426
ਬਿਲਾਵਲੁ ਮਹਲਾ ੧ ਛੰਤ ਦਖਣੀ
ੴ ਸਤਿਗੁਰ ਪ੍ਰਸਾਦਿ ॥ ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥
ਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ। ਉਹ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ ਸਦਾ ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ।