ਚੰਨਾ ਵੇ
ਚੰਨਾ ਵੇ ਚੰਨਾ,
ਤੇਰੀ ਰੋਟੀ ਮੈ ਬੰਨਾਂ,
ਸਿਰ ਤੇ ਦਹੀਂ ਦਾ ਛੰਨਾ,
ਵੇ ਅੱਗੇ ਖਾਲ ਦਾ ਬੰਨਾ,
ਪੁਲ ਬੰਨ ਵੈਰੀਆਂ, ਵੇ ਮੈ ਕਿੱਥੋ ਦੀ ਲੰਘਾ,
ਪੁਲ ਬੰਨ……,
ਚੰਨਾ ਵੇ ਚੰਨਾ,
ਤੇਰੀ ਰੋਟੀ ਮੈ ਬੰਨਾਂ,
ਸਿਰ ਤੇ ਦਹੀਂ ਦਾ ਛੰਨਾ,
ਵੇ ਅੱਗੇ ਖਾਲ ਦਾ ਬੰਨਾ,
ਪੁਲ ਬੰਨ ਵੈਰੀਆਂ, ਵੇ ਮੈ ਕਿੱਥੋ ਦੀ ਲੰਘਾ,
ਪੁਲ ਬੰਨ……,
ਮਾਏ ਨੀ ਮੇਰਾ ਦੇਹ ਮੁਕਲਾਵਾ
ਵਾਰ ਵਾਰ ਕੀ ਆਖਾਂ
ਵਿਹੜੇ ਵਿਚਲਾ ਢਹਿ ਗਿਆ ਚੌਂਤਰਾ
ਸੁੰਨੀਆਂ ਪਈਆਂ ਸਬਾਤਾਂ
ਮੇਰੇ ਸ਼ਾਮ ਦੀਆਂ
ਕੌਣ ਕਟਾਵੇ ਤਾਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਹਾਉਣ।
ਦੋਨਾਂ ਡੰਗਾਂ ਤੋਂ ਜੋ ਔਖੇ,
ਰਾਜ-ਪੂਤ ਕਹਾਉਣ।
ਰਹਿੰਦੇ ਪੂਜਦੇ ਮੜ੍ਹੀ ਪੁਰਖਿਆਂ ਦੀ,
ਖਾਨਦਾਨੀ ਸਿਰਫ ਕਹਾਉਣ।
ਸੱਚ ਜਾਣਦੇ ਨਾ……….,
ਸਮੇਂ ਸਦਾ ਭਾਉਣ।
ਚਿੱਟੇ ਚਿੱਟੇ ਚੌਲਾ ਦੀਆਂ ਚਿੱਟੀਆਂ ਪਿੰਨੀਆ,
ਪਹਿਲੀ ਪਿੰਨੀ ਜੇਠ ਦੀ ਨੀ,
ਪਾਣੀ ਵਗੇ ਪੁਲਾ ਦੇ ਹੇਠ ਦੀ ਨੀ,
ਪਾਣੀ ਵਗੇ……..,
ਜਦ ਮੁੰਡਿਆ ਤੇਰੀ ਪੈਂਦੀ ਰੋਪਨਾ
ਮੈਂ ਵੀ ਵੇਖਣ ਆਈ
ਸਿਰ ਤੇਰੇ ਤੇ ਹਰਾ ਮੂੰਗੀਆ
ਗੁੱਟ ਤੇ ਘੜੀ ਸਜਾਈ
ਮੈਥੋਂ ਪਹਿਲਾਂ ਵੇ
ਕਿਹੜੀ ਨਾਰ ਹੰਢਾਈ
ਤੈਥੋਂ ਪਹਿਲਾਂ ਨੀ
ਭਾਬੋ ਨਾਰ ਹੰਢਾਈ।
ਜਾਂਦੀ ਕੁੜੀ ਦੀ ਕੁੜਤੀ ਗਦਾਮਾਂ ਆਲੀ
ਨੀ ਕਿਹੜੇ ਦੀ ਤੂੰ ਭਾਬੀ ਬਣੇਗੀ
ਦੱਸ ਕਿਹੜੇ ਦੀ ਬਣੇਗੀ ਘਰ ਵਾਲੀ ਨੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈ।
ਭਾਈਆਂ ਨਾਲੋਂ ਭਾਈ ਪਾੜਤੇ,
ਐਸੀ ਸੁਰੰਗ ਚਲਾਈ।
ਪਤਾ ਨਹੀਂ ਸ਼ੁਰਕਣੀ ਆਈ ਕਿਧਰੋਂ,
ਪਰ ਵਿੱਚ ਅਸਮਾਨ ਫਟਾਈ।
ਕੈਦੋਂ ਲੰਗਿਆਂ ਦੀ………
ਹੁੰਦੀ ਦੇਖ ਰਸਾਈ।
ਘੁੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈ ਜਾਂਦੇ ਨੂੰ,
ਕਹਿ ਜਾਈ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,
ਦੇ ਡੋਬਾ …….,
ਜਦ ਕੁੜੀਏ ਤੇਰੀ ਪੈਂਦੀ ਰੋਪਨਾ
ਮੈਂ ਵੀ ਦੇਖਣ ਆਇਆ
ਸਿਰ ਤੇ ਤੇਰੇ ਹਰਾ ਮੂੰਗੀਆ
ਟੇਢਾ ਚੀਰ ਸਜਾਇਆ
ਮੈਥੋਂ ਨੀ ਪਹਿਲਾਂ
ਕਿਹੜਾ ਯਾਰ ਹੰਢਾਇਆ
ਜਾਂ
ਤੈਥੋਂ ਵੇ ਪਹਿਲਾਂ
ਜੀਜਾ ਯਾਰ ਹੰਢਾਇਆ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੱਖ।
ਮੋਮਨ ਰਾਹੇ ਤੁਰਦੇ ਨੇ,
ਕਾਫਰ ਤੁਰਦੇ ਵੱਖ।
ਖੋਜੀ ਨਿੱਤ ਨਵਾਂ ਖੋਜਦੇ,
ਰੂੜੀ-ਵਾਦੀ ਆਖਣ ਝੱਖ ।
ਵਿਰਲਿਆਂ ਵਿਰਲਿਆਂ ਦਾ..
ਜੀਵਨ ਹੁੰਦੈ ਵੱਖ।
ਘਰ ਨੇ ਜਿੰਨਾ ਦੇ ਨੇੜੇ ਨੇੜੇ,
ਖੇਤ ਜਿੰਨਾ ਦੇ ਨਿਆਈਆਂ,
ਗਿੱਧਾ ਪਾ ਚੱਲੀਆਂ, ਨਣਦਾਂ ਤੇ ਭਰਜਾਈਆਂ,
ਗਿੱਧਾ……,
ਸੋਨੇ ਦੀ ਲਾਈ ਕਾੜ੍ਹਨੀ
ਦੁੱਧ ਰਿੜਕਣੇ ਵਿੱਚ ਪਾਇਆ
ਜਦੋਂ ਯਾਰ ਨੇ ਦਿੱਤਾ ਗੇੜਾ
ਰੁੱਗ ਮੱਖਣੀ ਦਾ ਆਇਆ
ਉੱਠ ਖੜ੍ਹ ਵੇ ਮਿੱਤਰਾ
ਸਿਖਰ ਦੁਪਹਿਰਾ ਆਇਆ।