ਪਿੰਡਾਂ ਵਾਲਿਆਂ ਦੀ ਫੀਲਿੰਗ

by Lakhwinder Singh

ਪਿੰਡਾਂ ਵਾਲਿਆਂ ਦੀ ਫੀਲਿੰਗ

ਬਾਟੀ ਵਿੱਚ ਚਾਹ ਤਾਂ ਬਹੁਤ ਪੀਤੀ ਆ…ਪਰ,ਕੀ ਕਦੇ ਬਾਟੀ ਚ’ ਕੋਕਾ ਕੋਲਾ ਪੀਤਾ?
ਚਾਹ ਦੀ ਤਰਾਂ ਸੂੜਕੇ ਮਾਰ ਮਾਰ ਕੇ…ਮੈਂ ਤਾਂ ਬਹੁਤ ਪੀਤਾ ।

ਅਸੀਂ ਉਦੋਂ ਕੋਲੇ ਦਾ ਪੂਰਾ ਨਾਂ ਲਈ ਦਾ ਸੀ ….ਆਹੋ ਜੀ ਕੋਕਾ ਕੋਲਾਦੂਰ ਦਰਸ਼ਨ ਟੀ ਵੀ ਦੀਆਂ ਮਸ਼ਹੂਰੀਆਂ ਦਾ ਪੂਰਾ ਪੂਰਾ ਅਸਰ ਸੀ ।

ਕੋਕਾ ਕੋਲਾ ਜਦ ਕਦੇ ਭੁੱਲ ਭੁਲੇਖੇ ਘਰ ਆ ਜਾਂਦਾ ਸੀ..ਫਿਰ ਪਤਾ ਨੀ ਕਿਉਂ ਅਚਾਨਕ ਪੈਂਡੂ ਪੁਣੇ ਦੀ ਫੀਲਿੰਗ ਬਲੈਤੀਏ ਹੋਣ ਚ ਬਦਲ ਜਾਂਦੀ ਸੀ। ਜਿੱਦਾਂ ਹੁਣੇ ਹੁਣੇ ਜਹਾਜੋਂ ਉਤਰੇ ਹੋਈਏ ।
ਬਲੈਤੀਏ ਪਿੰਡ ਆ ਕੇ ਕੋਲਾ ਬਹੁਤ ਪੀਂਦੇ ਸੀ ਤਾਂ ਕਰਕੇ।

ਇਸ ਗੱਲ ਨੂੰ ਤੁਸੀਂ ਮੰਨੋ ਭਾਵੇਂ ਨਾ ਮੰਨੋ ਉਹ ਗੱਲ ਵੱਖਰੀ ਆ
ਮੰਨਣ ਨੂੰ ਦਿਲ ਤਾਂ ਕਰਦਾ….ਹੁਣਾਂ …ਪਰ…ਸੰਗ ਜਹੀ ਆਉਂਦੀ ਹੁਣੀਂ ਆ……. ਕਿ ਹਾਏ -ਹਾਏ ਉਦੋਂ ਅਸੀਂ ਕੀ ਕਰਦੇ ਤੇ ਕੀ ਸੋਚਦੇ ਹੁੰਦੇ ਸੀ ।

ਓ …ਪਿੰਡਾਂ ਵਾਲੇ ਇੱਦਾਂ ਦੇ ਈ ਹੁੰਦੇ ਆ ਭੋਲੇ ਤੇ ਸਾਦੇ …..ਜਿੱਦਾਂ ਦਾ ਮਹੌਲ ਦੇਖ ਲੈਣ ਉਦਾਂ ਦੀ ਫੀਲਿੰਗ ।

ਬਾਟੀ ਚ ਕੋਲਾ ਪੀਣ ਵਾਲੀ ਗੱਲ ਬਾਅਦ ਚ ਦੱਸਦੀ ਆਂ….ਪਹਿਲਾਂ ਆਹ ਸੁਣਾ ਲਵਾਂ ।

ਜਦ ਪਿੰਡ ਚ ਆਏ ਕਿਸੇ ਬਲੈਤੀਏ ਨੇ ਅੰਗਰੇਜੀ ਬੋਲਣੀ ਉਹਦਾ ਮੂੰਹ ਈਂ ਨਾ ਦੇਖਣੋ ਹਟਣਾ ਕਿ ਅੰਗਰੇਜੀ ਕਿੱਦਾ ਬੋਲਦਾ/ਬੋਲਦੀ ਆ…ਸਾਡੀ ਅੰਗਰੇਜ਼ੀ ਤਾਂ ….ਵਟ ਈਜ਼ ਯੂਅਰ ਨੇਮ ਤੋਂ ਮਗਰੋਂ ਈ ਖਤਮ ਹੋ ਜਾਂਦੀ ਸੀ .ਭਾਵੇਂ ਰੋਜ ਮਾਸਟਰ ਨੇ ਅੰਗਰੇਜ਼ੀ ਦੇ ਰੱਟੇ ਲਵੌਣੇ ਬੋਲਣ ਵੇਲੇ ਢੀਂ ਬੋਲ ਜਾਣੀ ।

ਉਦਾਂ ਤਾਂ ਅੰਗਰੇਜੀ ਬੋਲਣੀ ਸਿੱਖਣ ਲਈ ਭਾਰਗੋ ਅੰਕਲ ਕੋਲ ਤੇ ਫਿਰ ਗਿਆਨੀ ਮਾਸਟਰ ਕੋਲ ਟਿਊਸ਼ਨ ਵੀ ਰੱਖੀ ਹੋਣੀ ਜਦ ਬੋਲਣ ਦਾ ਟੈਮ ਆਉਣਾ , ਬਲੈਤੀਆਂ ਮੋਹਰੇ ਅੈਵੇਂ Excited ਜਿਹੇ ਹੋ ਕਿ ਪੰਜਾਬੀ ਨੂੰ ਈ ਅੰਗਰੇਜੀ ਵਾਂਗੂੰ (ਪੋਲੀ ਪੋਲੀ )ਬੋਲ ਬੋਲ …ਅੰਗਰੇਜ ਹੋਣ ਦੀ ਫੀਲਿੰਗ ਲਈ ਜਾਣੀ ।

ਜਦ ਕਦੇ Lux ਸਾਬਣ ਨਾਲ ਨਹਾ ਲੈਣਾ… ਫਿਰ ਬਲੈਤੀਆਂ ਵਾਲੀ ਫੀਲਿੰਗ ਲਈ ਦੀ ਸੀ।
ਉਹਦੀ ਮਹਿਕ ਵਰਗੀ ਮਹਿਕ ਬਲੈਤੀਆਂ ਦੇ ਕੱਪੜਿਆਂ ਚੋਂ ਭਿੰਨੀ ਭਿੰਨੀ ਜਿਹੀ ਆਉਂਦੀ ਹੁੰਦੀ ਸੀ।ਕਦੇ ਸੈੰਟਾਂ ਦੀ ਕਦੇ ਵਧੀਆ ਵਧੀਆ ਸ਼ਾਪੂਆਂ ਦੀ ।

ਤੇ ਸ਼ਾਡੇ ਧੋਤੇ ਹੋਏ ਕੱਪੜਿਆਂ ਚੋਂ ਕਦੇ …ਖਾਰੇ ਸਾਬਣ ਦੀ ਕਦੇ ਸੋਡੇ ਦੀ ਕਦੇ TINOPAL ਦੀ ਨੀਲ ਦੀ ਜਾਂ ਫਿਰ ਫਰਨੈਲ ਦੀਆਂ ਗੋਲੀਆਂ ਦੀ Smell ਆਉਣੀ ।

ਤਾਂ ਹੀ ਤਾਂ Lux ਨਾਲ ਨਾਹ ਕੇ ਕਿਸੇ ਹੋਰ ਹੀ ਦੁਨੀਆਂ ਚ ਪੁਹੰਚ ਜਾਈ ਦਾ ਸੀ।

ਖਾਸ ਕਰਕੇ ਜਦ ਨੀਲੀਆਂ ਅੱਖਾਂ ਵਾਲੀ ਗੋਰੀ ਜਿਹੀ ਨੇ Lux ਸਾਬਣ ਨਾਲ ਪਾਣੀ ਚੋਂ ਨਹਾ ਕੇ ਨਿਕਲਣਾ….ਸੋਚਣਾ ਖਬਰੈ lux ਨਾਲ ਨਾਹ ਕੇ ਅਸੀਂ ਵੀ ਇਦਾਂ ਦੇ ਗੋਰੇ ਹੋ ਜਾਣਾ।
ਵਧੀਆ ਜਿਹੀ ਫੀਲਿੰਗ ਲੈ ਕੇ ਹਫਤੇ ਚ ਸਾਬਣ ਦੀ ਚਾਕੀ ਘਸਾ ਦਈ ਦੀ ਸੀ।

ਹੁਣ ਵੀ ਨੀ ਮੰਨਦੇ ,ਤਾਂ ਨਾ ਮੰਨੋ… ਮੈਂ ਤਾਂ ਮੰਨਦੀ ਆਂ ਕਿ ਅਸੀਂ ਪਿੰਡਾ ਵਾਲੇ ਇੱਦਾਂ ਦੀ ਫੀਲਿੰਗ ਲੈਂਦੇ ਸੀ।

ਮੱਖੀਆਂ ਵਾਲਾ ਮਰੂੰਡਾ ਖਾਣ ਵਾਲਿਆਂ ਨੇ ਜੇ ਕਦੇ ਕੀਤੇ Horlicks ਪੀ ਲੈਣਾ….ਫਿਰ ਬੌਲੀਵੁੱਡ ਦੇ ਅਮੀਰ ਨਿਆਣਿਆਂ ਦੀ ਫੀਲਿੰਗ ਲੈਣੀ …ਕਿ ਅਸੀਂ ਬਹੁਤ ਅਮੀਰ ਹੈਗੇ ਆਂ ।

ਅਮੀਰੀ ਦਾ ਭੁਲੇਖਾ ਉਦੋਂ ਟੁੱਟਦਾ ਸੀ ਜਦ ਮਾਂ ਦਾ ਕਰਾਰਾ ਜਿਹਾ ਹੱਥ ਗਿੱਚੀ ਨੂੰ ਪੈਂਦਾ ਸੀ…ਅਖੇ…ਆ ਹ Horlicks ਪੀ ਕੇ ਕੱਚ ਦਾ ਗਲਾਸ ਕਿਹਨੇ ਤੋੜਿਆ ?

ਮਾਂ ਨੂੰ ਸਾਡੀ ਫੀਲਿੰਗ ਨਾਲ ਕੋਈ ਲੈਣ ਦੇਣ ਨੀ ਹੁੰਦਾ ਸੀ ।ਜਾਂ ਤਾਂ ਉਹ ਛਾਣ ਬੂਰਾ ਵੇਚ ਵੇਚ ਕੇ ਖਰੀਦੇ ਕੱਚ ਦੇ ਗਲਾਸਾਂ ਦੀ ਗਿਣਤੀ ਕਰਦੀ ਰਹਿੰਦੀ ਸੀ,ਜਿਹੜੀ ਕਦੇ ਪੂਰੀ ਹੋਈ ਨੀ ਸੀ ।
ਹਰ ਬਾਰ ਇੱਕ ਅੱਧਾ ਗਲਾਸ ਟੁੱਟਿਆ ਹੁੰਦਾ ਸੀ।

ਜਾਂ ਇੱਕ ਬਾਰ lux ਦਾ ਸਾਬਣ ਲਿਆ ਕੇ ਦੂਜੀ ਬਾਰੀਂ ਨੂੰ ਕਹਿੰਦੀ..ਇਹ ਚਾਕੀ ਬਹੁਤ ਘੱਸਦੀ ਆ ਡੰਡੇ ਮਾਰਕਾ ਨਾਲ ਹੀ ਮੂੰਹ ਸਿਰ ਧੋਵੋ…ਨਾਲੇ ਵਾਲ ਵਧੀਆ ਨਿਖਰਦੇ ਆ ਅਸੀਂ ਫਿਰ ਪੈੰਡੂ ਜਿਹੇ ਫੀਲ ਕਰਨਾ ।

ਬੜੀ ਬਗਾਵਤ ਕਰਨ ਮਗਰੋਂ ਘਰ ਵਿੱਚ ਕੇਸ ਨਿਖਾਰ ਅਤੇ ਨਾਰੀਅਲ ਪੈਰਾਸ਼ੂਟ ਦਾ ਤੇਲ ਆਇਆ ।ਫਿਰ ਡਾਬਰ ਆਂਵਲਾ ਕੇਸ਼ ਤੇਲ।

ਟੀ ਵੀ ਦੀਆਂ ਮਸ਼ਹੂਰੀਆਂ ਨੇ ਨਵਾਂ ਜਮਾਨਾ ਪਿੰਡ ਦੇ ਘਰਾਂ ਚ ਲਿਆ ਦਿੱਤਾ ਸੀ ।

ਘਰ ਟੀ ਵੀ ਕੀ ਆਇਆ … ਮੁਸੀਬਤ ਆ ਗਈ ਬਸ …ਜਦ ਕਦੇ ਦੂਰਦਰਸ਼ਨ ਦੇ ਪ੍ਰੋਗਰਾਮ ਜਦ ਝੌਲੇ ਜਿਹੇ ਹੋਣੇ…ਮੈਂ ਭੱਜ ਕੇ ਜਾ ਕੇ ਏਰੀਅਲ ਨੂੰ ਘੁੰਮਾਉਣਾ…ਚਾਅ ਵਿੱਚ …ਕਿ ਸਾਡੇ ਘਰ ਟੀ ਵੀ ਆ “ਫੁੱਕਰੇ ਪਨ ਦੀ ਫੀਲਿੰਗ”

ਜਦ ਮੈਂ ਦੌੜ ਕੇ ਪੌੜੀਆਂ ਚੜਨੀਆਂ ਬਾਪ ਦਾ ਦਿਲ ਨਾਲੇ ਬਾਹਰ ਨੂੰ ਆ ਜਾਣਾ….ਅਖੇ ਤੂੰ ਜੋਰ ਨਾਲ ਏਰੀਅਲ ਘੁੰਮਾ ਦਿੰਦੀ ਆ…ਜੇ ਟੁੱਟ ਗਿਆ । ਮੈਂ ਨਹੀਓਂ ਨਵਾਂ ਟੀ ਵੀ ਖਰੀਦਣਾ।
ਬਾਪ ਨੂੰ ਨੁਕਸਾਨ ਦਾ ਡਰ ਰਹਿਣਾ,ਸਾਡਾ ਵਿਕਰਮ ਬੈਤਾਲ ਹਵਾ ਦੇ ਝੋਂਕੇ ਨਾਲ ਹਿੱਲ ਜਾਂਦਾ ਸੀ ਸਾਡੀ ਉਹ ਜਾਨ ਕੱਢਦਾ ਹੁੰਦਾ ਸੀ।

ਬਾਪ ਦਾ ਬੱਸ ਚੱਲਦਾ ਤਾਂ ਕਹਿੰਦਾ.. ਬੰਦ ਟੀ ਵੀ ਦੇ ਮੂਹਰੇ ਬੈਠ ਕੇ ਫੀਲਿੰਗ ਲਵੋ ਕਿ ਟੀ ਵੀ ਚੱਲਦਾ ਹੈਗਾ।

ਜਿਸ ਦਿਨ ਸਾਡੇ ਘਰ ਟੀ ਵੀ ਆਇਆ ਸੀ ..ਓ ਏ ਹੋਏ…ਮੇਰੇ ਬਾਪ ਦਾ ਮੂੰਹ ਦੇਖਣ ਵਾਲਾ ਸੀ….ਗੁੱਸੇ ਚ ਲਾਲ ਪੀਲਾ ਸੀ…ਅਖੇ…ਹੁਣ ਗਈਆਂ ਤੁਹਾਡੀਆਂ ਪੜਾਈਆਂ…ਖਰਚਾ ਵਾਧੂ ਦਾ।

ਅੈਤਵਾਰ ਨੂੰ ਥੋੜੀ ਥੋੜੀ ਦੇਰ ਮਗਰੋਂ ਸਾਨੂੰ ਅੈਵੇਂ ਕਹੀ ਜਾਣਾ…ਓ ਏ… ਟੀ ਵੀ ਬੰਦ ਕਰ ਦਿਉ ਬਿਜਲੀ ਦਾ ਬਿੱਲ ਬਹੁਤ ਆਉਣਾ…ਹੈਂ ਲੈ ਦੱਸ ਭਲਾ ।
ਬੈਸੇ ਪਿਉ ਇੱਦਾਂ ਦੇ ਕਾਹਤੇ ਹੁੰਦੇ ਆ ਕੰਜੂਸ ਜਿਹੇ।

ਜਦ ਘਰ ਵਿੱਚ ਫਰਿਜ ਆਈ …ਪੁੱਛੋ ਨਾ…..ਪਹਿਲਾਂ ਤਾਂ ਦੋ ਦਿਨ ਲੰਗੇ ਡੰਗ ਬੱਤੀ ਆਈ ,ਉਹ ਦੋ ਦਿਨ ਅਸੀਂ ਤਾਂ ਫਰਿਜ ਦੀ ਜੱਗਦੀ ਬੁੱਝਦੀ ਬੱਤੀ ਦੇਖ ਦੇਖ ਖੁਸ਼ ਹੁੰਦੇ ਰਹੇ ,ਕਿ ਕਮਾਲ ਹੈ ਦਰਵਾਜਾ ਖੋਲਣ ਤੇ ਆਪੇ ਬੱਤੀ ਜੱਗ ਪੈਂਦੀ ਆ।

ਜੇ ਕੀਤੇ ਬੱਤੀ ਆਈ ਆਈ ਹੁੰਦੀ ਸੀ.. ..ਸਿਵਾਏ ਪਾਣੀ ਦੀਆਂ ਬੋਤਲਾਂ ਤੋਂ ਦੂਜੀ ਕੋਈ ਸ਼ੈ ਈ ਨਈ ਸੀ ਫਰਿਜ ਵਿੱਚ ਰੱਖਣ ਨੂੰ ਹੁੰਦੀ।

ਪਾਣੀ ਵੀ…ਬਾਪ ਦੀਆਂ ਰੰਮ ਤੇ ਬਰਾਂਡੀ ਦੀਆਂ ਖਾਲੀ ਬੋਤਲਾਂ ਵਿੱਚ ਭਰ ਭਰ ਰੱਖਿਆ ਹੁੰਦਾ ਸੀ।

ਮਾਂ ਨੂੰ ਕਹਿਣਾ ਆਟਾ ਘੁੰਨ ਕੇ ਸਬਜੀ ਬਣਾ ਕੇ ਰੱਖ ਦਿਆ ਕਰੋ ਫਰਿਜ ਵਿੱਚ ਦੂਜੇ ਦਿਨ ਤੱਕ ਚੀਜ ਖਰਾਬ ਨੀ ਹੁੰਦੀ।

ਮਾਂ ਸ਼ੈਦ ਫਰਿਜ ਤੇ ਬੋਝ ਨੀ ਪਾਉਣਾ ਚਾਹੁੰਦੀ ਸੀ,ਬਸ ਪਾਣੀ ਭਰ ਭਰ ਰੱਖੀ ਜਾਣਾ। ਇੱਕ ਦਿਨ ਮੇਰਾ ਗੁੱਸੇ ਵਿੱਚ ਦਿਲ ਕੀਤਾ ਕਿ ਮਾਂ ਨੂੰ ਕਹਾਂ ਫਰਿਜ ਚ ਨਲਕਾ ਲਵਾ ਦੇ ਬੋਤਲਾਂ ਭਰ ਭਰ ਰੱਖਣ ਨਾਲੋਂ ।

ਮੇਰੇ ਨਾਨਕੇ ਲੁਧਿਆਣੇ ਆ…ਜਦ ਉਨਾਂ ਦੇ ਜਾਣਾ…ਫਰਿਜ ਚ ਕਦੇ ਫਰੂਟ ਹੋਣਾ..ਕਦੇ ਮਿਠਾਈ ਦੇ ਡੱਬੇ…ਦਾਲ ਸਬਜੀ ..ਤਾਜੀਆਂ ਸਬਜੀਆਂ ਹੋਣੀਆਂ ਜਾਣੀ ਫਰਿਜ ਫਰਿਜ ਵਰਗੀ ਲੱਗਦੀ ਸੀ।ਉਧਰੋਂ ਸਾਡੇ ਪਿੰਡਾਂ ਵਾਲਿਆਂ ਦੇ ਘਰ ਬਾਪ ਦੀਆਂ ਰੰਗ ਬਰੰਗੀਆਂ ਕੰਟੀਨ ਦੀਆਂ ਰੰਮ ਤੇ ਬਰਾਂਡੀ ਦੀਆਂ ਪਾਣੀ ਨਾਲ ਭਰੀਆਂ ਬੋਤਲਾ , ਤੋਂ ਸਿਵਾਏ ਕੁਝ ਨੀ ਜਾਂ ਉਪਰਲੇ ਖਾਨੇ ਚ ਬਰਫ ਜੰਮੀ ਹੋਣੀ ।

ਉਧਰੋਂ….ਬਾਪ ਨੇ ਦੂਜੇ ਕੁ ਦਿਨ ਫੌਜੀਆਂ ਵਾਲੀ ਗਾਲ ਕੱਢ ਕੇ ਮਾਂ ਨੂੰ ਕਹਿਣਾ ਮੇਰਾ ਪੰਜ ਹਜਾਰ ਖੂਹ ਵਿੱਚ ਸੁੱਟ ਦਿੱਤਾ…ਹੁਣ ਫਰਿਜ ਵਿੱਚ ਕੁਝ ਰੱਖਦੀ ਕਾਸਤੋਂ ਨੀ ।

ਮਾਂ ਨੇ ਸਗੋਂ ਜਿੱਦ ਚ ਆ ਕੇ ਦੁੱਧ ਨੂੰ ਉਬਾਲ ਕੇ ਪਰਾਂਤ ਚ ਪਾਣੀ ਪਾ ਕੇ ਸਾਰੀ ਰਾਤ ਠੰਢਾ ਹੋਣ ਨੂੰ ਰੱਖਣਾ ।

ਅਖੇ ਲਾ ਲੈ ਜੋਰ
ਵਜਾ ਲੈ ਢੋਲ
ਲੈ ਆ ਥਾਣਾ
ਬਹਿ ਜਾ ਕੋਲ..

ਇੱਕ ਦਿਨ ਮਾਂ ਨੇ ਕਸਟਡ ਬਣਾ ਕੇ ਜਮਾਉਣ ਨੂੰ ਕੀ ਰੱਖ ਦਿੱਤਾ….ਅਸੀਂ ਬੇਸਬਰੇ ਥੋੜ੍ਹੀ ਥੋੜ੍ਹੀ ਦੇਰ ਮਗਰੋਂ ਫਰਿਜ ਖੋਲ ਖੋਲ ਦੇਖੀਏ ਕਿ ਕਸਟਡ ਜੰਮਿਆ ਕੇ ਹਾਲੇ ਨਹੀਂ ।

ਉਧਰੋਂ ਬਾਪ ….ਸਾਨੂੰ ਉੱਡ ਉੱਡ ਪਵੇ ਕਿ ਪੰਜ ਹਜਾਰ ਲਾਇਆ ਏਦੇ ਤੇ…ਤੁਸੀਂ ਖੋਲੀ ਕਦੇ ਬੰਦ ਕਰੀ ਜਾਂਦੇ ਹੋ ਜੇ ਬੱਤੀ ਖਰਾਬ ਹੋ ਗਈ …ਫਿਰ ਕੀ ਕਰਾਂਗੇ? ਹੈਂ ਲੈ ਦੱਸ …ਅਮੀਰਾਂ ਵਾਲੀ ਫੀਲਿੰਗ ਝੱਟ ਖਤਮ ਹੋ ਜਾਂਦੀ ਸੀ।

ਗੱਲ ਕੋਕਾ ਕੋਲੇ ਦੀ ਆ ।

ਸਾਡੇ ਪਿੰਡਾ ਵਾਲਿਆਂ ਦੇ ਜਦ ਬਲੈਤੀਏ ਆਉੰਦੇ ਸੀ ਸਰਦੀਆਂ ਚ ਵੀ ਕੋਕਾ ਕੋਲਾ ਪੀਂਦੇ ਸੀ ਤੇ ਘਰ ਵਿੱਚ ਡਾਲੇ ਦੇ ਡਾਲੇ ਕੋਕਾ ਕੋਲੇ ਦੇ ਆਉੰਦੇ ਸੀ।
ਕਮਾਲ ਦੇ ਹੁੰਦੇ ਸੀ ਬਲੈਤੀਏ…ਸਾਡਾ ਸਰਦੀਆਂ ਵੇਲੇ ਨੱਕ ਵੱਗਣੋਂ ਨਾ ਹੱਟਣਾ…ਉਹ ਠੰਡਾ ਕੋਲਾ ਪੀਂਦੇ ਸੀ ।

ਸਾਡੇ ਆਮ ਘਰ ਚ’ ਜਾਂ ਤਾਂ ਕੱਚੀ ਲੱਸੀ ਚ ਸ਼ੱਕਰ ਘੋਲ ਕੇ ਬਣਾਉਂਦੇ ਸੀ….ਜਾਂ ਮਿੱਠੀ ਸ਼ਕੰਜ਼ਮੀ ਬਣਦੀ ਸੀ।

ਕੋਕਾ ਕੋਲਾ ਤਾਂ ਉਦਾ਼ ਕਦੇ ਆਇਆ ਹੀ ਨਹੀਂ ਸੀ ।
ਜਾਂ ਕਦੇ ,ਗੋਲੀ ਵਾਲਾ ਬੱਤਾ ਜਿਹੜਾ ਸਸਤਾ…ਜਿਹਾ ਆ ਜਾਂਦਾ ਸੀ।

ਜੇ ਕਦੇ ਆਏ ਗਏ ਤੋਂ Limca ਘਰ ਆਉਣਾ…ਫਿਰ ਕੋਸ਼ਿਸ਼ ਹੋਣੀ ਕਿ ਦੋ ਘੁੱਟ ਵਿੱਚੋਂ ਆਪ ਵੀ ਪੀ ਲਈਏ ।

ਇੱਕ ਸਾਡਾ ਰਿਸ਼ਤੇਦਾਰ ਦੂਰ ਦਾ ਸੀ..ਪਰ ਸੀ ਸ਼ਹਿਰੀਆ..ਮੈਨੂੰ ਉਹ ਪਸੰਦ ਨਹੀਂ ਸੀ..ਕਿਉਂਕਿ ਕਿ ਉਹ ਸਾਡੇ ਕੋਲ ਆ ਕੇ ਸ਼ਹਿਰੀ ਪੂਣਾ ਬਹੁਤ ਦਿਖਾਉਂਦਾ ਸੀ।

ਉਹ ਚੱਪਲਾ ਘੜੀਸ ਕੇ ਤੁਰਦਾ ਸੀ। ਮੈਂ ਉਹਦਾ ਨਾਂ ਚੱਪਲਾਂ ਘੜੀਸ ਰੱਖਿਆ ਸੀ।
ਇੱਕ ਦਿਨ ਸਿੱਖਰ ਦੁਪਿਹਰੇ ਚੱਪਲਾਂ ਘੜੀਸਦਾ ਪਿੰਡ ਆ ਗਿਆ।
ਹੁਣ ਖਾਤਰਦਾਰੀ ਤਾਂ ਕਰਨੀ ਸੀ।
ਮਾਂ ਨੇ ਛੋਟੇ ਨੂੰ ਮੁੱਲਖੇ ਦੀ ਦੁਕਾਨ ਤੇ ਭੇਜਿਆ ..ਕਿ ਜਾਹ ਜਾ ਕੇ Limca ਲੈ ਆ।

ਜਦ Limca ਰਸੋਈ ਚ ਆਇਆ ਮੈਂ ਛੋਟੇ ਨੂੰ ਕਿਹਾ…ਮੈਂ ਆਪੇ ਗਲਾਸ ਚ ਪਾ ਕੇ ਚੱਪਲਾਂ ਘੜੀਸ ਨੂੰ Limca ਕਮਰੇ ਚ ਫੜਾ ਆਉਂਦੀ ਆਂ ।
ਮੇਰੀ ਸਕੀਮ ਨੂੰ ਵਿਚਕਾਰਲਾ ਭਰਾ ਸਮਝ ਗਿਆ।
ਅਸੀਂ ਤਿੰਨੇ limce ਦੀ ਬੋਤਲ ਦੇ ਆਲ ਦੁਆਲ ਬਹਿ ਗਏ।

ਫਿਰ ਕੀ ਸੀ…ਇੱਕ ਸੀ Limca ਅਸੀਂ ਸੀ ਚਾਰ….ਦੋ ਭਰਾ ਇੱਕ ਮੈਂ …ਇੱਕ ਚੱਪਲਾਂ ਘੜੀਸ…ਮੈਂ ਚਾਰ ਗਲਾਸਾਂ ਚ limca ਬਰਾਬਰ ਬਰਾਬਰ ਪਾ ਕੇ…ਚੱਪਲਾਂ ਘੜੀਸ ਦੇ ਗਲਾਸ ਚ ਬਾਕੀ ਦਾ ਪਾਣੀ ਪਾ ਕੇ ਗਲਾਸ ਉਪਰ ਤੱਕ ਭਰ ਕੇ ਮੇਜ਼ ਤੇ ਰੱਖ ਦਿੱਤਾ…ਬਾਕੀ ਦਾ ਹਿੱਸੇ ਆਇਆ Limca ਗਲਾਸਾਂ ਚ ਪਾ ਪਾ ਅਸੀਂ ਪੀ ਕੇ ਟੀ ਵੀ ਦੀ ਮਸ਼ਹੂਰੀ ਵਾਲੀ ਫੀਲਿੰਗ ਲਈ ।

ਕੋਕਾ ਕੋਲਾ….ਪੀਣ ਲਈ ਬੜਾ ਸੰਘਰਸ਼ ਕਰਨਾ ਪੈਂਦਾ ਸੀ। ਜੇ ਕੀਤੇ ਕੋਕਾ ਕੋਲਾ ਆ ਜਾਣਾ ….ਓ ਏ ਹੋਏ …ਲੜ ਲੜ ਮਰ ਜਾਣਾ ਕਿ ਦੂਜਾ ਜਣਾ ..ਘੁੱਟ ਜਿਆਦਾ ਨਾ ਭਰ ਲਵੇ।

ਮੈਂ ਤਾਂ ਇੱਕ ਬਾਰ ਆਪਣੇ ਭਰਾ ਦੇ ਗਲ ਤੇ ਮੁੱਕੀਆਂ ਵੀ ਮਾਰੀਆਂ ਸੀ ਕਿ ਇੱਕ ਦੀ ਬਜਾਏ ਦੋ ਘੁੱਟ ਭਰੇ ਇਹਨੇ।
ਜਿਹੜੇ ਮੇਰੇ ਬਾਅਦ ਵਿੱਚ ਮਾਂ ਤੋਂ ਮੁੱਕੇ ਵੱਜੇ ਉਹਦਾ ਹਿਸਾਬ ਕੋਈ ਨੀ ।
ਮਾਂ ਕੱਚ ਦੇ ਗਲਾਸਾਂ ਨੂੰ ਹੱਥ ਨੀ ਲਾਉਣ ਦਿੰਦੀ ਸੀ… ਕਿਉਂਕਿ ਉਹਨੇ ਮਸੀਂ ਛੇ ਗਲਾਸਾਂ ਦੀ ਜੋੜੀ ਜੋੜ ਕੇ ਆਏ ਗਏ ਲਈ ਰੱਖੇ ਹੁੰਦੇ ਸੀ।

ਜਦ ਕਦੇ ਮਾਂ ਨੇ ਖੱਪ ਕੇ ਕਹਿਣਾ …ਲਿਆ ਵੋ ਮੈਨੂੰ ਕੋਕੇ ਕੋਲੇ ਦੀ ਬੋਤਲ ਫੜਾਵੋ..ਮੈਂ ਬਰਾਬਰ ਦਾ ਵੰਡ ਦੀਂ ਆਂ….ਮੇਰੇ ਵਰਗੀ ਨੇ ਬਾਟੀ ਚੁੱਕ ਲਿਆਉਣੀ ,ਕਿ ਉਸ ਵਿੱਚ ਜਿਆਦਾ ਕੋਕਾ ਕੋਲਾ ਪਉਗਾ….ਫਿਰ ਕਾਲਾ ਲੂਣ ਪਾ ਪਾ ਬਾਟੀ ਚੋਂ ਕੋਲਾ ਇੱਦਾਂ ਪੀਣਾ ਜਿੱਦਾਂ ਗੁੜ ਵਾਲੀ ਚਾਹ ਦੇ ਸੂੜਕੇ ਮਾਰ ਮਾਰ ਪੀ ਦਾ ਸੀ ।
ਪੈਂਡੂ …ਪਰ ਫੀਲਿੰਗ ਬੌਲੀਬੁੱਡ ਦੇ ਸੁਪਰ ਸਟਾਰਾਂ ਵਰਗੀ ਜਾਂ
ਬਲੈਤੀਏ ਹੋਣ ਵਰਗੀ।

ਕਈ ਬਾਰ ਤਾਂ ਲੱਸੀ ਵਾਂਗੂੰ ..ਕੋਕੇ ਕੋਲੇ ਦਾ …ਗਟਾ-ਗੱਟ..-ਘੁੱਟ ਭਰ ਲੈਣਾ।
ਉਹ ਦੇ ਵਿਚਲੀ ਗੈਸ ਸਿੱਧੀ ਹਿੱਕ ਚ ਵੱਜਦੀ ਫਿਰ ਨੱਕ ਨੂੰ ਚੜਨੀ ਫਿਰ ਹੀਰੋਸ਼ੀਮਾ ਤੇ ਅਟੈਕ ਦੀ ਤਰਾਂ ਠਾਹ ਕਰਕੇ ਦਿਮਾਗ ਚ ਵੱਜਣੀ….ਅੱਖਾਂ ਚ ਹੰਝੂ ਕਢਾ ਛੱਡਣੇ…..ਜਿੱਦਾਂ ਕਿਤੇ ਮਰਨੋ ਬਚੇ ਹੋਣਾ ।

ਕਹਿਣ ਨੂੰ ਉਦਾਂ ਕੋਕਾ ਕੋਲਾ ਹੋਣਾ ।

ਫੀਲਿੰਗ ਦੀ ਗੱਲ ਆ…..ਉਹ ਦਿਨ ਸੋਹਣੇ ਸੀ ਤਰਸ ਤਰਸ ਕੇ ਹਾੜੇ ਕੱਢ ਕੱਢ ਚੀਜਾਂ ਮਿਲਦੀਆਂ ਸਨ ਪਰ ਕਦਰ ਅਤੇ ਸਕੂਨ ਸੀ।
ਹੁਣ ਸਭ ਕੁਝ ਹੈ ਦੁਨੀਆਂ ਦੀ ਹਰ ਨਵੀ ਤੋਂ ਨਵੀ ਸ਼ੈ ਖਰੀਦਣ ਦੀ ਹੈਸੀਅਤ ਵੀ ਰੱਖਦੇ ਹਾਂ …ਉਸਨੂੰ ਵਰਤਣ ਦੀ ਸੋਝ ਵੀ ਆ ਪਰ …ਉਹ ਚਾਅ ਉਹ ਖਿੱਚ ਨਹੀਂ ਹੈਗੀ।ਜਿਹੜੇ ਚਾਅ ਜਿਹੜੀ ਫੀਲਿੰਗ ਸਾਦੇ ਜੀਵਣ ਵਿੱਚ ਸੀ ਪਿੰਡ ਦੇ ਮਹੌਲ ਵਿੱਚ ਸੀ।

ਅੰਜੂਜੀਤ ਸ਼ਰਮਾ ਜਰਮਨੀ 

Anjujeet Sharma Germany

You may also like