Punjabi Love Shayari

Read Punjabi love shayari, Punjabi romantic shayari, Shiv Kumar Batalvi love poetry , Bulleh shah love shayari in Punjabi online

ਜਦੋਂ ਮਹਿਬੂਬ ਰੁੱਸ ਜਾਵੇ, ਨਹੀਂ ਭਾਉਂਦੀ ਏ ਵਰਖਾ ਰੁੱਤ,
ਦਿਲਾਂ ਨੂੰ ਚੀਰਦੇ ਪਾਣੀ ਦੇ ਆਰੇ ਸਾਉਣ ਦੀ ਰੁੱਤੇ।

ਗੁਰਚਰਨ ਕੌਰ ਕੋਚਰ

ਚੰਡੀਗੜ੍ਹ ਦੇ ਮੁੰਡੇ ਸ਼ਹਿਰੀ, ਜਿੱਦਾਂ ਮੋਰ ਕਲਹਿਰੀ
ਸੋਹਣੀਆਂ ਕੁੜੀਆਂ ਦੇ ਇਹ ਆਸ਼ਕ, ਸਭ ਨਸ਼ਿਆਂ ਦੇ ਵੈਰੀ
ਕੰਨੀਂ ਨੱਤੀਆਂ ਥੱਲੇ ਹਾਂਡੇ ਗੱਭਰੂ ਛੈਲ ਛਬੀਲੇ
ਰੀਝਾਂ ਦੀ ਗਿਰਦੌਰੀ ਕਰਦੇ ਜਿਉਂ ਪਟਵਾਰੀ ਨਹਿਰੀ

ਦੀਪਕ ਮੋਹਾਲੀ

ਤਿਣਕੇ ਨੂੰ ਤੂੰ ਤਿਣਕਾ ਲਿਖ ਤੇ ਤਾਰੇ ਨੂੰ ਤੂੰ ਤਾਰਾ ਲਿਖ।
ਜੋ ਕੁਝ ਵੀ ਹੈ ਦਿਲ ਵਿੱਚ ਤੇਰੇ ਤੂੰ ਸਾਰੇ ਦਾ ਸਾਰਾ ਲਿਖ

ਧਰਮ ਕੰਮੇਆਣਾ

ਨਿਰੀਆਂ ਹੂਰਾਂ ਨੇ ਮੁਟਿਆਰਾਂ ਚੰਡੀਗੜ੍ਹ ਦੀਆਂ ਕੁੜੀਆਂ
ਹੁਸਨ ਦੀਆਂ ਲਿਸ਼ਕਣ ਤਲਵਾਰਾਂ ਚੰਡੀਗੜ੍ਹ ਦੀਆਂ ਕੁੜੀਆਂ
ਚੰਡੀਗੜ੍ਹ ਦੇ ਸੀਨੇ ਅੰਦਰ ਨੂਰ ਇਹਨਾਂ ਦਾ ਝਲਕੇ
ਬਿਜਲੀ ਦੀਆਂ ਨੰਗੀਆਂ ਤਾਰਾਂ ਚੰਡੀਗੜ੍ਹ ਦੀਆਂ ਕੁੜੀਆਂ

ਸਰੋਜ ਚੰਡੀਗੜ੍ਹ

ਅੱਧੀ ਰਾਤੀਂ ਅੱਖ ਖੁਲ੍ਹੀ ਤਾਂ ਚੰਨ ਸੁੱਤਾ ਸੀ ਹਿੱਕ ‘ਤੇ
ਮੈਂ ਵੀ ਸੋਚਾਂ ਸੁਪਨੇ ਵਿਚ ਕਿਉਂ ਐਨੇ ਸੂਰਜ ਆਏ

ਤਨਵੀਰ ਬੁਖਾਰੀ

ਤੇਰਾ ਰੂਪ ਉਧਾਰਾ ਲੈ ਕੇ ਗ਼ਜ਼ਲਾਂ ਲੀਕ ਰਿਹਾ ਵਾਂ
ਮਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ

ਸੁਰਜੀਤ ਸਖੀ

ਜਿਸ ਯਾਰ ਨੂੰ ਤੂੰ ਮਿਲਣੈ ਪਰਲੇ ਕਿਨਾਰੇ ਹੈ ਉਹ,
ਇਸ ਅੰਗ ਦੇ ਦਰਿਆ ‘ਚੋਂ ਤਰ ਕੇ ਤਾਂ ਗੁਜ਼ਰ ਪਹਿਲਾਂ।

ਦੀਪਕ ਜੈਤੋਈ

ਕਦੇ ਨਜ਼ਦੀਕ ਆ ਬਹਿੰਦੇ ਕਦੇ ਉਹ ਦੂਰ ਰਹਿੰਦੇ ਨੇ।
ਗ਼ਜ਼ਲ ਦੇ ਸ਼ਿਅਰ ਆਪਣੇ ਆਪ ਵਿੱਚ ਮਸ਼ਰੂਰ ਰਹਿੰਦੇ ਨੇ।

ਦਵਿੰਦਰ ਪ੍ਰੀਤ

ਸ਼ਹਿਰ ‘ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,
ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ।

ਅਨਵਰ ਉਦਾਸ (ਪਾਕਿਸਤਾਨ)

ਭੁਲਦੇ ਭੁਲਦੇ ਭੁਲ ਜਾਂਦੇ ਨੇ ਫ਼ਰਿਆਦਾਂ ਦੀ ਆਦਤ ਪੰਛੀ
ਸਹਿਜੇ ਸਹਿਜੇ ਓੜਕ ਲੋਕੀਂ ਹਰ ਸਖ਼ਤੀ ਨੂੰ ਸਹਿ ਜਾਂਦੇ ਨੇ
ਦਿਲ ਸ਼ੌਦਾਈ ਹਰ ਇਕ ਉਤੇ ਦਾਅਵਾ ਬੰਨ੍ਹ ਖਲੋਂਦੈ
ਰੁੱਖਾਂ ਨਾਲ ਹੈ ਪੱਕੀ ਪਾਈ ਕਿਸ ਪੰਛੀ ਨੇ ਯਾਰੀ ?

ਸ਼ਰੀਫ਼ ਕੁੰਜਾਹੀ

ਉਸ ਨੂੰ ਖੂਨ ਉਧਾਰਾ ਲੈਣ ਦੀ ਲੋੜ ਨਹੀਂ
ਜਿਸ ਨੇ ਆਪਣੇ ਦਿਲ ਦਾ ਦੀਪ ਜਗਾਉਣਾ ਹੈ

ਕਰਤਾਰ ਸਿੰਘ ਪੰਛੀ

ਕੀ ਪਤਾ ਉਸ ਨੂੰ ਹਵਾ ਸੀ ਕੀ ਸਿਖਾ ਕੇ ਲੈ ਗਈ
ਦੂਰ ਤਕ ਪਤਝੜ ਦੇ ਪੱਤੇ ਨੂੰ ਉਡਾ ਕੇ ਲੈ ਗਈ

ਹਰਭਜਨ ਸਿੰਘ ਹੁੰਦਲ