ਅਸੀ ਕਦੋ ਸਮਝਾਗੇ

by admin

ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਕੰਨੜ ਮੂਲ ਦੇ ਇਕ ਪੰਜਾਬੀ ਲੇਖਕ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਝੋੜਿਆ
ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ: ਪੰਡਿਤਰਾਓ ਧਰੈੱਨਵਰ
(ਕਿਰਪਾਲ ਸਿੰਘ): ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਇਹ ਸ਼ਬਦ ਅੱਜ ਇਥੇ ਟੀਚਰ’ਜ਼ ਹੋਮ ਵਿਖੇ ਪੰਜਾਬੀਨਿਊਜ਼ਔਨਲਾਈਨ.ਕਾਮ ਅਤੇ ਪੂਹਲਾ ਇਨਕ ਵਲੋਂ ਅਯੋਜਿਤ ਕੀਤੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਬੋਲਦਿਆਂ ਕੰਨੜ ਮੂਲ ਦੇ ਪੰਜਾਬੀ ਲੇਖਕ ਪੰਡਿਤਰਾਓ ਧਰੈੱਨਵਰ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਝੋੜਿਆਂ ਕਹੇ ਤੇ ਸਮਾਗਮ ਵਿੱਚ ਹਾਜਰੀਨ ਦੀਆਂ ਤਾੜੀਆਂ ਦੀ ਗੂੰਜ ਵਿੱਚ ਖੂਬ ਵਾਹ ਵਾਹ ਖੱਟੀ। ਉਨ੍ਹਾਂ ਕਿਹਾ ਮੈਂ ਅੱਠ ਸਾਲ ਪਹਿਲਾਂ ਪੰਜਾਬ ਵਿੱਚ ਆਇਆ ਸੀ ਤੇ ਪੰਜ ਸਾਲ ਪਹਿਲਾਂ ਪੰਜਾਬੀ ਸਿੱਖਣ ਦਾ ਵਿਸ਼ੇਸ਼ ਉਪਰਾਲਾ ਉਸ ਸਮੇਂ ਆਰੰਭਿਆ ਜਦੋਂ ਇੱਕ ਦਿਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਪਹੁੰਚਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਉਪ੍ਰੰਤ ਸਰੋਵਰ ਦੇ ਕੰਢੇ ਪ੍ਰਕਰਮਾਂ ਵਿੱਚ ਬੈਠ ਕੇ ਦੋ ਘੰਟੇ ਲਈ ਸ਼ਬਦ ਕੀਰਤਨ ਸੁਣਿਆ।

ਪੰਡਿਤਰਾਓ ਧਰੈੱਨਵਰ ਨੇ ਕਿਹਾ ਸਰੋਵਰ ਦੇ ਕੰਢੇ ਬੈਠ ਕੇ ਗੁਰੂ ਨਾਨਕ ਦੀ ਬਾਣੀ ਦੇ ਸ਼ਬਦ ਕੀਰਤਨ ਨੇ ਉਨ੍ਹਾਂ ਦੇ ਦਿਲ ਦਿਮਾਗ ਨੂੰ ਇਸ ਕਦਰ ਟੁੰਭਿਆ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਇਸ ਧਰਤੀ ’ਤੇ ਜੇ ਕਿਸੇ ਸਥਾਨ ’ਤੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ ਤਾਂ ਉਹ ਸ਼੍ਰੀ ਹਰਿਮੰਦਰ ਸਾਹਿਬ ਹੈ ਜਾਂ ਗੁਰੂ ਦੇ ਸ਼ਬਦ ਨੂੰ ਸੁਣ ਕੇ ਸਮਝਣ ਵਿੱਚ ਹੀ ਸ਼ਾਂਤੀ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਸ ਵਕਤ ਉਨ੍ਹਾਂ ਦੇ ਮਨ ਵਿੱਚ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪੜ੍ਹਨ ਸਮਝਣ ਦੀ ਜਗਿਆਸਾ ਉਪਜੀ ਜਿਸ ਲਈ ਪੰਜਾਬੀ ਸਿਖਣੀ ਉਨ੍ਹਾਂ ਦੀ ਜਰੂਰੀ ਲੋੜ ਬਣ ਗਈ। ਪੰਜਾਬੀ ਸਿੱਖਣ ਤੋਂ ਬਾਅਦ ਜਿਉਂ ਜਿਉਂ ਉਨ੍ਹਾਂ ਗੁਰਬਾਣੀ ਪੜ੍ਹੀ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਗੁਰਬਾਣੀ ਦਾ ਸੰਦੇਸ਼ ਆਪਣੇ ਸੂਬਾ ਵਾਸੀਆਂ ਤੱਕ ਪਹੁੰਚਾਉਣ ਲਈ ਇਸ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਵੇ। ਇਸ ਲਈ ਹੁਣ ਉਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਨੜ ਭਾਸ਼ਾ ਵਿੱਚ ਅਰਥਾਂ ਸਮੇਤ ਅਨੁਵਾਦ ਕਰਨ ਦੇ ਕੰਮ ਵਿੱਚ ਜੁਟੇ ਹੋਏ ਹਨ।

ਪੰਡਿਤਰਾਓ ਧਰੈੱਨਵਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਗੈਰ ਪੰਜਾਬੀਆਂ ਤੱਕ ਪਹੁੰਚਾਉਣ ਲਈ ਅਰੰਭੇ ਮਹਾਨ ਕਾਰਜ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਹੀ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਸੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਸਿੱਖ ਧਰਮ ਦੇ ਇਤਿਹਾਸ ਨੂੰ ਸਮਝਣ ਪਿਛੋਂ ਇਨਸਾਨ ਪਵਿੱਤਰ ਬਣ ਜਾਂਦਾ ਹੈ। ਮੈਂ ਤਾਂ ਗੁਰਮੁਖੀ ਨੂੰ ਸਿੱਖ ਕੇ ਹੀ ਪਵਿੱਤਰ ਹੋ ਗਿਆ ਹਾਂ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬੀਆਂ, ਜਿਨ੍ਹਾਂ ਦੀ ਮਾਂ ਬੋਲੀ ਹੀ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਹੈ ਤੇ ਜਿਨ੍ਹਾਂ ਪਾਸ ਗੁਰੂ ਗ੍ਰੰਥ ਸਾਹਿਬ ਵਰਗਾ ਅਥਾਹ ਕੀਮਤੀ ਖਜ਼ਾਨਾ ਹੈ, ਉਹ ਅਪਵਿੱਤਰਤਾ ਦੀਆਂ ਗੱਲਾਂ ਕਿਵੇਂ ਕਰ ਜਾਂਦੇ ਹਨ? ਉਨ੍ਹਾਂ ਬੜੀ ਦਲੇਰੀ ਨਾਲ ਕਿਹਾ ਕਿ ਪੰਜਾਬ ਵਿੱਚ ਮਲੀਨਤਾ ਵਧਣ ਦਾ ਮੁੱਖ ਕਾਰਣ ਇਹ ਹੈ ਕਿ ਪੰਜਾਬੀ ਮਾਤ ਭਾਸ਼ਾ ਦੀ ਸੇਵਾ ਕਰਨ ਦੇ ਦਾਅਵੇ ਕਰਨ ਵਾਲੇ ਹੀ ਇਸ ਪਵਿੱਤਰ ਬੋਲੀ ਨੂੰ ਅਪਵਿੱਤਰ ਤੇ ਮਲੀਨ ਕਰਨ ਦੇ ਮੁੱਖ ਜਿੰਮੇਵਾਰ ਹਨ ਤੇ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਟੋਕਣ ਦੀ ਥਾਂ ਮਾਂ ਬੋਲੀ ਦਾ ਨੁਕਸਾਨ ਕਰਨ ਵਾਲਿਆਂ ਨੂੰ ਹੀ ਸਟੇਜਾਂ ’ਤੇ ਵਡਿਆਇਆ ਤੇ ਸਨਮਾਨਤ ਕੀਤਾ ਜਾਂਦਾ ਹੈ।

ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਜਿਸ ਸਟੇਜ ’ਤੇ ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਤੇ ਉਨ੍ਹਾਂ ਨੂੰ ਵਡਿਆਇਆ ਜਾਂਦਾ ਹੋਵੇ, ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਇਹ ਕਹਿ ਕੇ ਉਨ੍ਹਾਂ ਬੜੀ ਜੁਰ੍ਹਤ ਨਾਲ ਉਨ੍ਹਾਂ ਨੂੰ ਦਿੱਤਾ ਗਿਆ ਸਨਮਾਨ ਚਿੰਨ੍ਹ ਵਾਪਸ ਕਰ ਦਿੱਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪੰਜਾਬੀ ਲੇਖਕ ਮੱਖਣ ਬਰਾੜ ਅਤੇ ਗਾਇਕ ਗੁਰਦਾਸ ਮਾਨ ਦਾ ਨਾਮ ਲੈ ਕੇ ਕਿਹਾ ਕਿ ਮੱਖਣ ਬਰਾੜ ਜੀ ਹੁਣੇ ਹੁਣੇ ਇਸ ਸਟੇਜ਼ ’ਤੇ ਮਾਂ ਬੋਲੀ ਤੇ ਦੇਸ਼ ਪਿਆਰ ਦੇ ਗੀਤ ਸੁਣਾ ਕੇ ਵਾਹ ਵਾਹ ਖੱਟ ਕੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਹਮੇਸ਼ਾਂ ਹੀ ਚੰਗੇ ਤੇ ਉਸਾਰੂ ਗੀਤ ਲਿਖਦੇ ਹਨ ਅਤੇ ਕਦੇ ਵੀ ਅਜੇਹੇ ਗੰਦੇ ਗੀਤ ਨਹੀਂ ਲਿਖਦੇ ਜਿਹੜੇ ਗੈਰ ਸਮਾਜੀ ਤੱਤਾਂ ਨੂੰ ਉਸ਼ਾਹਿਤ ਕਰਦੇ ਹੋਣ। ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਮੱਖਣ ਬਰਾੜ ਦਾ ਲਿਖਿਆ ਤੇ ਨਾਮਵਰ ਗਾਇਕ ਗੁਰਦਾਸ ਮਾਨ ਦਾ ਗਾਇਆ ਗੀਤ ਹੈ: ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’। ਉਨ੍ਹਾਂ ਪੁੱਛਿਆ ਕਿ ਕੀ ਇਸ ਗੀਤ ਦੇ ਬੋਲ ਸਮਾਜ ਸੁਧਾਰਕ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੇ ਪੰਜਾਬੀ ਇਹ ਦਾਅਵਾ ਕਰਦੇ ਹਨ ਕਿ ਗੁਰਮੁਖੀ ਗੁਰੂਆਂ ਦੇ ਮੁੱਖ ’ਚੋਂ ਨਿਕਲੀ ਭਾਸ਼ਾ ਹੈ, ਜਿਨ੍ਹਾਂ ਗੁਰਮੁਖੀ ਅੱਖਰਾਂ ਵਿੱਚ ਗੁਰਬਾਣੀ ਲਿਖੀ ਹੋਈ ਹੈ, ਉਨ੍ਹਾਂ ਹੀ ਗੁਰਮੁਖੀ ਅੱਖਰਾਂ ਵਿੱਚ ਸ਼ਰਾਬ ਪੀਣ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਲਿਖੇ ਗਏ ਹੋਣ ਜਿਨ੍ਹਾਂ ਨੂੰ ਸੁਣ ਕੇ ਸਾਰੇ ਪੰਜਾਬੀ ਸ਼ਰਾਬ ਪੀਣ ਨੂੰ ਜਾਇਜ਼ ਸਮਝਣ ਲੱਗ ਪੈਣ ਤਾਂ ਕੀ ਇਹ ਮਾਂ ਬੋਲੀ ਦਾ ਸਨਮਾਨ ਹੈ ਜਾਂ ਅਪਮਾਨ ਹੈ।

ਪੰਡਿਤਰਾਓ ਧਰੈੱਨਵਰ ਨੇ ਆਪਣੇ ਵਲੋਂ ਗੁਰਦਾਸ ਮਾਨ ਨੂੰ ਲਿਖੀ ਖੁੱਲੀ ਚਿੱਠੀ ਜਿਹੜੀ ‘‘ਸੇਧ ਦੇਣ ਵਾਲਾ ‘ਮਾਨ’ ਪਾ ਗਿਆ ਪੁੱਠੇ ਰਾਹ’’ ਸਿਰਲੇਖ ਹੇਠ ਸਪਤਾਹਿਕ ਅਖ਼ਬਾਰ ‘ਟਾਰਗੇਟ ਕਰਾਇਮ ਨਿਊਜ਼’ ਦੇ 3 ਦਸੰਬਰ 2011 ਅੰਕ ਵਿੱਚ ਛਪੀ ਸੀ ਪੜ੍ਹ ਕੇ ਸੁਣਾਈ। ਇਸ ਚਿੱਠੀ ਵਿੱਚ ਲਿਖਿਆ ਹੈ: ‘ਗੁਰਦਾਸ ਮਾਨ ਜੀ ਤੁਸੀਂ ਇੱਕ ਇਹੋ ਜਿਹੇ ਫਨਕਾਰ ਹੋ, ਜਿਸ ’ਤੇ ਸਤਗੁਰੂ ਦਾ ਵਰਦਾਨ ਜਨਮ ਤੋਂ ਹੀ ਹੋਇਆ ਹੈ। ਇਸੀ ਵਰਦਾਨ ਦੇ ਨਾਲ ਤੁਹਾਡਾ ਨਾਮ ਸਦੀਆਂ ਤੱਕ ਸਿਤਾਰਿਆਂ ਵਾਂਗ ਚਮਕਦਾ ਰਹੇਗਾ। ਤੁਹਾਡੀ ਕਲਮ ਤੋਂ ਨਿਕਲਣ ਵਾਲਾ ਹਰੇਕ ਸ਼ਬਦ, ਸ਼ਬਦ ਗੁਰੂ ਨੂੰ ਦਰਸਾਉਂਦਾ ਹੈ ਤੇ ਤੁਹਾਡੇ ਮੂੰਹ ਤੋਂ ਨਿਕਲਣ ਵਾਲੇ ਹਰੇਕ ਸ਼ਬਦ ਦਿਲ ਤੋਂ ਨਿਕਲਦੇ ਹਨ, ਉਸੇ ਮੂੰਹ ਤੋਂ ਇੱਕ ਸ਼ਬਦ ਨਿਕਲਿਆ ਹੈ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਬਹੁਤ ਦੁੱਖ ਤੇ ਅਪਮਾਨ ਦਿੰਦਾ ਹੈ। ਤੁਹਾਡੇ ਮੂੰਹ ਤੋਂ ਨਿਕਲਿਆ ਹੋਇਆ ਉਹ ਸ਼ਬਦ ਮੈਂ ਇੱਥੇ ਲਿਖਣਾ ਵੀ ਮਾਂ ਬੋਲੀ ਦਾ ਅਪਮਾਨ ਮੰਨਦਾ ਹਾਂ ਪਰ ਮੈਂ ਮਜ਼ਬੂਰ ਹਾਂ ਉਸ ਸ਼ਬਦ ਨੂੰ ਲਿਖਣ ਲਈ। ਤੁਹਾਡੇ ਇੱਕ ਮਸ਼ਹੂਰ ਗਾਣੇ: ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’ ਨੇ ਘਰਦੀ ਸ਼ਰਾਬ ਨੂੰ ਪੰਜਾਬੀ ਸਭਿਆਚਾਰ ਦਾ ਹਿੱਸਾ ਬਣਾ ਦਿੱਤਾ ਹੈ। ਤੁਹਾਡਾ ਇਹ ਗਾਣਾ ਸੁਣ ਕੇ ਬਹੁਤ ਸਾਰੇ ਪੰਜਾਬੀ ਘਰ ਦੀ ਸ਼ਰਾਬ ਪੀਣ ਨੂੰ ਕੋਈ ਪਾਪ ਨਹੀਂ ਮੰਨਦੇ। ਪਰ ਮਾਨ ਸਾਹਿਬ ਸ਼ਰਾਬ ਭਾਵੇਂ ਘਰ ਦੀ ਹੋਵੇ ਜਾਂ ਠੇਕੇ ਦੀ ਹੋਵੇ ਦੋਵੇਂ ਪੀਣ ਨਾਲ ਨਸ਼ਾ ਚੜ੍ਹਦਾ ਹੈ। ਇਸ ਲਈ ਤੁਸੀਂ ਆਪਣੇ ਉਸ ਗਾਣੇ ਦੇ ਸ਼ਬਦ ‘ਘਰ ਦੀ ਸ਼ਰਾਬ ਹੋਵੇ’ ‘ਦੂਜਾ ਪੈੱਗ ਲਾਵਾਂ, ਅੱਖਾਂ ਵਿੱਚ ਅੱਖਾਂ ਪਾਵਾਂ’, ‘ਪੈੱਗ ਲਾ ਕੇ ਤੇਰੀ ਬਾਂਹ ਫੜੀ’ ਆਪਣੇ ਗਾਣੇ ’ਚੋਂ ਹਟਾਓ ਤੇ ਸਰਵਜਨਕ ਰੂਪ ਵਿੱਚ ਪੰਜਾਬੀ ਮਾਂ ਬੋਲੀ ਤੋਂ ਮੁਆਫੀ ਮੰਗੋ। ਜੇ ਕਰ ਤੁਸੀਂ ਮੁਆਫੀ ਨਹੀਂ ਮੰਗੋਗੇ ਤਾਂ ਮੈਂ ਚੁੱਪ ਨਹੀਂ ਬੈਠ ਸਕਦਾ ਤੇ ਤੁਹਾਡੇ ਘਰ ਦੇ ਸਾਹਮਣੇ ਆ ਕੇ ਭੁੱਖ ਹੜਤਾਲ ’ਤੇ ਬੈਠ ਜਾਵਾਂਗਾ। ਅਖੀਰ ’ਤੇ ਉਨ੍ਹਾਂ ਲਿਖਿਆ ਕਿ ਮਾਨ ਸਾਹਿਬ ਮੈਂ ਤੁਹਾਡੇ ਪੰਜਾਬ ਵਿੱਚ ਮੁਸਾਫਿਰ ਬਣ ਕੇ ਆਇਆ ਹਾਂ ਤੁਹਾਨੂੰ ਮਿਲ ਕੇ ਤੁਹਾਡੇ ਖਿਲਾਫ ਸ਼ਿਕਾਇਤ ਕਰਨ ਦਾ ਮੌਕਾ ਦਿਓ ਜਾਂ ਨਾ ਦਿਓ ਪਰ ਸੱਚੇ ਪੰਜਾਬੀ ਸੇਵਕਾਂ ਨੂੰ ਖੁਸ਼ ਕਰਨ ਲਈ ਤਾਂ ਘੱਟੋ ਘੱਟ ਮੁਆਫੀ ਮੰਗੋ। ਉਨ੍ਹਾਂ ਨੇ ਬੜੇ ਭਾਵਕ ਸ਼ਬਦਾਂ ਵਿੱਚ ਕਿਹਾ ਹਾਂ ਮਾਨ ਸਾਹਿਬ! ਜਲਦੀ ਮੁਆਫੀ ਮੰਗਣਾ ਕਿਉਂਕਿ ਦਮ ਦਾ ਕੀ ਭਰੋਸਾ ਯਾਰ, ਦਮ ਆਵੇ ਜਾਂ ਨਾ ਆਵੇ, ਰੱਜ ਰੱਜ ਕੇ ਬੋਲ ਫਕੀਰਾ ਅਲਾ ਹੀ ਅੱਲਾ।

ਪੰਡਿਤਰਾਓ ਧਰੈੱਨਵਰ ਨੇ ਕਿਹਾ ਕਿ ਉਹ ਇਹ ਸ਼ਬਦ ਮੱਖਣ ਬਰਾੜ ਨੂੰ ਸੁਣਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਯੂਦ ਵੀ ਉਹ ਰੁਕੇ ਨਹੀਂ। ਉਨਾਂ ਕਿਹਾ ਜਿਸ ਸਟੇਜ ’ਤੇ ਪੰਜਾਬੀ ਮਾਂ ਬੋਲੀ ਨੂੰ ਅਪਮਾਨਤ ਕਰਨ ਵਾਲੇ ਅਜਿਹੇ ਲੇਖਕਾਂ ਅਤੇ ਗਾਇਕਾਂ ਨੂੰ ਵਡਿਆਇਆ ਜਾਂਦਾ ਹੋਵੇ ਉਸ ਸਟੇਜ ਤੋਂ ਉਹ ਕੋਈ ਸਨਮਾਨ ਨਹੀਂ ਲੈਣਗੇ। ਇਹ ਕਹਿੰਦਿਆਂ ਉਨ੍ਹਾਂ ਆਪਣਾ ਸਨਮਾਨ ਚਿੰਨ੍ਹ ਵਾਪਸ ਕਰ ਦਿੱਤਾ।

ਪੰਡਿਤਰਾਓ ਧਰੈੱਨਵਰ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਮਾਗਮ ਵਿੱਚ ਹਾਜਰੀਨ ਨੇ ਉਨ੍ਹਾਂ ਦੇ ਇਸ ਦਲੇਰੀ ਭਰੇ ਸ਼ਬਦਾਂ ਅਤੇ ਫੈਸਲੇ ਦੀ ਬੇਹੱਦ ਪ੍ਰਸ਼ੰਨਤਾ ਕੀਤੀ। ਵਾਰ ਵਾਰ ਬੇਨਤੀਆਂ ਕਰਨ ’ਤੇ ਵੀ ਜਦ ਉਨ੍ਹਾਂ ਸਨਮਾਨ ਲੈਣਾ ਸਵੀਕਾਰ ਨਾ ਕੀਤਾ ਤਾਂ ਇੱਕ ਸਰੋਤੇ ਨੇ ਸੁਝਾਉ ਦਿੱਤਾ ਕਿ ਪੰਡਿਤਰਾਓ ਧਰੈੱਨਵਰ ਨੇ ਉਹ ਕੁਝ ਕਰ ਵਿਖਾਇਆ ਹੈ ਜਿਹੜਾ ਪੰਜਾਬੀ ਦੇ ਸਪੂਤ ਹੋਣ ਦਾ ਦਾਅਵਾ ਕਰਨ ਵਾਲੇ ਵੀ ਨਹੀਂ ਕਰ ਸਕੇ। ਇਸ ਲਈ ਇਨ੍ਹਾਂ ਦਾ ਸਨਮਾਨ ਜਰੂਰ ਕਰਨਾ ਬਣਦਾ ਹੈ। ਪਰ ਇਹ ਸਨਮਾਨ ਸਟੇਜ ਵਲੋਂ ਨਹੀਂ ਬਲਕਿ ਸਮੁੱਚੇ ਹਾਊਸ ਵੱਲੋਂ ਦਿੱਤਾ ਜਾਵੇ। ਸਾਰਿਆਂ ਵਲੋਂ ਹੱਥ ਖੜ੍ਹੇ ਕਰਕੇ ਇਸ ਸੁਝਾਉ ਨੂੰ ਪ੍ਰਵਾਨ ਕਰਨ ਪਿੱਛੋਂ ਪੰਡਿਤਰਾਓ ਧਰੈੱਨਵਰ ਨੂੰ ਬੇਨਤੀ ਕਰਨ ’ਤੇ ਉਨ੍ਹਾਂ ਇਸ ਸ਼ਰਤ ’ਤੇ ਸਨਮਾਨ ਲੈਣਾ ਪ੍ਰਵਾਨ ਕੀਤਾ ਕਿ ਉਨ੍ਹਾਂ ਦੀ ਗੱਲ ਮੱਖਣ ਬਰਾੜ ਅਤੇ ਗੁਰਦਾਸ ਮਾਨ ਤੱਕ ਪੁਜਦੀ ਕੀਤੀ ਜਾਵੇ। ਸਟੇਜ ਤੋਂ ਇਹ ਦੱਸੇ ਜਾਣ ’ਤੇ ਕਿ ਇਹ ਪ੍ਰੋਗਰਾਮ ਇੰਟਰਨੈੱਟ ’ਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਇਸ ਲਈ ਤੁਹਾਡੀ ਗੱਲ ਸਿਰਫ ਉਨ੍ਹਾਂ ਦੋਵਾਂ ਤੱਕ ਹੀ ਨਹੀਂ ਸਮੁੱਚੀ ਦੁਨੀਆਂ ਤੱਕ ਪਹੁੰਚ ਚੁੱਕੀ ਹੈ। ਇਹ ਵਾਅਦਾ ਲੈਣ ਪਿੱਛੋਂ ਹੀ ਉਨ੍ਹਾਂ ਸਨਮਾਨ ਪ੍ਰਾਪਤ ਕੀਤਾ।

ਇਹ ਦੱਸਣਯੋਗ ਹੈ ਕਿ ਮੱਖਣ ਬਰਾੜ ਨੇ ਡੀਡੀ ਪੰਜਾਬੀ ਚੈੱਨਲ ਦੇ ਸ਼ਾਮੀ ਪੰਜ ਵਜੇ ਲਾਈਵ ਟੈਲੀਕਾਸਟ ਕੀਤੇ ਜਾਣ ਵਾਲੇ ਪ੍ਰੋਗਰਾਮ ‘ਸੁਰਮਾ ਪੰਜ ਰੱਤੀਆਂ’ ਵਿੱਚ ਇੰਟਰਵਿਊ ਦੇਣ ਜਾਣਾ ਸੀ ਜਿਸ ਕਾਰਣ ਉਨ੍ਹਾਂ ਨੂੰ ਚਲਦੇ ਸਮਾਗਮ ਵਿੱਚੋਂ ਪਹਿਲਾਂ ਉਠ ਕੇ ਜਾਣਾ ਪਿਆ ਜਿਸ ਕਾਰਣ ਉਨਹਾਂ ਨੂੰ ਪੰਡਿਤਰਾਓ ਧਰੈੱਨਵਰ ਦੀ ਬੇਨਤੀ ਮੰਨਣ ਤੋਂ ਨਾਂਹ ਕਰਨੀ ਪਈ ਸੀ। ਪਰ ਇਹ ਮੌਕਾ ਮੇਲ ਹੀ ਸੀ ਕਿ ਉਸ ਪ੍ਰੋਗਰਾਮ ਦੇ ਅਖੀਰ ਵਿੱਚ ਉਨ੍ਹਾਂ ਦਾ ਉਹੀ ਗਾਣਾ ‘ਆਪਣਾ ਪੰਜਾਬ ਹੋਵੇ, ਘਰਦੀ ਸ਼ਰਾਬ ਹੋਵੇ’ ਸੁਣਾਇਆ ਗਿਆ।

You may also like