Punjabi Boliyan

Collection of Punjabi Boliyan for Boys and Punjabi Boliyan for Girls. Read giddha boliya in Punjabi here for marriages and other punjabi functions. Here we provide punjabi boliyan for boys, punjabi boliyan for giddha, Desi Boliyan , Punjabi Tappe, funny punjabi boliyan  and lok boliyan in written.

Punjabi boliyan tappe

ਆਰੀ-ਆਰੀ-ਆਰੀ
ਮੋਢੇ ਰਫਲ ਧਰੀ
ਫੇਰ ਸਿੰਨ੍ਹ ਕੇ ਪੱਟਾਂ ਵਿੱਚ ਮਾਰੀ
ਚੂੜੇ ਵਾਲੀ ਬਾਂਹ ਵੱਢ ਤੀ
ਗੁੱਤ ਵੱਢਤੀ ਬਘਿਆੜੀ ਵਾਲੀ
ਸੁਹਣੇ-ਸੁਹਣੇ ਪੈਰ ਵੱਢ ਤੇ
ਜੁੱਤੀ ਕੱਢਵੀਂ ਵਗਾਹ ਕੇ ਮਾਰੀ
ਸੋਹਣੇ-ਸੋਹਣੇ ਹੱਥ ਵੱਢ ਤੇ
ਜੀਹਦੇ ਨਾਲ ਕੱਢੇ ਫੁਲਕਾਰੀ
ਗਰਜਾ ਨਾ ਵੱਢ ਵੇ
ਹੌਲਦਾਰ ਦੀ ਨਾਰੀ।

ਦੋ ਸਿਰ ਜੋੜੇ ਬਚੋਲਣੇ ਨੀ
ਕੋਈ ਜੋੜ ਨੀ ਸੀ ਸਕਦਾ ਹੋਰ
ਨਾਲੇ ਤਾਂ ਪਾਆਂਗੇ ਬਾਲੀਆਂ
ਨਾਲੇ ਛਾਂਟਮਾਂ ਦਮਾਂਗੇ
ਨੀ ਸਦਾ ਸੁਹਾਗਣੇ ਨੀ-ਤਿਓਰ

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਾਵਾਂ।
ਦਿਲ ਤਾਂ ਦੇਖ ਫੋਲ ਕੇ,
ਲੱਗੀਆਂ ਦੇ ਹਾਲ ਸੁਣਾਵਾਂ।
ਰੇਤਾ ਤੇਰੀ ਪੈੜ ਦਾ,
ਚੱਕ ਚੱਕ ਹਿੱਕ ਨੂੰ ਲਾਵਾਂ।
ਸੱਦ ਪਟਵਾਰੀ ਨੂੰ ……….,
ਜ਼ਿੰਦਗੀ ਤੇਰੇ ਨਾਂ ਲਾਵਾਂ।

ਆਰੀ-ਆਰੀ-ਆਰੀ
ਮਿਰਚਾਂ ਚੁਰਚੁਰੀਆਂ
ਬਾਣੀਆਂ ਦੀ ਦਾਲ ਕਰਾਰੀ
ਜੱਟ ਦੇ ਮੂੰਹ ਲੱਗਗੀ
ਫੇਰ ਕੜਛੀ ਬੁੱਲ੍ਹਾਂ ਤੇ ਮਾਰੀ
ਮੂਹਰੇ ਜੱਟ ਭੱਜਿਆ
ਫੇਰ ਮਗਰ ਭੱਜੀ ਕਰਿਆੜੀ
ਜੱਟ ਦਾ ਹਰਖ ਬੁਰਾ
ਉਹਨੇ ਚੱਕ ਕੇ ਪਰ੍ਹੇ ਵਿੱਚ ਮਾਰੀ
ਲੱਤਾਂ ਉਹਦੀਆਂ ਐਂ ਖੜ੍ਹੀਆਂ
ਜਿਵੇਂ ਹਲ ਵਿੱਚ ਖੜ੍ਹੀ ਪੰਜਾਲੀ
ਜੱਟ ਕਹਿੰਦਾ ਕੋਈ ਗੱਲ ਨੀ
ਇੱਕ ਲੱਗਜੂ ਕਣਕ ਦੀ ਕਿਆਰੀ
ਐਡੋ ਜਾਣੇ ਨੇ
ਡਾਂਗ ਪੱਟਾਂ ਤੇ ਮਾਰੀ।

ਤੇਰਾ ਬੇ ਬਚੋਲਿਆ ਪੁੱਤ ਜੀਵੇ
ਬੇ ਕੋਈ ਸਾਡਾ ਵਧੇ ਪਰਬਾਰ
ਐਸਾ ਬੂਟਾ ਲਾ ਦਿੱਤਾ
ਜਿਹੜਾ ਸਜੇ ਬਾਬਲ ਦੇ
ਬੇ ਜੀਵਣ ਜੋਕਰਿਆ ਬੇ-ਬਾਰ

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਵਾਂ।
ਹਾਣੀ ਹਾਣ ਦਿਆ,
ਕੀ ਕਹਿ ਆਖ ਬੁਲਾਵਾਂ।
ਮਿੱਤਰਾ ਬੇਦਰਦਾ,
ਬਣ ਜਾਂ ਤੇਰਾ ਪਰਛਾਵਾਂ।
ਕਾਲੇ ਕਾਵਾਂ ਨੂੰ,
ਚੂਰੀਆਂ ਕੁੱਟ ਕੁੱਟ ਪਾਵਾਂ।

ਆਰੀ-ਆਰੀ-ਆਰੀ
ਬੋਲੀਆਂ ਦੇ ਪੁਲ ਬੰਨ੍ਹ ਦਿਆਂ
ਜਿੱਥੇ ਖਲਕਤ ਲੰਘ ਜੇ ਸਾਰੀ
ਬੋਲੀਆਂ ਦੇ ਹਲ ਜੋੜਾਂ
ਫੇਰ ਆਪ ਕਰਾਂ ਸਰਦਾਰੀ
ਬੋਲੀਆਂ ਦੀ ਨਹਿਰ ਭਰਾਂ
ਕਣਕ ਰਮਾ ਲਾਂ ਸਾਰੀ
ਬੋਲੀਆਂ ਦੀ ਰੇਲ ਭਰਾਂ
ਜਿੱਥੇ ਚੜ੍ਹ ਜਾਵਾਂ ਬਿਨ ਤਾੜੀ
ਲੁਧਿਆਣੇ ਜਾ ਖੜ੍ਹਦੀ
ਫੇਰ ਉਤਰੇ ਬਹੁਤ ਵਪਾਰੀ
ਐਡੋ ਜਾਣੇ ਨੇ
ਡਾਂਗ ਪੱਟਾਂ ਤੇ ਮਾਰੀ।

ਸੂਤ ਦੇ ਲੱਡੂ ਬੱਟਾਂਗੇ
ਬਚੋਲੇ ਦਾ ਜੁੰਡਾ ਪੱਟਾਂਗੇ
ਪੀਰ ਪਖੀਰ ਧਿਆਮਾਂਗੇ
ਬਚੋਲੇ ਨੂੰ ਪੁੱਠਾ ਲਟਕਾਮਾਂਗੇ
ਬੜੇ ਬਡੇਰੋ ਮੰਨਾਂਗੇ (ਬੜੇ ਜਠੇਰੇ ਮੰਨਾਂਗੇ)
ਬਚੋਲਣ ਦੇ ਪਾਸੇ ਭੰਨਾਂਗੇ
ਚੰਨ ਦੀ ਟਿੱਕੀ ਦੇਖਾਂਗੇ
ਬਚੋਲਣ ਦੇ ਪਾਸੇ ਸਕਾਂਗੇ (ਬਚੋਲੇ ਨੂੰ ਪਾਸੇ ਛੇਕਾਂਗੇ)

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਝਾਵਾਂ।
ਗਿੱਧੇ ਵਿੱਚ ਨੱਚ ਭਾਬੀਏ,
ਲੜੀਦਾਰ ਬੋਲੀਆਂ ਪਾਵਾਂ।
ਨੱਚਦੀ ਭਾਬੀ ਤੋਂ,
ਨੋਟਾਂ ਦਾ ਮੀਂਹ ਵਰਾਵਾਂ।
ਮੁੰਡਾ ਜੰਮ ਭਾਬੀਏ….
ਪਿੰਡ ਨੂੰ ਸ਼ਰਾਬ ਪਲਾਵਾਂ।