ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਟਾਣੀ।
ਭੈਣੀ ਸਾਹਿਬ ਦੇ ਚਿੱਟੇ ਬਾਟੇ,
ਘੁੱਟਵੀਂ ਪਜਾਮੀ ਜਾਣੀ।
ਇੱਕ ਰੁਪੈ ਨਾਲ ਵਿਆਹ ਕਰ ਦਿੰਦੇ,
ਕਿੰਨੀ ਰੀਤ ਸਿਆਣੀ।
ਬਾਝੋਂ ਅਕਲਾਂ ਦੇ ………,
ਖੂਹ ਵੀ ਖਾਲੀ ਜਾਣੀ।
Bhangra Boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦੈ,
ਪਿੰਡ ਸੁਣੀਂਦੈ, ਰਾਣੋ।
ਘਰ ਦੀ ਬਿੱਲੀ, ਘਰ ਨੂੰ ਮਿਆਓਂ,
ਕਰਦੀ ਬਿੱਲੀ ਮਾਣੋ।
ਵੀਰ ਵਰਗਾ ਮਿੱਤਰ ਨਾ ਕੋਈ,
ਜਾਣੋ ਯਾ ਨਾ ਜਾਣੋ।
ਜ਼ਿੰਦਗੀ ਕੈ ਦਿਨ ਦੀ…..
ਪ੍ਰੇਮ ਪਿਆਰ ਹੀ ਮਾਣੋ।
ਉਰਲੇ ਖੇਤ ਦੀ ਕਿੱਕਰ ਵੇਚ ਤੀ
ਪਰਲੇ ਖੇਤ ਦੀ ਟਾਹਲੀ
ਘਰੇ ਆਏ ਨੇ ਕਣਕ ਵੇਚ ਤੀ
ਕਰ ਤੀ ਬਖਾਰੀ ਖਾਲੀ
ਮਾਰੂ ਸਾਰੀ ਗਹਿਣੇ ਧਰ ਤੀ
ਨਿਆਈਂ ‘ਚ ਬਿਠਾ ਤਾ ਮਾਲੀ
ਭੌਰ ਬਿਮਾਰ ਪਿਆ
ਉੱਡ ਗਈ ਮੱਥੇ ਦੀ ਲਾਲੀ।
ਅੱਧੀ ਰਾਤ ਨੂੰ ਉਠਿਆ ਸੋਹਣੀਏਂ
ਘਰ ਤੇਰੇ ਨੂੰ ਆਇਆ
ਗਲੀ-ਗਲੀ ਦੇ ਕੁੱਤੇ ਭੌਂਕਦੇ
ਚੌਕੀਦਾਰ ਜਗਾਇਆ
ਕੱਚੀਏ ਜਾਗ ਪਈ
ਹੱਥ ਮਰਦੇ ਨੇ ਪਾਇਆ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਅਜਨਾਲਾ।
ਬਾਬਾ ਵਿਆਹਿਆ ਗਿਆ ਜਿੱਥੇ,
ਓਹ ਹੈ ਸ਼ਹਿਰ ਬਟਾਲਾ।
ਸਿੱਧਾਂ-ਬਾਬੇ ਕੀਤੀ ਗੋਸ਼ਟ,
ਓਹ ਹੈ ਅਚੱਲ ਬਟਾਲਾ।
ਬਾਬੇ ਸਿੱਧਾਂ ਨੂੰ…..
ਦੱਸਿਆ ਸਿੱਧਾ ਚਾਲਾ।
ਆਰੀ-ਆਰੀ-ਆਰੀ
ਮੁੱਛ ਫੁੱਟ ਮੁੰਡਿਆਂ ਦੀ
ਕਹਿੰਦੇ ਬਣਗੀ ਪਾਰਟੀ ਭਾਰੀ
ਰਾਤਾਂ ਕੱਟਣ ਲਈ
ਨਾਲ ਰੱਖਦੇ ਕੁੜੀ ਕੁਮਾਰੀ
ਕਾਲਜ ਪੜ੍ਹਦਿਆਂ ਦੀ
ਉਮਰ ਬੀਤ ਗਈ ਸ਼ਾਰੀ
ਪੱਟ ਗਈ ਮੁੰਡਿਆਂ ਨੂੰ
ਕਾਲਜ ਦੀ ਸਰਦਾਰੀ।
ਰਾਈਆਂ-ਰਾਈਆਂ-ਰਾਈਆਂ
ਲਿਖੀਆਂ ਲੇਖ ਦੀਆਂ
ਪੇਸ਼ ਤੱਤੀ ਦੇ ਆਈਆਂ
ਕਿਹੜੇ ਭੁੰਨ ਕੇ ਦਾਣੇ ਬੀਜ ਤੇ
ਛੁਰੀਆਂ ਕਾਲਜੇ ਲਾਈਆਂ
ਸੱਜਣਾਂ ਬਾਝੋਂ ਦਿਲ ਨਹੀਂ ਲੱਗਦਾ
ਹੁੰਦੀਆਂ ਨਹੀਂ ਪੜ੍ਹਾਈਆਂ
ਰਾਤ ਹਨ੍ਹੇਰੀ ‘ਚੋਂ
ਲੱਭਾਂ ਯਾਰ ਦੀਆਂ ਪਰਛਾਈਆਂ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ‘ਮਡਿਆਣੀ’
ਲਾ ਕੇ ਸ਼ੁਕੀਨੀ ਬਣਨ ਮਜਾਜਣਾਂ
ਉੱਥੇ ਕੀ ਅੰਨ੍ਹੀ ਕੀ ਕਾਣੀ
ਪਿੰਡ ਦੇ ਮੁੰਡੇ ਨਾਲ ਲਾ ਕੇ ਯਾਰੀ
ਭੋਗਣ ਉਮਰ ਨਿਆਣੀ
ਇਸ ਪਟੋਲੇ ਦੀ
ਸਿਫਤ ਕਰੀ ਨੀ ਜਾਣੀ।
ਮੇਰੇ ਪੰਜਾਬ ਦੇ ਮੁੰਡੇ ਦੇਖ ਲਓ,
ਜਿਉਂ ਲੋਹੇ ਦੀਆਂ ਸਰੀਆਂ।
ਕੱਠੇ ਹੋ ਕੇ ਜਾਂਦੇ ਮੇਲੇ,
ਡਾਂਗਾਂ ਰੱਖਦੇ ਖੜ੍ਹੀਆਂ।
ਜਿਦ ਜਿਦ ਕੇ ਓਹ ਪਾਉਣ ਬੋਲੀਆਂ,
ਸਹਿੰਦੇ ਨਾਹੀਂ ਤੜੀਆਂ।
ਢਾਣੀ ਮਿੱਤਰਾਂ ਦੀ..
ਕੱਢ ਦੂ ਤੜੀਆਂ ਅੜੀਆਂ।
ਪੰਦਰਾਂ ਬਰਸ ਦੀ ਹੋ ਗੀ ਜੈ ਕੁਰੇ,
ਸਾਲ ਸੋਲ੍ਹਵਾਂ ਚੜਿਆ।
ਘੁੰਮ ਘੁਮਾ ਕੇ ਚੜ੍ਹੀ ਜੁਆਨੀ,
ਨਾਗ ਇਸ਼ਕ ਦਾ ਲੜਿਆ।
ਪਿਓ ਓਹਦੇ ਨੂੰ ਖਬਰਾਂ ਹੋ ਗੀਆਂ,
ਵਿਚੋਲੇ ਦੇ ਘਰ ਵੜਿਆ।
ਮਿੱਤਰਾਂ ਨੂੰ ਫਿਕਰ ਪਿਆ…..
ਵਿਆਹ ਜੈ ਕੁਰ ਦਾ ਧਰਿਆ।
ਨੀ ਨਾਹ ਧੋ ਕੇ ਤੂੰ ਨਿੱਕਲੀ ਰਕਾਨੇ
ਅੱਖੀਂ ਕਜਲਾ ਪਾਇਆ ।
ਦਾਤੀ ਲੈ ਕੇ ਤੁਰ ਗਈ ਖੇਤ ਨੂੰ
ਮੈਂ ਪੈਰੀਂ ਜੋੜਾ ਨਾ ਪਾਇਆ
ਰਾਹ ਵਿੱਚ ਪਿੰਡ ਦੇ ਮੁੰਡੇ ਟੱਕਰੇ
ਕਿੱਧਰ ਨੂੰ ਚੱਲਿਆਂ ਤਾਇਆ
ਸੱਚੀ ਗੱਲ ਮੈਂ ਦੱਸ ਤੀ ਸੋਹਣੀਏ
ਪੁਰਜਾ ਖੇਤ ਨੂੰ ਆਇਆ
ਵਿੱਚ ਵਾੜੇ ਦੇ ਹੋ ਗਏ ਕੱਠੇ
ਭੱਜ ਕੇ ਹੱਥ ਮਿਲਾਇਆ
ਚੁਗਲ ਖੋਰ ਨੇ ਕੀਤੀ ਚੁਗਲੀ
ਜਾ ਕੇ ਰੌਲਾ ਪਾਇਆ
ਰੰਨ ਦੇ ਭਾਈਆਂ ਨੇ
ਰੇਤ ਗੰਡਾਸੀ ਨੂੰ ਲਾਇਆ
ਤੇਰੇ ਗੱਭਰੂ ਨੂੰ
ਆ ਵਿਹੜੇ ਵਿੱਚ ਢਾਹਿਆ
ਪੰਜ ਫੁੱਟ ਦਾ ਪੁੱਟ ਕੇ ਟੋਇਆ
ਉੱਤੇ ਰੇਤਾ ਪਾਇਆ
ਜ਼ਿਲ੍ਹਾ ਬਠਿੰਡਾ ਥਾਣਾ ‘ਮੌੜੇ’ ਦਾ
ਜੀਪਾ ਪੁਲਿਸ ਦਾ ਆਇਆ
ਏਸ ਪਟੋਲੇ ਨੇ
ਕੀ ਭਾਣਾ ਵਰਤਾਇਆ ।
ਤਾਰੀ! ਤਾਰੀ!! ਤਾਰੀ!!!
ਨਾਭੇ ਦੀਏ ਬੰਦ ਬੋਤਲੇ,
ਤੇਰੀ ਸਭ ਤੋਂ ਵੱਧ ਖੁਮਾਰੀ।
ਤਾਰੀ! ਤਾਰੀ!! ਤਾਰੀ!!!
ਨਾਭੇ ਦੀਏ ਬੰਦ ਬੋਤਲੇ,
ਤੇਰੀ ਸਦਾ ਸਦਾ ਖੁਮਾਰੀ।
ਤਾਰੀ! ਤਾਰੀ!! ਤਾਰੀ!!!
ਨੀਭੇ ਦੀਏ ਬੰਦ ਬੋਤਲੇ,
ਤੇਰਾ ਸੱਚਾ ਸੁੱਚਾ ਪਿਆਰ।