Punjabi Shayari

by admin

Punjabi Shayari

Read Best Punjabi poetry including Sad Shayari Punjabi, Punjabi love Shayari, Punjabi famous Poetry, Punjabi romantic poetry, Punjabi Shayari of famous Punjabi Poets online.

Latest Punjabi Shayari

ਚਾਂਦੀ ਦੀਆਂ ਗੋਲੀਆਂ shiv kumar batalvi poems

ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋਂ,
ਨਿੰਮ੍ਹੇ-ਨਿੰਮ੍ਹੇ ਟਾਵੇਂ-ਟਾਵੇਂ
ਤਾਰੇ ਪਿਆ ਵੇਖਦਾਂ ।

ਦੂਰ ਅੱਜ ਪਿੰਡ ਤੋਂ-
ਮੈਂ ਡੰਡੀਆਂ ‘ਤੇ ਖੜਾ ਖੜਾ,
ਮੰਦਰਾਂ ਦੇ ਕਲਸ ‘ਤੇ
ਮੁਨਾਰੇ ਪਿਆ ਵੇਖਦਾਂ ।

ਹੌਲੀ-ਹੌਲੀ ਉੱਡ-ਉੱਡ
ਰੁੰਡਿਆਂ ਜਹੇ ਰੁੱਖਾਂ ਉੱਤੇ,
ਬਹਿੰਦੀਆਂ ਮੈਂ ਡਾਰਾਂ ਦੇ
ਨਜ਼ਾਰੇ ਪਿਆ ਵੇਖਦਾਂ ।

ਮੈਂ ਵੀ ਅੱਜ ਰਾਂਝੇ ਵਾਂਗੂੰ
ਹੀਰ ਖੇੜੀਂ ਟੋਰ ਕੇ,
ਤੇ ਸੁੰਞੇ ਸੁੰਞੇ ਆਪਣੇ
ਹਜ਼ਾਰੇ ਪਿਆ ਵੇਖਦਾਂ ।

ਪੌਣ ਦੇ ਫ਼ਰਾਟੇ-
ਮੇਰੇ ਕੋਲੋਂ ਰੋਂਦੇ ਲੰਘ ਰਹੇ ਨੇ,
ਜਾਪਦੇ ਨੇ ਜਿਵੇਂ ਅੱਜ
ਦੇ ਰਹੇ ਨੇ ਅਲਾਹੁਣੀਆਂ ।

ਪਿੱਪਲੀ ਦਾ ਰੁੱਖ
ਜਿਦ੍ਹੇ ਥੱਲੇ ਦੋਵੇਂ ਬੈਠਦੇ ਸਾਂ,
ਉਹਦੀਆਂ ਅਯਾਲੀ ਕਿਸੇ
ਛਾਂਗ ਲਈਆਂ ਟਾਹਣੀਆਂ ।

ਗੋਲ੍ਹਾਂ ਖਾਣ ਘੁੱਗੀਆਂ
ਜੋ ਦੋ ਨਿੱਤ ਆਉਂਦੀਆਂ ਸੀ,
ਉਹ ਵੀ ਅੱਜ ਸਾਰਾ ਦਿਨ
ਆਈਆਂ ਨਹੀਂ ਨਮਾਣੀਆਂ ।

ਧਰਤੀ ਦੀ ਹਿੱਕ ‘ਤੇ
ਰਮਾਈ ਮੇਰੇ ਦੁੱਖਾਂ ਧੂਣੀ,
ਅੱਗ ਅਸਮਾਨੀਂ ਲਾਈ
ਹਾਉਕਿਆਂ ਨੇ ਹਾਣੀਆਂ ।

ਇਹਦਾ ਉੱਕਾ ਦੁੱਖ ਨਹੀਂ
ਕਿ ਅੱਜ ਤੂੰ ਪਰਾਇਆ ਹੋਇਓਂ,
ਦੁੱਖ ਹੈ ਕਿ ਤੈਨੂੰ ਮੈਨੂੰ
ਕੌਡੀਆਂ ਨੇ ਪਿਆਰੀਆਂ ।

ਦੁੱਖ ਹੈ ਸ਼ਿਕਾਰੀ ਕਿਸੇ
ਮਹਿਲਾਂ ਉਹਲੇ ਲੁਕ ਕੇ ਤੇ
ਚਾਂਦੀ ਦੀਆਂ ਗੋਲੀਆਂ
ਨਿਸ਼ਾਨੇ ਬੰਨ੍ਹ ਮਾਰੀਆਂ ।

ਦੁੱਖ ਨਹੀਂ ਕਿ ਤੇਰੇ ਨਾਲ
ਖੇਡ ਨੰਗੀ ਖੇਡਿਆ ਨਾ,
ਦੁੱਖ ਹੈ ਕਿ ਨੀਂਹਾਂ ਕਾਹਨੂੰ
ਰੇਤ ‘ਤੇ ਉਸਾਰੀਆਂ ।

ਦੁੱਖ ਨਹੀਂ ਕਿ ਰਾਹੀਆਂ ਪੈਰੀਂ
ਲੱਖਾਂ ਸੂਲਾਂ ਪੁੜ ਗਈਆਂ,
ਦੁੱਖ ਹੈ ਕਿ ਰਾਹਵਾਂ ਹੀ
ਨਖੁੱਟੀਆਂ ਵਿਚਾਰੀਆਂ ।

ਮੰਨਿਆ, ਪਿਆਰ ਭਾਵੇਂ
ਰੂਹਾਂ ਦਾ ਹੀ ਮੇਲ ਹੁੰਦੈ,
ਦੇਰ ਪਾ ਕੇ ਸਿਉਂਕ
ਲੱਗ ਜਾਂਦੀ ਹੈ ਸਰੀਰਾਂ ਨੂੰ ।

ਲੰਘਦੈ ਜਵਾਨੀਆਂ ਦਾ-
ਹਾੜ੍ਹ ਬੜੀ ਛੇਤੀ ਛੇਤੀ
ਸਾਉਣ ਏਂ ਜੰਗਾਲ ਦੇਂਦਾ
ਨੈਣਾਂ ਦਿਆਂ ਤੀਰਾਂ ਨੂੰ ।

ਪਰ ਨਹੀਂ ਵੇ ਹੁੰਦੇ ਸਿੱਪ
ਮੋਤੀਆਂ ਦੇ ਰੱਕੜਾਂ ‘ਚ
ਇਕੋ ਜਹੇ ਨਹੀਂ ਪੱਤ ਪੈਂਦੇ
ਬੋਹੜਾਂ ਤੇ ਕਰੀਰਾਂ ਨੂੰ ।

ਸਿਊਣ ਨੂੰ ਤਾਂ ਲੱਖ ਵਾਰੀ
ਸੀਤੀਆਂ ਵੀ ਜਾਂਦੀਆਂ ਨੇ,
ਨਾਂ ਪਰ ਲੀਰਾਂ ਰਹਿੰਦੈ
ਸਿਉਂ ਕੇ ਵੀ ਲੀਰਾਂ ਨੂੰ ।

ਠੀਕ ਹੈ ਕਿ ਚੰਨ ਤਾਰੇ
ਭਾਵੇਂ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ
ਹੋਇਆ ਨਹੀਂ ਵੇ ਬੰਦੇ ਦਾ ।

ਸੱਸੀ ਦਾ ਭੰਬੋਰ-
ਲੁੱਟ-ਪੁੱਟ ਕੇ ਵੀ ਹਾਲੇ ਤੀਕ
ਹੋਤਾਂ ਸਾਥ ਛੱਡਿਆ,
ਨਹੀਂ ਡਾਚੀਆਂ ਦੇ ਧੰਦੇ ਦਾ ।

ਹੱਦਾਂ ਬੰਨੇ ਬੰਨ੍ਹ ਕੇ ਵੀ
ਗੋਰਿਆਂ ਤੇ ਕਾਲਿਆਂ ਨੇ,
ਹੱਥੋਂ ਰੱਸਾ ਛੱਡਿਆ ਨਹੀਂ
ਮਜ਼੍ਹਬਾਂ ਦੇ ਫੰਦੇ ਦਾ ।

ਲੂਣੇ ਪਾਣੀ ਅੱਖਾਂ ਦੇ ਦਾ
ਹਾਲੇ ਕੋਈ ਨਹੀਂ ਮੁੱਲ ਪੈਂਦਾ,
ਮੁੱਲ ਭਾਵੇਂ ਪਿਆ ਪੈਂਦੈ
ਪਾਣੀ ਗੰਦੇ ਮੰਦੇ ਦਾ ।

ਰੱਬ ਜਾਣੇ ਕਿੰਨਾ ਅਜੇ
ਹੋਰ ਮੇਰਾ ਪੈਂਡਾ ਰਹਿੰਦਾ,
ਕਦੋਂ ਜਾ ਕੇ ਮੁੱਕਣੇ ਨੇ
ਕੋਹ ਮੇਰੇ ਸਾਹਵਾਂ ਦੇ ।

ਕਿੰਨਾ ਚਿਰ ਹਾਲੇ ਹੋਰ
ਸੋਹਣੀਆਂ ਨੇ ਡੁੱਬਣਾ ਏਂ
ਕਿੰਨਾ ਚਿਰ ਲੱਥਣੇ
ਤੂਫ਼ਾਨ ਨਹੀਂ ਝਨਾਂਵਾਂ ਦੇ ।

ਕਿੰਨਾ ਚਿਰ ਪੀਲਕਾਂ ਨੇ
ਖੋਲ਼ਿਆਂ ‘ਚ ਉੱਗਣਾ ਏਂ,
ਕਿੰਨਾ ਚਿਰ ਰਾਹੀਆਂ ਦਿਲ
ਠੱਗਣੇ ਨੇ ਰਾਹਵਾਂ ਦੇ ।

ਕਿੰਨਾ ਚਿਰ ਡੋਲੀਆਂ
ਤੇ ਰੱਖਾਂ ‘ਚ ਜਨਾਜ਼ੇ ਜਾਣੇ,
ਕਿੰਨਾ ਚਿਰ ਸੌਦੇ ਹੋਣੇ
ਧੀਆਂ ਭੈਣਾਂ ਮਾਵਾਂ ਦੇ ।

ਸ਼ਿਵ ਕੁਮਾਰ ਬਟਾਲਵੀ

ਸੁਨੇਹੁੜੇ Amrita Pritam

ਡੰਗਾਂ ਦਾ ਸੀ ਭਰਿਆ ਛੱਤਾ
ਇਕ ਦਿਹਾੜੇ ਕੱਤਕ ਆਇਆ
ਆਣ ਮਾਖਿਓਂ ਚੋਇਆ ।

ਚੰਨੋਂ ਚਿੱਟੇ ਅੰਗ ਜ਼ਿਮੀ ਦੇ
ਸਭਣਾਂ, ਕਿਰਣਾਂ ਸੂਰਜ ਵਿਚੋਂ
ਰੰਗ ਕਿਰਮਚੀ ਢੋਇਆ ।

ਸਭਣਾਂ ਰੋਗਾਂ ਕਾਮਣ ਪਾਇਆ
ਪੈਰਾਂ ਦੇ ਵਿਚ ਝੁੰਮਰ ਬੱਧਾ
ਵਣ ੜ੍ਰਿਣ ਆ ਕੇ ਮੋਹਿਆ ।

ਵੇਲ ਰੁੱਖ ਦੇ ਗਲ ਨੂੰ ਲੱਗੀ
ਫੁੱਲਾਂ ਵਿਚੋਂ ਉੱਠ ਸੁਗੰਧੀ
ਹੱਥ ਪੌਣ ਦਾ ਛੋਹਿਆ ।

ਦੋਵੇਂ ਲੋਕ ਮੇਰੇ ਰੁਸ਼ਨਾਏ
ਦੋ ਅੱਖਾਂ ਨੂੰ ਲੱਭਾ ਆ ਕੇ
ਨੂਰ ਗੁਆਚਾ ਹੋਇਆ ।

Amrita Pritam

ਕੰਡਿਆਲੀ ਥੋਰ੍ਹ shiv kumar batalvi poems

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਉਜਾੜਾਂ ।
ਜਾਂ ਉਡਦੀ ਬਦਲੋਟੀ ਕੋਈ
ਵਰ੍ਹ ਗਈ ਵਿਚ ਪਹਾੜਾਂ ।

ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹਰੀ ‘ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ ।

ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ ।

ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲ੍ਹੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ ।

ਯਾਦ ਤੇਰੀ ਦੇ ਉੱਚੇ ਮਹਿਲੀਂ
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ
ਆਵਾਂ ਕਿਹੜੇ ਰਾਹੇ ?

ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕਹਾਰਾਂ,
ਬੰਨ੍ਹਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ ।

ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ,
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬੇਲੇ,
ਨਾ ਕੋਈ ਮੇਰੀ ਛਾਵੇਂ ਬੈਠੇ
ਨਾ ਪੱਤ ਖਾਵਣ ਲੇਲੇ ।

ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਦਾ ਜਾਇਆ,
ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ
ਮੁੱਲ ਕੀ ਖੇਵਣ ਧੇਲੇ ?

ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ,
ਚੌਹੀਂ ਕੂਟੀਂ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ ।

ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜ੍ਹਿਆ ਦਿਹੁੰ ਵੇਲੇ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬਾਗ਼ਾਂ,
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ ।

ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ,
ਜਾਂ ਕੋਈ ਲਾਲ੍ਹੀ ਪਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ ।

ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬਸ ਰੋਣਾ,
ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ ।

ਬਾਗ਼ਾਂ ਵਾਲਿਆ ਤੇਰੇ ਬਾਗ਼ੀਂ
ਹੁਣ ਜੀ ਨਹੀਓਂ ਲੱਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ ਸੌ ਦੁਖੜੇ ਝਾਗਾਂ ।

ਸ਼ਿਵ ਕੁਮਾਰ ਬਟਾਲਵੀ

ਵਿਧਵਾ ਰੁੱਤ Shiv Kumar Batalvi shayari in Punjabi

ਮਾਏ ਨੀ
ਦੱਸ ਮੇਰੀਏ ਮਾਏ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਇਸ ਰੁੱਤੇ ਸਭ ਰੁੱਖ ਨਿਪੱਤਰੇ
ਮਹਿਕ-ਵਿਹੂਣੇ
ਇਸ ਰੁੱਤੇ ਸਾਡੇ ਮੁੱਖ ਦੇ ਸੂਰਜ
ਸੇਕੋਂ ਊਣੇ
ਮਾਏ ਨੀ ਪਰ ਵਿਧਵਾ ਜੋਬਨ
ਹੋਰ ਵੀ ਲੂਣੇ
ਹਾਏ ਨੀ
ਇਹ ਲੂਣਾ ਜੋਬਨ ਕੀ ਕਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ ਕੀ ਕਰੀਏ ?

ਇਸ ਰੁੱਤੇ
ਸਾਡੀ ਪੀੜ ਨੇ ਵਾਲ ਵਧਾਏ
ਗ਼ਮ ਦਾ ਸੂਤੀ ਦੂਧਾ ਵੇਸ ਹੰਢਾਏ
ਰੱਖੇ ਰੋਜ਼ੇ ਗੀਤ ਨਾ ਹੋਠੀਂ ਲਾਏ
ਹਾਏ ਨੀ
ਇਸ ਰੁੱਤੇ ਕਿਥੇ ਡੁੱਬ ਮਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?

ਮਾਏ ਨੀ
ਇਹ ਰੁੱਤ ਕਿਦ੍ਹੇ ਲੜ ਲਾਈਏ
ਕਿਸ ਨੂੰ ਇਹਦੇ ਜੂਠੇ ਅੰਗ ਛੁਹਾਈਏ
ਕਿਸ ਧਰਮੀ ਦੇ ਵਿਹੜੇ ਬੂਟਾ ਲਾਈਏ
ਹਾਏ ਨੀ
ਇਹਨੂੰ ਕਿਹੜੇ ਫੁੱਲ ਸੰਗ ਵਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ

ਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?

ਸ਼ਿਵ ਕੁਮਾਰ ਬਟਾਲਵੀ

ਕਰਜ਼ Shiv Kumar Batalvi Shayari

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ

ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ਼ ਮੇਰੇ ਨਾਂ ਕਰ ਦੇਵੇ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ‘ਤੇ ਧਰ ਦੇਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ‘ਤੇ
ਦੋ ਹਰਫ਼ ਰਸੀਦੀ ਕਰ ਦੇਵੇ

ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ-ਦੀਵੀਂ ਮਰ ਜਾਣਾ ਹੈ

ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਅਣਿਆਈ ਮੌਤ ਨਾ ਮਰ ਜਾਵੇ
ਮੈਂ ਚਾਹੁੰਦਾਂ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾਂ ਕਿਸੇ ਤਿਜੋਰੀ ਦਾ

ਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ੱਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ਼ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ‘ਤੇ
ਦੋ ਹਰਫ਼ ਰਸੀਦੀ ਕਰ ਜਾਵੇ

ਸ਼ਿਵ ਕੁਮਾਰ ਬਟਾਲਵੀ

ਹੈ ਰਾਤ ਕਿੰਨੀ ਕੁ ਦੇਰ ਹਾਲੇ Shiv Kumar Batalvi Shayari

ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ,
ਮੈਂ ਰੱਤ ਚੋ ਚੋ ਨੇ ਦੀਪ ਬਾਲੇ ।

ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ,
ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ ।

ਜਾਂ ਪੌ-ਫੁਟਾਲਾ ਮਨੁੱਖਤਾ ਦਾ,
ਨਾ ਹੋਣ ਤੀਕਰ ਲੋਅ ਸਾਥ ਪਾਲੇ ।

ਜਾਂ ਨੀਲ ਰਲੇ ਦੋ ਨੈਣ ਸਿੱਲ੍ਹੇ,
ਵੇ ਜਾਣ ਕਿਧਰੇ ਸੂ ਨਾ ਜੰਗਾਲੇ ।

ਵੇ ਦੂਰ ਦਿਸਦੀ ਹੈ ਭੋਰ ਹਾਲੇ ।
ਵੇ ਦੂਰ ਦਿਸਦੀ ਹੈ ਭੋਰ ਹਾਲੇ ।

ਸਮੇਂ ਦੇ ਥੇਹ ‘ਤੇ ਵੇਖ ਅੜਿਆ,
ਕੋਈ ਬਿੱਲ-ਬਤੌਰੀ ਪਈ ਬੋਲਦੀ ਹੈ ।

ਵੇ ਅਮਰ ਜੁਗਨੂੰ ਕੋਈ ਆਤਮਾ ਦਾ,
ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ ।

ਬੇਤਾਲ ਸ਼ੂਕਰ ਵੇ ਰਾਕਟਾਂ ਦੀ,
ਸੁਣ ਸੁਣ ਕੇ ਧਰਤੀ ਪਈ ਝੋਲਦੀ ਹੈ ।

ਵੇ ਆਖ ਅੱਲੜ੍ਹ ਮਨੁੱਖ ਹਾਲੇ ਵੀ,
ਘੁੱਗੀਆਂ ਦੀ ਥਾਂ ਬਾਜ਼ ਪਾਲੇ ।

ਵੇ ਘੋਰ ਕਾਲੀ ਹੈ ਰਾਤ ਹਾਲੇ ।
ਵੇ ਘੋਰ ਕਾਲੀ ਹੈ ਰਾਤ ਹਾਲੇ ।

ਵੇ ਬਾਝ ਤੇਰੇ ਨੇ ਫੋਗ ਸਹਿਰਾ,
ਵੇ ਬਿਨ ਸਕੂੰ ਦੇ ਹੈ ਫੋਗ ਮਸਤੀ ।

ਵੇ ਦਿਲ ਮੁਸੱਵਰ ਦੇ ਬਿਨ ਅਜੰਤਾ,
ਹੈ ਪੱਬਾਂ ਦੀ ਬੇ-ਹਿੱਸ ਬਸਤੀ ।

ਵੇ ਚਾਤ੍ਰਿਕ ਲਈ ਤਾਂ ਪਾਕ ਗੰਗਾ,
ਵੇ ਪਾਣੀਆਂ ਦੀ ਹੈ ਖ਼ਾਕ ਹਸਤੀ ।

ਵੇ ਚੰਨ ਦੀ ਥਾਂ ਚਕੋਰੀਆਂ ਤੋਂ,
ਹਾਏ ਜਾਣ ਸਾਗਰ ਕਿਵੇਂ ਹੰਗਾਲੇ ।

ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।

ਵੇ ਹੋ ਵੀ ਸਕਦੈ ਕਿ ਪੌਣ ਮਿੱਠੀ,
ਜੋ ਵਗ ਰਹੀ ਹੈ ਤੂਫ਼ਾਨ ਹੋਵੇ ।

ਜਾਂ ਹੋ ਵੀ ਸਕਦੈ ਕਿ ਮੇਰੇ ਘਰ
ਕੱਲ੍ਹ ਢੁਕਣੀ ਮੇਰੀ ਮਕਾਣ ਹੋਵੇ ।

ਜਾਂ ਹੋ ਵੀ ਸਕਦੈ ਕਿ ਕੱਲ੍ਹ ਤੀਕਣ,
ਨਾ ਹੋਣ ਡਲਾਂ ਨਾ ਡਾਣ ਹੋਵੇ ।

ਜਾਂ ਗੋਰ ਅੰਦਰ ਹੋਣ ਕਿਧਰੇ
ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ ।

ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।

ਮੈਂ ਸੋਚਦੀ ਹਾਂ ਕਿ ਵਿੱਸ ਕਾਲੀ,
ਹਨੇਰਿਆਂ ਦੀ ਨੂੰ ਕੌਣ ਪੀਵੇ ।

ਵੇ ਨੰਗ-ਮੁਨੰਗੀ ਜਿਹੀ ਧਰਤ ਭੁੱਖੀ,
ਵੇ ਹੋਰ ਕਿੰਨੀ ਕੁ ਦੇਰ ਜੀਵੇ ।

ਯੁੱਗ ਵਿਹਾਏ ਨੇ ਬਾਲਦੀ ਨੂੰ
ਹਾਏ ਰੱਤ ਚੋ ਚੋ ਕੇ ਰੋਜ਼ ਦੀਵੇ ।

ਪਰ ਨਾ ਹੀ ਬੀਤੀ ਇਹ ਰਾਤ ਕਾਲੀ
ਹੈ ਨਾ ਹੀ ਬਹੁੜੀ ਉਸ਼ੇਰ ਹਾਲੇ ।

ਹੈ ਰਾਤ ਕਿੰਨੀ ਕੁ ਦੇਰ ਹਾਲੇ ।
ਹੈ ਰਾਤ ਕਿੰਨੀ ਕੁ ਦੇਰ ਹਾਲੇ ।

ਸ਼ਿਵ ਕੁਮਾਰ ਬਟਾਲਵੀ