ਤੈ ਘਰ
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਦਾਰੂ ਦੀ ਰੁੱਤ ਵੇ ਨਰਿੰਜਣਾ,
ਹੁਣ ……….,
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਦਾਰੂ ਦੀ ਰੁੱਤ ਵੇ ਨਰਿੰਜਣਾ,
ਹੁਣ ……….,
ਢੋਈਆਂ-ਢੋਈਆਂ-ਢੋਈਆਂ
ਤੇਰੇ ਨਾਲ ਲੱਗੀਆਂ ਤੋਂ
ਸਾਰਾ ਪਿੰਡ ਕਰੇ ਬਦਖੋਈਆਂ
ਭਾਣਾ ਬੀਤ ਗਿਆ
ਗੱਲਾਂ ਜੱਗ ਤੋਂ ਤੇਰਵੀਆਂ ਹੋਈਆਂ
ਧਰ’ਤਾ ਵਿਆਹ· ਮਿੱਤਰਾ
ਕੋਈ ਨਾ ਸੁਣੇ ਅਰਜੋਈਆਂ।
(ਮਾਮਾ ਤਾਂ ਆਗਿਆ ਛੱਕ ਭਰਨ ਨੂੰ)
ਮਾਮਾ ਤਾਂ ਚੜ੍ਹ ਗਿਆ ਭਾਣਜੇ ਦੀ ਜੰਨ
ਪਿੱਛੋਂ ਮਾਮੀ ਨੇ ਕਰਿਆ ਘਾਲਾ ਮਾਲਾ
ਨੀ ਮਾਮੀ ਜਾਰਨੀਏ
ਤੇਰਾ ਟੁੱਟਿਆ ਸੁੱਥਣ ਦਾ ਨਾਲਾ
ਨੀ ਮਾਮੀ ਜਾਰਨੀਏ
ਤੇਰਾ ਢਿੱਲਾ ਸੁਥਣੀ ਦਾ ਨਾਲਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਥਾਲੀ।
ਪਾਲੀ ਛੱਡ ਦਿੰਦੇ,
ਪਰ ਕੀ ਛੱਡਦਾ ਹਾਲੀ।
ਮੋਦਨ ਕਉਂਕਿਆਂ ਦਾ,
ਡਾਂਗ ਰੱਖਦਾ ਕੋਕਿਆਂ ਵਾਲੀ।
ਮੇਲਾ ਲੁੱਟ ਲੈਂਦੀ.
ਨੱਚਦੀ ਘੁੰਗਰੀਆਂ ਵਾਲੀ।
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਖੁਸ਼ੀਆਂ ਦੀ ਰੁੱਤ ਵੇ ਨਰਿੰਜਣਾ,
ਹੁਣ …..,
ਢੇਰਾ-ਫੇਰਾ-ਫੇਰਾ
ਪੱਟਤਾ ਤੂੰ ਮੋਟੀ ਅੱਖ ਨੇ
ਗੋਰਾ ਰੰਗ ਸੀ ਗੱਭਰੂਆ ਤੇਰਾ
ਕਹਿ ਕੇ ਨਾ ਦੱਸ ਸਕਦੀ
ਤੇਰਾ ਆਉਂਦਾ ਪਿਆਰ ਬਥੇਰਾ
ਚੰਦ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾਂ ਬਾਝ ਹਨੇਰਾ।
ਕਿੱਲੀ ਤੇ ਘੱਗਰੀ ਟੰਗੀ ਕੁੜੇ
ਮਾਮਾ ਤਾ ਸੌਂ ਗਿਆ ਮਾਵਾ ਖਾ ਕੇ
ਮਾਮੀ ਫਿਰਦੀ ਨੰਗੀ ਕੁੜੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਂ।
ਨੈਣਾਂ ਵਿੱਚ ਨੀਂਦ ਨਾ ਪਵੇ,
ਦਾਰੂ ਇਸ਼ਕ ਦੀ ਯਾਰ ਪਿਲਾਈ।
ਉਮਰ ਨਿਆਣੀ ਸੀ,
ਭੁੱਲ ਕੇ ਯਾਰ ਨਾਲ ਲਾਈ।
ਇੱਕ ਵਾਰੀ ਫੜ ਮਿੱਤਰਾ….
ਮੇਰੀ ਨਰਮ ਕਲਾਈ।
ਤੋੜਣ ਗਈ ਸੀ ਫਲੀਆਂ,
ਤੇ ਤੋੜ ਲਿਆਈ ਭੂਕਾਂ,
ਮੈ ਪੇਕੇ ਸੁਣਦੀ ਸਾਂ,
ਸੱਸੇ ਤੇਰੀਆਂ ਕਰਤੂਤਾਂ,
ਮੈ ਪੇਕੇ ………,
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮਾੜੀ
ਬਈ ਉੱਥੇ ਦੀ ਇੱਕ ਨਾਰ ਸੁਣੀਂਦੀ
ਬੜੀ ਸ਼ੁਕੀਨਣ ਭਾਰੀ
ਲੱਕੋਂ ਪਤਲੀ ਪੱਟੋਂ ਮੋਟੀ
ਤੁਰਦੀ ਲੱਗੇ ਪਿਆਰੀ
ਬਾਥੋਂ ਮਿੱਤਰਾਂ ਦੇ
ਫਿਰਦੀ ਮਾਰੀ-ਮਾਰੀ।
ਅੱਧੀ ਰਾਤ ਚਫੇਰੇ ਸੁੰਨ ਮਸਾਨ
ਦੁਨੀਆਂ ਸੋਵੇ ਮਾਮੀ ਜਾਗੇ
ਕਿਹੜਿਆਂ ਧਗੜਿਆਂ ਨੂੰ ਡੀਕਦੀ
ਨੀ ਪੁੱਠੇ ਬੱਟਦੀ ਐ ਤ੍ਹਾਗੇ
ਤੂੰ ਤਾਂ ਕੁੜੀਏ ਬਾਹਲੀ ਸੋਹਣੀ,
ਘਰ ਵਾਲਾ ਤੇਰਾ ਕਾਲਾ।
ਉਹ ਨਾ ਕਰਦਾ ਕੰਮ ਦਾ ਡੱਕਾ,
ਤੂੰ ਕਰਦੀ ਐਂ ਬਾਹਲਾ।
ਮੈਂ ਤਾਂ ਤੈਨੂੰ ਕਹਿਨਾਂ ਕੁੜੀਏ,
ਤੂੰ ਵੱਟ ਲੈ ਹੁਣ ਟਾਲਾ।
ਤੂੰ ਪਈ ਫੁੱਟ ਵਰਗੀ,
ਭੂੰਡ ਤੇਰੇ ਘਰ ਵਾਲਾ।