ਅਉਖੀ ਘੜੀ ਨਾ ਦੇਖਣ ਦੇਈ ਅਪਨਾ ਬਿਰਦੁ ਸਮਾਲੇ

by Bachiter Singh

ਮੇਰੀ ਲੜਕੀ ਨੂੰ ਬੱਚਾ ਹੋਣ ਵਾਲਾ ਸੀ ।ਪਹਿਲਾ ਬੱਚਾ ਹੋਣ ਕਰਕੇ ਤਕਲੀਫ ਦਾ ਡਰ ਸੀ । ਨੌਵੇਂ ਮਹੀਨੇ ਤਕ ਲੜਕੀ ਦੀ ਸਿਹਤ ਠੀਕ ਰਹੀ ਪਰ ਨੌਵੇਂ ਮਹੀਨੇ ਦੇ ਅਖੀਰ ਵਿਚ ਬਦਨ ਉੱਤੇ ਸੋਜਾਂ ਪੈ ਗਈਆਂ । ਹੋਰ ਵੀ ਕੁਝ ਕਰਨਾ ਕਰਕੇ ਡਾਕਟਰਾਂ ਦਾ ਖਿਆਲ ਸੀ ਕਿ ਕੇਸ ਨੌਰਮਲ ਨਹੀਂ ਰਿਹਾ । ਜਨਮ ਸਮੇਂ ਜਰੂਰ ਓਪਰੇਸ਼ਨ ਕਰਨਾ ਪਵੇਗਾ ।
ਜਦ ਵੱਡੇ ਡਾਕਟਰ ਨੂੰ ਮੈਂ ਕਿਹਾ ਕਿ ਮੇਰੇ ਘਰ ਵਿਚ ਬਹੁਤ ਚਿਰ ਤੋਂ ਸਭ ਕੰਮ ਨੌਰਮਲ(ਠੀਕ ) ਹੁੰਦੇ ਆ ਰਹੇ ਹਨ ਅਤੇ ਈਸ਼ਵਰ ਨੇ ਕਦੇ ਮੈਨੂੰ ਨਿਰਾਸ਼ ਨਹੀਂ ਕੀਤਾ ਤਾਂ ਉਹ ਹੱਸ ਪਿਆ ਅਤੇ ਦੂਸਰੇ ਡਾਕਟਰਾਂ ਨੂੰ ਬੁਲਾਕੇ ਆਖਣ ਲੱਗਾ – ਦੇਖੋ ਮਿਸਟਰ ਸਿੰਘ ਦਾ ਵਿਸ਼ਵਾਸ਼ ਹੈ ਕਿ ਬੱਚਾ ਕੁਦਰਤੀ ਹਾਲਤ ਵਿਚ ਪੈਦਾ ਹੋਵੇਗਾ । ਦੂਸਰੇ ਡਾਕਟਰਾਂ ਨੇ ਆਖਿਆ ਕਿ ਮਿਸਟਰ ਸਿੰਘ ਅਸੀਂ ਵੀ ਹੀ ਚਾਹੁੰਦੇ ਹਾਂ ਪਰ ਅਸਾਰ ਇਸਦੇ ਖਿਲਾਫ ਹਨ ਅਤੇ ਸਾਨੂੰ ਆਪਣੀ ਰਾਏ ਦੇ ਅਨੁਸਾਰ ਓਪਰੇਸ਼ਨ ਦੀ ਤਿਆਰੀ ਕਰਨੀ ਹੋਵੇਗੀ ।

ਵਕਤ ਆਉਣ ਉੱਤੇ ਲੜਕੀ ਨੂੰ ਨਰਸਿੰਗ ਹੋਮ ਵਿਖੇ ਲੈ ਜਾਇਆ ਗਿਆ। ਸਾਰਾ ਦਿਨ ਬੜੀ ਤਖਲੀਫ ਰਹੀ ਅਤੇ ਰਾਤ 11 ਵਜੇ ਡਾਕਟਰ ਨੇ ਆਖਿਆ ਕਿ ਰਾਤ ਬੀਤਣ ਉੱਤੇ ਸਵੇਰ ਸਾਰ ਚਾਰ ਪੰਜ ਵਜੇ ਬੱਚਾ ਪੈਦਾ ਹੋਣ ਦੀ ਆਸ ਹੈ ਇਸ ਲਈ ਤੁਸੀਂ ਘਰ ਚਲੇ ਜਾਓ । ਸਵੇਰੇ ਚਾਰ ਵਜੇ ਤੁਹਾਨੂੰ ਟੈਲੀਫੂਨ ਕਰਕੇ ਬੁਲਾ ਲਵਾਂਗੇ ।

ਸਾਰਾ ਦਿਨ ਤਖਲੀਫ ਹੋਣ ਕਰਕੇ ਲੜਕੀ ਬੜੀ ਕਮਜ਼ੋਰ ਹੋ ਗਈ ਸੀ । ਉਸਨੇ ਮੈਨੂੰ ਬੁਲਾਕੇ ਕਿਹਾ ਕਿ ਮੇਰੇ ਵਿਚ ਤਾਂ ਅਰਦਾਸ ਕਰਨ ਦੀ ਸ਼ਕਤੀ ਨਹੀਂ , ਤੁਸੀਂ ਅਰਦਾਸ ਕਰੋ ਕਿ ਮੇਰੀ ਤਕਲੀਫ ਜਲਦੀ ਖ਼ਤਮ ਹੋ ਜਾਵੇ । ਮੈਂ ਖੁਦ ਸੋਚ ਰਿਹਾ ਸੀ ਕਿ ਕੀ ਕਰਾਂ? ਸਾਰਾ ਦਿਨ ਬੱਚੀ ਦਾ ਤਕਲੀਫ ਵਿਚ ਗੁਜਰਿਆ ਹੈ ਅਤੇ ਡਾਕਟਰ ਆਖਦੇ ਹਨ ਕਿ ਅਜੇ ਸਾਰੀ ਰੇਤ ਗੁਜਰਨ ਤੇ ਪ੍ਰਭਾਵ ਵੇਲੇ ਜਾਕੇ ਬੱਚਾ ਪੈਦਾ ਹੋਵੇਗਾ । ਲੜਕੀ ਦੀ ਹਾਲਤ ਬੜੀ ਬੇਚੈਨ ਤੇ ਨਾਜ਼ੁਕ ਹੁੰਦੀ ਜਾ ਰਹੀ ਸੀ ।
ਡਾਕਟਰਾਂ ਦੇ ਬਾਰ-ਬਾਰ ਕਹਿਣ ਉੱਤੇ ਮੈਂ 11 ਵਜੇ ਰਾਤ ਦੇ ਘਰ ਨੂੰ ਮੁੜਿਆ ਤਾਕਿ ਘਰ ਚੱਲ ਕੇ , ਮਨ ਜੋੜਕੇ ਮਹਾਰਾਜ ਦਾ ਦਰਵਾਜਾ ਖਟ ਖਟਾਇਆ ਜਾਵੇ । ਆਉਣ ਤੋਂ ਪਹਿਲੇ ਨਰਸਿੰਗ ਹੋਮ ਦੇ ਲੇਬਰ ਰੂਮ ਮੈਂ ਜਾਕੇ ਅਰਦਾਸ ਕੀਤੀ ਅਤੇ “ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ।। ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ।” ਦਾ ਪੂਰਾ ਸ਼ਬਦ ਸਿਦਕ ਵਿਚ ਆਕੇ ਪੜਿਆ । ਮੇਰੀ ਵੱਡੀ ਲੜਕੀ ਅਤੇ ਮੇਰੀ ਸੁਪਤਨੀ ਨਰਸਿੰਗ ਹੋਮ ਵਿਚ ਹੀ ਰਹੀਆਂ ।
ਮੋਟਰਕਾਰ ਵਿਚ ਘਰ ਪਹੁੰਚਦਿਆ 10 ਮਿੰਟ ਲੱਗੇ । 11 ਵੱਜ ਕੇ ਦਸ ਮਿੰਟ ਉੱਤੇ ਹੱਥ ਜੋੜ ਕੇ ਅਰਦਾਸ ਕੀਤੀ । ਮੇਰਾ ਖਿਆਲ ਸੀ ਕਿ ਨੀਂਦਰ ਤਾਂ ਆਉਣੀ ਨਹੀਂ , ਸਾਰੀ ਰਾਤ ਬੈਠ ਕੇ ਅਰਦਾਸਾਂ ਅਤੇ ਸਿਮਰਨ ਕਰਦਾ ਰਹਾਂਗਾ ।

ਇਸ ਅਰਦਾਸ ਵਿਚ ਮੈਂ ਕੁਝ ਵੇਖਿਆ ਅਤੇ ਜਿਸ ਆਤਮਕ ਤਜਰਬੇ ਥਾਈ ਮੈਨੂੰ ਲੰਘਣਾ ਪਿਆ ਉਹ ਮੈਂ ਪੂਰੀ ਤਰਾਂ ਸ਼ਾਇਦ ਬਿਆਨ ਨਾ ਕਰ ਸਕਾਂ, ਪਰ ਆਤਮ-ਸਾਇੰਸ ਦੇ ਪਾਠਕਾਂ ਦੀ ਦਿਲਚਸਪੀ ਲਈ ਕੋਸ਼ਿਸ਼ ਜਰੂਰੀ ਕਰਦਾ ਹਾਂ-

ਇਸ ਅਰਦਾਸ ਦੇ ਸ਼ੁਰੂਆਤ ਵਿਚ ਮੈਂ ਬੜਾ ਭਿਆਨਕ ਦ੍ਰਿਸ਼ ਵੇਖਿਆ । ਇਹ ਦ੍ਰਿਸ਼ ਮੇਰੀ ਬੇਵਿਸ਼ਵਾਸ਼ੀ ਤੋਂ ਪੈਦਾ ਹੋਇਆ ਸੀ ਜਾਂ ਮੇਰਾ ਇਮਤਿਹਾਨ ਲੈਣ ਲਈ ਪੈਦਾ ਕੀਤਾ ਸੀ , ਮੈਨੂੰ ਮਾਲੂਮ ਨਹੀਂ। ਮੇਰਾ ਖਿਆਲ ਹੈ ਕਿ ਹਰ ਆਤਮਿਕ ਤਜਰਬੇ ਵੇਲੇ ਮਾਇਆ ਆਪਣਾ ਪੂਰਾ ਜ਼ੋਰ ਲਾਉਂਦੀ ਹੈ ਕਿ ਮੇਰਾ ਸ਼ਿਕਾਰ ਮੇਰੇ ਪੰਜੇ ਵਿੱਚੋ ਨਾ ਨਿੱਕਲੇ ਅਤੇ ਜੇਕਰ ਆਤਮਕ ਵਿਦਿਆਰਥੀ ਮਾਇਆ ਦੇ ਛਲ ਦੇ ਸਾਹਮਣੇ ਨਾ ਡੋਲੇ , ਨਾ ਘਬਰਾਏ ਅਤੇ ਆਪਣੇ ਆਤਮਿਕ ਨਿਸਚੇ ਉੱਤੇ ਮਜਬੂਤੀ ਨਾਲ ਕਾਇਮ ਰਹੇ ਤਾਂ ਮਾਇਆ ਆਪਣੇ ਛਲ ਸਮੇਤ ਅਲੋਪ ਹੋ ਜਾਂਦੀ ਹੈ ਤੇ ਅਕਾਲ ਸ਼ਕਤੀ ਆਪਣੇ ਸੇਵਕ ਦੀ ਪੈਜ ਰੱਖਦੀ ਹੈ । ਅਰਦਾਸ ਦੇ ਸ਼ੁਰੂ ਵਿਚ ਮੇਰੇ ਅੰਦਰੋਂ ਮਾਇਆ ਦੀ ਆਵਾਜ਼ ਆਈ ਕਿ ਜਿਸ ਵਾਹਿਗੁਰੂ ਅੱਗੇ ਤੂੰ ਅਰਦਾਸ ਕਰਨ ਲੱਗਾ ਹੈ ਅਵੱਲ ਤਾਂ ਹੈ ਹੀ ਨਹੀਂ ਅਤੇ ਜੇਕਰ ਹੋਵੇ ਵੀ ਤਾਂ………..ਬਾਕੀ ਅਗਲੇ ਹਿੱਸੇ ਵਿਚ

You may also like