ਕੁੜਤੀ ਤਾਂ ਤੇਰੀ ਹਰੀ ਛਾਂਟ ਦੀ
ਉੱਡਦਾ ਚਾਰ ਚੁਫੇਰਾ
ਗੋਰਿਆਂ ਪੱਟਾਂ ਦਾ ਦਰਸ਼ਨ ਦੇ ਦੇ
ਕੁਛ ਨੀ ਵਿਗੜਦਾ ਤੇਰਾ
ਚਰਖੇ ਜਾ ਬਹਿੰਦੀ
ਭੰਨ ਕੇ ਕਾਲਜਾ ਮੇਰਾ ।
Bhangra Boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡੇਰਾ।
ਭਰਮ ਧਰਮ ਦੋਹੀਂ ਪਾਸੀਂ,
ਕੀ ਤੇਰਾ, ਕੀ ਮੇਰਾ।
ਲੋਕਾਂ ਦਾ, ਪਾਈਆ ਨੀ ਮੰਨਦੇ,
ਆਪਣਾ ਸੇਰ ਕਹਿ-ਸੇਰਾ।.
ਧਰਮ ਤੋਲੂਗਾ……….,
ਰੱਖ ਜਰਾ ਕੁ ਜੇਰਾ।
ਤੂੰ ਤਾਂ ਕੁੜੀਏ ਬਾਹਲੀ ਸੋਹਣੀ
ਘਰ ਵਾਲਾ ਤੇਰਾ ਕਾਲਾ
ਉਹ ਨਾ ਕਰਦਾ ਕੰਮ ਦਾ ਡੱਕਾ
ਤੂੰ ਕਰਦੀ ਐਂ ਬਾਹਲਾ
ਮੈਂ ਤਾਂ ਤੈਨੂੰ ਕਹਿਨਾਂ ਕੁੜੀਏ
ਤੂੰ ਵੱਟ ਲੈ ਹੁਣ ਟਾਲਾ
ਤੂੰ ਪਈ ਫੁੱਟ ਵਰਗੀ
ਭੂੰਡ ਤੇਰੇ ਘਰ ਵਾਲਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਖਾਰੀ।
ਕੀ ਸਾਂਢੂ ਦੀ ਦੋਸਤੀ,
ਕੀ ਖੁਸਰੇ ਦੀ ਯਾਰੀ।
ਬਾਝੋਂ ਨਾਰੀ ਕੀ ਐ ਨਰ,
ਬਾਂਝੋ ਨਰ ਕੀ ਨਾਰੀ।
ਨਰ ਤੇ ਨਾਰੀ ਤਾਂ….
ਪਿਆਰੇ ਸਣੇ ਪਿਆਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਚੋਲ੍ਹੀ।
ਸਭੇ ਰੰਗ ਸਭਨਾਂ ਦੇ ਸਾਂਝੇ,
ਸਭ ਦੀ ਸਾਂਝੀ ਹੋਲੀ।
ਉੱਪਰ ਉੱਪਰ ਬੱਦਲ ਬੱਦਲੀ,
ਖੇਲ੍ਹੇ ਅੱਖ-ਮਚੋਲੀ।
ਰੰਗਤੀ ਰੰਗਾਂ ਨੇ….
ਰੰਗ ਰੰਗੀਲੀ ਹੋਲੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਭੈਣੀ।
ਜੱਗ ਦੇ ਵਿੱਚ ਹੈ, ਰਹਿਣਾ ਜਦ ਤੱਕ,
ਕੁਛ ਸੁਣਨੀ, ਕੁਛ ਕਹਿਣੀ।
ਭਲਾ ਕਰਨਾ, ਭਲਾ ਕਮਾਉਣਾ,
ਨੇਕ ਜਿਨ੍ਹਾਂ ਦੀ ਰਹਿਣੀ।
ਨੇਕੀ ਕਰ ਬੰਦਿਆ……,
ਸਦਾ ਨਾਲ ਜੋ ਰਹਿਣੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਥਾਲੀ।
ਪਾਲੀ ਛੱਡ ਦਿੰਦੇ,
ਪਰ ਕੀ ਛੱਡਦਾ ਹਾਲੀ।
ਮੋਦਨ ਕਉਂਕਿਆਂ ਦਾ,
ਡਾਂਗ ਰੱਖਦਾ ਕੋਕਿਆਂ ਵਾਲੀ।
ਮੇਲਾ ਲੁੱਟ ਲੈਂਦੀ.
ਨੱਚਦੀ ਘੁੰਗਰੀਆਂ ਵਾਲੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਭਾਰਾ।
ਰੋਹੀ ਵਾਲਾ, ਜੰਡ ਵੱਢ ਕੇ,
ਪਾ ਕੇ ਦਊਂ ਚੁਬਾਰਾ।
ਰਾਈਓਂ ਰੇਤ ਵੰਡਾਵਾਂ ਨੀ,
ਅੱਧਾ ਵਿੱਚੋਂ ਚੁਬਾਰਾ।
ਆਪਣੇ ਪ੍ਰੇਮੀ ਨੂੰ ……..,
ਲਾ ਨਾ ਅੜੀਏ ਲਾਰਾ।
ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਦੀਨਾ।
ਬਲਦ ਤਾਂ ਹੁਣ ਦਿਸਣੋ ਹਟਗੇ,
ਆਈਆਂ ਪਿੰਡ ਮਸ਼ੀਨਾ।
ਵਾਹੀ ਕਰਨੋ ਗੱਭਰੂ ਹਟ ਗੇ,
ਉਲਟਾ ਲਗ ਗੇ ਫੀਮਾ।
ਆ ਕੇ ਛਤਰੀ ਤੇ,
ਬਹਿ ਗਿਆ ਕਬੂਤਰ ਚੀਨਾ।
ਪਿੰਡਾਂ ਵਿੱਚੋਂ ਪਿੰਡ ਛਾਂਟੀਏ
ਪਿੰਡ ਛਾਂਟੀਏ ਤਲਵੰਡੀ
ਉਥੋਂ ਦੀ ਇੱਕ ਨਾਰ ਸੁਣੀਂਦੀ
ਗਲ ਵਿੱਚ ਉਹਦੇ ਘੰਡੀ
ਬਾਰਾਂ ਸਾਲ ਦੀਏ
ਕਾਲੇ ਨਾਗ ਨੇ ਡੰਗੀ
ਆਰੀ-ਆਰੀ-ਆਰੀ
ਕੋਠੇ ਚੜ੍ਹ ਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਕੋਠੇ ਉੱਤਰਦੀ ਦੇ ਵੱਜਿਆ ਕੰਡਾ
ਕੰਡੇ ਦਾ ਦੁੱਖ ਭਾਰੀ
ਗੱਭਣਾਂ ਤੀਮੀਆਂ ਨੱਚਣੋਂ ਰਹਿ ਗਈਆਂ
ਫੰਡਰਾਂ ਦੀ ਆ ਗਈ ਵਾਰੀ
ਨਿੰਮ ਨਾਲ ਝੂਟਦੀਏ
ਲਾ ਮਿੱਤਰਾਂ ਨਾਲ ਯਾਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਵਾਘਾ।
ਐਥੇ ਡੱਕਾ ਲਾਦੇ ਹੁਣ,
ਕਾਹਨੂੰ ਮਾਰਦੈਂ ਵਾਧਾ।
ਸੂਝ ਬੂਝ ਦੀ ਹੋ ਗੀ ਖੇਤੀ,
ਕੀ ਘੱਗਾ, ਕੀ ਵਾਹਗਾ।
ਮੌਜਾਂ ਮਾਣ ਰਿਹੈ……….,
ਜੋ ਜੋ ਹੈ ਵਡਭਾਗਾ।