ਆਈ ਮਿਸ ਯੂ ਮਾਂ ਦਲੀਪ ਕੌਰ ਟਿਵਾਣਾ I Miss You Maan by Dalip Kaur Tiwana

by Sandeep Kaur

ਦਲਵਾਈ ਦਾ ਦਿਨ ਸੀ। ਮੀਂਹ ਕਦੇ ਪੈਣ ਲੱਗਦਾ ਕਦੇ ਹਟ ਜਾਂਦਾ। ਗਰਮੀ ਘਟ ਗਈ ਸੀ। ਮੌਸਮ ਸੁਹਾਵਣਾ ਹੋ ਗਿਆ ਸੀ। ਅੱਜ ਛੁੱਟੀ ਦਾ ਦਿਨ ਸੀ। ਮਾਂ ਨੇ ਖੀਰ-ਪੂੜੇ ਬਣਾਏ। ਪਤੀ ਅਤੇ ਪੁੱਤਰ ਨੂੰ ਆ ਕੇ ਖਾ ਲੈਣ ਲਈ ਆਵਾਜ਼ਾਂ ਦੇਣ ਲੱਗੀ।
‘‘ਤੇਰੀ ਮਾਂ ਨੂੰ ਪਕਾਉਣ-ਖਾਣ ਤੋਂ ਬਿਨਾਂ ਦੂਜਾ ਕੋਈ ਕੰਮ ਨਹੀਂ।’’ ਪਾਪਾ ਨੇ ਰਿਸ਼ੀ ਵੱਲ ਤੱਕ ਕੇ ਹੱਸ ਕੇ ਆਖਿਆ।
‘‘ਅੰਨ ਵਿਚ ਹੀ ਪ੍ਰਾਣ ਨੇ। ਸਿਆਣਿਆਂ ਨੇ ਆਖਿਆ ਹੈ ‘ਜਿਹੋ ਜਿਹਾ ਅੰਨ ਉਹੋ ਜਿਹਾ ਮਨ।’ ਜੇ ਖਾਣਾ ਪੀਣਾ ਜ਼ਰੂਰੀ ਨਾ ਹੁੰਦਾ ਤਾਂ ਰੱਬ ਬੰਦੇ ਦੇ ਢਿੱਡ ਹੀ ਕਾਹਤੋਂ ਲਗਾਉਂਦਾ।’’ ਮਾਂ ਨੇ ਕਿਹਾ।
‘‘ਪਾਪਾ, ਮੰਮੀ ਨੇ ਐਨੇ ਵਧੀਆ ਖੀਰ-ਪੂੜੇ ਬਣਾਏ ਨੇ ਕ੍ਰਿਟੀਸਿਜ਼ਮ ਨਾ ਕਰੋ।’’ ਰਿਸ਼ੀ ਪੂੜੇ ਦੀ ਬੁਰਕੀ ਤੋੜਦਾ ਬੋਲਿਆ।
‘‘ਇਨ੍ਹਾਂ ਨੇ ਤਾਂ ਮੇਰੀ ਹਰੇਕ ਗੱਲ ਦੇ ਉਲਟ ਬੋਲਣਾ ਹੀ ਹੋਇਆ।’’ ਮਾਂ ਨੇ ਪੂੜਾ ਪਾਪਾ ਦੀ ਪਲੇਟ ’ਚ ਰੱਖਦਿਆਂ ਆਖਿਆ।
‘‘ਰਿਸ਼ੀ ਤੇਰੀ ਮਾਂ ਬੜੀ ਚੰਗੀ ਹੈ ਕਿਉਂਕਿ ਤੇਰਾ ਵੀ ਧਿਆਨ ਰੱਖਦੀ ਹੈ ਮੇਰਾ ਵੀ ਧਿਆਨ ਰੱਖਦੀ ਹੈ। ਫ਼ਜ਼ੂਲ ਖ਼ਰਚ ਕੋਈ ਨਹੀਂ ਕਰਦੀ। ਨਾਲੇ ਦੇਖਦਾ ਨਹੀਂ ਪਿੰਡੋਂ ਜਦੋਂ ਤੇਰੀ ਦਾਦੀ ਆਉਂਦੀ ਹੈ ਉਸ ਨਾਲ ਕਿੰਨੀ ਮਿੱਠੀ ਬਣ ਜਾਂਦੀ ਹੈ।’’ ਪਾਪਾ ਆਖ ਰਹੇ ਸਨ।
‘‘ਮੈਂ ਸਭ ਜਾਣਦੀ ਹਾਂ। ਪਹਿਲਾਂ ਜੋ ਮਰਜ਼ੀ ਆਖ ਦਿੰਦੇ ਹੋ ਮਗਰੋਂ ਪੋਚੇ ਮਾਰ ਦਿੰਦੇ ਹੋ।’’ ਮਾਂ ਹੱਸ ਕੇ ਬੋਲੀ।
‘‘ਹਾਂ ਸੱਚ ਸੁਣੋ। ਦਫ਼ਤਰੋਂ ਆਉਂਦੇ ਹੋਏ ਆਪਣੇ ਨਾਈਟ ਸੂਟ ਦਾ ਕੱਪੜਾ ਫੜ ਲਿਆਉਣਾ। ਬਣਾ ਮੈਂ ਦਿਆਂਗੀ।’’ ਮਾਂ ਨੂੰ ਕੁਝ ਯਾਦ ਆਇਆ।
‘‘ਮੇਰੀ ਛੱਡੋ, ਰਿਸ਼ੀ ਦਾ ਫ਼ਿਕਰ ਕਰੋ। ਇਸ ਦੀ ਪੋਸਟਿੰਗ ਦੀ ਚਿੱਠੀ ਆਉਣ ਹੀ ਵਾਲੀ ਹੈ। ਨਾਲੇ ਦੇਖ ਲਓ ਰਿਸ਼ੀ ਆਖਦਾ ਸੀ ਇਮਤਿਹਾਨ ਅਗਲੀ ਵਾਰ ਦਿਆਂਗਾ। ਐਤਕੀਂ ਤਿਆਰੀ ਚੰਗੀ ਨਹੀਂ। ਫੇਰ ਵੀ ਉਹ ਪਾਸ ਹੋ ਗਿਆ। ਇੰਟਰਵਿਊ ’ਚ ਲੰਘ ਗਿਆ। ਪੀਸੀਐੱਸ ਵਿਚੋਂ ਪਾਸ ਹੋ ਜਾਣਾ ਕੋਈ ਛੋਟੀ ਗੱਲ ਨਹੀਂ। ਮੈਂ ਜਾਣਦਾ ਸੀ ਕਿ ਮੇਰਾ ਪੁੱਤਰ ਜੋ ਹੈ, ਲਾਈਕ ਤਾਂ ਹੋਵੇਗਾ ਹੀ।’’ ਪਾਪਾ ਨੇ ਪੂੜਾ ਖਾਂਦਿਆਂ ਕਿਹਾ।
‘‘ਆਹੋ ਜੀ, ਜੇ ਚੰਗਾ ਤਾਂ ਆਖਣਗੇ ਪਿਓ ਦਾ ਪੁੱਤਰ ਹੈ ਜੇ ਮਾੜਾ ਹੈ ਤਾਂ ਆਖਣਗੇ ਕਿ ਮਾਂ ਦਾ ਵਿਗਾੜਿਆ ਹੋਇਆ ਹੈ।’’ ਮਾਂ ਨੇ ਕਿਹਾ।
‘‘ਚਲੋ ਝਗੜਾ ਛੱਡੋ ਜੀ। ਮੈਂ ਤਾਂ ਤੁਹਾਡਾ ਦੋਵਾਂ ਦਾ ਪੁੱਤਰ ਹਾਂ।’’ ਰਿਸ਼ੀ ਨੇ ਹੱਸ ਕੇ ਕਿਹਾ।
‘‘ਕਿਤੇ ਪੋਸਟਿੰਗ ਬਹੁਤੀ ਦੂਰ ਦੀ ਤਾਂ ਨਹੀਂ ਹੋਊਗੀ।’’ ਮਾਂ ਨੇ ਥੋੜ੍ਹੀ ਚਿੰਤਾਤੁਰ ਹੋ ਕੇ ਕਿਹਾ।
‘‘ਲਓ ਜੀ, ਪਹਿਲਾਂ ਰਿਸ਼ੀ ਦੀ ਨੌਕਰੀ ਦੀ ਚਿੰਤਾ ਸੀ। ਹੁਣ ਦੂਰ-ਨੇੜੇ ਦੀ ਪੋਸਟਿੰਗ ਦਾ ਖ਼ਿਆਲ ਆ ਗਿਆ। ਜਿੱਥੇ ਦੀ ਵੀ ਹੋਈ ਜਾਵੇ, ਜਾਣਾ ਤਾਂ ਪਊਗਾ ਹੀ।’’ ਪਾਪਾ ਨੇ ਕਿਹਾ।
‘‘ਬੜੇ ਸੁਆਦ ਸੀ ਖੀਰ-ਪੂੜੇ। ਰਾਤ ਨੂੰ ਇਕ-ਅੱਧਾ ਫੁਲਕਾ ਹੀ ਖਾਵਾਂਗਾ।’’ ਪਾਪਾ ਨੇ ਕਿਹਾ।
‘‘ਹਾਲੇ ਰਾਤ ਨੂੰ ਵੀ ਖਾਓਗੇ?’’ ਮਾਂ ਨੇ ਮਜ਼ਾਕ ਕੀਤਾ।
ਰਿਸ਼ੀ ਹੱਥ ਧੋ ਕੇ ਆਪਣੇ ਕਮਰੇ ਵੱਲ ਚਲਿਆ ਗਿਆ।
‘‘ਮੁੰਡੇ ਤੇਰੇ ਨੂੰ ਵਧੀਆ ਨੌਕਰੀ ਮਿਲ ਰਹੀ ਹੈ। ਹੁਣ ਇਸ ਦੇ ਵਿਆਹ ਬਾਰੇ ਸੋਚ।’’ ਪਾਪਾ ਨੇ ਕਿਹਾ।
‘‘ਮੈਨੂੰ ਤਾਂ ਸਾਊ ਕੁੜੀ ਚਾਹੀਦੀ ਐ।’’ ਮਾਂ ਨੇ ਕੁਰਸੀ ’ਤੇ ਬੈਠਦੇ ਹੋਏ ਕਿਹਾ।
‘‘ਮੈਨੂੰ ਸਾਊ ਪਰਿਵਾਰ ਚਾਹੀਦਾ ਐ।’’ ਪਾਪਾ ਨੇ ਕਿਹਾ।
‘‘ਜਿਸ ਦੇ ਸੰਜੋਗ ਹੋਏ, ਮਿਲ ਜਾਊਗੀ।’’ ਮਾਂ ਨੇ ਕਿਹਾ।
ਰਿਸ਼ੀ ਦੀ ਪੋਸਟਿੰਗ ਅੰਮ੍ਰਿਤਸਰ ਦੀ ਹੋਈ ਸੀ। ਸਰਕਾਰੀ ਕੋਠੀ ਅਜੇ ਖਾਲੀ ਨਹੀਂ ਸੀ। ਮਹਿਕਮੇ ਵਾਲਿਆਂ ਨੇ ਆਪ ਹੀ ਚੰਗੇ ਇਲਾਕੇ ’ਚ ਇਕ ਨਵਾਂ ਬਣਿਆ ਘਰ ਲੱਭ ਰੱਖਿਆ ਸੀ। ਮਾਂ ਤੇ ਪਾਪਾ ਆਪ ਉਸ ਨੂੰ ਛੱਡਣ ਗਏ। ਕੁਝ ਚੀਜ਼ਾਂ ਘਰੋਂ ਲੈ ਗਏ ਸਨ ਤੇ ਕੁਝ ਉੱਥੋਂ ਲੈ ਲਈਆਂ ਸਨ। ਇਕ-ਦੋ ਦਿਨ ’ਚ ਘਰ ਸੈੱਟ ਕਰਵਾ ਕੇ ਮਾਂ ਤੇ ਪਾਪਾ ਮੁੜ ਆਏ ਸਨ। ਛੋਟੂ ਦੇ ਪਿਓ ਨੂੰ ਦਸ ਦਿਨਾਂ ਦੀ ਛੁੱਟੀ ਦਿਵਾ ਕੇ ਉਸ ਕੋਲ ਛੱਡ ਆਏ ਸਨ ਤਾਂ ਜੋ ਉਸ ਦੇ ਚਪੜਾਸੀ ਨੂੰ ਉਸ ਦੇ ਖਾਣ-ਪੀਣ ਬਾਰੇ ਸਮਝਾ ਦੇਵੇ।
ਮਾਂ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਉਸ ਦਾ ਵਿਆਹ ਕਰ ਦਿੱਤਾ ਜਾਏ। ਕੋਈ ਘਰ ਸੰਭਾਲਣ ਲਈ ਵੀ ਚਾਹੀਦੀ ਐ। ਮਾਂ ਦੀ ਬਸ ਇਕੋ ਮੰਗ ਸੀ ਕਿ ਕੁੜੀ ਸਾਊ ਤੇ ਮੇਰੇ ਪੁੱਤਰ ਦਾ ਖ਼ਿਆਲ ਰੱਖਣ ਵਾਲੀ ਹੋਵੇ। ਪਾਪਾ ਸੋਚਦੇ ਸਨ ਕਿ ਚੰਗੇ ਖਾਨਦਾਨ, ਚੰਗੇ ਘਰ ਦੀ, ਸੰਸਕਾਰਾਂ ਵਾਲੀ ਲੜਕੀ ਹੋਵੇ। ਰਿਸ਼ੀ ਭਾਵੇਂ ਆਖਦਾ ਸੀ ਜਿਹੜੀ ਤੁਹਾਨੂੰ ਠੀਕ ਲੱਗਦੀ ਐ ਲੱਭ ਲਵੋ। ਵਿਚੋਂ ਉਸਦਾ ਮਨ ਸੀ ਕਿ ਕੁੜੀ ਸੋਹਣੀ ਜ਼ਰੂਰ ਹੋਵੇ।
ਉਨ੍ਹਾਂ ਦੀ ਗੁਆਂਢਣ ਸੱਤਿਆ ਦੇਵੀ ਦੀ ਪਹਿਲਾਂ ਤੋਂ ਹੀ ਰਿਸ਼ੀ ਉਪਰ ਨਜ਼ਰ ਸੀ। ਹੁਣ ਮੌਕਾ ਦੇਖ ਕੇ ਉਸਨੇ ਆਪਣੀ ਭਤੀਜੀ ਲਈ ਵਿਆਹ ਦੀ ਗੱਲ ਤੋਰੀ। ਉਸਨੇ ਉਨ੍ਹਾਂ ਕੋਲ ਆਪਣੀ ਭਤੀਜੀ ਨੀਲਮ ਦੀ ਰੱਜ ਕੇ ਤਾਰੀਫ਼ ਕੀਤੀ। ਮਾਂ ਨੇ ਉਹ ਵੇਖੀ ਹੋਈ ਸੀ। ਪਾਪਾ ਨੇ ਉਸ ਦੇ ਅੱਗੇ-ਪਿੱਛੇ, ਘਰ-ਬਾਰ ਦੀ ਪੜਤਾਲ ਵੀ ਕਰ ਲਈ।
ਰਿਸ਼ੀ ਪੰਦਰਾਂ ਦਿਨਾਂ ਮਗਰੋਂ ਪੰਜ-ਛੇ ਘੰਟੇ ਦਾ ਸਫ਼ਰ ਕਰਕੇ ਪਟਿਆਲੇ ਪਹੁੰਚਦਾ ਤੇ ਪੰਜ-ਛੇ ਘੰਟੇ ਦਾ ਸਫ਼ਰ ਕਰਕੇ ਵਾਪਸ ਜਾਂਦਾ। ਜਾਂਦੇ ਨੂੰ ਮਾਂ ਕਈ ਚੀਜ਼ਾਂ ਬਣਾ ਕੇ ਨਾਲ ਦਿੰਦੀ। ਕਈ ਹਦਾਇਤਾਂ ਕਰਦੀ ਹੋਈ ਖ਼ਾਸ ਕਰਕੇ ਖਾਣ-ਪੀਣ ਦਾ ਪੂਰਾ ਖ਼ਿਆਲ ਰੱਖਣ ਲਈ ਆਖ ਦਿੰਦੀ। ਪਾਪਾ ਭਾਵੇਂ ਹੱਸ ਕੇ ਆਖਦੇ, ‘‘ਭਲੀਏ ਲੋਕੇ, ਹੁਣ ਇਹ ਬੱਚਾ ਨਹੀਂ, ਅਫ਼ਸਰ ਹੈ।’’
ਮਾਂ ਅੱਗੋਂ ਉੱਤਰ ਦਿੰਦੀ, ‘‘ਮੇਰੇ ਲਈ ਤਾਂ ਇਹ ਬੱਚਾ ਹੀ ਐ।’’
ਇਸ ਵਾਰੀ ਰਿਸ਼ੀ ਪੰਦਰਾਂ ਦਿਨ ਮਗਰੋਂ ਨਾ ਆ ਸਕਿਆ। ਉਸ ਨੇ ਮਾਂ ਨੂੰ ਚਿੱਠੀ ਲਿਖੀ। ਸਾਰੀ ਚਿੱਠੀ ’ਚ ਮੋਟੇ-ਮੋਟੇ ਅੱਖਰਾਂ ’ਚ ਸਿਰਫ਼ ਏਨਾ ਹੀ ਲਿਖਿਆ ਸੀ ਆਈ ਮਿਸ ਯੂ ਮਾਂ। ਚਿੱਠੀ ਮਾਂ ਨੇ ਕਿੰਨੀ ਹੀ ਵਾਰੀ ਪੜ੍ਹੀ ਸੀ ਤੇ ਉਹਦਾ ਮਨ ਕੀਤਾ ਸੀ ਕਿ ਉਹ ਉੱਡ ਕੇ ਰਿਸ਼ੀ ਕੋਲ ਪਹੁੰਚ ਜਾਏ। ਜਦ ਉਸ ਨੂੰ ਛੱਡ ਕੇ ਆਏ ਸਨ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਉਸ ਦਾ ਮੱਥਾ ਟਿਕਾਉਣ ਲੈ ਕੇ ਗਏ ਸਨ। ਮਾਂ ਸੋਚਦੀ ਸੀ ਕਿ ਕਿੱਡੀ ਸ਼ਾਂਤੀ ਸੀ ਉੱਥੇ ਜਿਵੇਂ ਕੋਈ ਹੋਰ ਹੀ ਦੁਨੀਆ ਹੋਵੇ। ਪਾਠ ਦੀ ਆਵਾਜ਼ ਜਿਵੇਂ ਅੰਬਰਾਂ ਤੋਂ ਆ ਰਹੀ ਹੋਵੇ। ਜਾਂ ਫਿਰ ਸਰੋਵਰ ’ਚ ਨਹਾ ਕੇ ਆ ਰਹੀ ਹੋਵੇ। ਉਹ ਥਾਂ ਸੱਚਮੁੱਚ ਹੀ ਰੱਬ ਦਾ ਘਰ ਲੱਗਦਾ ਸੀ। ਮਨ ਹੀ ਮਨ ਉਸ ਨੇ ਦਰਬਾਰ ਸਾਹਿਬ ਨੂੰ ਚਿਤਵ ਕੇ ਹੱਥ ਜੋੜੇ, ਸਿਰ ਨਿਵਾਇਆ ਤੇ ਜਿਵੇਂ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਮੇਰੇ ਬੇਟੇ ਦੇ ਅੰਗ-ਸੰਗ ਸਹਾਈ ਹੋਈਂ। ਕੋਈ ਚੰਗੀ ਲੜਕੀ ਮਿਲੇ, ਮੇਰਾ ਫ਼ਿਕਰ ਮਿਟੇ।
ਅਗਲੇ ਹਫ਼ਤੇ ਐਤਵਾਰ ਉਹ ਘਰ ਆ ਗਿਆ। ਭਾਵੇਂ ਐਡੀ ਕੋਈ ਲੋੜ ਵੀ ਨਹੀਂ ਸੀ ਉਸ ਨੇ ਇਕ ਛੁੱਟੀ ਵੀ ਲੈ ਲਈ।
ਮਾਂ ਨੇ ਗੁਆਂਢਣ ਨੂੰ ਆਖ ਦਿੱਤਾ ਕਿ ਭਲਕੇ ਉਹ ਆਪਣੀ ਭਤੀਜੀ ਤੇ ਉਹਦੇ ਘਰਦਿਆਂ ਨੂੰ ਬੁਲਾ ਲਵੇ। ਉਹ ਤਾਂ ਪਹਿਲਾਂ ਹੀ ਇਹ ਚਾਹੁੰਦੀ ਸੀ। ਉਸਨੇ ਅੰਬਾਲੇ ਸੁਨੇਹਾ ਭੇਜ ਕੇ ਆਪਣੇ ਭਰਾ-ਭਰਜਾਈ ਤੇ ਨੀਲਮ ਨੂੰ ਸੱਦ ਲਿਆ। ਆਥਣੇ ਰਿਸ਼ੀ ਹੋਰਾਂ ਨੂੰ ਚਾਹ ’ਤੇ ਵੀ ਬੁਲਾ ਲਿਆ।
ਬਸ ਕੁੜੀ ਹੀ ਦੇਖਣੀ ਸੀ। ਬਾਕੀ ਇਨ੍ਹਾਂ ਨੂੰ ਕਿਹੜਾ ਕਿਸੇ ਚੀਜ਼ ਦਾ ਲਾਲਚ ਜਾਂ ਮੰਗ ਸੀ। ਚਾਹ-ਚੂ ਮੁਕਾ ਕੇ ਗੁਆਂਢਣ ਆਪਣੇ ਪਰਿਵਾਰ ਨੂੰ ਦੂਜੇ ਕਮਰੇ ’ਚ ਲੈ ਆਈ ਤਾਂ ਜੋ ਰਿਸ਼ੀ ਦੇ ਮਾਂ-ਪਿਓ ਉਸ ਦੀ ਮਰਜ਼ੀ ਪੁੱਛ ਲੈਣ।
ਦਸ-ਪੰਦਰਾਂ ਮਿੰਟਾਂ ਮਗਰੋਂ ਜਦੋਂ ਰਿਸ਼ੀ ਦੇ ਪਾਪਾ ਨੇ ਕਿਹਾ ਕਿ ਸਾਨੂੰ ਬੇਟੀ ਪਸੰਦ ਹੈ, ਬੇਟੀ ਸਾਡੀ ਹੋਈ। ਇਹ ਕਹਿਣ ’ਤੇ ਲੱਡੂਆਂ ਦਾ ਡੱਬਾ ਤੇ ਇਕ ਮੋਹਰ ਗੁਆਂਢਣ ਨੇ ਆਪਣੇ ਭਰਾ ਤੋਂ ਰਿਸ਼ੀ ਦੇ ਪੱਲੇ ਪੁਆ ਦਿੱਤੀ ਤੇ ਵਧਾਈਆਂ ਦਿੰਦੀ ਹੋਈ ਆਖਣ ਲੱਗੀ ਕਿ ਤਿਆਰੀ ਮੈਂ ਪਹਿਲਾਂ ਹੀ ਕਰ ਰੱਖੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਰੱਬ ਭਲੀ ਕਰੂਗਾ। ਇਉਂ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਪਰਤੇ।
ਘਰ ਪਹੁੰਚਣ ਸਾਰ ਮਾਂ ਨੇ ਫੇਰ ਵਿਆਹ ਦੀ ਚਰਚਾ ਛੇੜੀ।
‘‘ਵਿਆਹ ਕਦੋਂ ਦਾ ਰੱਖੀਏ?’’ ਮਾਂ ਨੇ ਪੁੱਛਿਆ।
‘‘ਤੂੰ ਅਜੇ ਸਾਹ ਤਾਂ ਲੈ। ਬਾਹਰ ਵਾਲਿਆਂ ਨੂੰ ਵੀ ਪੁੱਛਣਾ ਹੈ ਬਈ ਉਹ ਕਦੋਂ ਆ ਸਕਣਗੇ। ਕੁੜੀ ਵਾਲਿਆਂ ਨੂੰ ਵੀ ਤਿਆਰੀ ਲਈ ਸਮਾਂ ਚਾਹੀਦਾ ਹੋਊ। ਤੂੰ ਤੇ ਸੋਚਦੀ ਐਂ ਕਿ ਝਟਪਟ ਨੂੰਹ ਲੈ ਆਈਏੇ।’’ ਪਾਪਾ ਬੋਲੇ।
‘‘ਜਦ ਆਪਾਂ ਕੁੜੀ ਵਾਲਿਆਂ ਕੋਲੋਂ ਕੁਛ ਲੈਣਾ ਹੀ ਨਹੀਂ ਤਾਂ ਤਿਆਰੀ ਉਨ੍ਹਾਂ ਨੇ ਕਾਹਦੀ ਕਰਨੀ ਐ? ਬਾਕੀ ਬਾਹਰ ਵਾਲਿਆਂ ਵਿਚੋਂ ਮੁੰਡਾ ਭਾਵੇਂ ਨਾ ਆ ਸਕੇ, ਪਰ ਤੁਹਾਡੇ ਭਾਈ ਸਾਹਬ ਵਿਹਲੇ ਨੇ ਜਦੋਂ ਮਰਜ਼ੀ ਆ ਜਾਣ।’’ ਮਾਂ ਨੇ ਕਿਹਾ।
‘‘ਤੂੰ ਉਸ ਤੋਂ ਤਾਂ ਪੁੱਛ ਲੈ ਜਿਸਦਾ ਵਿਆਹ ਕਰਨਾ ਹੈ। ਤੂੰ ਆਪ ਹੀ ਰੌਲਾ ਪਾਈ ਜਾਨੀ ਐਂ।’’ ਪਾਪਾ ਬੋਲੇ। ‘‘ਜਦੋਂ ਤੁਹਾਨੂੰ ਠੀਕ ਲੱਗੇ, ਰੱਖ ਲੈਣਾ ਮੈਰਿਜ। ਬਸ ਥੋੜ੍ਹਾ ਜਿਹਾ ਪਹਿਲਾਂ ਦੱਸ ਦੇਣਾ ਤਾਂ ਜੋ ਛੁੱਟੀ ਦਾ ਪ੍ਰਬੰਧ ਹੋ ਸਕੇ।’’ ਰਿਸ਼ੀ ਨੇ ਕਿਹਾ।
‘‘ਚਲੋ, ਦਸੰਬਰ ਦੀਆਂ ਛੁੱਟੀਆਂ ’ਚ ਕਰ ਲਵਾਂਗੇ।’’ ਇਹ ਆਖ ਕੇ ਪਾਪਾ ਨੇ ਗੱਲ ਮੁਕਾਈ।
ਦਸੰਬਰ ’ਚ ਰਿਸ਼ੀ ਦਾ ਨੀਲਮ ਨਾਲ ਵਿਆਹ ਹੋ ਗਿਆ। ਨੀਲਮ ਨੂੰ ਰਿਸ਼ੀ ਦੇ ਨਾਲ ਅੰਮ੍ਰਿਤਸਰ ਭੇਜਣ ਮਗਰੋਂ ਮਾਂ ਦੇ ਫ਼ਿਕਰ ਘਟੇ। ਕੁੜੀ ਸਾਊ ਤੇ ਸਮਝਦਾਰ ਲੱਗਦੀ ਸੀ, ਸੋਹਣੀ ਤਾਂ ਹੈ ਹੀ ਸੀ।
‘‘ਇਹ ਸਾਡੀ ਨੂੰਹ ਵੀ ਐ ਤੇ ਧੀ ਵੀ ਐ। ਇਸ ਦਾ ਭਾਈ ਤੂੰ ਖ਼ਿਆਲ ਰੱਖੀਂ।’’ ਮਾਂ ਨੇ ਜਾਣ ਵੇਲੇ ਰਿਸ਼ੀ ਨੂੰ ਆਖਿਆ ਸੀ।
‘‘ਲੈ ਹੈ, ਇਸ ਨੇ ਮੇਰਾ ਖ਼ਿਆਲ ਰੱਖਣੈ ਕਿ ਮੈਂ ਇਸਦਾ ਰੱਖਣੈ?’’ ਰਿਸ਼ੀ ਨੇ ਕਿਹਾ ਸੀ।
‘‘ਪਾਪਾ ਨੇ ਕਿਹਾ ਸੀ ਕਿ ਤੁਸੀਂ ਇਕ ਦੂਜੇ ਦਾ ਖ਼ਿਆਲ ਰੱਖਿਓ।’’ ਨੀਲਮ ਨੇ ਕਿਹਾ।
ਹੁਣ ਰਿਸ਼ੀ ਪੰਦਰਾਂ ਦਿਨਾਂ ਮਗਰੋਂ ਨਹੀਂ, ਨੀਲਮ ਨੂੰ ਨਾਲ ਲੈ ਕੇ ਮਹੀਨੇ ਡੇਢ ਮਹੀਨੇ ਮਗਰੋਂ ਆਉਂਦਾ। ਉਹ ਇਕ ਦਿਨ ਰਹਿ ਕੇ ਮੁੜ ਜਾਂਦੇ।
ਇਸ ਵਾਰੀ ਰਿਸ਼ੀ ਇਕੱਲਾ ਆਇਆ। ਨੀਲਮ ਆਖਦੀ ਸੀ ਕਿ ਏਨੇ ਲੰਮੇ ਸਫ਼ਰ ’ਚ ਮੈਂ ਥੱਕ ਜਾਂਦੀ ਹਾਂ। ਨਾਲੇ ਉਸ ਦੀ ਮਾਂ ਮਿਲਣ ਆਈ ਹੋਈ ਸੀ।
ਮਾਂ ਨੇ ਬੜੇ ਸਾਲਾਂ ਤੋਂ ਸੰਭਾਲ ਕੇ ਰੱਖਿਆ ਖ਼ੂਬਸੂਰਤ ਕਾਫ਼ੀ ਸੈੱਟ ਜੋ ਉਸ ਦੇ ਪਾਪਾ ਨੇ ਪੈਰਿਸ ਤੋਂ ਲਿਆ ਕੇ ਦਿੱਤਾ ਸੀ ਰਿਸ਼ੀ ਨੂੰ ਦਿੱਤਾ। ਨੀਲਮ ਲਈ ਪਸ਼ਮੀਨੇ ਦਾ ਸ਼ਾਲ ਦਿੱਤਾ। ਰਿਸ਼ੀ ਨੂੰ ਕਿਹਾ ਕਿ ਨੀਲਮ ਨੂੰ ਆਖੀਂ ਘਰ ਰਿਸ਼ੀ ਇਕੱਲਾ ਨਾ ਆਵੇ ਤੂੰ ਨਾਲ ਆਇਆ ਕਰ। ਪਰ ਇਸ ਤੋਂ ਅਗਲੀ ਵਾਰ ਵੀ ਰਿਸ਼ੀ ਇਕੱਲਾ ਹੀ ਘਰ ਆਇਆ ਸੀ। ਮਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਰਿਸ਼ੀ ਦਾ ਜਵਾਬ ਸੀ ਕਿ ਉਸ ਦੀ ਤਬੀਅਤ ਠੀਕ ਨਹੀਂ ਸੀ।
‘‘ਜੇ ਉਸਦੀ ਤਬੀਅਤ ਠੀਕ ਨਹੀਂ ਸੀ ਫੇਰ ਤੂੰ ਨਹੀਂ ਸੀ ਆਉਣਾ।’’ ਮਾਂ ਨੇ ਕਿਹਾ।
‘‘ਉਸ ਦੀ ਰੋਜ਼ ਹੀ ਤਬੀਅਤ ਢਿੱਲੀ ਰਹਿੰਦੀ ਐ।’’ ‘‘ਕੀ ਕੋਈ ਖ਼ੁਸ਼ਖਬਰੀ ਹੈ ਰਾਜਾ ਬੇਟਾ।’’
‘‘ਪਤਾ ਨਹੀਂ, ਮੇਰੇ ਨਾਲ ਚਲਣਾ ਉਸ ਨੂੰ ਪੁੱਛ ਲੈਣਾ।’’ ਰਿਸ਼ੀ ਨੇ ਕਿਹਾ।
ਮਾਂ ਨੇ ਪਾਪਾ ਨੂੰ ਦੱਸਿਆ ਕਿ ਮੈਂ ਦੋ ਦਿਨ ਲਈ ਰਿਸ਼ੀ ਨਾਲ ਚੱਲੀ ਹਾਂ। ‘‘ਤੇ ਮੇਰਾ ਕੀ ਬਣੂਗਾ?’’ ਪਾਪਾ ਨੇ ਪੁੱਛਿਆ। ‘‘ਛੋਟੂ ਨੂੰ ਸਭ ਸਮਝਾ ਕੇ ਜਾਵਾਂਗੀ। ਕੋਈ ਖ਼ਾਸ ਚੀਜ਼ ਖਾਣੀ ਹੋਈ ਤਾਂ ਚਾਵਲਾ ਵਾਲਿਆਂ ਤੋਂ ਮੰਗਵਾ ਲਿਓ।’’ ਮਾਂ ਨੇ ਕਿਹਾ। ਮਾਂ ਰਿਸ਼ੀ ਨਾਲ ਅੰਮ੍ਰਿਤਸਰ ਪਹੁੰਚ ਗਈ। ਨੀਲਮ ਨੇ ਘਰ ਸਲੀਕੇ ਨਾਲ ਰੱਖਿਆ ਹੋਇਆ ਸੀ। ਉਸ ਨੇ ਸੱਸ ਦੀ ਬੜੀ ਆਓ-ਭਗਤ ਕੀਤੀ।
‘‘ਅਸੀਂ ਤਾਂ ਸੋਚਿਆ ਸੀ ਕਿ ਗਰਮੀਆਂ ’ਚ ਕਸ਼ਮੀਰ ਘੁੰਮਣ ਜਾਵਾਂਗੇ, ਪਰ ਹੁਣ ਮੁਸ਼ਕਲ ਹੋ ਜਾਣਾ ਹੈ।’’ ਰਿਸ਼ੀ ਨੇ ਮਾਂ ਕੋਲ ਬੈਠਦਿਆਂ ਕਿਹਾ।
‘‘ਅਜੇ ਤੁਸੀਂ ਇਕੱਲੇ ਘੁੰਮ ਆਉਣਾ।’’ ਨੀਲਮ ਨੇ ਕਿਹਾ। ‘‘ਤੇਰੀ ਥਾਂ ’ਤੇ ਕੋਈ ਜ਼ਨਾਨੀ ਕਿਰਾਏ ’ਤੇ ਲੈ ਜਾਊਂਗਾ।’’ ਉਹ ਸ਼ਰਾਰਤ ਨਾਲ ਬੋਲਿਆ।
ਇਹ ਸੁਣ ਕੇ ਮਾਂ ਖਿੱਝ ਗਈ ਤੇ ਕਹਿਣ ਲੱਗੀ, ‘‘ਰੱਬ ਦਾ ਸ਼ੁਕਰ ਮਨਾਓ ਕਿ ਤੁਹਾਡੇ ਘਰ ਪਿਆਰਾ ਛੋਟਾ ਮਹਿਮਾਨ ਆ ਰਿਹਾ ਹੈ, ਰੱਬ ਭਾਗਾਂ ਵਾਲਿਆਂ ’ਤੇ ਮਿਹਰ ਕਰਦੈ। ਨਹੀਂ ਤਾਂ ਤਰਸਦੇ ਮਰ ਜਾਂਦੇ ਨੇ ਲੋਕ ਇਨ੍ਹਾਂ ਚੀਜ਼ਾਂ ਲਈ।’’
‘‘ਮਾਂ, ਇਹ ਪੁਰਾਣੀਆਂ ਗੱਲਾਂ ਨੇ। ਹੁਣ ਤਾਂ ਹਿੰਦੁਸਤਾਨ ਦੀ ਜਨਤਾ ਐਨੀ ਵੱਧ ਗਈ ਹੈ ਕਿ ਰੱਬ ਕੋਲ ਉਲਟੀ ਬੇਨਤੀ ਕਰਨੀ ਚਾਹੀਦੀ ਐ ਬਈ ਆਪਣੀ ਫੈਕਟਰੀ ਦਸ-ਵੀਹ ਸਾਲ ਲਈ ਬੰਦ ਕਰ ਦੇਵੇ।’’ ਰਿਸ਼ੀ ਨੇ ਮਜ਼ਾਕ ਕੀਤਾ। ‘‘ਲੰਡਰ-ਫੰਡਰ ਲੋਕਾਂ ਦਾ ਵੀ ਕੋਈ ਜਿਉਣਾ ਹੁੰਦੈ।’’ ਮਾਂ ਨੇ ਕਿਹਾ।
ਮਾਂ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਕੀਤੀਆਂ ਜਿਵੇਂ ਜ਼ਿਆਦਾਤਰ ਗਾਇਤਰੀ ਮੰਤਰ ਸੁਣਨਾ, ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਨੂੰ ਦੁਹਰਾਉਣਾ, ਭਗਤਾਂ ਦੀਆਂ ਜੀਵਨੀਆਂ ਪੜ੍ਹਨੀਆਂ, ਸਾਤਵਿਕ ਭੋਜਨ ਖਾਣਾ, ਹਰ ਕਿਸੇ ਦਾ ਭਲਾ ਸੋਚਣਾ ਤੇ ਨਾਲ ਹੀ ਕਿਹਾ ਕਿ ਇਹ ਸਭ ਤੁਹਾਡੇ ਬੱਚੇ ’ਤੇ ਅਸਰ ਕਰੇਗਾ। ਹਦਾਇਤਾਂ ਕਰਕੇ ਮਾਂ ਵਾਪਸ ਆ ਗਈ। ਮਨ ਹੀ ਮਨ ਉਸ ਵੇਲੇ ਨੂੰ ਉਡੀਕਣ ਲੱਗੀ ਜਦੋਂ ਕੋਈ ਖ਼ੁਸ਼ਖਬਰੀ ਮਿਲੂਗੀ।

ਇਸ ਵਾਰੀ ਘਰ ਛੁੱਟੀ ਆਏ ਰਿਸ਼ੀ ਨੂੰ ਦੋ ਮਹੀਨੇ ਹੋ ਗਏ ਸਨ। ਕਦੇ-ਕਦੇ ਮਾਂ ਨੂੰ ਉਸ ’ਤੇ ਗੁੱਸਾ ਆਉਂਦਾ। ਇਕ ਦਿਨ ਇਕੱਲੀ ਬੈਠੀ-ਬੈਠੀ ਮਾਂ ਰੋਣ ਹੀ ਲੱਗ ਪਈ ਤੇ ਫੇਰ ਮਨ ਹੀ ਮਨ ਆਖਣ ਲੱਗੀ, ‘‘ਮੈਂ ਇਸ ਲਈ ਨਹੀਂ ਰੋਂਦੀ ਕਿ ਤੂੰ ਆਇਆ ਨਹੀਂ। ਮੈਂ ਇਸ ਲਈ ਰੋਂਦੀ ਹਾਂ ਕਿ ਤੈਨੂੰ ਮੇਰੇ ਵਾਂਗ ਕਿਸੇ ਨੇ ਨਹੀਂ ਉਡੀਕਣਾ। ਅਜੇ ਤੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੇਗੀ। ਜਦ ਤੇਰੇ ਬੱਚੇ ਹੋਣਗੇ ਤਦ ਸਮਝ ਲਗੇਗੀ।’’ ਉਸ ਨੇ ਉੱਠ ਕੇ ਮੋਤੀ ਨੂੰ ਦੁੱਧ ਪਾਇਆ। ਉਸ ਦੀ ਪਿੱਠ ਉਪਰ ਹੱਥ ਫੇਰਦੀ ਕਹਿਣ ਲੱਗੀ ਕਿ ਮੋਤੀ ਰਿਸ਼ੀ ਆਪਾਂ ਨੂੰ ਯਾਦ ਹੀ ਨਹੀਂ ਕਰਦਾ। ਇਕ ਤਾਂ ਉਸ ਨੂੰ ਕੰਮ ਬੜੇ ਰਹਿਣ ਲੱਗ ਪਏ ਨੇ। ਦੂਜਾ ਵਹੁਟੀ ਨੂੰ ਵੀ ਇਕੱਲਾ ਨਹੀਂ ਛੱਡਿਆ ਜਾ ਸਕਦਾ। ਮੈਨੂੰ ਆਖ ਦਿੰਦਾ ਹੈ ਕਿ ਮਾਂ ਤੂੰ ਆ ਕੇ ਮਿਲ ਜਾ। ਮੈਨੂੰ ਉਦਾਸ ਦੇਖ ਕੇ ਉਸ ਦਾ ਪਾਪਾ ਸਗੋਂ ਮਖੌਲ ਕਰਦਾ ਹੈ ਕਿ ਨਿਆਣੇ ਬੱਚਿਆਂ ਵਾਂਗੂ ਓਦਰ ਜਾਂਦੀ ਹੈ। ਜਦੋਂ ਮੈਂ ਆਖਦੀ ਹਾਂ ਕਿ ਮਾਂ ਦੀਆਂ ਆਂਦਰਾਂ ਨੂੰ ਜਿਹੜੀ ਖੋਹ ਪੈਂਦੀ ਹੈ ਉਸ ਬਾਰੇ ਦੂਜਾ ਬੰਦਾ ਨਹੀਂ ਜਾਣ ਸਕਦਾ, ਉਹ ਹੱਸਣ ਲੱਗ ਜਾਂਦੇ ਨੇ। ਮੋਤੀ, ਭਲਾ ਇਹ ਕੋਈ ਹੱਸਣ ਵਾਲੀ ਗੱਲ ਐ। ਅੱਜ ਮੈਂ ਬਦਾਮਾਂ ਵਾਲੀ ਖੀਰ ਬਣਾਈ ਸੀ। ਰਿਸ਼ੀ ਦੇ ਪਾਪਾ ਨੇ ਤਾਂ ਖੀਰ ਖਾ ਲਈ। ਮੇਰੇ ਖੀਰ ਦੀ ਬੁਰਕੀ ਕਿਹੜਾ ਲੰਘੀ, ਰਿਸ਼ੀ ਜੋ ਯਾਦ ਆ ਗਿਆ। ਠੀਕ ਐ ਮੋਤੀ ਇਸ ਵਾਰੀ ਜਦੋਂ ਰਿਸ਼ੀ ਆਇਆ ਆਪਾਂ ਵੀ ਰੁੱਸ ਕੇ ਬੈਠ ਜਾਵਾਂਗੇ। ਆਖਾਂਗੇ ਕਿ ਅਸੀਂ ਨਹੀਂ ਤੇਰੇ ਨਾਲ ਬੋਲਦੇ ਤੇ ਇਉਂ ਮਾਂ ਕਈ ਵਾਰੀ ਰਿਸ਼ੀ ਦੀਆਂ ਗੱਲਾਂ ਮੋਤੀ ਨਾਲ ਕਰਦੀ ਰਹਿੰਦੀ।

ਮਾਂ ਇਸ ਗੱਲ ਦੀ ਉਡੀਕ ਕਰ ਰਹੀ ਸੀ ਕਿ ਛਿਲੇ ਲਈ ਰਿਸ਼ੀ ਉਸ ਨੂੰ ਸੱਦੇਗਾ ਜਾਂ ਨੀਲਮ ਨੂੰ ਉਸ ਕੋਲ ਛੱਡ ਜਾਏਗਾ, ਪਰ ਇਕ ਦਿਨ ਉਸ ਨੂੰ ਸੁਨੇਹਾ ਮਿਲਿਆ ਕਿ ਨੀਲਮ ਦਾ ਭਰਾ ਉਸ ਨੂੰ ਅੰਬਾਲੇ ਲੈ ਗਿਆ ਸੀ। ਅੱਜ ਹੀ ਖ਼ਬਰ ਆਈ ਹੈ ਤੁਸੀਂ ਦਾਦਾ-ਦਾਦੀ ਬਣ ਗਏ ਹੋ। ਨਾਂ ਤੁਸੀਂ ਜਿਹੜਾ ਮਰਜ਼ੀ ਰੱਖ ਲੈਣਾ। ਉਸ ਦੀ ਮਾਂ ਨੇ ਉਸ ਦਾ ਘਰ ਦਾ ਨਾਂ ਜੁਗਨੂੰ ਰੱਖਿਆ ਹੈ। ਇਹ ਜਾਣ ਕੇ ਮਾਂ ਗੁੱਸੇ ਗਿਲੇ ਸਭ ਭੁੱਲ ਗਈ। ਗਿਆਰ੍ਹਵੇਂ ਦਿਨ ਉਹ ਨੀਲਮ ਲਈ ਇਕ ਸੂਟ ਤੇ ਸਾੜੀ, ਜੁਗਨੂੰ ਲਈ ਸੋਨੇ ਦੇ ਕੜੇ, ਚਾਂਦੀ ਦੇ ਸਗਲੇ, ਬੱਚੇ ਲਈ ਕੱਪੜੇ, ਦਾਈ ਲਈ ਸੂਟ, ਮੇਵਿਆਂ ਵਾਲੀ ਪੰਜੀਰੀ ਲੈ ਕੇ ਉਸ ਦੇ ਪੇਕੇ ਗਈ।
ਮੇਰਾ ਨਿੱਕਾ ਰਿਸ਼ੀ ਆਖ ਕੇ ਬੱਚੇ ਨੂੰ ਚੁੱਕ ਕੇ ਮਾਂ ਨੇ ਕਾਲਜੇ ਨਾਲ ਲਾ ਲਿਆ।
ਛੋਟੂ ਨੂੰ ਮਾਂ ਆਖਣ ਲੱਗੀ, ‘‘ਦੇਖ ਆਪਣਾ ਛੋਟਾ ਰਿਸ਼ੀ ਤੈਨੂੰ ਮਿਲਣ ਆ ਗਿਆ।’’
‘‘ਇਸ ਨੂੰ ਆਪਣੇ ਘਰ ਕਦੋਂ ਲੈ ਕੇ ਜਾਵਾਂਗੇ?’’ ਛੋਟੂ ਨੇ ਪੁੱਛਿਆ।
‘‘ਇਸ ਨੂੰ ਥੋੜ੍ਹਾ ਜਿਹਾ ਵੱਡਾ ਹੋ ਲੈਣ ਦੇ ਆਪੇ ਦੌੜ ਕੇ ਆਇਆ ਕਰਨਾ।’’ ਮਾਂ ਨੇ ਕਿਹਾ।
ਨੀਲਮ ਅਜੇ ਪੇਕੇ ਸੀ। ਜਦੋਂ ਰਿਸ਼ੀ ਦੀ ਬਦਲੀ ਪਟਿਆਲੇ ਦੀ ਹੋ ਗਈ ਤਾਂ ਮਾਂ ਦੇ ਭੁੰਜੇ ਪੈਰ ਕਿਹੜਾ ਲੱਗਦੇ ਸਨ। ਖ਼ੁਸ਼ ਹੋ ਕੇ ਉਹ ਕਾਲੀ ਦੇਵੀ ਦੇ ਮੰਦਰ ਮੱਥਾ ਟੇਕਣ ਗਈ। ਦੁਖ ਨਿਵਾਰਣ ਗੁਰੂਦੁਆਰੇ ਮੱਥਾ ਟੇਕਣ ਗਈ।
‘‘ਘਰ ਨੂੰ ਰੰਗ ਰੋਗਨ ਕਰਵਾ ਦਿਓ।’’ ਰਿਸ਼ੀ ਦੇ ਪਾਪਾ ਨੂੰ ਮਾਂ ਨੇ ਕਿਹਾ।
‘‘ਉਸ ਦਾ ਮੈਨੂੰ ਸੁਨੇਹਾ ਆ ਗਿਆ ਕਿ ਸਰਕਾਰੀ ਕੋਠੀ ਮਿਲੂਗੀ। ਜਾ ਕੇ ਮੈਂ ਦੇਖ ਆਵਾਂ ਤੇ ਨਾਲੇ ਚਪੜਾਸੀ ਨੂੰ ਕਹਿ ਆਵਾਂ ਕਿ ਉਹ ਕੋਲ ਖੜ੍ਹ ਕੇ ਪੀਡਬਲਿਊਡੀ ਵਾਲਿਆਂ ਤੋਂ ਸਾਰੇ ਕੰਮ ਕਰਵਾ ਲਵੇ।’’ ਪਾਪਾ ਨੇ ਕਿਹਾ।
‘‘ਲੈ ਆਪਣਾ ਘਰ ਕਿਹੜਾ ਮਾੜਾ ਸੀ। ਸਾਰੀ ਉਮਰ ਇੱਥੇ ਹੀ ਰਿਹਾ ਹੈ।’’ ਮਾਂ ਬੋਲੀ।
‘‘ਇਹ ਤੇਰਾ ਘਰ ਹੈ। ਹੁਣ ਉਹ ਅਫ਼ਸਰਾਂ ਵਾਲੀ ਕੋਠੀ ’ਚ ਰਹੇਗਾ। ਇਹ ਘਰ ਹੈ ਵੀ ਸ਼ਹਿਰ ’ਚ ਤੇ ਅਫ਼ਸਰਾਂ ਦੀਆਂ ਕੋਠੀਆਂ ਬਾਹਰਵਾਰ ਚੰਗੀਆਂ-ਖੁੱਲ੍ਹੀਆਂ ਤੇ ਨਾਲ ਬਗ਼ੀਚਿਆਂ ਵਾਲੀਆਂ ਨੇ।’’
ਪਾਪਾ ਨੇ ਜਦੋਂ ਦੱਸਿਆ ਮਾਂ ਚੁੱਪ ਕਰ ਗਈ।
ਮਹੀਨੇ ਦੇ ਅੰਦਰ-ਅੰਦਰ ਹੀ ਕੋਠੀ ਤਿਆਰ ਹੋ ਗਈ ਤੇ ਰਿਸ਼ੀ ਉੱਥੇ ਆ ਵੀ ਗਿਆ। ਜਾ ਕੇ ਉਹ ਨੀਲਮ ਨੂੰ ਨਾਲ ਲਿਆਇਆ। ਮਾਂ ਦਾ ਖ਼ਿਆਲ ਸੀ ਕਿ ਰਿਸ਼ੀ ਸਭ ਤੋਂ ਪਹਿਲਾਂ ਉਸ ਨੂੰ ਆਪਣੀ ਕੋਠੀ ਦਿਖਾਉਣ ਲੈ ਕੇ ਜਾਵੇਗਾ। ਪਰ ਨੀਲਮ ਨੇ ਉਨ੍ਹਾਂ ਨੂੰ ਓਪਰਿਆਂ ਵਾਂਗ ਐਤਵਾਰ ਨੂੰ ਖਾਣੇ ’ਤੇ ਸੱਦਿਆ ਸੀ। ਫੇਰ ਵੀ ਐਤਵਾਰ ਨੂੰ ਜਦੋਂ ਮਾਂ-ਪਿਓ ਰਿਸ਼ੀ ਦੀ ਕੋਠੀ ਗਏ ਤਾਂ ਉਨ੍ਹਾਂ ਨੂੰ ਬੜਾ ਚੰਗਾ ਲੱਗਿਆ। ਬਾਹਰ ਇਕ ਪਹਿਰੇਦਾਰ ਸੀ। ਅੰਦਰੋਂ ਨੀਲਮ ਨੇ ਸਾਰਾ ਘਰ ਸਲੀਕੇ ਨਾਲ ਸਜਾਇਆ ਹੋਇਆ ਸੀ। ਉਹ ਫਲ-ਫਰੂਟਾਂ ਦੀ ਟੋਕਰੀ, ਲੱਡੂਆਂ ਦਾ ਡੱਬਾ ਤੇ ਮਾਂ ਲਕਸ਼ਮੀ ਦੀ ਵੱਡੀ ਸਾਰੀ ਵਾਈਟ ਮੈਟਲ ਦੀ ਬਣੀ ਹੋਈ ਮੂਰਤੀ ਲੈ ਕੇ ਗਏ। ਨੀਲਮ ਨੇ ਬਸ ਐਨਾ ਹੀ ਕਿਹਾ ਕਿ ਐਨੀਆਂ ਚੀਜ਼ਾਂ ਦੀ ਕੀ ਲੋੜ ਸੀ। ਮਾਂ ਨੂੰ ਅਜੀਬ ਲੱਗਿਆ ਕਿ ਇਕੋ ਸ਼ਹਿਰ ’ਚ ਉਹ ਕਿਸੇ ਹੋਰ ਘਰ ’ਚ ਰਹਿਣਗੇ। ਪਰ ਪਾਪਾ ਨੇ ਕਿਹਾ ਕਿ ਭਲੀਏ ਲੋਕੇ ਸਮਝਦਾਰੀ ਇਸੇ ਵਿਚ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਰਜ਼ੀ ’ਤੇ ਛੱਡ ਦਿੱਤਾ ਜਾਵੇ। ਅੱਜਕੱਲ੍ਹ ਦੀਆਂ ਕੁੜੀਆਂ ਇੰਡੀਪੈਂਡੈਂਟ ਘਰ ਮੰਗਦੀਆਂ ਨੇ। ਮਗਰੋਂ ਲੜਾਈ-ਝਗੜਾ, ਅੱਡ ਹੋਣ ਦੀ ਥਾਂ ਚੰਗਾ ਐ ਸੁਲਹ-ਸਫ਼ਾਈ ਨਾਲ ਫ਼ੈਸਲੇ ਮੰਨ ਲਏ ਜਾਣ। ਨਾਲੇ ਜਦੋਂ ਚਿੱਤ ਕੀਤਾ ਮਿਲ ਆਵੀਂ। ਹੁਣ ਤੇਰਾ ਮੁੰਡਾ ਵੱਡਾ ਅਫ਼ਸਰ ਐ। ਉਸ ਨੂੰ ਮਿਲਣ-ਗਿਲਣ ਵੱਡੇ ਲੋਕਾਂ ਨੇ ਆਉਣਾ ਹੋਇਆ। ਆਪਣਾ ਮਕਾਨ ਆਪਣੇ ਲਈ ਤਾਂ ਠੀਕ ਸੀ ਪਰ ਉਸ ਦੀ ਸ਼ਾਨ ਮੁਤਾਬਿਕ ਠੀਕ ਨਹੀਂ।
ਕਈ ਦਿਨ ਹੋ ਗਏ ਸਨ ਰਿਸ਼ੀ ਨੂੰ ਪਟਿਆਲੇ ਆਏ ਹੋਏ। ਮਾਂ ਨੂੰ ਮਿਲਣ ਦੀ ਉਸ ਕੋਲ ਵਿਹਲ ਹੀ ਨਹੀਂ ਸੀ। ਹਾਰ ਕੇ ਇਕ ਦਿਨ ਰਿਕਸ਼ਾ ਲੈ ਕੇ ਮਾਂ ਆਪ ਉਨ੍ਹਾਂ ਦੀ ਕੋਠੀ ਮਿਲਣ ਚਲੀ ਗਈ।
‘‘ਮਾਤਾ ਜੀ ਕਿਸ ਨੂੰ ਮਿਲਣਾ?’’ ਮਾਂ ਨੂੰ ਪਹਿਰੇਦਾਰ ਨੇ ਰੋਕ ਕੇ ਪੁੱਛਿਆ।
‘‘ਮੈਂ ਰਿਸ਼ੀ ਦੀ ਮਾਂ ਹਾਂ। ਆਪਣੇ ਪੁੱਤ, ਪੋਤੇ ਨੂੰ ਦੇਖਣ ਆਈ ਹਾਂ।’’
ਪਹਿਰੇਦਾਰ ਪਿੱਛੇ ਹਟ ਗਿਆ। ਉਸ ਨੇ ਅਗਾਂਹ ਕੋਠੀ ਦੇ ਬੰਦ ਬੂਹੇ ਵੱਲ ਇਸ਼ਾਰਾ ਕੀਤਾ। ਉਸ ਨੇ ਦਰਵਾਜ਼ਾ ਖੜਕਾਇਆ।
ਪਹਿਰੇਦਾਰ ਨੇ ਉਸ ਨੂੰ ਕਿਹਾ ਕਿ ਬੈੱਲ ਕਰ ਦਿਓ।
ਕੁਝ ਪਲ ਰੁਕ ਕੇ ਬੂਹਾ ਖੁੱਲ੍ਹਿਆ। ਜੁਗਨੂੰ ਦੀ ਆਇਆ ਨੇ ਆਖਿਆ, ‘‘ਆ ਜਾਓ ਮਾਤਾ ਜੀ, ਅੰਦਰ ਆ ਜਾਓ, ਬੀਬੀ ਜੀ ਤੋ ਨਹਾ ਰਹੀ ਹੈ।’’
ਉਹ ਉਸ ਨੂੰ ਡਰਾਇੰਗ ਰੂਮ ’ਚ ਬਿਠਾ ਗਈ। ਉਹ ਉੱਚੀਆਂ-ਉੱਚੀਆਂ ਛੱਤਾਂ ਵਾਲੇ ਹਾਲ ਵਿਚ ਲੱਗੇ ਸੋਫਿਆਂ ਤੇ ਪਰਦਿਆਂ ਨੂੰ ਦੇਖਦੀ ਰਹੀ। ਫਿਰ ਆਪੇ ਉੱਠ ਕੇ ਅੰਦਰ ਵੱਲ ਗਈ। ਜੁਗਨੂੰ ਸੁੱਤਾ ਪਿਆ ਸੀ। ਆਇਆ ਕੋਲ ਬੈਠੀ ਸੀ। ਮਾਂ ਵੀ ਉਸ ਦੇ ਕੋਲ ਬੈਠ ਗਈ।
‘‘ਇਹ ਐਨਾ ਪੀਲਾ ਜਿਹਾ ਕਿਉਂ ਐ?’’ ਪੋਤੇ ਵੱਲ ਹੱਥ ਕਰਕੇ ਮਾਂ ਨੇ ਪੁੱਛਿਆ।
‘‘ਬੀਬੀ ਜੀ ਨੇ ਆਪਣਾ ਦੂਧ ਪਿਲਾਣਾ ਬੰਦ ਕਰ ਦੀਆ ਹੈ। ਡੱਬੇ ਵਾਲਾ ਦੂਧ ਅਭੀ ਬੱਚੇ ਕੋ ਸੁਖਾਤਾ ਨਹੀਂ। ਪੇਟ ਦਰਦ ਹੋ ਜਾਤਾ ਹੈ।’’ ਆਇਆ ਨੇ ਜਵਾਬ ਦਿੱਤਾ।
ਇਹ ਸੁਣ ਕੇ ਮਾਂ ਦੇ ਮੱਥੇ ’ਤੇ ਤਿਊੜੀ ਪੈ ਗਈ। ਉਹ ਸੋਚਣ ਲੱਗੀ ਕਿ ਅੱਜਕੱਲ੍ਹ ਦੀਆਂ ਬੇਵਕੂਫਾਂ ਨੂੰ ਇਹ ਨਹੀਂ ਪਤਾ ਕਿ ਮਾਂ ਦੇ ਦੁੱਧ ਤੋਂ ਚੰਗੀ ਕੋਈ ਹੋਰ ਚੀਜ਼ ਨਹੀਂ।
ਏਨੇ ਨੂੰ ਨੀਲਮ ਨੇ ਆ ਕੇ ਮਾਂ ਦੇ ਪੈਰੀਂ ਹੱਥ ਲਾਏ। ‘‘ਫਰਿੱਜ ’ਚੋਂ ਮਾਤਾ ਜੀ ਨੂੰ ਜੂਸ ਲਿਆ ਕੇ ਦੇ।’’ ਨੀਲਮ ਨੇ ਆਇਆ ਨੂੰ ਆਖਿਆ।
‘‘ਜੂਸ ਨੂੰ ਮੈਂ ਕੀ ਓਪਰੀ ਹਾਂ। ਜਿਹੜਾ ਕੁਝ ਜੀਅ ਕਰੇਗਾ ਲੈ ਲਵਾਂਗੀ। ਹਾਲੇ ਕਾਸੇ ਦੀ ਲੋੜ ਨਹੀਂ।’’ ਮਾਂ ਨੇ ਕਿਹਾ।
ਇਹ ਸੁਣ ਕੇ ਆਇਆ ਚੁੱਪ-ਚਾਪ ਬੈਠੀ ਰਹੀ।
‘‘ਜੇ ਪੇਟ ਖਰਾਬ ਹੋ ਜਾਂਦਾ ਹੈ, ਇਸਨੂੰ ਜਨਮ-ਘੁੱਟੀ ਦਿੰਦੇ ਰਹਿਣਾ ਸੀ ਜਾਂ ਹਿੰਗਵੱਟੀ ਘੋਲ ਕੇ ਪਿਲਾ ਦਿਆ ਕਰ। ਹੁਣੇ ਤੋਂ ਪੇਟ ਖ਼ਰਾਬ ਨਹੀਂ ਰਹਿਣਾ ਚਾਹੀਦਾ। ਆਪਣਾ ਦੁੱਧ ਪਿਆਇਆ ਕਰ।’’ ਮਾਂ ਨੇ ਕਿਹਾ।
‘‘ਊਂ ਤਾਂ ਦੇ ਦਿੰਦੀ ਹੁੰਦੀ ਹਾਂ। ਜੇ ਕਦੇ ਕਿਸੇ ਫੰਕਸ਼ਨ ’ਤੇ ਜਾਣਾ ਹੁੰਦਾ ਐ ਫੇਰ ਬੱਚੇ ਨੂੰ ਸਮੇਂ ’ਤੇ ਦੁੱਧ ਪਿਲਾਉਣਾ ਔਖਾ ਹੁੰਦੈ।’’ ਨੀਲਮ ਨੇ ਜਵਾਬ ਦਿੱਤਾ।
‘‘ਮੈਨੂੰ ਪੜ੍ਹੀਆਂ-ਲਿਖੀਆਂ ਵਾਲੇ ਚੋਚਲੇ ਪਸੰਦ ਨਹੀਂ। ਨਾਲੇ ਬੱਚੇ ਨਾਲੋਂ ਵੱਡੀ ਕਿਹੜੀ ਪਾਰਟੀ-ਪੂਰਟੀ ਹੁੰਦੀ ਐ। ਰੱਬ ਨੇ ਤੁਹਾਡੀ ਜੜ੍ਹ ਹਰੀ ਕੀਤੀ ਏ ਇਸਨੂੰ ਸੰਭਾਲੋ।’’
ਨੀਲਮ ਨੂੰ ਮਾਂ ਦੀਆਂ ਇਹ ਗੱਲਾਂ ਫਜ਼ੂਲ ਲੱਗਦੀਆਂ ਸਨ। ਉਹ ਉੱਠ ਕੇ ਸੇਬ ਤੇ ਕੇਲੇ ਇਕ ਪਲੇਟ ’ਚ ਰੱਖ ਕੇ ਲੈ ਆਈ।
‘‘ਨਹੀਂ ਬਹੂ ਅਜੇ ਤਾਂ ਮੈਂ ਕੁਝ ਨਹੀਂ ਖਾਣਾ। ਇਸ ਉਮਰ ਰੋਟੀ ਮਸਾਂ ਹਜ਼ਮ ਹੁੰਦੀ ਹੈ। ਹੋਰ ਸੁਣਾ ਪੇਕੇ ਸਭ ਠੀਕ-ਠਾਕ ਨੇ।’’
‘‘ਹਾਂ ਜੀ।’’ ਨੀਲਮ ਨੇ ਜਵਾਬ ਦਿੱਤਾ।
‘‘ਤੇਰੇ ਭਰਾ ਦੇ ਫੇਰ ਧੀ ਹੋ ਗਈ।’’ ਮਾਂ ਨੇ ਹਮਦਰਦੀ ਨਾਲ ਕਿਹਾ।
‘‘ਅੱਜਕੱਲ੍ਹ ਧੀਆਂ ਪੁੱਤਾਂ ’ਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ। ਧੀਆਂ ਮਾਪਿਆਂ ਦਾ ਵੱਧ ਕਰਦੀਆਂ ਨੇ।’’ ਨੀਲਮ ਨੇ ਕਿਹਾ।
‘‘ਇਹ ਸਭ ਕਹਿਣ ਦੀਆਂ ਗੱਲਾਂ ਨੇ। ਕੁੜੀ ਨੇ ਵਿਆਹ ਕਰਕੇ ਅਗਲਿਆਂ ਨੂੰ ਖ਼ੁਸ਼ ਰੱਖਣਾ ਹੁੰਦਾ। ਆਪਣੇ ਪੇਕਿਆਂ ਦੀ ਖ਼ਬਰ-ਸਾਰ ਲੈਣ ਦੀ ਵਿਹਲ ਹੀ ਕਿੱਥੇ ਹੁੰਦੀ ਐ ਉਸ ਕੋਲ।’’ ਮਾਂ ਬੋਲੀ।
‘‘ਨਹੀਂ ਮਾਂ ਜੀ, ਅੱਜਕੱਲ੍ਹ ਤੁਸੀਂ ਦੇਖਦੇ ਤਾਂ ਪਏ ਹੋ ਕਿ ਪੰਜਾਂ ਵਿਚੋਂ ਚਾਰ ਘਰਾਂ ’ਚ ਮੁੰਡੇ ਦੀ ਮਾਂ ਦੀ ਥਾਂ ਕੁੜੀ ਦੀ ਮਾਂ ਉਨ੍ਹਾਂ ਕੋਲ ਆਈ ਹੁੰਦੀ ਐ।’’
‘‘ਨਹੀਂ ਸਾਊ, ਘਰ-ਘਰਾਣੇ ਦੀਆਂ ਕੁੜੀਆਂ ਇਉਂ ਨਹੀਂ ਕਰਦੀਆਂ। ਉਹ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੀਆਂ ਨੇ। ਫੇਰ ਤਾਂ ਸੱਸ ਨੂੰ ਵੀ ਨੂੰਹ ਦੀ ਥਾਂ ਉਹ ਧੀ ਲੱਗਣ ਲੱਗ ਜਾਂਦੀ ਐ।’’
ਇਹ ਸੁਣ ਕੇ ਨੀਲਮ ਨੂੰ ਲੱਗਿਆ ਕਿ ਬੁੜੀ ਨਾਲ ਮਗਜ਼ ਕੌਣ ਮਾਰੇ। ਉਹ ਚੁੱਪ ਕਰ ਗਈ। ਕੁਝ ਚਿਰ ਉੱਥੇ ਬੈਠ ਕੇ ਨੀਲਮ ਘਰ ਦੇ ਨਿੱਕੇ-ਮੋਟੇ ਕੰਮ ਕਰਨ ’ਚ ਜੁਟ ਗਈ।
ਆਥਣ ਹੋ ਚੱਲਿਆ ਸੀ। ਮਾਂ ਨੇ ਕੁਝ ਚਿਰ ਜੁਗਨੂੰ ਨੂੰ ਖਿਡਾਇਆ। ਫੇਰ ਨੀਲਮ ਨਾਲ ਚਾਹ ਦਾ ਕੱਪ ਪੀਤਾ, ਫੇਰ ਕਮਰੇ ’ਚ ਲੱਗੀ ਘੜੀ ਵੱਲ ਦੇਖ ਕੇ ਆਖਣ ਲੱਗੀ, ‘‘ਰਿਸ਼ੀ ਤਾਂ ਅਜੇ ਤੱਕ ਨਹੀਂ ਆਇਆ। ਜਾ ਕੇ ਉਸ ਦੇ ਪਾਪਾ ਦਾ ਖਾਣਾ ਵੀ ਬਣਾਉਣਾ ਹੈ। ਮੈਂ ਚਲਦੀ ਹਾਂ। ਰਿਸ਼ੀ ਨੂੰ ਆਖੀਂ ਜਾਂਦਾ-ਆਉਂਦਾ ਉਹ ਮੈਨੂੰ ਮਿਲ ਜਾਵੇ।’’
‘‘ਤੁਸੀਂ ਹੋਰ ਸਮਾਂ ਰੁਕੋ। ਡਰਾਈਵਰ ਤੁਹਾਨੂੰ ਛੱਡ ਆਊਗਾ।’’ ਨੀਲਮ ਨੇ ਕਿਹਾ।
‘‘ਰਿਕਸ਼ਾ ਲੈ ਲਵਾਂਗੀ।’’ ਮਾਂ ਨੇ ਕਿਹਾ।
‘‘ਮੈਂ ਪਹਿਰੇਦਾਰ ਨੂੰ ਕਹਿ ਕੇ ਰਿਕਸ਼ਾ ਇੱਥੇ ਮੰਗਵਾ ਲੈਂਦੀ ਹਾਂ।’’ ਨੀਲਮ ਨੇ ਕਿਹਾ।
‘‘ਨਹੀਂ, ਮੈਂ ਸੜਕ ’ਤੋਂ ਰਿਕਸ਼ਾ ਲੈ ਲਵਾਂਗੀ।’’ ਆਖ ਕੇ ਮਾਂ ਬਾਹਰ ਵੱਲ ਨੂੰ ਤੁਰ ਪਈ।
ਘਰ ਪਹੁੰਚ ਕੇ ਉਸ ਨੇ ਪਾਪਾ ਨੂੰ ਕਿਹਾ, ‘‘ਰਿਸ਼ੀ ਤਾਂ ਹੁਣ ਸੱਚਮੁੱਚ ਹੀ ਵੱਡਾ ਅਫ਼ਸਰ ਬਣ ਗਿਆ ਹੈ। ਏਨੀ ਦੇਰ ਦਫ਼ਤਰ ਹੀ ਬੈਠਾ ਰਹਿੰਦੈ।’’
ਪਾਪਾ ਚੁੱਪ ਹੀ ਰਹੇ।
ਇਉਂ ਹੀ ਦਿਨ ਲੰਘ ਰਹੇ ਸਨ। ਰਿਸ਼ੀ ਉਨ੍ਹਾਂ ਵੱਲ ਨਹੀਂ ਸੀ ਆ ਸਕਿਆ।
ਇਕ ਦਿਨ ਰਿਸ਼ੀ ਨੇ ਦਫ਼ਤਰੋਂ ਆ ਕੇ ਕੱਪੜੇ ਬਦਲ ਕੇ ਚਾਹ ਪੀਂਦਿਆਂ ਨੀਲਮ ਨੂੰ ਕਿਹਾ, ‘‘ਅੱਜ ਆਪਾਂ ਮਾਂ ਵੱਲ ਜਾ ਆਉਂਦੇ।’’
‘‘ਫੇਰ ਕਿਸੇ ਦਿਨ ਜਾ ਆਵਾਂਗੇ। ਅੱਜ ਮੇਰੀ ਕਿਸੀ ਸਹੇਲੀ ਨੇ ਆਉਣਾ ਹੈ। ਉਸ ਦਾ ਖ਼ਿਆਲ ਹੈ ਕਿ ਪਟਿਆਲੇ ’ਚ ਬਹੁਤ ਲੇਡੀਜ਼ ਕਮੀਜ਼-ਸਲਵਾਰਾਂ ਹੀ ਪਾਉਂਦੀਆਂ ਨੇ। ਇੱਥੇ ਸੂਟਾਂ ਦੇ ਕੱਪੜੇ ਵਧੀਆ ਮਿਲਦੇ ਨੇ। ਇਸ ਲਈ ਉਹ ਸੂਟ ਲੈਣ ਆ ਰਹੀ ਹੈ।’’

‘‘ਪਤਾ ਨਹੀਂ ਕੀ ਗੱਲ ਐ? ਬਹੁਤੀਆਂ ਜ਼ਨਾਨੀਆਂ ਨੂੰ ਕੱਪੜਿਆਂ-ਗਹਿਣਿਆਂ ਤੋਂ ਅਗਾਂਹ ਕੁਝ ਸੁੱਝਦਾ ਹੀ ਨਹੀਂ।’’ ਰਿਸ਼ੀ ਨੇ ਕਿਹਾ।
‘‘ਕੀ ਮਾੜਾ ਐ ਜੇ ਕੋਈ ਜ਼ਨਾਨੀ ਗਹਿਣਿਆਂ-ਕੱਪੜਿਆਂ ਨਾਲ ਜੀਅ ਪਰਚਾ ਲੈਂਦੀ ਐ। ਆਦਮੀਆਂ ਵਾਂਗ ਉਹ ਨਸ਼ੇ ਵੱਲ ਤਾਂ ਨਹੀਂ ਭੱਜਦੀਆਂ। ਆਦਮੀ ਤਾਂ ਹਰੇਕ ਚੀਜ਼ ਨੂੰ ਹੀ ਨਸ਼ਾ ਬਣਾ ਲੈਂਦੇ ਨੇ।’’ ਨੀਲਮ ਨੇ ਜਵਾਬ ਦਿੱਤਾ।
‘‘ਇਸ ਸਭ ਦੀਆਂ ਜ਼ਿੰਮੇਵਾਰ ਉਨ੍ਹਾਂ ਦੀਆਂ ਔਰਤਾਂ ਹੀ ਹੁੰਦੀਆਂ ਨੇ।’’ ਰਿਸ਼ੀ ਨੇ ਜਵਾਬ ਦਿੱਤਾ।
‘‘ਕਿੰਨਾ ਸੌਖਾ ਐ ਹਰੇਕ ਮਰਜ਼ ਦਾ ਕਾਰਨ ਔਰਤ ਨੂੰ ਦੱਸ ਕੇ ਆਪ ਬਰੀ ਹੋ ਜਾਣਾ।’’ ਨੀਲਮ ਨੇ ਕਿਹਾ।
‘‘ਬਾਹਰ ਬੈੱਲ ਹੋਈ ਹੈ। ਇਸ ਡਿਸਕਸ਼ਨ ਨੂੰ ਇੱਥੇ ਵਿਰਾਮ ਦਿੰਦੇ ਹਾਂ। ਕਿਸੇ ਵਿਹਲੇ ਸਮੇਂ ਇੱਥੋਂ ਸਟਾਰਟ ਕਰ ਲਵਾਂਗੇ।’’ ਰਿਸ਼ੀ ਨੇ ਕਿਹਾ।
ਨੌਕਰ ਨੇ ਦਰਵਾਜ਼ਾ ਖੋਲ੍ਹਿਆ। ਰੇਖਾ ਅਤੇ ਉਸ ਦਾ ਪਤੀ ਅੰਦਰ ਲੰਘ ਆਏ। ਨੀਲਮ ਨੇ ਰਿਸ਼ੀ ਨਾਲ ਉਨ੍ਹਾਂ ਦੀ ਇੰਟਰੋਡਕਸ਼ਨ ਕਰਾਈ।
ਹੱਸਦੇ-ਮੁਸਕੁਰਾਉਂਦੇ ਉਹ ਖਾਣੇ ਵਾਲੇ ਮੇਜ਼ ਦੇ ਦੁਆਲੇ ਬੈਠ ਗਏ। ਨੌਕਰ ਕੌਫ਼ੀ ਲੈਣ ਚਲਿਆ ਗਿਆ। ਨੀਲਮ ਨੇ ਡਰਾਈਫਰੂਟ ਦਾ ਡੱਬਾ ਖੋਲ੍ਹ ਕੇ ਉਨ੍ਹਾਂ ਅੱਗੇ ਪੇਸ਼ ਕੀਤਾ।
ਬੜੀ ਰਾਤ ਗਈ ਤੱਕ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ।
‘‘ਤੂੰ ਜੁਗਨੂੰ ਨੂੰ ਕੀ ਬਣਾਏਂਗੀ?’’ ਰੇਖਾ ਨੇ ਨੀਲਮ ਨੂੰ ਪੁੱਛਿਆ।
ਨੀਲਮ ਉਸ ਦੇ ਸੁਆਲ ’ਤੇ ਹੈਰਾਨ ਹੋਈ।
‘‘ਰੇਖਾ ਨੇ ਟੈਸਟ ਕਰਾ ਕੇ ਦੇਖ ਲਿਆ ਹੈ ਤੇ ਇਹ ਆਪਣੀ ਹੋਣ ਵਾਲੀ ਬੇਟੀ ਦਾ ਤੁਹਾਡੇ ਜੁਗਨੂੰ ਨੂੰ ਰਿਸ਼ਤਾ ਕਰਨਾ ਚਾਹੁੰਦੀ ਹੈ ਇਸ ਲਈ ਪੁੱਛਦੀ ਹੈ।’’ ਰੇਖਾ ਦੇ ਘਰਵਾਲੇ ਨੇ ਮਜ਼ਾਕ ਕੀਤਾ।
‘‘ਮੈਂ ਤਾਂ ਆਪਣੇ ਬੇਟੇ ਨੂੰ ਆਈ.ਏ.ਐਸ ਬਣਾਊਂਗੀ।’’ ਨੀਲਮ ਨੇ ਜਵਾਬ ਦਿੱਤਾ।
‘‘ਆਹੋ, ਪੁੱਤਰ ਰਾਹੀ ਤਾਂ ਪਤੀ ’ਤੇ ਰੋਅਬ ਪਾਈਦਾ।’’ ਰਿਸ਼ੀ ਬੋਲਿਆ।
‘‘ਮੈਂ ਤਾਂ ਆਪਣੀ ਬੇਟੀ ਨੂੰ ਪੈਰਿਸ ਪੜ੍ਹਨ ਭੇਜਾਂਗੀ।’’ ਰੇਖਾ ਨੇ ਕਿਹਾ।
‘‘ਆਹੋ, ਜਿਹੜੇ ਸ਼ੌਕ ਆਪ ਨਹੀਂ ਪੂਰੇ ਕਰ ਸਕੀ ਉਹ ਧੀ ਰਾਹੀਂ ਹੀ ਪੂਰੇ ਹੋਣਗੇ।’’ ਰੇਖਾ ਦਾ ਘਰਵਾਲਾ ਬੋਲਿਆ।
‘‘ਇਹ ਵੀ ਬਈ ਕਮਾਲ ਦੀ ਗੱਲ ਹੈ ਕਿ ਬੱਚੇ ਮਾਪਿਆਂ ਰਾਹੀਂ ਜਿਊਣਾ ਸ਼ੁਰੂ ਕਰ ਦਿੰਦੇ ਨੇ। ਤੇ ਬੱਚਿਆਂ ਨੂੰ ਆਖਦੇ ਨੇ ਹੋਸਟਲਾਂ ’ਚ ਜੀਓ, ਜਿਵੇਂ ਅਸੀਂ ਚਾਹੁੰਦੇ ਹਾਂ।’’ ਰਿਸ਼ੀ ਨੇ ਕਿਹਾ।
‘‘ਹੁਣ ਸਾਡੇ ਮਾਂ ਜੀ ਚਾਹੁੰਦੇ ਨੇ ਕਿ ਨਿੱਕੇ ਬੱਚੇ ਵਾਂਗ ਰਿਸ਼ੀ ਮੇਰੀ ਉਂਗਲੀ ਫੜ ਕੇ ਤੁਰੀ ਜਾਵੇ।’’ ਨੀਲਮ ਨੇ ਕਿਹਾ।
‘‘ਬਈ ਮਾਵਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਹੁੰਦੀਆਂ ਨੇ।’’ ਰਿਸ਼ੀ ਨੇ ਕਿਹਾ।
‘‘ਹਾਂ ਐਨਾ ਜ਼ਿਆਦਾ ਕਿ ਅਗਲੇ ਦਾ ਭਾਵੇਂ ਸਾਹ ਘੁੱਟ ਜਾਵੇ।’’ ਨੀਲਮ ਬੋਲੀ।
ਗੱਲਾਂਬਾਤਾਂ ਕਰਦਿਆਂ ਰਿਸ਼ੀ ਦਾ ਧਿਆਨ ਮਾਂ ਵੱਲ ਚਲਿਆ ਗਿਆ ਤੇ ਸੋਚਿਆ ਕਿ ਕੱਲ੍ਹ ਮਾਂ ਨੂੰ ਜ਼ਰੂਰ ਮਿਲਣ ਜਾਵਾਂਗਾ।
ਅਗਲੇ ਦਿਨ ਨੀਲਮ ਤੇ ਰੇਖਾ ਸ਼ਾਪਿੰਗ ਲਈ ਚਲੀਆਂ ਗਈਆਂ। ਅੱਧੇ ਦਿਨ ਲਈ ਨੀਲਮ ਜੁਗਨੂੰ ਦੀ ਜ਼ਿੰਮੇਵਾਰੀ ਰਿਸ਼ੀ ਨੂੰ ਦੇ ਗਈ। ਦੁਪਹਿਰ ਤੱਕ ਉਹ ਦੋਵੇਂ ਜਣੇ ਘਰੇ ਬੈਠੇ ਗੱਪਾਂ ਮਾਰਦੇ ਰਹੇ।
‘‘ਸੌਰੀ ਲੇਟ ਹੋ ਗਏ।’’ ਤਿੰਨ ਵਜੇ ਘਰ ਆਉਂਦੇ ਰੇਖਾ ਨੇ ਆਖਿਆ।
‘‘ਛੇਤੀ-ਛੇਤੀ ਖਾਣਾ ਖਾਓ, ਆਪਾਂ ਚੱਲਣਾ।’’ ਰੇਖਾ ਦਾ ਘਰਵਾਲਾ ਬੋਲਿਆ।
ਖਾਣਾ ਖਾ ਕੇ ਉਹ ਦੋਵੇਂ ਚਲੇ ਗਏ। ਨੀਲਮ ਨੇ ਬੱਚੇ ਦਾ ਧਿਆਨ ਕੀਤਾ ਤੇ ਰਿਸ਼ੀ ਘੜੀ ਦੇਖ ਦੇ ਦਫ਼ਤਰ ਚਲਿਆ ਗਿਆ ਜ਼ਰੂਰੀ ਫਾਈਲਾਂ ਕੱਢਣ ਲਈ। ਇਸ ਦੌਰਾਨ ਉਸ ਦੇ ਪਾਪਾ ਦਫ਼ਤਰ ਆਏ ਸਨ ਕਿਸੇ ਦਾ ਨਿੱਕਾ ਜਿਹਾ ਕੰਮ ਕਰਾਉਣ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਤੇਰੀ ਮਾਂ ਯਾਦ ਕਰਦੀ ਪਈ ਸੀ। ਪਾਪਾ ਨੇ ਜਦੋਂ ਆਖਿਆ ਤਾਂ ਰਿਸ਼ੀ ਨੂੰ ਲੱਗਿਆ ਕਿ ਉਹ ਕੱਲ੍ਹ ਜ਼ਰੂਰ ਮਾਂ ਨੂੰ ਮਿਲਣ ਜਾਵੇਗਾ।
ਅਗਲੇ ਦਿਨ ਦਫ਼ਤਰੋਂ ਆ ਕੇ ਰਿਸ਼ੀ ਨੇ ਨੀਲਮ ਨੂੰ ਕਿਹਾ ਕਿ ਅੱਜ ਮਾਂ ਵੱਲ ਜਾਣਾ ਹੈ, ਤੂੰ ਚੱਲੇਂਗੀ?
‘‘ਤੁਸੀਂ ਹਮੇਸ਼ਾਂ ਭੁੱਲ ਜਾਂਦੇ ਹੋ ਅੱਜ ਸ਼ਾਮੀ ਆਪਾਂ ਜੁਗਨੂੰ ਲਈ ਡਾਕਟਰ ਦੀ ਅਪਾਇੰਟਮੈਂਟ ਲਈ ਹੋਈ ਹੈ। ਟੀਕੇ ਦਾ ਟਾਈਮ ਹੋ ਗਿਆ। ਡਾਈਟ ਬਾਰੇ ਵੀ ਪੁੱਛਣਾ ਹੈ।’’ ਨੀਲਮ ਨੇ ਯਾਦ ਕਰਾਇਆ।
ਰਿਸ਼ੀ ਨੇ ਕੋਈ ਉੱਤਰ ਨਾ ਦਿੱਤਾ। ਉਸ ਸ਼ਾਮ ਜੁਗਨੂੰ ਨੂੰ ਲੈ ਕੇ ਉਹ ਬੱਚਿਆਂ ਦੇ ਡਾਕਟਰ ਕੋਲ ਚਲੇ ਗਏ। ਟੀਕਾ ਲਗਵਾਇਆ, ਭਾਰ ਚੈੱਕ ਕੀਤਾ, ਡਾਕਟਰ ਨੇ ਡਾਈਟ ਬਾਰੇ ਦੱਸਿਆ ਤੇ ਟਾਨਿਕ ਬਦਲ ਦਿੱਤੀ।
ਆਉਂਦੇ ਹੋਏ ਉਹ ਬਾਜ਼ਾਰ ਵਿਚਦੀ ਹੋ ਕੇ ਆਏ।
ਰਾਹ ਵਿਚ ਉਨ੍ਹਾਂ ਨੇ ਜੁਗਨੂੰ ਲਈ ਕੱਪੜੇ ਤੇ ਖਿਡੌਣੇ ਵੀ ਖ਼ਰੀਦੇ। ਸਬੱਬ ਨਾਲ ਉਨ੍ਹਾਂ ਨੂੰ ਬਜ਼ਾਰ ’ਚ ਉਨ੍ਹਾਂ ਦੇ ਪਾਪਾ ਮਿਲ ਗਏ। ਉਨ੍ਹਾਂ ਨੇ ਰਿਸ਼ੀ ਨੂੰ ਦੱਸਿਆ ਕਿ ਦੋ ਦਿਨ ਹੋਏ ਤੇਰੀ ਮਾਂ ਨੂੰ ਥੋੜ੍ਹੀ ਜਿਹੀ ਭੱਖ ਜਿਹੀ ਹੋੋ ਜਾਂਦੀ ਹੈ। ਫ਼ਿਕਰ ਵਾਲੀ ਕੋਈ ਗੱਲ ਨਹੀਂ। ਡਾਕਟਰ ਆਖਦਾ ਸੀ ਕਿ ਮੌਸਮ ਬਦਲ ਰਿਹਾ ਹੈ ਹੋਰ ਕੁਝ ਨਹੀਂ। ਰਿਸ਼ੀ ਨੇ ਕਿਹਾ ਕਿ ਮੈਂ ਕੱਲ੍ਹ ਆਊਂਗਾ ਮਾਂ ਨੂੰ ਮਿਲਣ।
ਅਗਲੇ ਦਿਨ ਰਿਸ਼ੀ ਜਦੋਂ ਉਨ੍ਹਾਂ ਵੱਲ ਆਇਆ ਤਾਂ ਪਾਪਾ ਨੇ ਦੱਸਿਆ ਕਿ ਮੈਂ ਤਿੰਨ ਮਹੀਨੇ ਲਈ ਕੈਨੇਡਾ ਜਾ ਰਿਹਾ ਹਾਂ। ਤੇਰੇ ਚਾਚਾ ਬਹੁਤ ਕਹਿ ਰਹੇ ਸੀ ਮੈਨੂੰ ਉੱਥੇ ਆਉਣ ਨੂੰ। ਸੀਟ ਬੁੱਕ ਹੋ ਚੁੱਕੀ ਹੈ।
‘‘ਕਦੋਂ ਦੀ?’’
‘‘ਇਸੇ ਐਤਵਾਰ ਦੀ।’’ ਪਾਪਾ ਨੇ ਕਿਹਾ।
‘‘ਫੇਰ ਮਾਂ ਦਾ ਕੀ ਬਣੂੰਗਾ?’’ ਰਿਸ਼ੀ ਨੇ ਪੁੱਛਿਆ।
‘‘ਤੇਰੀ ਮਾਂ ਨੂੰ ਮੈਂ ਕਿਹਾ ਸੀ ਕਿ ਉਧਰ ਰਿਸ਼ੀ ਵੱਲ ਚਲੀ ਜਾਈਂ ਪਰ ਉਸ ਨੇ ਮਨ੍ਹਾਂ ਕਰ ਦਿੱਤਾ।’’ ਪਾਪਾ ਨੇ ਕਿਹਾ।
ਮਾਂ ਨੇ ਇਉਂ ਹੀ ਕੀਤਾ। ਪਾਪਾ ਦੇ ਜਾਣ ਮਗਰੋਂ ਉਹ ਰਿਸ਼ੀ ਵੱਲ ਨਹੀਂ ਆਈ। ਸੋਚਦੀ ਸੀ ਕਿ ਮੈਨੂੰ ਇਕੱਲੀ ਨੂੰ ਕੀ ਡਰ। ਹੈਗਾ ਛੋਟੂ ਮੇਰੇ ਕੋਲ। ਰਿਸ਼ੀ ਨੇ ਇਕ-ਦੋ ਵਾਰੀ ਕਿਹਾ ਕਿ ਤੁਸੀ ਸਾਡੇ ਕੋਲ ਚਲੋ, ਪਰ ਨੀਲਮ ਨੇ ਮਾਂ ਨੂੰ ਰਹਿਣ ਲਈ ਨਹੀਂ ਸੀ ਆਖਿਆ ਇਸੇ ਕਰਕੇ ਉਨ੍ਹਾਂ ਦੇ ਘਰ ਜਾਣ ਨੂੰ ਮਾਂ ਦਾ ਮਨ ਨਹੀਂ ਸੀ ਕਰਦਾ।
ਰਿਸ਼ੀ ਹੁਣ ਆਪਣੇ ਪਰਿਵਾਰ ’ਚ ਸੀ ਤੇ ਪਾਪਾ ਕੈਨੇਡਾ ਵਿਚ ਸੈਰਾਂ ਕਰਦੇ ਫਿਰਦੇ ਸਨ। ਮਾਂ ਨੂੰ ਲੱਗਦਾ ਜਿਵੇਂ ਉਸ ਦੇ ਸਾਰੇ ਕਾਰਜ ਮੁੱਕ ਗਏ ਹਨ। ਪਾਪਾ ਦਾ ਫ਼ੋਨ ਮਾਂ ਨੂੰ ਆਇਆ। ਹਾਲ-ਚਾਲ ਪੁੱਛਦੇ ਸਨ। ਮਾਂ ਨੇ ਪੁੱਛਿਆ, ‘‘ਵਾਪਸ ਕਦੋਂ ਆ ਰਹੇ ਹੋ?’’ ਅੱਗੋਂ ਉਨ੍ਹਾਂ ਨੇ ਜਵਾਬ ਦਿੱਤਾ, ‘‘ਗੁਰਦਾਸ ਆਖਦਾ ਮਸਾਂ ਤਾਂ ਤੁਸੀਂ ਕਿਧਰੇ ਕੈਨੇਡਾ ਆਏ ਹੋ। ਹੁਣ ਕੁਝ ਚਿਰ ਰਹੋ। ਦੁਨੀਆ ਦੇਖੋ। ਉਹ ਤਾਂ ਇਹ ਵੀ ਕਹਿੰਦਾ ਤੁਹਾਨੂੰ ਬਾਕੀ ਦੁਨੀਆ ਵੀ ਘੁਮਾ ਕੇ ਲਿਆਵਾਂਗਾ। ਤੁਸੀਂ ਦੇਖੋਗੇ ਕਿ ਏਧਰਲੇ ਲੋਕ ਕਿਵੇਂ ਜਿਉਂਦੇ ਨੇ।’’
ਅੱਗੋ ਮਾਂ ਨੇ ਉੱਤਰ ਦਿੱਤਾ, ‘‘ਗੁਰਦਾਸ ਤੁਹਾਨੂੰ ਕੱਲ੍ਹ ਨੂੰ ਆਖੇਗਾ ਕਿ ਆਪਣੇ ਵਾਂਗ ਤੁਹਾਨੂੰ ਵੀ ਮੇਮ ਲਿਆ ਕੇ ਦੇ ਦਿੰਦਾ ਹਾਂ। ਫੇਰ ਤਾਂ ਇੱਧਰ ਆਉਣ ਦੀ ਲੋੜ ਵੀ ਨਹੀਂ ਪੈਣੀ।’’
ਗੱਲ ਸੁਣ ਕੇ ਪਾਪਾ ਹੱਸ ਪਏ ਤੇ ਬੋਲੇ, ‘‘ਅਸੀਂ ਮੇਮਾਂ ਬਾਰੇ ਗਲਤ ਸੋਚਦੇ ਹਾਂ ਕਿ ਮੇਮਾਂ ਨਿਰੀਆਂ ਲਫੰਗੀਆਂ ਹੀ ਹੁੰਦੀਆਂ ਨੇ। ਨਹੀਂ, ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ। ਸਾਡੀਆਂ ਔਰਤਾਂ ਸਾਰੀਆਂ ਹੀ ਕਿਹੜੀਆਂ ਭਲੀਆਂ ਹੁੰਦੀਆਂ ਨੇ। ਸਾਡੀ ਰਿਸ਼ੀ ਦੀ ਮਾਂ ਕਿਹੜੀ ਕਿਸੀ ਮੇਮ ਤੋਂ ਘੱਟ ਹੈ!’’ ‘‘ਤੁਸੀਂ ਹੁਣ ਵਾਪਸ ਮੁੜਨ ਦੀ ਕਰੋ। ਹਰੇਕ ਪੁੱਛਦਾ ਕਿ ਰਿਸ਼ੀ ਦੇ ਪਾਪਾ ਨੇ ਬੜਾ ਚਿਰ ਲਾ ਦਿੱਤਾ ਉੱਥੇ ਕੀ ਕਰਦੇ ਨੇ।’’
‘‘ਲੋਕਾਂ ਦੇ ਮਾਰ ਗੋਲੀ। ਜੇ ਰਿਸ਼ੀ ਦੀ ਮਾਂ ਆਖਦੀ ਹੈ ਤਾਂ ਛੇਤੀ ਆ ਜੂੰਗਾ। ਆਮ ਜ਼ਨਾਨੀਆਂ ਤਾਂ ਆਖਦੀਆਂ ਹੁੰਦੀਆਂ ਨੇ ਇਹ ਹੋਵੇ ਕਿਧਰੇ ਚਾਰ ਦਿਨ ਦਫ਼ਾ, ਸੁੱਖ ਦਾ ਸਾਹ ਆਵੇ।’’ ਪਾਪਾ ਨੇ ਮਜ਼ਾਕ ਕੀਤਾ।
‘‘ਤੁਸੀਂ ਮਜ਼ਾਕ ਛੱਡੋ। ਬਸ ਬਥੇਰਾ ਰਹਿ ਲਿਆ ਕੈਨੇਡਾ।’’ ਆਖ ਕੇ ਮਾਂ ਨੇ ਫ਼ੋਨ ਬੰਦ ਕਰ ਦਿੱਤਾ।
ਉਧਰ ਰਿਸ਼ੀ ਨੇ ਨੀਲਮ ਨੂੰ ਫ਼ੋਨ ਕਰਕੇ ਆਖਿਆ ਕਿ ਅੱਜ ਮਾਂ ਵੱਲ ਚਲਣਾ। ਮੈਂ ਜਲਦੀ ਆ ਜਾਵਾਂਗਾ। ਤੁਸੀਂ ਦੋਵੇਂ ਤਿਆਰ ਰਹਿਓ।
ਅੱਗੋਂ ਨੀਲਮ ਕਹਿਣ ਲੱਗੀ, ‘‘ਮੈਂ ਤੁਹਾਨੂੰ ਆਪ ਫ਼ੋਨ ਕਰਨ ਵਾਲੀ ਸੀ। ਮੈਂ ਤਾਂ ਅੱਜ ਅਖ਼ਬਾਰ ’ਚ ਦੇਖਿਆ ਕਿ ਡਾਇਮੰਡ ਦੇ ਗਹਿਣਿਆਂ ਦੀ ਪ੍ਰਦਰਸ਼ਨੀ ਲੱਗੀ ਹੈ। ਅੱਜ ਉਸਦਾ ਆਖ਼ਰੀ ਦਿਨ ਹੈ। ਵੀਹ ਪ੍ਰਤੀਸ਼ਤ ਘੱਟ ਕੀਮਤ ’ਤੇ ਦੇ ਰਹੇ ਨੇ। ਨਾਲ ਡਾਇਮੰਡ ਦੇ ਅਸਲੀ ਹੋਣ ਦਾ ਸਰਟੀਫ਼ਿਕੇਟ ਵੀ। ਮਾਂ ਜੀ ਵੱਲ ਕੱਲ੍ਹ ਚਲੇ ਚਲਾਂਗੇ।’’
‘‘ਕਿੰਨੇ ਦਿਨ ਹੋ ਗਏ ਸੋਚਦੇ ਪਰ ਜਾ ਹੀ ਨਹੀਂ ਹੁੰਦਾ।’’ ਰਿਸ਼ੀ ਨੇ ਕਿਹਾ।
‘‘ਤੁਸੀਂ ਹੁਣ ਬੱਚੇ ਥੋੜ੍ਹੇ ਹੀ ਹੋ ਕਿ ਸਾਰਾ ਵੇਲਾ ਮਾਂ-ਮਾਂ ਕਰਦੇ ਰਹੋ।’’ ਨੀਲਮ ਅੱਗੋਂ ਬੋਲੀ।
‘‘ਤੂੰ ਇਹ ਕਿਉਂ ਨਹੀਂ ਆਖਦੀ ਕਿ ਔਰਤਾਂ ਨੂੰ ਗਹਿਣੇ ਕੱਪੜਿਆਂ ਦਾ ਨਸ਼ਾ ਹੁੰਦਾ। ਇਸ ਲਈ ਬਹੁਤਾ ਧਿਆਨ ਇਸ ਪਾਸੇ ਰਹਿੰਦਾ।’’
‘‘ਚਲੋ ਜੀ, ਮੰਨ ਲੈਂਦੇ ਹਾਂ ਤੁਹਾਡੀਆਂ ਗੱਲਾਂ। ਪਰ ਇਹ ਨਸ਼ਾ ਆਦਮੀਆਂ ਦੇ ਹਰੇਕ ਨਸ਼ੇ ਨਾਲੋਂ ਚੰਗਾ।’’
‘‘ਤੈਨੂੰ ਤਾਂ ਨੀਲਮ ਵਕੀਲ ਹੋਣਾ ਚਾਹੀਦਾ ਸੀ। ਤੇਰੇ ਕੋਲ ਹਰ ਗੱਲ ਦਾ ਜਵਾਬ ਤਿਆਰ ਹੈ।’’ ਰਿਸ਼ੀ ਨੇ ਕਿਹਾ।
‘‘ਡਾਇਮੰਡ ਖ਼ਰੀਦਣ ਵਾਸਤੇ ਪੈਸੇ ਹੈਗੇ ਤੇਰੇ ਕੋਲ?’’ ਰਿਸ਼ੀ ਨੇ ਪੁੱਛਿਆ।
‘‘ਉਹ ਛੇ ਮਹੀਨੇ ਤੱਕ ਦਾ ਚੈੱਕ ਲੈ ਲੈਂਦੇ ਨੇ।’’ ਨੀਲਮ ਨੇ ਜਵਾਬ ਦਿੱਤਾ।
‘‘ਛੇ ਮਹੀਨਿਆਂ ਤੱਕ ਡਾਇੰਮਡ ਵਾਸਤੇ ਪੈਸੇ ਕਿੱਥੋਂ ਆਉਣਗੇ?’’ ਰਿਸ਼ੀ ਨੇ ਫਿਰ ਪੁੱਛਿਆ।
‘‘ਹੋਜੂਗਾ ਇੰਤਜ਼ਾਮ। ਕੁਝ ਤਨਖ਼ਾਹਾਂ ’ਚੋਂ ਜੋੜਾਂਗੀ, ਕੁਝ ਪਾਪਾ ਨੂੰ ਕਹਾਂਗੀ ਪੈਸੇ ਭੇਜਣ ਬਾਰੇ, ਕੁਝ ਤੁਸੀਂ ਮਾਂ ਜੀ ਕੋਲੋਂ ਮੰਗ ਲਿਆਓ। ਮੈਂ ਤਾਂ ਇਹ ਵੀ ਸੁਣਿਆ ਹੋਇਆ ਹੈ ਕਿ ਤੁਹਾਡੇ ਵਰਗੇ ਅਫ਼ਸਰਾਂ ਕੋਲ ਤਕੜੀਆਂ ਅਸਾਮੀਆਂ ਹੁੰਦੀਆਂ ਨੇ। ਮਾੜਾ ਜਿਹਾ ਉਸ ਦਾ ਕੋਈ ਕੰਮ ਸਾਰ ਦਿਓ, ਜਿੰਨੇ ਮਰਜ਼ੀ ਪੈਸੇ ਝਾੜ ਲਵੋ।’’
‘‘ਜੁਗਨੂੰ ਨੂੰ ਹਰਾਮ ਦੀ ਕਮਾਈ ਨਾਲ ਪਾਲੇਂਗੀ ਉਹ ਹਰਾਮ ਦਾ ਹੀ ਬਣੂ। ਮੈਨੂੰ ਤਾਂ ਮਾਂ ਨੇ ਇਹੀ ਸਿਖਾਇਆ।’’
‘‘ਚਲੋ ਛੱਡੋ ਸਾਰੀਆਂ ਗੱਲਾਂ। ਨਹੀਂ ਲੈ ਕੇ ਦੇਣੇ ਨਾ ਲੈ ਕੇ ਦਿਓ।’’ ਆਖ ਕੇ ਨੀਲਮ ਨੇ ਫ਼ੋਨ ਬੰਦ ਕਰ ਦਿੱਤਾ।
ਰਿਸ਼ੀ ਨੇ ਸੋਚਿਆ ਕਿ ਚਲੋ ਬਹੁਤੇ ਕੀਮਤੀ ਗਹਿਣੇ ਨਾ ਸਹੀ ਘੱਟ ਕੀਮਤੀ ਗਹਿਣੇ ਲੈ ਲਵਾਂਗੇ। ਛੇਤੀ ਦਫ਼ਤਰੋਂ ਘਰ ਆ ਗਿਆ। ਉਹ ਪ੍ਰਦਰਸ਼ਨੀ ਦੇਖਣ ਚਲੇ ਗਏ।
ਹੀਰਿਆਂ ਦੇ ਗਹਿਣੇ ਅਸਲ ਵਿਚ ਬਹੁਤ ਖ਼ੂਬਸੂਰਤ ਸਨ। ਰਿਸ਼ੀ ਨੂੰ ਵੀ ਚੰਗੇ ਲੱਗੇ। ਨੀਲਮ ਨੇ ਜਦੋਂ ਪਾ-ਪਾ ਦਿਖਾਏ ਉਹ ਖ਼ੁਸ਼ ਸੀ। ਰਿਸ਼ੀ ਨੂੰ ਛੇ ਮਹੀਨੇ ਅਗਾਂਹ ਦਾ ਚੈੱਕ ਦੇਣਾ ਪਿਆ।
ਕਾਫ਼ੀ ਦੇਰ ਹੋਈ ਘਰ ਨੂੰ ਮੁੜੇ ਤਾਂ ਪਹਿਰੇਦਾਰ ਨੇ ਦੱਸਿਆ ਕਿ ਮਾਂ ਜੀ ਆਏ ਸਨ। ਕਾਫ਼ੀ ਚਿਰ ਉਡੀਕਦੇ ਰਹੇ। ਕਹਿੰਦੇ ਸੀ ਕਿ ਜੀਅ ਵੀ ਰਾਜ਼ੀ ਨਹੀਂ।
‘‘ਕੱਲ੍ਹ ਦਫ਼ਤਰੋਂ ਸਿੱਧੇ ਮਾਂ ਜੀ ਦੇ ਘਰ ਚਲੇ ਜਾਣਾ।’’ ਨੀਲਮ ਨੇ ਰਿਸ਼ੀ ਨੂੰ ਖ਼ੁਸ਼ ਕਰਨ ਲਈ ਕਿਹਾ।
ਅਗਲੇ ਦਿਨ ਦੁਪਹਿਰ ਤੋਂ ਮਗਰੋਂ ਜਦੋਂ ਰਿਸ਼ੀ ਦਫ਼ਤਰ ਦਾ ਕੰਮ ਛੇਤੀ-ਛੇਤੀ ਮੁਕਾ ਰਿਹਾ ਸੀ ਤਾਂ ਉਸ ਦਾ ਬੌਸ ਉਸਦੇ ਕਮਰੇ ’ਚ ਆ ਗਿਆ।
‘‘ਸਰ, ਤੁਸੀਂ ਮੈਨੂੰ ਬੁਲਾ ਲੈਂਦੇ।’’ ਰਿਸ਼ੀ ਖੜ੍ਹੇ ਹੁੰਦੇ ਬੋਲਿਆ।
‘‘ਜ਼ਰੂਰੀ ਕੰਮ ਆ ਪਿਆ।’’ ਇਕ ਪਾਸੇ ਸੋਫੇ ’ਤੇ ਬੈਠਦਿਆਂ ਬੌਸ ਨੇ ਆਖਿਆ।
ਰਿਸ਼ੀ ਨੇ ਘੰਟੀ ਮਾਰ ਕੇ ਚਪੜਾਸੀ ਨੂੰ ਦੋ ਕੱਪ ਕੌਫ਼ੀ ਲਿਆਉਣ ਨੂੰ ਕਿਹਾ।
‘‘ਕੀ ਗੱਲ ਹੈ ਸਰ?’’ ਰਿਸ਼ੀ ਨੇ ਪੁੱਛਿਆ।
‘‘ਮੇਰੇ ਸਹੁਰਾ ਸਾਹਬ ਦਿੱਲੀ ਰਹਿੰਦੇ ਸਨ। ਹੁਣੇ ਫ਼ੋਨ ਆਇਆ ਕਿ ਅਚਾਨਕ ਹਾਰਟਫੇਲ ਨਾਲ ਸੁਰਗਵਾਸ ਹੋ ਗਏ ਨੇ। ਤੁਹਾਨੂੰ ਪਤਾ ਹੀ ਹੈ ਇਕੋ ਮੇਰਾ ਸਾਲਾ ਹੈ ਉਹ ਅਮਰੀਕਾ ਹੈ ਉਸ ਨੇ ਏਡੀ ਛੇਤੀ ਪਹੁੰਚ ਨਹੀਂ ਸਕਣਾ। ਆਪਾਂ ਨੂੰ ਹੀ ਚੱਲ ਕੇ ਕਿਰਿਆ ਕਰਮ ਕਰਾਉਣਾ ਪੈਣਾ।’’ ਬੌਸ ਨੇ ਕਿਹਾ।
‘‘ਠੀਕ ਹੈ ਚਲੇ ਚਲਾਂਗੇ।’’ ਕੌਫ਼ੀ ਦਾ ਕੱਪ ਉਸਦੇ ਅੱਗੇ ਕਰਕੇ, ਆਪਣਾ ਕੱਪ ਚੁੱਕ ਕੇ ਰਿਸ਼ੀ ਬੋਲਿਆ।
‘‘ਤੂੰ ਰਾਤ ਜੋਗਾ ਨਾਈਟ ਸੂਟ ਲੈ ਕੇ, ਡਰਾਈਵਰ ਨੂੰ ਲੈ ਕੇ ਸਾਡੇ ਘਰ ਆ ਜਾ।’’ ਬੌਸ ਨੇ ਕਿਹਾ।
‘‘ਸਰ, ਅੱਜ ਤਾਂ ਦਿੱਲੀ ਪਹੁੰਚਦਿਆਂ ਲੇਟ ਹੋ ਜਾਵਾਂਗੇ।’’
ਕੌਫ਼ੀ ਪੀਣ ਮਗਰੋਂ ਬੌਸ ਚਲਿਆ ਗਿਆ। ਉਸ ਦੀ ਪਤਨੀ ਨੇ ਵੀ ਨਾਲ ਜਾਣਾ ਸੀ।
ਰਿਸ਼ੀ ਨੇ ਅੱਧਾ ਘੰਟਾ ਜ਼ਰੂਰੀ ਫਾਈਲਾਂ ਕੱਢੀਆਂ। ਫੇਰ ਡਰਾਈਵਰ ਨੂੰ ਲੈ ਕੇ ਆਪਣੇ ਘਰ ਚਲਿਆ ਗਿਆ। ਉਸ ਨੇ ਨੀਲਮ ਨੂੰ ਕਿਹਾ ਕਿ ਦਿੱਲੀ ਜਾਣਾ ਪੈਣਾ। ਤੂੰ ਇਕੱਲੀ ਹੈਂ ਮਾਂ ਨੂੰ ਬੁਲਾ ਲਵੀਂ।
‘‘ਮੈਨੂੰ ਇੱਥੇ ਕੋਈ ਡਰ ਨਹੀਂ। ਮਾਂ ਜੀ ਨੂੰ ਕਾਹਨੂੰ ਤੰਗ ਕਰਨਾ। ਕੋਠੀ ਦੇ ਬਾਹਰ ਪਹਿਰਾ ਐ।’’ ਨੀਲਮ ਨੇ ਜਵਾਬ ਦਿੱਤਾ, ‘‘ਸਰਵੈਂਟਸ ਕੁਆਰਟਰ ’ਚ ਡਰਾਈਵਰ ਅਤੇ ਕੁੱਕ ਦੀਆਂ ਫੈਮਲੀਜ਼ ਨੇ।’’
ਰਿਸ਼ੀ ਚੁੱਪ ਰਿਹਾ।
ਅਟੈਚੀਕੇਸ ’ਚ ਤੌਲੀਆ, ਬੁਰਸ਼, ਨਾਈਟ ਸੂਟ ਤੇ ਇਕ ਪੈਂਟ ਕਮੀਜ਼ ਪਾ ਕੇ ਜਾਣ ਲੱਗਿਆਂ ਜੁਗਨੂੰ ਨੂੰ ਪਿਆਰ ਦੇ ਕੇ ਰਿਸ਼ੀ ਨੇ ਕਿਹਾ ਕਿ ਮੇਰੇ ਮਗਰੋਂ ਬੇਟੇ ਆਪਣੀ ਮੰਮਾ ਦਾ ਖ਼ਿਆਲ ਰੱਖੀਂ।
ਇਹ ਸੁਣ ਕੇ ਨੀਲਮ ਹੱਸ ਪਈ। ਉੱਥੋਂ ਉਹ ਬੌਸ ਦੀ ਕੋਠੀ ਆ ਗਿਆ। ਅੱਗੋਂ ਉਹ ਅੱਗੜ-ਪਿਛੜ ਦਿੱਲੀ ਵੱਲ ਚੱਲ ਪਏ। ਹਨੇਰਾ ਹੋਣ ’ਤੇ ਰਾਹ ’ਚ ਉਨ੍ਹਾਂ ਨੇ ਇਕ ਰੈਸਤਰਾਂ ਤੋਂ ਰੋਟੀ ਖਾਧੀ।

ਰਿਸ਼ੀ ਹੈਰਾਨ ਸੀ ਕਿ ਬੌਸ ਦੀ ਵਹੁਟੀ ਜਿਸ ਦਾ ਬਾਪ ਮਰਿਆ ਸੀ ਉਸ ਨੇ ਵੀ ਆਰਾਮ ਨਾਲ ਖਾਣਾ ਖਾ ਲਿਆ ਸੀ। ਰਿਸ਼ੀ ਨੂੰ ਵਹੁਟੀ ਵੱਲ ਤੱਕਦਿਆਂ ਬੌਸ ਨੇ ਵਹੁਟੀ ਨੂੰ ਕਿਹਾ, ‘‘ਬਹੁਤਾ ਰੋਣ-ਧੋਣ ਨਾਲ ਕੁਝ ਨਹੀਂ ਬਣਦਾ। ਬੰਦੇ ਨੂੰ ਸਟਰੌਂਗ ਹੋਣਾ ਚਾਹੀਦਾ ਐ।’’ ਦਿੱਲੀ ਉਹ ਰਾਤ ਦੇ ਦਸ ਵਜੇ ਪਹੁੰਚੇ। ਬੌਸ ਦੀ ਵਹੁਟੀ ਨੇ ਬਾਪ ਦੇ ਮੂੰਹ ਤੋਂ ਕੱਪੜਾ ਲਾਹੁੰਦਿਆਂ ਹਾਏ ਪਾਪਾ ਕਹਿ ਕੇ ਧਾਹ ਮਾਰੀ। ਫਿਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਉਹ ਸ਼ਾਇਦ ਅਮਰੀਕਾ ’ਚ ਰਹਿੰਦੇ ਉਸਦੇ ਪੁੱਤਰ ਨੂੰ ਉਡੀਕਣਾ ਚਾਹੁੰਦੇ ਸਨ। ਅਗਲੀ ਸਵੇਰ ਤੱਕ ਉਸ ਦਾ ਫ਼ੋਨ ਆ ਗਿਆ ਕਿ ਕੋਈ ਫਲਾਈਟ ਨਹੀਂ ਮਿਲ ਰਹੀ। ਮੈਂ ਤਿੰਨ ਦਿਨ ਤੋਂ ਪਹਿਲਾਂ ਨਹੀਂ ਪਹੁੰਚ ਸਕਾਂਗਾ। ਇਸ ਲਈ ਕਰੀਮੇਸ਼ਨ ਤੁਸੀਂ ਕਰ ਦਿਓ ਤੇ ਭੋਗ ਮੇਰੇ ਆਏ ’ਤੇ ਪਾ ਦੇਣਾ। ਭੋਗ ਵੀ ਜਿਵੇਂ ਅੱਜਕੱਲ੍ਹ ਕਰਦੇ ਨੇ ਚੌਥੇ ਦਿਨ ਰੱਖ ਲਓ। ਬੌਸ ਨੇ ਕਰੀਮੇਸ਼ਨ ਤੋਂ ਮਗਰੋਂ ਵੀ ਰਿਸ਼ੀ ਨੂੰ ਵਾਪਸ ਨਾ ਜਾਣ ਦਿੱਤਾ ਕਿਉਂਕਿ ਅਗਲੇ ਦਿਨ ਫੁੱਲ ਚੁਗਣੇ ਸਨ। ਬੌਸ ਦੇ ਉੱਥੇ ਜਾਣ ਪਹਿਚਾਣ ਵਾਲਾ ਕੋਈ ਨਹੀਂ ਸੀ। ਫਿਰ ਫੁੱਲ ਹਰਿਦੁਆਰ ਪ੍ਰਵਾਹ ਕਰਕੇ ਆਉਣੇ ਸਨ। ਪਤਾ ਨਹੀਂ ਕਿਉਂ ਬੌਸ ਨੂੰ ਰਿਸ਼ੀ ਤੋਂ ਬਿਨਾਂ ਆਪਣੇ ਆਪ ਸਾਰੇ ਕੰਮ ਕਰਨੇ ਬਹੁਤ ਔਖੇ ਲੱਗਦੇ ਸਨ। ਹਰਿਦੁਆਰ ਤੋਂ ਆ ਕੇ ਉਨ੍ਹਾਂ ਨੇ ਅਖ਼ਬਾਰ ’ਚ ਤਸਵੀਰ ਤੇ ਭੋਗ ਦਾ ਸਮਾਂ ਤੇ ਸਥਾਨ ਕਢਵਾ ਦਿੱਤੇ ਸਨ। ਇਕ ਦਿਨ ਸਾਰੇ ਪ੍ਰਬੰਧ ਕਰਨ ਨੂੰ ਚਾਹੀਦਾ ਸੀ ਕੋਈ। ਭੋਗ ਤੋਂ ਮਗਰੋਂ ਆਏ-ਗਏ ਦੀ ਰੋਟੀ ਦਾ ਪ੍ਰਬੰਧ ਵੀ ਕਰਨਾ ਸੀ। ਉਸ ਨੇ ਰਿਸ਼ੀ ਨੂੰ ਆਖਿਆ, ‘‘ਤੈਨੂੰ ਇੰਨੇ ਦਿਨ ਰੋਕਣਾ ਚੰਗਾ ਤਾਂ ਨਹੀਂ ਲੱਗਦਾ, ਪਰ ਮੈਂ ਮਜਬੂਰ ਹਾਂ। ਤੇਰੀ ਸ੍ਰੀਮਤੀ ਵੀ ਉਡੀਕਦੀ ਹੋਊਗੀ।’’

ਰਿਸ਼ੀ ਨੇ ਕਿਹਾ, ‘‘ਕੋਈ ਨਹੀਂ ਸਰ। ਘਰੇ ਨੀਲਮ ਨੂੰ ਫ਼ੋਨ ਕਰ ਦਿੱਤਾ ਸੀ। ਕੱਲ੍ਹ ਨੂੰ ਭੋਗ ਮਗਰੋਂ ਚਲਿਆ ਜਾਵਾਂਗਾ।’’ ਅਗਲੇ ਦਿਨ ਭੋਗ ਪੈ ਗਿਆ। ਮਹਿਮਾਨਾਂ ਨੂੰ ਸੰਭਾਲਦੇ ਤੀਜਾ ਪਹਿਰ ਹੋ ਗਿਆ। ਪਤਾ ਨਹੀਂ ਰਿਸ਼ੀ ਦਾ ਦਿਲ ਕਾਹਤੋਂ ਕਾਹਲਾ ਪੈ ਰਿਹਾ ਸੀ। ਉਸ ਨੂੰ ਮਾਂ ਬੜੀ ਯਾਦ ਆ ਰਹੀ ਸੀ। ਕਾਫ਼ੀ ਦਿਨ ਹੋਏ ਸਨ ਮਾਂ ਵੱਲ ਗਏ ਨੂੰ। ਆਪਣੇ ਆਪ ਨੂੰ ਕਸੂਰਵਾਰ ਲੱਗ ਰਿਹਾ ਸੀ।
ਉਧਰ ਮਾਂ ਨੂੰ ਪਹਿਲਾਂ ਹਲਕਾ ਜਿਹਾ ਬੁਖ਼ਾਰ ਹੋ ਗਿਆ। ਫੇਰ ਤੇਜ਼ ਬੁਖ਼ਾਰ ਹੋ ਗਿਆ। ਉਸ ਨੇ ਸੋਚਿਆ ਕਿ ਰਿਕਸ਼ਾ ਮੰਗਵਾ ਕੇ ਆਪ ਹੀ ਡਾਕਟਰ ਨੂੰ ਦਿਖਾ ਆਵਾਂ। ਪਰ ਉਸ ਤੋਂ ਜਿਵੇਂ ਖੜ੍ਹਿਆ ਨਹੀਂ ਸੀ ਜਾ ਰਿਹਾ। ਉਸ ਨੇ ਛੋਟੂ ਨੂੰ ਰਿਸ਼ੀ ਦੇ ਘਰ ਭੇਜਿਆ ਕਿ ਮਾਂ ਜੀ ਦੀ ਤਬੀਅਤ ਠੀਕ ਨਹੀਂ। ਨੀਲਮ ਨੇ ਦੱਸਿਆ ਕਿ ਉਹ ਤਾਂ ਦਿੱਲੀ ਗਏ ਹੋਏ ਨੇ। ਮੈਂ ਕੱਲ੍ਹ ਆਵਾਂਗੀ ਮਾਂ ਜੀ ਕੋਲ।
ਫਿਰ ਛੋਟੂ ਆਪ ਹੀ ਦਵਾਈਆਂ ਦੀ ਦੁਕਾਨ ’ਤੇ ਜਾ ਕੇ ਇਹ ਕਹਿ ਕੇ ‘ਮਾਂ ਜੀ ਨੂੰ ਬੁਖ਼ਾਰ ਹੈ’ ਦਵਾਈ ਲੈ ਆਇਆ। ਮਾਂ ਨੇ ਦਵਾਈ ਖਾ ਤਾਂ ਲਈ ਸੀ ਪਰ ਕੋਈ ਫ਼ਰਕ ਨਹੀਂ ਸੀ ਪਿਆ। ਉਸ ਦੀ ਤਬੀਅਤ ਹੋਰ ਵੀ ਖ਼ਰਾਬ ਹੋ ਗਈ। ਛੋਟੂ ਦੇ ਸਮਝ ਕੁਝ ਨਹੀਂ ਸੀ ਆ ਰਿਹਾ ਉਹ ਕੀ ਕਰੇ। ਮਾਂ ਨੇ ਵੀ ਉਸ ਨੂੰ ਕੁਝ ਨਹੀਂ ਕਿਹਾ। ਪਤਾ ਨਹੀਂ ਕੀ ਸੋਚ ਕੇ ਮਾਂ ਦੀਆਂ ਅੱਖਾਂ ’ਚ ਪਾਣੀ ਭਰ ਆਇਆ।
ਦੁਪਹਿਰ ਵੇਲੇ ਉਸ ਨੇ ਆਪਣੇ ਸਿਰਹਾਣੇ ਹੇਠਾਂ ਰੱਖੀ ਇਕ ਚਿੱਠੀ ਕੱਢੀ ਜਿਸ ਉਪਰ ਮੋਟੇ-ਮੋਟੇ ਅੱਖਰਾਂ ਵਿਚ ਲਿਖਿਆ ਸੀ- ਆਈ ਮਿਸ ਯੂ ਮਾਂ। ਮਾਂ ਨੇ ਰਿਸ਼ੀ ਦੀ ਲਿਖੀ ਇਹ ਚਿੱਠੀ ਹੱਥ ’ਚ ਘੁੱਟ ਲਈ। ਉਸ ਦਾ ਸਾਰਾ ਜਿਸਮ ਟੁੱਟਦਾ ਜਾ ਰਿਹਾ ਸੀ।
ਰਿਸ਼ੀ ਨੇ ਤੀਜੇ ਪਹਿਰ ਬਿਨਾਂ ਖਾਧੇ-ਪੀਤੇ ਹੀ ਡਰਾਈਵਰ ਨੂੰ ਵਾਪਸ ਚੱਲਣ ਲਈ ਕਿਹਾ। ਬੌਸ ਨੇ ਉਸ ਦਾ ਧੰਨਵਾਦ ਕੀਤਾ।
ਵਾਪਸ ਜਾਂਦਾ ਹੋਇਆ ਰਿਸ਼ੀ ਸੋਚ ਰਿਹਾ ਸੀ ਕਿ ਬੇਸ਼ੱਕ ਜਿੰਨਾ ਮਰਜ਼ੀ ਹਨੇਰਾ ਹੋ ਜਾਏ ਮੈਂ ਸਿੱਧਾ ਮਾਂ ਕੋਲ ਹੀ ਜਾਵਾਂਗਾ। ਮਾਂ ਥੋੜ੍ਹਾ ਜਿਹਾ ਗੁੱਸਾ ਤਾਂ ਦਿਖਾਏਗੀ ਫਿਰ ਆਪ ਹੀ ਮੰਨ ਜਾਏਗੀ।
‘‘ਥੋੜ੍ਹਾ ਤੇਜ਼ ਚਲਾ।’’ ਉਸ ਨੇ ਡਰਾਈਵਰ ਨੂੰ ਬੇਧਿਆਨੇ ਜਿਹੇ ਹੋ ਕੇ ਕਿਹਾ।
‘‘ਆਪਾਂ ਸਰ ਪਹਿਲਾਂ ਹੀ ਕਾਫ਼ੀ ਸਪੀਡ ’ਤੇ ਜਾ ਰਹੇ ਹਾਂ।’’ ਡਰਾਈਵਰ ਨੇ ਕਿਹਾ।
ਜਦ ਉਨ੍ਹਾਂ ਨੂੰ ਟੋਲ ਟੈਕਸ ’ਤੇ ਖੜ੍ਹਾ ਲਿਆ ਗਿਆ ਉਦੋਂ ਰਿਸ਼ੀ ਦਾ ਜੀਅ ਕੀਤਾ ਕਿ ਅੱਗੇ ਖੜ੍ਹੇ ਵਾਹਨਾਂ ’ਚ ਟੱਕਰ ਮਾਰ ਕੇ ਇੱਧਰ-ਉਧਰ ਕਰਕੇ ਆਪ ਛੇਤੀ ਲੰਘ ਜਾਵੇ।
ਟੌਲ ਟੈਕਸ ਵਾਲੇ ਤੋਂ ਬਣਦੇ ਪੈਸੇ ਲੈਣ ਲਈ ਉਹ ਨਹੀਂ ਸੀ ਰੁਕੇ। ਰਾਹ ਮਿਲਦਿਆਂ ਹੀ ਡਰਾਈਵਰ ਨੇ ਗੱਡੀ ਭਜਾ ਲਈ।
‘‘ਅੱਜ ਜੇ ਮਾਂ ਜੀ ਨੂੰ ਪਤਾ ਲੱਗਿਆ ਕਿ ਗੱਡੀ ਐਨੀ ਤੇਜ਼ ਭਜਾਈ ਸੀ ਤਾਂ ਜ਼ਰੂਰ ਮੇਰੇ ਜੁੱਤੀਆਂ ਪੈਣਗੀਆਂ।’’ ਡਰਾਈਵਰ ਨੇ ਕਿਹਾ।
ਥੋੜ੍ਹੀ ਰਾਤ ਗਏ ਤੱਕ ਉਹ ਮਾਂ ਦੇ ਘਰ ਪੁੱਜ ਗਏ। ਰਿਸ਼ੀ ਫਾਟਕ ਖੋਲ੍ਹ ਕੇ ਅੰਦਰ ਗਿਆ। ਮੋਤੀ ਪਹਿਲਾਂ ਵਾਂਗ ਛਲਾਂਗਾਂ ਮਾਰਦਾ ਉਸ ਵੱਲ ਨਹੀਂ ਭੱਜਿਆ। ਅੰਦਰ ਜਾ ਕੇ ਰਿਸ਼ੀ ਨੇ ਦੇਖਿਆ ਕਿ ਮਾਂ ਕੋਲ ਇਕ ਪਾਸੇ ਛੋਟੂ ਚੌਕੀ ’ਤੇ ਬੈਠਾ ਹੋਇਆ ਉਂਘਲਾ ਰਿਹਾ ਸੀ। ਰਿਸ਼ੀ ਦੇ ਆਉੁਣ ਦਾ ਖੜਕਾ ਸੁਣ ਕੇ ਉੁਭੜਵਾਹੇ ਜਾਗਿਆ ਤੇ ਬੋਲਿਆ ਕਿ ਮਾਂ ਜੀ ਕੋਈ ਗੱਲ ਨਹੀਂ ਕਰ ਰਹੇ। ਪਤਾ ਨਹੀਂ ਕੀ ਹੋ ਗਿਆ।
ਰਿਸ਼ੀ ਮਾਂ ਦੇ ਨੇੜੇ ਗਿਆ। ਉਸ ਦੀ ਨਬਜ਼ ਟੋਹੀ। ਮੱਥੇ ’ਤੇ ਹੱਥ ਰੱਖਿਆ। ਮਾਂ ਪਤਾ ਨਹੀਂ ਕਦੋਂ ਦੀ ਜਾ ਚੁੱਕੀ ਸੀ। ਉਸ ਨੇ ਮਾਂ ਦੀਆਂ ਉਂਗਲਾਂ ਸਿੱਧੀਆਂ ਕਰਕੇ ਹੱਥ ’ਚੋਂ ਚਿੱਠੀ ਕੱਢੀ ਜੋ ਰਿਸ਼ੀ ਦੀ ਆਪਣੀ ਹੀ ਲਿਖੀ ਹੋਈ ਸੀ- ਆਈ ਮਿਸ ਯੂ ਮਾਂ।
ਉਹ ਬੱਚਿਆਂ ਵਾਂਗ ਵਿਲਕ ਕੇ ਮਾਂ ਦੇ ਗਲ ਲੱਗ ਗਿਆ।
ਮਾਂ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਵੱਲ ਦੇਖ ਉਸ ਨੂੰ ਲੱਗਿਆ ਜਿਵੇਂ ਉਹ ਆਖ ਰਹੀ ਹੋਵੇ- ਆਈ ਮਿਸ ਯੂ ਰਾਜਾ।

You may also like