325
ਸੋਰਠਿ ਮਹਲਾ ੫ ॥
ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥
(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ ਵਿਆਪਕ ਨਾਸ ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ। ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤ ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ ਪਾਰ ਲੰਘਾ ਦੇਂਦਾ ਹੈ ॥੧॥ (ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ ਭਰਮ ਮਿਟਾ ਦਿੱਤਾ, ਹਨੇਰਾ ਦੂਰ ਕਰ ਦਿੱਤਾ। (ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ ਸੰਗ (ਦਿੱਸ ਪਏਗਾ) ॥ ਰਹਾਉ ॥