ਘੋੜਾ ਆਰ
ਘੋੜਾ ਆਰ ਦਾ ਵੇ,
ਘੋੜਾ ਪਾਰ ਦਾ ਵੇ,
ਸਾਨੂੰ ਤੂੰਬਾ ਸੁਣਾ ਦੇ ਇੱਕ ਤਾਰ ਦਾ ਵੇ,
ਸਾਨੂੰ ਤੂੰਬਾ …….,
ਘੋੜਾ ਆਰ ਦਾ ਵੇ,
ਘੋੜਾ ਪਾਰ ਦਾ ਵੇ,
ਸਾਨੂੰ ਤੂੰਬਾ ਸੁਣਾ ਦੇ ਇੱਕ ਤਾਰ ਦਾ ਵੇ,
ਸਾਨੂੰ ਤੂੰਬਾ …….,
ਸੁਣ ਵੇ ਸਿਪਾਹੀਆ ਵਰਦੀ ਵਾਲਿਆ
ਮੈਂ ਤੇਰੀ ਮਤਵਾਲੀ
ਜੁਗ-ਜੁਗ ਆਵੀਂ ਗਲੀਂ ਅਸਾਡੀ
ਝਾਕੀ ਕਦੇ ਨਾ ਮਾਰੀਂ
ਸੋਲ੍ਹਾਂ ਸਾਲ ਉਮਰ ਹੈ ਮੇਰੀ
ਬੁਰੀ ਨੀਤ ਨਾ ਧਾਰੀਂ
ਭੌਰਾਂ ਵਾਂਗੂੰ ਲੈ ਲੈ ਵਾਸ਼ਨਾ
ਫੁੱਲ ਤੋੜੀਂ ਨਾ ਡਾਲੀ
ਮਾਪਿਆਂ ਕੋਲੋਂ ਡਰਦੀ ਆਖਾਂ
ਇਸ਼ਕ ਦੀ ਬੁਰੀ ਬਿਮਾਰੀ
ਕੈਦ ਕਰਾ ਦੇਉਂਗੀ
ਮੈਂ ਕਰਨਲ ਦੀ ਸਾਲੀ।
ਦੋ ਟੋਟੇ ਕਰ ਲਿਆ ਬੇ
ਨਰੰਜਣਾਂ ਕਰ ਲਿਆ ਮੁੰਜ ਦੀ ਰੱਸੀ ਦੇ
ਤੂੰ ਸਾਨੂੰ ਸੱਚ ਸੱਚ ਦੱਸ ਕੇ ਜਾਈਂ ਵੇ
ਤੇਰੇ ਨਾਨਕੇ ਕਿੱਥੇ ਦੱਸੀ ਦੇ
ਮੇਰੀ ਮਾਂ ਦਾ ਪਛੋਕਾ ਗੁੱਜਰਾਂ ਦਾ
ਭੈਣੇ ਚਾਟੇ ਰਿੜਕਦੇ ਲੱਸੀ ਦੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਰੀ।
ਛੜਿਆਂ ਦੇ ਅੱਗ ਨੂੰ ਗਈ,
ਚੱਪਣੀ ਵਗਾਹ ਕੇ ਮਾਰੀ।
ਛੜਾ ਗੁਆਂਢ ਬੁਰਾ,
ਹੁੰਦੀ ਬੜੀ ਖੁਆਰੀ।
ਛੜਿਓ ਮਰ ਜੋ ਵੇ..
ਪਾਵੇ ਵੈਣ ਕਰਤਾਰੀ।
ਘੜਾ,ਘੜੇ ਪਰ ਮੱਘੀ ਵੇ ਜਾਲਮਾ,
ਦਿਲ ਵਿੱਚ ਰੱਖਦਾ ਏ ਠੱਗੀ ਵੇ ਜਾਲਮਾ,
ਦਿਲ ਵਿੱਚ ……..
ਫੌਜ ‘ਚ ਭਰਤੀ ਹੋ ਗਿਆ ਢੋਲਾ
ਲੱਗੀ ਸੁਣ ਲੜਾਈ
ਸੁਣ-ਸੁਣ ਕੇ ਚਿੱਤ ਡੋਲੇ ਖਾਂਦਾ
ਡੋਲੇ ਖਾਂਦੀ ਮਾਈ
ਘਰ ਨੂੰ ਆ ਮਾਹੀਆ
ਨਾਰ ਫਿਰੇ ਕੁਮਲਾਈ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਖਾਰੀ।
ਸਹੁੰ ਲੱਗੇ ਕਾਦਰ ਦੀ,
ਲੱਗਦੀ ਜਗਤ ਤੋਂ ਪਿਆਰੀ।
ਤੇਰਾ ਸੇਵਾਦਾਰ ਭਾਬੀਏ,
ਭਾਵੇਂ ਪਿੰਡ ਦੇ ਵਿੱਚ ਸਰਦਾਰੀ।
ਲਾ ਕੇ ਪੁਗਾ ਭਾਬੀਏ.
ਸ਼ੌਕੀ ਦਿਓਰ ਨਾਲ ਯਾਰੀ।
ਘਰੇ ਜਾ ਕੇ ਨਾ ਚੁੱਲੇ ਚ ਲੱਤ ਮਾਰੀ,
ਨੱਚਨਾ ਤਾਂ ਹੁਣ ਨੱਚ ਲੈ,
ਘਰੇ ਜਾ ਕੇ …….,
ਮਾਹੀ ਮੇਰੇ ਦਾ ਪੱਕਿਆ ਬਾਜਰਾ
ਤੁਰ ਪਈ ਗੋਪੀਆ ਫੜ ਕੇ
ਸਾਰੇ ਜ਼ੋਰ ਨਾਲ ਮਾਰਿਆ ਗੁਲੇਲਾ
ਸਿਖਰ ਮਣ੍ਹੇ ਤੇ ਚੜ੍ਹਕੇ
ਉਤਰਦੀ ਨੂੰ ਆਈਆਂ ਝਰੀਟਾਂ
ਡਿੱਗ ਪਈ ਖੁੰਗੀ ਨਾਲ ਅੜ ਕੇ
ਚੁੱਕ ਲੈ ਮਾਹੀਆ ਵੇ
ਫੌਜੀ ਸਟੇਚਰ ਧਰ ਕੇ।
ਜਸਮੇਰੋ ਰਲ ਜਾਂ ਕੁੱਕੜਾਂ ਨਾਲ, ਮੌਜਾਂ ਮਾਣੇਂਗੀ
ਦਿਨੇ ਤੇਰੇ ਚਫੇਰੇ ਪੈਲਾ ਪਾਮਣ
ਰਾਤੀਂ ਤੈਨੂੰ ਗਲ ਨਾਲ ਲਾਮਣ
ਤੜਕੇ ਤਾਂ ਕਰਨ ਕਮਾਲ, ਮੌਜਾਂ ਮਾਣੇਂਗੀ
ਤੜਕੇ ਤੈਨੂੰ ਬਾਂਗ ਸੁਣਾਮਣ
ਰਾਤੀਂ ਤੈਨੂੰ ਹਿੱਕ ਨਾਲ ਲਾਮਣ
ਦਿਨ ਰਾਤੀਂ ਕਰਨ ਨਿਹਾਲ, ਮੌਜਾਂ ਮਾਣੇਂਗੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘੇਰੇ।
ਗੱਡੀ ਆਈ ਮਿੱਤਰਾਂ ਦੀ,
ਆ ਕੇ ਰੁਕ ਗੀ ਦੁਆਰੇ ਤੇਰੇ।
ਸਾਧੂ ਦੁਆਰ ਖੜ੍ਹੇ।
ਉੱਚੇ ਮਹਿਲ ਚੁਬਾਰੇ ਤੇਰੇ।
ਰਾਜ ਕਰੇਂਦੀ ਦੇ……..,
ਕੀ ਸੱਪ ਲੜ ਗਿਆ ਤੇਰੇ ? ?
ਘਰ ਨਾ ਬੇਹਦੀਆਂ,ਬਰ ਨਾ ਬੇਹਦੀਆਂ,
ਬਦਲੇ ਖੋਰੀਆਂ ਮਾਵਾਂ,
ਨੀ ਨਿੱਕੇ ਜਿਹੇ ਮੁੰਡੇ ਨਾਲ,
ਵਿਆਹ ਕਰ ਦਿੰਦੀਆਂ,
ਦੇ ਕੇ ਚਾਰ ਕੁ ਲਾਵਾਂ,
ਏਸ ਜਵਾਨੀ ਨੂੰ, ਕਿਹੜੇ ਮੂੰਹ ਵਿੱਚ ਪਾਵਾਂ,
ਏਸ ਜਵਾਨੀ ……,