283
ਰਾਮਕਲੀ ਮਹਲਾ ੫ ॥
ਨਾ ਤਨੁ ਤੇਰਾ ਨਾ ਮਨੁ ਤੋਹਿ ॥ ਮਾਇਆ ਮੋਹਿ ਬਿਆਪਿਆ ਧੋਹਿ ॥ ਕੁਦਮ ਕਰੈ ਗਾਡਰ ਜਿਉ ਛੇਲ ॥ ਅਚਿੰਤੁ ਜਾਲੁ ਕਾਲੁ ਚਕ੍ਰ ਪੇਲ ॥੧॥ ਹਰਿ ਚਰਨ ਕਮਲ ਸਰਨਾਇ ਮਨਾ ॥ ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥੧॥ਰਹਾਉ॥
(ਹੇ ਭਾਈ! ਇਸ ਸਰੀਰ ਦੀ ਖ਼ਾਤਰ) ਤੂੰ ਮਾਇਆ ਦੇ ਮੋਹ ਵਿਚ ਦੀ ਠੱਗੀ ਵਿਚ ਫਸਿਆ ਰਹਿੰਦਾ ਹੈ, ਨਾਹ ਉਹ ਸਰੀਰ ਤੇਰਾ ਹੈ, ਤੇ, ਨਾਹ ਹੀ (ਉਸ ਸਰੀਰ ਵਿਚ ਵੱਸਦਾ) ਮਨ ਤੇਰਾ ਹੈ। (ਵੇਖ!) ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ (ਉਸ ਵਿਚਾਰੇ ਉਤੇ) ਅਚਨਚੇਤ (ਮੌਤ ਦਾ) ਜਾਲ ਆ ਪੈਂਦਾ ਹੈ, (ਉਸ ਉਤੇ) ਮੌਤ ਅਪਣਾ ਚੱਕਰ ਚਲਾ ਦੇਂਦੀ ਹੈ (ਇਹੀ ਹਾਲ ਹਰੇਕ ਜੀਵ ਦਾ ਹੁੰਦਾ ਹੈ) ।੧। ਹੇ (ਮੇਰੇ) ਮਨ! ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਿਆ ਰਹੁ। ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ, ਇਹੀ ਤੇਰੇ ਨਾਲ ਅਸਲ ਮਦਦਗਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ ਧਨ ਤੂੰ ਗੁਰੂ ਦੀ ਸਰਨ ਪੈ ਕੇ ਲੱਭ ਸਕੇਂਗਾ।੧।ਰਹਾਉ।