ਸੋਰਠਿ ਮਹਲਾ ੫ ਘਰੁ ੩ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ ਆਇਆ ਪ੍ਰਭ ਦਰਬਾਰਾ ॥ ਤਾ ਸਗਲੀ ਮਿਟੀ ਪੂਕਾਰਾ ॥ ਲਬਧਿ ਆਪਣੀ ਪਾਈ ॥ ਤਾ ਕਤ ਆਵੈ ਕਤ ਜਾਈ ॥੨॥ ਤਹ ਸਾਚ ਨਿਆਇ ਨਿਬੇਰਾ ॥ ਊਹਾ ਸਮ ਠਾਕੁਰੁ ਸਮ ਚੇਰਾ ॥ ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥੩॥ ਸਰਬ ਥਾਨ ਕੋ ਰਾਜਾ ॥ ਤਹ ਅਨਹਦ ਸਬਦ ਅਗਾਜਾ ॥ ਤਿਸੁ ਪਹਿ ਕਿਆ ਚਤੁਰਾਈ ॥ ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
ਪੰਜਾਬੀ ਵਿਆਖਿਆ:
ਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ। ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ।) ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ।) ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ॥੧॥ ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ, ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ॥ ਰਹਾਉ ॥ ਹੇ ਭਾਈ! ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ), ਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ। ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ, ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ, ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ ॥੨॥ ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ। ਉਸ ਦਰਗਾਹ ਵਿਚ (ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ) ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਹਜ਼ੂਰੀ ਵਿਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ) ਜਾਣਦਾ ਹੈ, (ਉਸ ਦੇ) ਬੋਲਣ ਤੋਂ ਬਿਨਾਂ ਉਹ ਪ੍ਰਭੂ ਆਪ (ਉਸ ਦੇ ਦਿਲ ਦੀ ਪੀੜਾ ਨੂੰ) ਸਮਝ ਲੈਂਦਾ ਹੈ ॥੩॥ ਹੇ ਭਾਈ! ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ, ਉਸ ਨਾਲ ਮਿਲਾਪ-ਅਵਸਥਾ ਵਿਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਇਕ-ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ (ਤੇ, ਮਨੁੱਖ ਉੱਤੇ ਕਾਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ)। (ਪਰ, ਹੇ ਭਾਈ! ਉਸ ਨੂੰ ਮਿਲਣ ਵਾਸਤੇ) ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ। ਨਾਨਕ ਜੀ! (ਆਖੋ-ਹੇ ਭਾਈ! ਜੇ ਉਸ ਨੂੰ ਮਿਲਣਾ ਹੈ, ਤਾਂ) ਆਪਾ-ਭਾਵ ਗਵਾ ਕੇ (ਉਸ ਨੂੰ) ਮਿਲ ॥੪॥੧॥੫੧॥
English Translation:
Sorath Mahalaa 5 Ghar 3 Choupade One Universal Creator God. By The Grace Of The True Guru: Meeting with the council, my doubts were not dispelled. The chiefs did not give me satisfaction. I presented my dispute to the noblemen as well. But it was only settled by meeting with the King, my Lord. ||1|| Now, I do not go searching anywhere else, because I have met the Guru, the Lord of the Universe. || Pause || When I came to God’s Darbaar, His Holy Court, then all of my cries and complaints were settled. Now that I have attained what I had sought, where should I come and where should I go ? ||2|| There, true justice is administered. There, the Lord Master and His disciple are one and the same. The Inner-knower, the Searcher of hearts, knows. Without our speaking, He understands. ||3|| He is the King of all places. There, the unstruck melody of the Shabad resounds. Of what use is cleverness when dealing with Him ? Meeting with Him, Nanak Ji, one loses his self-conceit. ||4||1||51||
ਅੰਗ: 621 | 11-09-2024