ਸੱਸੇ ਲੜਿਆਂ
ਸੱਸੇ ਲੜਿਆਂ ਨਾ ਕਰ,
ਐਵੇ ਸੜਿਆ ਨਾ ਕਰ,
ਬਹੁਤੀ ਔਖੀ ਏ ਤਾਂ ਘਰ ਵਿੱਚ ਕੰਧ ਕਰ ਦੇ,
ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ,
ਸਾਡੇ ਬਾਪ
ਸੱਸੇ ਲੜਿਆਂ ਨਾ ਕਰ,
ਐਵੇ ਸੜਿਆ ਨਾ ਕਰ,
ਬਹੁਤੀ ਔਖੀ ਏ ਤਾਂ ਘਰ ਵਿੱਚ ਕੰਧ ਕਰ ਦੇ,
ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ,
ਸਾਡੇ ਬਾਪ
ਘਰ ਨੇ ਜਿਨ੍ਹਾਂ ਦੇ ਕੋਲੋ ਕੋਲੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲੋ ਕੋਲੀ ਮਨ੍ਹੇ ਗਡਾ ਲਏ
ਗੱਲਾਂ ਕਰਨ ਪਰਾਈਆਂ
ਜੱਟਾਂ ਦੇ ਪੁੱਤ ਸਾਧੂ ਹੋ ਗਏ
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਹੁਣ ਨਾ ਸਿਆਣਦੀਆਂ
ਦਿਉਰਾਂ ਨੂੰ ਭਰਜਾਈਆਂ।
ਛੰਦ ਸੁਣਾ ਰੈ ਬਟੇਊ (ਜਮਾਈ) ਊਤਣੀ ਕੇ
ਨਹੀਂ ਤੋਂ ਉਲਟਾ ਲਟਕਾਉਂ ਭੂਤਣੀ ਕੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਵਾਂ।
ਚਾਰੇ ਪਾਸੇ ਤੂਤ ਟਾਹਲੀਆਂ,
ਠੰਡੀਆਂ ਠੰਡੀਆਂ (ਮਿੱਠੀਆਂ) ਛਾਵਾਂ।
ਉਥੇ ਦੀ ਇਕ ਛੈਲ ਛਬੀਲੀ,
ਜੀਹਦੇ ਢੋਲ ਦਾ ਫੌਜ ‘ਚ ਨਾਵਾਂ।
ਬਿਨ ਮੁਕਲਾਈ ਛੱਡ ਗਿਆ ਉਹਨੂੰ,
ਲੈ ਕੇ ਚਾਰ ਕੁ ਲਾਮਾਂ।
ਚਿੱਠੀਆਂ ਪਾਵੇ, ਆਪ ਨਾ ਆਵੇ,
ਨਾ ਭੇਜੇ ਸਿਰਨਾਵਾਂ।
ਰੁੱਸੇ ਹੋਏ ਢੋਲਣ ਦਾ…..
ਮੈਂ ਕੀ ਲਾਜ ਬਣਾਵਾਂ।
ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਛੱਪੜੀ ਤੇ ਘਰ ਵੇ,
ਰਾਤੀ ਡੱਡੂ ਬੋਲਦੇ,
ਮੈਨੂੰ ਲਗਦਾ ਡਰ ਵੇ,
ਰਾਤੀ ਡੱਡੂ
ਭਾਬੀ, ਭਾਬੀ ਕੀ ਲਾਈ ਆ ਦਿਉਰਾ
ਕੀ ਭਾਬੀ ਤੋਂ ਲੈਣਾ ।
ਬੁਰੀ ਮਹਿੰ ਨੂੰ ਪੱਠੇ ਪਾ ਦੇ
ਨਾਲੇ ਘੜਾ ਦੇ ਗਹਿਣਾ
ਭਾਬੀ ਦਾ ਝਿੜਕਿਆ ਵੇ
ਕੁਝ ਨੀ ਬੇਸ਼ਰਮਾ ਰਹਿਣਾ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਬੰਗੇ।
ਬੰਗਿਆਂ ਦੀ ਇਕ ਨਾਰ ਸੁਣੀਦੀ,
ਪੈਰ ਓਸ ਦੇ ਨੰਗੇ।
ਆਉਂਦੇ ਜਾਂਦੇ ਨੂੰ ਕਰੇ ਮਸ਼ਕਰੀ,
ਜੇ ਕੋਈ ਕੋਲੋਂ ਲੰਘੇ।
ਜ਼ੁਲਫ਼ਾਂ ਦੇ ਉਸ ਨਾਗ ਬਣਾਏ,
ਮੁੱਛ ਫੁੱਟ ਗੱਭਰੂ ਡੰਗੇ।
ਡੰਗਿਆ ਨਾਗਣ ਦਾ……
ਮੁੜ ਪਾਣੀ ਨਾ ਮੰਗੇ।
ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਸੇਰ ਕੁ ਆਟਾ,
ਵੇ ਨਿੱਤ ਕੌਣ ਲੜੇ,
ਕੌਣ ਪਟਾਵੇ ਝਾਟਾ,
ਵੇ ਨਿੱਤ
ਵਿਹੜੇ ਦੇ ਵਿੱਚ ਪਈ ਆਂ ਭਾਬੀਏ
ਹਰਾ ਮੂੰਗੀਆ ਤਾਣੀ
ਵੀਰ ਤਾਂ ਮੇਰਾ ਨੌਕਰ ਉੱਠ ਗਿਆ
ਆਪਾਂ ਹਾਣੋ ਹਾਣੀ
ਮੁੜ੍ਹਕਾ ਲਿਆ ਦੂੰਗਾ
ਛੋਟਾ ਦਿਉਰ ਨਾ ਜਾਣੀ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਆਰੀ।
ਵੱਡੀ ਵਿਆਹ ਕੇ ਲੈ ਚੱਲੇ
ਛੋਟੀ ਦੀ ਕਰੋ ਤਿਆਰੀ।
ਛੰਨ ਪਕਾਈਆਂ ਛੰਨ ਪਕਾਈਆਂ ਛੰਨ ਪਕਾਈਆਂ ਝੋਲ
ਸਾਂਢੂ ਤਾਂ ਮੇਰਾ ਸੁੱਕਿਆ ਟਾਂਡਾ ਸਾਲੀ ਗੋਲ ਮਟੋਲ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿਡ ਸੁਣੀਂਦਾ ਰਾਣੀ।
ਘੁੰਡ ਦਾ ਏਥੇ ਕੰਮ ਕੀ ਗਿੱਧੇ ਵਿੱਚ,
ਏਥੇ ਤੇਰੇ ਹਾਣੀ।
ਜਾ ਘੁੰਡ ਕੱਢਦੀ ਬਹੁਤੀ ਸੋਹਣੀ,
ਜਾਂ ਘੁੰਡ ਕੱਢਦੀ ਕਾਣੀ।
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ,
ਘੁੰਡ ’ਚੋਂ ਅੱਖ ਪਛਾਣੀ।
ਖੁੱਲ੍ਹ ਕੇ ਨੱਚ ਲੈ ਨੀ…..
ਬਣ ਜਾ ਗਿੱਧੇ ਦੀ ਰਾਣੀ।