Bhangra Boliyan

ਗਿੱਧਾ ਗਿੱਧਾ ਕਰੇਂ ਮੁਟਿਆਰੇ
ਗਿੱਧਾ ਪਊ ਬਥੇਰਾ
ਘੁੰਡ ਚੱਕ ਕੇ ਤੂੰ ਵੇਖ ਰਕਾਨੇ
ਭਰਿਆ ਪਿਆ ਬਨੇਰਾ
ਜੇ ਤੈਨੂੰ ਧੁੱਪ ਲੱਗਦੀ
ਲੈ ਲੈ ਚਾਦਰਾ ਮੇਰਾ
ਜਾਂ
ਆ ਜਾ ਵੇ ਮਿੱਤਰਾ
ਲਾ ਲੈ ਦਿਲ ਵਿੱਚ ਡੇਰਾ।

ਧਰਤੀ ਜੇਡ ਗਰੀਬ ਨੀ ਕੋਈ,
ਅੰਬਰ ਜੇਡ ਨੀ ਦਾਤਾ,
ਲਛਮਣ ਜੇਡ ਜਤੀ ਨੀ ਕੋਈ,
ਸੀਤਾ ਜੇਡ ਨੀ ਮਾਤਾ।
ਨਾਨਕ ਜਿੱਡਾ ਭਗਤ ਨੀ ਕੋਈ,
ਜਿਸ ਹਰ ਕਾ ਨਾਮੁ ਪਛਾਤਾ।
ਦੁਨੀਆਂ ਮਾਣ ਕਰਦੀ,
ਰੱਬ ਸਭਨਾਂ ਦਾ ਦਾਤਾ।

ਤੂੰ ਵੀ ਕਦੇ ਛੜਿਆਂ ਦੇ
ਦਾਲ ਲੈਣ ਨੂੰ ਆਵੇਂ
ਕੌਲੀ ਚੱਕ ਕੇ ਮਾਰਾਂਗੇ
ਅਸੀਂ ਆਪਣਾ ਕਾਲਜਾ ਠਾਰਾਂਗ
ਜਾਂ
ਦੁਰ ਫਿੱਟੇ ਮੂੰਹ
ਕੁਪੱਤੀਆਂ ਨਾਰਾਂ ਦੇ।

ਗੁਰੂ ਧਿਆ ਕੇ ਪਾ ਦਿਆਂ ਬੋਲੀਆਂ
ਸਭ ਨੂੰ ਫਤਹਿ ਬੁਲਾਵਾਂ।
ਦੇਵੀ ਦੀ ਮੈਂ ਦਿਆਂ ਕੜਾਹੀ,
ਰਤੀ ਫ਼ਰਕ ਨਾ ਪਾਵਾਂ।
ਹੈਦਰ ਸ਼ੇਖ ਦਾ ਦੇਵਾਂ ਬੱਕਰਾ,
ਪੀਰ ਫਕੀਰ ਮਨਾਵਾਂ।
ਮਾਈ ਸਰਸਵਤੀਏ
ਮੈਂ ਤੇਰਾ ਜਸ ਗਾਵਾਂ

ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।

ਓ ਪਹਿਲਾਂ ਨਾਮ ਗੁਰੂ ਧਿਆਈਏ
ਜਿਸ ਨੇ ਜਗਤ ਰਚਾਇਆ
ਬਾਈ ਭਾਂਤ ਭਾਂਤ ਦੇ ਫੁੱਲ ਸਜਾਕੇ
ਸੋਹਣਾ ਜਗਤ ਰਚਾਇਆ
ਓ ਕਦੇ ਕਿਸੇ ਦੀ ਕਹੀ ਨਾ ਕਰਦਾ
ਕਰਦਾ ਜੋ ਮਨ ਆਇਆ
ਬੋਲੀਆਂ ਪਾਓ ਮਿਤਰੋ
ਸਿਰ ਸਤਿਗੁਰ ਦੀ ਛਾਇਆ

ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਭੋਗੇ।
ਉਥੋਂ ਦੀਆਂ ਦੋ ਕੁੜੀਆਂ ਸੁਣਾਂਦੀਆਂ,
ਇੱਕ ਕਾਲੀ, ਇਕ ਗੋਰੀ।
ਗੋਰੀ ਦੇ ਤਾਂ ਗਾਹਕ ਬਥੇਰੇ,
ਕਾਲੀ ਜਿਵੇਂ ਨਾ ਛੋਰੀ।
ਕਾਲੀ ਨੇ ਫਿਰ ਛੜਾ ਕਰ ਲਿਆ,
ਲੋਕੋ ਚੋਰੀ ਚੋਰੀ।
ਮਾਪਿਆਂ ਉਹਦਾ ਵਿਆਹ ਕਰ ਦਿੱਤਾ,
ਉਹ ਵੀ ਜ਼ੋਰੋ ਜ਼ੋਰੀ।
ਰੋਂਦੀ ਚੁੱਪ ਨਾ ਕਰੇ….
ਸਿਖਰ ਦੁਪਹਿਰੇ ਤੋਰੀ।

ਪਿੰਡਾਂ ਵਿਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮੋਗਾ।
ਉਰਲੇ ਪਾਸੇ ਢਾਬ ਸੁਣੀਦੀ,
ਪਰਲੇ ਪਾਸੇ ਟੋਭਾ।
ਟੋਭੇ ਤੇ ਇੱਕ ਸਾਧੂ ਰਹਿੰਦਾ,
ਬੜੀ ਸੁਣੀਂਦੀ ਸ਼ੋਭਾ।
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ,
ਮਗਰੋਂ ਮਾਰਦਾ ਗੋਡਾ।
ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨੀ ਜੋਗਾ।

ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮਹਿਣਾ।
ਚਿੱਟੇ ਰੰਗ ਤੇ ਕਾਲਾ ਸੋਂਹਦਾ
ਗੋਰੇ ਰੰਗ ਤੇ ਗਹਿਣਾ।
ਤਿੰਨ ਵਲ ਪਾ ਕੇ ਤੁਰਦੀ ਪਤਲੋ,
ਰੂਪ ਸਦਾ ਨੀ ਰਹਿਣਾ।
ਜਿੱਥੇ ਤੇਰਾ ਫੁੱਲ ਖਿੜਿਆ,
ਉਥੇ ਭੌਰੇ ਬਣ ਕੇ ਰਹਿਣਾ।