ਟੱਕ ਟੱਕ

by admin

ਉਮਰ ਦਾ ਇੱਕ ਲੰਮਾ ਅਰਸਾ ਸਾਧਨਾ ਅਭਿਆਸ ਵਿੱਚ ਬੀਤ ਜਾਣ ਤੇ ਵੀ ਤੇਜਾ ਸਿੰਘ ਹਲੇ ਸਿਮਰਨ ਵਿੱਚ ਇਕਾਗਰਤਾ ਦੀ ਉਸ ਸਿਖਰ ਨੂੰ ਨਹੀਂ ਛੋਹ ਸਕਿਆ ਸੀ ਕਿ ਬਾਹਰੀ ਤਰੰਗਾਂ ਤੋਂ ਅਣਭਿੱਜ ਰਹਿ ਸਕੇ। ਜਦੋਂ ਕਦੇ ਵੀ ਜੁੜਣ ਬੈਠਦਾ ਤਾਂ ਕੁੱਝ ਸਮਾਂ ਚੰਗਾ ਗ਼ੁਜ਼ਰਦਾ ਪਰ ਫਿਰ ਕਦੀ ਕੋਈ ਬਾਹਰੀ ਸ਼ੋਰ ਤੇ ਕਦੀ ਅੰਦਰਲੀਆਂ ਆਵਾਜ਼ਾਂ ਧਿਆਨ ਉਚਾਟ ਕਰ ਦਿੰਦੀਆਂ। ਉਹ ਗ੍ਰਹਿਸਤੀ ਦੀਆਂ ਜ਼ਿੰਮੇਵਾਰੀਆਂ ਤੋਂ ਅਤੇ ਰੁਝੇਵਿਆਂ ਤੋਂ ਕਿਤੇ ਦੂਰ ਭੱਜ ਕੇ ਹਮੇਸ਼ਾਂ ਲਈ ਬੰਦਗ਼ੀ ‘ਚ ਲੀਨ ਰਹਿਣਾ ਚਾਹੁੰਦਾ ਸੀ। ਰੋਜ਼ ਰੋਜ਼ ਦੇ ਇਸ ਵਿਚਾਰ ਨੇ ਉਸਨੂੰ ਇੱਕ ਦਿਨ ਘਰ ਛੱਡ ਕੇ ਸੰਨਿਆਸੀ ਹੋਣ ਲਈ ਮਜਬੂਰ ਕਰ ਦਿੱਤਾ।
ਮੂੰਹ ਹਨੇਰੇ ਬੁੱਕਲ ਮਾਰ ਕੇ ਘਰੋਂ ਨਿਕਲ ਤੁਰਿਆ। ਪਤਾ ਨਹੀਂ ਕਿੰਨੇ ਦਿਨ ਤੁਰਦਾ ਗਿਆ ਤੇ ਕਿੰਨੇ ਪਿੰਡ ਜੰਗਲ ਲੰਘਦਾ ਗਿਆ ਪਰ ਉਹ ਕਈ ਮਹੀਨੇ ਇੰਝ ਹੀ ਦਰ ਬ ਦਰ ਭਟਕਦਾ ਰਿਹਾ। ਇਕਾਂਤ ਵੇਖ ਕੇ ਕੁੱਝ ਦਿਨ ਇੱਕ ਥਾਂ ਟਿਕਦਾ ਪਰ ਜਲਦੀ ਹੀ ਮਨ ਉਚਾਟ ਹੋ ਜਾਂਦਾ। ਕਦੀ ਭੁੱਖ ਪਿਆਸ ਤੇ ਕਦੀ ਸਰੀਰ ਦਾ ਕੋਈ ਦੁੱਖ ਉਸ ਨੂੰ ਤੰਗ ਕਰੀ ਰਖਦਾ। ਅੰਦਰਲਾ ਖਿੰਡਾਅ ਘਟਣ ਦੀ ਥਾਂ ਸਗੋਂ ਵਧ ਗਿਆ। ਮੁਸ਼ਕਿਲਾਂ ਨੇ ਸਿਰਫ਼ ਰੂਪ ਬਦਲਿਆ ਸੀ ਬਾਕੀ ਸਭ ਉਂਝ ਹੀ ਸੀ।
ਕੋਈ ਵੀ ਰਾਹ ਨਹੀਂ ਦਿਸ ਰਿਹਾ ਸੀ … ਅਤਿ ਦੀ ਗਰਮੀ ਅਤੇ ਘੋਰ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਹ ਇੱਕ ਥਾਂ ਦਰਖ਼ਤ ਹੇਠਾਂ ਆਰਾਮ ਕਰਨ ਲਈ ਰੁੱਕ ਗਿਆ … ਕੁਦਰਤ ਜਿਵੇਂ ਉਸਦੇ ਥੱਕਣ ਦੀ ਹੀ ਉਡੀਕ ਵਿੱਚ ਸੀ। ਪੁਰਾਣੇ ਸਮੇਂ ਸੀ … ਸਾਮਣੇ ਇੱਕ ਕਿਸਾਨ ਆਪਣੇ ਟਿੰਡਾਂ ਵਾਲੇ ਖੂਹ ਤੇ ਬੌਲਦ ਜੋੜ ਕੇ ਖੇਤ ਨੂੰ ਪਾਣੀ ਲਾ ਰਿਹਾ ਸੀ … ਉਸਨੇ ਵੇਖਿਆ ਕਿ ਕੋਲੋਂ ਇੱਕ ਕੋਤਵਾਲ ਘੋੜੀ ਤੇ ਚੜਿਆ ਲੰਘਦਾ ਹੋਇਆ ਕਿਸਾਨ ਕੋਲ ਰੁੱਕ ਗਿਆ ਤੇ ਉਸਨੂੰ ਘੋੜੀ ਨੂੰ ਪਾਣੀ ਪਿਆਉਣ ਲਈ ਕਿਹਾ … ਕਿਸਾਨ ਨੇ ਜਿਉਂ ਹੀ ਖੂਹ ਗੇੜਿਆ ਤਾਂ ਟਿੰਡਾਂ ਦੇ ਘੁੰਮਣ ਦੀ ਆਵਾਜ਼ ਅਤੇ ਗਰਾਰੀ ਦੀ ਟੱਕ ਟੱਕ ਨਾਲ ਘੋੜੀ ਡਰ ਕੇ ਪਿਛਾਂਹ ਹੱਟ ਗਈ …. ਕੋਤਵਾਲ ਨੇ ਗੁੱਸੇ ਵਿੱਚ ਕਿਸਾਨ ਨੂੰ ਕਿਹਾ,

“ਬੰਦ ਕਰ ਇਸ ਟੱਕ ਟੱਕ ਨੂੰ ਮੇਰੀ ਘੋੜੀ ਨੂੰ ਪਾਣੀ ਪੀਣ ਦੇ।”

ਕਿਸਾਨ ਨੇ ਖੂਹ ਗੇੜਣਾ ਬੰਦ ਕਰ ਦਿੱਤਾ … ਆਵਾਜ਼ ਵੀ ਬੰਦ ਹੋ ਗਈ .. ਘੋੜੀ ਪਾਣੀ ਪੀਣ ਲਈ ਕੋਲ ਹੋਈ ਪਰ ਪਾਣੀ ਕਿੱਥੋਂ ਲੱਭਣਾ ਸੀ। ਕੋਤਵਾਲ ਨੇ ਫਿਰ ਕਿਸਾਨ ਨੂੰ ਦਬਕਾ ਮਾਰਿਆ ਕਿ ਘੋੜੀ ਨੂੰ ਪਾਣੀ ਪਿਆ। ਪਰ ਘੋੜੀ ਫਿਰ ਟੱਕ ਟੱਕ ਦੀ ਆਵਾਜ਼ ਸੁਣ ਕੇ ਡਰ ਕੇ ਪਿੱਛੇ ਹੱਟ ਜਾਇਆ ਕਰੇ। ਤੇਜਾ ਸਿੰਘ ਸਭ ਵੇਖ ਰਿਹਾ ਸੀ। ਜਦੋਂ ਤਿੰਨ ਚਾਰ ਵਾਰ ਇੰਝ ਹੋ ਹਟਿਆ ਤਾਂ ਕਿਸਾਨ ਨੇ ਹੱਥ ਜੋੜ ਕੇ ਕਿਹਾ,

“ਹਜ਼ੂਰ ਆਗਿਆ ਦੇਣ ਤਾਂ ਮੈਂ ਕੁੱਝ ਬੋਲਾਂ ?” ਕੋਤਵਾਲ ਨੇ ਹਾਂ ਵਿੱਚ ਸਿਰ ਹਿਲਾਇਆ।

“ਹਜ਼ੂਰ ਜੇ ਪਾਣੀ ਪੀਣਾ ਏ ਤਾਂ ਇਸ ਟੱਕ ਟੱਕ ਵਿੱਚ ਹੀ ਪੀਣਾ ਪੈਣਾ ਏ … ਘੋੜੀ ਨੂੰ ਪਲੋਸਦੇ ਰਹੋ ਤੇ ਪਾਣੀ ਪਿਆ ਦਿਉ।”

ਕੋਤਵਾਲ ਘੋੜੀ ਨੂੰ ਪਿਆਰ ਨਾਲ ਪਲੋਸਦਾ ਰਿਹਾ ਤੇ ਹੌਲੀ ਹੌਲੀ ਘੋੜੀ ਨੇ ਪਾਣੀ ਪੀ ਲਿਆ। ਪਾਣੀ ਪਿਆਉਣ ਤੋਂ ਬਾਅਦ ਕੋਤਵਾਲ ਜਦੋਂ ਜਾਣ ਲੱਗਾ ਤਾਂ ਕਿਸਾਨ ਬੋਲਿਆ ,

“ਹਜ਼ੂਰ ! ਹੁਣ ਅੱਗੇ ਤੋਂ ਤੁਹਾਡੀ ਘੋੜੀ ਨਹੀਂ ਡਰੇਗੀ।”

“ਕਿਉਂ ?”

“ ਕਿਉਂਕਿ ਇਸਨੂੰ ਟੱਕ ਟੱਕ ਵਿੱਚ ਪਾਣੀ ਪੀਣਾ ਆ ਗਿਆ ਏ।”

ਕੋਤਵਾਲ ਨੇ ਘੋੜੀ ਨੂੰ ਅੱਡੀ ਲਾਈ ਤੇ ਤੁਰ ਪਿਆ।

ਤੇਜਾ ਸਿੰਘ ਨੇ ਮੋਢੇ ਤੇ ਟੰਗੇ ਥੈਲੇ ਨੂੰ ਦਰਖ਼ਤ ਦੀ ਟਹਿਣੀ ਤੇ ਟੰਗਿਆ ਤੇ ਵਾਹੋਦਾਹੀ ਮੁੱਠੀਆਂ ਮੀਚ ਕੇ ਉਤਸ਼ਾਹ ਨਾਲ ਭਰਿਆ ਘਰ ਨੂੰ ਤੁਰ ਪਿਆ। ਮਨ ਰੂਪੀ ਘੋੜੀ ਨੂੰ ਗ੍ਰਹਿਸਤੀ ਦੀ ਟੱਕ ਟੱਕ ਵਿੱਚ ਹੀ ਪਾਣੀ ਪਿਆਉਣ ਦਾ ਸਬਕ ਉਸਨੂੰ ਬਹੁਤ ਮਹਿੰਗਾ ਮਿਲਿਆ ਸੀ।

#ਹਸੰਦਿਆ_ਖੇਲੰਦਿਆ_ਪੈਨੰਦਿਆ_ਖਾਵੰਦਿਆ_ਵਿਚੇ_ਹੋਵੈ_ਮੁਕਤਿ।।

#ਗੁਰਮੀਤਸਿੰਘ

Gurmeet Singh

You may also like