ਐਤਵਾਰ ਨੂੰ ਮੈ ਫੋਟੋ ਕਰਾਉਣ ਗਿਆ ਜੋ ਮੈਨੂੰ ਚਾਹੀਦੀ ਸੀ ਉਹ ਆਪਣੇ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਮਾਲ ਹੈ ਤੇ ਆਪਣੇ ਹੀ ਲੋਕ ਉਥੇ ਸਾਜੋ ਸਮਾਨ ਖਰੀਦਣ ਆਉਦੇ ਹਨ ! ਮੈ ਜਦੋ ਦਰਵਾਜ਼ੇ ਤੋਂ ਬਾਹਰ ਨਿਕਲਣ ਲਗਾ ਤਾੰ ਅੰਦਰ ਜਾਣ ਲ਼ਈ ਔਰਤ ਆਈ ਤੇ ਮੈ ਦਰਵਾਜ਼ਾ ਫੜ ਕੇ ਖੜ ਗਿਆ ਉਹ ਚੁੱਪ ਚਾਪ ਅੰਦਰ ਜਾ ਵੜੀ ਤੇ ਉਦੋਂ ਨੂੰ ਤਿੰਨ ਚਾਰ ਹੋਰ ਅੰਦਰੋੰ ਆ ਗਏ ਤੇ ਮੈ ਉਵੇ ਦਰਵਾਜ਼ਾ ਫੜ ਕੇ ਖੜਾ ਰਿਹਾ ! ਉਹ ਸਾਰੇ ਉਵੇੰ ਹੀ ਮੂੰਹ ਲਟਕਾਈ ਬਾਹਰ ਨਿਕਲ ਗਏ ! ਇਹ ਸਾਰੇ 30- 50 ਸਾਲ ਉਮਰ ਦੇ ਸੀ ! ਮਜਾਲ ਹੈ ਕਿ ਕਿਸੇ ਨੇ ਮੇਰੇ ਵੱਲ ਦੇਖਿਆ ਹੋਵੇ ਜਾੰ ਫਿਟੇ ਮੂੰਹ ਕਿਹਾ ਹੋਵੇ ! ਧੰਨਵਾਦ ਕਰਨਾ ਤਾੰ ਦੂਰ ਦੀ ਗੱਲ ਹੈ !!
ਅੰਗਰੇਜ਼ ਵਾਲੀ ਗੱਲ ਤਾੰ ਤੁਸੀੰ ਸੁਣੀ ਹੋਣੀ ਹੈ ਜਿਹਨੇ ਕਿਸੇ ਦਾ ਡੁੱਬਦਾ ਬੱਚਾ ਬਚਾਇਆ ਸੀ ਤੇ ਉਸ ਬੱਚੇ ਦੀ ਮਾੰ ਵਲੋੰ ਅੰਗਰੇਜ ਦਾ ਧੰਨਵਾਦ ਨ ਕਰਨ ਤੇ ਉਹਨੂੰ ਮਹਿਸੂਸ ਹੋਇਆ ਕਿ ਕਿਹੋ ਜਹੇ ਨੇ ਇਹ ਲੋਕ ?? ਮੈ ਜਾਨ ਤੇ ਖੇਡ ਕੇ ਬਚਾ ਬਚਾਇਆ ਤੇ ਇਹ ਮੂੰਹੋੰ ਇਕ ਲਫਜ ਵੀ ਨਹੀ ਬੋਲ ਸਕੀ ?
ਮੈ ਕੈਨੇਡਾ ਵਿੱਚ ਇਕ ਦੇਖਿਆ ਕਿ ਵੀਅਤਨਾਮੀ ਲੋਕ ਜਾੰ ਬਹੁਤੇ ਚੀਨੇ ਲੋਕ ਵੀ ਥੋੜੇ ਕੀਤੇ ਕਿਸੇ ਦਾ ਧੰਨਵਾਦ ਨਹੀ ਕਰਦੇ ਤੇ ਨ ਹੀ ਕਦੀ ਮੰੂਹ ਤੇ ਮੁਸਕਰਾਹਟ ਲਿਆਉਣਗੇ ! ਆਪਣੇ ਹਾਵ-ਭਾਵ ਅੰਦਰ ਹੀ ਲਕੋ ਕੇ ਰੱਖਦੇ ਹਨ ! ਮੈਨੂੰ ਬਹੁਤ ਅਜੀਬ ਲਗਦਾ ਹੁੰਦਾ ! ਆਪਣੇ ਪੰਜਾਬੀ ਲੋਕ ਵੀ ਘੱਟ ਨਹੀ ! ਪਹਿਲਾੰ ਮਹਿਸੂਸ ਨਹੀ ਸੀ ਹੁੰਦਾ ਪਰ ਹੁਣ ਦੂਜੀਆੰ ਕੌਮਾੰ ਦੇ ਗੁਣ ਦੇਖਦਾੰ ਹਾੰ ਤਾੰ ਅੰਦਰ ਇਕ ਚੀਸ ਉਠਦੀ ਹੈ ਕਿ ਸਾਨੂੰ ਕੀ ਹੋ ਗਿਆ ? ਅਸੀ ਇੰਨੇ ਨਾਸ਼ੁਕਰੇ ਕਿਉੰ ਹੋ ਗਏ ਹਾੰ ?? ਕਿਸੇ ਦੀ ਕੀਤੀ ਨੂੰ ਕਦੀ ਹਿਰਦੇ ਚ ਸਤਿਕਾਰ ਹੀ ਨਹੀ ਦਿੰਦੇ !
ਮੇਰੇ ਆਪਣੇ ਰਿਸ਼ਤੇਦਾਰੀ ਚ ਇਕ ਸ਼ਰਾਬੀ ਬੰਦਾ ਹੈ ਜਿਸ ਦੀਆੰ ਕਿਡਨੀਆੰ ਗਲ੍ਹ ਗਈਆੰ ਤੇ ਉਹਦੇ ਭਰਾ ਨੇ ਆਪਣੀ ਇਕ ਕਿਡਨੀ ਦੇ ਕੇ ਉਹਦੀ ਜਾਨ ਬਚਾਈ ! ਪਰ ਉਹਨੇ ਧੰਨਵਾਦ ਤਾੰ ਕੀ ਕਰਨਾ ਸੀ ਪਿਉ ਦੇ ਪੁੱਤ ਨੇ ਸ਼ਰਾਬ ਪੀਣੀ ਵੀ ਬੰਦ ਨਹੀ ਕੀਤੀ
ਪਹਿਲਾੰ ਆਪਦੀਆੰ ਗਾਲ੍ਹ ਲਈਆੰ ਹੁਣ ਭਰਾ ਵਾਲੀ ਦੁਆਲੇ ਹੋ ਗਿਆ ! ਕਿਹੋ ਜਿਹਾ ਨਾਸ਼ੁਕਰਾ ਇੰਨਸਾਨ ??
ਮੇਰੀ ਬੱਸ ਚ ਐਤਵਾਰ ਨੂੰ ਗੁਰੂ-ਘਰ ਜਾ ਰਹੀ ਆਪਣੀ ਬੀਬੀ ਚੜੀ ! ਜਦੋ ਉਹਨੇ ਕਿਰਾਇਆ ਪਾਇਆ ਤਾੰ ਮੈ ਉਹਦੇ ਵੱਲ ਤੱਕਿਆ ਜਿਵੇਂ ਅਸੀ ਹਰ ਇਕ ਨੂੰ ਜੀ ਆਇਆੰ ਕਹਿੰਦੇ ਹਾੰ ! ਉਹਦੀਆੰ ਅਖਾੰ ਬਹੁਤ ਸੋਹਣੀਆੰ ਨੀਲੇ ਰੰਗ ਦੀਆੰ ਸੀ ! ਮੇਰੇ ਕੋਲੋਂ ਰਿਹਾ ਨੀ ਗਿਆ ਤੇ ਮੈ ਪੁੱਛ ਲਿਆ ਬੀਬੀ ਜੀ ਤੁਹਾਡੇ ਵਰਗੀਆੰ ਅਖਾੰ ਮੈ ਕਦੀ ਪੰਜਾਬੀ ਔਰਤ ਦੀਆੰ ਨਹੀ ਦੇਖੀਆੰ ! ਉਸ ਬੀਬੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਫ਼ਤ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਨੂੰ ਦਿਸਦਾ ਨਹੀ ਸੀ ਤੇ ਮੈੰ ਸੱਚੇ ਪਾਤਸ਼ਾਹ ਦੇ ਦਰਸ਼ਣਾੰ ਨੂੰ ਤਰਸਦੀ ਹੁੰਦੀ ਸੀ ਤੇ ਉਹਨੇ ਮੇਰੀ ਸੁਣ ਲਈ ! ਅੰਗਰੇਜ਼ ਦਾ ਜੁਆਨ ਪੁੱਤ ਐਕਸੀਡੈੰਟ ਚ ਮਾਰਿਆ ਗਿਆ ਤੇ ਉਹ ਅਖਾੰ ਦਾਨ ਕਰ ਗਿਆ ! ਮੈ ਤਾੰ ਗੁਰੂ ਸਾਹਿਬ ਦੇ ਰੋਜ਼ ਦਰਸ਼ਨ ਕਰਨ ਜਾਂਦੀ ਹਾੰ ਜਿਹਨੇ ਮੈਨੂੰ ਅਖਾੰ ਬਖ਼ਸ਼ੀਆਂ !
( ਮੈ ਵੀ ਗੁਰੂ ਦਾ ਸਿੱਖ ਹਾਂ ਕੋਈ ਕਾਫ਼ਰ ਨਹੀ )
ਪਰ ਉਹਦਾ ਇਉੰ ਕਹਿਣਾ ਮੈਨੂੰ ਪਤਾ ਨਹੀ ਕਿਉੰ ਬਹੁਤ ਦੁਖੀ ਕਰ ਗਿਆ ! ਮੈ ਕਿਹਾ ਕਿ ਬੀਬੀ ਜਿਸ ਮੁੰਡੇ ਨੇ ਤੈਨੂੰ ਅੱਖਾਂ ਦਿਤੀਆੰ ਤੂੰ ਕਦੀ ਉਹਦੀ ਰੂਹ ਲ਼ਈ ਵੀ ਅਰਦਾਸ ਕੀਤੀ ਹੈ ? ਕਦੀ ਉਹਦਾ ਵੀ ਸ਼ੁਕਰ ਕੀਤਾ ਕਿ ਉਹ ਕਿੱਡੀ ਵੱਡੀ ਕੁਰਬਾਨੀ ਕਰ ਗਿਆ ? ਉਹ ਮੇਰੇ ਵੱਲ ਇਉੰ ਝਾਕੀ ਜਿਵੇਂ ਕਿਸੇ ਨੇ ਉਹਦੀਆੰ ਅਖਾੰ ਖੋਹ ਲਈਆੰ ਹੋਣ ! ਕਹਿੰਦੀ ਨਹੀ ਮੈ ਤਾੰ ਕਦੀ ਨੀ ਕੀਤੀ !!
ਬਾਹਰਲੇ ਮੁਲਖਾੰ ਚੋ ਦੇਖੋ ਕਿਵੇਂ ਨਿੱਕੀ ਨਿੱਕੀ ਗੱਲ ਵਿੱਚ Thank You . ਕਹਿਣਗੇ !
ਪੰਜਾਬੀ ਚ ਬਹੁਤ ਲਫਜ ਨੇ ਜੋ ਅੰਗਰੇਜ਼ੀ ਚੋ ਬਦਲ ਕੇ ਪੰਜਾਬੀ ਦੇ ਬਣੇ ਹਨ ! ਕਾਰ ਤੋਂ ਲੈ ਕੇ ਹੱਥ ਵਿੱਚ ਫੜੇ ਫ਼ੋਨ ਵਰਗੇ ਅਨੇਕਾੰ ਲਫਜ ਅਸੀ ਲ਼ਈ ਬੈਠੇ ਹਾੰ
ਹੁਣ ਤਾੰ ਚਿੱਟੀ ਦਾੜੀ ਵਾਲੇ ਵੀ ਅੰਕਲ ਕਹਿਣ ਤੋਂ ਗੁਰੇਜ ਨਹੀ ਕਰਦੇ ! ਜਿਹਨੇ ਵੀ ਧੰਨਵਾਦ ਲਫਜ ਬਣਾਇਆ ਮੈ ਉਸ ਬਜ਼ੁਰਗ ਨੂੰ ਕਹਾੰਗਾ ਕਿ ਉਹ ਇਹਨੰੂ ਬਦਲ ਕੇ ਥੈੰਕਜੂ ਕਰ ਦੇਵੇ ਸ਼ਾਇਦ ਸਾਡੇ ਅੰਦਰ ਕਿਸੇ ਦਾ ਸ਼ੁਕਰਾਨਾ ਕਰਨ ਦਾ ਗੁਣ ਪੈਦਾ ਹੋ ਜਾਵੇ ਤੇ ਅਸੀ ਆਪਣੀ ਜ਼ਿੰਦਗੀ ਚ ਧੰਨਵਾਦ ਕਰਨਾ ਸਿੱਖ ਸਕੀਏ ! ਜੋ ਕੌਮ ਨਿੱਕੇ ਨਿੱਕੇ ਕੰਮਾੰ ਵਿੱਚ ਕਿਸੇ ਦਾ ਧੰਨਵਾਦ ਨਹੀ ਕਰ ਸਕਦੀ ਉਹ ਲੱਖ ਸ਼ਹੀਦੀਆੰ ਦਿਵਸ ਮਨਾਈ ਜਾਵੇ ਉਹਦੇ ਤੇ ਕੋਈ ਅਸਰ ਨਹੀ ਹੋ ਸਕਦਾ ! ਸਰੀਰ ਦੇ ਅੰਦਰ ਜਿਵੇਂ ਨਿੱਕੇ ਨਿੱਕੇ ਨਰਵਜ਼ ਹਡਾੰ ਨਾਲ਼ੋਂ ਜਿਆਦਾ ਕੰਮ ਆਉੰਦੇ ਹਨ ਇਵੇੰ ਜ਼ਿੰਦਗੀ ਚ ਨਿੱਕੇ ਨਿੱਕੇ ਗੁਣ ਹੀ ਇੰਨਸਾਨ ਨੂੰ ਪੂਰਨ ਰੂਪ ਵਿੱਚ ਇੰਨਸਾਨ ਬਣਾਉਂਦੇ ਹਨ ! ਧੰਨਵਾਦ ਕਹਿਣਾ ਤੇ ਕਰਨਾ ਵੀ ਇਕ ਇਸੇ ਕੜੀ ਦਾ ਇਹ ਬਹੁਤ ਵਧੀਆ ਗੁਣ ਹੈ !!
ਜੋ ਪਹਿਲਾੰ ਕਦੀ ਨਹੀ ਕੀਤਾ ਤਾੰ ਹੁਣ ਕਦੀ ਘਰ ਵਾਲੀ ਦਾ ਰੋਟੀ ਖਾਣ ਤੋਂ ਬਾਅਦ ਧੰਨਵਾਦ ਕਰਕੇ ਦੇਖਿਉ ਕਿਵੇਂ ਉਹਦਾ ਰੰਗ ਖ਼ੁਸ਼ੀ ਚ ਲਾਲ ਹੋ ਜਾਊ !
—ਧੰਨਵਾਦ ਤੁਹਾਡਾ ਇਹ ਪੜਨ ਵਾਸਤੇ !!
admin
ਸਰਪੰਚੀ ਦਾ ਉਮੀਦਵਾਰ ਇੱਕ ਬਜ਼ੁਰਗ ਕੋਲ ਵੋਟ ਮੰਗਣ ਆਇਆ।
1000 ਰੁਪਏ ਦੇ ਕੇ ਬੋਲੇ
ਬਾਬਾ ਜੀ ਇਸ ਵਾਰ ਵੋਟ ਮੇਰੇ ਹੱਕ ਚ ਭੁਗਤਾਉਣੀ।
ਬਜ਼ੁਰਗ ਬੋਲਿਆ!
ਪੁੱਤਰ ਮੈਨੂੰ ਪੈਸੇ ਨਹੀਂ ਚਾਹੀਦੇ।
ਭਾਰ ਢੋਣ ਲਈ ਇੱਕ ਖੋਤਾ ਲੈ ਦੇ।
ਵੋਟ ਤੇਰੀ ਪੱਕੀ।
ਉਮੀਦਵਾਰ ਖੋਤਾ ਖ਼ਰੀਦਣ ਤੁਰ ਪਿਆ ।
ਪਰ ਕੋਈ ਵੀ ਖੋਤਾ ਸਸਤੇ ਤੋਂ ਸਸਤਾ ਵੀ ਵੀਹ ਹਜ਼ਾਰ ਤੋਂ ਘੱਟ ਨਹੀਂ ਸੀ ਮਿਲ ਰਿਹਾ।
ਉਹ ਪਰਤ ਕੇ ਬਜ਼ੁਰਗ ਕੋਲ ਗਿਆ ਤੇ ਬੋਲਿਆ!
ਬਾਬਾ ਜੀ,
ਕੋਈ ਵੀ ਖੋਤਾ ਵੀਹ ਹਜ਼ਾਰ ਰੁਪਏ ਤੋਂ ਘੱਟ ਨਹੀਂ ਮਿਲ ਰਿਹਾ। ਇਸ ਕਰਕੇ ਮੈਂ ਤੁਹਾਨੂੰ ਖੋਤਾ ਖ਼ਰੀਦ ਕੇ ਨਹੀਂ ਦੇ ਸਕਦਾ।
ਬਾਬਾ ਬੋਲਿਆ!
ਭਲਿਆ ਲੋਕਾ!
ਜੇ ਖੋਤਾ ਵੀਹ ਹਜ਼ਾਰ ਰੁਪਏ ਤੋਂ ਘੱਟ ਨਹੀਂ ਵਿਕਦਾ ਤਾਂ ਮੈਂ ਇੱਕ ਹਜ਼ਾਰ ਚ ਕਿਓਂ ਂ ਵਿਕਾਂ?
ਮੈਂ ਤਾਂ ਇਨਸਾਨ ਹਾਂ।
ਜਾਹ! ਡੰਡੀ ਲੱਗ।
ਸਿੱਟਾ:
ਬਾਬੇ ਤੋਂ ਸਬਕ ਲਵੋ ਸਰਪੰਚੀ ਦੀਆ ਵੋਟਾਂ ਆਉਣ ਵਾਲੀਆਂ ਹਨ । ਐਵੇ ਬੋਤਲਾਂ ਤੇ ਵਿਕ ਜਾਇਓ , ਸਰਪੰਚ ਉਹ ਬਣਾਓ ਜੋ ਪਿੰਡ ਦਾ ਵਿਕਾਸ ਕਰ ਸਕੇ । ਔਰ ਸਭ ਦੇ ਕੰਮ ਸਕੇ ।
ਇਕ ਪੇਂਡੂ ਮੁੰਡੇ ਦਾ ਨਾਂ ਸੀ ਲੱਲੂ। ਲੱਲੂ ਜੁਆਨ ਹੋ ਗਿਆ। ਇਕ ਦਿਨ ਉਹਦਾ ਢਿੱਡ ਦੁਖਿਆ। ਉਹ ਹਕੀਮ ਕੋਲ ਗਿਆ। ਹਕੀਮ ਨੇ ਔਲੇ, ਹਰੜ, ਬਹੇੜੇ ਪੀਹ ਰੱਖੇ ਸਨ। ਉਹਨਾਂ ਦੇ ਚੂਰਨ ਦੀ ਇਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ। ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ ਹਟ ਗਿਆ। ਉਸ ਨੇ ਹਕੀਮ ਤੋਂ ਪੁੱਛਿਆ, “ਹਕੀਮ ਜੀ, ਪੁੜੀ ‘ਚ ਕੀ ਪਾਇਆ ਸੀ?” ਹਕੀਮ ਨੇ ਦੱਸਿਆ, “ਔਲੇ ਹਰੜ ਬਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ਼ ਖੁੱਲ੍ਹ ਜਾਂਦੀ ਐ। ਕਬਜ਼ ਸਾਰੀਆਂ ਬਿਮਾਰੀਆਂ ਦੀ ਮਾਂ ਹੈ। ਜਦੋਂ ਵੀ ਕੋਈ ਕਸਰ ਹੋਵੇ, ਇਹਦੀ ਪੁੜੀ ਲੈ ਲਓ। ਜੀਹਨੂੰ ਕਬਜ਼ ਨਾ ਹੋਵੇ ਉਹਨੂੰ ਕੁਝ ਨੀ ਹੁੰਦਾ!”
ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ੍ਹ ਲਈ ਤੇ ਪਸਾਰੀ ਦੀ ਹੱਟੀ ਤੋਂ ਔਲੇ ਹਰੜ ਬਹੇੜੇ ਖਰੀਦ ਕੇ ਪੁੜੀਆਂ ਬਣਾ ਲਈਆਂ। ਆਪਣੀ ਦੁਕਾਨ ਖੋਲ੍ਹ ਲਈ। ਬੋਰਡ ਉਤੇ ਲਿਖ ਕੇ ਲਾ ਦਿੱਤਾ: ਇਥੇ ਹਕੀਮ ਟਿੱਡੇ ਸ਼ਾਹ ਵੱਲੋਂ ਸਾਰੀਆਂ ਮਰਜ਼ਾਂ ਦਾ ਇਲਾਜ ਕੀਤਾ ਜਾਂਦੈ। ਮਰੀਜ਼ ਆਉਂਦੇ, ਪੁੜੀਆਂ ਲੈਂਦੇ, ਠੀਕ ਹੋ ਜਾਂਦੇ। ਹਕੀਮ ਟਿੱਡੇ ਸ਼ਾਹ ਮਸ਼ਹੂਰ ਹੋ ਗਿਆ। ਉਧਰ ਇਕ ਘੁਮਿਆਰੀ ਦਾ ਗਧਾ ਗੁਆਚ ਗਿਆ ਜੋ ਕਿਤੋਂ ਨਾ ਲੱਭਾ। ਕਿਸੇ ਨੇ ਮਸ਼ਵਰਾ ਦਿੱਤਾ ਕਿ ਹਕੀਮ ਟਿੱਡੇ ਸ਼ਾਹ ਕੋਲ ਜਾਓ, ਉਹਦੇ ਕੋਲ ਸਾਰੀਆਂ ਅਹੁਰਾਂ ਦਾ ਇਲਾਜ ਐ। ਘੁਮਿਆਰੀ ਨੇ ਹਕੀਮ ਟਿੱਡੇ ਸ਼ਾਹ ਨੂੰ ਗਧਾ ਗੁਆਚਣ ਦੀ ਗੱਲ ਦੱਸੀ ਤਾਂ ਟਿੱਡੇ ਨੇ ਘੁਮਿਆਰੀ ਨੂੰ ਪੁੜੀ ਦੇ ਕੇ ਕਿਹਾ, “ਆਹ ਲੈ, ਜਾਹ ਗਧਾ ਲੱਭਜੂ!”
ਘੁਮਿਆਰੀ ਨੇ ਘਰ ਜਾ ਕੇ ਪੁੜੀ ਲਈ ਤਾਂ ਉਸ ਨੂੰ ਤੁਰਤ ਹਾਜਤ ਹੋਈ। ਉਦੋਂ ਕਿਹੜਾ ਘਰਾਂ ‘ਚ ਟਾਇਲਟਾਂ ਸਨ? ਬਾਹਰ ਖੇਤ ਜਾਣ ਜੋਗੀ ਉਹ ਰਹੀ ਨਹੀਂ ਸੀ। ਉਹ ਫਟਾਫਟ ਘਰ ਦੇ ਪਿਛਵਾੜੇ ਖੋਲਿ਼ਆਂ ਵਿਚ ਗਈ ਤਾਂ ਉਥੇ ਰੂੜੀ ‘ਤੇ ਗਧਾ ਲੇਟਿਆ ਹੋਇਆ ਸੀ। ਲੱਲੂ ਦੀ ਪੁੜੀ ਨੇ ਘੁਮਿਆਰੀ ਦਾ ਗੁਆਚਿਆ ਗਧਾ ਲਭਾ ਦਿੱਤਾ! ਪਿੰਡ ‘ਚ ਡੌਂਡੀ ਪਿੱਟੀ ਗਈ। ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਹੋਈ। ਇਹੋ ਜਿਹੀਆਂ ਦੋ ਚਾਰ ਕਵੱਲੀਆਂ ਨਾਲ ਉਹਦੀ ਮਸ਼ਹੂਰੀ ਦੇਸ਼ ਦੇ ਰਾਜੇ ਤਕ ਪਹੁੰਚ ਗਈ। ਉਧਰ ਗੁਆਂਢੀ ਰਾਜੇ ਨੇ ਹਮਲਾ ਕਰਨ ਲਈ ਫੌਜਾਂ ਚਾੜ੍ਹ ਦਿੱਤੀਆਂ। ਵਜ਼ੀਰਾਂ ਨੇ ਟਿੱਡੇ ਸ਼ਾਹ ਤਕ ਪਹੁੰਚ ਕੀਤੀ, “ਹਕੀਮ ਜੀ ਦੱਸੋ, ਹੁਣ ਕੀ ਕਰੀਏ?”
ਟਿੱਡਾ ਰਾਜੇ ਦੇ ਦਰਬਾਰ ਵਿਚ ਗਿਆ। ਕਹਿਣ ਲੱਗਾ, “ਚੜ੍ਹੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ।” ਘਬਰਾਏ ਰਾਜੇ ਨੇ ਕਿਹਾ, “ਛੇਤੀ ਦੱਸ।” ਕਹਿੰਦਾ, “ਆਪਣੀ ਸਾਰੀ ਫੌਜ ਨੂੰ ਪੁੜੀਆਂ ਦੇਣੀਆਂ ਪੈਣਗੀਆਂ!”
ਲਓ ਜੀ ਸ਼ਹਿਰ ਦੇ ਸਾਰੇ ਪਸਾਰੀਆਂ ਦੀਆਂ ਹੱਟੀਆਂ ਦੇ ਔਲੇ ਹਰੜ ਬਹੇੜੇ ‘ਕੱਠੇ ਕਰ ਲਏ। ਪੀਹਣ ਨੂੰ ਖਰਾਸ ਜੋੜ ਲਏ। ਸਾਰੇ ਹਲਵਾਈਆਂ ਦਾ ਦੁੱਧ ‘ਕੱਠਾ ਕਰ ਲਿਆ। ਫੌਜ ਸੱਦ ਲਈ। ਤੰਬੂ ਲੱਗ ਗਏ। ਸਵੇਰਸਾਰ ਫੌਜ ਨੇ ਹਮਲਾਵਰ ਫੌਜ ਦਾ ਮੁਕਾਬਲਾ ਕਰਨਾ ਸੀ। ਲੱਲੂ ਫੌਜ ਦੀ ਜਰਨੈਲੀ ਕਰਨ ਲੱਗ ਪਿਆ। ਰਾਤ ਨੂੰ ਜਰਨੈਲ ਨੇ ਹੁਕਮ ਚਾੜ੍ਹਿਆ ਬਈ ਹਰੇਕ ਫੌਜੀ ਨੂੰ ਗਰਮਾਂ ਗਰਮ ਦੁੱਧ ਦੇ ਗਲਾਸ ਨਾਲ ਇਕ ਇਕ ਪੁੜੀ ਦਿਓ। ਪੁੜੀਆਂ ਲੈ ਕੇ ਫੌਜੀ ਲੰਮੇ ਪੈ ਗਏ। ਸਵੱਖਤੇ ਉਠਦਿਆਂ ਸਭ ਨੂੰ ਹਾਜਤ ਦਾ ਜ਼ੋਰ ਪੈ ਗਿਆ। ਓਧਰ ਹਮਲਾਵਰ ਫੌਜ ਚੜ੍ਹੀ ਆਵੇ। ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚਾੜ੍ਹਿਆ, “ਕੋਈ ਹਾਜਤ ਨਾ ਜਾਵੇ। ਟਾਈਮ ਨਾ ਗੁਆਵੇ। ਅੱਗੇ ਵਧੋ, ਬਹਾਦਰੀ ਨਾਲ ਮੁਕਾਬਲਾ ਕਰੋ।” ਫੌਜਾਂ ਆਹਮੋ ਸਾਹਮਣੇ ਆ ਖੜ੍ਹੀਆਂ। ਓਧਰ ਹਾਜਤ ਦਾ ਜ਼ੋਰ!
ਕੋਈ ਵਾਹ ਨਾ ਚਲਦੀ ਵੇਖ ਲੱਲੂ ਦੀ ਫੌਜ ਨੇ ‘ਪੁਜ਼ੀਸ਼ਨਾਂ’ ਲੈ ਲਈਆਂ। ਹਮਲਾਵਰ ਫੌਜ ਦਾ ਜਰਨੈਲ ਹੈਰਾਨ ਕਿ ਇਹ ਕਰਨ ਕੀ ਡਹੇ ਆ? ਉਹਨੇ ਲੱਖਣ ਲਾਇਆ ਕਿ ਉਹ ਤਾਂ ਭਾਈ ਬਰੂਦ ਵਿਛਾਈ ਜਾਣ ਡਹੇ ਆ! ਅੱਗੇ ਵਧੇ ਤਾਂ ਭੰਗ ਦੇ ਭਾੜੇ ਸਾਰੀ ਫੌਜ ਮਰਵਾ ਬਹਾਂਗੇ। ਉਹਨੇ ਆਪਣੀ ਫੌਜ ਪਿੱਛੇ ਪਰਤਾਉਣ ਵਿਚ ਹੀ ਭਲਾਈ ਸਮਝੀ। ਲੱਲੂ ਦੀ ਫੌਜ ਜਿੱਤ ਦੇ ਡੰਕੇ ਵਜਾਉਣ ਲੱਗੀ। ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਰ ਫੌਜ ਨੂੰ ਦਬੱਲ ਸਕਦਾ ਕਿਤੇ ਮੈਨੂੰ ਨਾ ਪੈ ਜਾਵੇ?
ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹੱਥਕੜੀਆਂ ਲਾ ਕੇ ਰਾਜੇ ਦੇ ਪੇਸ਼ ਕੀਤਾ ਗਿਆ। ਰਾਜੇ ਨੇ ਮੁੱਠੀ ‘ਚ ਟਿੱਡਾ ਲੁਕੋ ਕੇ ਲੱਲੂ ਨੂੰ ਕਿਹਾ, “ਹਕੀਮ ਜੀ, ਮੈਂ ਥੋਡਾ ਟੈੱਸਟ ਲੈਣਾ। ਜੇ ਤੁਸੀਂ ਦੱਸਤਾ ਬਈ ਮੇਰੀ ਮੁੱਠੀ ‘ਚ ਕੀ ਐ ਤਾਂ ਮੇਰਾ ਅੱਧਾ ਰਾਜ ਥੋਡਾ। ਜੇ ਨਾ ਦੱਸਿਆ ਗਿਆ ਤਾਂ ਸਣਬੱਚੇ ਘਾਣੀ ਪੀੜਦੂੰ।”
ਬੁਰਾ ਫਸਿਆ ਹਕੀਮ ਟਿੱਡਾ ਸ਼ਾਹ ਬਣਿਆ ਲੱਲੂ। ਮੌਤ ਉਹਨੂੰ ਸਾਹਮਣੇ ਦਿਸਣ ਲੱਗੀ। ਹੱਥ ਜੋੜ ਕੇ ਬੋਲਿਆ, “ਮਹਾਰਾਜ, ਥੋਡੇ ਹੱਥ ‘ਚ ਟਿੱਡੇ ਦੀ ਜਾਨ ਐਂ। ਮਾਰਨਾ ਮਾਰ ਦਿਓ, ਛੱਡਣਾ ਛੱਡ ਦਿਓ।” ਰਾਜਾ ਹੈਰਾਨ ਰਹਿ ਗਿਆ! ਐਡੇ ਵੱਡੇ ਔਲੀਏ ਨੂੰ ਕਿਹੜਾ ਮਾਰ ਸਕਦਾ ਸੀ? ਉਸ ਨੇ ਅੱਧਾ ਰਾਜ ਦੇ ਕੇ ਹੱਥਕੜੀ ਲਾਉਣ ਦੀ ਭੁੱਲ ਬਖ਼ਸ਼ਾਈ। ਲੱਲੂ ਰਾਜ ਭਾਗ ਦਾ ਮਾਲਕ ਬਣ ਬੈਠਾ। ਉਹਦੇ ਤੋਂ ਹੀ ਕਹਾਵਤ ਬਣੀ: ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ
ਕਹਿੰਦੇ ਕਿ ਇਕ ਵਾਰੀ ਬੁਲ੍ਹੇ ਸ਼ਾਹ ਲਾਹੌਰ ਬਾਜ਼ਾਰ ਵਿਚ ਦੁੱਧ ਲੈਣ ਗਿਆ ।ਤਖ਼ਤ ਪੋਸ਼ ਤੇ ਦੁਧ ਦੀਆਂ ਬਾਲਟੀਆਂ ਰੱਖੀ ਇਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ ।ੳੁਹ ਗਾਹਕ ਪਾਸੋਂ ਪੈਸੇ ਫੜਦੀ, ਗਿਣਦੀ ਤੇ ਮਿਣ ਕੇ ਦੁਧ ਉਸ ਦੇ ਭਾਂਡੇ ਵਿਚ ਪਾ ਦਿੰਦੀ ਹੈ। ਇਹ ਅਸੂਲ ਦੀ ਗੱਲ, ਇਕ ਗੱਲ ਅਜਿਹੀ ਹੋਈ ਜੋ ਇਸ ਅਸੂਲ ਦੀ ਉਲੰਘਣਾ ਸੀ ।ੲਿਕ ਗੱਭਰੂ ਆਇਆ, ਸੁਨੱਖਾ ਜਿਹਾ ਤੇ ਉਸ ਨੇ ਮੁਟਿਆਰ ਦੀ ਤਲੀ ਤੇ ਕੁਝ ਰੱਖਿਆ । ਉਸਨੇ ਪਿਆਰ ਨਾਲ ਉਸ ਵੱਲ ਦੇਖਿਆ, ਪੈਸੇ ਬਿਨਾ ਗਿਣੇ ਹੀ ਗੱਲੇ ਚ ਸੁੱਟ ਦਿੱਤੇ ਤੇ ਉਸਦਾ ਭਾਂਡਾ ਲੈ ਕਿ ਬਾਲਟੀ ਵਿਚੋਂ ਨੱਕੋ ਨੱਕ ਭਰ ਦਿੱਤਾ । ਰੱਬ ਦੇ ਬੰਦੇ ਬੁਲ੍ਹੇ ਸ਼ਾਹ ਨੂੰ ਬੜੀ ਹੈਰਾਨੀ ਹੋਈ ਕਿ ਨ ਪੈਸੇ ਗਿਣੇ ਤੇ ਨਾ ਦੁਧ ਮਿਣਿਆ । ਕਾਰਨ? ਸਮਝ ਵਿਚ ਨ ਆਇਆ ਤਾਂ ਅਖੀਰ ਉਸਨੇ ਮੁਟਿਆਰ ਤੋਂ ਪੁਛਣਾ ਠੀਕ ਜਾਣਿਅਾ। ਉਸ ਰੱਜੀ ਹੋਈ ਰੂਹ ਵਾਲੀ ਮੁਟਿਆਰ ਨੇ ਆਖਿਆ, ‘ ਰੱਬ ਦੇ ਫ਼ਕੀਰਾ! ਜਿੱਥੇ ਇਸ਼ਕ ਮੁਹੱਬਤ ਹੋਵੇ ਉਥੇ ਲੇਖੇ ਜੋਖੇ ਨਹੀ ਕਰੀਦੇ ।’ ਇਹ ਸੁਣਦਿਆਂ ਬੁਲ੍ਹੇ ਸ਼ਾਹ ਵਜਦ ਵਿਚ ਅਾ ਗਿਆ ਤੇ ਆਪਣੇ ਮਨ ਨੂੰ ਲਾਹਨਤਾ ਪਾਉਣ ਲੱਗਾ ਕਿ ਸਧਾਰਨ ਗਭੱਰੂ ਨੂੰ ਮੁਹਬੱਤ ਕਰਨ ਆਲੀ ਅਤਿ ਸਾਧਾਰਨ ਗਵਾਲਣ ਹੀ ਤੇਰੇ ਨਾਲੋਂ ਚੰਗੀ ਹੈ ਜੋ ਆਪਣੇ ਸੱਜਣ ਨਾਲ ਲੇਖਾ ਨਹੀ ਕਰਦੀ ਤੇ ਤੂੰ ਕੁਲ ਆਲਮ ਦੇ ਮਾਲਕ ਦਾ ਨਾਮ ਜਪਣ ਦਾ ਲੇਖਾ ਰੱਖਣ ਲਈ ਤਸਵੀ ਲਈ ਫਿਰਦਾਂ ਹੈਂ,ਤੇ ਫਿਰ ਬੁਲ੍ਹੇ ਨੇ ਤਸਵੀ ਲਾਹ ਕੇ ਵਗਾਹ ਮਾਰੀ । ਸਾਰੀ ਉਮਰ ਅਲੇਖਾ ਹੀ ਰੱਖਿਆ।
ਲਾਲੀ ਦਾ ਮੋਰ
ਲਾਲੀ ਦੀ ਮਾਂ ਗਰਭਵਤੀ ਸੀ ਤੇ ਲਾਲੀ ਦੀ ਦਾਦੀ ਲਾਲੀ ਕੋਲੋਂ ਪੁੱਛਿਆ ਕਰੇ, ਲਾਲੀ ਆਪਣੇ ਕੋਠੇ ਤੇ ਕੀ ਹੈ , ਚਿੜੀ ਕਿ ਮੋਰ ? ਨਿਆਣੀ ਸੀ, ਉਹਨੂੰ ਸਮਝ ਨਹੀ ਸੀ ਇੰਨ੍ਹਾ ਗੱਲਾਂ ਦੀ । ਪਰ ਦਾਦੀ ਦੇ ਸਮਝਾਏ ਮੁਤਾਬਕ ਉਹ ਅਕਸਰ ਆਖਿਆ ਕਰਦੀ ਸੀ “ਮੋਰ” ਫਿਰ ਮਾਂ ਦੇ ਜਣੇਪੇ ਦੇ ਨਾਲ ਹੀ ਬਾਲੜੀ ਤੇ ਕਹਿਰ ਟੁੱਟ ਪਿਆ। ਮਾਂ ਤੇ ਲਾਲੀ ਦਾ ਮੋਰ ਦੋਵੇ ਹੀ ਦੁਨੀਆਂ ਤੋਂ ਤੁਰ ਗਏ। ਨਿੱਕੀ ਬਾਲੜੀ ਦਾਦਕਿਆਂ ਤੋਂ ਨਾਨਕਿਆਂ ਦੇ ਹਵਾਲੇ ਕਰ ਦਿੱਤੀ ਗਈ। ਨਾਨੀ ਅਕਸਰ ਮਾਂ ਲਈ ਵਿਲਕਦੀ ਲਾਲੀ ਨੂੰ ਆਖ ਦਿਆ ਕਰਦੀ ਸੀ ਕਿ ਮਾਂ ਮੋਰ ਲੈਣ ਰੱਬ ਕੋਲ ਗਈ ਏ, ਜਲਦੀ ਆ ਜਾਣਾ ਬਸ ਉਹਨੇ। ਅਚਾਨਕ ਇੱਕ ਦਿਨ ਗੁਆਂਢੀਆਂ ਦੇ ਘਰ ਆਪਣੀ ਹਮ ਉਮਰ ਕਿੰਨੂ ਨਾਲ ਖੇਡਦੀ ਲਾਲੀ ਨੂੰ ਜਦੋਂ ਕਿੰਨੂ ਨੇ ਦੱਸਿਆ ਕਿ ਸਾਡੇ ਘਰ ਕਾਕਾ ਆਉਣ ਵਾਲਾ ਤਾਂ ਲਾਲੀ ਦੀਆਂ ਅੱਖਾਂ ਭਰ ਆਈਆਂ । ਲਾਲੀ ਉਸ ਨੂੰ ਕਹਿੰਦੀ , ” ਜੇ ਤੈਨੂੰ ਕੋਈ ਪੁੱਛੇ ਕੇ ਤੁਹਾਡੇ ਕੋਠੇ ਤੇ ਕੀ ਏ ? ਤਾਂ ਮੋਰ ਨਾ ਕਹੀਂ। ” ਕਿਉਂ ਲਾਲੀ ? ਅਣਜਾਣ ਕਿੰਨੂ ਨੇ ਪੁੱਛਿਆ। ਮੋਰ ਲੈਣ ਲਈ ਮੰਮੀਆਂ ਨੂੰ ਰੱਬ ਕੋਲ ਜਾਣਾ ਪੈਂਦਾ। ਫਿਰ ਯਾਦ ਬਹੁਤ ਆਉਂਦੀ ਆ ਮੰਮੀ ਦੀ। ਕਹਿੰਦੇ ਕਹਿੰਦੇ ਲਾਲੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ । ਕੋਲ ਬੈਠੀ ਕਿੰਨੂ ਦੀ ਮਾਂ ਦੀ ਧਾਹ ਨਿੱਕਲ ਗਈ। ਉਸ ਨੇ ਲਾਲੀ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਤੇ ਮਨ ਹੀ ਮਨ ਉਹ ਕਹਿ ਰਹੀ ਸੀ, ਹਾਏ ਵੇ ਰੱਬਾ! ਇੰਨ੍ਹਾ ਮਾਸੂਮਾ ਨਾਲ ਕੀ ਵੈਰ ਹੁੰਦਾ ਤੇਰਾ . . . ?
ਪਹਾੜਾਂ ਵਿਚ ਬਾਘ ਡੰਗਰਾਂ ਦਾ ਅਕਸਰ ਪਿੱਛਾ ਕਰਦੇ ਰਹਿੰਦੇ ਤੇ ਕੲੀ ਵਾਰ ਬੰਦਿਅਾਂ ਨੂੰ ਵੀ ਅਾਪਣੀ ਲਪੇਟ ਵਿਚ ਲੈ ਲੈਂਦੇ।ਬਾਘ ਬਹੁਤ ਖ਼ਤਰਨਾਕ ਜਾਨਵਰ ਹੈ।ਜੇ ੳੁਸ ਦੇ ਪੰਜੇ ਦੀ ਨਹੁੰਦਰ ਵਿਚ ਕਿਸੇ ਡੰਗਰ ਦਾ ਜਰਾ ਜਿੰਨਾ ਵੀ ਮਾਸ ਅਾ ਜਾਵੇ ਤਾਂ ਡੰਗਰ ਦੀ ਮਜ਼ਾਲ ਨਹੀਂ ਕਿ ਬਾਘ ਤੋਂ ਖਹਿੜਾ ਛੁਡਾ ਸਕੇ।ਬਾਘ ਡੰਗਰ ਨੂੰ ਖਿੱਚ ਕੇ ਕਿਸੇ ਖੂੰਜੇ ਵਿਚ ਲੈ ਜਾਂਦਾ ਹੈ ਤੇ ੳੁਸ ਡੰਗਰ ਦੀ ਘੰਢੀ ਤੋੜ ਕੇ ਘੰਢੀ ਨੂੰ ਮੂੰਹ ਲਾ ਕੇ ੳੁਸ ਦਾ ਸਾਰਾ ਖ਼ੂਨ ਚੂਸ ਜਾਂਦਾ ਹੈ।ਬਾਘ ਅਕਸਰ ਰਾਤ ਨੂੰ ਹੀ ਹਮਲਾ ਕਰਦਾ ਹੈ।ੲਿਕ ਵਾਰ ੲਿਕ ਬਾਘ ਦਾਦਾ ਜੀ ਹੋਰਾਂ ਦੇ ਕਾਫ਼ਲੇ ਦਾ ਪੂਰੇ ਤਿੰਨ ਦਿਨ ਪਿੱਛਾ ਕਰਦਾ ਰਿਹਾ।ਪਰ ਬਾਘ ਖੜਕੇ ਅਤੇ ਅੱਗ ਤੋਂ ਬਹੁਤ ਡਰਦਾ ਹੈ।ਸੋ ਜਿੱਥੇ ਰਾਤ ਪੈਂਦੀ ਤਾਂ ਕਾਫ਼ਲੇ ‘ਚੋਂ ਦੋ ਬੰਦੇ ਜਾਗਦੇ ਤੇ ਅੱਗ ਮਚਾੳੁਂਦੇ ,ਦੋ ਘੰਟੇ ਪਿੱਛੋਂ ੳੁਹ ਸੌਂ ਜਾਂਦੇ।ਫਿਰ ਦੂਜਿਅਾਂ ਦੀ ਵਾਰੀ ਅਾ ਜਾਂਦੀ ਤੇ ਅਾਖ਼ਰ ਸਵੇਰ ਦਾ ਸੂਰਜ ਚੜ੍ਹ ਅਾੳੁਂਦਾ।ਜੇ ਕਿਸੇ ਰਾਤ ਨੂੰ ਮੀਂਹ ਪੈਣ ਕਰਕੇ ਅੱਗ ਨਾ ਬਲ਼ਦੀ ਤਾਂ ੲਿਹੀ ਚਿੰਤਾ ਰਹਿੰਦੀ ਕਿ ਬਾਘ ਨੇ ਹੁਣ ਹਮਲਾ ਕੀਤਾ,ਹੁਣ ਹਮਲਾ ਕੀਤਾ।ਸੋ ਅਜਿਹੀ ਕਮਾੲੀ ਕਰਨੀ ਖਾਲਾ ਜੀ ਦਾ ਵਾੜਾ ਨਹੀਂ।
ਹੁਣ ਜਦੋਂ ਮੈਂ ਅਾਪਣੇ ਅਾਲ਼ੇ-ਦੁਅਾਲ਼ੇ ਅਨੇਕਾਂ ‘ਬਾਘਾਂ’ ਨੂੰ ਗਰਰ-ਗਰਰ ਕਰਦੇ ਦੇਖਦਾ ਹਾਂ ਤਾਂ ਮੈਂ ਮੈਦਾਨ ਛੱਡ ਕੇ ਭੱਜਣ ਵਾਲ਼ਾ ਨਹੀਂ।ੲਿੰਝ ਕਰਨਾ ਸਾਡੀ ਵਿਰਾਸਤ ਦੇ ਮੱਥੇ ‘ਤੇ ਥੱਬਾ ਲਗਾੳੁਣਾ ਹੈ।ਮੈਨੂੰ ਪਤਾ ਹੈ ਕਿ ਅਸੀਂ ‘ਬਾਘਾਂ’ ਨੂੰ ਭਜਾੳੁਣ ਵਾਲ਼ੇ ਹਾਂ।ਬਾਘਾਂ ਤੋਂ ਡਰ ਕੇ ਭੱਜਣ ਵਾਲ਼ੇ ਨਹੀਂ।ਕੲੀ ‘ਬਾਘਾਂ’ ਦੇ ਮੂੰਹਾਂ ‘ਚੋਂ ੲਿਹ ਨਿਕਲਦਾ ਮੈਂ ਅਾਪ ਸੁਣਿਅਾ ਹੈ ਕਿ ੲਿਹ ਤਾਂ ਸਾਥੋਂ ਡਰਦੇ ਹੀ ਨਹੀਂ।
(ਕਿੱਕਰਾਂ ਦੇ ਅੰਬ )ਸਵੈ-ਜੀਵਨੀ ‘ਚੋਂ ਅੰਸ਼ ਅਮਰਿੰਦਰ ਸਿੰਘ ਸੋਹਲ
੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ |
੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ | ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ ਰੋਟੀ ਖਾਏਗਾ , ਓਹੀ ਰੱਜੇਗਾ| ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ | ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ |
੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ |
੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ | ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ , ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ |
੫. ਸਿਮਰਨ ਪਹਲਾ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ |ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾ ਸਿਮਰਨ ਵਿਚ ਰਸ ਆਉਣ ਲਗਦਾ ਹੈ , ਫਿਰ ਛਡਨ ਨੂੰ ਦਿਲ ਨਹੀਂ ਕਰਦਾ |
੬.ਮਨ ਚਾਹੇ ਨਾ ਵੀ ਟਿਕੇ , ਨਾਮ ਜਪਣਾ ਚਾਹਿਦਾ ਹੈ | ਜੇ ਨਾਮ ਜਾਪਦੇਆਂ ਮਨ ਜਰਾ ਵੀ ਟਿਕ ਜਾਵੇ ਤਾ ਥੋੜੀ ਗਲ ਨਹੀਂ , ਮਨ ਪੂਰਾ ਵਸ ਤਦ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ |
ਮਨ ਟਿਕੇ ਜਾ ਨਾ ਟਿਕੇ , ਨਾਮ ਜਪਣਾ ਚਾਹਿਦਾ ਹੈ , ਜੋ ਲੱਗੇ ਰਹਿਣਗੇ, ਓਹਨਾ ਲਈ ਓਹ ਸਮਾਂ ਵੀ ਆਵੇਗਾ , ਜਦੋ ਮਨ ਦਾ ਟਿਕਾਓ ਪ੍ਰਾਪਤ ਹੋ ਜਾਵੇਗਾ | ਜੋ ਤੁਰੇ ਰਹਿਣਗੇ , ਭਾਵੇ ਮਧਮ ਚਲ ਹੀ , ਓਹਨਾ ਦੇ ਮੰਜਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ |
ਭਾਈ ਵੀਰ ਸਿੰਘ ਜੀ
ਕਈ ਲੋਕ ਇਹ ਤਰਕ ਕਰਦੇ ਹਨ ਕਿ ਰੋਜ-੨ ਇਕ ਹੀ ਨਿਤਨੇਮ ਕਰਨਾ ਕਿਓ ਜਰੂਰੀ ਹੈ | ਇਹ ਤਾ ਇਕ ਵਾਰ ਵੀ ਕਰਲੋ ਤਾ ਓਹੀ ਗਲ ਹੈ ਕਹੰਦੇ ਹਨ ਕ ਇਹ ਤਾ (repetition) ਦੋਹਰਾਓ ਹੋ ਗਿਆ | ਅਸਲ ਗਲ ਇਹ ਹੈ ਕਿ ਜਿਵੇ ਘਰ ਵਿਚ ਰੋਜ ਝਾੜੂ ਪੋਚਾ ਕਰਨਾ ਪੈਂਦਾ ਹੈ ਤੇ ਕੋਈ ਇਹ ਨਹੀਂ ਕਹੰਦਾ ਕਿ ਇਹ ਰੋਜ ਕਿਓ ਜਰੂਰੀ ਹੈ ਕਿਓਕੀ ਸਬ ਨੂ ਪਤਾ ਹੈ ਕਿ ਸਾਰੇ ਦਿਨ ਵਿਚ ਮਿੱਟੀ ਘੱਟਾ ਘਰ ਵਿਚ ਆ ਵੜਦਾ ਹੈ| ਇਸ ਕਰਕੇ ਰੋਜ ਝਾੜੂ ਪੋਚਾ ਕਰਨਾ ਪੈਂਦਾ ਹੈ| ਬਿਲਕੁਲ ਇਸੇ ਤਰਾ ਇਸ ਮਨ ਦੀ ਸਫਾਈ ਕਰਨ ਲਈ ਸਾਨੂੰ ਗੁਰੂ ਸਾਹਿਬਾਨ ਨੇ ਨਿਤਨੇਮ ਦਿੱਤਾ ਹੈ | ਰੋਜ-੨ ਦੁਨੀਆ ਨਾਲ ਵਾਹ ਪੈਣ ਕਰਕੇ ਮਨ ਵਿਚ ਵਿਕਾਰਾਂ ਦੀ ਮੇਲ ਲੱਗ ਜਾਂਦੀ ਹੈ |ਇਸਨੂੰ ਹਰ ਰੋਜ ਸਾਫ਼ ਕਰਨ ਦੀ ਲੋੜ ਹੁੰਦੀ ਹੈ ਨਾ ਕਿ ਸਿਰਫ ਇਕ ਵਾਰੀ|
ਇਸ ਕਰਕੇ ਸਾਨੂ ਨਿਤਨੇਮ ਤੇ ਸਤਸੰਗ ਰੋਜ ਕਰਨਾ ਚਾਹੀਦਾ ਹੈ|
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ……
ਇਕ ਵਾਰ ਜਦ ਮਹਾਰਾਜਾ ਰਣਜੀਤ ਸਿੰਘ ਨੇ ਆਪਨੇ ਚਿੱਟੇ ਕੇਸਾਂ ਨੂੰ ਕਾਲਾ ਕਰਨ ਲਈ ਕਲਫ਼ (ਮਹਿੰਦੀ ) ਲਾ ਲਈ | ਇਸ ਗਲ ਦਾ ਪਤਾ ਜਦੋ ਅਕਾਲੀ ਫੂਲਾ ਸਿੰਘ ਨੂੰ ਲੱਗਾ ਤਾਂ ਓਹਨਾ ਨੇ ਇਕ ਸਿੰਘ ਨੂੰ ਇਹ ਕਹ ਕੇ ਭੇਜਿਆ –
ਜਾ ਕਹ ਦੇਓ ਕਾਣੇ ਢੱਗੇ ਨੂੰ,
ਕਿਓ ਕਾਲਾ ਕਰਦਾ ਬੱਗੇ ਨੂੰ ,
ਅੰਤ ਕਾਲ ਜਦ ਮਰਨਾ ਹੈ ,
ਫਿਰ ਮੂੰਹ ਕਾਲਾ ਕਿਓ ਕਰਨਾ ਹੈ |
ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗਲ ਦੀ ਸਜਾ ਵੀ ਦਿੱਤੀ ਗਈ | ਪਰ ਅਜੇ ਦੇ ਸਮੇ ਵਿਚ ਹਰ ਕੋਈ ਕਲਫ਼ ਲਾ ਕੇ ਕੇਸਾਂ ਨੂੰ ਕਾਲਾ ਕਰ ਲੈਂਦਾ ਹੈ ਪਰ ਸਚ ਇਹ ਹੈ ਕੇ ਮੌਤ ਨੇ ਚਿੱਟੇ ਕੇਸਾਂ ਨੂੰ ਦੇਖ ਕੇ ਨਹੀ ਆਉਣਾ ਸਗੋਂ ਓਹਨੇ ਤਾ ਆਪਨੇ ਨਿਸ਼ਚਿਤ ਸਮੇ ਤੇ ਆ ਕੇ ਇਸ ਆਤਮਾ ਨੂੰ ਲੈ ਹੀ ਜਾਣਾ ਹੈ |
ਫਿਰ ਕਿਓ ਆਪਾ ਇਸ ਤਰਾ ਦੇ ਕਮ ਕਰਕੇ ਉਸ ਪਰਮਾਤਮਾ ਤੋ ਬੇਮੁਖ ਹੁੰਦੇ ਆ |
ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਓਹ ਕੇਸਾਂ ਨੂ ਕਲਫ਼ ਨਾ ਲਾਉਣ |
ਵਾਹਿਗੁਰੂ ਜੀ ਕਾ ਖਾਲਸਾ,,,
ਵਾਹਿਗੁਰੂ ਜੀ ਕੀ ਫਤਹਿ ਜੀ..
ਉਨ੍ਹੀਵੀਂ ਸਦੀ ਦੇ ਸਿੱਖਾਂ ਦੇ ਮਹਾਨ ਵਿਦਵਾਨ ਅਤੇ ‘ਗਿਆਨ ਖੜਗ ਦੇ ਧਾਰਨੀ’ ਗਿਆਨੀ ਦਿੱਤ ਸਿੰਘ ‘ਜ਼ਾਤੀ ਦੇ ਵੈਰ ਦਾ ਫਲ’ ਸਿਰਲੇਖ ਵਾਲੀ ਆਪਣੀ ਇਕ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ,
”ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਰੱਤੀ ਭਰ ਫ਼ਿਕਰ ਨਾ ਕਰੇ ਕਿਉਂਕਿ ਉਨ੍ਹਾਂ ਦੇ ਆਪਸੀ ਮਿਲਾਪ ਕਾਰਨ ਕੁਹਾੜਿਆਂ ਦੀ ਇਕ ਨਹੀਂ ਚੱਲਣ ਵਾਲੀ। ਪਰ ਪਹਿਲੇ ਰੁੱਖ ਨੇ ਮੁੜ ਫ਼ਿਕਰ ਸਾਂਝਾ ਕਰਦਿਆਂ ਕਿਹਾ ਕਿ, ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜ਼ਾਤੀ ਭਾਈ ਹੀ ਮਦਦਗਾਰ ਹੋ ਗਏ ਹਨ। ਜੋ ਕੁਹਾੜਿਆਂ ਦੇ ਦਸਤੇ ਬਣ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਣ ਕੇ ਬਣ ਦੇ ਸਾਰੇ ਰੁੱਖ ਕੰਬ ਗਏ ਅਤੇ ਕਹਿਣ ਲੱਗੇ ਕਿ ਜ਼ਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ ਸੋ ਹੁਣ ਅਸੀਂ ਨਹੀਂ ਬਚਾਂਗੇ।”
ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ, “ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੁੰਦਾ ਤਾਂ ਅੱਜ ਪੂਰੀ ਦੁਨੀਆ ਸਿੱਖ ਹੁੰਦੀ…”
ਇਹਨਾਂ ਸਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ…ਕਿ ‘ਸਰਵਗੁਣ ਸੰਪੂਰਨ’ ਧਰਮ ਹੁੰਦੇ ਹੋਏ ਵੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ? ਇਸਾਈ ਧਰਮ ਦੇ ਵਿੱਚ ਸਿਰਫ ਇੱਕ ਪ੍ਰਭੂ ਯਿਸੂ ਮਸੀਹ ਜੀ ਸੂਲੀ ਚੜੇ ਸਨ ਅਤੇ ਸ਼ਹੀਦ ਹੋਏ ਸਨ ਅਤੇ ਪੂਰੀ ਦੁਨੀਆ ਉਹਨਾਂ ਤੋਂ ਪ੍ਰਭਾਵਿਤ ਹੈ ਅਤੇ ਲੋਕ ਇਸਾਈ ਬਣ ਰਹੇ ਨੇ ਜਦੋਂ ਕਿ ਸਿੱਖ ਧਰਮ ਦਾ ਇਤਿਹਾਸ ਤਾਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ…ਗੁਰੂ ਅਰਜਨ ਦੇਵ ਜੀ ਤੋਂ ਲੈਕੇ ਗੁਰੂ ਤੇਗ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦੁਰ ਜੀ, ਬਾਬਾ ਦੀਪ ਸਿੰਘ ਜੀ ਅਤੇ ਹੋਰ ਪਤਾ ਨੀਂ ਕਿੰਨੇ ਹੀ ਲੱਖਾਂ ਹੀ ਮਹਾਨ ਸਿੱਖ ਸ਼ਹੀਦ ਹੋਏ ਨੇ ਅਤੇ ਹੁਣ ਤੱਕ ਵੀ ਹੋ ਰਹੇ ਨੇ ਜਿੰਨਾ ਦੀ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੈ… ਐਨੀਆਂ ਸ਼ਹੀਦੀਆਂ, ਉਚ ਕੋਟੀ ਦੇ ਧਾਰਮਿਕ ਗ੍ਰੰਥ ਅਤੇ ਸ਼ਾਨਦਾਰ ਮਾਣਮੱਤਾ ਇਤਿਹਾਸ ਹੋਣ ਦੇ ਬਾਵਜੂਦ ਵੀ ਕਿ ਕਾਰਣ ਹੈ ਕੇ ਅਸੀਂ ਸਿੱਖ ਧਰਮ ਦੇ ਵਿਚਾਰ ਦੁਨੀਆ ਤੱਕ ਪਹੁੰਚਾਉਣ ਤੋਂ ਅਸਮਰਥ ਰਹੇ ਹਾਂ…ਸਚ ਤਾਂ ਇਹ ਹੈ ਕਿ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਥਾਂ ਤੇ ਬ੍ਰਾਹਮਣਵਾਦੀ ਸੋਚ ਤਹਿਤ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ ਹੈ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ…ਇਹੀ ਕਾਰਣ ਹੈ ਕਿ ਨਵੇਂ ਲੋਕਾਂ ਨੇ ਤਾਂ ਸਿੱਖ ਧਰਮ ਕੀ ਅਪਣਾਉਣਾ ਸੀ ਖੁਦ ਸਿੱਖ ਵੀ ਇਸਾਈ ਧਰਮ ਵੱਲ ਅਤੇ ਡੇਰਿਆਂ ਵੱਲ ਭੱਜੇ ਜਾ ਰਹੇ ਹਨ.