ਇਕੱਲਾਪਨ

by Sandeep Kaur

ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਘਰ ਉਸ ਨੂੰ ਮਿਲਣ ਗਿਆ, ਮੇਰਾ ਦੋਸਤ ਛੱਤ ਤੇ ਬੈਠਾ ਸੀ, ਉਸਦੇ ਬੁਲਾਉਣ ਤੇ ਮੈਂ ਵੀ ਛੱਤ ਤੇ ਚਲਾ ਗਿਆ। ਮੈਂ ਵੇਖਿਆ ਕਿ ਉੱਥੇ ਬਹੁਤ ਸਾਰੇ ਗਮਲੇ ਰੱਖੇ ਹੋਏ ਸਨ। ਪੁੱਛਣ ਤੇ ਦੋਸਤ ਨੇ ਦੱਸਿਆ ਕਿ ਇਹ ਗਮਲੇ ਉਸ ਦੀ ਪਤਨੀ ਨੇ ਰਖਵਾਏ ਹਨ। ਗਮਲਿਆਂ ਵਿੱਚ ਬਹੁਤ ਸੋਹਣੇ ਫੁੱਲ ਲੱਗੇ ਹੋਏ ਸਨ ਤੇ ਮਹਿਕ ਖਿਲਾਰ ਰਹੇ ਸਨ। ਇੱਕ ਗਮਲੇ ਵਿੱਚ ਨਿੰਬੂ ਅਤੇ ਇੱਕ ਗਮਲੇ ਵਿੱਚ ਇੱਕ ਦੋ ਮਿਰਚਾਂ ਵੀ ਲਟਕ ਰਹੀਆਂ ਸਨ। ਇਹ ਸਭ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ।

  ਥੋੜੇ ਦਿਨਾਂ ਬਾਅਦ ਮੈਨੂੰ ਫਿਰ ਉੱਥੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਮੇਰੇ ਮਨ ਵਿੱਚ ਫਿਰ ਤੋਂ ਉਸ ਜਗ੍ਹਾ ਫੁੱਲਾਂ ਨੂੰ ਦੇਖਣ ਦਾ ਉਤਸ਼ਾਹ ਸੀ। ਜਦੋਂ ਮੈਂ ਉੱਥੇ ਗਿਆ ਤਾਂ ਕੀ ਵੇਖਦਾ ਹਾਂ ਕਿ ਦੋਸਤ ਦੀ ਪਤਨੀ ਇੱਕ ਗਮਲੇ ਨੂੰ ਘਸੀਟ ਕੇ ਕਿਸੇ ਹੋਰ ਗਮਲੇ ਕੋਲ ਲਿਜਾ ਰਹੀ ਸੀ। ਇਹ ਉਹ ਗਮਲਾ ਸੀ ਜਿਸ ਵਿੱਚ ਉਸ ਨੇ ਪਿਛਲੇ ਹਫਤੇ ਬਾਂਸ ਦਾ ਬੂਟਾ ਲਗਾਇਆ ਸੀ। ਮੈਂ ਵੇਖਿਆ ਕਿ ਬਾਂਸ ਦਾ ਬੂਟਾ ਮੁਰਝਾ ਗਿਆ ਸੀ। ਮੈਂ ਦੋਸਤ ਦੀ ਪਤਨੀ ਨੂੰ ਪੁੱਛਿਆ ਕਿ ਇਸ ਨੂੰ ਘਸੀਟ ਕੇ ਦੂਜੇ ਬੂਟੇ ਕੋਲ ਕਿਉਂ ਕਰ ਰਹੇ ਹੋ ?

ਦੋਸਤ ਦੀ ਪਤਨੀ ਨੇ ਕਿਹਾ ਕਿ ਇਹ ਮੁਰਝਾ ਰਿਹਾ ਹੈ ਤਾਂ ਹੀ ਇਸ ਨੂੰ ਦੂਜੇ ਬੂਟੇ ਦੇ ਨਜ਼ਦੀਕ ਕਰ ਰਹੀ ਹਾਂ ਤਾਂ ਜੋ ਇਹ ਫਿਰ ਤੋਂ ਹਰਿਆ ਭਰਿਆ ਹੋ ਜਾਵੇ।

 ਮੈਂ ਉਸ ਦੀ ਗੱਲ ਸੁਣ ਕੇ ਹੱਸ ਪਿਆ ਕਿ ਜੇ ਇਹ ਮੁਰਝਾ ਰਿਹਾ ਹੈ ਤਾਂ ਇਸ ਨੂੰ ਖਾਦ ਜਾਂ ਪਾਣੀ ਪਾਓ ਤਾਂ ਜੋ ਇਸ ਨੂੰ ਚੰਗੀ ਖੁਰਾਕ ਮਿਲ ਸਕੇ। ਇਸ ਤਰ੍ਹਾਂ ਇਸ ਨੂੰ ਦੂਜੇ ਬੂਟੇ ਦੇ ਨਜ਼ਦੀਕ ਕਰਨ ਨਾਲ ਕੀ ਹੋਣਾ ਹੈ?

ਦੋਸਤ ਦੀ ਪਤਨੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇਹ ਬਾਂਸ ਦਾ ਬੂਟਾ ਪਹਿਲੀ ਜਗ੍ਹਾ ਇਕੱਲਾ ਮਹਿਸੂਸ ਕਰ ਰਿਹਾ ਸੀ ਤਦ ਕਰਕੇ ਇਹ ਮੁਰਝਾ ਰਿਹਾ ਸੀ। ਹੁਣ ਇਸ ਨੂੰ ਦੂਜੇ ਬੂਟੇ ਦੇ ਨੇੜੇ ਕਰਨ ਨਾਲ ਇਹ ਫਿਰ ਤੋਂ ਖਿੜ ਜਾਵੇਗਾ।

 ਬੂਟੇ ਇਕੱਲੇ ਵਿੱਚ ਸੁੱਕ ਜਾਦੇ ਹਨ ਪਰ ਜਦੋਂ ਉਹਨਾਂ ਨੂੰ ਹੋਰ ਬੂਟਿਆਂ ਦੇ ਕੋਲ ਕਰ ਦਈਏ ਤਾਂ ਇਹ ਫਿਰ ਤੋਂ ਜੀ ਉੱਠਦੇ ਹਨ।

    ਇਹ ਗੱਲ ਮੈਨੂੰ ਬੜੀ ਅਜੀਬ ਲੱਗੀ। ਇੱਕ ਇੱਕ ਕਰਕੇ ਕਈ ਤਸਵੀਰਾਂ ਮੇਰੀਆਂ ਅੱਖਾਂ ਸਾਹਮਣੇ ਬਣਨ ਲੱਗੀਆ। ਪਿਤਾ ਜੀ ਦੀ ਮੌਤ ਤੋ ਬਾਅਦ ਮੇਰੇ ਮਾਤਾ ਜੀ ਕਿੰਨੇ ਟੁੱਟ ਗਏ ਸੀ। ਪਿਤਾ ਜੀ ਦੇ ਹੁੰਦਿਆਂ ਮੈਂ ਮਾਤਾ ਜੀ ਨੂੰ ਕਦੇ ਉਦਾਸ ਨਹੀਂ ਵੇਖਿਆ ਸੀ ਪਰ ਪਿਤਾ ਜੀ ਦੇ ਜਾਣ ਤੋਂ ਬਾਅਦ ਉਹ ਬਿਲਕੁਲ ਖਾਮੋਸ਼ ਹੋ ਗਏ ਸੀ।

ਮੈਨੂੰ ਦੋਸਤ ਦੀ ਪਤਨੀ ਦੇ ਕਹੇ ਸ਼ਬਦਾਂ ਤੇ ਪੂਰਾ ਵਿਸਵਾਸ਼ ਹੋ ਗਿਆ ਸੀ। ਮੈਨੂੰ ਯਕੀਨ ਹੋ ਗਿਆ ਸੀ ਕਿ ਬੂਟੇ ਹੋਣ ਜਾਂ ਇਨਸਾਨ ਸੱਚਮੁੱਚ ਹੀ ਇਕੱਲੇ ਹੋਣ ਨਾਲ ਮੁਰਝਾ ਜਾਦੇ ਹਨ।

       ਬਚਪਨ ਵਿੱਚ ਮੈਂ ਬਜ਼ਾਰ ਤੋਂ ਇੱਕ ਛੋਟੀ ਜਿਹੀ ਮੱਛੀ ਖਰੀਦ ਕੇ ਲਿਆਇਆ ਸੀ ਅਤੇ ਉਸ ਨੂੰ ਕੱਚ ਦੇ ਜ਼ਾਰ ਵਿੱਚ ਪਾਣੀ ਭਰ ਕੇ ਰੱਖ ਦਿੱਤਾ। ਮੱਛੀ ਸਾਰਾ ਦਿਨ ਗੁੰਮਸੁੰਮ ਰਹੀ, ਮੈਂ ਉਸ ਨੂੰ ਖਾਣ ਲਈ ਕੁੱਝ ਪਾਇਆ ਪਰ ਉਹ ਚੁੱਪ ਚਾਪ ਇੱਧਰ ਉੱਧਰ ਘੁੰਮਦੀ ਰਹੀ। ਸਾਰਾ ਖਾਣਾ ਜ਼ਾਰ ਦੇ ਤਲ ਤੇ ਜਾ ਕੇ ਬੈਠ ਗਿਆ ਪਰ ਮੱਛੀ ਨੇ ਕੁਝ ਨਹੀਂ ਖਾਧਾ। ਦੋ ਦਿਨ ਤੱਕ ਉਹ ਇਸੇ ਤਰ੍ਹਾਂ ਹੀ ਘੁੰਮਦੀ ਰਹੀ।  ਇੱਕ ਦਿਨ ਸਵੇਰੇ ਮੈਂ ਵੇਖਿਆਂ ਕਿ ਉਹ ਪਾਣੀ ਦੀ ਸਤਹਾ ਤੇ ਉਲਟੀ ਪਈ ਹੋਈ ਸੀ।

   ਅੱਜ ਮੈਨੂੰ ਘਰ ਵਿੱਚ ਰੱਖੀ ਉਹ ਮੱਛੀ ਯਾਦ ਆ ਰਹੀ ਸੀ। ਅਗਰ ਬਚਪਨ ਵਿੱਚ ਮੈਨੂੰ ਇਹ ਦੱਸਿਆ ਗਿਆ ਹੁੰਦਾ ਤਾਂ ਉਸ ਟਾਈਮ ਮੈਂ ਇੱਕ ਨਹੀਂ ਦੋ ਚਾਰ ਮੱਛੀਆਂ ਖਰੀਦ ਲੈਂਦਾ ਤੇ ਉਹ ਮੱਛੀ ਇਸ ਤਰ੍ਹਾਂ ਇਕੱਲੇਪਨ ਨਾਲ ਨਾ ਮਰਦੀ। ਬਚਪਨ ਵਿੱਚ ਮੈਂ ਆਪਣੀ ਮਾਂ ਤੋ ਸੁਣਿਆ ਸੀ ਕਿ ਜਦੋਂ ਲੋਕ ਘਰ ਬਣਵਾਉਦੇ ਸੀ ਤੇ ਰੋਸ਼ਨੀ ਦੇ ਲਈ ਕਮਰੇ ਵਿੱਚ ਦੀਵਾ ਰੱਖਣ ਵਾਸਤੇ ਦੋ ਮੋਹਰੀਆਂ ਰੱਖਦੇ ਸੀ, ਕਹਿੰਦੇ ਸੀ ਕਿ ਇੱਕ ਦੀਵਾ ਰੱਖਣ ਨਾਲ ਉਹ ਇਕੱਲਾ ਮਹਿਸੂਸ ਕਰਦਾ ਸੀ।ਮੈਨੂੰ ਲੱਗਦਾ ਹੈ ਕਿ ਇਕੱਲਪਨ ਕਿਸੇ ਨੂੰ ਵੀ ਪਸੰਦ ਨਹੀਂ। ਆਦਮੀ ਹੋਵੇ ਜਾਂ ਪੌਦਾ ਹਰ ਕਿਸੇ ਨੂੰ ਕਿਸੇ ਦੇ ਸਾਥ ਦੀ ਜਰੂਰਤ ਹੁੰਦੀ ਹੈ।

ਅਗਰ ਸਾਨੂੰ ਆਪਣੇ ਆਲੇ ਦੁਆਲੇ ਕੋਈ ਇਕੱਲਾ ਇਨਸਾਨ ਦਿਸੇ ਤਾਂ ਉਸ ਨੂੰ ਆਪਣਾ ਸਾਥ ਦੇ ਦੇਣਾ ਚਾਹੀਦਾ ਹੈ ਤਾਂ ਕਿ ਉਹ ਮੁਰਝਾ ਨਾ ਜਾਵੇ।

ਇਕੱਲਾਪਨ ਸੰਸਾਰ ਵਿੱਚ ਸਭ ਤੋਂ ਵੱਡੀ ਸਜ਼ਾ ਹੈ। ਗਮਲੇ ਦੇ ਬੂਟੇ ਨੂੰ ਤਾਂ ਖਿੱਚ ਕੇ ਦੂਸਰੇ ਬੂਟੇ ਕੋਲ ਕਰ ਸਕਦੇ ਹਾਂ ਪਰ ਇਨਸਾਨ ਨੂੰ ਕਰੀਬ ਕਰਨ ਲਈ ਰਿਸ਼ਤਿਆਂ ਨੂੰ ਸਮਝਣ ਦੀ ਜਰੂਰਤ ਹੁੰਦੀ ਹੈ।

ਅਗਰ ਲੱਗਦਾ ਹੈ ਕਿ ਕਿਸੇ ਦੇ ਦਿਲ ਦੇ ਕੋਨੇ ਵਿੱਚ ਜਿੰਦਗੀ ਦਾ ਰਸ ਸੁੱਕ ਰਿਹਾ ਹੈ ਤਾਂ ਉਸ ਵਿੱਚ ਆਪਣੇ ਰਿਸ਼ਤੇ ਦਾ ਰਸ ਭਰ ਦਿਓ । ਜਿੰਦਗੀ ਫਿਰ ਤੋਂ ਖਿੱਲ ਉੱਠੇਗੀ।

ਖੁਸ਼ ਰਹੋ ਤੇ ਹਮੇਸ਼ਾ ਮੁਸਕਰਾਉਂਦੇ ਰਹੋ। ਜੇ ਕੋਈ ਗਲਤੀ ਨਾਲ ਤੁਹਾਡੇ ਤੋ ਦੂਰ ਹੋ ਗਿਆ ਹੋਵੇ ਤਾਂ ਕੋਸ਼ਿਸ਼ ਕਰੋ ਫਿਰ ਤੋ ਨਜ਼ਦੀਕ ਕਰਨ ਦੀ।

ਡਾ. ਸੁਮਿਤ

ਡਾ. ਸੁਮਿਤ

You may also like