ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਵੇਂ।
ਕੰਮ ਨੀ ਸੁਣੀਂਦਾ, ਕਾਰ ਨੀ ਸੁਣੀਂਦਾ,
ਕੀ ਝਗੜੇ ਝੇੜੇ ਪਾਵੇ।
ਜੇ ਮੇਰੀ ਇੱਕ ਮੰਨ ਜੇਂ,
ਸਿੱਧਾ ਸੁਰਗ ਨੂੰ ਜਾਵੇਂ।
ਦਿਓਰਾ ਤਾਸ਼ ਖੇਡ ਲੈ..
ਬੋਤਾ ਬੰਨ੍ਹੀਏ ਤੂਤ ਦੀ ਛਾਵੇਂ।
Punjabi Boliyan
ਚੁੱਲੇ ਪਕਾਵਾਂ
ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਵਾਲ,
ਵੇ ਤੈਨੂੰ ਹਾਈਆ ਹੋਜੇ,
ਭੁੱਖੇ ਤਾਂ ਮਰਗੇ ਮੇਰੇ ਲਾਲ,
ਵੇ ਤੈਨੂੰ…….,
ਪਿੰਡਾਂ ਵਿੱਚੋਂ ਪਿੰਡ ਛਾਂਟੀਏ
ਪਿੰਡ ਛਾਂਟੀਏ ‘ਮੋਗਾ’
‘ਮੋਗੇ ਦਾ ਇੱਕ ਸਾਧ ਸੁਣੀਂਦਾ
ਘਰ-ਘਰ ਉਹਦੀ ਸ਼ੋਭਾ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ
ਮਗਰੋਂ ਮਾਰਦਾ ਗੋਡਾ
ਇਹ ਗੱਲ ਯਾਦ ਰੱਖੀਂ
ਮੁੰਡਾ ਹੋਊਗਾ ਰੋਡਾ।
ਸਤਨਾਜਾ ਥਾਲੀ ਪਲਟਿਆ ਮਾਮੀਏ
ਕੋਈ ਚੁਗ ਚੁਗ ਸੁਟਦੀ ਰੋੜ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂਹੜੇ ਮਗਜ਼ ਦੀ
ਨੀ ਮੰਦ ਬੁੱਧ ਮੂਰਖੇ ਨੀ-ਲੋੜ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਟਹਿਣਾ।
ਸਾਰਾ ਦਿਨ ਅੱਜ ਪਉਗਾ ਗਿੱਧਾ,
ਹਾਲ ਦਿਲਾਂ ਦਾ ਕਹਿਣਾ।
ਕੱਲ੍ਹ ਤੂੰ ਕਿਧਰੇ, ਮੈਂ ਕਿਧਰੇ ਤੁਰ ਜੂ,
ਫੇਰ ਨੀ ਰਲਕੇ ਬਹਿਣਾ।
ਸਭਨਾ ’ਚ ਰਹੇ ਖੇਡਦਾ…….
ਛੋਟਾ ਦਿਓਰ ਭਾਬੀਆਂ ਦਾ ਗਹਿਣਾ।
ਅੱਧੀ ਰਾਤੋਂ ਆਉਣਾ ਮੁੰਡਿਆ
ਨਾਲ ਲਿਆਉਣਾ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਦੀ
ਮੈਂ ਨਾ ਕਿਸੇ ਦੀ ਗੋਲੀ
ਤਾਹੀਂ ਸਿਰ ਚੜ੍ਹ ਗਿਆ
ਜੇ ਮੈਂ ਨਾ ਬਰਾਬਰ ਬੋਲੀ
ਜਾਂ
ਕਰ ਦੂੰ ਗਜ ਵਰਗੀ
ਜੇ ਤੂੰ ਬਰਾਬਰ ਬੋਲੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਂ।
ਜੇ ਮੁੰਡਿਆ ਤੈਂ ਮੇਲੇ ਜਾਣੈ,
ਸਹੁਰਿਆਂ ਵਿੱਚ ਦੀ ਜਾਈਂ।
ਪਰਿਆ ਵਿੱਚ ਤੈਨੂੰ ਸਹੁਰਾ ਮਿਲੂਗਾ,
ਪੈਰਾਂ ਨੂੰ ਹੱਥ ਲਾਈਂ।
ਮੁੰਡਿਆਂ ਵਿੱਚ ਤੇਰਾ ਸਾਲਾ ਹੋਊ,
ਸੱਜਾ ਹੱਥ ਮਿਲਾਈਂ।
ਸਾਲੂ ਵਾਲੀ ਨੂੰ ……….,
ਘੁੱਟ ਕਾਲਜੇ ਲਾਈਂ।
ਚਾਂਦੀ ਚਾਂਦੀ
ਚਾਂਦੀ ਚਾਂਦੀ ਚਾਂਦੀ,
ਧੀਏ ਨੀ ਪਸੰਦ ਕਰ ਲੈ,
ਗੱਡੀ ਭਰੀ ਮੁੰਡਿਆਂ ਦੀ ਜਾਂਦੀ,
ਧੀਏ ਨੀ ……,
ਬਾਹਰੋਂ ਆਇਆ ਅੱਕਿਆ ਥੱਕਿਆ
ਆਣ ਫਰੋਲੀ ਕੋਠੀ
ਆਟਾ ਮੇਰਾ ਗੁੰਨ੍ਹਿਆ ਪਿਆ ਸੀ
ਦਾਲ ਪਈ ਸੀ ਘੋਟੀ
ਐਡੋ ਜਾਣੇ ਨੇ
ਡਾਂਗ ਪੱਟਾਂ ਤੇ ਠੋਕੀ।
ਦੋਹਾ ਘੜਿਆ ਅਕਲਮੰਦੀਆਂ
ਕੋਈ ਬਹਿਕੇ ਨਵੇਕਲੀ ਥਾਂ
ਬ੍ਰਹਮ ਮਹੂਰਤ ਵਿਚ ਬੈਠ ਕੇ
ਨੀ ਕੋਈ ਚੰਨ ਤਾਰਿਆਂ ਦੀ
ਨੀ ਅਨਪੜ੍ਹ ਜੱਗਰੇ ਨੀ-ਛਾਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਕਾਕੇ।
ਜੀਜਾ ਸਾਲੀ ਦੀ ਲੱਗਗੀ ਦੋਸਤੀ,
ਡਿੱਗਾ ਪਿਆਰ ਹੁਲਾਰਾ ਖਾ ਕੇ।
ਤੇਲ ਬਾਝ ਨਾ ਪੱਕਣ ਗੁਲਗਲੇ,
ਦੇਖ ਰਿਹਾ ਪਰਤਾ ਕੇ।
ਜੀਜਾ ਸਾਲੀ ਨੂੰ………,
ਲੈ ਗਿਆ ਗੱਲੀਂ ਲਾ ਕੇ।