ਦਸ ਸਾਲ ਦਾ ਵੀਜ਼ਾ

by admin

ਵੱਡੀ ਧੀ ਬਾਹਰ ਵਿਆਹੀ ਗਈ ਤਾਂ ਜੀਅ ਨਾ ਲੱਗੇ..
ਉਸ ਦਿਨ ਫੈਸਲਾ ਕਰ ਲਿਆ ਸੀ ਕਿ ਨਿੱਕੀ ਨੂੰ ਕੋਲੇ ਹੀ ਵਿਆਹੁਣਾ ਹੈ..ਇਹ ਲੰਮੇ ਵਿਛੋੜੇ ਜਰਨੇ ਬੜੇ ਔਖੇ..
ਪਰ ਧੁਰ ਦੀਆਂ ਲਿਖੀਆਂ ਨੂੰ ਕੌਣ ਮੋੜ ਸਕਦਾ।
ਨਿੱਕੀ ਵੀ ਕਨੇਡਾ ਮੰਗੀ ਗਈ..ਫੇਰ ਵਿਆਹ ਮਗਰੋਂ ਛੇ ਮਹੀਨੇ ਕੋਲ ਰਹੀ..ਹਰ ਵੇਲੇ ਇਸਦੇ ਤੁਰ ਜਾਣ ਦਾ ਧੁੜਕੂ ਲੱਗਿਆ ਰਿਹਾ ਕਰੇ..
ਅੱਜ ਜਦੋਂ ਡਾਕੀਆਂ ਨੇ ਕਨੇਡਾ ਦੇ ਵੀਜ਼ੇ ਲੱਗੇ ਵਾਲਾ ਕਾਗਜ ਫੜਾਇਆ ਤਾਂ ਬਾਹਰੋਂ ਬਾਹਰ ਖੁਸ਼ੀ ਜਾਹਿਰ ਕੀਤੀ ਪਰ ਅੰਦਰ ਬੁੱਝ ਜਿਹਾ ਗਿਆ..।
ਚੌਦਾਂ ਦਿਨ ਬਾਅਦ ਫਲਾਈਟ ਸੀ..ਵੇਹੜਾ ਸੁੰਨਾ ਹੋ ਜਾਣਾ ਸੀ..ਇਹੋ ਸੋਚ-ਸੋਚ ਅੱਧੀ ਮੁੱਕ ਗਈ ਕੇ ਕਿਹਨੂੰ ਮਿਲਿਆ ਕਰੂੰਗੀ..ਕਿਸਨੂੰ ਵੇਖਿਆ ਕਰੂੰ..ਵਰ੍ਹਿਆਂ ਬਾਅਦ ਸਬੱਬੀਂ ਮੇਲੇ ਹੋਇਆ ਕਰਨਗੇ..ਪਤਾ ਨਹੀਂ ਜਿਉਂਦੇ ਵੀ ਰਹਿਣਾ ਕਿ ਨਹੀਂ..ਲੋਕ ਸਹੀ ਆਖਿਆ ਕਰਦੇ ਸਨ ਕਿ ਇੱਕ ਪੁੱਤਰ ਵੀ ਜਰੂਰੀ ਏ।

ਨਿੱਕੀ ਦੇ ਸਿਰ ਦਾ ਸਾਈਂ ਫਲਾਈਟ ਤੋਂ ਦੋ-ਤਿੰਨ ਦਿਨ ਪਹਿਲਾਂ ਉਸਨੂੰ ਆਪ ਲੈਣ ਅੱਪੜ ਗਿਆ..
ਤੁਰਨ ਤੋਂ ਇੱਕ ਦਿਨ ਪਹਿਲਾਂ ਹੱਸਦਾ ਹੋਇਆ ਆਖਣ ਲੱਗਾ ਕਿ ਬੀਜੀ ਤੁਸੀਂ ਵੀ ਆਪਣਾ ਸਮਾਨ ਬੰਨ੍ਹ ਲਵੋ..ਸਮਝ ਜਿਹੀ ਨਾ ਆਈ ਕਿ ਕੀ ਆਖੀ ਜਾਂਦਾ ਪਰ ਫੇਰ ਜਦੋਂ ਜ਼ੋਰ ਦੇ ਕੇ ਪੁੱਛਿਆ ਤਾਂ ਦੱਸਣ ਲੱਗਾ ਕਿ ਤੁਹਾਡਾ ਵੀ ਦਸ ਸਾਲ ਦਾ ਵੀਜ਼ਾ ਲੱਗ ਗਿਆ ਤੇ ਤੁਸੀਂ ਵੀ ਸਾਡੇ ਨਾਲ ਹੀ ਚੱਲ ਰਹੇ ਹੋ..।

ਏਨੀ ਗੱਲ ਸੁਣ ਅੱਖੀਆਂ ਚੋਂ ਆਪ-ਮੁਹਾਰੇ ਹੀ ਬਸੰਤ ਬਹਾਰ ਵਹਿ ਤੁਰੀ..
ਮਨ ਦੀ ਮੁਰਾਦ ਪੂਰੀ ਹੁੰਦੀ ਵੇਖ ਇੰਝ ਮਹਿਸੂਸ ਹੋਇਆ ਜਿਦਾਂ ਅੱਜ ਏਨੇ ਵਰ੍ਹਿਆਂ ਬਾਅਦ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਹੋਵੇ।

You may also like