Bhangra Boliyan

ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ,
ਲਾ ਕੇ ਤੋੜ ਨਿਭਾਵਾਂ।
ਕੋਇਲੇ ਸੌਣ ਦੀਏ ਤੈਨੂੰ
ਹੱਥ ਤੇ ਚੋਗ ਚੁਗਾਵਾਂ।
ਸੌਣ ਵਿੱਚ ਤਾਂ ਲੁਟਦੇ ਬਾਣੀਏ
ਨਵੀਆਂ ਹੱਟੀਆਂ ਪਾ ਕੇ।
ਜੱਟਾਂ ਤੋਂ ਗੁੜ ਸਸਤਾ ਲੈਂਦੇ,
ਵੇਚਣ ਭਾਅ ਵਧਾ ਕੇ।
ਮੁੰਡੇ ਕੁੜੀਆਂ ਜਿੱਦ ਕਰਦੇ ਨੇ,
ਪੂੜੇ ਦਿਉ ਪਕਾ ਕੇ।
ਬਾਣੀਓ ਤਰਸ ਕਰੋ।
ਵੇਚੋ ਮੁੱਲ ਘਟਾ ਕੇ……।

ਸਦਾ ਨਾ ਬਾਗ਼ੀ ਹੋਣ ਬਹਾਰਾਂ,
ਸਦਾ ਨਾ ਕੋਇਲ ਬੋਲੇ,
ਤੇਰੀ ਮੇਰੀ ਲੱਗ ਗੀ ਦੋਸਤੀ
ਲੱਗ ਗੀ ਕੰਧੋਲੀ ਓਹਲੇ।
ਮੇਰੇ ਹੱਥ ਵਿੱਚ ਗੁੱਲੀ ਡੰਡਾ,
ਤੇਰੇ ਹੱਥ ਪਟੋਲੇ।
ਟੁੱਟਗੀ ਯਾਰੀ ਤੋਂ
ਗਾਲ੍ਹ ਬਿਨਾਂ ਨਾ ਬੋਲੇ।

ਬੀਕਾਨੇਰ ਤੋਂ ਲਿਆਂਦੀ ਬੋਤੀ
ਦੇ ਕੇ ਰੋਕ ਪਚਾਸੀ।
ਬਰਨਾਲੇ ਤੋਂ ਲਿਆਂਦੀ ਝਾਂਜਰ,
ਜਗਰਾਵਾਂ ਤੋਂ ਕਾਠੀ।
ਉੱਤੇ ਬਹਿ ਗਈ ਅਣ-ਮੁਕਲਾਈ,
ਮੰਨ ਕੇ ਭੌਰ ਦੀ ਆਖੀ।
ਆਸ਼ਕ ਲੋਕਾਂ ਦੀ……
ਕੌਣ ਕਰੂਗਾ ਰਾਖੀ

ਸਾਡੇ ਪਿੰਡ ਦੇ ਮੁੰਡੇ ਦੇਖ ਲਓ,
ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਏਹ ਬੰਦੇ ਚਾਦਰੇ,
ਪਿੰਜਣੀ ਨਾਲ ਛੁਹਾਵੇ।
ਦੁਧੀਆ ਕਾਸ਼ਨੀ ਬੰਦੇ ਸਾਫੇ,
ਜਿਉਂ ਉਡਿਆ ਕਬੂਤਰ ਜਾਵੇ।
ਏਹਨਾਂ ਮੁੰਡਿਆਂ ਦੀ,
ਸਿਫਤ ਕਰੀ ਨਾ ਜਾਵੇ।

ਇਸ਼ਕ ਤੰਦੁਰ ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ।
ਕੱਢ ਕੇ ਕਾਲਜਾ ਕਰ ਲਾਂ ਪੇੜੇ,
ਲੂਣ ਪਲੇਥਣ ਲਾਵਾਂ।
ਉਂਗਲੀ ਦੀ ਮੈਂ ਘੜ ਲਾਂ ਕਾਨੀ,
ਲਹੂ ਸਿਆਹੀ ਬਣਾਵਾਂ।
ਸੋਹਣੇ ਯਾਰਨ ਦੇ
ਨਿੱਤ ਮੁਕਲਾਵੇ ਜਾਵਾਂ।

ਪਹਿਲੀ ਵਾਰ ਤੂੰ ਆਈ ਮੁਕਲਾਵੇ,
ਆਈ ਗੁਲਾਬੀ ਫੁੱਲ ਬਣ ਕੇ।
ਗਲ ਵਿੱਚ ਤੇਰੇ ਗਾਨੀ ਕੁੜੀਏ,
ਵਿਚ ਮੋਤੀਆਂ ਦੇ ਮਣਕੇ।
ਪੈਰੀਂ ਤੇਰੇ ਝਾਂਜਰਾਂ ਕੁੜੀਏ,
ਛਣ-ਛਣ, ਛਣ-ਛਣ, ਛਣਕੇ।
ਖੁੱਲ੍ਹ ਕੇ ਨੱਚ ਲੈ ਨੀ…..
ਨੱਚ ਲੈ ਮੋਰਨੀ ਬਣ ਕੇ।

ਪਹਿਲੀ ਵਾਰ ਤੂੰ ਆਈ ਮੁਕਲਾਵੇ,
ਪਾ ਕੇ ਸੂਹਾ ਬਾਣਾ।
ਲਾਟ ਵਾਂਗ ਤੂੰ ਭਖ ਭਖ ਉਠਦੀ,
ਗੱਭਰੂ ਮੰਨ ਗਏ ਭਾਣਾ।
ਮਾਲਕ ਤੇਰਾ ਕਾਲ ਕਲੋਟਾ,
ਨਾਲੇ ਅੱਖੋਂ ਕਾਣਾ।
ਸਹੁਰੀਂ ਨਹੀਂ ਵਸਣਾ,
ਤੂੰ ਪੇਕੀਂ ਉਠ ਜਾਣਾ।

ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।

ਰਾਏ, ਰਾਏ, ਰਾਏ ….
ਰੱਬਾ ਮੈਨੂੰ ਸੱਚ ਦੱਸ ਦੇ,
ਕਿਹੜੀ ਗੱਲ ਤੋਂ ਉਜਾੜੇ ਪਾਏ……
ਦੱਸ ਐਸਾ ਕੀ ਚੱਕਰ ਚੱਲਿਆ,
ਕਿਉ ਹਰ ਮੁੰਡਾ ਕੁੜੀ ਭੱਜਿਆ ਵਲੈਤ ਵੱਲ ਜਾਏ…..
ਰੋਕ ਲੈ ਉਜਾੜੇ ਨੂੰ,
ਕਿਤੇ ਸਮ੍ਹਾ ਨਾ ਹੱਥੋਂ ਲੰਗ ਜਾਏ ………
ਰੋਕ ਲੈ ਉਜਾੜੇ ਨੂੰ,
ਕਿਤੇ ਸਮ੍ਹਾ ਨਾ ਹੱਥੋਂ ਲੰਗ ਜਾਏ ………

ਧਾਵੇ, ਧਾਵੇ, ਧਾਵੇ ….
ਨੀ ਇਕ ਤਾਂ ਤੇਰੀ ਸਮਜ ਨੀ ਆਉਂਦੀ, ਕੀ ਕਹੇ ਤੇ ਕੀ ਕਰ ਜਾਂਵੇ….
ਨੀ ਤੇਰੇ ਕਰ ਕੇ ਸੀ ਛੱਡੀ ਦਾਰੂ, ਤੇ ਹੁਣ ਤੂੰ ਡੈਲੀ ਪੈੱਗ ਲਾਂਵੇ …..
ਗੱਭਰੂ ਬਦਾਮ ਵਰਗਾ, ਨਿੱਤ ਭੋਰ ਭੋਰ ਕੇ ਖਾਂਵੇ ……
ਗੱਭਰੂ ਬਦਾਮ ਵਰਗਾ, ਨਿੱਤ ਭੋਰ ਭੋਰ ਕੇ ਖਾਂਵੇ ……