ਜਿਹੜੇ ਸੋਖੇ ਮਿਲ ਜਾਣ
ਉਹ ਖਜ਼ਾਨੇ ਨਹੀਂ ਹੁੰਦੇ
ਜਿਹੜੇ ਹਰੇਕ ਤੇ ਮਰ ਜਾਣ
ਉਹ ਦੀਵਾਨੇ ਨਹੀਂ ਹੁੰਦੇ.
Sandeep Kaur
ਪਿਆਰ ਇਕ ਸਾਫ਼ ਸੁਥਰੀ ਭਾਵਨਾ ਹੈ ਜੋ ਹਰ ਮਨੁੱਖ ਦੀ ਲੋੜ ਹੈ।
Kahlil Gibran
ਬਹੁਤਿਆਂ ਪਿਆਰਾਂ ਵਾਲੇ ਜ਼ਹਿਰ ਦੇ ਗਏ,
ਮੁੱਕਣੀ ਨਹੀਂ ਦੁੱਖਾਂ ਵਾਲੀ ਲਹਿਰ ਦੇ ਗਏ .,,
ਕਿਸੇ ਦਾ ਵੀ ਜੀਵਨ ਕਦੇ ਵੀ ਇੱਕ ਸਿੱਧੀ ਲਕੀਰ ਵਾਂਗ ਨਹੀਂ ਹੋਇਆ। ਸਭ ਦੇ ਜੀਵਨ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ।
ਜਦੋਂ ਮਨਚਾਹੀ ਵਸਤਾਂ ਮਿਲਦੀਆਂ ਜਾਂਦੀਆਂ ਹਨ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ, ਮਾਨੋ ਆਕਾਸ਼ ’ਤੇ ਚੜ੍ਹ ਜਾਂਦੇ ਹਾਂ। ਪਰ ਜੇ ਮੁਸ਼ਕਿਲਾਂ, ਭੀੜਾਂ ਆ ਜਾਣ ਤਾਂ ਡਾਵਾਂ ਡੋਲ ਹੁੰਦੇ ਹਾਂ ਮਾਨੋ ਪਾਤਾਲ ਵਿੱਚ ਜਾ ਡਿਗਦੇ ਹਾਂ। ਰਾਮਕਲੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:-
ਕਬਹੂ ਜੀਅੜਾ ਊਭਿ ਚੜਤੁ ਹੈ
ਕਬਹੂ ਜਾਇ ਪਇਆਲੇ ॥
(ਅੰਗ – 876)
ਜਦੋਂ ਨਿਰਾਸ਼ਾ ਆਵੇ ਤਾਂ ਆਸ ਦਾ ਪੱਲਾ ਨਾ ਛੱਡੀਏ। ਕੋਈ ਵੀ ਹਾਰ ਜਾਂ ਮੁਸੀਬਤ ਸਦਾ ਨਹੀਂ ਬਣੀ ਰਹਿੰਦੀ।
ਜਿਹੜੇ ਮੁਸੀਬਤ ਸਾਹਮਣੇ ਡਟ ਜਾਂਦੇ ਹਨ, ਉਹ ਬੁਲੰਦ ਹੌਸਲੇ ਨਾਲ ਵੱਡੀ ਮੁਸੀਬਤ ਨੂੰ ਵੀ ਤੁੱਛ ਜਾਣਦੇ ਹਨ ਪਰ ਜਿਹੜੇ ਹਿੰਮਤ ਹਾਰ ਜਾਂਦੇ ਹਨ, ਘਬਰਾਅ ਜਾਂਦੇ ਹਨ, ਉਹਨਾਂ ਲਈ ਨਿੱਕੀ ਜਿਹੀ ਮੁਸੀਬਤ ਵੀ ਪਹਾੜ ਜੇਡੀ ਹੋ ਨਿਬੜਦੀ
ਹੈ।
ਸ਼ਹਿਰ ਦੀ ਸੜਕ ਕੰਢੇ ਕੂੜਾਦਾਨ ਕੋਲ ਕੱਪੜੇ ਵਿੱਚ ਲਪੇਟਿਆ ਸਜਾਇਆ ਬੱਚਾ ਰੋ ਰਿਹਾ ਸੀ। ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਹਰ ਇੱਕ ਇਸ ਬੱਚੇ ਬਾਰੇ ਸੋਚ ਰਿਹਾ ਸੀ।
‘ਕਿਸੇ ਕੁਆਰੀ ਦਾ ਹੋਵੇਗਾ।” ਇੱਕ ਬੋਲਿਆ। ‘ਬਦਨਾਮੀ ਤੋਂ ਡਰਦੀ ਇੱਥੇ ਸੁੱਟ ਗਈ ਹੋਵੇਗੀ। ਦੂਜੇ ਦਾ ਵਿਚਾਰ ਸੀ
‘ਹੋਰ ਉਹ ਵਿਚਾਰੀ ਕਰ ਵੀ ਕੀ ਸਕਦੀ ਸੀ।’ ਤੀਜਾ ਮਾਂ ਦੇ ਹੱਕ ਵਿੱਚ ਭੁਗਤ ਗਿਆ ਸੀ।
‘ਇਸ ਦੇ ਤਾਂ ਜਮਾਦਰੂ ਦੰਦ ਹਨ ਇਹ ਤਾਂ ਕੁਸਣੀ ਬੱਚਾ ਲੱਗਦਾ ਏ। ਕਿਸੇ ਨੇ ਰੋਦੇ ਬੱਚੇ ਦੇ ਦੰਦ ਵੇਖ ਲਏ ਸਨ ਅਤੇ ਉਸਨੇ ਇਸ ਦੇ ਸੁੱਟਣ ਦੇ ਕਾਰਨ ਵੱਲ ਸੰਕੇਤ ਕਰ ਦਿੱਤਾ ਸੀ।
‘ਕਿੰਨਾ ਸੋਹਣਾ ਮੁੰਡਾ ਏ।” ਕਿਸੇ ਹੋਰ ਦੀ ਨਜ਼ਰ ਨੇ ਬੱਚੇ ਦਾ ਮੁੱਲ ਵਧਾ ਦਿੱਤਾ ਸੀ।
ਸਾਰਿਆਂ ਦੀ ਆਗਿਆ ਨਾਲ ਕਿਸੇ ਨੇ ਮੁੰਡੇ ਨੂੰ ਚੁੱਕ ਲਿਆ ਸੀ ਅਤੇ ਉਹ ਆਪਣੀ ਕਾਰ ਵੱਲ ਜਾ ਰਿਹਾ ਸੀ।
ਜਿੰਨੇ ਮੁੰਹ ਸਨ ਹਾਲੀ ਵੀ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ ਪਰ ਬੱਚਾ ਹੁਣ ਚੁੱਪ ਸੀ।
ਹੁਸ਼ਿਆਰ ਸਿੰਘ ਸ਼ਹਿਰ ਦਾ ਇੱਕ ਸਧਾਰਨ ਜਿਹਾ ਆਦਮੀ ਸੀ। ਪਰ ਆਪਣੀ ਹੁਸ਼ਿਆਰੀ ਕਰਕੇ ਸਾਰੇ ਸ਼ਹਿਰ ਵਿੱਚ ਪ੍ਰਸਿੱਧ ਸੀ। ਉਹ ਆਪਣੇ ਆਪ ਨੂੰ ਲੋਕਾਂ ਦਾ ਸੇਵਕ ਕਿਹਾ ਕਰਦਾ ਸੀ ਅਤੇ ਕਈ ਲੋਕ ਉਸ ਨੂੰ ਵਿਚੋਲਾ ਜਾ ਏਜੰਟ ਵੀ ਕਹਿੰਦੇ ਸੁਣੇ ਗਏ ਸਨ।
ਉਸ ਨੇ ਆਪਣੇ ਪੈਰ ਦੂਰ ਤੱਕ ਪਸਾਰੇ ਹੋਏ ਸਨ। ਹਰ ਮਹਿਕਮੇ ਵਿੱਚ ਉਸ ਦੇ ਸੈਲ ਸਨ। ਸ਼ਹਿਰ ਦੇ ਕਮੇਟੀ ਦਫਤਰ ਨੂੰ ਤਾਂ ਉਹ ਆਪਣੇ ਘੜੇ ਦੀ ਮੱਛੀ ਸਮਝਦਾ ਸੀ। ਉਹ ਹਰ ਬੰਦੇ ਦਾ ਹਰ ਕਿਸਮ ਦਾ ਕੰਮ ਕਰਵਾ ਦਿੰਦਾ ਸੀ। ਆਪਣੀ ਸਾਰੀ ਫੀਸ ਉਹ ਪਹਿਲਾਂ ਲੈਂਦਾ ਸੀ। ਅੱਜ ਤਕ ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਉਸ ਦਾ ਕੰਮ ਨਹੀਂ ਹੋਇਆ। ਸੱਜਣ ਸਿੰਘ ਦਾ ਕੰਮ ਤਾਂ ਭਾਵੇਂ ਛੋਟਾ ਹੀ ਸੀ ਪਰ ਹੋ ਨਹੀਂ ਰਿਹਾ ਸੀ। ਕਮੇ ਟੀ ਦੇ ਦਫਤਰ ਵਿੱਚੋਂ ਉਸ ਨੂੰ ਕਿਸੇ ਰਿਸਤੇਦਾਰ ਦੀ ਮੌਤ ਦਾ ਸਰਟੀਫਿਕੇਟ ਚਾਹੀਦਾ ਸੀ, ਜਿਸਦੀ ਵਿਰਾਸਤ ਦੇ ਚੱਕਰ ਵਿੱਚ ਖਾਸ ਜਰੂਰਤ ਸੀ। ਉਸ ਨੇ ਹੁਸ਼ਿਆਰ ਸਿੰਘ ਨਾਲ ਗੱਲ ਕੀਤੀ। ਉਸ ਨੇ ਆਪਣੀ ਫੀਸ ਜੇਬ ਵਿੱਚ ਪਾਈ ਤੇ ਸਾਮੀ ਨੂੰ ਕਹਿ ਦਿੱਤਾ ਕਿ ਕੱਲ ਦਸ ਵਜੇ ਕਮੇਟੀ ਦਫਤਰ ਵਿੱਚ ਜਾ ਕੇ ਆਪਣਾ ਸਰਟੀਫਿਕੇਟ ਇਹ ਕਹਿ ਕੇ ਹਾਸਲ ਕਰ ਲਵੇ ਕਿ ਉਸ ਨੂੰ ‘ਉਪਰਲੇ ਅਫਸਰ ਨੇ ਭੇਜਿਆ ਏ।
ਦੂਜੇ ਦਿਨ ਸੱਜਣ ਸਿੰਘ ਨੇ ਦਫਤਰ ਜਾਕੇ ਉਪਰਲੇ ਸ਼ਬਦ ਦੁਹਰਾਏ ਅਤੇ ਕਲਰਕ ਨੇ ਸਰਟੀਫਿਕੇਟ ਉਸ ਦੇ ਹੱਥ ਫੜਾ ਦਿੱਤਾ।
ਓ ਮੇਰੇ ਦੋਸਤ ! ਮੇਰੇ ਅਜਨਬੀ !
ਇਕ ਵਾਰ ਅਚਾਨਕ ਤੂੰ ਆਇਆ !
ਤਾਂ ਵਕਤ ਅਸਲੋਂ ਹੈਰਾਨ ਮੇਰੇ ਕਮਰੇ ‘ਚ ਖਲੋਤਾ ਰਹਿ ਗਿਆ …ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲਹਿ ਨਾ ਸਕਿਆ
ਤੇ ਘੜੀ ਕੁ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ
ਫਿਰ ਅਜ਼ਲਾਂ ਦੇ ਨੇਮ ਨੇਂ ਇਕ ਦੁਹਾਈ ਦਿੱਤੀ …
ਵਕਤ ਨੇ – ਬੀਤੇ ਖਲੋਤੇ ਛਿਣਾਂ ਨੂੰ ਤੱਕਿਆ
ਤੇ ਘਾਬਰ ਕੇ ਬਾਰੀ ‘ਚੋਂ ਛਾਲ ਮਾਰ ਦਿੱਤੀ ….ਉਹ ਬੀਤੇ ਖਲੋਤੇ ਛਿਣਾਂ ਦੀ ਘਟਨਾ —
ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਸ਼ਾਇਦ ਵਕਤ ਨੂੰ ਵੀ ਫੇਰ ਉਹ ਗ਼ਲਤੀ ਗਵਾਰਾ ਨਹੀਂ ….ਹੁਣ ਸੂਰਜ ਰੋਜ਼ ਵੇਲੇ ਸਿਰ ਡੁੱਬ ਜਾਂਦਾ ਹੈ
ਤੇ ਹਨੇਰਾ ਰੋਜ਼ ਮੇਰੀ ਛਾਤੀ ਵਿਚ ਖੁੱਭ ਜਾਂਦਾ ਹੈ
ਪਰ ਬੀਤੇ ਖਲੋਤੇ ਛਿਣਾਂ ਦਾ ਇਕ ਸੱਚ ਹੈ —
ਹੁਣ ਤੂੰ ਤੇ ਮੈਂ ਉਹਨੂੰ ਮੰਨਣਾ ਚਾਹੀਏ ਜਾਂ ਨਾ
ਇਹ ਵੱਖਰੀ ਗੱਲ ਹੈ ….ਪਰ ਉਸ ਦਿਨ ਵਕਤ ਨੇ ਜਦ ਬਾਰੀ ‘ਚੋਂ ਛਾਲ਼ ਮਾਰੀ ਸੀ
ਤੇ ਉਸ ਦੇ ਗੋਡਿਆਂ ਵਿਚੋਂ ਜੋ ਲਹੂ ਸਿੰਮਿਆਂ ਸੀ
ਉਹ ਲਹੂ —
ਮੇਰੀ ਬਾਰੀ ਦੇ ਥੱਲੇ ਅਜੇ ਵੀ ਜੰਮਿਆ ਹੋਇਐ …..Amrita Pritam
ਤੂੰ ਮੇਰੇ ਵਿਸ਼ਵਾਸ ਦਾ ਨਾਂ ਹੈਂ ,
ਸਮਝੀਂ ਸੱਜਣਾ ਕਦਰ ਵੇ ਪਾਈਂ
ਤੂੰ ਹੀ ਮੇਰੀ ਸਾਰੀ ਦੁਨੀਆਂ ,
ਦੁਨੀਆਂ ਵਰਗਾ ਬਣ ਨਾ ਜਾਈਂ
ਫੌਜੀ ਪੈਨਸਨਰ ਗੁਲਜ਼ਾਰ ਸਿੰਘ ਨੇ ਬੜੇ ਲੋਕਾਂ ਦੇ ਕੰਮ ਕੀਤੇ ਸਨ। ਉਸ ਦੇ ਦਰ ਤੋਂ ਕੋਈ ਸਵਾਲੀ ਖਾਲੀ ਨਹੀਂ ਮੁੜਿਆ ਸੀ। ਉਸਦੇ ਬਚਨ ਦੀ ਕੋਈ ਆਸ ਨਹੀਂ ਸੀ। ਉਸਦੇ ਦਿਲੀ ਰੋਗ ਨੂੰ ਤੁਰੰਤ ਉਪਰੇਸ਼ਨ ਦੀ ਲੋੜ ਸੀ। ਸਾਰੇ ਪ੍ਰਬੰਧ ਹੋ ਗਏ ਸਨ, ਖੂਨ ਵਲੋਂ ਕੰਮ ਅਟਕਿਆ ਪਿਆ ਸੀ। ਸਕੂਲ ਦੀ ਇੱਕ ਪ੍ਰਿੰਸੀਪਲ ਫਰਿਸ਼ਤਾ ਬਣਕੇ ਆ ਪੁੱਜੀ। ਉਸ ਨੇ ਖੂਨ ਵੀ ਦਿੱਤਾ ਅਤੇ ਹੋਰ ਖੂਨ ਦਾਨੀ ਵੀ ਤਿਆਰ ਕੀਤੇ।
ਸਫਲ ਉਪਰੇਸ਼ਨ ਪਿੱਛੋਂ ਬਜ਼ੁਰਗ ਆਪਣੇ ਘਰ ਆਰਾਮ ਕਰ ਰਿਹਾ ਸੀ, ਜਦੋਂ ਪ੍ਰਿੰਸੀਪਲ ਉਸ ਦੇ ਘਰ ਦਾ ਬੂਹਾ ਖੋਲ੍ਹ ਕੇ ਅੰਦਰ ਲੰਘ ਆਈ। ਬਾਬੇ ਦੀਆਂ ਖੁਸ਼ੀ ਵਿੱਚ ਅੱਖਾਂ ਭਰ ਆਈਆਂ ਅਤੇ ਉਸ ਨੇ ਕੁੜੀ ਦੇ ਹੱਥ ਨੂੰ ਆਪਣੇ ਮੁਰੰਮਤ ਹੋਏ ਦਿਲ ਉੱਤੇ ਰੱਖਕੇ ਪੁੱਛਿਆ।
‘ਸਵਾਲੀ ਨੂੰ ਤਾਂ ਦਾਨੀ ਦੇ ਘਰ ਜਾਣਾ ਹੀ ਪੈਂਦਾ ਏ। ਦਾਨੀ ਦਾ ਸਵਾਲੀ ਦੇ ਘਰ ਆਉਣਾ ਅੱਜ ਪਹਿਲੀ ਵਾਰ ਵੇਖਿਆ ਏ।”
“ਨਹੀਂ ਬਜ਼ੁਰਗੋ, ਲੋਕ ਸੇਵਾ ਦਾ ਤਾਂ ਮੈਨੂੰ ਝੱਲ ਜਿਹਾ ਏ।
‘ਝੱਲ ਤਾਂ ਬਣਿਆ ਰਹੇ। ਇਸ ਅਜਬ ਖੂਨ ਦੇ ਮੇਲ ਤੋਂ ਕਿਹੜਾ ਰਿਸਤਾ ਬਣਾਉਣਾ ਚਾਹੋਗੇ??
“ਮੈਨੂੰ ਅੰਕਲ-ਬੇਟੀ ਚੰਗਾ ਲੱਗਦਾ ਏ। ਅੰਕਲ ਜੀ ਤੁਸੀਂ ਮੇਰੇ ਪੁੱਤਰ ਦੇ ਵਿਆਹ ਉੱਤੇ ਆਵੋਗੇ ਨਾ।”
ਜਰੂਰ, ਆਪਣੇ ਪੋਤਰੇ ਦੇ ਜਨਮ ਅਤੇ ਛਟੀ ਉੱਤੇ ਵੀ ਸੁਨੇਹਾ ਦੇਣਾ ਨਾ ਭੁੱਲ ਜਾਵੀਂ।”
ਅੰਕਲ ਨੇ ਭਵਿੱਖ ਦੀ ਨਵੀਂ ਆਸ ਵੀ ਦਿਲ ਧੜਕਾ ਦਿੱਤੀ ਸੀ।
ਤੂੰ ਦੋ ਚਾਰ ਪੌੜੀਆ ਚੜ ਕੇ ਕਹਿਣਾ ਮੇਰੇ ਹਾਣ ਦਾ ਕੌਣ ਆ
ਘਰੋਂ ਬਾਹਰ ਤਾਂ ਨਿੱਕਲ ਕੇ ਵੇਖ ਪੁੱਤ ਤੈਨੂੰ ਜਾਣ ਦਾ ਕੌਣ ਆ
ਅਜੀਤ ਸਿੰਘ ਨੇ ਆਪਣੇ ਦਿਲ ਦੇ ਰੋਗੀ ਪਿਤਾ ਦੇ ਉਪਰੇਸ਼ਨ ਵਾਸਤੇ ਖੁਨ ਦਾ ਸਾਰਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਸੀ।ਇੱਕ ਬੋਤਲ ਤਾਜੇ ਖੂਨ ਦੀ ਲੋੜ ਬਾਕੀ ਸੀ।
ਉਸ ਨੇ ਆਪਣੀਆਂ ਭੈਣਾਂ ਅਤੇ ਨਜਦੀਕੀ ਭਰਾਵਾਂ ਨੂੰ ਬੁਲਾਕੇ ਖੂਨ ਦੇਣ ਦੀ ਬੇਨਤੀ ਕੀਤੀ। ਖੂਨ ਤਾਂ ਕਿਸੇ ਕੀ ਦੇਣਾ ਸੀ, ਖੂਨ ਟੈਸਟ ਕਰਵਾਉਣ ਲਈ ਵੀ ਕੋਈ ਰਾਜੀ ਨਹੀਂ ਹੋਇਆ ਸੀ।
ਘਰ ਦੀ ਨੂੰਹ ਜੋ ਘੁੰਢ ਕੱਢੀ ਆਏ ਰਿਸਤੇਦਾਰਾਂ ਦੀ ਚਾਹ ਪਾਣੀ ਨਾਲ ਸੇਵਾ . ਕਰ ਰਹੀ ਸੀ, ਵਿੱਚੋਂ ਹੀ ਬੋਲ ਪਈ,
‘ਬਾਪੂ ਜੀ ਲਈ ਖੂਨ ਮੈਂ ਦੇਵਾਂਗੀ। ਮੇਰੇ ਖੂਨ ਦਾ ਗਰੁੱਪ ਵੀ ਉਨ੍ਹਾਂ ਵਾਲਾ ਹੀ ਹੈ।ਪਰਾਈ ਸਮਝਕੇ ਤੁਸੀਂ ਮੈਨੂੰ ਪੁੱਛਿਆ ਤੱਕ ਵੀ ਨਹੀਂ। ਉਸ ਦੇ ਬੋਲਾਂ ਨਾਲ ਰਿਸਤੇ ਦਾਰਾਂ ਦੇ ਸਿਰ ਤਾਂ ਝੁਕਣੇ ਹੀ ਸਨ ਨਾਲ ਦੰਦ ਵੀ ਜੁੜ ਗਏ ਸਨ।
ਸਫਲ ਉਪਰੇਸ਼ਨ ਪਿੱਛੋਂ ਜਦ ਬਜ਼ੁਰਗ ਘਰ ਆਇਆ ਤਾਂ ਸਭ ਤੋਂ ਪਹਿਲਾਂ ਉਸ ਨੇ ਆਪਣੀ ਨੂੰਹ ਨੂੰ ਪਿਆਰ ਦਿੱਤਾ ਅਤੇ ਨੂੰਹ ਨੇ ਸੌਹਰੇ ਦੇ ਪੈਰੀਂ ਹੱਥ ਲਾਏ।
“ਖੂਨ ਦੀ ਇਸ ਸਾਂਝ ਨਾਲ ਹੀ, ਆ ਬੇਟਾ ਆਪਾਂ “ਨੂੰਹ-ਸੌਹਰੇ’ ਦੇ ਰਿਸਤੇ ਨੂੰ ‘ਬਾਪ ਬੇਟੀ ਵਿੱਚ ਬਦਲ ਲਈਏ।
ਨੂੰਹ ਨੇ ਘੁੰਢ ਚੁੱਕਕੇ ਆਪਣੀ ਸਵੀਕ੍ਰਿਤੀ ਦੇ ਦਿੱਤੀ ਅਤੇ ਸੌਹਰੇ ਨੇ ਉਸ ਦੇ ਸਿਰ ਨੂੰ ਮੁਰੰਮਤ ਹੋਏ ਦਿਲ ਨਾਲ ਲਾਕੇ ਨਵੇਂ ਰਿਸਤੇ ਉੱਤੇ ਆਪਣੀ ਮੋਹਰ ਲਗਾ ਦਿੱਤੀ।
ਸੱਜਣ ਸਿੰਘ ਅਤੇ ਮਿੱਤਰ ਸੈਨ ਦੋਵੇਂ ਲੰਗੋਟੀਏ ਯਾਰ ਸਨ। ਦੋਵਾਂ ਨੇ ਖੁਸ਼ੀਆਂ ਨੂੰ ਰਲਕੇ ਮਾਨਿਆ ਸੀ ਅਤੇ ਨਾਲ ਮੁਸੀਬਤਾਂ ਦਾ ਵੀ ਸਦਾ ਸਿਰ ਜੋੜਕੇ ਸਾਹਮਣਾ ਕੀਤਾ ਸੀ। ਉਹ ਇਕਲੋਤੇ ਪੁੱਤਰਾਂ ਦੇ ਧੀਆਂ ਵਾਲੇ ਬਾਪ ਸਨ।
ਮਿੱਤਰ ਸੈਨ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਦਾ ਪੁੱਤਰ ਚੰਗਾ ਪਕੇ ਕਿਸੇ ਸਰਕਾਰੀ ਨੌਕਰੀ ਉੱਤੇ ਲੱਗ ਜਾਵੇ। ਪਰ ਉਹ ਲੂਣ ਤੇਲ ਦੀ ਦੁਕਾਨ ਤੋਂ ਅੱਗੇ ਨਹੀਂ ਵੱਧ ਸਕਿਆ ਸੀ। ਉਸ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ, ਪਰ ਪੇਕਿਆਂ ਦੀ ਚੱਕ ਉੱਤੇ ਉਸ ਦੀ ਨੂੰਹ ਅੱਡ ਹੋਣ ਦੀਆਂ ਪੁੱਠੀਆਂ, ਸਿੱਧੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਕਿਸੇ ਅਣਹੋਣੀ ਦੁਰਘਟਨਾ ਨੂੰ ਟਾਲਣ ਲਈ ਉਸ ਨੇ ਦਿਲ ਉੱਤੇ ਪੱਥਰ ਰੱਖਕੇ ਨੂੰਹਪੁੱਤਰ ਨੂੰ ਕਰਾਏ ਦੇ ਮਕਾਨ ਵਿੱਚ ਅੱਡ ਕਰ ਦਿੱਤਾ ਸੀ।
ਸੱਜਣ ਸਿੰਘ ਨੇ ਆਪਣੀ ਸਾਰੀ ਜਿੰਦਗੀ ਪੁੱਤਰ ਨੂੰ ਪੜ੍ਹਾਉਣ ਉੱਤੇ ਲਾਕੇ, ਉਸ ਨੂੰ ਸਫਲਤਾ ਦੀ ਪੌੜੀ ਦੇ ਸਿਰੇ ਤੱਕ ਪਹੁੰਚਾ ਦਿੱਤਾ ਸੀ। ਉਹ ਪੀ.ਐਚ.ਡੀ. ਕਰਕੇ ਪੌੜੀ ਦਾ ਆਖਰੀ ਟੰਬਾ ਆਪਣੀ ਹਿੰਮਤ ਨਾਲ ਆਪ ਚੜ ਗਿਆ ਸੀ। ਉੱਚੀਆਂ ਮੰਜ਼ਿਲਾਂ ਅਤੇ ਡਾਲਰਾਂ ਦੀ ਟੁਨਕਾਰ ਨੇ ਉਸ ਨੂੰ ਕਨੇਡਾ ਵਿੱਚ ਖਿੱਚ ਲਿਆ ਸੀ। ਇੱਕ ਦਾ ਇਕਲੌਤਾ ਪੁੱਤਰ ਸੱਤ ਸਮੁੰਦਰੋਂ ਪਾਰ ਬੈਠਾ ਸੀ ਅਤੇ ਦੂਜੇ ਦਾ ਸੱਤਵੀਂ ਗਲੀ ਦੇ ਪਾਰ ਰਹਿੰਦਾ ਸੀ। ਬੁਢਾਪੇ ਵਿੱਚ ਦੋਵਾਂ ਦੋਸਤਾਂ ਨੇ ਹੋਰ ਸਭ ਕੁਝ ਸਾਂਝਾ ਕਰ ਲਿਆ ਸੀ ਪਰ ਇਕੱਲਤਾ ਦਾ ਸੰਤਾਪ ਉਹ ਹਾਲੀ ਵੀ ਇਕੱਲੇ ਹੀ ਭੋਗ ਰਹੇ ਸਨ।