ਟਿਊਬਲੈਟ

by Sukhchattha

ਹਾਂ ਬਈ, ਹੋ ਜੋ ਖੜ੍ਹੇ ਜਿਦੇ ਜਿਦੇ ਪੰਜ ਤੋਂ ਘੱਟ ਨੇ। ਹਿਸਾਬ ਆਲ਼ੇ ਮਾਸਟਰ ਨੇ ਆਖਰੀ ਕਾਪੀ ਚੈਕ ਕਰ ਕੇ ਟੇਬਲ ਤੇ ਰੱਖ ਦਿੱਤੀ। ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ ਮੇਰੇ ਤਾਂ ਫੇਰ ਵੀ ਚਾਰ ਨੰਬਰ ਸਨ।”4 ਆਲ਼ੇਚਾਰ ਨਹੀਂ ,ZERO ਆਲ਼ੇ ਚਾਰ।ਜੇ ਕਿਸੇ ਦੀ ਜ਼ੀਰੋ ਆਓਂਦੀ ਮਨ ਨੂੰ ਦਿਲਾਸਾ ਦੇਣ ਲਈ ਅਸੀਂ ਉਸਨੂ ਚਾਰ ਨੰਬਰ ਕਹਿ ਛੱਡਦੇ। ਮੇਰੇ ਵਰਗੇ ਚਾਰ ਨੰਬਰਾਂ ਵਾਲੇ ਹੋਰ ਵੀ ਕਈ ਖੜ੍ਹੇ ਹੋ ਗਏ। ਸਾਰੇ ਸੱਜਣ ਆ ਗਏ, ਜਾ ਰੇਖਾ ਜਿਹੜੀ ਵੀ ਕਲਾਸ ਚ ਸੇਵਾਦਾਰ ਪਿਆ ਚੱਕ ਲਿਆ ਜਾ ਕੇ । ਮਾਸਟਰ ਨੇ ਡੰਡੇ ਦਾ ਨਾਮ ਸੇਵਾਦਾਰ ਰੱਖਿਆ ਹੋਇਆ ਸੀ। ਰੇਖਾ ਮਾਸਟਰ ਦੀ ਉਹ ਚਮਚੀ ਸੀ ਜੋ ਕਦੇ ਖਾਲੀ ਹੱਥ ਨਹੀਂ ਮੁੜੀ  । ਮਾਸਟਰ ਨੇ  ਇਕ ਲਾਈਨ ਚ ਸਾਰਿਆਂ ਨੂੰ ਖੜ੍ਹਾ ਕਰ ਲਿਆ  ਤੇ ਦੋ ਦੋ ਹਰੇਕ ਦੇ ਸੁੱਟੀ ਗਿਆ  । ਮੇਰਾ ਵੀ ਨੰਬਰ ਆ ਗਿਆ “ਉਏ ਤੈਨੂੰ ਕੀ ਹੋਇਆ ਪਹਿਲਾਂ ਤਾਂ ਵਧੀਆ ਪੜ੍ਹਦਾ ਹੁੰਦਾ ਸੀ ਆਹ ਸਾਲ ਜਮਾ ਪੱਠਾ ਹੀ ਬੈਠ ਗਿਆ ਤੇਰਾ”। ਇਹ ਗੱਲ ਦਾ ਕਿਹੜਾ ਕੋਈ ਅਸਰ  ਹੋਣਾ ਸੀ। ਮੈਂ ਵੀ ਬਾਕੀਆਂ ਵਾਂਗੂ ਹੱਥ ਅੱਗੇ ਕੀਤੇ ਤੇ ਦੋਨਾਂ ਹੱਥਾਂ ਤੇ ਸੇਵਾਦਾਰ ਦੀ ਸੇਵਾ ਲੈ ਲਈ।

ਸਵੇਰ ਤੋ ਹੀ ਟਾਈਮ ਟੇਬਲ ਦੇਖ ਇੰਨਾ ਅੰਦਾਜ਼ਾ ਲੱਗ ਜਾਂਦਾ ਸੀ ਕੇ ਕੇ ਕਿਹੜੇ ਅਧਿਆਪਕ ਨੇ ਅੱਜ ਟੇਸਟ ਲੈਣਾ ਤੇ  ਕਿਸਦੇ ਪੀਰੀਅਡ ਚ ਅੱਜ ਛਿੱਤਰ ਪਰੇਡ ਹੋਣੀ ਆ ਤੇ ਉਹੀ ਹੁੰਦਾ ।ਕੋਈ ਹੱਥ ਖੜ੍ਹੇ ਕਰਵਾ ਦਿੰਦਾ , ਕੋਈ ਮੁਰਗ਼ਾ ਬਣਾ ਦਿੰਦਾ ।ਹਰੇਕ ਦਾ ਆਪਣਾ ਆਪਣਾ ਅੰਦਾਜ਼  ਸੀ ਸਜ਼ਾ ਦੇਣ ਦਾ।ਪਰ ਮੈਂ ਉਹੀ ਪੱਥਰ ਤੇ ਪਾਣੀ ਪਿਆ ਨਾ ਪਿਆ। “ਟੈਸਟ ਵਾਲੀ ਕਾਪੀ ਤੇ ਦਸਤਖ਼ਤ ਕਰਵਾ ਕ ਲਿਆਉਣੇ  ਆ ਸਾਰਿਆਂ ਨੇ ” ਇਹ ਅਕਸਰ ਹੀ ਸੁਣਨ ਨੂੰ ਮਿਲਦਾ । ਇਹ ਕੰਮ ਤਾਂ ਖੱਬੇ ਹੱਥ ਦੀ ਖੇਡ ਸੀ , ਡੈਡੀ ਦੇ ਦਸਤਖ਼ਤ ਖੱਬੇ ਹੱਥ ਨਾਲ ਜੋ ਕਰ ਲਈਦੇ ਸੀ। ਢੀਠ, ਨਾਲਾਇਕ ਇਹ ਸ਼ਬਦ ਤਾਂ ਕਲਾਸ ਚ ਮੇਰੀ ਪਹਿਚਾਣ ਬਣ ਗਏ।

ਪਰ ਇਸ ਗੱਲ ਦੀ ਘਰ ਭਿਣਕ ਤੱਕ ਵੀ ਨਹੀਂ ਲੱਗਣ ਦਿੱਤੀ। ਕਿਉਂਕਿ ਭਾਵੇਂ ਘਰ ਨਾ ਪੜੀਏ ਪਰ ਪੜ੍ਹਨ ਦੀ ਐਕਟਿੰਗ ਚੰਗੀ ਕਰ ਲਈਦੀ।ਇੱਕ ਹੋਰ ਅਜੀਬ ਜਾ ਸ਼ੌਂਕ ਪੈ ਗਿਆ ਕੋਮਿਕਸ ਪੜ੍ਹਨ ਦਾ , ਸਾਹਮਣੇ ਬਸਤਾ ਤੇ ਦੋ ਚਾਰ ਕਾਪੀਆਂ ਖਿਲਾਰ ਕੋਮਿਕਸ ਪੜ੍ਹਨ ਬੈਠ ਜਾਈਦਾ ਤੇ ਸਭ ਨੂੰ ਲਗਦਾ ਕੇ ਮੁੰਡਾ ਸਕੂਲ ਦਾ ਕੰਮ ਕਰ ਰਿਹਾ ਪਰ ਮੈਂ ਇਸ ਪੜ੍ਹਾਈ ਦੀ ਆੜ ਚ ਕਿੰਨੀਆਂ ਹੀ ਕੋਮਿਕਸ ਪੜ੍ਹ ਛੱਡੀਆਂ ।

ਇਥੇ ਚਾਨਣ ਘੱਟ ਨਹੀਂ ਆ ਪੁੱਤਰ? ਡੈਡੀ ਨੇ ਮੈਨੂੰ ਪੜ੍ਹਦੇ ਨੂੰ ਦੇਖ ਲਿਆ। ਉਹਨਾਂ ਦੀ ਨਿਗਾਹ ਕਮਰੇ ਵਿਚ ਜਗਦੇ 100 ਵਾਟ  ਦੇ ਬਲਬ ਤੇ ਪਈ।ਪਰ ਨਿਗਾਹ ਕੋਮਿਕਸ ਤੇ ਪੈਣ ਤੋਂ ਬਚ ਗਈ ।ਮੈਂ ਕੋਮਿਕਸ ਬੰਦ ਕਰ ਕੇ ਕਿਤਾਬ ਤੇ ਥੱਲੇ ਲੁਕੋ ਦਿੱਤੀ।

“ਤੂੰ ਦੱਸਿਆ ਨਹੀਂ, ਇਸ ਤਰ੍ਹਾਂ ਤਾਂ ਨਾ ਹੀ ਪੜ੍ਹਿਆ ਜਾਂਦਾ ਤੇ ਨਿਗਾਹ ਤੇ ਜ਼ੋਰ ਪੈਂਦਾ ਉਹ ਵੱਖਰਾ”। ਡੈਡੀ ਨੂੰ ਪਤਾ ਸੀ ਕੇ 100 ਵਾਟ ਦੇ ਬਲਬ ਦੀ ਰੋਸ਼ਿਨੀ ਕਿਤਾਬ ਪੜ੍ਹਨ ਲਈ ਬਹੁਤ ਘੱਟ ਸੀ। ਪਰ ਇਹ ਗੱਲ ਦਾ ਮੈਂ ਧਿਆਨ ਹੀ ਨਹੀਂ ਦਿੱਤਾ ਮੈਨੂੰ ਸਮਝ ਵੀ ਨਹੀਂ ਸੀ ਕੇ ਜੋ ਮੈਂ ਇੰਨੀਆਂ ਅੱਖਾਂ ਗੱਡੋ ਕੇ ਪੜ੍ਹਦਾਂ ਉਸਦਾ ਕਾਰਨ ਘੱਟ ਰੋਸ਼ਿਨੀ ਆਂ।

ਅਗਲੀ ਦਿਨ ਸਕੂਲ ਚ ਫੇਰ ਉਹੀ ਕਿਸੇ ਚੋਂ ਜ਼ੀਰੋ, ਚਾਰ, ਤਿੰਨ ,ਦੋ  ਕਦੇ ਪੰਜ ਦਾ ਅੰਕੜਾ ਪਾਰ ਨਾ ਹੁੰਦਾ, ਟੇਸਟ ਭਾਵੇਂ ਕਿੰਨੇ ਵੀ ਨੰਬਰਾਂ ਦਾ ਹੁੰਦਾ, 10,15,20। ਮੈਂ ਪੰਜ ਤੋਂ ਟਪਾਉਣ ਦੀ ਕੋਸਿਸ਼ ਨਹੀਂ ਸੀ ਕੀਤੀ। ਅਧਿਆਪਕਾਂ ਨੇ ਵੀ ਹੁਣ ਉਮੀਦ ਛੱਡ ਦਿੱਤੀ ਕਿ ਇਹ ਇਸ ਸਾਲ ਪਾਸ ਨਹੀਂ ਹੁੰਦਾ।

ਘਰ ਆਇਆ ਤਾਂ ਦੇਖਿਆ, ਬਾਹਰ ਵਰਾਂਡੇ ਦੇ ਇਕ ਖੂੰਜੇ ਬਿਜਲੀ ਦਾ ਸਮਾਨ ਪਿਆ ਸੀ। ਇੱਕ ਬਿਜਲੀ ਦੀ ਟਿਊਬ ਤਿਆਰ ਕਰਵਾ ਕਿ ਰੱਖੀ ਪਈ ਸੀ।”ਇਹ ਟਿਊਬ ਕਿੱਥੇ ਲੌਣੀ ਆ” ਮੈਂ ਪੁਛਿਆ। “ਤੇਰਾ ਡੈਡੀ ਕਹਿੰਦਾ ਸੀ ਕੇ ਜਿਥੇ ਤੂੰ ਪੜ੍ਹਦਾ ਏ , ਓਥੇ ਲੈਟ ਘੱਟ ਪੈਂਦੀ ਆ, ਉਥੇ ਲਾਓਨੀ ਆ ਟਿਊਬ, ਬੱਸ ਮਿਸਤਰੀ ਨੂੰ ਲੈਣ ਗਿਆ ਆਉਂਦਾ ਹੀ ਹੋਣਾ।

ਇੰਨੇ ਨੂੰ ਡੈਡੀ ਵੀ ਮਿਸਤਰੀ ਨੂੰ ਲੈ ਆਇਆ, ਜੋ ਜੋ ਸਮਾਨ ਮਿਸਤਰੀ ਨੂੰ ਚਾਹੀਦਾ ਸੀ।ਉਹ ਡੈਡੀ ਨੇ ਲਗਪਗ ਪਹਿਲਾ ਹੀ ਲਿਆ  ਕੇ ਰੱਖਿਆ ਹੋਇਆ ਸੀ। “ਹਾਂ ਵੀ ਕਾਕਾ ਏਥੇ ਠੀਕ ਏ?” ਮਿਸਤਰੀ ਨੇ ਸਟੂਲ ਤੇ ਚੜ੍ਹ ਕੇ ਕੰਧ ਉੱਪਰ ਹੱਥ ਰੱਖਦਿਆਂ ਕਿਹਾ। ਮਿਸਤਰੀ ਨੇ ਸ਼ੈਣੀ ਹਥੌੜੀ ਦੀ ਮਦਦ ਨਾਲ ਕੰਧ ਦੀ ਉਸ ਜਗ੍ਹਾ ਤੇ ਗਿੱਟਿਆਂ ਲੱਗਾ ਦਿੱਤੀਆਂ ਜਿੱਥੇ ਮੈਂ ਪੜ੍ਹਨ ਲਈ ਮੰਜਾ ਡਾਹੁੰਦਾ ਸੀ। ਕਰੀਬ 15 ਕ ਮਿੰਟ ਵਿਚ  ਉਸਨੇ ਟਿਊਬ ਚਾਲੂ ਕਰ ਦਿੱਤੀ।

ਕੀ ਸੇਵਾ ਕਰੀਏ ਡੈਡੀ ਨੇ ਮਿਸਤਰੀ ਤੋਂ ਪੁਛਿਆ। ਬੱਸ ਰਹਿਣਦੇ  ਸੇਵਾ  ਨੂੰ ਯਾਰ ਜੇ ਤੇਰਾ ਮੁੰਡਾ ਮੇਰਾ ਵੀ ਤਾਂ ਭਤੀਜ ਆ। ਇਹਦੀ ਪੜ੍ਹਾਈ ਲਈ ਇੰਨਾ ਕ ਤਾਂ ਕਰ ਹੀ ਸਕਦੇ ਆ। ਜੇ ਵਾਲਾ ਕਹਿਣਾ ਤਾਂ ਦੋ ਕੱਪ ਚਾਹ ਦੇ ਦੁਕਾਨ ਤੇ ਭਿਜਵਾ ਦੇਈਂ, ਓਥੇ ਚੇਲਾ ਬੈਠਾ ਨਾਲੇ ਉਹ ਪੀ ਲਉ। ਚਾਹ ਤਾਂ ਬਣੀ ਪਈ ਆ ,ਮੈਂ ਹੁਣੇ ਡੋਲੂ ਚ ਪਵਾ ਕੇ ਦਿੰਨਾ।

ਡੈਡੀ ਨੇ ਚਾਹ ਡੋਲੂ ਚ ਪਵਾ ਕੇ ਮਿਸਤਰੀ ਨੂੰ ਫੜਾ ਦਿੱਤੀ , ਚੰਗਾ ਪੁੱਤ ਹੁਣ ਜੀ ਲਾ ਕੇ ਪੜ੍ਹੀ ,ਕਹਿ ਕੇ ਮਿਸਤਰੀ ਚਲਾ ਗਿਆ।

ਸ਼ਾਮ ਦਾ ਵੇਲਾ ਉਹੀ ਮੰਜਾ ਤੇ ਮੈਂ ਹਰ ਰੋਜ਼ ਦੀ ਤਰ੍ਹਾਂ ਕਿਤਾਬਾਂ ਖਿਲਾਰ ਲਾਈਆਂ ਤੇ ਟਿਊਬ ਚਾਲੂ ਕਰ ਲਈ। ਤੇਜ਼ ਰੌਸ਼ਨੀ ਅੱਖਾਂ ਵਿੱਚ ਵੱਜੀ, ਏਨਾ ਨੂੰ ਅਜੇ ਆਦਤ ਨਹੀਂ ਸੀ ਇੰਨੇ ਚਾਨਣ ਦੀ।  ਅੱਜ ਤਾਂ ਕੋਮਿਕਸ ਵੀ ਨਵੀਂ ਆ , ਇਹ ਸੋਚ ਮੈਂ ਚਾਚਾ ਚੌਧਰੀ ਦੀ ਕੋਮਿਕਸ ਬਸਤੇ  ਚੋਂ ਕੱਢ ਲਈ । ਕੋਮਿਕਸ ਦੇ ਚਮਕੀਲੇ ਪੇਜਾਂ ਦੀ ਚਮਕ ਮੇਰੀਆਂ ਅੱਖਾਂ ਚ ਪਈ  । ਮੇਰੀ ਨਿਗਾਹ ਉੱਤੇ ਲੱਗੀ ਟਿਊਬ ਤੇ ਗਈ । ਇਹ ਟਿਊਬ ਘੱਟ ਤੇ ਮੈਨੂੰ  ਮੇਰੇ ਮਾਂ ਪਿਉ ਦੀਆਂ ਅੱਖਾਂ ਜ਼ਿਆਦਾ  ਲੱਗਣ ਲੱਗੀਆਂ । ਮੈਂ ਕੋਮਿਕਸ ਵਿਚ ਧਿਆਨ ਲਗਾਉਣ ਦੀ ਕੋਸਿਸ਼ ਕੀਤੀ ਪਰ ਇਕ ਵੀ ਲਾਈਨ ਪੜ੍ਹ ਨਾ ਹੋਈ। ਮੇਰੇ ਵੱਲ ਟਿਊਬ ਜੋ ਦੇਖ ਰਹੀ ਸੀ। ਮੈਂ ਉਸਨੂੰ ਧੋਖਾ ਨਹੀਂ ਦੇ ਪਾ ਰਿਹਾ ਸੀ। ਮੈਂ ਕੋਮਿਕਸ ਬੰਦ ਕੀਤੀ ਤੇ ਬਸਤੇ ਵਿਚ ਪਾ ਦਿੱਤੀ । ਮੈਂ ਟਿਊਬ ਹੇਠਾਂ ਕੋਮਿਸ ਕਿਵੇਂ ਪੜ੍ਹਦਾ ਇਹ ਤਾਂ ਮੇਰੇ ਪੜ੍ਹਨ ਲਈ ਲਾਈ ਗਈ ਸੀl ਖਿੱਲਰੀਆਂ ਹੋਈਂਆਂ ਕਿਤਾਬਾਂ ਵਿਚ ਪਈ ਅੰਗਰੇਜ਼ੀ ਗਰੱਮੇਰ ਦੀ ਕਿਤਾਬ ਤੇ ਪਈ। ਕਿਤਾਬ ਖੋਲ੍ਹ ਮੈਂ “ਮਾਈ ਨੇਬਰ ” ਲੇਖ  ਪੜ੍ਹਨਾ ਸ਼ੁਰੂ ਕੀਤਾ ਇਸਦਾ ਤਾਂ ਕੱਲ੍ਹ ਨੂੰ ਕਲਾਸ ਚ ਟੈਸਟ ਵੀ ਆ, ਕੁੱਝ ਕ ਸਮਝ ਆਇਆ ਤੇ ਕੁਝ ਤੇ ਰੱਟਾ ਚਾੜ੍ਹ ਲਿਆ।

“ਸਟੂਡੈਂਟਸ ਹੂ ਸਕੋਰਡ ਲੈੱਸ ਦੈਨ ਔਰ ਈਕੂਅਲ ਟੂ   ਫਾਈਵ ਮਾਰਕਸ , ਸਟੈਂਡ ਉਪ ਐਂਡ ਰੇਜ਼ ਯੂਅਰ ਹੈਂਡਜ਼, ਹੈਂਡਜ਼ ਸ਼ੁੱਡ ਬੀ ਸਟ੍ਰੇਟ ਐਂਡ ਸਟੈੱਡੀ।” ਅੰਗਰੇਜ਼ੀ ਦਾ ਟੈਸਟ ਖ਼ਤਮ ਹੋਇਆ ਤੇ ਮੈਡਮ ਨੇ ਸੱਜਾ ਸੁਣਾ ਦਿੱਤੀ। ਮੈਂ ਆਪਣੀ ਕਾਪੀ ਦੇਖੀ , ਪਹਿਲੀ ਬਾਰ ਮੈਂ 5 ਵਾਲੇ  ਅੰਕੜੇ ਨੂੰ ਹੱਥ ਪਾਇਆ ਸੀ। “ਮੈਡਮ ਜਿਸਦੇ 5 ਨੇ”? ਮੈਂ ਪੁਛਿਆ। ਪਹਿਲੀ ਬਾਰ ਮਿਹਨਤ ਕੀਤੀ ਤੇ ਸੱਜਾ ਤੋਂ ਬਚਣਾ ਚਾਹੁੰਦਾ ਸੀ। ਮੈਡਮ ਨੂੰ ਲੇਖ ਪੜ੍ਹ ਕੇ ਇੰਨਾ ਅੰਦਾਜ਼ਾ ਲੱਗ ਗਿਆ ਸੀ ਕੇ ਮੈਂ ਪੜ੍ਹ ਕੇ ਆਇਆ । ਤੂੰ ਬੈਠ ਜਾ ਸੁਖਜਿੰਦਰ ਤੈਨੂੰ ਅੱਜ ਮਾਫ਼ ਕੀਤਾ। ਮੇਰੀ ਇਕ ਛੋਟੀ ਜੀ ਕੋਸਿਸ਼ ਦਾ ਫਲ ਮਿਲ ਗਿਆ। ਇਸ ਸਬਕ ਨਾਲ ਪੜਾਈ ਲਈ ਮੇਰਾ ਨਜ਼ਰੀਆ ਵੀ ਤਬਦੀਲ ਹੋ ਗਿਆ ।ਪੜ੍ਹਨ ਚ ਇੰਨੀ ਬੀ ਬੁਰਾਈ ਨਹੀਂ ਸੀ।

ਹਰ ਸ਼ਾਮ ਟਿਊਬ ਲਗਾ ਕੇ ਪੜ੍ਹਨ ਬੈਠ ਜਾਣਾ। ਹੌਲੀ ਹੌਲੀ ਪੜ੍ਹਾਈ ਸਮਝ ਆਉਣ  ਲੱਗੀ। ਕਲਾਸ ਵਿਚ ਜਦ ਵਿੱਚ ਟੀਚਰ “ਕਿਸੇ ਨੂੰ ਕੁਝ ਸਮਝ ਨਾ ਆਇਆ ਹੋਵੇ “? ਕਹਿੰਦੇ ਤਾਂ ਪੁਛਣ ਵਾਲ਼ਿਆ ਚ ਮੇਰਾ ਵੀ ਹੱਥ ਖੜ੍ਹਾ ਹੋਣ ਲੱਗ ਗਿਆ।

ਜਿੱਥੇ ਕਦੇ ਕੋਈ ਪੀਰੀਅਡ ਬਿੰਨਾ ਸਾਜ਼ਾ ਦੇ ਕੱਢਣਾ ਮੁਸ਼ਕਿਲ ਸੀ ਹੁਣ ਦਿਨ ਨਿਕਲਣ ਲੱਗ  ਗਏ । ਖੱਬੇ ਹੱਥ ਦਾ ਸਹਾਰਾ ਲੈਣਾ ਛੱਡ  ਦਿੱਤਾ ਜਿਹੋ ਜਾ ਵੀ ਟੈਸਟ ਹੁੰਦਾ ਹੁਣ ਘਰੋਂ ਦਸਤਖ਼ਤ ਜ਼ਰੂਰ ਹੋਏ ਹੁੰਦੇ।

ਪੱਕੇ ਪੇਪਰਾਂ ਦਾ ਨਤੀਜਾ ਵੀ ਆ ਗਿਆ। ਇੰਨਾ ਯਕੀਨ ਹੋ ਗਿਆ ਸੀ ਕੇ ਫੇਲ ਨਹੀਂ ਹੁੰਦਾ ਪਰ ਨੰਬਰ ਘੱਟ ਆਉਣ ਦੀ ਚਿੰਤਾ ਅਜੇ ਵੀ ਦਿਮਾਗ ਚ ਸੀ। ਡੈਡੀ ਮੇਰੇ ਨਾਲ ਜਾਇਆ ਕਰਦੇ ਸੀ ਰਿਜ਼ਲਟ ਪਤਾ ਕਰਨ। ਮੈਡਮ ਨੇ ਮੇਰਾ ਰਿਪੋਰਟ ਕਾਰਡ ਕੱਢ ਕੇ ਦੇਖੇਆ। “ਇੰਪ੍ਰੈਸਿਵ ,80 ਪਰਸੈਂਟ, ਸੱਚ ਦੱਸੀਏ ਸਾਨੂੰ ਇੰਨੀ ਉਮੀਦ ਨਹੀਂ ਸੀ, ਦੋ ਮਹੀਨੇ ਪਹਿਲਾਂ ਲੱਗਦਾ ਨਹੀਂ ਸੀ ਇਹ ਪਾਸ ਹੋਊਗਾ , ਪਰ ਜਦੋਂ ਦਾ ਤੁਸੀਂ ਏਸਨੂ ਨਵੀਂ ਟਿਊਸ਼ਨ ਤੇ ਲਗਾਇਆ ਉਦੋਂ ਦਾ ਬਹੁਤ ਇੰਪਰੂਵ ਕੀਤਾ ਇਸਨੇ”। “ਟਿਊਸ਼ਨ ਤਾਂ ਕੋਈ ਨਹੀਂ ਰੱਖੀ ਜੋ ਪੜ੍ਹਦਾ ਇਹ ਘਰ ਬੈਠ ਕੇ ਹੀ ਪੜ੍ਹਦਾ”ਡੈਡੀ ਨੇ ਉੱਤਰ ਦਿੱਤਾ। ਕਮਾਲ ਆ ਮੈਂ ਇੰਨੀ ਇੰਪਰੂਵਮੈਂਟ ਕਿਸੇ ਹੋਰ ਵਿੱਚ ਨਹੀਂ ਦੇਖੀ, ਜੇ ਥੋੜ੍ਹੀ ਹੋਰ ਮਿਹਨਤ ਕਰੇ ਜਾਂ ਪੋਜ਼ੀਸ਼ਨ ਲੈਜਾ ਸਕਦਾ। ਮੇਰੇ ਲਈ “ਪੋਜ਼ੀਸ਼ਨ ਲੈ ਜਾ ਸਕਦਾ” ਸ਼ਬਦ ਕਿਸੇ ਪੋਜ਼ੀਸ਼ਨ ਨਾਲੋਂ ਘੱਟ ਨਹੀਂ ਸਨ। ਇਹ ਕਹਾਣੀ ਛੇਵੀਂ ਜਮਾਤ ਦੀ ਸੀ ਉਸਤੋਂ ਬਾਅਦ ਨਾ ਘਰਦਿਆਂ ਨੇ ਟਿਊਬ ਖ਼ਰਾਬ ਹੋਣ ਦਿੱਤੀ ਤੇ ਨਾਂ ਹੀ ਮੈਂ ਪੜ੍ਹਾਈ ।

Sukh chatha

You may also like