“ਤਾਂਘ”

by Jasmeet Kaur

ਇੱਕ ਬੇਔਲਾਦ ਔਰਤ ਦੇ ਮਨ ਦੀ ਅਵਸਥਾ ਨੂੰ ਉਹੀ ਸਮਝ ਸਕਦੇ ਜੋ ਖੁਦ ਇਹ ਦਰਦ ਹੰਢਾ ਰਿਹਾ ਹੋਵੇ ਜਾਂ ਹੰਢਾ ਚੁੱਕਿਆ ਹੋਵੇ, ਇੱਕ ਛੋਟੇ ਜਹੇ ਬੱਚੇ ਦੀ ਰੀਝ ਹੀ ਓਸ ਲਈ ਕੁੱਲ ਜਹਾਨ ਹੋ ਨਿੱਬੜਦੀ ਏ, ਇੱਕ ਛੋਟੇ ਜਹੇ ਬੱਚੇ ਲਈ ਤੜਪਣ ਉਹਦੇ ਹਰ ਖਿਆਲ ਚ ਸ਼ੁਮਾਰ ਹੋ ਜਾਂਦੀ ਏ, ਕਿਸੇ ਦੇ ਬੱਚੇ ਨੂੰ ਗੋਦ ਲੈ ਜਦ ਉਹ ਖਿਡਾਉਂਦੀ ਹੋਵੇਗੀ ਤਾਂ ਉਹਦਾ ਮਨ ,ਉਹਨੂੰ ਹਰ ਘੜੀ ਖਿਆਲ ਵੀ ਬੱਚਿਆਂ ਦੇ ਹੀ ਆਉਣਗੇ ਤੇ ਕਿਸ ਤਰਾਂ ਅੰਦਰੋਂ-ਅੰਦਰ ਕਿੰਨਾ ਦਰਦ ਕਿੰਨੀ ਪੀੜਾ ਉਹ ਝੱਲਦੀ ਹੋਵੇਗੀ, ਉੱਪਰੋਂ ਸੱਸ-ਨਨਾਣ ਜਾਂ ਜੇਠਾਣੀ ਦੇ ਤਾਹਨੇ-ਮਹਿਣੇ ਉਹਨੂੰ ਕਿੰਨੀ ਬੁਰੀ ਤਰਾਂ ਤੋੜ ਦਿੰਦੇ ਹੋਣਗੇ, ਉਸਤੋਂ ਵੀ ਵੱਧ ਜਦੋਂ ਘਰ ਚ ਮੁੰਡੇ ਦੇ ਦੂਜੇ ਵਿਆਹ ਦੀ ਚਰਚਾ ਚੱਲਣ ਲੱਗੇ ਫੇਰ ਇਸ ਹਾਲਤ ਵਿੱਚ ਜਦੋਂ ਉਹਨੂੰ ਕੋਈ ਹਲਕਾ ਜਿਹਾ ਆਸਰਾ ਜਾਂ ਝੂਠੀ ਉਮੀਦ ਦਿਖੇ ਤਾਂ ਉਹ ਝੱਟ ਭੱਜ ਤੁਰੇਗੀ ਚਾਹੇ ਉਹ ਰਾਹ ਕੰਡਿਆਂ ਭਰਿਆ ਹੀ ਕਿਉਂ ਨਾਂ ਹੋਵੇ, ਫੇਰ ਭਾਵੇਂ ਕਿਸੇ ਸਾਧ ਕੋਲੋਂ ਲਾਚੀ ਖਾਣੀ ਹੋਵੇ, ਕੋਈ ਸੁੱਖਣਾ ਜਾਂ ਕਿਤੇ ਚੌਂਕੀਆਂ ਭਰਨੀਆਂ ਹੋਣ, ਸਾਨੂੰ ਦੂਰ ਤੋਂ ਇਹ ਵਰਤਾਰਾ ਬਹੁਤ ਬੁਰਾ ਬਹੁਤ ਅੰਧਵਿਸ਼ਵਾਸੀ ਲੱਗੇਗਾ ਪਰ ਉਹਦੀ ਮਾਨਸਿਕ ਅਵਸਥਾ….? ਉਹਦਾ ਦਰਦ ਸਮਝਣਾ ਬਹੁਤ ਔਖੇ, ਜਿਵੇਂ ਇੱਕ ਜੇਲ ਬੈਠਾ ਬੰਦਾ ਹਰ ਵਕਤ ਆਜ਼ਾਦੀ ਬਾਰੇ ਬਾਹਰ ਜਾਣ ਬਾਰੇ ਸੋਚਦੇ, ਸਾਡੇ ਲਈ ਇਹ ਗੱਲ ਮਾਮੂਲੀ ਏ ਪਰ ਜਿਸਨੇ ਖੁਦ ਜੇਲ ਕੱਟੀ ਹੋਵੇ ਉਹਨੂੰ ਪਤੇ ਇਸ ਆਜ਼ਾਦੀ ਦੀ ਕੀਮਤ, ਪਰ ਬਿਨਾਂ ਦੂਜਾ ਪੱਖ ਦੇਖੇ ਉਂਗਲ ਚੁੱਕਣ ਵਾਲਿਆਂ ਤੇ ਹੈਰਾਨੀ ਹੁੰਦੀ ਏ, ਇਹ ਨਹੀਂ ਕੇ ਉਹ ਕਿਸਮਤ ਮਾਰੀਆਂ ਔਰਤਾਂ ਸਹੀ ਨੇ ਪਰ ਉਹਨਾਂ ਨੂੰ ਪਿਆਰ ਦੀ ਸਨੇਹ ਦੀ ਸਹੀ ਸੇਧ ਦੀ ਲੋੜ ਏ ਨਾਂ ਕਿ ਤ੍ਰਿਸਕਾਰ ਦੀ, ਸਾਡੇ ਪੰਜਾਬੀਆਂ ਦੀ ਬਾਹਰ ਜਾਣ ਦੀ ਜੋ ਤਾਂਘ ਹੁੰਦੀ ਏ ਮੈਂ ਉਸ ਨੂੰ ਉਸੇ ਬੇਬੱਸ ਤੇ ਲਾਚਾਰ ਔਰਤ ਨਾਲ ਮਿਲਾਕੇ ਦੇਖਦਾਂ, ਅਸੀਂ ਕਿੰਨੇ ਅਗਾਂਹਵਧੂ ਹੋਕੇ ਵੀ ਏਜੇਂਟਾਂ ਕੋਲ ਜਾਂਦੇ ਹਾਂ, ਭਲੀ ਭਾਂਤ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਠੱਗੇ ਜਾਂਦੇ ਹਾਂ, ਇਹ ਨਹੀਂ ਕੇ ਠੱਗੇ ਜਾਣ ਵਾਲੇ ਮੂਰਖ ਨੇ ਬਲਕਿ ਕੈਨੇਡਾ-ਅਮਰੀਕਾ ਵੱਸ ਜਾਣ ਦੀ ਤਾਂਘ ਹੀ ਇੰਨੀ ਪ੍ਰਬਲ ਹੁੰਦੀ ਏ ਅਸੀਂ ਬਾਰ-ਬਾਰ ਧੋਖਾ ਖਾਂਦੇ ਹਾਂ, ਚਾਹੇ ਮਾਲਟਾ ਹੋਵੇ ਚਾਹੇ ਮੈਕਸੀਕੋ ਅਸੀਂ ਹਰ ਤਰਾਂ ਦੇ ਜੋਖਿਮ ਲਈ ਤਿਆਰ ਹਾਂ…!
ਇੱਦਾਂ ਹੀ ਹੋਰ ਮੁਸ਼ਕਿਲਾਂ ਵਿੱਚ ਘਿਰੇ ਇਨਸਾਨ ਨੂੰ ਨਾਂ ਸਿਰਫ ਸਹੀ ਸੇਧ ਦੀ ਲੋੜ ਏ ਬਲਕਿ ਤੁਹਾਡੇ ਸਾਥ ਤੇ ਹੌਂਸਲੇ ਦੀ ਵੀ ਬਹੁਤ ਲੋੜ ਹੁੰਦੀ ਏ, ਨਹੀਂ ਆਪਣੇ ਆਸੇ ਪਾਸੇ ਨਜ਼ਰ ਮਾਰਿਓ ਕਿੰਨੇ ਪਰਿਵਾਰ ਟੁੱਟਦੇ ਤੇ ਟੁੱਟ ਚੁੱਕੇ ਦਿਖਾਈ ਦੇਣਗੇ, ਬਹੁਤ ਮਜ਼ਬੂਰ ਤੇ ਟੁੱਟਿਆ ਹੋਇਆ ਬੰਦਾ ਹੀ ਆਤਮ-ਹੱਤਿਆ ਜਾਂ ਜੁਰਮ ਵੱਲ ਵਧਦੇ, ਸੋ ਆਓ ਸਾਰੇ ਰਲ-ਮਿਲਕੇ ਇਹਨਾਂ ਨੂੰ ਪਿਆਰ ਤੇ ਅਪਣੱਤ ਨਾਲ ਗਲੇ ਲਾਈਏ…!!!
ਇਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ,
ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਹਤਰੇ,
ਇਕਨਾਂ ਦੇ ਘਰ ਇੱਕ, ਤੇ ਉਹ ਵੀ ਜਾਏ ਮਰ,
“ਵਜੀਦਾ” ਕੌਣ ਆਖੇ ਸਾਹਿਬ ਨੂੰ,
ਇੰਝ ਨਹੀਂ ਇੰਝ ਕਰ…!!!
(ਰਾਜਿੰਦਰ ਸਿੰਘ ਗੋਲਡੀ)

Rajinder singh Goldy

You may also like