311
ਸੂਹੀ ਮਹਲਾ ੪
ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ਰਹਾਉ॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਸ ਦੇ ਸਾਰੇ ਦਰਿੱਦ੍ਰ, ਦਲਾਂ ਦੇ ਦਲ ਨਾਸ ਹੋ ਗਏ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ। ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ ਭਗਤੀ ਕਰ ਕੇ ਉਹ ਆਨੰਦ ਵਿਚ ਲੀਨ ਹੋ ਗਿਆ॥੧॥ ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਅੱਤ ਪਿਆਰਾ ਨਾਮ ਸਿਮਰਿਆ ਕਰ ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ| ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ ( ਮੈਂ ਸਿਰ ਦੇ ਇਵਜ਼ ਕੀਮਤੀ ਹਰਿ-ਨਾਮ ਲੈ ਲਿਆ ਹੈ) ॥੧॥ਰਹਾਉ॥