ਸ਼ਾਹ ਦੀ ਕੰਜਰੀ

ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ……
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜ੍ਹੀ ਸੀ। ਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ ਫੇ਼ਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫ਼ਲੈਟੀ ਵਿੱਚ ਆ ਗਈ ਸੀ। ਉਹੀਉ ਸ਼ਹਿਰ ਸੀ, ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ, ਸਾਰਿਆਂ ਦੇ ਮੂੰਹ ਤੋਂ ਸੁਣੀਂਦਾ ਸੀ- ਸ਼ਾਹ ਦੀ ਕੰਜਰੀ।
ਲੋਹੜੇ ਦਾ ਗਾਉਂਦੀ ਸੀ। ਕੋਈ ਗੌਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ, ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ, ਉਹ ਉਹਦੇ ਭਰੇ ਹੋਏ ਤਵੇ ਨੂੰ ਜ਼ਰੂਰ ਖ਼ਰੀਦਦਾ ਸੀ। ਪਰ ਸਾਰੇ ਘਰਾਂ ਵਿੱਚ ਤਵੇ ਦੀ ਫ਼ਰਮਾਇਸ਼ ਵੇਲੇ, ਹਰ ਕੋਈ ਇਹੋ ਕਹਿੰਦਾ ਸੀ, “ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਏ।”
ਗੁੱਝੀ ਛਿਪੀ ਗੱਲ ਨਹੀਂ ਸੀ, ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ਼ ਪਤਾ ਨਹੀਂ ਸੀ, ਉਹਨਾਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾ, ਜੋ ਹੁਣ ਵਿਆਹੁਣ ਜੋਗਾ ਸੀ, ਜਦੋਂ ਕੁੱਛੜ ਹੁੰਦਾ ਸੀ ਤਾਂ ਸੇਠਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ, ਪਰ ਸ਼ਾਹ ਨੇ ਉਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, “ਸ਼ਾਹਣੀਏ! ਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜਵਾਹਰੀਏ ਦੀ ਅੱਖ ਏ, ਤੂੰ ਸੁਣਿਆਂ ਨਹੀਂ ਹੋਇਆ ਕਿ ਨੀਲਮ ਇਹੋ ਜਿਹੀ ਚੀਜ਼ ਹੁੰਦਾ ਏ, ਜੋ ਲੱਖੋਂ ਕੱਖ ਕਰ ਦੇਂਦਾ ਏ। ਪਰ ਜਿਹਨੂੰ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦੇਂਦਾ ਏ। ਉਹ ਵੀ ਨੀਲਮ ਏ, ਸਾਡੀ ਰਾਸ ਨਾਲ ਮਿਲ ਗਈ ਏ। ਜਿਸ ਦਿਨ ਤੋਂ ਸੰਗ ਬਣਿਆ ਏ, ਮੈਂ ਮਿੱਟੀ ਨੂੰ ਹੱਥ ਪਾਵਾਂ ਤਾਂ ਸੋਨਾ ਹੋ ਜਾਂਦੀ ਏ……।”
“ਪਰ ਉਹੀਉ ਇੱਕ ਦਿਨ ਘਰ ਉਜਾੜ ਦੇਵੇਗੀ; ਲੱਖੋਂ ਕੱਖ ਕਰ ਦੇਵੇਗੀ।” ਸ਼ਾਹਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ, ਉਸੇ ਪਾਸਿਓਂ ਦਲੀਲ ਦਿੱਤੀ ਸੀ, ਜਿਸ ਪਾਸਿਓਂ ਸ਼ਾਹ ਨੇ ਗੱਲ ਤੋਰੀ ਸੀ।
“ਮੈਂ ਤਾਂ ਸਗੋਂ ਡਰਨਾਂ- ਕਿ ਇਹਨਾਂ ਕੰਜਰੀਆਂ ਦਾ ਕੀ ਭਰੋਸਾ, ਕੱਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ਼ ਦਿਖਾਏ, ਤੇ ਜੇ ਇਹ ਹੱਥੋਂ ਨਿਕਲ ਗਈ, ਤਾਂ ਲੱਖੋਂ ਕੱਖ ਹੋ ਜਾਣਾ ਏਂ।” ਸ਼ਾਹ ਨੇ ਫ਼ੇਰ ਆਪਣੀ ਦਲੀਲ ਦਿੱਤੀ ਸੀ।
ਤੇ ਸ਼ਾਹਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ। ਸਿਰਫ਼ ਵਕਤ ਕੋਲ ਰਹਿ ਗਈ ਸੀ, ਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚੀਂਮੁੱਚੀਂ ਜਿੰਨੇ ਪੈਸੇ ਨੀਲਮ ਉੱਤੇ ਰੋੜ੍ਹਦਾ ਸੀ, ਉਸ ਤੋਂ ਕਈ ਗੁਣਾ ਬਹੁਤੇ, ਪਤਾ ਨਹੀਂ ਕਿੱਥੋਂ ਕਿੱਥੋਂ, ਰੁੜ੍ਹ ਕੇ ਉਹਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ, ਸ਼ਹਿਰ ਦੇ ਛੋਟੇ ਜਿਹੇ ਬਾਜ਼ਾਰ ਵਿੱਚ ਹੁੰਦੀ ਸੀ, ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿੱਚ, ਲੋਹੇ ਦੇ ਜੰਗਲਿਆਂ ਵਾਲੀ, ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਵੇਂ ਪੂਰਾ ਮੁਹੱਲਾ ਹੀ ਉਹਦਾ ਸੀ, ਜਿਹਦੇ ਵਿੱਚ ਬੜੇ ਸਰਦੇ ਪੁੱਜਦੇ ਕਿਰਾਏਦਾਰ ਸਨ। ਤੇ ਜਿਹਦੇ ਵਿੱਚ ਤਹਿਖ਼ਾਨੇ ਵਾਲੇ ਘਰ ਦਾ, ਉਹਦੀ ਸ਼ਾਹਣੀ, ਕਦੇ ਇੱਕ ਦਿਨ ਵੀ ਵਸਾਹ ਨਹੀਂ ਸੀ ਖਾਂਦੀ।
ਬੜੇ ਵਰ੍ਹੇ ਹੋਏ, ਸ਼ਾਹਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂ, ਸ਼ਾਹ ਨੂੰ ਆਖਿਆ ਸੀ- “ਉਹਨੂੰ ਭਾਵੇਂ ਹੋਟਲ ਵਿੱਚ ਰੱਖ, ਤੇ ਭਾਵੇਂ ਉਹਨੂੰ ਤਾਜ ਮਹੱਲ ਪਵਾ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀਂ, ਉਹਨੂੰ ਮੇਰੇ ਘਰ ਨਾ ਵਾੜੀਂ। ਮੈਂ ਉਹਦੇ ਮੱਥੇ ਨਹੀਂ ਲੱਗਣਾ!” ਤੇ ਸੱਚੀਂ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ, ਉਹਦਾ ਵੱਡਾ ਪੁੱਤਰ ਅਜੇ ਸਕੂਲ ਪੜ੍ਹਦਾ ਸੀ, ਤੇ ਹੁਣ ਉਹ ਵਿਆਹੁਣ ਜੋਗਾ ਹੋਇਆ ਪਿਆ ਸੀ, ਪਰ ਸ਼ਾਹਣੀ ਨੇ ਨਾ ਉਹਦੇ ਗੌਣਾਂ ਵਾਲੇ ਤਵੇ ਘਰ ਵੜਣ ਦਿੱਤੇ ਸਨ, ਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਜ ਉਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗੌਣ ਸੁਣੇ ਹੋਏ ਸਨ, ਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ- “ਸ਼ਾਹ ਦੀ ਕੰਜਰੀ।”
ਵੱਡੇ ਪੁੱਤਰ ਦਾ ਵਿਆਹ ਸੀ। ਘਰ ਚਹੁੰ ਮਹੀਨਿਆਂ ਤੋਂ ਦਰਜੀ ਬੈਠੇ ਸਨ, ਕੋਈ ਸੂਟਾਂ ਉੱਤੇ ਸਿਲਮਾਂ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉੱਤੇ ਸਿਤਾਰੇ ਮੜ੍ਹ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਹੋਏ ਸਨ- ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ, ਤੇ ਫੇਰ ਹੋਰ ਥੈਲੀ ਭਰਨ ਲਈ ਤਹਿਖ਼ਾਨੇ ਵਿੱਚ ਚਲੀ ਜਾਂਦੀ।
ਸ਼ਾਹ ਦੇ ਯਾਰਾਂ ਨੇ, ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ- ਕਿ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਗੁਆਉਣੀ ਹੈ। ਉਂਜ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਆਖੀ ਸੀ, ਤਾਂਕਿ ਸ਼ਾਹ ਵੱਟ ਨਾ ਖਾ ਜਾਏ, “ਉਂਜ ਤਾਂ ਸ਼ਾਹ ਜੀ ਬਥੇਰੀਆਂ ਗੌਂਣ ਨੱਚਣ ਵਾਲੀਆਂ, ਜਿਹਨੂੰ ਮਰਜ਼ੀ ਜੇ ਬਲਾਉ, ਪਰ ਉੱਥੇ ਮਲਕਾ-ਏ-ਤਰੰਨੁਮ ਜ਼ਰੂਰ ਆਵੇ, ਭਾਵੇਂ ਮਿਰਜ਼ੇ ਦੀ ਇੱਕੋ ਸੱਦ ਲਾ ਜਾਵੇ।”
ਫ਼ਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ। ਉੱਥੇ ਬਹੁਤੇ ਅੰਗਰੇਜ਼ ਲੋਕ ਹੀ ਆਉਂਦੇ ਅਤੇ ਠਹਿਰਦੇ ਸਨ। ਉਹਦੇ ਵਿੱਚ ਕੱਲੇ ਕੱਲੇ ਕਮਰੇ ਵੀ ਸਨ, ਪਰ ਵੱਡੇ ਵੱਡੇ ਤਿੰਨਾਂ ਕਮਰਿਆਂ ਦੇ ਸੈੱਟ ਵੀ। ਇਹੋ ਜਿਹੇ ਇੱਕ ਸੈੱਟ ਵਿੱਚ ਨੀਲਮ ਰਹਿੰਦੀ ਸੀ। ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਇੱਕ ਰਾਤ ਦੀ ਮਹਿਫਿ਼ਲ ਰੱਖ ਲਏਗਾ।
“ਇਹ ਤਾਂ ਚੁਬਾਰੇ ਤੇ ਜਾਣ ਵਾਲੀ ਗੱਲ ਹੋਈ।” ਇੱਕ ਨੇ ਉਜ਼ਰ ਕੀਤਾ, ਤਾਂ ਸਾਰੇ ਬੋਲ ਪਏ, “ਨਹੀਂ ਸ਼ਾਹ ਜੀ, ਉਹ ਤਾਂ ਸਿਰਫ਼ ਤੁਹਾਡਾ ਹੀ ਹੱਕ ਬਣਦਾ ਏ। ਅੱਗੇ ਕਦੀ ਅਸਾਂ ਏਨੇ ਵਰ੍ਹੇ ਕੁਝ ਆਖਿਆ ਏ? ਉਸ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ। ਉਹ ਥਾਂ ਤੁਹਾਡੀ ਅਮਾਨਤ ਏ। ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖ਼ੁਸ਼ੀ ਕਰਨੀਂ ਏਂ, ਉਹਨੂੰ ਖ਼ਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਉ, ਸਾਡੀ ਭਾਬੀ ਦੇ ਘਰ……”
ਗੱਲ ਸ਼ਾਹ ਦੇ ਮਨ ਲਗਦੀ ਸੀ। ਏਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਉਣਾ ਚਾਹੁੰਦਾ (ਭਾਵੇਂ ਉਹਦੇ ਕੰਨੀਂ ਭਿਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਗ਼ੈਰ-ਹਾਜ਼ਰੀ ਵਿੱਚ ਹੁਣ ਕੋਈ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ) – ਤੇ ਦੂਸਰਾ ਏਸ ਗੱਲੋਂ ਵੀ, ਕਿ ਉਹ ਚਾਹੁੰਦਾ ਸੀ ਕਿ ਨੀਲਮ ਇੱਕ ਵਾਰੀ ਉਹਦੇ ਘਰ ਆ ਕੇ, ਉਹਦੇ ਘਰ ਦੀ ਤੜਕ ਭੜਕ ਵੇਖ ਜਾਵੇ। ਪਰ ਉਹ ਸ਼ਾਹਣੀ ਤੋਂ ਡਰਦਾ ਸੀ, ਦੋਸਤਾਂ ਨੂੰ ਹਾਮੀ ਨਾ ਭਰ ਸਕਿਆ।
ਦੋਸਤਾਂ ਯਾਰਾਂ ਵਿੱਚੋਂ ਹੀ ਦੋਂਹ ਨੇ ਰਾਹ ਕੱਢਿਆ, ਤੇ ਸ਼ਾਹਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ, “ਭਾਬੀ! ਤੂੰ ਮੁੰਡੇ ਦੇ ਵਿਆਹ ਦਾ ਗੌਣ ਨਹੀਂ ਬਿਠਾਣਾ? ਅਸਾਂ ਤਾਂ ਸਾਰੀ ਖ਼ੁਸ਼ੀ ਕਰਨੀ ਏਂ। ਸ਼ਾਹ ਨੇ ਸਲਾਹ ਬਣਾਈ ਏ ਕਿ ਇੱਕ ਰਾਤ ਯਾਰਾਂ ਦੀ ਮਹਿਫਿ਼ਲ ਨੀਲਮ ਦੇ ਪਾਸੇ ਹੋ ਜਾਵੇ। ਗੱਲ ਤਾਂ ਠੀਕ ਏ, ਪਰ ਹਜ਼ਾਰਾਂ ਉੱਜੜ ਜਾਣਗੇ। ਆਖ਼ਰ ਘਰ ਤਾਂ ਤੇਰਾ ਏ, ਅੱਗੇ ਉਸ ਕੰਜਰੀ ਨੂੰ ਥੋੜ੍ਹਾ ਖੁਆ ਲਿਆ ਏ? ਤੂੰ ਸਿਆਣੀ ਬਣ, ਉਹਨੂੰ ਗੌਣ ਵਜਾਉਣ ਲਈ ਇੱਥੇ ਬੁਲਾ ਲੈ ਇੱਕ ਦਿਨ; ਮੁੰਡੇ ਦੇ ਵਿਆਹ ਦੀ ਖ਼ੁਸ਼ੀ ਵੀ ਹੋ ਜਾਏਗੀ, ਤੇ ਰੁਪਈਆ ਉੱਜੜਣੋਂ ਬਚ ਜਾਏਗਾ।”
ਸ਼ਾਹਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ, “ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ।” ਪਰ ਜਦੋਂ ਅਗਲਿਆਂ ਨੇ ਠਰੰ੍ਹਮੇ ਨਾਲ ਆਖਿਆ, “ਇੱਥੇ ਤਾਂ ਭਾਬੀ ਤੇਰਾ ਰਾਜ ਏ, ਉਹ ਬਾਂਦੀ ਬਣ ਕੇ ਆਵੇਗੀ, ਤੇਰੇ ਹੁਕਮ ਦੀ ਬੱਧੀ। ਤੇਰੇ ਪੁੱਤਰ ਦੀ ਖ਼ੁਸ਼ੀ ਕਰਨ ਲਈ। ਹੇਠੀ ਤਾਂ ਉਹਦੀ ਏ, ਤੇਰੀ ਕਾਹਦੀ ਏ? ਜਹੇ ਕੰਮੀ ਕਮੀਣ ਆਏ, ਡੂਮ ਮਰਾਸੀ, ਤਹੀ ਉਹ।”
ਗੱਲ, ਸ਼ਾਹਣੀ ਦੇ ਮਨ ਲੱਗ ਗਈ। ਉਂਜ ਵੀ ਕਦੇ ਸੁੱਤਿਆਂ ਬੈਠਿਆਂ ਉਹਨੂੰ ਖਿ਼ਆਲ ਆਉਂਦਾ ਹੁੰਦਾ ਸੀ – ਇੱਕ ਵਾਰੀ ਵੇਖਾਂ ਤਾਂ ਸਹੀ ਕਿਹੋ ਜਿਹੀ ਏ? ਉਹਨੇ ਕਦੀ ਉਹ ਨਹੀਂ ਵੇਖੀ ਸੀ, ਪਰ ਕਿਆਸੀ ਜ਼ਰੂਰ ਸੀ- ਭਾਵੇਂ ਡਰ ਕੇ ਸਹਿਮ ਕੇ, ਤੇ ਭਾਵੇਂ ਇੱਕ ਕਰਹਿਤ ਨਾਲ। ਤੇ ਸ਼ਹਿਰ ਵਿੱਚੋਂ ਲੰਘਦਿਆਂ ਪਾਂਦਿਆਂ, ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿੱਚ ਬੈਠੀ ਨੂੰ ਵੇਖਦੀ, ਤਾਂ ਨਾਂ ਸੋਚਣਾ ਚਾਹੁੰਦੀ ਹੋਈ ਵੀ ਸੋਚ ਜਾਂਦੀ- ਕੀ ਪਤਾ ਉਹੀਉ ਹੋਵੇ?
“ਚੱਲ ਮੈਂ ਵੀ ਇੱਕ ਵਾਰੀ ਵੇਖ ਛੱਡਾਂ”, ਉਹ ਮਨ ਵਿੱਚ ਘੁਲ ਜਿਹੀ ਗਈ, “ਜੋ ਉਹਨੇ ਮੇਰਾ ਵਗਾੜਣਾ ਸੀ, ਵਗਾੜ ਲਿਆ, ਹੁਣ ਹੋਰ ਉਹਨੇ ਕੀ ਕਰ ਲੈਣਾ ਏਂ! ਇੱਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ।”
ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ, ਪਰ ਇੱਕ ਸ਼ਰਤ ਲਾਈ, “ਇੱਥੇ ਨਾ ਸ਼ਰਾਬ ਉੱਡੇਗੀ, ਨਾ ਕਬਾਬ। ਭਲੇ ਘਰਾਂ ਵਿੱਚ ਜਿਵੇਂ ਗੌਣ ਬਹਿੰਦੇ ਨੇ, ਉਸੇ ਤਰ੍ਹਾਂ ਗੌਣ ਬਿਠਾਵਾਂਗੀ। ਤੁਸੀਂ ਮਰਦ ਮਾਹਣੂ ਵੀ ਬਹਿ ਜਾਣਾ। ਉਹ ਆਵੇ, ਤੇ ਸਿੱਧੀ ਤਰ੍ਹਾਂ ਗੌਂ ਕੇ ਤੁਰ ਜਾਏ। ਮੈਂ ਉਹੀਉ ਚਾਰ ਪਤਾਸੇ ਉਹਦੀ ਝੋਲੀ ਵੀ ਪਾ ਦਿਆਂਗੀ, ਜੋ ਹੋਰ ਕੁੜੀਆਂ ਚਿੜੀਆਂ ਨੂੰ ਦਿਆਂਗੀ, ਜੋ ਘੋੜੀਆਂ ਗੌਣਗੀਆਂ।”
“ਇਹੋ ਹੀ ਤੇ ਭਾਬੀ ਅਸੀਂ ਕਹਿਨੇਂ ਆਂ।” ਸ਼ਾਹ ਦੇ ਦੋਸਤਾਂ ਨੇ ਫਲਾਹੁਣੀ ਦਿੱਤੀ, “ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏ, ਨਹੀਂ ਤਾਂ ਖੌਰੇ ਕੀ ਭਾਣਾ ਵਰਤ ਜਾਂਦਾ।”
ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਘੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ , ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ। ਘਰ ਦੀਆਂ ਤੀਵੀਆਂ ਨੇ ਘੋੜੀਆਂ ਛੋਹੀਆਂ ਹੋਈਆਂ ਸਨ……
ਬੱਘੀ ਬੂਹੇ ਅੱਗੇ ਆ ਖਲੋਤੀ, ਤਾਂ ਮੇਲਣਾਂ ਵਿੱਚੋਂ ਜੋ ਕਾਹਲੀਆਂ ਸਨ, ਕੁਝ ਭੱਜ ਕੇ ਬਾਰੀਆਂ ਵੱਲ ਚਲੀਆਂ ਗਈਆਂ, ਤੇ ਕੁਝ ਪੌੜੀਆਂ ਵਾਲੇ ਪਾਸੇ……
“ਨੀਂ ਬਦਸਗਣੀ ਕਿਉਂ ਕਰਦੀਆਂ ਹੋ, ਘੋੜੀ ਵਿੱਚੇ ਹੀ ਛੱਡ ਦਿੱਤੀ ਜੇ” ਸ਼ਾਹਣੀ ਨੇ ਦਬਕਾ ਜਿਹਾ ਮਾਰਿਆ। ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਿਹੀ ਲੱਗੀ। ਜਿਵੇਂ ਉਹਦੇ ਦਿਲ ਵਿੱਚ ਇੱਕ ਧਮਕ ਪਈ ਹੋਵੇ…
ਉਹ ਪੌੜੀਆਂ ਚੜ੍ਹ ਕੇ, ਬੂਹੇ ਤੱਕ ਆ ਗਈ ਸੀ। ਸ਼ਾਹਣੀ ਨੇ ਗੁਲਾਬੀ ਧੋਤੀ ਦਾ ਪੱਲਾ ਸਵਾਹਰਾ ਕੀਤਾ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸਗਣਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ……
ਸਾਹਮਣੇ- ਉਹਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ, ਗਲ ਸੂਹੇ ਰੰਗ ਦੀ ਕਮੀਜ਼ ਸੀ, ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਰੇਸ਼ਮ ਦੀ ਚੁੰਨੀ। ਇੱਕ ਝਿਲਮਿਲ ਜਹੀ ਹੋਈ। ਸ਼ਾਹਣੀ ਨੂੰ ਇੱਕ ਪਲ ਸਿਰਫ਼ ਇਹੀ ਜਾਪਿਆ- ਜਿਵੇਂ ਹਰਾ ਰੰਗ ਸਾਰਾ ਬੂਹੇ ਵਿੱਚ ਫੈਲ ਗਿਆ ਹੈ…
ਫੇਰ ਕੱਚ ਦੀਆਂ ਚੂੜੀਆਂ ਦੀ ਛਣ-ਛਣ ਹੋਈ, ਤਾਂ ਸ਼ਾਹਣੀ ਨੇ ਵੇਖਿਆ- ਇੱਕ ਗੋਰਾ ਗੋਰਾ ਹੱਥ, ਇੱਕ ਉੜੇ ਹੋਏ ਮੱਥੇ ਨਾਲ ਛੋਹ ਕੇ, ਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈ, ਤੇ ਨਾਲ ਹੀ ਇੱਕ ਛਣਕਦੀ ਜਿਹੀ ਆਵਾਜ਼- “ਬੜੀਆਂ ਮੁਬਾਰਕਾਂ ਸ਼ਾਹਣੀ! ਬੜੀਆਂ ਮੁਬਾਰਕਾਂ……”
ਉਹ ਬੜੀ ਛਮਕ ਜਿਹੀ ਸੀ, ਪੁਤਲੀ ਜਿਹੀ। ਹੱਥ ਲਾਇਆਂ ਦੂਹਰੀ ਹੁੰਦੀ। ਸ਼ਾਹਣੀ ਨੇ ਉਹਨੂੰ ਇੱਕ ਢੋਅ ਵਾਲੇ ਸਿਰਹਾਣੇ ਵੱਲ ਹੱਥ ਕਰ ਕੇ ਬਹਿਣ ਲਈ ਆਖਿਆ, ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬੇਡੌਲ ਲਗਦੀ ਪਈ ਹੈ……
ਕਮਰੇ ਦੀ ਇੱਕ ਗੁੱਠੇ- ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ ਵਿੱਚੋਂ ਵੀ ਕੁਝ ਮਰਦ। ਉਸ ਛਮਕ ਜਿਹੀ ਨੇ ਉਸ ਗੁੱਠ ਵੱਲ ਤੱਕ ਕੇ ਵੀ ਇੱਕ ਵਾਰੀ ਸਲਾਮ ਆਖੀ, ਤੇ ਫੇਰ ਪਰ੍ਹਾਂ ਢੋਅ ਵਾਲੇ ਸਰਾਹਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ, ਕੱਚ ਦੀਆਂ ਚੂੜੀਆਂ, ਫੇਰ ਛਣਕੀਆਂ ਸਨ, ਸ਼ਾਹਣੀ ਨੇ ਇੱਕ ਵਾਰੀ ਫੇਰ ਉਹਦੀਆਂ ਬਾਹਵਾਂ ਵੱਲ ਵੇਖਿਆ, ਹਰੀਆਂ ਕੱਚ ਦੀਆਂ ਚੂੜੀਆਂ ਨੂੰ, ਤੇ ਫੇਰ ਸੁਭਾਉਕੇ ਹੀ ਆਪਣੀਆਂ ਬਹਾਵਾਂ ਵਿੱਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ…
ਕਮਰੇ ਵਿੱਚ ਇੱਕ ਚਕਾਚੌਂਧ ਜਿਹੀ ਛਾ ਗਈ। ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉੱਲਰ ਪਈਆਂ, ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀ, ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ, ਸਾਰੀਆਂ ਅੱਖਾਂ ਉੱਤੇ ਇੱਕ ਕਰੋਧ ਜਿਹਾ ਆ ਗਿਆ……ਉਹ ਫੇਰ ਇੱਕ ਵਾਰੀ ਆਖਣਾ ਚਾਹੁੰਦੀ ਸੀ- ਨੀ ਬਦਸਗਣੀ ਕਿਉਂ ਕਰਦੀਆਂ ਹੋ? ਘੋੜੀਆਂ ਗਾਉ ਨਾ…ਪਰ ਉਹਦੀ ਆਵਾਜ਼ ਉਹਦੇ ਸੰਘ ਨਾਲ ਮੇਲੀ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਘ ਨਾਲ ਮੇਲੀ ਗਈ ਸੀ, ਕਮਰੇ ਵਿੱਚ ਇੱਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ, ਤੇ ਉਹਦਾ ਜੀਅ ਕੀਤਾ ਉਹ ਬੜੀ ਜ਼ੋਰ ਦੀ ਢੋਲਕੀ ਵਜਾਏ……
ਚੁੱਪ, ਉਸਨੇ ਤੋੜੀ, ਜਿਹਦੇ ਪਿੱਛੇ ਚੁੱਪ ਛਾਈ ਸੀ। ਕਹਿਣ ਲੱਗੀ, “ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ, ਮੁੰਡੇ ਦਾ ਸਗਣ ਕਰਾਂਗੀ, ਕਿਉਂ ਸ਼ਾਹਣੀ?” ਤੇ ਸ਼ਾਹਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਦਿੱਤੀ, “ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ, ਤੇਰੀ ਮਾਂ ਵੇ ਸੁਹਾਣਗ ਤੇਰੇ ਸਗਣ ਕਰੇ……”
ਸ਼ਾਹਣੀ ਨੂੰ ਅਚਾਨਕ ਵਿੱਚ ਠਰੰ੍ਹਮਾ ਜਿਹਾ ਆ ਗਿਆ- ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹੀ ਹੈ, ਤੇ ਉਹਦਾ ਮਰਦ ਸਿਰਫ਼ ਉਹਦਾ ਮਰਦ ਹੈ- ਤਾਹੀਏਂ ਤਾਂ ਮਾਂ ਸੁਹਾਗਣ ਹੈ……
ਸ਼ਾਹਣੀ, ਹੱਸਦੇ ਜਿਹੇ ਮੂੰਹ ਨਾਲ, ਉਹਦੇ ਅਸਲੋਂ ਸਾਹਮਣੇ ਬਹਿ ਗਈ- ਜੋ ਇਸ ਵੇਲੇ ਉਸ ਦੇ ਪੁੱਤ ਦੇ ਸਗਣ ਕਰਦੀ ਪਈ ਸੀ…
ਘੋੜੀ ਖ਼ਤਮ ਹੋਈ, ਤਾਂ ਕਮਰੇ ਦੀ ਬੋਲ ਚਾਲ ਪਰਤ ਪਈ। ਫ਼ੇਰ ਕੁਝ ਸੁਭਾਵਕ ਜਿਹਾ ਹੋ ਗਿਆ। ਔਰਤਾਂ ਵਾਲੇ ਪਾਸਿਓਂ ਫ਼ਰਮਾਇਸ਼ ਆਈ- “ਢੋਲਕੀ ਰੋੜੇ ਵਾਲਾ ਗੀਤ” ਮਰਦਾਂ ਵਾਲੇ ਪਾਸਿਓਂ ਫ਼ਰਮਾਇਸ਼ ਆਈ “ਮਿਰਜ਼ੇ ਦੀਆਂ ਸੱਦਾਂ।”
ਗੌਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਸੁਣੀ ਅਣਸੁਣੀ ਕਰ ਦਿੱਤੀ, ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ। ਸ਼ਾਹਣੀ ਕੁਝ ਰਉਂ ਵਿੱਚ ਆ ਗਈ- ਸ਼ਾਇਦ ਇਸ ਲਈ ਕਿ ਗੌਣ ਵਾਲੀ, ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਲੱਗੀ ਸੀ……
ਮੇਲ ਆਈਆਂ ਔਰਤਾਂ ਵਿੱਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ, ਉਹ ਇੱਕ ਦੂਜੀ ਕੋਲੋਂ ਪੁੱਛ ਰਹੀਆਂ ਸਨ, ਤੇ ਕਈ ਉਹਨਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ- “ਉਹੀਉ ਹੀ ਏ ਸ਼ਾਹ ਦੀ ਕੰਜਰੀ……” ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ- ਘੁਸਰ ਮੁਸਰ ਜਿਹਾ, ਪਰ ਸ਼ਾਹਣੀ ਦੇ ਕੰਨੀਂ ਵਾਜ ਪੈ ਰਹੀ ਸੀ, ਕੰਨਾਂ ਨਾਲ ਵੱਜ ਰਹੀ ਸੀ- ਸ਼ਾਹ ਦੀ ਕੰਜਰੀ…ਸ਼ਾਹ ਦੀ ਕੰਜਰੀ……ਤੇ ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ…
ਏਨੇ ਨੂੰ ਢੋਲਕੀ ਦੀ ਆਵਾਜ਼ ਫ਼ੇਰ ਉੱਚੀ ਹੋ ਗਈ, ਤੇ ਨਾਲ ਹੀ ਗੌਣ ਵਾਲੀ ਦੀ ਆਵਾਜ਼, “ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀਂ ਆਂ……” ਤੇ ਸ਼ਾਹਣੀ ਦਾ ਕਲੇਜਾ ਥੰਮ ਜਿਹਾ ਗਿਆ- ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ, ਸੁੱਖ ਨਾਲ ਅੱਜ ਘੋੜ੍ਹੀ ਤੇ ਚੜ੍ਹਨ ਵਾਲਾ ਮੇਰਾ ਪੁੱਤਰ……
ਫ਼ਰਮਾਇਸ਼ਾਂ ਦਾ ਅੰਤ ਨਹੀਂ ਸੀ। ਇੱਕ ਗੀਤ ਮੁੱਕਦਾ, ਦੂਜਾ ਗੀਤ ਸ਼ੁਰੂ ਹੁੰਦਾ। ਗੌਣ ਵਾਲੀ, ਕਦੇ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਦੀ, ਕਦੇ ਮਰਦਾਂ ਵਾਲੇ ਪਾਸੇ ਦੀ। ਵਿੱਚ ਵਿੱਚ ਕਹਿ ਦੇਂਦੀ, “ਕੋਈ ਹੋਰ ਵੀ ਗਾਉ ਨਾ, ਮੈਨੂੰ ਸਾਹ ਦੁਆ ਦਿਉ”, ਪਰ ਕਿਹਦੀ ਹਿੰਮਤ ਸੀ, ਉਹਦੇ ਸਾਹਮਣੇ ਹੋਣ ਦੀ, ਉਹਦੀ ਟੱਲੀ ਵਰਗੀ ਆਵਾਜ਼, ਹੂਕ ਵਰਗੀ ਆਵਾਜ਼……ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ, ਉਂਜ ਇੱਕ ਪਿੱਛੋਂ ਝੱਟ ਦੂਜਾ ਕੁਝ ਛੋਹ ਦਿੰਦੀ ਸੀ।
ਗੀਤਾਂ ਦੀ ਗੱਲ ਹੋਰ ਸੀ, ਪਰ ਜਦ ਉਹਨੇ ਮਿਰਜ਼ੇ ਦੀ ਹੇਕ ਲਾਈ “ਉੱਠ ਨੀਂ ਸਾਹਿਬਾਂ ਸੁੱਤੀਏ! ਉੱਠ ਕੇ ਦੇਹ ਦੀਦਾਰ……” ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ, ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਸ਼ਾਹਣੀ ਨੂੰ ਜਾਪਿਆ- ਉਹ ਪੱਥਰ ਦਾ ਹੋ ਗਿਆ ਹੈ……
ਸ਼ਾਹਣੀ ਦੇ ਕਲੇਜੇ ਵਿੱਚ ਹੌਲ ਪਿਆ, ਤੇ ਉਹਨੂੰ ਜਾਪਿਆ ਜੇ ਹੁਣ ਦੀ ਘੜੀ ਖੁੰਝ ਗਈ, ਤਾਂ ਉਹ ਆਪ ਵੀ ਹਮੇਸ਼ਾਂ ਲਈ ਮਿੱਟੀ ਦਾ ਬੁੱਤ ਬਣ ਜਾਏਗੀ……ਉਹ ਕਰੇ, ਕੁਝ ਕਰੇ, ਕੁਝ ਵੀ ਕਰੇ, ਪਰ ਮਿੱਟੀ ਦਾ ਬੁੱਤ ਨਾ ਬਣੇ……।
ਚੰਗੀ ਤਰਕਾਲ ਪੈ ਗਈ, ਮਹਿਫਿ਼ਲ ਮੁੱਕਣ ਤੇ ਆ ਗਈ……
ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਸਿਰਫ਼ ਉਸੇ ਤਰ੍ਹਾਂ ਪਤਾਸੇ ਵੰਡੇਗੀ, ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨ, ਜਿਸ ਦਿਨ ਗੌਣ ਬਿਠਾਂਦੇ ਹਨ। ਪਰ ਜਦੋਂ ਗੌਣ ਮੁੱਕੇ ਤਾਂ ਕਮਰੇ ਵਿੱਚ ਕਈ ਵੰਨਾਂ ਦੀ ਮਠਿਆਈ ਆ ਗਈ…… ਤੇ ਸ਼ਾਹਣੀ ਨੇ ਮੁੱਠ ਵਿੱਚ ਵਲੇਟਿਆ ਹੋਇਆ ਸੌ ਦਾ ਨੋਟ ਕੱਢ ਕੇ, ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ, ਤੇ ਫ਼ੇਰ ਉਹਨੂੰ ਫੜ੍ਹਾ ਦਿੱਤਾ, ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ।
“ਰਹਿਣ ਦੇ ਸ਼ਾਹਣੀ! ਅੱਗੇ ਵੀ ਤੇਰਾ ਹੀ ਖਾਨੀ ਆਂ।” ਉਹਨੇ ਅੱਗੋਂ ਜਵਾਬ ਦਿੱਤਾ, ਤੇ ਹੱਸ ਪਈ। ਉਹਦਾ ਹਾਸਾ, ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ।
ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ, ਅੱਜ ਭਰੀ ਸਭਾ ਵਿੱਚ, ਸ਼ਾਹ ਨਾਲ ਆਪਣਾ ਸੰਬੰਧ ਜੋੜ ਕੇ ਉਹਦੀ ਹੱਤਕ ਕਰ ਦਿੱਤੀ ਹੈ। ਪਰ ਸ਼ਾਹਣੀ ਨੇ ਆਪਣਾ ਆਪ ਥੰਮ੍ਹ ਲਿਆ, ਇੱਕ ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ। ਤੇ ਉਹ ਜ਼ੋਰ ਦੀ ਹੱਸ ਪਈ। ਨੋਟ ਫੜਾਂਦੀ ਆਖਣ ਲੱਗੀ, “ਸ਼ਾਹ ਕੋਲੋਂ ਤੂੰ ਨਿੱਤ ਲੈਂਦੀ ਏਂ, ਪਰ ਮੇਰੇ ਕੋਲੋਂ ਤੂੰ ਫ਼ੇਰ ਕਦੋਂ ਲੈਣਾਂ ਏਂ? ਚੱਲ ਅੱਜ ਲੈ ਲੈ……”
ਤੇ ਸ਼ਾਹ ਦੀ ਕੰਜਰੀ, ਸੌ ਦੇ ਉਸ ਨੋਟ ਨੂੰ ਫੜ੍ਹਦੀ, ਇੱਕੋ ਵਾਰਗੀ ਨਿਮਾਣੀ ਜਿਹੀ ਹੋ ਗਈ…
ਕਮਰੇ ਵਿੱਚ ਸ਼ਾਹਣੀ ਦੀ ਧੋਤੀ ਦਾ, ਸਗਣਾਂ ਵਾਲਾ ਗੁਲਾਬੀ ਰੰਗ ਫੈਲ ਗਿਆ…

ਲੇਖਕ – ਅੰਮ੍ਰਿਤਾ ਪ੍ਰੀਤਮ
ਜੇਕਰ ਕੋਈ ਵੀਰ ਭੈਣ ਆਪਣਾ ਸੁਝਾਅ ਦੇਣਾ ਚਾਹੁੰਦਾ ਹੋਵੇ ਜਾਂ ਕਿਸੀ ਵੀ ਤਰ੍ਹਾਂ ਦੀ ਕਹਾਣੀ ਚਾਹੁੰਦਾ ਹੋਵੇ ਤਾਂ ਕਮੈਂਟ ਬੌਕਸ ‘ਚ ਸਾਨੂੰ ਦੱਸ ਸਕਦੈ | 🙏🙏

Likes:
Views:
398
Article Tags:
Article Categories:
Emotional Long Stories

Leave a Reply