admin
ਅਰਦਾਸ ਸ਼ਕਤੀ
ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ। ਅੰਕ 819
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਦਾਸ ਵਿੱਚ ਬੜੀ ਸ਼ਕਤੀ ਹੈ, ਪਰ ਸ਼ਰਤ ਹੈ ਕਿ ਅਰਦਾਸ ਤਰੀਕੇ ਨਾਲ ਕੀਤੀ ਜਾਵੇ। ਜਿਸ ਅੱਗੇ ਅਰਦਾਸ ਕੀਤੀ ਜਾਵੇ ਉਸ ਉਪਰ ਪੂਰਨ ਭਰੋਸਾ ਹੋਵੇ ਕਿ ਉਹ ਅਰਦਾਸ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਜਿਸ ਚੀਜ਼ ਬਾਰੇ ਅਰਦਾਸ ਕੀਤੀ ਜਾਵੇ ਉਸ ਵਾਸਤੇ ਪੂਰਨ ਉੱਦਮ ਕਰਨਾ ਚਾਹੀਦਾ ਹੈ ਅਤੇ ਅਰਦਾਸ ਸ਼ੁਭ ਭਾਵਨਾ ਵਾਲੀ ਹੋਵੇ।
ਦਾਸ ਆਪਣੇ ਜੀਵਨ ਦੇ ਹੇਠ ਲਿਖੇ ਦੋ ਸਾਚੇ ਵਾਕੇ ਬਿਆਨ ਕਰਦਾ ਹੈ ਜਿਸ ਤੋਂ ਅਰਦਾਸ ਦੀ ਸ਼ਕਤੀ ਉੱਤੇ ਰੋਸ਼ਨੀ ਪਵੇਗੀ-
1. ਤਕਰੀਬਨ ਸੰਨ 1939 ਦਾ ਜ਼ਿਕਰ ਹੈ ਕਿ ਦਾਸ ਮੋਗੇ ਤਹਿਸੀਲ ਵਿੱਚ ਕਾਇਮਮੁਕਾਮ ਡੀ. ਐਸ. ਪੀ. ਸੀ। ਅਜੇ ਪੱਕਾ ਹੋਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ ਸੀ। ਦਾਸ ਦੀ ਧਰਮ ਪਤਨੀ ਨੇ ‘ ਥਿਰ ਘਰ ਬੈਸਹੁ’ ਦੇ ਸ਼ਬਦ ਦਾ ਸਵਾ ਲੱਖ ਪਾਠ 40 ਦਿਨਾਂ ਅੰਦਰ ਇਸ ਭਾਵਨਾ ਨੂੰ ਮੁਖ ਰੱਖ ਕੇ ਕੀਤਾ ਕਿ ਦਾਸ ਪੱਕਾ ਹੋ ਜਾਵੇ। ਭੋਗ ਵਾਲੇ ਦਿਨ ਦਾਸ ਨੇ ਖੁਦ ਅਰਦਾਸ ਕੀਤੀ ਅਤੇ ਜਦੋਂ 10 ਵਜੇ ਦਫਤਰ ਗਿਆ ਤਾਂ ਉਥੇ ਤਾਰ ਮਿਲੀ ਜਿਸ ਵਿਚ ਦਾਸ ਦੇ ਪੱਕੇ ਹੋਣ ਬਾਰੇ ਇਕ ਮਿੱਤਰ ਦੀ ਮੁਬਾਰਕਬਾਦ ਸੀ। ਦਾਸ ਸ਼ਬਦ ਅਤੇ ਅਰਦਾਸ ਦੀ ਸ਼ਕਤੀ ਨੂੰ ਦੇਖ ਕੇ ਅਸਚਰਜ ਹੋ ਗਿਆ।
2. 1953-54 ਦਾ ਜ਼ਿਕਰ ਹੈ ਕਿ ਦਾਸ ਦਿੱਲੀ ਆਪਣੀ ਕੋਠੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿਚ ਸਵੇਰੇ 4 ਵਜੇ ਸਰਦੀ ਦੇ ਮੌਸਮ ਵਿਚ ਨਿਤਨੇਮ ਕਰਦਾ ਹੁੰਦਾ ਸੀ। ਬਾਹਰਲੇ ਕੁਆਟਰਾ ਵਿਚ ਇਕ ਸੱਜਣ ਨੇ ਕੁੱਕੜ ਪਾਲੇ ਹੋਏ ਸਨ। ਉਹ ਕੁੱਕੜ ਰੋਜ ਬਾਂਗ ਦਿੰਦਾ ਤੇ ਮੇਰੇ ਸਿਮਰਨ ਵਿਚ ਖਲਲ ਪੈਦਾ ਹੁੰਦੀ ਸੀ। ਸਿਮਰਨ ਵਿਚ ਬੈਠਿਆਂ ਮੇਰੇ ਮੂੰਹੋਂ ਨਿੱਕਲ ਗਿਆ ਕਿ ਹੇ ਵਾਹਿਗੁਰੂ , ਇਸ ਕੁੱਕੜ ਨੂੰ ਆਪ ਮਾਰ ਨਹੀਂ ਸਕਦੇ? ਦੂਸਰੇ ਦਿਨ ਉਹ ਕੁੱਕੜ ਬਿਮਾਰ ਹੋ ਕੇ ਮਰ ਗਿਆ। ਮੈਂ ਫਿਰ ਮਾਫੀ ਮੰਗੀ ਕਿ ਇਹ ਸ਼ੁਭ ਕਾਮਨਾ ਦੀ ਅਰਦਾਸ ਨਹੀਂ ਸੀ, ਇਸ ਵਾਸਤੇ ਮੈਨੂੰ ਮੁਆਫ ਕੀਤਾ ਜਾਵੇ। ਪਰ ਤੀਰ ਚੱਲ ਚੁੱਕਿਆ ਸੀ। ਕੁੱਕੜ ਵਾਲਾ ਸੱਜਣ ਦੂਸਰੇ ਚੌਥੇ ਦਿਨ ਹੋਰ ਕੁੱਕੜ ਲੈ ਆਇਆ। ਉਸਨੇ ਵੀ ਬਾਂਗ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਹ ਵੀ ਦੂਸਰੇ ਚੌਥੇ ਦਿਨ ਮਰ ਗਿਆ। ਇਸ ਤਰ੍ਹਾਂ ਨਾਲ ਸੱਤ ਕੁੱਕੜ ਮਰੇ। ਮੇਰੀ ਧਰਮ ਪਤਨੀ ਨੇ , ਜਿਸਨੂੰ ਮੈਂ ਇਸ ਅਰਦਾਸ ਬਾਰੇ ਦੱਸ ਦਿੱਤਾ ਸੀ, ਜਾਕੇ ਕੁੱਕੜਾਂ ਵਾਲੇ ਪ੍ਰੇਮੀ ਨੂੰ ਕਿਹਾ ਕਿ ਉਹ ਹੋਰ ਕੁੱਕੜ ਖਰੀਦ ਕੇ ਨਾ ਲਿਆਵੇ, ਕੋਈ ਐਸੀ ਗੱਲ ਹੈ ਕਿ ਕੁੱਕੜ ਬਚਣਗੇ ਨਹੀਂ । ਫਿਰ ਉਹ ਕੁੱਕੜ ਲਿਆਉਣੋ ਹਟ ਗਿਆ । ਇਸ ਵਾਕ ਤੋਂ ਸਿਮਰਨ ਅਭਿਲਾਸ਼ੀਆ ਨੂੰ ਇਹ ਵੀ ਸਬਕ ਲੈਣਾ ਚਾਹੀਦਾ ਹੈ ਕਿ ਸਿਮਰਨ ਵਿਚ ਬੈਠੇ ਹੋਏ ਆਪਣੇ ਮੂੰਹ ਵਿਚੋਂ ਬਹੁਤ ਹੀ ਵਿਚਾਰ ਨਾਲ ਗੱਲ ਕਹਿਣੀ ਚਾਹੀਦੀ ਹੈ।
ਬਿਸ਼ਨ ਸਿੰਘ ‘ ਪਲਤਾ ‘ ਨਾਭਾ
ਪੁਸਤਕ- ਅਰਦਾਸ ਸ਼ਕਤੀ
ਜਾਰਜ ਰੌਨਾ ਵਿਆਨਾ ਵਿਚ ਅਟਾਰਨੀ ਸਨ। ਪਰ ਦੂਸਰੇ ਗ੍ਰਹਿ ਯੁੱਧ ਦੇ ਦਿਨਾਂ ਵਿਚ ਉਹ ਸਵੀਡਨ ਭੱਜ ਗਏ। ਉਹਨਾਂ ਕੋਲ ਫੁੱਟੀ ਕੌਡੀ ਵੀ ਨਹੀਂ ਸੀ ਅਤੇ ਨੌਕਰੀ ਦੀ ਸਖਤ ਜਰੂਰਤ ਸੀ। ਉਹ ਕਈ ਭਾਸ਼ਾਵਾਂ ਵਿਚ ਲਿਖਣਾ ਪੜ੍ਹਨਾ ਜਾਣਦੇ ਸਨ। ਇਸ ਲਈ ਉਹਨਾਂ ਨੂੰ ਉਮੀਦ ਸੀ ਕਿ ਕਿਸੇ ਆਯਾਤ ਨਿਰਯਾਤ ਫਰਮ ਵਿਚ ਪੱਤਰ ਲੇਖਕ ਦਾ ਕੰਮ ਉਨ੍ਹਾਂ ਨੂੰ ਮਿਲ ਜਾਵੇਗਾ। ਜਿਆਦਾਤਰ ਫਰਮਾਂ ਨੇ ਉਨ੍ਹਾਂ ਨੂੰ ਲਿਖ ਭੇਜਿਆ ਕਿ ਯੁੱਧ ਦੇ ਕਾਰਨ ਉਨ੍ਹਾਂ ਦੀਆਂ ਸੇਵਾਵਾਂ ਦੀ ਜਰੂਰਤ ਨਹੀਂ ਹੈ। ਭਵਿੱਖ ਵਿਚ ਜੇ ਜਰੂਰਤ ਹੋਈ ਤਾਂ ਉਨ੍ਹਾਂ ਦਾ ਧਿਆਨ ਰੱਖਿਆ ਜਾਵੇਗਾ। ਪਰੰਤੂ ਇਕ ਵਿਅਕਤੀ ਨੇ ਜਾਰਜ ਰੌਨਾ ਨੂੰ ਲਿਖਿਆ- ” ਕੀ ਤੁਸੀਂ ਸਮਝਦੇ ਹੋ ਕਿ ਮੇਰਾ ਵਪਾਰ ਝੂਠਾ ਹੈ? ਤੂੰ ਗ਼ਲਤ ਹੈ ਤੇ ਮੂਰਖ ਹੈਂ। ਮੈਨੂੰ ਕਿਸੇ ਪੱਤਰ ਲੇਖਕ ਦੀ ਜਰੂਰਤ ਨਹੀਂ। ਜੇ ਮੈਨੂੰ ਜਰੂਰਤ ਹੋਈ ਵੀ ਤਾਂ ਤੈਨੂੰ ਕਦੀ ਨਹੀਂ ਰੱਖਾਂਗਾ ਕਿਉਂਕਿ ਤੈਨੂੰ ਸਵਿਸ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ । ਤੇਰਾ ਇਹ ਪੱਤਰ ਗਲਤੀਆਂ ਨਾਲ ਭਰਿਆ ਪਿਆ ਹੈ। ”
ਜਾਰਜ ਰੌਨਾ ਨੇ ਇਹ ਪੱਤਰ ਪੜ੍ਹਿਆ ਤਾਂ ਗੁੱਸੇ ਨਾਲ ਪਾਗਲ ਹੋ ਉਠੇ । ਕੀ ਮੈਂ ਸਵਿਸ ਭਾਸ਼ਾ ਲਿਖਣਾ ਨਹੀਂ ਜਾਣਦਾ? ਉਹ ਆਦਮੀ ਸਮਝਦਾ ਕੀ ਹੈ? ਖੁਦ ਉਸਦਾ ਪੱਤਰ ਕਿੰਨੀਆਂ ਗਲਤੀਆਂ ਨਾਲ ਭਰਿਆ ਪਿਆ ਹੈ। ਜਾਰਜ ਰੌਨਾ ਨੇ ਉਸ ਵਿਅਕਤੀ ਨੂੰ ਅਜਿਹਾ ਪੱਤਰ ਲਿਖਿਆ ਕਿ ਉਹ ਪੜ੍ਹ ਕੇ ਚੀਖ ਉਠੇ । ਪਰ ਫਿਰ ਥੋੜ੍ਹਾ ਵਿਚਾਰ ਕੀਤਾ – ਮੈਂ ਕਿਵੇਂ ਕਹਿ ਸਕਦਾ ਹਾਂ ਕਿ ਉਹ ਵਿਅਕਤੀ ਗਲਤ ਹੈ? ਚਾਹੇ ਮੈਂ ਸਵਿਸ ਭਾਸ਼ਾ ਪੜ੍ਹੀ ਹੈ, ਪਰ ਇਹ ਮੇਰੀ ਮਾਤਰਭਾਸ਼ਾ ਨਹੀਂ ਹੈ। ਹੋ ਸਕਦਾ ਹੈ ਕਿ ਮੈਂ ਗਲਤੀਆਂ ਕੀਤੀਆਂ ਹੋਣ ਤੇ ਉਨ੍ਹਾਂ ਨੂੰ ਮੈਂ ਨਾ ਜਾਣਦਾ ਹੋਵਾਂ। ਹੋਣ ਵੀ ਤਾਂ ਮੈਨੂੰ ਨੌਕਰੀ ਪਾਉਣ ਲਈ ਉਸ ਭਾਸ਼ਾ ਦਾ ਮਿਹਨਤ ਨਾਲ ਅਧਿਐਨ ਕਰਨ ਚਾਹੀਦਾ ਹੈ। ਇਸ ਵਿਅਕਤੀ ਨੇ ਸੱਚਮੁੱਚ ਮੇਰਾ ਉਪਕਾਰ ਕੀਤਾ ਹੈ।
ਜਾਰਜ ਰੌਨਾ ਨੇ ਉਹ ਕੌੜਾ ਪੱਤਰ ਪਾੜ ਕੇ ਸੁੱਟ ਦਿੱਤਾ ਤੇ ਦੂਜਾ ਪੱਤਰ ਲਿਖਿਆ ਕਿ – ਤੁਹਾਨੂੰ ਕਿਸੇ ਪੱਤਰ ਲੇਖਕ ਦੀਆਂ ਸੇਵਾਵਾਂ ਦੀ ਜਰੂਰਤ ਨਾ ਹੋਣ ਤੇ ਵੀ ਮੈਨੂੰ ਪੱਤਰ ਲਿਖਣ ਦਾ ਕਸ਼ਟ ਕਰਕੇ ਤੁਸੀਂ ਬੜੀ ਕਿਰਪਾ ਕੀਤੀ ਹੈ। ਮੈਨੂੰ ਤੁਹਾਡੀ ਫਰਮ ਸੰਬੰਧੀ ਆਪਣੀ ਗਲਤ ਧਾਰਨਾ ਉੱਤੇ ਦੁਖ ਹੈ। ਪੁੱਛ ਤਾਛ ਤੋਂ ਬਾਦ ਪਤਾ ਲੱਗਾ ਕਿ ਤੁਸੀਂ ਆਪਣੇ ਖੇਤਰ ਦੇ ਮੁਖ ਵਿਪਾਰੀ ਹੋ। , ਇਸ ਲਈ ਮੈਂ ਤੁਹਾਨੂੰ ਪੱਤਰ ਲਿਖਿਆ । ਮੈਂ ਗਲਤੀ ਨਾਲ ਆਪਣੇ ਪੱਤਰ ਵਿੱਚ ਵਿਆਕਰਣ ਸੰਬੰਧੀ ਜੋ ਭੁੱਲਾਂ ਕਰ ਬੈਠਿਆਂ ਉਸਦਾ ਮੈਨੂੰ ਦੁੱਖ ਅਤੇ ਪਛਤਾਵਾ ਹੈ। ਮੈਂ ਆਪਣੇ ਕਾਰੋਬਾਰ ਦੇ ਨਾਲ- ਨਾਲ ਸਵਿਸ ਭਾਸ਼ਾ ਦਾ ਅਧਿਐਨ ਕਰਾਗਾਂ ਅਤੇ ਆਪਣੀਆਂ ਭੁੱਲਾਂ ਨੂੰ ਸੁਧਾਰਨ ਦਾ ਯਤਨ ਕਰਾਂਗਾ। ਤੁਸੀਂ ਮੈਨੂੰ ਆਤਮ ਉੱਨਤੀ ਦਾ ਮਾਰਗ ਦਿਖਾਇਆ ਹੈ ਉਸਦੇ ਲਈ ਮੈਂ ਤੁਹਾਨੂੰ ਧੰਨਵਾਦ ਦਿੰਦਾ ਹਾਂ।
ਕੁਝ ਹੀ ਦਿਨਾਂ ਬਾਅਦ ਉਸ ਵਿਅਕਤੀ ਦਾ ਪੱਤਰ ਮਿਲਿਆ । ਉਹਨਾਂ ਨੇ ਮਿਲਣ ਲਈ ਬੁਲਾਇਆ ਸੀ। ਰੌਨਾ ਉਥੇ ਗਏ ਅਤੇ ਉਨ੍ਹਾਂ ਨੂੰ ਨੌਕਰੀ ਮਿਲ ਗਈ। ਜਾਰਜ ਰੌਨਾ ਨੇ ਖੁਦ ਮਹਿਸੂਸ ਕੀਤਾ ਕਿ ਨਿਮਰ ਜਵਾਬ ਗੁੱਸੇ ਨੂੰ ਖ਼ਤਮ ਕਰ ਦਿੰਦਾ ਹੈ।
ਪੁਸਤਕ – ਚਿੰਤਾ ਛੱਡੋ ਸੁਖ ਨਾਲ ਜੀਓ
ਡੇਲ ਕਾਰਨੇਗੀ
B
ਬਚਪਨ ਤੋਂ ਹੀ ਮੇਰੇ ਪਿਤਾ ਜੀ ਨੇ ਮੂਲਮੰਤਰ ਦੇ ਜਾਪ ਦੀਆਂ ਅਜਿਹੀਆਂ ਮਹੱਤਵ ਪੂਰਨ ਮਿਸਾਲਾਂ ਦਿੱਤੀਆਂ ਸਨ ਕਿ ਮੂਲ ਮੰਤਰ ਦਾ ਜਾਪ ਮੇਰੇ ਅੰਦਰ ਘੁੱਟ ਘੁੱਟ ਕੇ ਭਰਿਆ ਗਿਆ।ਸੱਚਮੁੱਚ ਇਸ ਮਹੱਤਤਾ ਨੂੰ ਮੈਂ ਪਹਿਲੀ ਵਾਰ ਓਦੋ ਤੱਕਿਆ ਜਦੋਂ ਮੇਰੀ ਉਮਰ ਗਿਆਰਾਂ ਵਰ੍ਹਿਆ ਦੀ ਸੀ। ਇਕ ਦਿਨ ਪਿਤਾ ਜੀ ਘਰ ਨਹੀਂ ਸਨ ਅਤੇ ਨੰਬਰਦਾਰ ਭਗਵਾਨ ਸਿੰਘ ਦੇ ਘਰ ਲਾਗਲੇ ਬਾੜੇ ਕੋਲ ਕੁਝ ਪੁੱਛਾਂ ਦੇਣ ਵਾਲੇ ਸਿਆਣਿਆ ਨੇ ਇਕੱਠ ਬੁਲਾਇਆ , ਜਿਹਨਾਂ ਦੇ ਮੁਖੀ ਅੰਡਿਆਲੇ ਵਾਲੇ ਪੰਡਤ ਮਹਾਰਾਜ, ਸਾਡੇ ਪਿੰਡ ਤੋਂ ਸੂਰਮਾ ਪੰਡਿਤ ਦੇ ਓਹਦੇ ਤਿੰਨ ਚਾਰ ਸਾਥੀ ਸਨ। ਕਿਸੇ ਗੱਲੋਂ ਮੇਰਾ ਓਹਨਾ ਨਾਲ ਤਕਰਾਰ ਹੋ ਗਿਆ । ਉਹ ਚਿੜ ਕੇ ਮੇਰੇ ਤੇ ਮੰਤ੍ਰ ਛੱਡਣ ਲੱਗੇ। ਮੈਂ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ ਅਤੇ ਓਹਨਾ ਦੇ ਮੰਤਰ ਬੇਅਸਰ ਰਹੇ। ਫਿਰ ਉਹਨਾਂ ਨੇ ਇਕ ਚੌਖਟੇ ਜਹੇ ਦੇ ਆਸਪਾਸ ‘ ਕਾਰ’ ਕਰ ਦਿੱਤੀ ਅਤੇ ਚਾਰੇ ਪਾਸੇ ਚਾਰ ਦੀਵੇ ਟਿਕਾਕੇ ਧਮਕਾਇਆ ਕਿ ਇਸ ‘ ਕਾਰ ‘ ਵਿਚ ਬੈਠ ਅਸੀਂ ਤੈਨੂੰ ਭਸਮ ਕਰ ਦਿਆਂਗੇ । ਮੈਂਨੂੰ ਮੂਲ ਮੰਤਰ ਦੇ ਜਾਪ ਤੇ ਭਰੋਸਾ ਸੀ, ਮੈਂ ਇਕ ਦੀਵੇ ਨੂੰ ਪੈਰ ਨਾਲ ਠੁੱਡਾ ਮਾਰਿਆ ਤੇ ਉਸ ਕਾਰ ਵਾਲੀ ਥਾਂ ਦੇ ਵਿਚ ਦੀ ਹੁੰਦਾ ਹੋਇਆ ਘਰ ਵੱਲ ਤੁਰ ਪਿਆ।
ਉਸੇ ਰਾਤ ਅੰਡਿਆਲੇ ਵਾਲਾ ਮੁਖੀ ਤਾਂ ਖਿਸਕੰਤਰ ਹੋ ਗਿਆ, ਪਰ ਸਾਡੇ ਗੁਆਂਢ ਰਹਿਣ ਵਾਲੇ ਸੂਰਮੇ ਪੰਡਿਤ ਨੇ ਈਰਖਾ ਦੀ ਕਾੜ੍ਹਨੀ ਵਿਚ ਰਿਝ ਕੇ ਮੇਰੇ ਤੇ ਕਾਲੇ ਇਲਮ ਦੇ ਵਾਰ ਸ਼ੁਰੂ ਕਰ ਦਿੱਤੇ। ਮੈਂ ਰਾਤ ਨੂੰ ਕੀਰਤਨ ਸੋਹਿਲੇ ਦਾ ਪਾਠ ਕਰਨ ਉਪਰੰਤ ਸਿਰਹਾਣੇ ਪਾਣੀ ਅਤੇ ਸ਼੍ਰੀ ਸਾਹਿਬ ਰੱਖ ਕੇ ਸੌ ਗਿਆ। ਮੇਰੇ ਤੋਂ ਪਹਿਲਾਂ ਮੇਰੇ ਚਾਚੇ ਦੇ ਮੁੰਡੇ ਦਾ ਮੰਜਾ ਲੱਗਾ ਹੋਇਆ ਸੀ। ਸੂਰਮੇ ਪੰਡਤ ਨੇ ਟਿਕੀ ਰਾਤ ਕਾਲਾ ਇਲਮ ਮੇਰੇ ਤੇ ਛੱਡਿਆ ਪਰ ਜਦੋਂ ਉਹ ਬਲਾ ਰਾਹ ਵਿੱਚ ਚਾਚੇ ਦੇ ਮੁੰਡੇ ਕੋਲੋਂ ਗੁਜਰੀ ਤਾਂ ਉਸਨੇ ਖੂਬ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਅਭੜਵਾਹੇ ਉਠਿਆ ਅਤੇ ਉਸੇ ਪੰਡਿਤ ਦਾ ਕੀਤਾ ਕਾਰਾ ਸਮਝਦਿਆ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ। ਬਲਾ ਜਿਵੇਂ ਆਈ ਸੀ, ਓਵੇ ਈ ਵਾਪਸ ਮੁੜ ਗਈ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਡਰਦਾ ਮਾਰਾ ਪੰਡਤ ਬੋਰੀ ਬਿਸਤਰਾ ਚੁੱਕ ਕੇ ਖਿਸਕ ਗਿਆ।
ਇਹਨਾਂ ਘਟਨਾਵਾਂ ਕਰਕੇ ਮੇਰਾ ਦ੍ਰਿੜ ਨਿਸਚਾ ਬਣਾ ਦਿੱਤਾ ਕਿ ਗੁਰਬਾਣੀ ਦਾ ਪਾਠ ਤੇ ਵਿਚਾਰ ਜੀਵ ਆਤਮਾ ਲਈ ਸਦਾ ਸੁਖਦਾਈ ਹੈ | ਪੰਜਵੇ ਪਾਤਸ਼ਾਹ ਦਾ ਫੁਰਮਾਨ ਹੈ :
ਗੁਰਬਾਣੀ ਗਾਵਹੁ ਭਾਈ ।।
ਓਹ ਸਫਲ ਸਦਾ ਸੁਖਦਾਈ ।।
ਲੇਖਕ : ਸੂਬੇਦਾਰ ਬਘੇਲ ਸਿੰਘ (ਹੱਡਬੀਤੀ)
ਪੁਸਤਕ : ਜੀਵਨ ਅਨੁਭਵ
1980 ਦੇ ਆਸ ਪਾਸ ਦੀ ਗੱਲ ਹੈ ।
ਮੈਂ ਅੰਮ੍ਰਿਤ ਵੇਲੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਿਹਾ ਸੀ। ਸਭ ਸੰਗਤਾਂ ਕੀਰਤਨ ਦਾ ਅਨੰਦ ਮਾਣ ਰਹੀਆਂ ਸਨ। ਅਚਾਨਕ ਮੇਰੀ ਨਜਰ ਕੀਰਤਨੀ ਸਿੰਘਾਂ ਦੇ ਬਿਲਕੁਲ ਪਿੱਛੇ ਪਰ ਮੇਰੇ ਤੋ ਅੱਗੇ ਬੈਠੇ ਇਕ ਬਜੁਰਗ ਵੱਲ ਪਈ ਜਿਸ ਦੀ ਮੈ ਕੇਵਲ ਪਿੱਠ ਹੀ ਦੇਖ ਸਕਦਾ ਸਾਂ। ਮੈ ਦੇਖਿਆ ਕਿ ਉਸ ਨੇ ਖੱਦਰ ਦਾ ਕੁੜਤਾ ਪਾਇਆ ਹੋਇਆ ਸੀ। ਉਸ ਦੀ ਹਾਲਤ ਬਹੁਤ ਖਸਤਾ ਸੀ ਜਿਸ ਉੱਤੇ ਕਈ ਰੰਗ ਬਿਰੰਗੀਆਂ ਘਸਮੈਲੀਆਂ ਜਹੀਆਂ ਟਾਕੀਆਂ ਵੀ ਲਗੀਆਂ ਸਨ। ਉਹ ਬਜੁਰਗ ਚੌਕੜਾ ਲਗਾ ਕੇ ਤੇ ਸਿਰ ਸੁੱਟ ਕੇ ਅਡੌਲ ਚਿਤ ਬੈਠਾ ਕੀਰਤਨ ਵਿਚ ਲੀਨ ਜਾਪਦਾ ਸੀ। ਮੇਰੇ ਮਨ ਵਿਚ ਆਇਆ ਕਿ ਇਹ ਵਿਅਕਤੀ ਕਿਤਨੀ ਸ਼ਰਧਾ ਨਾਲ ਗੁਰਬਾਣੀ ਸਰਵਣ ਕਰ ਰਿਹਾ ਹੈ। ਵਾਹਿਗੁਰੂ ਦਾ ਬੜਾ ਤੱਪਸਵੀ ਸੇਵਕ ਲਗਦਾ। ਪਰ ਹੈਰਾਨੀ ਦੀ ਗੱਲ ਹੈ ਕਿ ਵਾਹਿਗੁਰੂ ਨਾਲ ਇਤਨੇ ਡੂੰਘੇ ਰੂਪ ਵਿਚ ਹੋਣ ਦੇ ਬਾਵਜੂਦ ਵੀ ਉਸ ਨੇ ਇਸ ਨੂੰ ਇਕ ਚੰਗੀ ਜਿਹੀ ਕਮੀਜ ਵੀ ਨਹੀ ਦਿੱਤੀ। ਇਹ ਗੱਲ ਸੋਚ ਕੇ ਮੈ ਕੁਝ ਬੇਚੈਨ ਜਿਹਾ ਹੋਇਆ ਤੇ ਆਪਣੇ ਮਨ ਵਿਚ ਧਾਰਿਆ ਕਿ ਜਦੋ ਇਹ ਬਜੁਰਗ ਉੱਠੇ ਗਾ ਤਾਂ ਮੈ ਇਸ ਨੂੰ ਕੁਝ ਮਾਇਆ ਦੇਕੇ ਬੇਨਤੀ ਕਰਾਗਾਂ ਕਿ ਉਹ ਆਪਣੇ ਲਈ ਕਮੀਜ ਦਾ ਇਕ ਜੋੜਾ ਨਵਾਂ ਲੈ ਲਵੇ।
ਮੈ ਉਸ ਵਕਤ ਦੀ ਉਡੀਕ ਕਰਨ ਲੱਗ ਪਿਆ ਜਦ ਉਹ ਬਜੁਰਗ ਦਰਬਾਰ ਸਾਹਿਬ ਤੋ ਉੱਠੇ ਤੇ ਮੈ ਆਪਣੇ ਮਨ ਦੀ ਇਛਾ ਪੂਰੀ ਕਰ ਸਕਾਂ। ਵਕਤ ਬੀਤਦਾ ਗਿਆ ਪਰ ਉਹ ਬਜੁਰਗ ਅਡੋਲ ਤੇ ਅਹਿੱਲ ਹੀ ਰਿਹਾ। ਇਸ ਦੌਰਾਨ ਗੁਰੂ ਮਹਾਰਾਜ ਦੇ ਸਰੂਪ ਦੀ ਤਸ਼ਰੀਫ ਆਵਰੀ ਹੋਈ ਹੁਕਮਨਾਮਾ ਲਿਆ ਗਿਆ ਅਰਦਾਸਾ ਹੋਇਆ । ਇਸ ਸਭ ਦੇ ਮਗਰੌ ਉਹ ਫਿਰ ਨਜਿੱਠ ਕੇ ਬੈਠ ਕੇ ਪਹਿਲਾ ਵਰਗੀ ਹਾਲਤ ਵਿਚ ਹੋ ਗਿਆ। ਇਸ ਦੌਰਾਨ ਸਵੇਰ ਦੇ ਸਾਢੇ ਪੰਜ ਵੱਜ ਗਏ। ਮੈ ਹੋਰ ਬੈਚੇਨ ਹੋਣ ਲੱਗ ਪਿਆ। ਕਿਉਕਿ ਮੈ ਗੈਸਟ ਹਾਊਸ ਜਾਕੇ ਤਿਆਰ ਹੋਣਾ ਸੀ। ਪਰ ਮੈ ਕੀ ਕਰਦਾ ਮੇਰੇ ਮਨ ਦੀ ਬੈਚੇਨੀ ਮੈਨੂੰ ਟਿਕਣ ਨਹੀ ਸੀ ਦੇ ਰਹੀ। ਬਜੁਰਗ ਤਾਂ ਇਧਰ ਉਧਰ ਦੇਖਣ ਦੀ ਗੱਲ ਦੂਰ ਹਿੱਲਣ ਦਾ ਨਾਮ ਵੀ ਨਹੀ ਸੀ ਲੈ ਰਿਹਾ।
ਆਖਿਰ ਮੈ ਆਪਣੇ ਮਨ ਨਾਲ ਆਪਣੇ ਲਈ ਛੇ ਵਜੇ ਤੱਕ ਦਾ ਸਮਾਂ ਮਿਥ ਲਿਆ। ਕਿ ਉਹ ਜੇ ਕਰ ਛੇ ਵਜੇ ਤਕ ਉਠ ਪਿਆ ਤਾਂ ਠੀਕ ਹੈ ਵਰਨਾ ਮੈ ਮਜਬੂਰਨ ਉਸ ਮਿਲੇ ਬਿਨਾ ਚਲੇ ਜਵਾਗਾਂ । ਕੁਝ ਦੇਰ ਮਗਰੋ ਜਦ ਘੜੀ ਨੇ ਛੇ ਵਜਾਏ ਉਹ ਬਜੁਰਗ ਉੱਠ ਪਿਆ। ਮੈ ਸ਼ੁਕਰ ਕੀਤਾ। ਉਹ ਲਾਗਲੇ ਕਿਵਾੜ ਵਿਚੋਂ ਬਾਹਰ ਨਿਕਲ ਕੇ ਹਰਿ ਕੀ ਪੌੜੀ ਵੱਲ ਚੱਲ ਪਿਆ। ਮੈਂ ਵੀ ਹਿੰਮਤ ਕਰਕੇ ਉਸ ਦੇ ਪਿੱਛੇ ਪਿੱਛੇ ਚੱਲ ਪਿਆ। ਮੈ ਜਦ ਉਸ ਦੇ ਬਰਾਬਰ ਹੋਇਆ ਤਾਂ ਉਸ ਨੇ ਮੇਰੇ ਵੱਲ ਦੇਖੇ ਬਿਨਾਂ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਆ ਭਾਈ ਦਾਨੀ ਪੁੱਤਰਾ ਦੋ ਘੰਟੇ ਹੋ ਗਏ ਹਨ। ਨਾ ਤਾਂ ਤੂੰ ਆਪ ਕੀਰਤਨ ਸੁਣਿਆਤੇ ਨਾ ਮੈਨੂੰ ਸੁਨਣ ਦਿੱਤਾ। ਹਾਂ ਕਰ ਲੈ ਆਪਣੀ ਇੱਛਾ ਪੂਰੀ ਲੈ ਦੇ ਮੈਨੂਂ ਕੁੜਤਾ ਪਜਾਮਾ। ਉਸ ਮਹਾਂਪੁਰਸ਼ ਦੇ ਿੲਹ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ। ਆਪਣੀ ਜਿੰਦਗੀ ਵਿਚ ਇਹ ਜਾਨਣ ਦਾ ਪਹਿਲਾ ਹੀ ਅਵਸਰ ਸੀ। ਕਿ ਕੋਈ ਵਿਅਕਤੀ ਆਪਣੀ ਅੰਦਰਲੀ ਸ਼ਕਤੀ ਨਾਲ ਕਿਸੇ ਦੂਜੇ ਦੇ ਵਿਚਾਰਾਂ ਨੂੰ ਬਿਨ ਬੋਲਿਆ ਜਾਣ ਲਵੇ। ਇਸ ਹਾਲਤ ਵਿਚ ਮੈ ਉਸ ਬਜੁਰਗ ਦੇ ਗੋਡਿਆ ਨੂੰ ਸਤਿਕਾਰ ਨਾਲ ਹੱਥ ਲਗਾਇਆ। ਉਨੇਂ ਪਿਆਰ ਨਾਲ ਮੈਨੂੰ ਗਲਵਕੜੀ ਵਿਚ ਲੈ ਲਿਆ। ਸ਼ਾਬਸ਼ ਦਿੱਤੀ ਕਿੳਕਿ ਮੇਰੀ ਦਿਲੀ ੍ਭਾਵਨਾ ਮਾੜੀ ਨਹੀ ਸੀ। ਉਹ ਹੱਸ ਮੁਖ ਬਜੁਰਗ ਸੀ। ਹੌਸਲਾਂ ਕਰਕੇ ਮੈ ਪੁਛਿਆ ਬਾਬਾ ਜੀ ਮੇਰੀ ਇੱਕ ਸ਼ੰਕਾ ਤਾਂ ਨਵਿਰਤ ਕਰ ਦਿਓ ਕਿ ਰੱਬ ਨੇ ਤੁਹਨੂੰ ਟਾਕੀਆਂ ਵਾਲਾ ਕੁੜਤਾ ਹੀ ਕਿਉਂ ਦਿੱਤਾ ਜਦ ਕਿ ਤੁਸੀ ਉਸਦੇ ਇਤਨੇ ਸ਼ਰਧਾਵਾਨ ਹੋ। ਇਸ ਤੇ ਉਸ ਬਜੁਰਗ ਨੇ ਕਿਹਾ। ਅਜਿਹਾ ਨਹੀ ਪੁੱਤਰ ਰੱਬ ਦੀਆਂ ਦਿੱਤਾਂ ਦਾ ਤਾਂ ਕੋਈ ਅੰਦਾਜਾਂ ਨਹੀ ਲਗਾ ਸਕਦਾ। ਇਸ ਅਸਥਾਨ ਵਿੱਚ ਤਾਂ ਇਤਨੀ ਸ਼ਕਤੀ ਹੈ ਕਿ ਮੈਲੀਆਂ ਤੋ ਮੈਲੀਆਂ ਆਤਮਾਵਾਂ ਵੀ ਸਵੱਛ ਤੇ ਨਿਰਛਲ ਹੋ ਜਾਂਦੀਆਂ ਹਨ। ਉਹ ਕਹਿਣ ਲੱਗੇ ਮੈ ਬਚਪਨ ਤੋ ਹੀ ਨੇਮ ਨਾਲ ਦਰਬਾਰ ਸਾਹਿਬ ਆਉਦਾਂ ਹਾਂ। ਉਸ ਸਮੇ ਮੇਰੇ ਸਿਰ ਕੇਸ ਨਹੀ ਸਨ। ਇਸ ਕਰਨ ਮੈਨੂੰ ਰੁਮਾਲ ਨਾਲ ਆਪਣਾ ਸਿਰ ਢੱਕ ਕੇ ਆਉਣਾ ਪੈਦਾ ਸੀ। ਰੋਜ ਦੀ ਇਸ ਸਿਰ ਢੱਕਨ ਦੀ ਕਵਾਇਦ ਕਾਰਨ ਮੇਰਾ ਹਰ ਵਕਤ ਇਸੇ ਗੱਲ ਚ ਹੀ ਧਿਆਨ ਰਹਿੰਦਾ ਕਿ ਕਿਧਰੇ ਰੁਮਾਲ ਡਿੱਗ ਨਾ ਪਏ। ਸੋ ਇਸ ਸਮੱਸਿਆ ਦੇ ਹੱਲ ਲਈ ਮੈ ਪੂਰਨ ਕੇਸ ਰੱਖ ਕੇ ਦਸਤਾਰ ਸਜਾਅ ਲਈ। ਇਵੇ ਮੈਨੂੰ ਵਧੇਰੇ ਵਿਸ਼ਵਾਸ ਤੇ ਆਤਮਿਕ ਬਲ ਪ੍ਰਦਾਨ ਹੋਇਆ। ਅਤੇ ਮੇਰੇ ਮਨ ਤੇ ਗੁਰਬਾਣੀ ਦੀ ਰੰਗਤ ਚੜਨ ਤੇ ਮੈ ਕੁੜਤੇ ਤੇ ਇਕ ਟਾਕੀ ਠੋਕ ਦਿਤੀ ਫਿਰ ਲਾਲਚ ਵੱਸ ਹੋਇਆ ਤਾਂ ਕੁੜਤੇ ਤੇ ਦੂਜੀ ਟਾਕੀ ਠੋਕ ਦਿੱਤੀ ਇਵੇਂ ਕਰਦਿਆਂ ਅੱਜ ਮੈ 11 ਟਾਕੀਆਂ ਲਗਾ ਚੁੱਕਾ।
ਇਹ ਸੁਣਦੇ ਹੀ ਮੈ ਹਾਸੇ ਵਿਚ ਕਿਹਾ ਕਿ ਇਵੇ ਨਾ ਕਹਿ ਲਈਏ ਕਿ ਰੱਬ ਦੀ ਦਿੱਤੀ ਵਰਦੀ ਤੇ ਤਰੱਕੀ ਦੇ 11 ਤਗਮੇ ਲਗਾ ਕੇ ਇਸ ਨੂੰ ਸਜਾਇਆ। ਉਨਾਂ ਕਿਹਾ ਮੈ ਜਦ ਵੀ ਦਰਬਾਰ ਸਾਹਿਬ ਆਉਂਦਾ ਇਹ ਕੁੜਤਾ ਪਾ ਕੇ ਹੀ ਆਉਂਦਾ । ਇਹ ਮੈਨੂੰ ਦਸਦਾ ਮੈ ਕਿਨਾ ਪੈਂਡਾ ਤਹਿ ਕਰ ਲਿਆ । ਮੈਂ ਉਨਾਂ ਦੇ ਬਚਨ ਸੁਣਦਾ ਗਿਆ ਜਲਦੀ ਹੀ ਉਨਾਂ ਨੇ ਆਪਣੇ ਕੰਨ ਫੜ ਲਏ ਮੈਨੂੰ ਭਾਰੀ ਆਵਾਜ ਚ ਕਿਹਾ ਗੱਲਾਂ ਗੱਲਾਂ ਵਿਚ ਲੁੱਟ ਕੇ ਲੈ ਗਿਆ। ਇਹ ਗੱਲ ਤੈਨੂੰ ਸਣਾ ਕੇ ਲਗਦਾ ਮੇਰੀ ਹਉਮੈ ਜਾਗਣ ਲੱਗੀ ਹੈ। ਹੁਣ ਤੂੰ ਜਾ ਪਰ ਇਹ ਗੱਲ ਕਿਸੇ ਕੋਲ ਕਰੀਂ ਨਾ। ਨਾਮ ਜਪਿਆ ਕਰ ਿੲਸ ਦਵਾਰੇ ਤੇ ਸੱਚੀ ਲਗਨ ਨਾਲ ਆਇਆ ਕਰ।
ਤਕਰੀਬਨ 10 ਦਸ ਸਾਲ ਬਾਅਦ ਇਕ ਮਾਤਾ ਜੀ ਸਿਵਲ ਲਾਈਨ ਲੁਧਿਆਣੇ ਵਿਖੇ ਸਥਿਤ ਲੜਕੀਆਂ ਦੇ ਕਾਲਜ ਪਾਸ ਰਹਿੰਦੇ ਹਨ। ਮੈਨੂ ਮੇਰੇ ਘਰ ਮਿਲਣ ਲਈ ਆਏ ਉਨਾਂ ਗੱਲਾਂ ਗੱਲਾਂ ਵਿਚ ਮੈਨੂੰ ਦਸਿਆ ਕਿ ਉਨਾਂ ਨੂੰ ਪਤਾ ਲੱਗਾ ਹੈ ਕਿ ਟਾਕੀਆਂ ਵਾਲੇ ਬਜੁਰਗ ਹਾਲੇ ਵੀ ਜੀਵਤ ਹਨ। ਅਤੇ ਅੱਜ ਕੱਲ ਅਮਰੀਕਾ ਵਿਚ ਰਹਿ ਰਹੇ ਹਨ। ਉਨਾਂ ਦਸਿਆ ਕਿ ੳਨਾਂ ਬਜੁਰਗਾਂ ਨੇ ਇਹ ਸਾਰੀ ਵਿਥਿਆ ਅਖਬਾਰਾਂ ਤੇ ਕਿਤਾਬਾਂ ਵਿਚ ਛਪੀ ਪੜ ਲਈ ਹੈ । ਤੇ ਕਹਿੰਦੇ ਸਨ ਕਿ ਲਿਖਣ ਵਾਲਾ ਆਖਰ ਲਿਖਣ ਤੋ ਨਹੀਂ ਟਲਿਆ ।
—– ਡਾ. ਸਰੂਪ ਸਿੰਘ ਜੀ
ਮੈਨੂੰ ਕੈਨੇਡਾ ਆਏ ਨੂੰ 15 ਸਾਲ ਹੋ ਚੁਕੇ ਸੀ ਤੇ ਮੈਂ ਕੋਲੇ ਦੀ ਮਾਈਨ ਚ ਕੰਮ ਤੇ ਲਗਿਆ ਹੋਇਆ ਸੀ । ਮੈਨੂੰ ਇੱਥੋਂ ਦੀ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਸੀ ਕਿ ਪੈਸੇ ਨੂੰ ਕਿੱਥੇ Invest ਕਰਨਾ ਤੇ ਕਿਵੇਂ ਪੈਸੇ ਜੋੜਦੇ ਹਨ । ਬਸ ਕੰਮ ਕਰੀ ਜਾਣਾ ਤੇ ਜੋ ਚਾਰ ਪੈਸੇ ਹੋਣੇ ਉਹ ਬੈੰਕ ਚ ਰੱਖ ਦੇਣੇ । ਇਕ ਦਿਨ ਕੰਮ ਤੇ ਇਕ ਬਾਣੀਆਂ ਮਿਲ ਗਿਆ ਤੇ ਉਹ ਕਹਿੰਦਾ ਜੇ ਸਟਾਕ ਤੇ ਫੰਡ ਵਗੈਰਾ ਖਰੀਦ ਲਉ ਤਾੰ ਉਹਦੇ ਚ ਪੈਸੇ ਬਹੁਤੇ ਬਣ ਜਾੰਦੇ ਐ ! ਮੈ ਸਾਰੇ ਪੈਸੇ ਕਢਾ ਕੇ ਫੰਡ ਖਰੀਦ ਲਏ ! ਦੋ ਚਾਰ ਮਹੀਨੇ ਬਾਅਦ ਸਟਾਕ ਮਾਰਕੀਟ ਕਰੈਸ਼ ਹੋ ਗਈ ਤੇ ਲਖਾੰ ਲੋਕਾੰ ਦੇ ਨਾਲ ਨਾਲ ਮੇਰਾ ਵੀ ਸਾਰਾ ਕੁਝ ਰੁੜ ਗਿਆ ! ਪੈਸਾ ਪੈਸਾ ਕਰਕੇ ਜੋੜਿਆ ਜਦੋਂ ਰੁੜਦਾ ਤਾੰ ਮਨ ਚ ਦੁੱਖ ਲਗਦਾ । ਮੇਰਾ ਵੀ ਕੰਮ ਤੇ ਜਾਣ ਨੂੰ ਜੀਅ ਨ ਕਰਿਆ ਕਰੇ ਤੇ ਨ ਹੀ ਪਾਠ ਚ ਮਨ ਲੱਗੇ । ਹੋਰ ਵੀ ਬਹੁਤ ਸਨ ਜੋ ਮੇਰੇ ਵਾੰਗ ਦੁਖੀ ਸੀ !
ਕੀ ਰੇਡੀਉ ਪੇਪਰਾੰ ਟੀਵੀ ਤੇ ਲੋਕਾੰ ਨੂੰ ਧਰਵਾਸ ਦਿੱਤੇ ਜਾ ਰਹੇ ਸੀ ਕਿ ਸਬਰ ਕਰੋ ਫੇਰ ਮੁੜ ਆਉਣਗੇ ਪਰ ਜਿਹਦੇ ਸਿਰ ਪੈਂਦੀ ਉਹਨੰੂ ਕਿੱਥੋਂ ਚੈਨ ਆਵੇ ??
ਇਕ ਦਿਨ ਮੈ ਡਾਕਟਰ ਦੇ ਗਿਆ ਤੇ ਉੱਥੇ ਮੈਗਜ਼ੀਨ ਚ ਇਕ ਗੋਰੇ ਦੀ ਲਿਖਤ ਪੜੀ ਜਿਸ ਨੇ ਮੇਰੇ ਨਾਲ਼ੋਂ ਹਜ਼ਾਰ ਗੁਣਾ ਵੱਧ ਨੁਕਸਾਨ ਕਰਾਇਆ ਹੋਣਾ !
ਉਹ ਲਿਖਦਾ ਕਿ ਉਹ ਬਹੁਤ ਦੁਖੀ ਸੀ ਤੇ ਨੀੰਦ ਨ ਆਵੇ ਤੇ ਉਹ ਮੂੰਹ ਹਨੇਰੇ ਉਠ ਕੇ ਬਾਹਰ ਮਰਨ ਲਈ ਚਲੇ ਗਿਆ । ਕਹਿੰਦਾ ਮੈ ਕੀ ਦੇਖਿਆ ਕਿ ਅਸਮਾਨ ਚ ਚੰਦ ਤੇ ਤਾਰੇ ਉਵੇ ਚਮਕ ਰਹੇ ਸੀ । ਜਿਉਂ ਜਿਉਂ ਦਿਨ ਚੜਦਾ ਆਇਆ ਪੰਛੀ ਆਲਣਿਆੰ ਚੋੰ ਚੋਗਾ ਚੁਗਣ ਲਈ ਬਾਹਰ ਅਸਮਾਨ ਚ ਉਡਾਰੀਆੰ ਮਾਰਨ ਲੱਗ ਪਏ । ਜਿਵੇਂ ਕੁਦਰਤ ਕੋਈ ਇਲਾਹੀ ਗੀਤ ਗਾ ਰਹੀ ਸੀ !
ਲੋਕੀਂ ਹਥਾੰ ਚ ਕੌਫੀ ਦਾ ਕੱਪ ਫੜੀ ਉਵੇੰ ਹਰ ਰੋਜ਼ ਦੀ ਤਰਾੰ ਕੰਮਾੰ ਤੇ ਜਾ ਰਹੇ ਸੀ । ਨਿੱਕੇ ਨਿੱਕੇ ਨਿਆਣੇ ਹੱਸਦੇ ਖੇਡਦੇ ਸਕੂਲ ਨੂੰ ਭੱਜੇ ਜਾ ਰਹੇ ਸੀ । ਹਰ ਕੋਈ ਉਵੇ ਜ਼ਿੰਦਗੀ ਨੂੰ ਮਾਣਦਾ ਜੀਅ ਰਿਹਾ ਸੀ । ਕੁਝ ਵੀ ਤੇ ਨਹੀਂ ਸੀ ਬਦਲਿਆ ? ਜੇ ਬਦਲਿਆ ਤਾੰ ਮੇਰਾ ਮਨ ਸੀ
ਉਹ ਲਿਖਦਾ ਮੈਨੂੰ ਇਹ ਸਾਰਾ ਕੁਝ ਦੇਖ ਕੇ ਦੁਬਾਰਾ ਜ਼ਿੰਦਗੀ ਨਾਲ ਪਿਆਰ ਹੋ ਗਿਆ ਕਿ ਮੈ ਕਿਹੜੀ ਗੱਲ ਪਿੱਛੇ ਇੰਨਾ ਦੁਖੀ ਹੋ ਰਿਹਾੰ ? ਮੈਂ ਹੋਰ ਕਮਾ ਲਵਾੰਗਾ !
ਸੱਚ ਹੀ ਜਿਵੇਂ ਜਿਵੇਂ ਮੈ ਉਹਨੰੂ ਪੜਦਾ ਗਿਆ ਜਿਵੇਂ ਮੈਨੂੰ ਕੋਈ ਬ੍ਰਹਮ ਦਾ ਗਿਆਨ ਦੇ ਰਿਹਾ ਹੋਵੇ । ਮੈ ਜਦੋਂ ਸਾਰਾ ਪੜ ਕੇ ਉਠਿਆ ਤਾੰ ਮੇਰਾ ਸਰੀਰ ਹਲਕਾ ਫੁੱਲ ਸੀ ! ਮੇਰੇ ਮਨ ਤੋਂ ਮਣਾਂ ਮੰੂਹੀ ਭਾਰ ਲਹਿ ਗਿਆ ਸੀ !
ਮੇਰੀ ਜ਼ਿੰਦਗੀ ਚ ਇਕ ਵਾਰ ਨਹੀਂ ਤਿੰਨ ਵਾਰੀ ਮੈ ਨੁਕਸਾਨ ਖਾ ਚੁਕਾੰ ਤੇ ਉਹ ਵੀ ਸਾਰਾ ਕੁਝ ਗੁਆ ਕੇ !
ਜਦੋਂ ਕਦੀ ਘਰ ਵਾਲੀ ਨਾਲ ਗੱਲ ਕਰਦਾੰ ਉਹ ਕਹਿ ਦਿੰਦੀ ਹੈ ਸ਼ੁਕਰ ਚ ਰਿਹਾ ਕਰੋ । ਤੁਹਾਡੇ ਨਿਆਣੇ ਵਿਆਹੇ ਗਏ । ਦੋ ਟਾਈਮ ਰੋਟੀ ਮਿਲੀ ਜਾਂਦੀ ਹੈ ! ਹੋਰ ਕੀ ਚਾਹੀਦਾ ?? ਜਦੋਂ ਕਦੀ ਵੀ ਕੋਈ ਨੁਕਸਾਨ ਹੋਵੇ ਤਾੰ ਮੈਨੂੰ ਉਸ ਗੋਰੇ ਦੀ ਗੱਲ ਯਾਦ ਆ ਜਾਂਦੀ ਹੈ ਕਿ ਸਵੇਰੇ ਉਠ ਕੇ ਬਾਹਰ ਤੁਰਨ ਜਾਉ ਦੇਖੋ ਕੁਦਰਤ ਤੁਹਾਡੇ ਵਾਸਤੇ ਨਵਾੰ ਦਿਨ ਲੈ ਕੇ ਆਈ ਹੈ । ਇਹਨੰੂ ਆਪਦੀ ਝੋਲੀ ਚ ਪਾਉ ਤੇ ਕੁਦਰਤ ਨਾਲ ਜੁੜ ਕੇ ਰੱਜ ਕੇ ਆਨੰਦ ਚ ਜੀਉ !! ਜੇ ਕਦਮ ਸਹੀ ਹਨ ਤਾੰ ਮੰਜ਼ਲ ਤੇ ਅੱਜ ਨਹੀਂ ਤਾੰ ਕਲ ਪਹੁੰਚ ਜਾਵਾੰਗੇ
11 ਮਾਰਚ ਆ ਰਹੀ ਹੈ । ਬਹੁਤ ਨੇ ਜਿਨਾ ਨੇ ਸਟਾ ਲਾਇਆ ਹੋਇਆ ਪੈਸੇ ਦਾ ਨਹੀਂ ਆਸਾੰ ਦਾ ।। ਵੋਟਾੰ ਵਿੱਚ ਸਾਰੇ ਕਦੀ ਨਹੀਂ ਜਿੱਤਦੇ ! ਬਹੁਤ ਨੇ ਜਿੰਨਾ ਨੇ ਹਾਰਨਾ ਤੇ ਬਹੁਤਿਆੰ ਦੀਆੰ ਆਸਾੰ ਤੇ ਸੁਪਨੇ ਟੁੱਟਣਗੇ !! ਉਸ ਦਿਨ ਗੋਰੇ ਦੀ ਗੱਲ ਯਾਦ ਰਖਿਉ ਕਿ ਹਰ ਰੋਜ਼ ਨਵਾੰ ਦਿਨ ਚੜਦਾ ਤੇ ਨਵੀਂ ਉਮੰਗ ਲੈ ਕੇ ਆਉਦਾ ! ਜਿੱਤ ਦਾ ਹੰਕਾਰ ਨ ਕਰਿਉ ਤੇ ਦੁਜਿਆੰ ਨੂੰ ਗਲੇ ਲਾਇਉ !! ਜੋ ਹਾਰ ਗਏ ਉਨਾੰ ਨੂੰ ਇੰਨਾਂ ਕੁ ਯਾਦ ਰੱਖ ਲੈਣਾ ਚਾਹੀਦਾ ਕਿ ਇਹ ਸਦੀਵੀ ਰਾਜ ਨਹੀਂ ! ਹਰ ਚੌਥੇ ਪੰਜਵੇਂ ਸਾਲ ਵੋਟਾੰ ਫੇਰ ਆਣ ਖੜਨੀਆੰ ! ਜੋ ਗਲਤੀਆੰ ਹੋਈਆੰ ਉਹ ਸੁਧਾਰੋ । ਆਪਦੀ ਪਾਰਟੀ ਨੂੰ ਲੋਕ ਭਲਾਈ ਲਈ ਹੋਰ ਮਜ਼ਬੂਤ ਕਰੋ । ਨਿਰਾਸ਼ ਹੋ ਕੇ ਨਸ਼ਿਆੰ ਵੱਲ ਨੂੰ ਨ ਮੰੂਹ ਕਰ ਲਿਉ ਜਾੰ ਆਪਸ ਵਿੱਚ ਭਿੜਨ ਲੱਗ ਪਿਉ ।
ਮੰਜ਼ਲ ਸਰ ਕਰਨ ਵਾਸਤੇ ਕਦਮਾੰ ਦਾ ਸਹੀ ਦਿਸ਼ਾ ਚ ਚੱਲਣਾ ਜ਼ਰੂਰੀ ਹੈ !!
ਲੇਖਕ : ਸੁਰਜੀਤ ਸਿੰਘ
ਕਿਸੇ ਕੌਮ ਨੂੰ ਖ਼ਤਮ ਕਰਨ ਲਈ ਪਹਿਲੀ ਗੱਲ ਇਹ ਕਰਨੀ ਹੁੰਦੀ ਹੈ ਕਿ ਉਸ ਦੀ ਯਾਦ ਸ਼ਕਤੀ ਭੁਲਾ ਦਿਓ । ਉਸਦੀਆਂ ਕਿਤਾਬਾਂ ਤਬਾਹ ਕਰ ਦਿਓ। ਇਕ ਨਵਾਂ ਸੱਭਿਆਚਾਰ ਘੜੋ। ਸਗੋਂ ਇਕ ਨਵਾਂ ਇਤਿਹਾਸ ਵੀ ਘੜੋ । ਛੇਤੀ ਹੀ ਉਹ ਕੌਮ ਭੁੱਲ ਜਾਏਗੀ ਕਿ ਉਹ ਪਹਿਲਾਂ ਕੀ ਸੀ, ਤੇ ਹੁਣ ਕੀ ਹੈ। ਮਨੁੱਖ ਦੀ ਸੱਤਾ ਵਿਰੁੱਧ ਲੜਾਈ ਅਸਲ ਵਿੱਚ ਭੁੱਲ ਜਾਣ ਵਿਰੁੱਧ ਯਾਦ ਰੱਖਣ ਦੀ ਲੜਾਈ ਹੈ।
— ਚੈਕਸਲੋਵਾਕੀਆ ਦੇ ਪ੍ਰਸਿੱਧ ਲੇਖਕ ਤੇ ਫਿਲਾਸਫਰ ਮਿਲਾਨ ਕੁੰਦੇਰਾ
ਕਿਤਾਬ – ‘ ਹੱਸਣ ਤੇ ਭੁੱਲ ਜਾਣ ‘
ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਬਚਪਨ ਵਿਚ ਸਾਰੀ ਰਾਤ ਕੁਰਾਨ ਪੜ੍ਹਦਾ ਰਿਹਾ ਸੀ ਤਾਂ ਕਈ ਆਦਮੀ ਮੇਰੇ ਕੋਲ ਪਏ ਘੁਰਾੜੇ ਮਾਰ ਰਹੇ ਸਨ। ਮੈਂ ਆਪਣੇ ਪੂਜਨੀਕ ਪਿਤਾ ਜੀ ਨੂੰ ਕਿਹਾ , ਕਿ ਇਹਨਾਂ ਸੌਣ ਵਾਲਿਆਂ ਨੂੰ ਦੇਖੋ, ਨਮਾਜ਼ ਪੜ੍ਹਨਾ ਤਾਂ ਦੂਰ ਰਿਹਾ ਕੋਈ ਸਿਰ ਵੀ ਨਹੀਂ ਉਠਾਉਂਦਾ। ਪਿਤਾ ਜੀ ਨੇ ਉੱਤਰ ਦਿੱਤਾ, ਬੇਟਾ, ਤੂੰ ਵੀ ਸੌ ਜਾਂਦਾ ਤਾਂ ਚੰਗਾ ਸੀ ਕਿਉਂਕਿ ਇਸ ਗੁਨਾਹ ( ਹੰਕਾਰ) ਤੋਂ ਤਾਂ ਬਚ ਜਾਂਦਾ ।
– ਸ਼ੇਖ ਸਾਦੀ
ਪੁਸਤਕ – ਸ਼ੇਖ ਸਾਦੀ ਜੀਵਨ ਤੇ ਰਚਨਾ
ਲਿਖਾਰੀ – ਮੁਨਸ਼ੀ ਪ੍ਰੇਮ ਚੰਦ
ਮੈਡਮ ਸੀ. ਜੇ. ਬਾਕਰ ਜੋ ਕਿ ਪਹਿਲੀ ਅਫਰੀਕੀ ਅਰਬਪਤੀ ਮਹਿਲਾ ਸੀ, ਉਸਦੇ ਮਾਤਾ ਪਿਤਾ ਦਿਹਾੜੀਦਾਰ ਮਜ਼ਦੂਰ ਸਨ। ਗਰੀਬੀ ਓਹਨਾਂ ਦੇ ਪਰਿਵਾਰ ਵਿੱਚ ਇੰਨੀ ਜਿਆਦਾ ਸੀ ਕਿ ਦੋ ਵਕਤ ਪੇਟ ਭਰਨ ਵਿਚ ਵੀ ਮੁਸ਼ਕਿਲ ਪੇਸ਼ ਆਉਂਦੀ ਸੀ। ਮਾੜੀ ਕਿਸਮਤ ਨੂੰ ਮੈਡਮ ਬਾਕਰ ਦੇ ਮਾਪੇ ਉਸ ਸਮੇ ਰੱਬ ਨੂੰ ਪਿਆਰੇ ਹੋ ਗਏ ਜਦੋ ਉਸਦੀ ਉਮਰ 14 ਵਰ੍ਹਿਆ ਤੋਂ ਵੀ ਘਟ ਸੀ। ਉਸਦੀ ਇਕ ਭੈਣ ਸੀ ਜਿਸਦਾ ਵਿਆਹ 14 ਵਰ੍ਹਿਆ ਵਿਚ ਈ ਕਰ ਦਿੱਤਾ ਤਾਂ ਕਿ ਉਸਨੂੰ ਪੇਟ ਭਰ ਖਾਣਾ ਮਿਲ ਸਕੇ। ਕੁਦਰਤ ਦੀ ਸਿਤਮਜਰੀਫੀ ਦੇਖੋ ਕਿ ਅਨਾਥ ਸੀ. ਜੇ. ਬਾਕਰ ਦਾ ਦੂਜਾ ਸਹਾਰਾ ਵੀ ਚੱਲ ਵਸਿਆ। ਉਸ ਸਮੇ ਉਸਦੀ ਉਮਰ ਸਿਰਫ 20 ਸਾਲ ਦੀ ਸੀ। ਉਸਨੇ ਲੋਕਾਂ ਦੇ ਘਰ ਵਿੱਚ ਕੱਪੜੇ ਧੋਣ ਅਤੇ ਭਾਂਡੇ ਮਾਂਜਣ ਦਾ ਕੰਮ ਸ਼ੁਰੂ ਕਰ ਦਿੱਤਾ।
ਸੀ. ਜੇ. ਬਾਕਰ ਦੀ ਜਿੰਦਗੀ ਨੇ ਇਕ ਅਜਿਹਾ ਮੋੜ ਕੱਟਿਆ , ਜਿਸਨੇ ਉਸਨੂੰ ਨਾ ਸਿਰਫ ਦੁਨੀਆ ਵਿਚ ਪ੍ਰਸਿੱਧ ਵਿਅਕਤੀਆਂ ਦੀ ਸੂਚੀ ਵਿਚ ਖੜਾ ਕਰ ਦਿੱਤਾ ਬਲਕਿ ਉਸਦਾ ਨਾਮ ਅਮੀਰ ਔਰਤਾਂ ਵਿਚ ਲਿਆ ਜਾਣ ਲੱਗਾ । ਇਹ ਘਟਨਾ ਉਦੋਂ ਵਾਪਰੀ ਜਦੋਂ ਉਸਦੀ ਉਮਰ 35 ਵਰ੍ਹਿਆ ਦੀ ਸੀ। ਉਸਨੂੰ ਕੱਪੜੇ ਧੋਂਦੇ ਹੋਏ ਇਕ ਅਜਿਹਾ ਸ਼ੈਂਪੂ ਬਣਾਉਣ ਦਾ ਖਿਆਲ ਆਇਆ ਜੋ ਔਰਤਾਂ ਦੇ ਵਾਲ ਵਧਾਉਣ ਅਤੇ ਸੁੰਦਰ ਬਣਾਉਣ ਦਾ ਕੰਮ ਕਰੇ। ਅਜਿਹਾ ਉਸਨੇ ਸਾਬਣ ਅਤੇ ਆਇੰਟਮੈਂਟ ਮਿਲਾ ਕੇ ਤਿਆਰ ਕੀਤਾ। ਇਸ ਫਾਰਮੂਲੇ ਨੂੰ ਉਸਨੇ ‘ ਬਾਕਰ ਫਾਰਮੂਲੇ ‘ ਦਾ ਨਾਮ ਦਿੱਤਾ । ਵੱਲ ਵਧਾਉਣ ਅਤੇ ਸੁੰਦਰ ਬਣਾਉਣ ਦੀ ਇਸ ਤਕਨੀਕ ਵਿਚ ਇਕ ਸ਼ੈਂਪੂ , ਪੋਮੇਡ ਅਤੇ ਗਰਮ ਲੋਹੇ ਦੀਆਂ ਕੰਘੀਆਂ ਦਾ ਪ੍ਰਯੋਗ ਸ਼ਾਮਿਲ ਸੀ। ਇਹ ਇਕ ਅਜਿਹੀ ਤਕਨੀਕ ਦੀ ਜਿਸ ਨਾਲ ਅਫਰੀਕਨ ਔਰਤਾਂ ਦੇ ਵਾਲ ਚਮਕੀਲੇ ਅਤੇ ਨਰਮ ਹੋ ਜਾਂਦੇ ਸਨ।
ਸੀ. ਜੇ. ਬਾਕਰ ਕੋਲ ਅਨੇਕ ਚੁਣੌਤੀਆਂ ਸਨ। ਹੁਣ ਉਹ ਆਪਣੀ ਉਤਪਾਤ ਨੂੰ ਵੇਚਣ ਲਈ ਘਰ ਘਰ ਜਾਣ ਲੱਗੀ। ਅਨਪੜ੍ਹ ਹੋਣ ਦੇ ਬਾਵਜੂਦ ਉਸਨੂੰ ਸਮਝ ਸੀ ਕਿ ਮਨੁੱਖੀ ਜੀਵਨ ਵਿੱਚ ਸਫ਼ਲਤਾ ਦਾ ਭੇਦ ਹਰ ਤਰ੍ਹਾ ਦੀਆ ਚੁਣੌਤੀਆਂ ਦੇ ਮੁਕਾਬਲੇ ਲਈ ਹਮੇਸ਼ਾ ਤਿਆਰ ਰਹਿਣਾ ਹੈ ਅਤੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਪੱਕੇ ਇਰਾਦੇ ਨਾਲ ਮੇਹਨਤ ਕਰਦੇ ਰਹਿਣਾ ਹੈ। ਉਸਨੂੰ ਇਹ ਵੀ ਪਤਾ ਸੀ ਕਿ ਸਫਲਤਾ ਅਤੇ ਅਰਾਮ ਕਦੇ ਇਕੱਠੇ ਨਹੀਂ ਸੌਂਦੇ । ਸੋ ਉਹ ਤਨ ਅਤੇ ਮਨ ਨਾਲ ਜੁਟੀ ਰਹੀ। ਆਖਿਰ ਉਸਦੀ ਮੇਹਨਤ ਪੱਲੇ ਪੈਣ ਲੱਗੀ। ਜਦੋਂ ਉਸਨੂੰ ਸਫਲਤਾ ਮਿਲਣ ਲੱਗੀ ਤਾਂ ਉਹਨੇ ਨਾ ਸਿਰਫ ਮੈਡਮ ਸੀ. ਜੇ. ਬਾਕਰ ਲੈਬੋਰੇਟਰੀਜ਼ ਦੀ ਸਥਾਪਨਾ ਕੀਤੀ, ਸਗੋਂ ਆਪਣੇ ਏਜੰਟਾਂ ਅਤੇ ਹੋਰ ਲੋਕਾਂ ਲਈ ਸਿਖਲਾਈ ਪ੍ਰੋਗਰਾਮ ਵੀ ਸ਼ੁਰੂ ਕਰ ਦਿਤੇ। ਸੀ. ਜੇ. ਬਾਕਰ ਦੀ ਕਥਾ ਅਸਲ ਵਿਚ ਉਸ ਸਫਲਤਾ ਦੀ ਕਹਾਣੀ ਹੈ, ਜਿਸਨੇ ਨਾ ਕੇਵਲ ਇਕ ਗਰੀਬ ਔਰਤ ਦੀ ਕਿਸਮਤ ਨੂੰ ਬਦਲਿਆ , ਬਲਕਿ ਲੱਖਾਂ ਔਰਤਾਂ ਦੀ ਸ਼ਕਲ ਨੂੰ ਸੁੰਦਰਤਾ ਬਖਸ਼ਣ ਦਾ ਕਾਰਜ ਵੀ ਕੀਤਾ। ਇਸ ਸਫ਼ਲਤਾ ਦੇ ਪਿੱਛੇ ਇਕ ਨਵੇਂ ਵਿਚਾਰ ਦੇ ਜਨਮ ਅਤੇ ਉਸ ਵਿਚਾਰ ਨੂੰ ਹਕੀਕਤ ਵਿਚ ਬਦਲਣ ਦਾ ਜਜ਼ਬਾ ਹੀ ਸੀ।
ਪੁਸਤਕ : ਜਿੱਤ ਦਾ ਮੰਤਰ
ਲੇਖਕ : ਡਾ. ਹਰਜਿੰਦਰ ਵਾਲੀਆ
ਮਹਾਰਾਜਾ ਰਣਜੀਤ ਸਿੰਘ ਨੇ ੨੭ ਜੂਨ ੧੮੩੯ ਨੂੰ ਅੱਖਾਂ ਮੀਟੀਆਂ ਸਨ। ਉਸ ਨੇ ਅੱਖਾਂ ਮੀਟਣ ਤੋਂ ਪਹਿਲਾਂ ਆਪਣੇ ਵਜ਼ੀਰ ਰਾਜਾ ਧਿਆਨ ਸਿੰਘ ਡੋਗਰੇ ਨੂੰ ਆਪਣੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਦੀ ਬਾਂਹ ਫੜਾਈ ਤੇ ਕਿਹਾ – ‘ਇਸਦੀ ਰਾਖੀ ਕਰਨੀ’ ਉਸ ਸਮੇ ਰਾਜਾ ਧਿਆਨ ਸਿੰਘ ਨੇ ਅੱਖਾਂ ਚੋ ਅੱਥਰੂ ਕੇਰਦਿਆਂ ਹੋਇਆ ਮਹਾਰਾਜੇ ਨੂੰ ਕਿਹਾ ਸੀ ਕਿ ਉਹ ਤਨ-ਮਨ ਵਾਰ ਕੇ ਪੂਰੀ ਵਫ਼ਾਦਾਰੀ ਨਾਲ ਮਹਾਰਾਜੇ ਦਾ ਪਰਿਵਾਰ ਤੇ ਰਾਜ ਦੀ ਰਾਖੀ ਕਰੇਗਾ ।’
ਰਾਜਾ ਧਿਆਨ ਸਿੰਘ ਦੇ ਅੱਥਰੂ ਦਿਖਾਵੇ ਦੇ ਸਨ ਤੇ ਮਹਾਰਾਜੇ ਨੂੰ ਦਿਤਾ ਬਚਨ ਝੂਠਾ ਸੀ। ਉਸ ਚੰਡਾਲ ਨੇ ੨੭ ਜੂਨ ਨੂੰ ਹੀ ਮਨ ਨਾਲ ਫੈਸਲਾ ਕਰ ਲਿਆ ਕਿ ਉਹ ਖਾਲਸਾ ਰਾਜ ਦਾ ਮਹਾਰਾਜਾ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਾਣਾਏਗਾ ।
ਹੀਰਾ ਸਿੰਘ ਡੋਗਰਾ ਤਾਂ ਹੀ ਲਾਹੌਰ ਦਾ ਮਹਾਰਾਜਾ ਬਣ ਸਕਦਾ ਸੀ ਜੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪਰਿਵਾਰ ੨੩ ਮਹਾਰਾਣੀਆਂ ਅਤੇ ਸ਼ਹਿਜ਼ਾਦੇ ਖੜਕ ਸਿੰਘ , ਸ਼ੇਰ ਸਿੰਘ, ਪਸ਼ੌਰਾ ਸਿੰਘ, ਕਸ਼ਮੀਰਾ ਸਿੰਘ ਤੇ ਦਲੀਪ ਸਿੰਘ, ਮੁਲਤਾਨਾ ਸਿੰਘ ਅਤੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਤੇ ਪ੍ਰਤਾਪ ਸਿੰਘ ਨੂੰ ਪਹਿਲਾਂ ਖ਼ਤਮ ਕੀਤਾ ਜਾਂਦਾ। ਇਸਤੋਂ ਬਿਨਾ ਕੁਝ ਕੁ ਐਸੇ ਸਰਦਾਰ ਵੀ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਤੇ ਪਰਿਵਾਰ ਦੇ ਵਫ਼ਾਦਾਰ ਸੇਵਕ ਸਨ।
ਚਲਾਕ ਰਾਜਾ ਧਿਆਨ ਸਿੰਘ ਨਾ ਡਰਿਆ ਉਸਨੇ ਆਪਣੇ ਭਰਾਵਾਂ-ਸੁਚੇਤ ਸਿੰਘ ਤੇ ਰਾਜਾ ਗੁਲਾਬ ਸਿੰਘ ਨੂੰ ਵੀ ਸਾਜਿਸ ਦੇ ਨਾਲ ਸ਼ਾਮਿਲ ਕਰ ਲਿਆ। ਫੋਜੀ ਸਰਦਾਰਾਂ ਦੇ ਰਾਜ ਕੁਮਾਰਾਂ ਉਤੇ ਆਪਣੀ ਅਕਲ ਦਾ ਜਾਲ ਸੁਟਿਆ। ਮਾਇਆ ਉਸ ਵੇਲੇ ਖਜਾਨੇ ਵਿਚ ਅਣਗਿਣਤ ਸੀ ‘ਤੇਲ ਤਮਾਂਹ ਜਾ ਕੋ ਮਿਲੇ, ਤੁਰਤ ਨਰਮ ਹੋ ਜਾਏ’ ਦੀ ਅਖੋਤ ਅਨੁਸਾਰ ਰੁਪੈ ਤੇ ਸੋਨੇ ਦੇ ਲਾਲਚ ਨਾਲ ਉਸਨੇ ਸਭ ਨੂੰ ਆਪਣੇ ਪੱਖ ਦਾ ਬਣਾਉਣਾ ਸ਼ੁਰੂ ਕਰ ਦਿਤਾ।
ਧਿਆਨ ਸਿੰਘ ਕਾਮਯਾਬ ਹੋ ਗਿਆ। ਉਸਨੇ ਸਾਰਿਆਂ ਨੂੰ ਬੁੱਧੂ ਬਣਾ ਦਿੱਤਾ। ਮਹਾਰਾਜਾ ਖੜਕ ਸਿੰਘ ਨੂੰ ‘ਗਦਾਰ’ ਹੋਣ ਦਾ ਫਤਵਾ ਲਾ ਕੇ ਕੰਵਰ ਨੌ ਨਿਹਾਲ ਸਿਬਘ ਤੇ ਮਹਾਰਾਣੀ ਚੰਦ ਕੌਰ ਦੀਆ ਅੱਖਾਂ ਵਿਚ ਡੇਗ ਦਿੱਤਾ। ਉਸਨੂੰ ਨਜ਼ਰਬੰਦ ਕਰਕੇ ਤੇ ਕੰਵਰ ਨੌ ਨਿਹਾਲ ਸਿਬਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ। ਨਜ਼ਰਬੰਦ ਵਿਚ ਹਕੀਮਾਂ ਨੂੰ ਵੱਢੀ ਦੇ ਕੇ ਕੱਚੇ ਪਾਰੇ ਦੀ ਦਵਾਈ ਦੇ ਕੇ ਮਰਵਾ ਦਿੱਤਾ ਉਸ ਦੇ ਗੜਵੀ ਸ: ਚੇਤ ਸਿੰਘ ਨੂੰ ਕਤਲ ਕਰ ਦਿਤਾ। ਜੀਅ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਨੂੰ ਫਾਂਸੀ ਨਹੀਂ ਸੀ ਦਿਤੀ ਗਈ ਤੇ ਜਿਸਦੇ ਰਾਜ ਵਿਚ ਕੋਈ ਕਿਸੇ ਨੂੰ ਕਤਲ ਨਹੀਂ ਸੀ ਕਰਦਾ, ਉਸਦੇ ਮਰਨ ਪਿੱਛੋਂ ਓਹਦੇ ਰਾਜ ਭਵਨ ਵਿਚ ਹੀ ਕਤਲ ਹੋ ਗਏ, ਪਰ ਰਾਜ ਦੀ ਕਿਸੇ ਸ਼ਕਤੀ ਨੇ ਉਹਨਾਂ ਕਤਲਾਂ ਦਾ ਕੌਡੀ ਮੁੱਲ ਨਾ ਪਾਇਆ। ਲੋਕ ਹੈਰਾਨ ਤੇ ਭੈ ਭੀਤ ਹੋ ਗਏ।
ਮਹਾਰਾਜਾ ਖੜਕ ਸਿੰਘ ਦੀ ਲੋਥ ਦੇ ਸਸਕਾਰ ਵਾਲੇ ਦਿਨ ਕੰਵਰ ਨੌ ਨਿਹਾਲ ਨੂੰ ਵੀ ਸਾਜਿਸ ਆਸਰੇ ਬਹੁਤ ਬੁਰੀ ਮੌਤੇ ਮਾਰ ਦਿੱਤਾ ਗਿਆ। ਉਸਦੀ ਰਾਣੀ ਬਾਬੀ ਨਾਨਕੀ ਜੀ (ਸਪੁੱਤਰੀ ਸ਼ਾਮ ਸਿੰਘ ਅਟਾਰੀ, ਜੋ ਗਰਭਵਤੀ ਸੀ) ਨੂੰ ਵੀ ਦਾਈਆਂ ਹੱਥੋਂ ਮਰਵਾਇਆ ਤੇ ਇਉਂ ਮਹਾਰਾਜਾ ਖੜਕ ਸਿੰਘ ਦੇ ਵੰਸ਼ ਨੂੰ ਖਤਮ ਕੀਤਾ ਗਿਆ ਸੀ।
ਮਹਾਰਾਣੀ ਚੰਦ ਕੌਰ, ਮਹਾਰਾਜਾ ਸ਼ੇਰ ਸਿੰਘ ਤੇ ਕੰਵਰ ਪ੍ਰਤਾਪ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਪਰ ਇਹਨਾਂ ਦੀ ਮੌਤ ਦੇ ਨਾਲ ਪਾਪੀ ਆਤਮਾ ਰਾਜਾ ਧਿਆਨ ਸਿੰਘ ਵੀ ਸ: ਅਜੀਤ ਸਿੰਘ ਸੰਧਾਵਾਲੀਏ ਦੀ ਬੰਦੂਕ ਦਾ ਨਿਸ਼ਾਨਾ ਬਣ ਗਿਆ ਸੀ। ਉਸਦੇ ਪੁੱਤਰ ਰਾਜਾ ਹੀਰਾ ਸਿੰਘ ਨੇ ਸ: ਅਜੀਤ ਸਿੰਘ ਤੇ ਲਹਿਣਾ ਸਿੰਘ ਨੂੰ ਮਾਰ ਕੇ ਕਿੱਲੇ ਉਤੇ ਕਬਜਾ ਕਰ ਲਿਆ ਸੀ।
ਹੀਰਾ ਸਿੰਘ ਵੀ ਪਿਉ ਵਰਗਾ ਸੀ, ਉਸਨੇ ਪਿਓ ਦੇ ਖੂਨ ਦਾ ਬਦਲਾ ਲੈਣ ਲਈ ਤੇ ਰਹਿੰਦਿਆਂ ਨੂੰ ਖਤਮ ਕਰਨ ਵਾਸਤੇ ਤਲਵਾਰ ਸਾਣ ਉਤੇ ਲਾਈ। ਉਸਨੇ ਕੰਵਰ ਪਸ਼ੌਰਾ ਸਿੰਘ ਸ: ਅਤਰ ਸਿੰਘ ਤੇ ਬਾਬਾ ਵੀਰ ਸਿੰਘ ਤੇ ਬਾਬਾ ਵੀਰ ਸਿੰਘ ਨੌਰੰਗਾਬਾਦੀਆਂ ਨੂੰ ਕਤਲ ਕਰਵਾ ਦਿਤਾ। ਉਹ ਆਪ ਵੀ ਆਪਣੇ ਸਲਾਹਕਾਰ ਪੰਡਤ ਜੱਲ੍ਹਾ ਦੇ ਨਾਲ ਮਾਰਿਆ ਗਿਆ । ਰਾਜ ਕਰਨ ਦੀ ਇੱਛਾ ਪੂਰੀ ਨਾ ਹੋਈ। ਸ: ਅਜੀਤ ਸਿੰਘ ਸੰਧਾਵਾਲੀਏ ਤੇ ਰਾਜਾ ਹੀਰਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਕੰਵਰ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਸੀ। ਪਰ ਉਸ ਵੇਲੇ ਫ਼ੌਜ ਬਾਗੀ ਤੇ ਆਪਹੁਦਰੀ ਹੋ ਚੁਕੀ ਸੀ ਅਤੇ ਖਜਾਨੇ ਵਿਚ ਰੁਪਇਆ ਨਹੀਂ ਸੀ ਰਿਹਾ। ਰਾਜਾ ਗੁਲਾਬ ਸਿੰਘ ਨੇ ਖਜਾਨਾ ਲੁੱਟ ਲਿਆ ਸੀ। ਕਤਲਾਂ ਦੀ ਰੋ ਵ ਖਤਮ ਨਹੀਂ ਸੀ ਹੋਈ। ਏਥੋਂ ਤਕ ਕਿ ਮਹਾਰਾਜਾ ਦਲੀਪ ਸਿੰਘ ਦੇ ਮਾਮੇ ਜਵਾਹਰ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਹਿੰਦਾ ਪੁੱਤਰ ਕੰਵਰ ਕਸ਼ਮੀਰਾ ਸਿੰਘ ਵੀ ਸ: ਜਵਾਹਰ ਸਿੰਘ ਨੇ ਮਰਵਾ ਦਿੱਤਾ ਸੀ।
ਬਸ ਮਹਾਰਾਜਾ ਰਣਜੀਤ ਸਿੰਘ ਦਾ ਇਕੱਲਾ ਪੁੱਤਰ ਦਲੀਪ ਸਿੰਘ ਹੀ ਰਹਿ ਗਿਆ ਤੇ ਉਸਦੀ ਮਹਾਰਾਣੀ ਜਿੰਦਾਂ- ਦਲੀਪ ਸਿੰਘ ਦੀ ਮਾਤਾ। ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ੨੩ ਕੁ ਮਹਾਰਾਣੀਆਂ ਤੇ ਰਾਣੀਆਂ ਸਨ। ਮਹਾਰਾਣੀ ਜਿੰਦਾਂ ਮਹਾਰਾਜੇ ਦੀ ਸਭ ਤੋਂ ਛੋਟੀ ਮਹਾਰਾਣੀ ਸੀ। ਇਸ ਨਾਲ ਵਿਆਹ ਸੰਨ ੧੮੩੫ ਦੇ ਲਗਪਗ ਹੋਇਆ ਸੀ ਤੇ ੧੮੩੭ ਵਿਚ ਏਸੇ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ ਸੀ। ਇਹ ਬਾਲਕ ੨ ਸਾਲ ਦਾ ਹੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਅੱਖਾਂ ਮੀਟ ਗਿਆ ਸੀ।
ਪੁਸਤਕ : ਜਲਾਵਤਨ ਮਹਾਰਾਜਾ ਦਲੀਪ ਸਿੰਘ
ਲੇਖਕ : ਗਿ: ਤ੍ਰਿਲੋਕ ਸਿੰਘ
ਇਕ ਬੁੱਧੀਮਾਨ ਆਪਣੇ ਲੜਕਿਆਂ ਨੂੰ ਸਮਝਾਇਆ ਕਰਦਾ ਸੀ ਕਿ ਬੇਟਾ ਪੜ੍ਹਾਈ ਸਿੱਖੋ, ਸੰਸਾਰ ਦੇ ਧਨ- ਧਾਮ ਤੇ ਭਰੋਸਾ ਨਾ ਰੱਖੋ, ਤੁਹਾਡਾ ਅਧਿਕਾਰ ਤੁਹਾਡੇ ਦੇਸ਼ ਤੋਂ ਬਾਹਰ ਕੰਮ ਨਹੀਂ ਦੇ ਸਕਦਾ ਅਤੇ ਧਨ ਦੇ ਚਲੇ ਜਾਣ ਦਾ ਸਦਾ ਡਰ ਰਹਿੰਦਾ ਹੈ। ਚਾਹੇ ਇਕ ਵਾਰੀ ਵਿਚ ਹੀ ਚੋਰ ਲੈ ਜਾਣ ਜਾਂ ਹੌਲੀ ਹੌਲੀ ਖਰਚ ਹੋ ਜਾਵੇ। ਲੇਕਿਨ ਵਿਦਿਆ ਧਨ ਦਾ ਅਟੁਟ ਸੋਮਾ ਹੈ ਅਤੇ ਜੇ ਕੋਈ ਵਿਦਵਾਨ ਗਰੀਬ ਹੋ ਜਾਵੇ ਤਾਂ ਵੀ ਦੁਖੀ ਨਹੀਂ ਹੋਵੇਗਾ ਕਿਉਂਕਿ ਉਸਦੇ ਕੋਲ ਵਿਦਿਆ ਰੂਪੀ ਚੀਜ਼ ਮੌਜੂਦ ਹੈ। ਇਕ ਸਮੇਂ ਦਮਸ਼ਿਕ ਨਗਰ ਵਿੱਚ ਗਦਰ ਹੋਇਆ , ਸਾਰੇ ਲੋਕ ਭੱਜ ਗਏ ਤਦ ਕਿਸਾਨਾਂ ਦੇ ਬੁੱਧੀਮਾਨ ਲੜਕੇ ਬਾਦਸ਼ਾਹ ਦੇ ਮੰਤਰੀ ਹੋਏ ਅਤੇ ਪੁਰਾਣੇ ਮੰਤਰੀਆਂ ਦੇ ਮੂਰਖ ਲੜਕੇ ਗਲੀ ਗਲੀ ਭੀਖ ਮੰਗਣ ਲੱਗੇ। ਅਗਰ ਪਿਤਾ ਦਾ ਧਨ ਚਾਹੁੰਦਾ ਹੋ ਤਾਂ ਪਿਤਾ ਦੇ ਗੁਣਾਂ ਨੂੰ ਸਿੱਖੋ ਕਿਉਂਕਿ ਧਨ ਤਾਂ ਚਾਰ ਦਿਨ ਵਿੱਚ ਚਲਿਆ ਜਾ ਸਕਦਾ ਹੈ।
— ਸ਼ੇਖ ਸਾਦੀ
ਕਿਸੇ ਨੇ ਹਜ਼ਰਤ ਇਮਾਮ ਮੁਰਸ਼ਿਦ ਬਿਨ ਗਜ਼ਾਲੀ ਤੋਂ ਪੁਛਿਆ ਕਿ ਤੁਹਾਡੇ ਵਿਚ ਇਤਨੀ ਭਾਰੀ ਯੋਗਤਾ ਕਿੱਥੋਂ ਆਈ। ਜਵਾਬ ਮਿਲਿਆ – ਇਸ ਤਰ੍ਹਾਂ ਕਿ ਜੋ ਗੱਲ ਮੈਂ ਨਹੀਂ ਜਾਣਦਾ ਉਸਨੂੰ ਦੂਸਰਿਆਂ ਤੋਂ ਸਿੱਖਣ ਵਿਚ ਮੈਂ ਸ਼ਰਮ ਨਹੀਂ ਕੀਤੀ। ਜੇਕਰ ਰੋਗ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਕਿਸੇ ਗੁਣੀ ਵੈਦ ਨੂੰ ਨਬਜ਼ ਦਿਖਾਓ। ਜੋ ਗੱਲ ਨਹੀਂ ਜਾਣਦੇ ਉਸਨੂੰ ਪੁੱਛਣ ਵਿਚ ਸ਼ਰਮ ਜਾਂ ਦੇਰੀ ਨਾ ਕਰੋ ਕਿਉਂਕਿ ਇਸ ਆਸਾਨ ਤਰੀਕੇ ਨਾਲ ਯੋਗਤਾ ਦੀ ਸਿੱਧੀ ਸੜਕ ਤੇ ਪਹੁੰਚ ਜਾਓਗੇ।
— ਸ਼ੇਖ ਸਾਦੀ