ਵਾਕਿਆ ਜਿਸਨੇ ਮੇਰੀ ਰੂਹ ਨੂੰ ਝੰਜੋੜ ਦਿੱਤਾ

3 ਕੁ ਸਾਲ ਪਹਿਲਾਂ ਦਾ ਇਕ ਵਾਕਿਆ ਜਿਸਨੇ ਮੇਰੀ ਰੂਹ ਨੂੰ ਝੰਜੋੜ ਦਿੱਤਾ, ਮੈਂ ਪਿੰਗਲਵਾੜਾ ਗਈ ਸੀ ਕੁਝ ਖਾਣ-ਪੀਣ ਦਾ ਸਮਾਨ ਲੈ ਕੇ ਤਾਂ ਜੋ ਉਥੇ ਰਹਿੰਦੇ ਹਾਲਾਤ ਦੇ ਮਾਰਿਆਂ ਨਾਲ ਕੁਝ ਪਲ ਖੁਸ਼ੀ ਦੇ ਸਾਂਝੇ ਕਰ ਸਕਾਂ। ਅੰਦਰ ਪਹੁੰਚੀ ਤਾਂ ਧਿਆਨ ਉਥੇ ਰਹਿੰਦੇ ਬੱਚਿਆਂ ਤੇ ਗਿਆ, ਵੈਸੇ ਤਾਂ ਸਭ ਬੱਚੇ ਹੀ ਬਹੁਤ ਪਿਆਰੇ ਸਨ, ਪਰ ਇੱਕ ਬੱਚਾ ਜਿਸ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ ‘ਕਰਣ’, ਬਹੁਤ ਹੀ ਮਾਸੂਮ, ਸੋਹਣਾ ‘ਤੇ ਭੂਰੇ ਰੰਗ ਦੇ ਵਾਲਾਂ ਵਾਲਾ ‘ਕਰਨ’ ਜੋ ਸਰੀਰਕ ਤੇ ਮਾਨਸਿਕ ਪੱਖੋਂ ਕਮਜ਼ੋਰ ਜਿਹਾ ਈ ਸੀ। ਮੈਂ ਉਸਨੂੰ ਕੋਲ ਬੁਲਾਇਆ, ਗੱਲਬਾਤ ਚ ਪਤਾ ਲੱਗਾ ਕਿ ਭੰਗੜੇ ਦਾ ਬਹੁਤ ਸ਼ੌਕੀਨ ਸੀ, ਮੇਰੇ ਕਹਿਣ ਤੇ ਉਸਨੇ ਝੱਟ ਭੰਗੜਾ ਕਰਕੇ ਵਿਖਾਉਣ ਦੀ ਹਾਮੀ ਭਰੀ ਤੇ ਸ਼ੁਰੂ ਹੋ ਗਿਆ, ਮੈਂ ਵੀ ਉਸ ਨਾਲ ਭੰਗੜਾ ਪਾਉਣ ਤੋਂ ਆਪਣੇ ਆਪ ਨੂੰ ਰੋਕ ਨਾਂ ਸਕੀ । ਉਸ ਬੱਚੇ ਚ’ ਇਕ ਗੱਲ ਬਹੁਤ ਵਿਲੱਖਣ ਸੀ, ਉਸ ਦੀਆਂ ਅੱਖਾਂ ਬਹੁਤ ਕੁਝ ਕਹਿਣਾ ਚਾਹ ਰਹੀਆਂ ਸਨ, ਪਰ ਕੀ ? ਇਹ ਸਮਝ ਤੋਂ ਬਾਹਰ ਸੀ। ਪਤਾ ਨਹੀਂ ਦਿਲ ਅੰਦਰੋਂ-ਅੰਦਰੋਂ ਰੋਈ ਜਾ ਰਿਹਾ ਸੀ ਕਿ ਕੋਈ ਇੰਨੇ ਪਿਆਰੇ ਬੱਚੇ ਨੂੰ ਕਿਵੇਂ ਆਪਣੇ ਤੋਂ ਦੂਰ ਕਰ ਸਕਦਾ ਹੈ। ਮੈਥੋਂ ਰਿਹਾ ਨਾ ਗਿਆ ‘ਤੇ ਮੈਂ ਅੱਗੇ ਹੋ ਕੇ ਪੁੱਛ ਹੀ ਲਿਆ ਕਿ, ‘ਮੈਡਮ, ਮੈਨੂੰ ਪਤਾ ਨਹੀਂ ਕਿਉਂ ਇਸ ਬੱਚੇ ਦੀ ਕਹਾਣੀ ਜਾਨਣ ਦੀ ਲਾਲਸਾ ਸੀ। ਮੈਂ ਪੁੱਛਿਆ ਕਿ ਇਹ ਬੱਚਾ ਇੱਥੇ ਕਿਵੇਂ’।

ਬੱਚੇ ਦੀ ਕਹਾਣੀ:

ਉੱਥੋਂ ਦੀ ਹੈੱਡ ਨੇ ਦੱਸਿਆ ਕਿ ਇਸ ਬੱਚੇ ਦੀ ਮਾਂ ਕਿਸੇ ਨਾਲ ਬਹੁਤ ਰੂਹ ਨਾਲ ਪਿਆਰ ਕਰਦੀ ਸੀ। ਉਹ ਮੁੰਡਾ ਸ਼ਾਇਦ NRI ਸੀ ਤੇ ਕਾਫ਼ੀ ਰਸੂਖਦਾਰ ਘਰ ਤੋਂ ਵੀ ‘ਤੇ ਜਦੋਂ ਬੰਦੇ ਨੂੰ ਪਿਆਰ ਹੁੰਦਾ ਤਾਂ ਉਸਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ ‘ਤੇ ਸੁਭਾਵਕ ਜਿਹੀ ਗੱਲ ਸੀ ਕਿ ਦੋਵਾਂ ਚ ਸਰੀਰਕ ਰਿਸ਼ਤੇ ਵੀ ਬਣੇ ਜਿਸ ਕਾਰਨ ਕੁੜੀ ਗਰਭਵਤੀ ਹੋ ਗਈ। ਜਦੋਂ ਇਸ ਗੱਲ ਦਾ ਪਤਾ ਦੋਵਾਂ ਨੂੰ ਚੱਲਿਆ ਤਾਂ ਮੁੰਡੇ ਸਮੇਤ ਮੁੰਡੇ ਦੇ ਪਰਿਵਾਰ ਨੇ ਉਸ ਨੂੰ ਅਪਨਾਉਣ ਤੋਂ ਮਨਾਂ ਕਰ ਦਿੱਤਾ। ਉਸ ਨੇ ਕਿਹਾ , ‘ਨਾ ਮੈਂ ਤਾਂ ਨਹੀਂ ਖੜ ਸਕਦਾ। ਕੁੜੀ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੀ। ਇਸ ਦਾ ਅਸਰ ਉਸ ਦੇ ਦਿਮਾਗ ਤੇ ਪਿਆ। ਇਸ ਸਮੇਂ ਉਸ ਕੋਲ ਕਿਸੇ ਦੀ ਕੋਈ ਸਪੋਰਟ ਨਹੀਂ ਸੀ ਨਾ ਤਾਂ ਘਰਦਿਆਂ ਦੀ ਅਤੇ ਨਾਂ ਹੀ ਆਪਣੇ ਰੂਹਾਂ ਦੇ ਸਾਥੀ ਦੀ। ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਈ। ਇਸ ਤੋਂ ਬਾਅਦ ਰੱਬ ਨੇ ਉਹਨਾਂ ਨੂੰ ਪਿੰਗਲਵਾੜੇ ਦਾ ਰਸਤਾ ਦਿਖਾਇਆ। ਇੱਥੇ ਹੀ ਉਸ ਨੇ ਇਸ ਪਿਆਰੇ ਬੱਚੇ ਕਰਨ ਨੂੰ ਜਨਮ ਦਿੱਤਾ।ਇਸ ਤੋਂ ਬਾਅਦ ਬੱਚਾ ਤੇ ਮਾਂ ਦੋਵੇਂ ਹੀ ਪਿੰਗਲਵਾੜੇ ਰਹਿੰਦੇ ਹਨ ਪਰ ਇੱਕ ਦੂਜੇ ਤੋਂ ਵੱਖਰੇ ਕਿਉਂਕਿ ਮਾਂ ਮਾਨਸਿਕ ਤੌਰ ਤੇ ਬਿਮਾਰ ਹੋਣ ਕਾਰਨ ਉਸ ਨੂੰ ਮੈਂਟਲ ਵਾਰਡ ਚ ਰੱਖਿਆ ਗਿਆ ਹੈ ਅਤੇ ਬੱਚੇ ਨੂੰ ਬੱਚਿਆਂ ਵਾਲੇ ਵਾਰਡ ਚ। ਪਰ ਉਹਨਾਂ ਦਸਿਆ ਕਿ ਉਹ ਮਾਂ-ਪੁੱਤ ਨੂੰ ਤਕਰੀਬਨ ਇੱਕ ਦੂਜੇ ਨਾਲ ਮਿਲਵਾਉਂਦੇ ਹਨ। ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਇਹ ਬੇਬਸ ਤੇ ਭੋਲੀ ਮਾਂ ਆਪਣੇ ਹੀ ਬੱਚੇ ਨੂੰ ਪਹਿਚਾਨਣ ਤੋਂ ਅਸਰਮਰਥ ਹੈ। ਉਹ ਇਹ ਤੱਕ ਨਹੀਂ ਜਾਂਦੀ ਕਿ ਇਹ ਉਸ ਦਾ ਹੀ ਕਲੇਜਾ ਦਾ ਟੁੱਕੜਾ ਹੈ। ਇਹ ਕਹਾਣੀ ਸੁਣ ਕੇ ਮੈਂ ਦੋ ਦਿਨ ਰੋਟੀ ਨਹੀਂ ਖਾਧੀ ਸੀ। ਉਸ ਦਿਨ ਸਭ ਤੋਂ ਪਹਿਲਾਂ ਘਰ ਆ ਕੇ ਆਪਣੀ ਮਾਂ ਨੂੰ ਗੱਲੇ ਲਾਇਆ ਸੀ। ਓਦੋਂ ਤੋਂ ਹੀ ਇਸ ਬੱਚੇ ਨੂੰ ਦੋਬਾਰਾ ਮਿਲਣ ਦਾ ਮੰਨ ਸੀ। ਪਰ ਜ਼ਿੰਦਗੀ ਦੀ ਚੱਕਰ ਚ ਇੰਨੇ ਰੁਝੇਵੇਂ ਸੀ ਕਿ ਜਾ ਹੀ ਨਹੀਂ ਪਾਈ।

ਪਰ ਇਸ ਵਾਰ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਮੇਰਾ ਦੋਬਾਰਾ ਉਸ ਨੂੰ ਮਿਲਣ ਦਾ ਸਬੱਬ ਬਣਿਆ। ਦੀਵਾਲੀ ਤੋਂ ਅਗਲੇ ਦਿਨ ਵਾਲੇ ਦਿਨ ਮੈਂ ਦੋਬਾਰਾ ਪਿੰਗਲਵਾੜੇ ਗਈ। ਬਹੁਤ ਜੀਅ ਕਰਦਾ ਸੀ ਕਿ ਹੁਣੇ ਮੇਰੀਆਂ ਅੱਖਾਂ ਸਾਹਮਣੇ ਆ ਜਾਵੇ ਤੇ ਮੈਂ ਉਸ ਨੂੰ ਘੁੱਟ ਕੇ ਆਪਣੇ ਗੱਲ ਨਾਲ ਲਾ ਲਵਾਂ ‘ਤੇ ਬੱਸ ਫੇਰ ਛੱਡਾ ਨਾ। ਇਸ ਵਾਰੀ ਜਦੋਂ ਮੈਂ ਦੋਬਾਰਾ ਉਸ ਨੂੰ ਵੇਖਿਆ ਤਾਂ ਉਹ ਬਹੁਤ ਵੱਡਾ ਲੱਗ ਰਿਹਾ ਸੀ । ਗੋਰੇ ਰੰਗ ‘ਤੇ ਜਲੇਬੀ ਦੀ ਚਾਸ਼ਨੀ ਵਰਗਾ ਹਾਸਾ ਤੇ ਢਿੱਲੇ ਜੂੜਾ, ਅੱਜ ਵੀ ਉਹ ਭੰਗੜਾ ਹੀ ਪਾ ਰਿਹਾ ਸੀ। ਉਸ ਨੇ ਤਾਂ ਮੈਨੂੰ ਨਹੀਂ ਪਹਿਚਾਣਿਆ ਪਰ ਮੈਂ ਉਸ ਨੂੰ ਪਹਿਚਾਣ ਲਿਆ ਸੀ। ਸਭ ਤੋਂ ਪਹਿਲਾਂ ਤਾਂ ਮੈਂ ਉਸ ਨੂੰ ਗਲ ਨਾਲ ਲਾਇਆ, ਫੇਰ ਉਸ ਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੇਰੀਆਂ ਉਂਗਲਾਂ ਫੜੀਆਂ ‘ਤੇ ਕਿਹਾ ਕਿ, ‘ਮੇਰੇ ਨਾਲ ਨੱਚੋ’ ਅਸੀਂ ਦੋਵਾਂ ਨੇ ਇਕੱਠੇ ਭੰਗੜਾ ਪਾਇਆ ਤੇ ਉਹ ਖੁਸ਼ੀ ਸ਼ਾਇਦ ਮੈਂ ਇੱਥੇ ਬਿਆਨ ਨਹੀਂ ਕਰ ਸਕਦੀ। ਬਸ ਇੱਕ ਦਿਲੋਂ ਦੁਆ ਆ ਉਸ ਪਰਮਾਤਮਾ ਅੱਗੇ ਕਿ ਇਸ ਬੱਚੇ ਦੀ ਅਤੇ ਇਸ ਘਰ ‘ਚ ਰਹਿੰਦੇ ਸਾਰਿਆਂ ਬੱਚਿਆਂ ਦੀ ਹਰ ਕਾਮਨਾ ਪੂਰੀ ਹੋਵੇ। ਇਹ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਸਾਡੇ ਭੰਗੜੇ ਦੀ।

Likes:
Views:
11
Article Tags:
Article Categories:
Emotional

Leave a Reply

Your email address will not be published. Required fields are marked *

10 + seven =