315
ਸੋਰਠਿ ਮਹਲਾ ੫ ॥
ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ ॥ ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ ॥ ਜਿਸ ਨੋ ਕੀਤੋ ਕਰਮੁ ਆਪਿ ਪਿਆਰੇ ਤਿਸੁ ਪੂਰਾ ਗੁਰੂ ਮਿਲਾਇਆ ॥ ਸੋ ਆਰਾਧੇ ਸਾਸਿ ਸਾਸਿ ਪਿਆਰੇ ਰਾਮ ਨਾਮ ਲਿਵ ਲਾਇਆ ॥੧॥
ਹੇ ਪਿਆਰੇ (ਭਾਈ) ! ਮਾਂ ਦਾ ਪੇਟ ਦੁੱਖਾਂ ਦਾ ਸਮੁੰਦਰ ਹੈ, ਉਥੇ (ਪ੍ਰਭੂ ਨੇ ਜੀਵ ਪਾਸੋਂ) ਆਪਣੇ ਨਾਮ ਦਾ ਸਿਮਰਨ ਕਰਾਇਆ (ਤੇ, ਇਸ ਨੂੰ ਦੁੱਖਾਂ ਤੋਂ ਬਚਾਈ ਰੱਖਿਆ) । ਮਾਂ ਦੇ ਪੇਟ ਵਿਚੋਂ ਕੱਢ ਕੇ (ਜਨਮ ਦੇ ਕੇ, ਪ੍ਰਭੂ ਨੇ ਜੀਵ ਵਾਸਤੇ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ) ਜ਼ਹਰ ਖਿਲਾਰ ਰੱਖੀ (ਤੇ, ਇਸ ਤਰ੍ਹਾਂ ਜੀਵ ਦੇ ਹਿਰਦੇ ਵਿਚ) ਮਾਇਆ ਦਾ ਮੋਹ ਵਧਾ ਦਿੱਤਾ। ਹੇ ਭਾਈ! ਜਿਸ ਮਨੁੱਖ ਉੱਤੇ ਆਪ ਪ੍ਰਭੂ ਮੇਹਰ ਕਰਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾਂਦਾ ਹੈ। ਉਹ ਮਨੁੱਖ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤੇ, ਪਰਮਾਤਮਾ ਦੇ ਨਾਮ ਦੀ ਲਗਨ (ਆਪਣੇ ਅੰਦਰ) ਬਣਾਈ ਰੱਖਦਾ ਹੈ।੧।