ਸਭ ਤੋਂ ਚੰਗੀ ਅਰਦਾਸ

by Manpreet Singh
ਸਭ ਤੋਂ ਚੰਗੀ ਅਰਦਾਸ ਆਪਣੀ ਆਤਮਕ ਤਰੱਕੀ ਲਈ ਵਾਹਿਗੁਰੂ ਜੀ ਅੱਗੇ ਦ੍ਰਿੜ ਬੇਨਤੀਆਂ ਕਰਨਾ ਹੈ। ਜਿਉਂ ਜਿਉਂ ਆਤਮਕ ਤਰੱਕੀ ਹੋਵੇਗੀ, ਤਿਉਂ ਤਿਉਂ ਗੁਰਸਿੱਖ ਸੁਖੀ ਤੇ ਸ਼ਾਂਤ ਹੁੰਦਾ ਜਾਵੇਗਾ।
ਆਤਮਕ ਤਰੱਕੀ ਕੀ ਹੈ? ਆਤਮਕ ਤਰੱਕੀ ਵਾਹਿਗੁਰੂ ਜੀ ਵਰਗਿਆਂ ਬਣਨ, ਵਾਹਿਗੁਰੂ ਜੀ ਦਾ ਰੂਪ ਬਣਨ, ਵਾਹਿਗੁਰੂ ਜੀ ਦਾ ਬਣਨ ਦੀ ਨਿਰੀ ਕੋਸ਼ਿਸ ਦੀ ਨਾਮ ਨਹੀਂ, ਬਲਕਿ ਉਸ ਕੋਸ਼ਿਸ ਦੀ ਸਫਲਤਾ ਦਾ ਨਾਮ ਹੈ। ਅਸੀਂ ਅਮਲਾਂ ਦੁਵਾਰਾ, ਰੋਜ਼ਾਨਾ ਜੀਵਨ ਦਵਾਰਾ, ਜਿਤਨੇ ਵਾਹਿਗੁਰੂ ਜੀ ਵਰਗੇ ਕੰਮ ਕਰੀਏ, ਵਾਹਿਗੁਰੂ ਜੀ ਨੂੰ ਆਪਣੇ ਕਰਮਾਂ ਦਵਾਰਾ ਜਿਤਨਾ ਪ੍ਰਕਾਸ਼ੀਏ, ਉਤਨਾ ਹੀ ਸਾਨੂੰ ਆਪਣੀ ਆਤਮਕ ਤਰੱਕੀ ਸਮਝਣੀ ਚਾਹੀਦੀ ਹੈ।
ਵਾਹਿਗੁਰੂ ਜੀ ਦਾ ਰੂਪ ਬਣਨ ਵਾਸਤੇ, ਵਾਹਿਗੁਰੂ ਜੀ ਦੇ ਗੁਣਾਂ ਨੂੰ ਹਰ ਵਕਤ ਆਉਣੇ ਮਨ ਦੇ ਸਾਮ੍ਹਣੇ ਰੱਖਣਾ ਹੋਵੇਗਾ। ਵਾਹਿਗੁਰੂ ਜੀ ਦੇ ਗੁਣਾਂ ਦੀ ਸੰਗਤ ਕਰਦਾ ਕਰਦਾ ਖੁਦ-ਬਖੁਦ ਉਨ੍ਹਾਂ ਗੁਣਾਂ ਦਾ ਰੂਪ ਬਣ ਜਾਵੇਗਾ ਜਾਂ ਇੰਜ ਸਮਜੋ ਕਿ ਇਸ ਤਰ੍ਹਾਂ ਮਨ ਵਿਚ ਉਹ ਗੁਣ ਆ ਜਾਂਦੇ ਹਨ। ਮਨ ਗੁਣਵਾਨ ਬਣ ਜਾਂਦਾ ਹੈ। ਵਾਹਿਗੁਰੂ ਜੀ ਦੇ ਗੁਣਾਂ ਨੂੰ ਮਨ ਸਾਹਮਣੇ ਕਿਵੇ ਰੱਖਿਆ ਜਾਵੇ?  ਗੁਰਬਾਣੀ ਵਿਚੋਂ ਐਸੇ ਸ਼ਬਦ ਜਿਨ੍ਹਾਂ ਵਿਚ ਵਾਹਿਗੁਰੂ ਜੀ ਦੇ ਜੱਸ, ਸਿਫਤਾਂ ਦਾ ਜ਼ਿਕਰ ਹੋਵੇ, ਸਦਾ ਪਿਆਰ ਨਾਲ ਘੜੀ ਮੁੜੀ ਪੜਨੇ ਚਾਹੀਏ ਹਨ। ਐਸੇ ਸ਼ਬਦਾਂ ਦੇ ਪੜ੍ਹਨ ਨਾਲ ਸਾਡਾ ਮਨ ਇਕ ਤਰ੍ਹਾਂ ਦੀ ਵਾਹਿਗੁਰੂ ਦੀ ਸੰਗਤ ਕਰਦਾ ਹੈ ਅਤੇ ਇਸ ਪਵਿੱਤਰ ਸੰਗਤ ਦਾ ਅਸਰ ਜਾਂ ਰੰਗ ਆਪਣੇ ਉਤੇ ਚੜਾਦਾ ਹੈ। ਵਾਹਿਗੁਰੂ ਜੀ ਦਾ ਰੂਪ ਬਣਨ ਲਈ, ਵਾਹਿਗੁਰੂ ਜੀ ਨਾਲ ਅਤਿਅੰਤ ਦਰਜੇ ਦਾ ਉਚਾ ਤੇ ਸੁੱਚਾ ਪਿਆਰ ਕਰਨਾ ਹੋਵੇਗਾ। ਵਾਹਿਗੁਰੂ ਜੀ ਨਾਲ ਐਸਾ ਪਿਆਰ ਓਦੋਂ ਸਮਝੋ ਜਦੋ ਵਾਹਿਗੁਰੂ ਜੀ ਵਰਗਾ ਪਿਆਰ ਤੇ ਚੰਗਾ ਹੋਰ ਕੋਈ ਨਾ ਲੱਗੇ। ਦੁਨੀਆ ਦੇ ਸਭ ਰਿਸਤਿਆਂ ਤੇ ਸਾਕਾਂ ਨਾਲੋਂ ਜਦ ਵਾਹਿਗੁਰੂ ਜੀ ਵਧੇਰੇ ਪਿਆਰੇ ਲਗਣ, ਤਦ ਸਮਝੋ ਕਿ ਵਾਹਿਗੁਰੂ ਜੀ ਨਾਲ ਪਿਆਰ ਹੈ।
ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ।।
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ।।
ਤੂੰ ਮੇਰਾ ਰਾਖਾ ਸਭਨੀ ਥਾਈ।। 
ਤਾ ਭਉ ਕੇਹਾ ਕਾੜਾ ਜੀਉ।।  ਅੰਕ – ੧੦੩
ਮਾਤ ਪਿਤਾ ਸੁਤ ਬੰਧੁ ਨਰਾਇਣੁ।। ਅੰਕ – ੧੧੫੧
ਵਾਹਿਗੁਰੂ ਜੀ ਦਾ ਰੂਪ ਉਦੋਂ ਬਣੀਦਾ ਹੈ ਜਦ ਵਾਹਿਗੁਰੂ ਜੀ ਵਾਂਗ ਸਾਡੇ ਵਿਚ ਵੀ ਬਦੀ ਦਾ ਤੁਖਮ ਨਾ ਰਹੇ। ਬਦੀ ਇਕ ਓਪਰੀ ਨੀਵੀ ਸ਼ਕਤੀ ਹੈ, ਇਹ ਪਾਪ ਤੋਂ ਸ਼ੁਰੂ ਹੋ ਕੇ ਦੁੱਖ, ਚਿੰਤਾ, ਫਿਕਰ, ਬਿਮਾਰੀ ਅਤੇ ਮੌਤ ਤੇ ਜਾ ਕੇ ਖ਼ਤਮ ਹੁੰਦੀ ਹੈ। ਵਾਹਿਗੁਰੂ ਜੀ ਵਿਚ ਬਦੀ ਨਹੀਂ। ਅਸੀਂ ਉਤਨਾ ਹੀ ਵਾਹਿਗੁਰੂ ਜੀ ਦਾ ਬਣਾਂਗੇ ਜਿਤਨਾ ਕਿ ਆਪਣੇ ਮਨ ਵਿਚੋਂ ਬਦੀ ਦਾ ਖਿਆਲ ਦੂਰ ਕਰਨ ਵਿਚ ਸਫਲ ਹੋਵਾਂਗੇ। ਬਦੀ ਅਸਲ ਵਿਚ ਕੁੱਛ ਨਹੀਂ, ਪਰ ਅਗਿਆਨੀ ਮਨ ਨੂੰ ਬਹੁਤ ਬੜੀ ਸ਼ਕਤੀ ਭਾਸਦੀ ਹੈ।
ਅਸਲ ਵਿਚ ਬਦੀ ਵਾਹਿਗੁਰੂ ਜੀ ਦੀ ਗੈਰ-ਹਾਜ਼ਰੀ ਦਾ ਨਾਮ ਹੈ। ਜਿਸ ਮਨ ਵਿਚ ਵਾਹਿਗੁਰੂ ਜੀ ਦਾ ਨਾਮ, ਉਸ ਦੀਆਂ ਸਿਫ਼ਤਾਂ ਤੇ ਗੁਣ ਪ੍ਰਵੇਸ਼ ਕਰਨ, ਉਥੇ ਬਦੀ ਦੇ ਟਿਕਣ ਜਾਂ ਖਲੋਣ ਦੀ ਥਾਂ ਨਹੀਂ ਰਹਿੰਦੀ। ਬਦੀ ਵਾਹਿਗੁਰੂ ਜੀ ਤੋਂ ਸਖਣੇ ਤੇ ਬੇਮੁਖ ਮਨ ਵਿਚ ਹੀ ਨਿਵਾਸ ਕਰ ਸਕਦੀ ਹੈ।
ਮਨ ਨੂੰ ਬਦੀ ਤੋਂ ਬਿਲਕੁਲ ਖਾਲੀ ਕਰ ਸਕਣਾ ਤੇ ਵਾਹਿਗੁਰੂ ਜੀ ਦੇ ਨਾਮ ਤੇ ਉਸ ਦੀਆਂ ਸਿਫਤਾਂ ਨਾਲ ਭਰਪੂਰ ਕਰ ਲੈਣਾ ਕੋਈ ਆਸਾਨ ਕੰਮ ਨਹੀਂ। ਐਸਾ ਕਰਨ ਵਾਸਤੇ ਬੜੀ ਭਾਰੀ ਤਿਆਰੀ, ਮਿਹਨਤ ਤੇ ਕੁਰਬਾਨੀ ਦਰਕਾਰ ਹੈ।
ਮਨ ਬਚਨ ਅਤੇ ਕਰਮ ਕਰਕੇ ਗੁਰਬਾਣੀ ਦੇ ਉਪਦੇਸਾਂ ਅਨੁਸਾਰ ਜੀਵਨ ਬਤੀਤ ਕਰਨ ਅਤੇ ਗੁਰੂ ਤੇ ਗੁਰੂ ਗਿਆਨ ਨਾਲ ਮਨ ਵਿਚ ਹੋਣ ਵਾਲੀਆਂ ਤਬਦੀਲੀਆਂ ਨਾਲ ਖਿੜੇ ਮੱਥੇ ਮਿਲਵਰਤਨ ਕਰਨੀ ਹੀ ਆਤਮਕ ਤਿਆਰੀ , ਮਿਹਨਤ ਅਤੇ ਕੁਰਬਾਨੀ ਹੈ।
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ 
ਸੋ ਗੁਰਸਿਖੁ ਗੁਰੂ ਮਨਿ ਭਾਵੈ।।
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ
ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ।।
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮ ਜਪਾਵੈ ।।ਅੰਕ  – ੩੦੫
ਅਰਦਾਸ ਸ਼ਕਤੀ
ਰਘਬੀਰ ਸਿੰਘ ਬੀਰ

You may also like