Bhangra Boliyan

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਆਲੇ।
ਭਾਈਆਂ ਬਾਝ ਨਾ ਸੋਹਣ ਮਜਲਸਾਂ,
ਸੋਹਣ ਭਾਈਆਂ ਦੇ ਨਾਲੇ।
ਹੋਣ ਉਨ੍ਹਾਂ ਦੀਆਂ ਬਾਹਾਂ ਤਕੜੀਆਂ,
ਭਾਈ ਜਿੰਨ੍ਹਾਂ ਦੇ ਬਾਹਲੇ।
ਬਾਝ ਭਰਾਵਾਂ ਦੇ,
ਘੂਰਦੇ ਸ਼ਰੀਕੇ ਵਾਲੇ।

ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੀ।
ਖਾਰੀ ਦੀ ਇਕ ਨਾਰ ਸੁਣੀਂਦੀ,
ਨਾ ਪਤਲੀ ਨਾ ਭਾਰੀ।
ਚੜ੍ਹਦੀ ਉਮਰੇ, ਸ਼ੋਖ ਜੁਆਨੀ,
ਫਿਰਦੀ ਮਹਿਕ ਖਿਲਾਰੀ।
ਨੈਣ ਉਸਦੇ ਕਰਨ ਸ਼ਰਾਬੀ,
ਤਿੱਖੇ ਵਾਂਗ ਕਟਾਰੀ।
ਰੂਪ ਕੁਆਰੀ ਦਾ,
ਭੁੱਲਗੇ ਰੰਗ ਲਲਾਰੀ।

ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੂੜਾ।
ਰੁੜੇ ਦੀ ਇਕ ਕੁੜੀ ਸੁਣੀਦੀ,
ਕਰਦੀ ਗੋਹਾ ਕੂੜਾ।
ਹੱਥੀ ਉਸਦੇ ਛਾਪਾਂ ਛੱਲੇ,
ਬਾਹੀਂ ਓਸਦੇ ਚੂੜਾ।
ਆਉਂਦੇ ਜਾਂਦੇ ਦੀ ਕਰਦੀ ਸੇਵਾ,
ਹੇਠਾਂ ਵਿਛਾਉਂਦੀ ਮੂੜ੍ਹਾ।
ਰਾਤੀਂ ਰੋਂਦੀ ਦਾ,
ਭਿੱਜ ਗਿਆ ਲਾਲ ਪੰਘੂੜਾ।

ਗਰਮ ਲੈਚੀਆਂ ਗਰਮ ਮਸਾਲਾ
ਗਰਮ ਸੁਣੀਂਦੀ ਹਲਦੀ
ਪੰਜ ਦਿਨ ਤੇਰੇ ਵਿਆਹ ਵਿੱਚ ਰਹਿ ਗੇ
ਤੂੰ ਫਿਰਦੀ ਐਂ ਟਲਦੀ
ਬਹਿ ਕੇ ਬਨੇਰੇ ਤੇ
ਸਿਫਤਾਂ ਯਾਰ ਦੀਆਂ ਕਰਦੀ।

ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਦੀਨਾ।
ਦੀਨੇ ਦੇ ਵਿੱਚ ਡਾਂਗ ਖੜਕਦੀ,
ਵਿਕਦੀਆਂ ਜਾਣ ਜ਼ਮੀਨਾਂ।
ਮੁੰਡੇ ਖੁੰਡੇ ਵੜਗੇ ਕਾਲਜੀਂ,
ਬਾਪੂ ਲੱਗ ਗੇ ਫੀਮਾਂ।
ਕੰਮ ਕਾਰ ਨੂੰ ਕੋਈ ਨਾ ਜਾਵੇ,
ਲੰਘ ਗੀ ਵੱਤ ਜ਼ਮੀਨਾਂ।
ਕੱਠੇ ਹੋ ਕੇ ਕੀਤਾ ਮਸ਼ਵਰਾ,
ਪਿੰਡ ਦਿਆਂ ਮਸਕੀਨਾਂ।
ਜੇ ਮੁੰਡਿਓ ਤੁਸੀਂ ਹਲ ਨਾ ਜੋੜਿਆ,
ਮੁਸ਼ਕਲ ਹੋ ਜੂ ਜੀਣਾ।
ਮੁੜ ਪੈ ਖੇਤਾਂ ਨੂੰ,
ਕਾਲਜ ਦਿਆ ਸ਼ੁਕੀਨਾਂ।

ਇਸ਼ਕ ਇਸ਼ਕ ਨਾ ਕਰਿਆ ਕਰ ਨੀ
ਸੁਣ ਲੈ ਇਸ਼ਕ ਦੇ ਕਾਰੇ ,
ਏਸ ਇਸ਼ਕ ਨੇ ਸਿਖਰ ਦੁਪਹਿਰੇ
ਕਈ ਲੁੱਟੇ ਕਈ ਮਾਰੇ
ਪਹਿਲਾਂ ਏਸ ਨੇ ਦਿੱਲੀ ਲੁੱਟੀ
ਫੇਰ ਗਈ ਬਲਖ ਬੁਖਾਰੇ।
ਤੇਰੀ ਫੋਟ ਤੇ
ਸ਼ਰਤਾਂ ਲਾਉਣ ਕੁਮਾਰ
ਜਾਂ
ਤੇਰੀ ਫੋਟੋ ਤੇ
ਡਿੱਗ ਡਿੱਗ ਪੈਣ ਕੁਮਾਰੇ ।

ਨਾ ਵੇ ਪੂਰਨਾ ਚੋਰੀ ਕਰੀਏ
ਨਾ ਵੇ ਮਾਰੀਏ ਡਾਕਾ
ਬਾਰਾਂ ਬਰਸ ਦੀ ਸਜ਼ਾ ਬੋਲ ਜੂ
ਪੀਹਣਾ ਪੈ ਜੂ ਆਟਾ
ਨੇੜੇ ਆਈ ਦੀ ਬਾਂਹ ਨਾ ਫੜੀਏ
ਲੋਕੀ ਕਹਿਣਗੇ ਡਾਕਾ
ਕੋਠੀ ਪੂਰਨ ਦੀ
ਵਿੱਚ ਪਰੀਆਂ ਦਾ ਵਾਸਾ।

ਦੁਆਰ ਤੇਰੇ ਤੇ ਬੈਠਾ ਜੋਗੀ,
ਧੂਣੀ ਆਪ ਤਪਾਈਂ।
ਹੱਥ ਜੋਗੀ ਨੇ ਫੜਿਆ ਕਾਸਾ,
ਖੈਰ ਏਹਦੇ ਵਿੱਚ ਪਾਈਂ।
ਐਧਰ ਜਾਂਦੀ, ਓਧਰ ਜਾਂਦੀ,
ਕੋਲੋਂ ਲੰਘਦੀ ਜਾਈਂ।
ਵਿਚ ਦਰਵਾਜ਼ੇ ਦੇ…..
ਝਾਂਜਰ ਨਾ ਛਣਕਾਈਂ।

ਹੀਰਿਆ ਹਰਨਾ, ਬਾਗੀਂ ਚਰਨਾ,
ਬਾਗੀਂ ਪੰਤਰ ਸਾਵੇ।
ਗ਼ਮ ਨੇ ਖਾ ਲੀ, ਗ਼ਮ ਨੇ ਪੀਲੀ,
ਗ਼ਮ ਹੱਡੀਆਂ ਨੂੰ ਖਾਵੇ।
ਮੱਛੀ ਤੜਫੇ ਪਾਣੀ ਬਾਝੋਂ,
ਆਸ਼ਕ ਨੀਂਦ ਨਾ ਆਵੇ।
ਅਲਸੀ ਦੇ ਫੁੱਲ ਵਰਗੀ
ਤੁਰ ਗੀ ਅੱਜ ਮੁਕਲਾਵੇ।

ਮਲਕਾ ਜਾਂਦੀ ਨੇ ਰਾਜ ਕਰ ਲਿਆ
ਪਹਿਨੇ ਪੱਟ ਮਰੀਨਾਂ
ਲੋਹੇ ਦੇ ਝਟੇ ਤੇਲ ਮੂਤਦੇ
ਜੋੜੇ ਸਿਊਣ ਮਸ਼ੀਨਾਂ
ਤੂੜੀ ਖਾਂਦੇ ਬੈਲ ਹਾਰ ਗਏ
ਗੱਭਰੂ ਗਿੱਝ ਗਏ ਫੀਮਾਂ
ਲਹਿੰਗਾ ਹਰ ਕੁਰ ਦਾ
ਲਿਆ ਵੇ ਯਾਰ ਸ਼ੌਕੀਨਾ।

ਹੀਰਿਆ ਹਰਨਾ, ਬਾਗਾਂ ਚਰਨਾ,
ਬਾਗਾਂ ਦੇ ਵਿਚ ਮਾਲੀ।
ਬੂਟੇ-ਬੂਟੇ ਪਾਣੀ ਦਿੰਦਾ
ਰੁਮਕੇ ਡਾਲੀ-ਡਾਲੀ।
ਹਰਨੀ ਆਈ ਝਾਂਜਰਾਂ ਵਾਲੀ,
ਪਤਲੋ ਹਮੇਲਾਂ ਵਾਲੀ,
ਰੂਪ ਕੁਆਰੀ ਦਾ…..
ਦਿਨ ਚੜ੍ਹਦੇ ਦੀ ਲਾਲੀ।

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ

ਪਿੰਡ ਸੁਣੀਂਦਾ ਚੱਠੇ
ਚੱਠੇ ਦੇ ਵਿੱਚ ਨੌਂ ਦਰਵਾਜ਼ੇ
ਨੌ ਦਰਵਾਜ਼ੇ ਕੱਠੇ
ਇੱਕ ਦਰਵਾਜ਼ੇ ਚੰਦ ਬਾਹਮਣੀ
ਲੱਪ-ਲੱਪ ਸੁਰਮਾ ਰੱਖੇ
ਗੱਭਰੂਆਂ ਨੂੰ ਭੱਜ ਗਲ ਲਾਉਂਦੀ
ਬੁੜ੍ਹਿਆਂ ਨੂੰ ਦਿੰਦੀ ਧੱਕੇ
ਇੱਕ ਬੁੜ੍ਹੇ ਦੇ ਉੱਠੀ ਕਚੀਚੀ
ਖੜ੍ਹਾ ਢਾਬ ਤੇ ਨੱਚੇ
ਏਸ ਢਾਬ ਦਾ ਗਾਰਾ ਕਢਾ ਦਿਓ
ਬਲਦ ਜੜਾ ਕੇ ਚੱਪੇ
ਜੁਆਨੀ ਕੋਈ ਦਿਨ ਦੀ
ਫੇਰ ਮਿਲਣਗੇ ਧੱਕੇ
ਜਾਂ
ਝੂਠ ਨਾ ਬੋਲੀਂ ਨੀ
ਸੂਰਜ ਲੱਗਦਾ ਮੱਥੇ।