ਬਾਬਾ ਸੋਹਣ ਸਿੰਘ ਭਕਨਾ ਜੀ ਦੀ ਜੀਵਨੀ ਅਨੁਸਾਰ ਅਮਰੀਕਾ ਵਿੱਚ ਭਾਰਤੀ ਲੋਕਾਂ ਦੀ ਸਥਿਤੀ

by admin

ਜਦੋਂ ਹਿੰਦੁਸਤਾਨੀਆਂ ਨੇ ਆਪਣੀ ਕਿਰਤ ਕਮਾਈ ਵਿਚੋਂ ਕੁਝ ਰੁਪਏ ਜੋੜ ਕੇ ਓਰੇਗਨ , ਵਾਸ਼ਿੰਗਟਨ ਤੇ ਕੈਲੀਫੋਰਨੀਆ ਆਦਿ ਰਿਆਸਤਾਂ ਵਿਚ ਬਹੁਤ ਸਾਰੀਆਂ ਜਮੀਨਾਂ ਖਰੀਦ ਲਈਆਂ ਅਤੇ ਕੈਲੀਫੋਰਨੀਆ ਵਿਚ ਕਿਰਸਾਣਾ ਦੀਆਂ ਛੋਟੀਆਂ ਛੋਟੀਆਂ ਕੰਪਨੀਆਂ ਬਣਾਕੇ ਹਿੰਦੀ ਆਪਣੀ ਹੀ ਵਾਹੀ ਕਰਨ ਲੱਗ ਪਏ, ਤਾਂ ਇਹ ਗੱਲ ਵੀ ਅਮਰੀਕਾ ਨਾ ਸਹਿ ਸਕਿਆ ਤੇ ਉਸਨੇ ਇੱਕ ਕਨੂੰਨ ਬਣਾ ਦਿੱਤਾ, ਜਿਸ ਅਨੁਸਾਰ ਕੋਈ ਏਸ਼ੀਆਈ (ਪੂਰਬੀ) ਅਮਰੀਕਾ ਵਿਚ ਜ਼ਮੀਨ ਨਹੀਂ ਖਰੀਦ ਸਕਦਾ ਸੀ ਤੇ ਨਾ ਹੀ ਅਮਰੀਕਾ ਦਾ ਵਸਨੀਕ ਬਣ ਸਕਦਾ ਸੀ। ਇਹ ਕਨੂਨ ਜਪਾਨੀਆਂ ਅਤੇ ਹਿੰਦੁਸਤਾਨੀਆਂ ਦੀ ਅਮਰੀਕਾ ਵਿੱਚ ਵੱਧ ਰਹੀ ਉੱਨਤੀ ਨੂੰ ਰੋਕਣ ਲਈ ਘੜਿਆ ਗਿਆ ਸੀ।
ਖੈਰ ਜਪਾਨ( ਅਜ਼ਾਦ ਮੁਲਕ ਹੋਣ ਕਰਕੇ) ਉੱਤੇ ਤਾਂ ਇਸ ਦਾ ਕੀ ਅਸਰ ਹੋਣਾ ਸੀ। ਪਰ ਇਸ ਕਨੂੰਨ ਨੇ ਗ਼ੁਲਾਮ ਹਿੰਦੀਆਂ ਦੀ ਉੱਨਤੀ ਦਾ ਬੂਹਾ ਉੱਕਾ ਹੀ ਬੰਦ ਕਰ ਦਿੱਤਾ। ਹੁਣ ਉਹ ਮਜੂਰੀ ਤੋਂ ਬਿਨ੍ਹਾਂ ਹੋਰ ਕੋਈ ਸੁਤੰਤਰ ਕੰਮ ਨਹੀਂ ਸਨ ਕਰ ਸਕਦੇ । ਇਥੋਂ ਤੱਕ ਕਿ ਆਪਣੀ ਜ਼ਮੀਨ ਖਰੀਦ ਕੇ ਵਾਹੀ ਆਦਿਕ ਦਾ ਕੰਮ ਕਰਨ ਵਲੋਂ ਵੀ ਹਥਲ ਕਰਕੇ ਬਹਾ ਦਿੱਤੇ।
ਵਪਾਰ ਤੇ ਵਾਹੀ ਤੋਂ ਛੁੱਟ ਹੁਣ ਸਾਡੀ ਮਜੂਰੀ ਵੀ ਅਮਰੀਕਨਾਂ ਦੀਆਂ ਅੱਖਾਂ ਦਾ ਕੰਡਾ ਬਣ ਗਈ। ਉਥੋਂ ਦਾ ਮਜੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿਚੋਂ ਕਢਣ ਲਈ ਹੱਥ ਧੋ ਕੇ ਪਿੱਛੇ ਪੈ ਗਿਆ। 1908 ਦੇ ਅਖੀਰ ਵਿਚ ਦੋ ਲੱਕੜੀ ਦੇ ਕਾਰਖਾਨਿਆਂ ਵਿਚੋਂ ਮਜੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ ਮਾਰ ਕੇ ਕੱਢ ਦਿੱਤਾ। ਇਹਨਾਂ ਕਾਰਖਾਨਿਆਂ ਦੇ ਨਾਮ ‘ਅਲਬਰਟ’ ਤੇ ‘ ਵਿਲੀਅਮ’ ਸਨ। ਇਸ ਤੋਂ ਛੁੱਟ ਰੇਲਗੱਡੀਆਂ, ਟਰੇਮਵੇਆਂ , ਹੋਟਲਾਂ, ਸੜਕਾਂ ਤੇ ਥੀਏਟਰਾਂ ਵਿਚ ਹੁਣ ਅਮਰੀਕਨ ਹਿੰਦੁਸਤਾਨੀਆਂ ਤੋਂ ਖੁੱਲੀ ਘਿਰਣਾ ਕਰਨ ਲੱਗ ਪਏ।

ਬਾਬਾ ਸੋਹਣ ਸਿੰਘ ਭਕਨਾਂ
ਮੇਰੀ ਰਾਮ ਕਹਾਣੀ

You may also like