ਨਾਇਕੀ ਦੇ ਮਾਲਕ ਬਿੱਲ ਬਾਉਰਮੈਨ ਦੀ ਮਿਹਨਤ ਤੇ ਸਫਲਤਾ ਦੀ ਕਹਾਣੀ

by admin

ਬਿੱਲ ਬਾਉਰਮੈਨ ਇਕ ਹਾਈ ਸਕੂਲ ਵਿਚ ਬਾਇਓਲੌਜੀ ਪੜ੍ਹਾਉਂਦਾ ਇਕ ਵੱਡਾ ਸੁਪਨਾ ਸਿਰਜ ਬੈਠਾ | ਉਹ ਫੁਟਬਾਲ ਨੂੰ ਜਨੂੰਨ ਦੀ ਹੱਦ ਤਕ ਪਿਆਰ ਕਰਦਾ ਸੀ | ਫੁਟਬਾਲ ਖੇਡਦੇ -੨ ਉਸਦੇ ਮਨ ਵਿੱਚ ਖਿਡਾਰੀਆਂ ਦੀ ਕਰਗੁਜ਼ਾਰੀ ਨੂੰ ਸੁਧਾਰਨ ਦਾ ਖਿਆਲ ਆਇਆ | ਉਸਨੇ ਤਜਰਬੇ ਅਰੰਭ ਕਰ ਦਿੱਤੇ | ਉਸਨੇ ਖੋਜਿਆ ਕਿ ਜੇਕਰ ਬੂਟਾਂ ਦਾ ਭਾਰ ਇਕ ਔਂਸ ਵੀ ਘਟਾਇਆ ਜਾ ਸਕੇ ਤਾਂ ਇਕ ਮੀਲ ਦੀ ਦੌੜ ਵਿੱਚ ਕੁੱਲ ਜ਼ੋਰ ਦਾ ਤਕਰੀਬਨ 200 ਫੀਸਦੀ ਘੱਟ ਜ਼ੋਰ ਲੱਗੇਗਾ , ਯਾਨਿ ਬੂਟਾਂ ਦਾ ਭਾਰ ਘਟਾਉਣ ਨਾਲ ਦੌੜਨ ਵੇਲੇ ਖਿਡਾਰੀ ਦਾ ਜ਼ੋਰ ਵੀ ਘੱਟ ਲੱਗੇਗਾ | ਉਹ ਆਪਣੀ ਖੋਜ ਨੂੰ ਲੈਕੇ ਬੂਟ ਕੰਪਨੀਆਂ ਦੇ ਦਰ ਖੜਕਾਉਣ ਲੱਗਾ ਪਰ ਉਸਨੂੰ ਕਿਤੋਂ ਵੀ ਹੁੰਗਾਰਾ ਨਾ ਮਿਲਿਆ | ਉਸਨੇ ਬਿਨਾ ਥਿੜਕੇ ਆਪਣੀ ਨਜ਼ਰ ਮੰਜ਼ਿਲ ਤੇ ਰੱਖੀ | ਸਾਧਾਰਨ ਲੋਕ ਅਕਸਰ ਆਪਣੇ ਟੀਚੇ ਬਦਲ ਲੈਂਦੇ ਹਨ | ਜਿਹਨਾਂ ਲੋਕਾਂ ਵਿੱਚ ਸਵੈ ਭਰੋਸੇ ਦੀ ਘਾਟ ਹੁੰਦੀ ਹੈ, ਉਹ ਆਪਣੇ ਫੈਸਲਿਆਂ ਤੇ ਕਾਇਮ ਨਹੀਂ ਰਹਿੰਦੇ |

ਬਿੱਲ ਨੂੰ ਪਤਾ ਸੀ ਕਿ ਡਿੱਗ ਡਿੱਗ ਕੇ ਹੀ ਸਵਾਰ ਬਣਦੇ ਹਨ | ਵਾਰ ਵਾਰ ਹਾਰਨ ਨਾਲ ਹਾਸਲ ਕਿਤੇ ਤਜਰਬੇ ਤੋਂ ਬਾਦ ਜਿੱਤ ਹਾਸਲ ਹੁੰਦੀ ਹੈ | ਬਿੱਲ ਇਕਾਗਰਤਾ ਨਾਲ ਆਪਣੇ ਮਿਸ਼ਨ ਵਿੱਚ ਲੱਗਾ ਰਿਹਾ | ਉਸਨੇ ਹਲਕੇ ਤਲੇ ਦੀ ਖੋਜ ਕੀਤੀ , ਜਿਹੜਾ ਕਿ ਪਹਿਲੇ ਬੂਟਾਂ ਦੇ ਤਲੇ ਦੇ ਮੁਕਾਬਲੇ ਕਿਤੇ ਹਲਕਾ ਸੀ ਤੇ ਉਸਦੀ ਪਕੜ ਵੀ ਬਿਹਤਰ ਸੀ |

ਬਿੱਲ ਬਾਉਰਮੈਨ ਆਪਣੀ ਨਵੀਂ ਖੋਜ ਲੈ ਕੇ ਬੂਟ ਉਤਪਾਦਕਾਂ ਕੋਲ ਗਿਆ ਪਰ ਕਿਸੇ ਨੇ ਉਸਦੀ ਬਾਂਹ ਨਾ ਫੜੀ |ਉਹ ਹਾਰਨ ਵਾਲੀ ਮਿੱਟੀ ਦਾ ਨਹੀਂ ਬਣਿਆ ਸੀ | ਉਸਨੇ ਆਪਣੀ ਥੋੜੀ ਬਹੁਤੀ ਪੂੰਜੀ ਇਕਠੀ ਕੀਤੀ , ਖੁਦ ਬੂਟ ਉਤਪਾਦਕ ਬਣ ਗਿਆ | ਉਸਨੇ ਬਹੁਤ ਮਿਹਨਤ ਕੀਤੀ | ਬੜੇ ਸਬਰ ਅਤੇ ਸੰਤੋਖ ਨਾਲ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਦਾ ਮੁਕਾਬਲਾ ਕੀਤਾ | ਇਕ ਅਥਲੀਟ ਫਿੱਲ ਨਾਈਟ ਦਾ ਉਸਨੂੰ ਸਾਥ ਮਿਲ ਗਿਆ | ਦੋਵਾਂ ਨੇ ਰਲ ਕਿ ਨਾਇਕੀ ਵਰਗੇ ਬ੍ਰਾਂਡ ਨੂੰ ਆਰੰਬ ਕੀਤਾ ਅਤੇ ਵੇਖਦੇ ਹੀ ਵੇਖਦੇ ਨਾਇਕੀ ਸਾਰੀ ਦੁਨੀਆ ‘ਤੇ ਛਾ ਗਿਆ |

ਨਾਇਕੀ ਦੀ ਸਫਲਤਾ ਤੋਂ ਬਾਦ ਬਿੱਲ ਦੇ ਹੌਸਲੇ ਸੱਤ ਅਸਮਾਨ ਤੇ ਪਹੁੰਚ ਗਏ | ਉਸਨੇ ਇਕ ਹੋਰ ਤਜਰਬਾ ਕੀਤਾ , ਲਿਖਾਰੀ ਬਣਨ ਦਾ | ਉਸਨੇ ‘ ਜੌਗਿੰਗ ‘ ਨਾਂ ਦੀ ਪੁਸਤਕ ਲਿਖੀ , ਜਿਸ ਦੀਆ ਕਰੋੜਾਂ ਕਾਪੀਆਂ ਵਿਕੀਆਂ| ਸਵੇਰ ਦੀ ਸੈਰ ਅਤੇ ਦੌੜ ਲਈ ਜੋ ਜੌਗਿੰਗ ਸ਼ਬਦ ਵਰਤਿਆ ਜਾਂਦਾ ਹੈ , ਉਹ ਬਿੱਲ ਦੀ ਇਸ ਕਿਤਾਬ ਤੋਂ ਬਾਅਦ ਹੀ ਦੁਨੀਆ ਵਿੱਚ ਪ੍ਰਚਲਿਤ ਹੋਇਆ | ਉਸਦੀ ਕਿਤਾਬ ਨੇ ਸਮੁਚੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ | ਅਮਰੀਕਾ ਦੇ ਇਤਿਹਾਸ ਵਿੱਚ ਟਰੈਕ ਤੇ ਫੀਲਡ ਦੇ ਮਹਾਨ ਕੋਚ ਵਜੋਂ ਉਸਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ |

ਬਿੱਲ ਦੀ ਉਕਤ ਕਹਾਣੀ ਤੋਂ ਸਪਸ਼ਟ ਹੈ ਕਿ ਦੌਲਤ ਅਤੇ ਸ਼ੋਹਰਤ ਪ੍ਰਾਪਤ ਕਰਨ ਲਈ ਕੋਈ ਸਫਲਤਾ ਦਾ ਛੂ ਮੰਤਰ ਨਹੀਂ ਸਗੋਂ ਲਗਾਤਾਰ ਮਿਹਨਤ ਕਰਦੇ ਰਹਿਣ ਨਾਲ ਹੀ ਸ਼ਕਤੀ ਦਾ ਇਕ ਸੋਮਾ ਫੁਟਦਾ ਹੈ ਜੋ ਸਾਨੂੰ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ |

ਪੁਸਤਕ : ਜਿੱਤ ਦਾ ਮੰਤਰ
ਲੇਖਕ : ਡਾ. ਹਰਜਿੰਦਰ ਵਾਲੀਆ

You may also like