ਦੁਆਰ ਤੇਰੇ ਤੇ ਬੈਠਾ ਜੋਗੀ,
ਧੂਣੀ ਆਪ ਤਪਾਈਂ।
ਹੱਥ ਜੋਗੀ ਨੇ ਫੜਿਆ ਕਾਸਾ,
ਖੈਰ ਏਹਦੇ ਵਿੱਚ ਪਾਈਂ।
ਐਧਰ ਜਾਂਦੀ, ਓਧਰ ਜਾਂਦੀ,
ਕੋਲੋਂ ਲੰਘਦੀ ਜਾਈਂ।
ਵਿਚ ਦਰਵਾਜ਼ੇ ਦੇ…..
ਝਾਂਜਰ ਨਾ ਛਣਕਾਈਂ।
Punjabi Boliyan
ਇੱਕ ਤੇਲ
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਰਿਹਾ ਕੋਲ ਤੂੰ ਖੜਾ,
ਵੇ ਮੈ ਜੇਠ ਨੇ ਕੁੱਟੀ,
ਰਿਹਾ ਕੋਲ
ਚੱਕ ਲਿਆ ਟੋਕਰਾ ਚੱਲ ਪਈ ਖੇਤ ਨੂੰ
ਮੈਂ ਵੀ ਮਗਰੇ ਆਇਆ
ਵੱਟਾਂ ਡੌਲੇ ਸਾਰੇ ਫਿਰ ਗਿਆ
ਤੇਰਾ ਮਨ੍ਹਾਂ ਨਾ ਥਿਆਇਆ
ਪਾਣੀ ਪਿਆ ਪਤਲੋ
ਮਰ ਗਿਆ ਯਾਰ ਤਿਹਾਇਆ।
ਛੰਦ ਪਰਾਗੇ ਆਈਏ ਜਾਈਏ
ਛੰਦੇ ਪਰਾਗੇ ਤੀਰਾ
ਸਾਲੀ ਮੇਰੀ ਦਲੀ ਗੁਲਾਬੀ,
ਸਾਂਢੂ ਅੱਖੋਂ ਟੀਰਾ
ਕੁੜਮ ਦੈਂਗੜਾ ਕੂੜਮਣੀ ਸਾਂਢਣੀ
ਸਾਡੀ ਬੀਬੀ ਦੇ ਬਸਣੇ ਦਾ ਕੀ ਹੱਜ ਵੇ
ਕੁੜਮਣੀ ਤਾਂ ਅਜੇ ਢੱਠੀ ਬਛੇਰੀ
ਉਹਨੂੰ ਜੰਮ ਜੰਮ ਆਵੇ ਨਾ ਰੱਜ ਕੇ
ਅਜੇ ਤਾਂ ਉਹਦੀ ਉਮਰ ਨਿਆਣੀ
ਉਹਨੇ ਜੰਮਣਾ ਸ਼ਰੀਕ ਲਾਉਣੀ ਬੱਜ ਵੇ
ਨਹੀਂ ਤਾਂ ਜੀਜਾ ਮਾਂ ਦਾ ਪਰੇਸ਼ਨ ਕਰਾਦੇ
ਨਹੀਂ ਬਾਪੂ ਨੂੰ ਕਹਿ ਅੱਗਾ ਕੱਜ ਕੇ
ਹੀਰਿਆ ਹਰਨਾ, ਬਾਗੀਂ ਚਰਨਾ,
ਬਾਗੀਂ ਪੰਤਰ ਸਾਵੇ।
ਗ਼ਮ ਨੇ ਖਾ ਲੀ, ਗ਼ਮ ਨੇ ਪੀਲੀ,
ਗ਼ਮ ਹੱਡੀਆਂ ਨੂੰ ਖਾਵੇ।
ਮੱਛੀ ਤੜਫੇ ਪਾਣੀ ਬਾਝੋਂ,
ਆਸ਼ਕ ਨੀਂਦ ਨਾ ਆਵੇ।
ਅਲਸੀ ਦੇ ਫੁੱਲ ਵਰਗੀ
ਤੁਰ ਗੀ ਅੱਜ ਮੁਕਲਾਵੇ।
ਇੱਕ ਤੋੜੇ
ਇੱਕ ਤੋੜੇ ਵਿੱਚ ਕਣਕ ਬਾਜਰਾ,
ਦੂਜੇ ਤੋੜੇ ਵਿੱਚ ਰੂੰ,
ਵੇ ਥੋੜੀ ਥੋੜੀ ਮੈ ਸੁਧਰੀ,
ਬਹੁਤਾ ਸੁਧਰ ਗਿਆ ਤੂੰ
ਵੇ ਥੋੜੀ ਥੋੜੀ
ਮਲਕਾ ਜਾਂਦੀ ਨੇ ਰਾਜ ਕਰ ਲਿਆ
ਪਹਿਨੇ ਪੱਟ ਮਰੀਨਾਂ
ਲੋਹੇ ਦੇ ਝਟੇ ਤੇਲ ਮੂਤਦੇ
ਜੋੜੇ ਸਿਊਣ ਮਸ਼ੀਨਾਂ
ਤੂੜੀ ਖਾਂਦੇ ਬੈਲ ਹਾਰ ਗਏ
ਗੱਭਰੂ ਗਿੱਝ ਗਏ ਫੀਮਾਂ
ਲਹਿੰਗਾ ਹਰ ਕੁਰ ਦਾ
ਲਿਆ ਵੇ ਯਾਰ ਸ਼ੌਕੀਨਾ।
ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ
ਖਾਂਦੀ ਦੁੱਧ ਮਲਾਈਆਂ।
ਤੁਰਦੀ ਦਾ ਲੱਕ ਖਾਵੇ ਝੂਟੇ,
ਪੈਰੀਂ ਝਾਂਜਰਾਂ ਪਾਈਆਂ।
ਗਿੱਧਿਆਂ ਵਿੱਚ ਨੱਚਦੀ ਫਿਰਾਂ,
ਦੇਵੇ ਰੂਪ ਦੁਹਾਈਆਂ।
ਅੱਡੀ ਤਾਂ
ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਵਾ,
ਮੁੰਡਿਆਂ ਨਾਂ ਦੱਸ ਜਾ,
ਜੋੜ ਬੋਲੀਆਂ ਪਾਵਾਂ,
ਮੁੰਡਿਆਂ
ਕਾਲਿਆ ਹਰਨਾਂ ਬਾਗੀਂ ਚਰਨਾਂ
ਤੇਰਿਆਂ ਸਿੰਗਾਂ ਤੇ ਕੀ ਕੁੱਝ ਲਿਖਿਆ
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟੱਪਦਾ ਨੌਂ ਨੌਂ ਕੋਠੇ
ਹੁਣ ਨਾ ਟੱਪਦੀਆਂ ਖਾਈਆਂ ,
ਖਾਈ ਟੱਪਦੇ ਦੇ ਲੱਗਿਆ ਕੰਡਾ
ਦਿੰਦਾ ਏ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਖਾਧਾ
ਹੱਡੀਆਂ ਰੇਤ ਰਲਾਈਆਂ
ਚੁਗ ਚੁਗ ਹੱਡੀਆਂ ਪਿੰਜਰ ਬਣਾਵੇ
ਸਈਆਂ ਵੇਖਣ ਆਈਆਂ।
ਇਹਨਾਂ ਸਈਆਂ ਦੇ ਚੱਕਮੇਂ ਲਹਿੰਗੇ
ਪਿੱਪਲੀਂ ਪੀਂਘਾਂ ਪਾਈਆਂ
ਹਾਲੇ ਕਿਆਂ ਦਾ ਠਾਣਾ ਆਇਆ
ਉਹਨੇ ਆਣ ਲੁਹਾਈਆਂ
ਬਿਸ਼ਨੋ ਦੇ ਚਰਖੇ ਤੇ
ਗਿਣ ਗਿਣ ਮੇਖਾਂ ਲਾਈਆਂ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਸੋਟੀਆਂ।
ਭੈਣਾਂ ਮੇਰੀਆਂ ਭੋਲੀਆਂ
ਸਾਲੀਆਂ ਦਿਲਾਂ ਦੀਆਂ ਖੋਟੀਆਂ।