ਸੋਰਠਿ ਮਹਲਾ ੧ ॥
ਜਿਨ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ ਕੇ ਸਾਥ ਤਰੇ ॥ ਤਿਨ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ ਸਾਥੀ ਭੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ। ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥ ਹੇ ਸੱਜਣ ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤ ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤ ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ ਸਾਗਰ ਵਿਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ ॥੧॥ ਰਹਾਉ ॥
Daily Hukamnama Sri Darbar Sahib Amritsar 10 December 2024
14