ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮਹਿਣਾ।
ਚਿੱਟੇ ਰੰਗ ਤੇ ਕਾਲਾ ਸੋਂਹਦਾ
ਗੋਰੇ ਰੰਗ ਤੇ ਗਹਿਣਾ।
ਤਿੰਨ ਵਲ ਪਾ ਕੇ ਤੁਰਦੀ ਪਤਲੋ,
ਰੂਪ ਸਦਾ ਨੀ ਰਹਿਣਾ।
ਜਿੱਥੇ ਤੇਰਾ ਫੁੱਲ ਖਿੜਿਆ,
ਉਥੇ ਭੌਰੇ ਬਣ ਕੇ ਰਹਿਣਾ।
Punjabi Boliyan
ਤਾਰਾਂ-ਤਾਰਾਂ-ਤਾਰਾਂ
ਬੋਲੀਆਂ ਦਾ ਪਿੜ ਬੰਨ੍ਹ ਦਿਆਂ
ਜਿੱਥੇ ਗਿੱਧਾ ਪਾਉਣ ਮੁਟਿਆਰਾਂ
ਬੋਲੀਆਂ ਦੀ ਛਾਉਣੀ ਪਾ ਦਿਆਂ
ਜਿੱਥੇ ਫੌਜੀ ਰਹਿਣ ਹਜ਼ਾਰਾਂ
ਗਿੱਧੇ ਦੇ ਵਿੱਚ ਪਾਉਣ ਬੋਲੀਆਂ
ਅੱਲ੍ਹੜ ਜਿਹੀਆਂ ਮੁਟਿਆਰਾਂ
ਨੱਚਦੀ ਨੰਦ ਕੁਰ ਤੋਂ
ਸਣੇ ਤੋਪ ਟੈਂਕ ਮੈਂ ਵਾਰਾਂ ।
ਨੰਗਾ ਰੱਖ ਕੇ ਲੌਂਗ ਵਾਲਾ ਪਾਸਾ,
ਵੇਖੋ ਨੀ ਗੋਰੀ ਘੁੰਡ ਕੱਢਦੀ।
ਸੱਸੀਏ ਨੀ ਪੁੱਤ ਬਹੁਤੇ ਜੰਮ ਲੈ
ਘਰ ਦੀ ਬਣਾ ਲਈਂ ਛਾਉਣੀ
ਚਾਇਨਾਂ ਸਿਲਕ ਬਿਨਾ
ਮੈਂ ਕੁੜਤੀ ਨਾ ਪਾਉਣੀ।
ਪਹਿਲੀ ਵਾਰ ਤੂੰ ਆਈ ਮੁਕਲਾਵੇ,
ਪਾ ਕੇ ਸੂਹਾ ਬਾਣਾ।
ਲਾਟ ਵਾਂਗ ਤੂੰ ਭਖ ਭਖ ਉਠਦੀ,
ਗੱਭਰੂ ਮੰਨ ਗਏ ਭਾਣਾ।
ਮਾਲਕ ਤੇਰਾ ਕਾਲ ਕਲੋਟਾ,
ਨਾਲੇ ਅੱਖੋਂ ਕਾਣਾ।
ਸਹੁਰੀਂ ਨਹੀਂ ਵਸਣਾ,
ਤੂੰ ਪੇਕੀਂ ਉਠ ਜਾਣਾ।
ਛਮ ਛਮ ਛਮ ਛਮ ਪੈਣ ਫੁਹਾਰਾਂ,
ਮੌਸਮੀ ਰੰਗ ਨਿਆਰੇ।
ਆਉ ਕੁੜੀਉ ਗਿੱਧਾ ਪਾਈਏ,
ਸੌਣ ਸੈਨਤਾਂ ਮਾਰੇ।
ਫੇਰ ਕਦ ਨੱਚਣਾ ਨੀ…..
ਹੁਣ ਨੱਚਦੇ ਨੇ ਸਾਰੇ।
ਸੌਣ ਮਹੀਨਾ ਘਾਹ ਹੋ ਗਿਆ,
ਰਜੀਆਂ ਮੱਝਾਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ
ਆ ਵੇ ਨਾਜਰਾ
ਆ ਵੇ ਨਾਜਰਾ,ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਖਾਲੀ ਮੁੜ ਜਾ ਵੇ, ਸਾਡੇ ਨਹੀਂ ਇਰਾਦੇ,
ਖਾਲੀ ਮੁੜ ਜਾ ਵੇ
ਗਿੱਧਾ ਗਿੱਧਾ ਕਰੇਂ ਮੁਟਿਆਰੇ
ਗਿੱਧਾ ਪਊ ਬਥੇਰਾ
ਘੁੰਡ ਚੱਕ ਕੇ ਤੂੰ ਵੇਖ ਰਕਾਨੇ
ਭਰਿਆ ਪਿਆ ਬਨੇਰਾ
ਜੇ ਤੈਨੂੰ ਧੁੱਪ ਲੱਗਦੀ
ਲੈ ਲੈ ਚਾਦਰਾ ਮੇਰਾ
ਜਾਂ
ਆ ਜਾ ਵੇ ਮਿੱਤਰਾ
ਲਾ ਲੈ ਦਿਲ ਵਿੱਚ ਡੇਰਾ।
ਛੜੇ ਮੁੰਡਿਆਂ ਦਾ ਨਹੀਂ ਭਰਵਾਸਾ,
ਮੈਂ ਏਸੇ ਮਾਰੇ ਘੁੰਡ ਕੱਢਦੀ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਪੁਲ।
ਭੈਣ ਮੇਰੀ ਕਲੀ ਚੰਬੇ ਦੀ,
ਜੀਜਾ ਗੁਲਾਬ ਦਾ ਫੁੱਲ।
ਭਾਬੀ, ਭਾਬੀ, ਕਰਦਾ ਭਾਬੀਏ,
ਪਦਾਂ ਤੇਰੀ ਬਾਣੀ।
ਨਿੱਕੀ ਜਹੀ ਗੱਲ ਬਣਾ ਲਈ ਵੱਡੀ,
ਤੰਦ ਦੀ ਬਣ ਗੀਤਾਣੀ।
ਆ ਭਾਬੀ ਘਰ ਬਾਰ ਸਾਂਭ ਲੈ,
ਰੱਖੂ ਬਣਾ ਕੇ ਰਾਣੀ।
ਮਰਦੇ ਦੇਵਰ ਦੇਪਾ ਦੇ
ਮੁੰਹ ਵਿੱਚ ਪਾਣੀ।
ਸੌਣ ਮਹੀਨੇ ਪਿੱਪਲੀਂ ਪੀਂਘਾਂ,
ਸਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ
ਚੜ੍ਹ ਘਟਾ ਜਦ ਆਈਆਂ।