ਜ਼ਿੰਦਗੀ ਇੱਕ ਕਿਤਾਬ

ਜ਼ਿੰਦਗੀ ਕੋਈ ਫਿਲਮ ਤਾਂ ਨਹੀਂ ਜਿਸਨੂੰ ਤੁਸੀਂ ਮਨ ਚਾਹੇ ਢੰਗ ਨਾਲ ਪੇਸ਼ ਕਰ ਲਉਗੇ ਪਰ ਜ਼ਿੰਦਗੀ ਇੱਕ ਕਿਤਾਬ ਜ਼ਰੂਰ ਹੋ ਸਕਦੀ ਏ ਜਿਸਨੂੰ ਤੁਸੀਂ ਆਪਣੇ ਢੰਗ ਨਾਲ ਲਿਖ ਸਕਦੇ ਉ। ਹਰ ਇੱਕ ਪੰਨਾ ਹਰ ਆਮ ਦਿਨ ਵਾਂਗੂੰ, ਜੋ ਗਲਤੀ ਪਿਛਲੇ ਪੰਨੇ ਤੇ ਕੀਤੀ ਸੀ ਕੋਸ਼ਿਸ਼ ਕਰੋ ਕਿ ਉਹ ਦੁਬਾਰਾ ਨਾ ਦੁਹਰਾਉ। ਕੱਟ ਕਟਾ ਕਿ ਹੀ ਕਵਿਤਾਵਾਂ ਗੀਤ ਪੂਰੇ ਹੁੰਦੇ ਨੇ। ਗਲਤੀਆਂ ਤੋਂ ਭੱਜੋ ਨਾ, ਹੱਸ ਕੇ ਕਬੂਲ ਕਰੋ। ਜ਼ਿੰਦਗੀ ਨੂੰ ਜਿਉਣ ਤੇ ਕੱਟਣ ਵਿਚਲਾ ਫਰਕ ਜਿੰਨੀ ਛੇਤੀ ਜਾਣ ਲਉਗੇ, ਇਸ ਸਫਰ ਨਾਲ ਉਨੀ ਛੇਤੀ ਮੋਹ ਵਧ ਜਾਵੇਗਾ। ਕਦੇ ਵੀ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਟਿੱਪਣੀ ਨਾ ਕਰੋ, ਚਾਹੇ ਨੈੱਟ ਤੇ ਚਾਹੇ ਅਸਲੀਅਤ ‘ਚ, ਹਮੇਸ਼ਾਂ ਆਪਣੇ ਤੇ ਆਪਣੇ ਪਰਿਵਾਰ ਤੱਕ ਸੀਮਤ ਰਹੋ। ਟੀਚੇ ਮਿੱਥੋ ਤੇ ਉਹਨਾਂ ਲਈ ਕੰਮ ਕਰੋ, ਸ਼ੋਸ਼ਲ ਮੀਡੀਆ ਇਸ ਖੂਬਸੂਰਤ ਤੇ ਮੌਕਿਆਂ ਭਰੀ ਦੁਨੀਆਂ ਦਾ ਇੱਕ ਰੰਗਲਾ ਪੜਾਅ ਏ ਪਰ ਅੰਤ ਨੀ। ਚੁਗਲੀ, ਖਹਿਬਾਜੀ, ਗਰੁੱਪਾਂ, ਈਰਖਾ ਨੇ ਤੁਹਾਡਾ ਅੰਦਰ ਸਾੜ ਦੇਣਾ ਤੇ ਆਪਾਂ ਇਹ ਕਰਨ ਨੀ ਆਏ ਐਥੇ ਕਿ ਨਹੀਂ..!

ਮੈਂ ਅਕਸਰ ਪੜਿਆ ਤੇ ਸੁਣਿਆ ਸੀ ਕਿ ਜੇ ਸੱਚ ਬੋਲੋਗੇ, ਛਿੱਤਰ ਖਾਉਗੇ। ਇਹ ਤਜਰਬਾ ਹੋਇਆ ਵੀ ਆ ਪਰ ਮੈਂ ਝੂਠ ਤੋਂ ਹਲੇ ਵੀ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ। ਸੱਚ ਜਾਣ ਲਉ ਬਹੁਤ ਕੁੱਝ ਆਸਾਨ ਹੋ ਜਾਵੇਗਾ ਪਰ ਇਹ ਆਸ ਕਦੇ ਨਾ ਕਰਨਾ ਕਿ ਤੁਹਾਡਾ ਆਲਾ-ਦੁਆਲਾ ਵੀ ਉਸ ਸੱਚ ਨੂੰ ਉਵੇਂ ਹੀ ਕਬੂਲੇਗਾ ਜਿਸ ਤਰ੍ਹਾਂ ਤੁਸੀਂ ਕਬੂਲਿਆ ਹੈ। ਜ਼ਿੰਦਗੀ ਇੱਕ ਜੰਗ ਹੈ ਤੇ ਇਸਨੂੰ ਤੁਸੀਂ ਖੁਦ ਹੀ ਲੜ ਕੇ ਜਿੱਤ ਸਕਦੇ ਹੋ। ਦੂਜੇ ਤੁਹਾਡੇ ਲਈ ਪ੍ਰੇਰਣਾ ਸਰੋਤ ਹੋ ਸਕਦੇ ਨੇ ਪਰ ਉਹ ਕਦੇ ਵੀ ਤੁਹਾਡੀ ਲੜਾਈ ਨਹੀਂ ਲੜਨਗੇ। ਇਸ ਲਈ ਕਦੇ ਵੀ ਆਪਣੇ ਆਪ ਤੋਂ ਨਾ ਭੱਜੋ, ਜੇ ਤੁਹਾਨੂੰ ਪਤਾ ਹੈ ਕਿ ਸਵੇਰੇ ਸਾਜਰੇ ਉੱਠ ਕੇ ਤੁਸੀਂ ਕੋਈ ਕੰਮ ਨੇਪਰੇ ਚਾੜ੍ਹ ਸਕਦੇ ਹੋ ਤਾਂ ਅੱਖਾਂ ਨਾ ਮੀਚੋ। ਇਹ ਸਾਰੀ ਦੁਨੀਆਂ ਤੁਹਾਨੂੰ ਧੋਖਾ ਦਿੰਦੀ ਫਿਰਦੀ ਆ ਪਰ ਤੁਸੀਂ ਆਪਣੇ ਆਪ ਨਾਲ ਧੋਖਾ ਨਾ ਕਰੋ। ਕਦੇ ਵੀ ਆਪਣੇ ਆਪ ਨੂੰ ਝੂਠ ਨਾ ਬੋਲੋ। ਕਦੇ ਵੀ ਆਪਣੇ ਲਏ ਫੈਸਲੇ ਤੇ ਸ਼ੱਕ ਨਾ ਕਰੋ, ਜੇ ਦੋ ਚਿੱਤਾ ਚਿੱਤ ਹੋਵੇ ਤਾਂ ਦੂਜੀ ਵਾਰ ਵਿਚਾਰ ਕਰ ਲਉ ਪਰ ਮੰਜ਼ਿਲ ਕਿਸੇ ਇੱਕ ਰਾਹ ਤੇ ਹੀ ਮਿਲੇਗੀ ਦੋਵਾਂ ਤੇ ਨਹੀਂ। ਅੰਗ੍ਰੇਜ਼ੀ ਦੇ ਸ਼ਬਦਾਂ ਅਨੁਸਾਰ ਸਥਿਤੀ ਨੂੰ ਹਮੇਸ਼ਾ accept ਕਰੋ ਨਾ ਕਿ expect ਕਿ ਕਾਸ਼ ਇਸ ਤਰ੍ਹਾਂ ਹੋ ਜਾਂਦਾ। ਕਾਸ਼ ਤੇ ਹਕੀਕਤ ਵਿੱਚ ਫਰਕ ਹੁੰਦਾ ਏ ਤੇ ਜਦੋਂ ਤੁਸੀਂ ਇਹ ਮੰਨ ਲੈਂਦੇ ਹੋ ਤਾਂ ਅੱਗੇ ਵਧਣਾ ਬਹੁਤ ਆਸਾਨ ਹੋ ਜਾਂਦਾ ਏ।

ਮੈਂ ਜ਼ਿੰਦਗੀ ‘ਚ ਬਹੁਤ ਗਲਤੀਆਂ ਵੀ ਕੀਤੀਆਂ, ਬਹੁਤ ਕੁੱਝ ਸਿੱਖਿਆ ਵੀ, ਬਹੁਤ ਗਲਤ ਫੈਸਲੇ ਵੀ ਲਏ ਪਰ ਅੱਜ ਜ਼ਿੰਦਗੀ ਦੇ ਜਿਸ ਮੋੜ ਤੇ ਹਾਂ, ਬੜਾ ਸ਼ੰਤੁਸ਼ਟ ਹਾਂ। ਫੇਸਬੁਕ ਨੇ ਬਹੁਤ ਸਾਰੇ ਪਿਆਰ ਕਰਨ ਵਾਲੇ ਦਿੱਤੇ ਨੇ, ਸਭ ਦਾ ਬੜਾ ਰਿਣੀ ਹਾਂ। ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਪਿਆਰ ਅਤੇ ਸਤਿਕਾਰ। ਆਉ ਪਿਆਰ ਤੇ ਹਾਸੇ ਵੰਡੀਏ। ਜ਼ਿੰਦਗੀ ਜ਼ਿੰਦਾਬਾਦ ~

  • ਲੇਖਕ: Jashandeep Singh Brar
Share on Whatsapp