ਸੁਆਹ ਦੀ ਮੁੱਠ

ਪਿਛਲੇ ਸਾਲ ਨਵੰਬਰ ਮਹੀਨੇ ਵਿੰਨੀਪੈਗ ਤੋਂ 70 ਕਿਲੋਮੀਟਰ ਦੂਰ ਬੀਚ ਤੇ ਜਾਣ ਦਾ ਮੌਕਾ ਮਿਲਿਆ !
ਕਈ ਲੋਕ lake ਵਿਚ ਕੁੰਡੀ ਸੁੱਟੀ ਨਿੱਘੀ ਧੁੱਪ ਦਾ ਲੁਤਫ਼ ਉਠਾ ਰਹੇ ਸਨ

ਇੱਕ ਗੋਰੇ ਨੂੰ ਪੁੱਛਿਆ ਕੇ ਕੋਈ ਮੱਛੀ ਫਸੀ..?
ਮਾਯੂਸ ਹੁੰਦਾ ਆਖਣ ਲੱਗਾ..2 ਘੰਟੇ ਹੋ ਗਏ ਕੋਈ ਨੀ ਫਸੀ…

ਗੱਲਾਂ ਕਰ ਹੀ ਰਹੇ ਸਾਂ ਕੇ ਇੱਕ ਖੁਸ਼ਦਿਲ ਜਿਹਾ ਫਿਲਿਪੀਨੋ ਆਇਆ ਤੇ ਲਾਗੇ ਹੀ ਆਪਣਾ ਸਿਸਟਮ ਜਿਹਾ ਸੈੱਟ ਕਰ ਪਾਣੀ ਵਿਚ ਕੁੰਡੀ ਸੁੱਟ ਦਿੱਤੀ…

ਮਸਾਂ 2 ਮਿੰਟ ਹੀ ਹੋਏ ਸੀ ਕੇ 2 ਕੁ ਕਿੱਲੋ ਦੀ ਮੋਟੀ-ਤਾਜੀ ਮੱਛੀ ਬਾਹਰ ਕੱਢ ਲਈ ਤੇ ਲਾਗੇ ਹੀ ਰੱਖੇ ਜਾਲ ਵਿਚ ਪਾ ਦਿੱਤੀ..ਮੱਛੀ ਤੜਪ ਰਹੀ ਸੀ ਤੇ ਫਿਲਿਪੀਨੋ ਖੁਸ਼ੀ ਵਿਚ ਨੱਚਦਾ ਹੋਇਆ ਕਿਸੇ ਨੂੰ ਫੋਨ ਤੇ ਖਬਰ ਦੇ ਰਿਹਾ ਸੀ..

ਸਾਰਾ ਕੁਝ ਦੇਖ 2 ਘੰਟੇ ਤੋਂ ਆਸਨ ਲਾਈ ਬੈਠੇ ਗੋਰੇ ਦੇ ਚੇਹਰੇ ਤੇ ‘ਈਰਖਾ..ਗੁੱਸੇ ਤੇ ਨਿਰਾਸ਼ਾ ਦੇ ਹਾਵ ਭਾਵ ਉੱਭਰ ਆਏ
ਆਪਣੀ ਅੱਧ ਪੀਤੀ ਬੀੜੀ ਗੁੱਸੇ ਨਾਲ ਪਟਕਾ ਕੇ ਥੱਲੇ ਮਾਰੀ ਤੇ ਮੁੜ ਉਸਨੂੰ ਜੁੱਤੀ ਹੇਠ ਮ੍ਸ੍ਲਦਾ ਹੋਇਆ ਸਭ ਕੁਝ ਸਮੇਟ ਬੁੜ-ਬੁੜ ਕਰਦਾ ਹੋਇਆ ਓਥੋਂ ਚਲਾ ਗਿਆ..

ਮੇਰੇ ਦੇਖਦਿਆਂ ਦੇਖਦਿਆਂ ਇੱਕ ਇਨਸਾਨ ਦੀ ਕਿਸਮਤ ਖੁੱਲ ਗਈ ਤੇ ਦੂਜਾ ਕੋਲ ਬੈਠਾ ਸੜ ਕੇ ਸੁਆਹ ਹੋ ਗਿਆ ਤੇ ਤੀਜੀ ਬਿਨ ਪਾਣੀਓਂ ਤੜਪਦੀ ਹੋਈ ਘਰ ਪਰਿਵਾਰ ਤੇ ਦੁਨੀਆਂ ਤੋਂ ਵਿਛੜ “ਮੌਤ ਦੀਆਂ ਘੜੀਆਂ” ਗਿਣ ਰਹੀ ਸੀ !

ਕੋਲ ਬੈਠਾਂ ਸੋਚ ਰਿਹਾ ਸਾਂ ਕੇ ਜੇ ਥੋੜਾ ਹੋਰ ਸਬਰ ਕਰ ਲੈਂਦਾ ਤਾਂ ਸ਼ਾਇਦ ਇਸ ਤੋਂ ਵੀ ਵੱਡੀ ਫਸ ਜਾਂਦੀ…
ਪਰ ਚੰਦਰੀ ਇਨਸਾਨੀ ਸੋਚ..ਆਪਣੇ ਦੁੱਖ ਨੀ ਏਨਾ ਸਤਾਉਂਦੇ ਜਿੰਨੇ ਦੂਜਿਆਂ ਦੇ ਸੁਖ ਤੇ ਤੱਰਕੀਆਂ ਸਾੜਦੀਆਂ ਨੇ..
ਦੂਜੇ ਨੂੰ ਮੇਰੇ ਤੋਂ ਪਹਿਲਾਂ ਤੇ ਮੇਰੇ ਤੋਂ ਵੱਡਾ ਮੁਨਾਫ਼ਾ ਕਿਓਂ ਹੋ ਗਿਆ…?
ਦੂਜਾ ਮੇਰੇ ਤੋਂ ਪਹਿਲਾਂ ਪ੍ਰੋਮੋਸ਼ਨ ਕਿਓਂ ਲੈ ਗਿਆ..?
ਜੇ ਮੈਂ ਦੁਖੀ ਤਾਂ ਫੇਰ ਦੂਜਾ ਸੁਖੀ ਕਿਓਂ ਏ..ਕਿਓੰਕੇ ਸੰਸਾਰ ਦੇ ਸਾਰੇ ਸੁੱਖਾ ਤੇ ਤਾਂ ਸਿਰਫ ਮੇਰਾ ਹੀ ਹੱਕ ਏ ?
ਵਗੈਰਾ ਵਗੈਰਾ..

ਸਾਰੀ ਉਮਰ ਬਸ ਇਸੇ ਸੋਚ ਵਿਚ ਮੁੱਕਦਾ ਜਾਂਦਾ ਜਦੋ ਅਖੀਰ ਅਸਲ ਮੜੀ ਤੇ ਲੰਮੇ ਪਿਆ ਸੁਆਹ ਦਾ ਢੇਰ ਬਣਨ ਲਈ ਤਿਆਰ ਬੈਠਾ ਹੁੰਦਾ ਏ ਤਾਂ ਫੇਰ ਆਤਮਾ ਏਨੀ ਗੱਲ ਆਖ ਸ਼ਰਮਿੰਦਾ ਜਰੂਰ ਕਰਦੀ ਏ ਕੇ ਜੇ ਇਸੇ ਤਰਾਂ ਸੁਆਹ ਦੀ ਮੁੱਠ ਬਣ ਕੁੱਜੇ ਵਿਚ ਕੈਦ ਹੀ ਹੋ ਜਾਣਾ ਸੀ ਤਾਂ ਫੇਰ ਸਾਰੀ ਉਮਰ ਬੇਲੋੜੀ ਈਰਖਾ ਦੀ ਅੱਗ ਵਿਚ ਕਿਓਂ ਸੜਦਾ ਰਿਹਾ..ਏਧਰ ਓਧਰ ਦੀ ਝਾਕ ਵਿਚ ਜੋ ਕੋਲ ਹੈ ਸੀ ਉਸ ਨੂੰ ਵੀ ਚੱਜ ਨਾਲ ਨਾ ਮਾਣ ਸਕਿਆ..!

Share on Whatsapp