਲੈਂਦੀਆਂ ਨੇ ਕਿ ਉਹਦਾ ਲਖਤੇ ਜਿਗਰ ਕਿਸੇ ਪਰੇਸ਼ਾਨੀ ਵਿੱਚ ਏ ।
ਕਹਿੰਦੇ , ਜਦੋਂ ਕੰਵਰ ਦਲੀਪ ਦਹਾਕਿਆਂ ਦੀ ਜਲਾਵਤਨੀ ਭੋਗ ਕੇ ਆਪਣੀ ਮਾਂ , ਮਹਾਰਾਣੀ ਜਿੰਦਾਂ ਨੂੰ ਗਲ ਲੱਗ ਮਿਲਿਆ ਸੀ ਤਾਂ ਉਹਦੀ ਮਾਂ ਅੱਖਾਂ ਤੋਂ ਅੰਨ੍ਹੀਂ ਹੋ ਚੁੱਕੀ ਸੀ , ਪਰ ਆਪਣੇ ਲਾਲ ਨੂੰ ਸੀਨੇ ਨਾਲ ਲਾ ਕੇ ਉਹਦੀਆਂ ਛਾਤੀਆਂ ਤੋਂ, ਬੁੱਢੀ ਉਮਰੇ ਦੁੱਧ ਸਿੰਮ ਪਿਆ ਸੀ । ਕੈਸਾ ਰਿਸ਼ਤਾ ਏ ਇਹ , ਸ਼ਾਇਦ ਰੱਬ ਤੋ ਬਾਦ ਦੂਜਾ , ਜਾਂ ਉਹਦੇ ਬਰਾਬਰ ਦਾ ਈ ।
ਇਨਸਾਨ ਜਿੰਦਗੀ ਦੇ ਸਫਰ ਵਿੱਚ ਠੋਕਰਾਂ ਖਾਂਦਾ ਏ, ਜਖਮੀ ਹੁੰਦਾ ਏ, ਜ਼ਲੀਲ ਹੁੰਦਾ ਏ ਤਾਂ ਮਾਂ ਨੂੰ ਯਾਦ ਕਰਦਾ ਏ , ਸਾਰੀ ਦੁਨੀਆਂ ਜਦ ਓਹਨੂੰ ਓਪਰੀ ਲੱਗਦੀ ਏ ਤਾਂ ਮਾਂ ਦੀ ਗੋਦ ਵਿੱਚ ਸਿਰ ਰੱਖ ਰੋਣਾ ਚਾਹੁੰਦਾ ਏ ਇਨਸਾਨ । ਤੇ ਜਦ ਮਾਂ ਕੋਲ ਨਾ ਹੋਵੇ , ਜਾਂ ਰਹੇ ਈ ਨਾ , ਤਾਂ ਫਿਰ ਆਪਣੇ ਆਪ ਨਾਲ ਰੂਬਰੂ ਹੁੰਦਾ ਏ , ਇਕਾਂਤ ਵਿੱਚ ਬੈਠ ਕੇ ਵਾਰਤਾਲਾਪ ਕਰਦਾ ਏ ਖ਼ੁਦ ਨਾਲ , ਸਿਰਹਾਣੇ ਤੇ ਸਿਰ ਰੱਖ ਕੇ , ਜਾਂ ਕਈ ਵਾਰੀ ਕੰਧ ਦਾ ਸਹਾਰਾ ਲੈ ਕੇ ।ਇਹੀ ਵਕਤ ਹੁੰਦਾ ਏ ਜਦੋਂ ਅਸੀਂ ਖ਼ੁਦ ਦੀ ਮਾਂ ਬਣ ਕੇ ਖ਼ੁਦ ਨੂੰ ਵਰਾ ਸਕਦੇ ਆਂ, ਹੰਝੂ ਪੂੰਝ ਸਕਦੇ ਆਂ, ਦਿਲਾਸਾ ਦੇ ਸਕਦੇ ਆਂ , ਮਰਹਮ ਲਾ ਸਕਦੇ ਆਂ ਉਹਨਾਂ ਜ਼ਖ਼ਮਾਂ ਤੇ , ਜੋ ਦੁਨੀਆਂ ਨੂੰ ਨਹੀ ਵਿਖਾ ਸਕਦੇ, ਚਾਹ ਕੇ ਵੀ ਨਹੀਂ।
ਬਦਕਿਸਮਤੀ ਹੁੰਦੀ ਏ ਇਨਸਾਨ ਦੀ , ਜਦੋਂ ਖ਼ੁਦ ਨੂੰ ਕੋਸਦਾ ਏ, ਲਾਹਨਤਾਂ ਪਾ ਕੇ ਆਪਣੇ ਟੁੱਟੇ ਹੋਏ ਮਨੋਬਲ ਨੂੰ ਚੂਰ ਚੂਰ ਕਰ ਬਹਿੰਦਾ ਏ ।
ਗੀਤ ਸੁਣਿਆ ਹੋਵੇਗਾ ਨਾ, “ਦਿਲ ਤੋ ਬੱਚਾ ਹੈ ਜੀ….
ਦਿਲ ਜਾਂ ਮਨ ਨੂੰ ਬੱਚੇ ਵਾਂਗ ਵਰਾਉਣਾ ਤੇ ਕਿਸੇ ਗਲਤ ਕੰਮ ਤੋ ਪਿਆਰ ਨਾਲ ਮੋੜਨਾ ਆ ਜਾਣਾ , ਮਾਨੋ ਕ੍ਰਾਂਤੀ ਏ ਜੀਵਨ ਚ । ਖ਼ੁਦ ਨੂੰ ਪਿਆਰ ਤੇ ਸਤਿਕਾਰ ਦੇਣ ਬਿਨਾਂ ਦੂਜਿਆਂ ਨੂੰ ਸਤਿਕਾਰ ਦੇਣਾ ਅਸੰਭਵ ਏ ।
ਘਰਿ ਸੁਖਿ ਵਸਿਆ
ਬਾਹਰਿ ਸੁਖੁ ਪਾਇਆ ।
ਝਰਨੇ ਵਾਂਗ ਵਹਿਣ ਲਈ ਅੰਦਰੋਂ ਲਬਾਲਬ ਭਰਨਾ ਜ਼ਰੂਰੀ ਏ । ਆਪਣੀ ਪਿੱਠ ਆਪ ਹੀ ਥਾਪੜਨੀ , ਜ਼ਰੂਰੀ ਏ । ਸਾਰੀ ਦੁਨੀਆਂ ਵੀ ਬੇਸ਼ੱਕ ਕਰੂਪ ਕਹੇ , ਪਰ ਮਾਂ ਵਾਂਗ ਮਨ ਨੂੰ ਕਹਿਣਾ ਜ਼ਰੂਰੀ ਏ ਕਿ ਤੇਰੇ ਵਰਗਾ ਕੋਈ ਹੈ ਈ ਨਹੀ । ਮਿੱਟੀ ਹੋਇਆ ਮਨ ਫਿਰ ਤੋ ਮਹਿਕ ਉੱਠਦਾ ਏ, ਜੀਵਤ ਹੋ ਜਾਂਦਾ ਏ , ਤੁਹਾਡੇ ਖ਼ੁਦ ਦੇ ਥਾਪੜੇ ਨੂੰ ਈ ਰੱਬੀ ਅਸੀਸ ਸਮਝਕੇ ।
ਦਵਿੰਦਰ ਸਿੰਘ ਜੌਹਲ
ਘੋੜਾ ਦੱਬਿਆਂ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਅਦ ਫਿਰ ਦੱਬਿਆ – ਦੂਜੀ ਗੋਲ਼ੀ ਮਚਲਦੀ ਹੋਈ ਬਾਹਰ ਨਿੱਕਲ਼ੀ।
ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ਼ ਕੇ ਵਹਿਣ ਲੱਗਾ।
ਘੋੜਾ ਤੀਜੀ ਵਾਰ ਦੱਬਿਆ – ਨਿਸ਼ਾਨਾ ਖੁੰਝ ਗਿਆ, ਗੋਲ਼ੀ ਕੰਧ ਵਿੱਚ ਦਫਫ਼ਨ ਹੋ ਗਈ।
ਚੌਥੀ ਗੋਲ਼ੀ ਇੱਕ ਬੁੱਢੀ ਦੀ ਪਿੱਠ ਵਿੱਚ ਲੱਗੀ, ਉਹ ਚੀਕ ਵੀ ਨਾ ਸਕੀ ਅਤੇ ਉੱਥੇ ਹੀ ਢੇਰ ਹੋ ਗਈ।
ਪੰਜਵੀਂ ਅਤੇ ਛੇਵੀਂ ਗੋਲ਼ੀ ਬੇਕਾਰ ਗਈ, ਨਾ ਕੋਈ ਮਰਿਆ, ਨਾ ਜਖ਼ਮੀ ਹੋਇਆ।
ਗੋਲ਼ੀਆਂ ਚਲਾਉਣ ਵਾਲ਼ਾ ਹੈਰਾਨ ਹੋ ਗਿਆ।
ਅਚਾਨਕ ਸੜਕ ਉੱਤੇ ਇੱਕ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਦਿਖਾਈ ਦਿੱਤਾ। ਗੋਲ਼ੀਆਂ ਚਲਾਉਣ ਵਾਲ਼ੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ।
ਉਸਦੇ ਸਾਥੀ ਨੇ ਕਿਹਾ – “ਇਹ ਕੀ ਕਰਦੈਂ?”
ਗੋਲ਼ੀਆਂ ਚਲਾਉਣ ਵਾਲ਼ੇ ਨੇ ਪੁੱਛਿਆ, “ਕਿਉਂ?”
“ਗੋਲ਼ੀਆਂ ਤਾਂ ਖਤਮ ਹੋ ਚੁੱਕੀਆਂ ਨੇ।”
“ਤੂੰ ਚੁੱਪ ਰਹਿ, ਨਿੱਕੇ ਜਿਹੇ ਬੱਚੇ ਨੂੰ ਕੀ ਪਤਾ?”
ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ।
ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਕਾਹਲਾ ਪੈਂਦਾ। ‘ਪਰ ਕੁਝ ਦਿਨਾਂ ਦੀ ਤਾਂ ਗੱਲ ਏ’ ਸੋਚ, ਉਹ ਸਭੋ ਕੁਝ ਜ਼ਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿੱਸਦਾ ਸੀ।
‘ਇਹ ਬੈਗ ਵਾਲੀ ਕੁੜੀ ਕਾਸੇ ਵਿਚ ਨੌਕਰ ਏ?’ ਇਕ ਦਿਨ ਇਕ ਭਾਈ ਨੇ ਜੀਤ ਨੂੰ ਪੁਛਿਆ।
‘ਆਹੋ ਜੀ! ਡਾਕਟਰਨੀ ਏ, ਵੱਡੀ ਡਾਕਟਰਨੀ। ਆਂਹਦੇ ਨੇ ਪੂਰਾ ਤਿੰਨ ਸੌ ਰੁਪਈਆ ਤਨਖਾਹ ਲੈਂਦੀ ਏ’ ਜੀਤ ਨੇ ਟਿਕਟ ਫੜਾਂਦਿਆਂ ਹੌਲੀ ਜਿਹੀ ਦੱਸਿਆ।
‘ਜੀ ਅੱਜਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ। ਤਦੇ ਤਾਂ ਆਦਮੀਆਂ ਦਾ ਰੋਅ੍ਹਬ ਨਹੀਂ ਰਿਹਾ’ ਨਾਲ ਦੀ ਸੀਟ ਤੇ ਬੈਠੇ ਅੱਧਖੜ੍ਹ ਜੇਹੇ ਬੰਦੇ ਨੇ ਆਖਿਆ।
‘ਜੀ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਅੱਖ ਚੁੱਕਦੀਆਂ ਨੇ…. ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾਂ, ਦੇਖੀ ਐ, ਸੁਹਰੀ ਦੇ ਜਾਣੀਂ ਮੂੰਹ ਵਿਚ ਬੋਲ ਨੀਂ… ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ‘ਤੇ ਬੈਠੇ ਇਕ ਸਰਦਾਰ ਨੇ ਆਖਿਆ।
‘ਯਾ ਰੱਬ! ਸਾਡੀ ਵੀ ਕਿਸੇ…’ ਫਿਕਰਾ ਵਿਚ ਹੀ ਰਹਿ ਗਿਆ ਜਦੋਂ ਟਿਕਟ ਫੜਾਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੁਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ‘ਕਿਉਂ ਬਈ ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੇ ਈ ਭੁੰਜੇ?’
‘ਮੈਂ ਤਾਂ ਕੰਡੱਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਓ….।’
ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ, ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ।
‘ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ,’ ਆਖ, ਉਹ ਅਗਾਂਹ ਲੰਘ ਗਿਆ।
ਅੱਗੋਂ ਇਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ‘ਮਾਏ ਟੁੱਟੇ ਹੋਏ ਨਹੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰਾ ਭਾੜੈ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ,’ ਜੀਤ ਨੇ ਜ਼ਰਾ ਸਖ਼ਤ ‘ਵਾਜ਼ ਨਾਲ ਆਖਿਆ।
‘ਵੇ ਪੁੱਤਾ! ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਏ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ,’ ਬੁੱਢੀ ਨੇ ਤਰਲੇ ਨਾਲ ਆਖਿਆ।
‘ਅੱਛਾ ਮਾਈ ਬੈਠ ਜਾ,’ ਆਖ, ਉਹ ਟਿਕਟ ਕੱਟਣ ਲੱਗ ਪਿਆ।
ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ।
‘ਯਾਰ, ਅੱਜ ਏਧਰ ਦੀ ਚੱਲੀਂ ਨੀਲਾ ਭਵਨ ਕੰਨੀ ਦੀ,’ ਜੀਤ ਨੇ ਡਰਾਈਵਰ ਨੂੰ ਆਖਿਆ।
ਗੁਰਦਵਾਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੁੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨਮੇ ਕੋਲ ਕੰਡੱਕਟਰ ਨੇ ਘੰਟੀ ਕਰ ਕੇ ਬੱਸ ਰੋਕ ਲਈ ਤੇ ਤਾਕੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ‘ਤੁਸੀਂ ਏਧਰ ਉਤਰ ਜਾਉ, ਹਸਪਤਾਲ ਨੇੜੇ ਰਹੂਗਾ।’
ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ‘ਬਚਾਰਾ ਬੜਾ ਚੰਗਾ ਕੰਡੱਕਟਰ ਏ’ ਉਹਨੂੰ ਇਕ ਵਾਰੀ ਖਿਆਲ ਆਇਆ।
ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇਕ ਕੰਡੱਕਟਰ ਕਮੀਜ਼ ਦੇ ਗਲਮੇਂ ਦੇ ਬੱਟਣ ਖੋਲ੍ਹ ਆਵਾਰਾ ਫਿਲਮ ਦਾ ਗਾਣਾ ਗੁਣਗੁਣਾਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ।
ਅਗਲੇ ਦਿਨ ਫਿਰ ਚਾਨਸ ਅਜਿਹਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ, ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਜੀਤ, ਇਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ‘ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ। ਤੁਹਾਡੀ ਖ਼ਾਤਰ ਸੀਟ ਰੱਖੀ ਪਈ ਐ।’
ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ, ਪਾਲੀ ਸੀਟ ‘ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ।
‘ਇਹ ਤਾਂ ਵਿਚਾਰਾ ਬੜਾ ਚੰਗਾ ਕੰਡੱਕਟਰ ਏ’ ਪਾਲੀ ਨੂੰ ਦਿਲ ‘ਚ ਇਕ ਵਾਰੀ ਖਿਆਲ ਆਇਆ।
ਬਦਲੀ ਮੁੜ ਨਾਭੇ ਦੀ ਕਰਾਣ ਵਿਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜ੍ਹੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਣ ਲਾ ਦਿੰਦੀ।
ਫਿਰ ਇਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ, ਨਹੀਂ ਬੀਬੀ ਰਹਿਣ ਦਿਓ’ ਆਖ ਜੀਤ ਅਗਾਂਹ ਲੰਘ ਗਿਆ।
‘ਨਹੀਂ ਬਈ ਪੈਸੇ ਲੈ ਲੇ,’ ਪਾਲੀ ਨੇ ਜ਼ੋਰ ਲਾਇਆ।
‘ਕੀ ਫ਼ਰਕ ਪੈ ਚੱਲਿਆ ਏ,’ ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ।
ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰ ਕੇ ਬੈਠ ਗਈ, ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡੱਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। ਤਿੰਨ ਸੌ ਰੁਪਈਆ ਕਮਾਣ ਵਾਲੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।
ਅਗਲੇ ਦਿਨ ਉਹ ਜਾਣ ਕੇ ਪੰਜ ਮਿੰਟ ਦੇਰ ਨਾਲ ਗਈ, ਉਸ ਨੇ ਸੋਚਿਆ, ‘ਅੱਜ ਪੀਪਲ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ। ਕੀ ਫਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ।
ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਇਵਰ ਬੱਸ ਸਟਾਰਟ ਕਰੀਂ ਖੜ੍ਹਾ ਸੀ ਤੇ ਕੰਡੱਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ।
‘ਓਏ, ਆਉਂਦਾ ਹੁਣ, ਕਿਉਂ ਭੇਰਮੀਂ ਵੱਢੀ ਐ। ਐਡੀ ਛੇਤੀ ਜਾਣੀ ਮੀਂਹ ਆਉਂਦਾ ਏ,’ ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ।
‘ਅੱਗੇ ਪਹੁੰਚਣਾ ਏ ਕਿ ਨਹੀਂ, ਮੜਕਾਂ ਨਾਲ ਹੀ ਆਉਨਾਂ ਏਂ,’ ਡਰਾਈਵਰ ਬੋਲਿਆ।
‘ਚਲੋ ਬੀਬੀ, ਬੈਠੋ ਅਗਲੀ ਸੀਟ ‘ਤੇ,’ ਤਾਕੀ ਖੋਲ੍ਹਦਿਆਂ ਪਾਲੀ ਨੂੰ ਉਹਨੇ ਆਖਿਆ।
‘ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ।’ ਪਿੱਛਿਓ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇਕ ਕਲਰਕ ਹੌਲੀ ਜਿਹੀ ਬੋਲਿਆ।
ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ ਵਾਰ ਆਖਣ ‘ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ‘ਇਸ ਬੇਈਮਾਨੀ ਵਿਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ….. ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ…. ਖ਼ੈਰ, ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ’ ਉਹ ਸੋਚ ਹੀ ਰਹੀ ਸੀ ਕਿ ਬੱਸ ਖੜ੍ਹੀ ਕਰ, ਇੱਕ ਚੈਕਰ ਚੜ੍ਹ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤ੍ਰੇਲੀਓ ਤ੍ਰੇਲੀ ਹੋ ਗਈ।
‘ਕਿੱਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ… ਮੈਂ ਆਖ ਦਿਆਂਗੀ ਕਿ ਕੰਡੱਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ’ ਉਹਨੇ ਸੋਚਿਆ। ‘ਪਰ ਬਚਾਰਾ ਫਸੇਗਾ…. ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ,’ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ।
ਇੰਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ।
‘ਜੀ…. ਟਿਕਟ,’ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿਚੋਂ ਟਿਕਟ ਕੱਢ ਕੇ ਕਿਹਾ, …. ਏਹ…. ਏਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ।’
ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖ਼ਾਕੀ ਕੱਪੜਿਆਂ ਵਾਲੇ ਕੰਡੱਕਟਰ ਤੇ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿਚ ਮੁਸਕਰਾਇਆ।
ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿਚੋਂ ਉਤਰ ਗਿਆ।
ਪਾਲੀ ਹੈਰਾਨ-ਪਰੇਸ਼ਾਨ ਸੋਚ ਰਹੀ ਸੀ ਸੱਠਾਂ ਰੁਪਿਆਂ ਵਿਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ।
ਹਸਪਤਾਲ ਵਿਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ।
ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ, ਉਦਾਸ, ਜੀਤ ਉਹਦੇ ਕੋਲ ਆਇਆ।
‘ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿਚ ਪੜ੍ਹਦੀ ਸੀ… ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡੱਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ… ਤੇ… ਤੇ…, ਅੱਗੋਂ ਉਹਦਾ ਗਲਾ ਭਰ ਆਇਆ।
ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ।
ਇੰਨੇ ਨੂੰ ਬੱਸ ਆ ਗਈ ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ।
ਦਲੀਪ ਕੌਰ ਟਿਵਾਣਾ