ਮਾਂ-ਬੋਲੀ

by Jasmeet Kaur

ਭਾਰਤ ਦੇ ਪ੍ਰਸਿੱਧ ਸਾਹਿਤਕਾਰ ਡਾ. ਰਘੁਬੀਰ ਅਕਸਰ ਹੀ ਫਰਾਂਸ ਜਾਇਆ ਕਰਦੇ ਸਨ ਤੇ ਇੱਕ ਸ਼ਾਹੀ ਪਰਿਵਾਰ ਕੋਲ ਉਹਨੇ ਦੇ ਸ਼ਾਹੀ ਘਰ ਰੁਕਿਆ ਕਰਦੇ ਸਨ, ਉਸ ਸ਼ਾਹੀ ਪਰਿਵਾਰ ਵਿੱਚ ਇੱਕ 12-14 ਸਾਲ ਦੀ ਲੜਕੀ ਸੀ ਜੋ ਡਾ. ਸਾਹਿਬ ਨਾਲ ਬਹੁਤ ਘੁਲ ਮਿਲ ਗਈ ਤੇ ਅਕਸਰ ਹੀ ਡਾ. ਸਾਹਿਬ ਹੀ ਦਿਨ ਬਤਾਇਆ ਕਰਦੀ ਸੀ…

ਗੱਲ ਇੱਦਾਂ ਹੋਈ ਕਿ ਇੱਕ ਦਿਨ ਉਸ ਘਰ ਰਹਿੰਦਿਆਂ ਡਾ. ਸਾਹਿਬ ਨੂੰ ਭਾਰਤ ਤੋਂ ਇੱਕ ਚਿੱਠੀ ਆਈ, ਉਸ ਲੜਕੀ ਨੇ ਉਹ ਚਿੱਠੀ ਦੇਖ ਲਈ ਅਤੇ ਕਿਹਾ ਕਿ..

” ਅੰਕਲ, ਮੈਨੂੰ ਆਪਣੀ ਚਿੱਠੀ ਦਿਖਾਉ, ਮੈਂ ਵੀ ਤੁਹਾਡੀ ਮਾਂ-ਬੋਲੀ ਦੇਖਣੀ ਹੈ..”

ਡਾ. ਸਾਹਿਬ ਨੇ ਬਹੁਤ ਮਨਾ ਕੀਤਾ, ਪਰ ਉਸ ਲੜਕੀ ਨੇ ਜਿਆਦਾ ਹੀ ਜਿੱਦ ਕੀਤੀ ਤਾਂ ਡਾ. ਸਾਹਿਬ ਨੇ ਉਹ ਚਿੱਠੀ ਵਾਲ ਲਿਫਾਫਾ ਉਸ ਲੜਕੀ ਨੂੰ ਦੇ ਦਿੱਤਾ…

ਉਸ ਚਿੱਠੀ ਦੀ ਭਾਸ਼ਾ ਅੰਗਰੇਜੀ ਸੀ, ਇਸਨੂੰ ਦੇਖ ਕੇ ਲੜਕੀ ਉਦਾਸ ਹੋ ਗਈ ਤੇ ਉਸਨੇ ਪੁੱਛਿਆ…

” ਡਾ. ਸਾਹਿਬ, ਤੁਹਾਡੀ ਆਪਣੀ ਕੋਈ ਵੀ ਮਾਂ-ਬੋਲੀ ਨਹੀਂ…”…..ਡਾ. ਸਾਹਿਬ ਬੜੇ ਸ਼ਰਮਸਾਰ ਹੋਏ ਤੇ ਕੁਝ ਨਾ ਬੋਲੇ….ਲੜਕੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ..

ਉਸ ਦਿਨ ਰਾਤ ਦੇ ਖਾਣੇ ਤੇ ਸਾਰਾ ਪਰਿਵਾਰ ਬੈਠਾ ਤੇ ਅਜੀਬ ਜਿਹੀ ਖਾਮੋਸ਼ੀ ਸੀ, ਕੋਈ ਚਹਿਲ ਪਹਿਲ ਨਹੀਂ ਸੀ….ਖਾਣੇ ਦੌਰਾਨ ਲੜਕੀ ਦੀ ਮਾਂ ਬੋਲੀ.

” ਡਾ. ਸਾਹਿਬ, ਅਗਲੀ ਵਾਰ ਜਦੋਂ ਤੁਸੀਂ ਫਰਾਂਸ ਆਉ ਤਾਂ ਆਪਣਾ ਟਿਕਾਣਾ ਕਿਤੇ ਹੋਰ ਕਰ ਲਿਉ, ਜਿਹਨਾਂ ਲੋਕਾਂ ਦੀ ਆਪਣੀ ਕੋਈ ਮਾਂ-ਬੋਲੀ ਨਹੀਂ ਹੁੰਦੀ, ਉਹਨਾਂ ਨੂੰ ਅਸੀਂ ਜਾਹਿਲ ਸਮਝਦੇ ਹਾਂ ਤੇ ਅਸੀਂ ਫਰੈਂਚ ਵਾਸੀ ਉਹਨਾਂ ਨਾਲ ਕੋਈ ਸੰਬੰਧ ਨਹੀਂ ਰੱਖਦੇ..”

ਅੱਗੇ ਬੋਲਦਿਆਂ ਉਸ ਮਹਿਲਾ ਨੇ ਕਿਹਾ…

” ਮੇਰੀ ਮਾਂ ਲੋਰੇਨ ਰਾਜ ਦੇ ਸ਼ਾਸਕ ਦੀ ਧੀ ਸੀ, ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਇਹ ਫਰੈਂਚ ਰਾਜ ਲੋਰੇਨ ਜਰਮਨੀ ਦੇ ਅਧੀਨ ਸੀ, ਇਸ ਵਜਾ ਕਰਕੇ ਇਸ ਰਾਜ ਦਾ ਸਾਰਾ ਪ੍ਰਸ਼ਾਸਕੀ ਕੰਮਕਾਜ ਜਰਮਨੀ ਵਿੱਚ ਹੁੰਦਾ ਸੀ, ਇੱਥੋਂ ਤੱਕ ਕਿ ਲੋਰੇਨ ਰਾਜ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਜਰਮਨੀ ਭਾਸ਼ਾ ਪੜਾਈ ਜਾਣ ਲੱਗੀ, ਫਰੈਂਚ ਭਾਸ਼ਾ ਲਈ ਲੋਰੇਨ ਰਾਜ ਵਿੱਚ ਕੋਈ ਥਾਂ ਨਹੀਂ ਬਚੀ..

ਮੇਰੀ ਮਾਂ ਉਸ ਸਮੇਂ 11-12 ਸਾਲ ਦੀ ਬੱਚੀ ਸੀ ਅਤੇ ਇੱਕ ਪ੍ਰਸਿੱਧ ਕਾਨਵੈਂਟ ਸਕੂਲ ਦੀ ਇੱਕ ਕੁਸ਼ਲ ਵਿਦਿਆਰਥਣ ਸੀ…

ਇੱਕ ਵਾਰ ਜਰਮਨੀ ਦੀ ਸ਼ਾਸਕ ਰਾਣੀ ਕੈਥਰੀਨ ਲੋਰੇਨ ਰਾਜ ਦੇ ਦੌਰੇ ਤੇ ਆਈ, ਆਪਣੇ ਦੌਰੇ ਦੌਰਾਨ ਕੈਥਰੀਨ ਉਸ ਸਕੂਲ ਦੇ ਨਿਰੀਖਣ ਤੇ ਵੀ ਪਹੁੰਚੀ, ਸਭ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਵਿੱਚ ਜਰਮਨੀ ਸ਼ਾਸਕ ਦੇ ਸਵਾਗਤ ਲਈ ਲਾਈਨਾਂ ਵਿੱਚ ਖੜਾਇਆ ਗਿਆ..

ਵਿੱਦਿਆ, ਖੇਡਾਂ ਤੇ ਕਸਰਤ ਦੀਆਂ ਗੱਲਾਂ ਤੋਂ ਬਾਅਦ ਕੈਥਰੀਨ ਨੇ ਖੜੇ ਵਿਦਿਆਰਥੀਆਂ ਨੂੰ ਜਰਮਨ ਦਾ ਰਾਸ਼ਟਰ ਗੀਤ ਸੁਣਾਉਣ ਲਈ ਕਿਹਾ..ਮੇਰੀ ਮਾਤਾ ਹਾਜਿਰ ਜਵਾਬ ਤੇ ਬੁੱਧੀਮਾਨ ਵਿਦਿਆਰਥੀ ਸੀ, ਜਿਸ ਕਾਰਣ ਮੇਰੀ ਮਾਂ ਨੇ ਕੈਥਰੀਨ ਦੇ ਕਹਿਣ ਤੇ ਬੜੇ ਸੁਚੱਜੇ ਢੰਗ ਨਾਲ ਸਭ ਦੇ ਸਾਹਮਣੇ ਜਰਮਨ ਦਾ ਰਾਸ਼ਟਰਗਾਨ ਗਾ ਕੇ ਸੁਣਾਇਆ…

ਇਸ ਤੋਂ ਜਰਮਨ ਸ਼ਾਸਕ ਕੈਥਰੀਨ ਬਹੁਤ ਖੁਸ਼ ਹੋਈ ਤੇ ਉਸ ਬੱਚੀ ਨੂੰ ਕਿਹਾ ਕਿ ਮੰਗੋ ਕੀ ਇਨਾਮ ਚਾਹੀਦਾ ਹੈ ਤਾਂ ਉਹ ਬੱਚੀ ਕੁਛ ਨਾ ਬੋਲੀ…ਕੈਥਰੀਨ ਨੇ ਫਿਰ ਕਿਹਾ, ਬੇਟਾ ਮੰਗੋ ਕੀ ਇਨਾਮ ਚਾਹੀਦਾ ਹੈ ਤਾਂ ਉਸ ਬੱਚੀ ਨੇ ਪੁੱਛਿਆ ਕਿ ਜੋ ਮੈਂ ਮੰਗਾਂਗੀ, ਤੁਸੀਂ ਦਿਉਗੇ..?
ਮਹਾਰਾਣੀ ਕੈਥਰੀਨ ਬੋਲੀ..” ਮੈਂ ਜਰਮਨ ਦੀ ਸ਼ਾਸਕ ਹਾਂ, ਮੇਰਾ ਬਚਨ ਹੀ ਮੇਰਾ ਸ਼ਾਸਨ ਹੈ, ਮੰਗੋ ਕੀ ਇਨਾਮ ਚਾਹੀਦਾ ਹੈ..”

ਉਸ ਬੱਚੀ ਨੇ ਕਿਹਾ ਕਿ ਮਹਾਰਾਣੀ ਜੀ, ਇੱਦਾਂ ਕਰੋ ਕਿ ਅੱਜ ਤੋਂ ਲੋਰੇਨ ਰਾਜ ਦਾ ਸਭ ਕੰਮਕਾਜ ਫਰੈਂਚ ਭਾਸ਼ਾ ਵਿੱਚ ਕਰਨਾ ਸ਼ੁਰੂ ਕਰਵਾ ਦੋ..

ਇਸ ਅਨੋਖੀ ਮੰਗ ਨੂੰ ਸੁਣ ਕੇ ਪਹਿਲਾਂ ਤਾਂ ਮਹਾਰਾਣੀ ਕੈਥਰੀਨ ਹੈਰਾਨ ਹੋਈ, ਫਿਰ ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਬੋਲੀ..” ਨੈਪੋਲੀਅਨ ਦੀਆਂ ਸੈਨਾਵਾਂ ਨੇ ਵੀ ਅਜਿਹਾ ਕਹਿਰ ਜਰਮਨੀ ਤੇ ਨਹੀਂ ਢਾਹਿਆ, ਜੋ ਅੱਜ ਇਸ ਬੱਚੀ ਨੇ ਜਰਮਨੀ ਦੀ ਮਹਾਰਾਣੀ ਕੈਥਰੀਨ ਤੇ ਢਾਹਿਆ..ਮੈਂ ਬਚਨ ਦੇ ਚੁੱਕੀ ਹਾਂ ਤੇ ਮੇਰਾ ਬਚਨ ਝੂਠਾ ਨਹੀਂ ਹੋ ਸਕਦਾ, ਅੱਜ ਤੂੰ ਆਪਣੇ ਬੋਲਾਂ ਮਾਤਰ ਨਾਲ ਹੀ ਜਰਮਨ ਦੀ ਮਹਾਰਾਣੀ ਨੂੰ ਢਹਿਢੇਰੀ ਕਰ ਦਿੱਤਾ ਤੇ ਮੈਨੂੰ ਯਕੀਨ ਹੈ ਕਿ ਹੁਣ ਲੋਰੇਨ ਰਾਜ ਜਿਆਦਾ ਦੇਰ ਤੱਕ ਜਰਮਨ ਦਾ ਗੁਲਾਮ ਨਹੀਂ ਰਹੇਗਾ ਤੇ ਇਹੀ ਹੋਇਆ….!

ਇਹ ਕਹਿ ਕੇ ਮਹਾਰਾਣੀ ਕੈਥਰੀਨ ਉਦਾਸ ਹੋ ਕੇ ਉੱਥੋਂ ਚਲੀ ਗਈ…

ਲੜਕੀ ਦੀ ਮਾਂ ਬੋਲੀ…” ਡਾ. ਰਘੁਬੀਰ, ਹੁਣ ਤੁਸੀਂ ਸਮਝ ਚੁੱਕੇ ਹੋਉਗੇ ਕਿ ਮੈਂ ਕਿਸ ਮਾਂ ਦੀ ਔਲਾਦ ਹਾਂ, ਅਸੀਂ ਫਰੈਂਚ ਵਾਸੀ ਆਪਣੀ ਭਾਸ਼ਾ ਤੇ ਬਹੁਤ ਮਾਣ ਕਰਦੇ ਹਾਂ ਤੇ ਸਾਡੇ ਲਈ ਦੇਸ਼ ਲਈ ਜਿੰਨਾ ਪਿਆਰ ਹੈ, ਉਨਾਂ ਹੀ ਆਪਣੀ ਮਾਂ-ਬੋਲੀ ਲਈ ਪਿਆਰ ਹੈ…ਸਾਨੂੰ ਸਾਡੀ ਭਾਸ਼ਾ ਮਿਲ ਗਈ ਤੇ ਅੱਗੇ ਜਾ ਕੇ ਅਸੀਂ ਜਰਮਨ ਤੋਂ ਅਜਾਦੀ ਪ੍ਰਾਪਤ ਕਰ ਲਈ..”

ਜਿਹੜੀ ਕੌਮ, ਦੇਸ਼ ਜਾਂ ਸਭਿਅਤਾ ਆਪਣੀ ਮਾਂ-ਬੋਲੀ ਵਿਸਾਰ ਦੇਵੇ, ਉਸਨੂੰ ਗੁਲਾਮ ਬਣਾਉਣਾ ਬਹੁਤ ਸੌਖਾ ਹੈ..

ਮੈਨੂੰ ਮਾਣ ਹੈ….ਆਪਣੀ ਮਾਂ-ਬੋਲੀ ਪੰਜਾਬੀ ਤੇ

ਸਰੋਤ: ਅਗਿਆਤ

You may also like