ਠੰਡੇ ਨੀ
ਠੰਡੇ ਨੀ ਪੈੜੇ ਵਾਲੀਏ,
ਤੂੰ ਝੱਟ ਕੁ ਮਗਰੋਂ ਆਈ,
ਠੰਡੇ ਨੀ ……,
ਠੰਡੇ ਨੀ ਪੈੜੇ ਵਾਲੀਏ,
ਤੂੰ ਝੱਟ ਕੁ ਮਗਰੋਂ ਆਈ,
ਠੰਡੇ ਨੀ ……,
ਚਾਰ ਯਾਰ ਤਾਂ ਤੇਰੇ ਰਕਾਨੇ
ਚਾਰੇ ਸ਼ੱਕਰਪਾਰੇ
ਪਹਿਲੇ ਯਾਰ ਦਾ ਰੰਗ ਬਦਾਮੀ
ਦੂਜਾ ਛੱਡੇ ਚੰਗਿਆੜੇ
ਤੀਜੇ ਯਾਰ ਦਾ ਖਾਕੀ ਚਾਦਰਾ
ਰਲ ਗਿਆ ਪੱਟਾਂ ਦੇ ਨਾਲੇ
ਚੌਥੇ ਯਾਰ ਦੀ ਕੱਟਵੀਂ ਸੇਲ੍ਹੀ
ਦਿਨੇ ਦਿਖਾਉਂਦਾ ਤਾਰੇ
ਲੁੱਟ ਕੇ ਮਿੱਤਰਾਂ ਨੂੰ
ਠੱਗ ਦੱਸਦੀ ਮੁਟਿਆਰੇ।
ਅੱਠ ਜਿੰਦੇ ਨੌਂ ਕੁੰਜੀਆਂ
ਬੇ ਕੋਈ ਗਿਆਰਾਂ ਬੁਰਜ ਦੇ ਬਾਰ
ਦਸਾਂ ਨੂੰ ਅੰਦਰੋਂ ਬੰਦ ਕਰਾਂ
ਇਕ ਨੂੰ ਬਾਹਰੋਂ ਦਿੰਦੀ ਜਿੰਦਾ
ਬੇ ਸਿਰੇ ਦਿਆ ਮੂਰਖਾ ਬੇ-ਮਾਰ
ਕੁੜਤਾ ਤਾਂ ਜੀਜਾ ਪੱਕੇ ਮੇਚ ਦਾ
ਵਿਚ ਤੂੰ ਡਰਨੇ ਮੰਗੂੰ ਹੱਲੇਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੀ।
ਕੌਡੀ ਬਾਡੀ ਖੇਡਦੇ ਮੁੰਡੇ,
ਹੁੰਦੇ ਨੇ ਬਲ-ਕਾਰੀ।
ਆ ਜੋ ਜੀਹਨੇ ਕੌਡੀ ਖੇਡਣੈ,
ਕੱਠ ਹੋ ਗਿਆ ਭਾਰੀ।
ਤਨ ਵਿੱਚ ਜਾਨ ਨਹੀਂ……..,
ਕੀ ਕਰੂਗੀ ਯਾਰੀ।
ਟੱਲੀਆਂ ਟੱਲੀਆਂ ਟੱਲੀਆਂ,
ਸਾਨੂੰ ਦੇਖ ਲੋ ਭੈਣੋ,
ਅਸੀਂ ਨੱਚ ਚੱਲੀਆਂ,
ਸਾਨੂੰ ……,
ਸੁਣ ਨੀ ਚਾਚੀਏ ਸੁਣ ਨੀ ਤਾਈਏ
ਸੁਣ ਵੱਡੀਏ ਭਰਜਾਈਏ
ਪੇਕੇ ਵੀਰ ਬਿਨਾਂ ਨਾ ਆਈਏ
ਸਹੁਰੇ ਕੰਤ ਬਿਨਾਂ ਨਾ ਜਾਈਏ
ਰੰਗ ਦੇ ਕਾਲੇ ਨੂੰ
ਨਾਭਿਓਂ ਕਲੀ ਕਰਾਈਏ।
ਇਕ ਜਿੰਦਾ ਇਕ ਕੁੰਜੀ ਐ
ਬੇ ਕੋਈ ਗਿਆਰਾਂ ਬੁਰਜ ਦੇ ਬਾਰ
ਪੂਰੇ ਕਿਵੇਂ ਆਉਣਗੇ
ਬੇ ਕੋਈ ਬੈਹਕੇ ਗੱਲ
ਬੇ ਅਨਪੜ੍ਹ ਮੂਰਖਾ ਬੇ-ਬਚਾਰ
ਦਲਮੇਂ ਮਾਂਹ ਕੁੜੇ
ਨੀ ਦਲਮੇਂ ਮਾਂਹ ਕੁੜੇ
ਮਾਮੇ ਨੇ ਮਾਮੀ ਪੁੱਠੀ ਕਰਤੀ
(ਛੜਿਆਂ ਨੇ ਮਾਮੀ ਪੁੱਠੀ ਕਰ ‘ਤੀ)
ਟੰਗਾਂ ਕਰਤੀਆਂ ‘ਤਾਂਹ ਕੁੜੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਬਘੋਰ।
ਦੋ ਘੁੱਟ ਪੀ ਦਾਰੂ,
ਬਦਲ ਜਾਂਦੇ ਤੌਰ।
ਸੱਤ ਰੰਗ ਅੰਬਰਾਂ ਦੇ,
ਕੀ ਸਨੌਰ, ਕੀ ਘਨੌਰ।
ਓਹ ਤਾਂ ਜੰਮਿਆਂ ਈ ਨੀ,
ਜੋ ਦੇਖੇ ਨਹੀਂ ਲਾਹੌਰ।