ਆਰੇ! ਆਰੇ! ਆਰੇ!
ਸੱਸ ਮੇਰੀ ਬੜੀ ਔਤਰੀ,
ਨੀ ਉਹ ਧੁਖਦੀ ਤੇ ਫੂਕਾਂ ਮਾਰੇ।
ਮਾਹੀ ਕੋਲ ਲਾਵੇ ਲੂਤੀਆਂ,
ਚੜ੍ਹ ਕੇ ਨਿੱਤ ਚੁਬਾਰੇ।
ਕਹਿੰਦੀ ਇਹ ਨਾ ਘੁੰਡ ਕੱਢਦੀ,
ਇਹਨੂੰ ਗੱਭਰੂ ਕਰਨ ਇਸ਼ਾਰੇ।
ਸਸੇ ਸੰਭਲ ਜਾ ਨੀ,
ਦਿਨੇ ਦਿਖਾ ਦੂੰ ਤਾਰੇ।
Punjabi Boliyan
ਕੋਈ ਸੋਨਾ,
ਕੋਈ ਸੋਨਾ, ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਜਾ ਝਾਂਜਰ ਕਿਤੋ ਲਿਆਦੇ,
ਨੱਚੂਗੀ ਸਾਰੀ ਰਾਤ ਵੇ,
ਵੇ ਜਾ ……….
ਕਾਲੀ ਚੁੰਨੀ ਲੈਨੀ ਏਂ ਕੁੜੀਏ
ਡਰ ਕੇ ਰਹੀਏ ਜਹਾਨੋਂ
ਚੰਗੇ ਬੰਦਿਆਂ ਨੂੰ ਲੱਗਣ ਤੂਹਮਤਾਂ
ਗੋਲੇ ਡਿੱਗਣ ‘ਸਮਾਨੋਂ
ਪਿਆਰੀ ਤੂੰ ਲੱਗਦੀ
ਕੇਰਾਂ ਬੋਲ ਜ਼ਬਾਨੋਂ।
ਥਰੀਆਂ! ਥਰੀਆਂ! ਥਰੀਆਂ!
ਯਾਰੀ ਵਿਚ ਭੰਗ ਪੈ ਗਈ,
ਗੱਲਾਂ ਕਰ ਲੈ ਮਜਾਜਣੇ ਖਰੀਆਂ।
ਹੁਸਨ ਦਾ ਮਾਣ ਨਾ ਕਰੀਂ,
ਲੱਖਾਂ ਤੇਰੇ ਜਿਹੀਆਂ ਨੇ ਪਰੀਆਂ।
ਤੇਰੇ ਪਿੱਛੇ ਲੱਗ ਸੋਹਣੀਏਂ,
ਅਸੀਂ ਜੱਗ ਤੋਂ ਲਾਹਣਤਾਂ ਜਰੀਆਂ।
ਜੇ ਹੱਸਦੀ ਨੇ ਫੁੱਲ ਮੰਗਿਆ,
ਅਸੀਂ ਦਿਲ ਦੀਆਂ ਸੱਧਰਾਂ ਧਰੀਆਂ।
ਵੇਲਾਂ ਧਰਮ ਦੀਆਂ
ਵਿਚ ਦਰਗਾਹ ਦੇ ਹਰੀਆਂ।
ਕਦੇ ਨਾ
ਕਦੇ ਨਾ ਖਾਧੇ ਤੇਰੇ ਖੱਟੇ ਜਾਮਨੁ,
ਕਦੇ ਨਾ ਖਾਧੇ ਤੇਰੇ ਰਸ ਪੇੜੇ,
ਤੂੰਬਾ ਵੱਜਦਾ ਜਾਲਮਾ ਵਿੱਚ ਵੇਹੜੇ,
ਤੂੰਬਾ …….,
ਰਾਤੀਂ ਤਾਂ ਮੈਥੋਂ ਪੜ੍ਹਿਆ ਨਾ ਜਾਂਦਾ
ਚੜ੍ਹਿਆ ਮਾਘ ਮਹੀਨਾ
ਰਾਤੀਂ ਆ ਮੁੰਡਿਆ
ਬਣ ਕੇ ਕਬੂਤਰ ਚੀਨਾ
ਜਾਂ
ਆ ਕੇ ਠੰਢ ਪਾ ਜਾ
ਸੜਦਾ ਸਾਡਾ ਸੀਨਾ।
ਅਸੀਂ ਤਾਂ ਭੈਣੋਂ ਝਿਲਮਿਲ ਝਿਲਮਿਲ
ਦਾਦਕੀਆਂ ਬਦਰੰਗ ਫਿੱਕੇ ਰੰਗ
ਇਹਨਾਂ ਨਾਲ ਕੀ ਮਿੱਕਣਾ
ਏਹ ਤਾਂ ਸਿਰੇ ਦੀਆਂ ਨੰਗ ਮਨੰਗ
ਇਹਨਾਂ ਨਾਲ ਕੀ ਬੋਲਣਾ
ਇਹਨਾਂ ਨੰਗੀਆਂ ਨੂੰ ਭੋਰਾ ਨਾ ਸੰਗ
ਆਰੀ! ਆਰੀ! ਆਰੀ!
ਫੈਸ਼ਨ ਨਾ ਕਰ ਨੀ,
ਤੇਰੀ ਹਾਲੇ ਉਮਰ ਕੁਆਰੀ।
ਸਾਊ ਜਹ੍ਹੇ ਬਾਬਲੇ ਦੀ,
ਨਹੀਂ ਪੱਟੀ ਜਾਊ ਸਰਦਾਰੀ।
ਵਸਦਾ ਘਰ ਪੱਟ ਦੂ,
ਤੇਰੀ ਇਹ ਕਜਲੇ ਦੀ ਧਾਰੀ।
ਕੁੜਤੀ ਦਾ ਰੰਗ ਵੇਖ ਕੇ,
ਪੁੱਛਦੇ ਫਿਰਨ ਲਲਾਰੀ।
ਤੂੰ ਪੱਟੀ ਲੱਡੂਆਂ ਨੇ
ਤੇਰੀ ਤੋਰ ਪੱਟਿਆ ਪਟਵਾਰੀ।
ਕਦੇ ਨਾ
ਕਦੇ ਨਾ ਖਾਧੇ ਤੇਰੇ ਖੱਟੇ ਜਾਮਨੂ,
ਕਦੇ ਨਾ ਖਾਧਾ ਵੇ ਕੜਾਹ ਕਰ ਕੇ,
ਛੱਡ ਗਇਓ ਜਾਲਮਾ,ਵੇ ਵਿਆਹ ਕਰ ਕੇ,
ਛੱਡ ਗਇਓ …….
ਤਾਵੇ-ਤਾਵੇ-ਤਾਵੇ
ਰਾਹ ਸੰਗਰੂਰਾਂ ਦਾ
ਮੁੰਡਾ ਪੜ੍ਹਨ ਕਾਲਜ ਨੂੰ ਜਾਵੇ
ਜਦੋਂ ਕੁੜੀ ਕੋਲ ਦੀ ਲੰਘੀ
ਮੁੰਡਾ ਸੀਟੀਆਂ ਮਾਰ ਬੁਲਾਵੇ
ਫੇਲ੍ਹ ਕਰਾਤਾ ਨੀ
ਤੈਂ ਲੰਮੀਏ ਮੁਟਿਆਰੇ।
ਦਾਣਾ! ਦਾਣਾ! ਦਾਣਾ!
ਤੇਰੀਆਂ ਮੈਂ ਲੱਖ ਮੰਨੀਆਂ,
ਮੇਰੀ ਇਕ ਮੰਨੇ ਤਾਂ ਮੈਂ ਜਾਣਾ।
ਜੁੱਤੀ ਨੂੰ ਲਵਾ ਦੇ ਘੁੰਗਰੂ,
ਮੇਲੇ ਜਰਗ ਦੇ ਜਾਣਾ।
ਨਵਾਂ ਬਣਾ ਦੇ ਵੇ,
ਮੇਰਾ ਹੋ ਗਿਆ ਸੂਟ ਪੁਰਾਣਾ।
ਮਲਮਲ ਲੈ ਦੇ ਵੇ,
ਸੂਟ ਨੀਂ ਖੱਦਰ ਦਾ ਪਾਣਾ।
ਕਦੇ ਨਾ
ਕਦੇ ਨਾ ਤੋਰਿਆ ਸੱਸੇ,
ਹੱਸਦੀ ਨੀ ਖੇਡਦੀ,
ਕਦੇ ਨਾ ਤੋਰਿਆ,
ਨੀ ਕੜਾਹ ਕਰ ਕੇ,
ਸਾਨੂੰ ਤੋਰ ਦੇ ਸੱਸੇ,
ਨੀ ਸਲਾਹ ਕਰ ਕੇ,
ਸਾਨੂੰ ਤੋਰ …….,